16 ਸਾਲਾਂ ਜਿਮਨਾਸਟ ਪ੍ਰਿਯੰਕਾ ਦਾਸਗੁਪਤਾ ਨੇ ਗੁਹਾਟੀ 'ਚ ਪ੍ਰਬੰਧਤ ਹੋਏ 'ਖੇਲੋ ਇੰਡੀਆ ਯੂਥ ਖੇਡਾਂ' 'ਚ ਚਾਰ ਸੋਨੇ ਦੇ ਤਗ਼ਮੇ ਆਪਣੇ ਨਾਂਅ ਕਰਕੇ ਇੱਕ ਉਭਰਦੀ ਹੋਈ ਐਥਲੀਟ ਖਿਡਾਰਣ ਵੱਜੋਂ ਦਸਤਕ ਦੇ ਦਿੱਤੀ ਹੈ।
ਪ੍ਰਿਯੰਕਾ ਭਾਰਤ ਦੀ ਮਸ਼ਹੂਰ ਜਿਮਨਾਸਟ ਦੀਪਾ ਕਰਮਾਕਰ ਦੇ ਸੂਬੇ ਤ੍ਰਿਪੁਰਾ ਦੀ ਹੀ ਰਹਿਣ ਵਾਲੀ ਹੈ। ਦੱਸਣਯੋਗ ਹੈ ਕਿ ਪ੍ਰਿਯੰਕਾ, ਦੀਪਾ ਕਰਮਾਕਰ ਦੀ ਖੇਡ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਸ ਨੂੰ ਵੀ ਕੋਚ ਬਿਸ਼ੇਸਵਰ ਨੰਦੀ ਹੀ ਟਰੇਨਿੰਗ ਦੇ ਰਹੇ ਹਨ।
ਪ੍ਰਿਯੰਕਾ ਨੇ ਖੇਲੋ ਇੰਡੀਆਂ ਯੂਥ ਖੇਡਾਂ ਦੇ ਤੀਜੇ ਐਡੀਸ਼ਨ 'ਚ ਅੰਡਰ-17 ਵਰਗ ਅਧੀਨ ਵੱਖ-ਵੱਖ ਜਿਮਨਾਸਟਿਕ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਕਰਦਿਆਂ ਚਾਰ ਸੋਨੇ ਦੇ ਤਗ਼ਮੇ ਜਿੱਤੇ ਹਨ। ਉਸ ਦੀ ਇਹ ਪ੍ਰਾਪਤੀ ਤ੍ਰਿਪੁਰਾ ਵਰਗੇ ਇੱਕ ਛੋਟੇ ਜਿਹੇ ਸੂਬੇ ਲਈ ਬਹੁਤ ਵੱਡੀ ਪ੍ਰਾਪਤੀ ਹੈ।
10 ਜਨਵਰੀ ਨੂੰ ਸ਼ੁਰੂ ਹੋਈਆਂ ਇੰਨ੍ਹਾਂ ਖੇਡਾਂ 'ਚ ਪ੍ਰਿਯੰਕਾ ਤੋਂ ਇਲਾਵਾ ਕਿਸੇ ਵੀ ਦੂਜੇ ਖਿਡਾਰੀ ਨੇ ਸੋਨ ਤਗ਼ਮਾ ਨਹੀਂ ਜਿੱਤਿਆ ਹੈ।
ਪ੍ਰਿਯੰਕਾ ਆਪਣੀ ਇਸ ਜਿੱਤ ਦਾ ਸਿਹਰਾ ਆਪਣੀ ਪਹਿਲੀ ਕੋਚ ਸੋਮਾ ਨੰਦੀ, ਦਰੋਣਾਚਾਰਿਆ ਪੁਰਸਕਾਰ ਨਾਲ ਸਨਮਾਨਿਤ ਕੋਚ ਬਿਸ਼ੇਸਵਰ ਨੰਦੀ ਅਤੇ ਖਾਸ ਤੌਰ 'ਤੇ ਆਪਣੀ ਮਾਂ ਨੂੰ ਦਿੰਦੀ ਹੈ।
ਇਹ ਵੀ ਪੜ੍ਹੋ:-
ਕਿਵੇਂ ਆਈ ਖੇਡਾਂ 'ਚ
ਗੁਹਾਟੀ ਦੇ ਭੋਗੇਸ਼ਵਰੀ ਫੁਕਨਾਨੀ ਇਨਡੋਰ ਸਟੇਡੀਅਮ 'ਚ ਬੀਬੀਸੀ ਨਾਲ ਖਾਸ ਗੱਲਬਾਤ ਦੌਰਾਨ ਪ੍ਰਿਯੰਕਾ ਨੇ ਦੱਸਿਆ, "ਬਚਪਨ ਦੀ ਸ਼ਰਾਰਤ ਅਤੇ ਉਛਲ-ਕੂਦ ਕਾਰਨ ਮੰਮੀ ਨੇ ਮੈਨੂੰ ਖੇਡਾਂ ਵਿਚ ਭੇਜਣ ਬਾਰੇ ਸੋਚਿਆ। ਫਿਰ ਮੰਮੀ ਨੇ ਮੈਨੂੰ ਜਿਮਨਾਸਟਿਕ ਦੀ ਸਿਖਲਾਈ ਲਈ ਇੱਕ ਅਕੈਡਮੀ 'ਚ ਭਰਤੀ ਕਰਵਾ ਦਿੱਤਾ।"
"ਹੁਣ ਮੈਂ ਇੱਕ ਚੰਗੀ ਜਿਮਨਾਸਟ ਦੇ ਤੌਰ 'ਤੇ ਅੱਗੇ ਵਧਣਾ ਚਾਹੁੰਦੀ ਹਾਂ। ਇਸ ਟੀਚੇ ਨੂੰ ਹਾਸਲ ਕਰਨ ਲਈ ਮੈਂ ਰੋਜ਼ਾਨਾ ਹੀ 6-7 ਘੰਟੇ ਦੀ ਸਿਖਲਾਈ ਲੈਂਦੀ ਹਾਂ। ਮੇਰਾ ਟੀਚਾ ਕੌਮਾਂਤਰੀ ਜਿਮਨਾਸਟਿਕ ਮੁਕਾਬਲੇ ਵਿੱਚ ਖੇਡਣਾ ਹੈ ਅਤੇ ਮੈਡਲ ਲਿਆਉਣਾ ਹੈ। ਇਸ ਤੋਂ ਬਾਅਦ ਮੈਂ ਹੌਲੀ-ਹੌਲੀ ਓਲਪਿੰਕ ਵਿੱਚ ਜਾਣਾ ਹੈ।"
ਦੀਪਾ ਕਰਮਾਕਰ ਤੋਂ ਪ੍ਰੇਰਣਾ ਲੈਣ ਦੇ ਇੱਕ ਸਵਾਲ 'ਤੇ ਪ੍ਰਿਯੰਕਾ ਨੇ ਕਿਹਾ, "ਜਿਮਨਾਸਿਟਕ ਲਈ ਦੀਪਾ ਦੀਦੀ ਦਾ ਜੋ ਸਮਰਪਣ ਹੈ, ਉਹ ਜਿਵੇਂ ਜਿਮ ਵਿੱਚ ਮਿਹਨਤ ਕਰਦੀ ਹੈ, ਉਹ ਸਾਡੇ ਸਾਰਿਆਂ ਲਈ ਇੱਕ ਪ੍ਰੇਰਣਾ ਹੈ। ਮੇਰਾ ਕੋਈ ਭੈਣ-ਭਰਾ ਨਹੀਂ ਹੈ। ਮੈਂ ਮਾਪਿਆਂ ਦੀ ਇੱਕਲੌਤੀ ਔਲਾਦ ਹਾਂ। ਇਸ ਲਈ ਦੀਪਾ ਦੀਦੀ ਹੀ ਮੇਰੇ ਲਈ ਸਭ ਕੁੱਝ ਹਨ।"
"ਉਹ ਹੀ ਮੇਰੀ ਆਈਡਲ ਹੈ। ਖੇਲੋ ਇੰਡੀਆ ਯੂਥ ਗੇਮਜ਼ 'ਚ ਗੋਲਡ ਮੈਡਲ ਜਿੱਤਣ ਦੀ ਪਹਿਲਾਂ ਵਧਾਈ ਦੀਦੀ ਨੇ ਹੀ ਮੈਨੂੰ ਦਿੱਤੀ, ਜੋ ਕਿ ਮੇਰੇ ਲਈ ਬਹੁਤ ਵੱਡੀ ਗੱਲ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਕੋਚ ਦ੍ਰੋਣਾਚਾਰਿਆ ਐਵਾਰਡੀ ਨੰਦੀ ਸਰ ਨੇ ਵੀ ਮੈਨੂੰ ਵਧਾਈ ਦਿੱਤੀ ਹੈ।"
ਪਿਤਾ ਟੈਕਸੀ ਡਰਾਈਵਰ
ਘਰ ਦੇ ਮਾਹੌਲ ਤੇ ਮਾਪਿਆਂ ਦੇ ਸਮਰਥਨ ਬਾਰੇ ਪ੍ਰਿਅੰਕਾ ਕਹਿੰਦੀ ਹੈ, "ਸਾਡੇ ਪਰਿਵਾਰ 'ਚ ਕੁੜੀ-ਮੁੰਡੇ 'ਚ ਕਿਸੇ ਵੀ ਤਰ੍ਹਾਂ ਦਾ ਭੇਦ-ਭਾਵ ਨਹੀਂ ਕੀਤਾ ਜਾਂਦਾ ਹੈ। ਮੇਰੇ ਮਾਪਿਆਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਜਿਸ ਕਾਰਨ ਮੈਂ ਲਗਾਤਾਰ ਆਪਣੇ ਖੇਡ ਨੂੰ ਬਿਹਤਰ ਕਰ ਪਾ ਰਹੀ ਹਾਂ।"
ਪ੍ਰਿਯੰਕਾ ਅੱਗੇ ਕਹਿੰਦੀ ਹੈ, "ਮੈਂ ਗਰੀਬ ਪਰਿਵਾਰ ਦੀ ਹਾਂ। ਮੇਰੇ ਪਿਤਾ ਟੈਕਸੀ ਡਰਾਈਵਰ ਹਨ। ਪਾਪਾ ਬਹੁਤ ਮਿਹਨਤ ਕਰਦੇ ਹਨ। ਕਈ ਵਾਰੀ ਸਵੇਰੇ ਪੰਜ ਵਜੇ ਹੀ ਘਰੋਂ ਨਿਕਲ ਜਾਂਦੇ ਹਨ ਤੇ ਦੇਰ ਰਾਤ ਘਰ ਆਉਂਦੇ ਹਨ। ਜਿਸ ਕਰਕੇ ਮੇਰੀ ਉਨ੍ਹਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਹੋ ਪਾਉਂਦੀ ਹੈ। ਜਦੋਂ ਤੱਕ ਉਹ ਆਉਂਦੇ ਹਨ ਮੈਂ ਸੌਂ ਜਾਂਦੀ ਹਾਂ।"
"ਇਸ ਲਈ ਮੈਨੂੰ ਇਸ ਖੇਡ 'ਚ ਆਪਣਾ ਟੀਚਾ ਚੰਗੀ ਤਰ੍ਹਾਂ ਪਤਾ ਹੈ। ਮੈਂ ਅੱਗੇ ਬਹੁਤ ਮਿਹਨਤ ਕਰਨਾ ਚਾਹੁੰਦੀ ਹਾਂ। ਇਸ ਦੇ ਨਾਲ ਹੀ ਮੈਂ ਆਪਣੀ ਪੜ੍ਹਾਈ ਵੀ ਜਾਰੀ ਰੱਖਣਾ ਚਾਹੁੰਦੀ ਹਾਂ ਤਾਂ ਕਿ ਕੋਈ ਮੇਰੇ ਪਿਤਾ ਨੂੰ ਇਹ ਨਾ ਕਹੇ ਕਿ ਖੇਡ ਕਾਰਨ ਮੇਰੀ ਪੜ੍ਹਾਈ ਖ਼ਰਾਬ ਹੋ ਗਈ।"
ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲੈਣ ਦੇ ਇੱਕ ਸਵਾਲ ਦੇ ਜਵਾਬ 'ਚ ਪ੍ਰਿਯੰਕਾ ਕਹਿੰਦੀ ਹੈ, "ਮੇਰੇ ਕੋਚ ਨੰਦੀ ਸਰ ਮੈਨੂੰ ਜਿੰਨ੍ਹਾਂ ਵੀ ਸਮਾਂ ਅਭਿਆਸ ਕਰਨ ਲਈ ਕਹਿਣਗੇ ਮੈਂ ਕਰਾਂਗੀ।"
"ਸਰ ਹਮੇਸ਼ਾ ਇੱਕ ਗੱਲ ਕਹਿੰਦੇ ਹਨ ਕਿ ਜੇਕਰ ਤੁਸੀਂ ਇੱਕ ਐਲੀਮੈਂਟ ਨੂੰ ਇੱਕ ਹਜ਼ਾਰ ਵਾਰੀ ਪ੍ਰੈਕਟਿਸ ਕਰੋਗੇ ਤਾਂ ਉਹ ਪਰਫ਼ੈਕਟ ਹੋ ਜਾਵੇਗਾ। ਮੈਨੂੰ ਖੇਲੋ ਇੰਡੀਆ ਯੂਥ ਗੇਮਜ਼ 'ਚ ਜਿੰਨ੍ਹਾਂ ਚਾਰ ਮੁਕਾਬਲਿਆਂ 'ਚ ਸੋਨ ਤਗ਼ਮਾ ਹਾਸਲ ਹੋਇਆ ਹੈ, ਉਨ੍ਹਾਂ ਦਾ ਅਭਿਆਸ ਮੈਂ ਕਈ ਵਾਰ ਕੀਤਾ ਸੀ।"
"ਜਦੋਂ ਵੀ ਅਸੀਂ ਕਿਸੇ ਨਵੇਂ ਐਲੀਮੈਂਟ ਨੂੰ ਸਿੱਖਦੇ ਹਾਂ ਤਾਂ ਸੱਟ ਲੱਗਣ ਦਾ ਥੋੜਾ ਬਹੁਤ ਡਰ ਜ਼ਰੂਰ ਹੁੰਦਾ ਹੈ। ਪਰ ਨੰਦੀ ਸਰ ਇੰਨ੍ਹੀ ਚੰਗੀ ਤਰ੍ਹਾਂ ਸਿਖਾਉਂਦੇ ਹਨ ਕਿ ਸਭ ਕੁੱਝ ਸੌਖਾ ਲੱਗਦਾ ਹੈ। ਪਿਛਲੇ ਸਾਲ ਖੇਲੋ ਇੰਡੀਆ ਵਿੱਚ ਮੈਨੂੰ ਤਿੰਨ ਚਾਂਦੀ ਦੇ ਤਗ਼ਮੇ ਮਿਲੇ ਸਨ ਅਤੇ ਉਦੋਂ ਮੈਂ ਤੈਅ ਕੀਤਾ ਸੀ ਕਿ ਪੂਰੀ ਮਿਹਨਤ ਦੇ ਨਾਲ ਇਸ ਸਾਲ ਸੋਨ ਤਗ਼ਮਾ ਜਿੱਤਣਾ ਹੈ।"
ਜਿਮਨਾਸਟਿਕ ਤੋਂ ਇਲਾਵਾ ਪ੍ਰਿਯੰਕਾ ਨੂੰ ਕ੍ਰਿਕਟ ਵੇਖਣਾ ਬਹੁਤ ਪਸੰਦ ਹੈ।
ਪ੍ਰਿਯੰਕਾ ਕਹਿੰਦੀ ਹੈ, "ਉਂਝ ਤਾਂ ਮੈਂ ਜ਼ਿਆਦਾਤਰ ਕੌਮਾਂਤਰੀ ਜਿਮਨਾਸਟ ਦੇ ਵੀਡਿਓ ਹੀ ਵੇਖਦੀ ਹਾਂ ਪਰ ਮੈਨੂੰ ਵਿਰਾਟ ਕੋਹਲੀ ਬਹੁਤ ਚੰਗੇ ਲੱਗਦੇ ਹਨ। ਜਦੋਂ ਵਿਰਾਟ ਬੱਲੇਬਾਜ਼ੀ ਕਰਨ ਆਉਂਦੇ ਹਨ ਤਾਂ ਮੈਂ ਬਹੁਤ ਚੀਅਰ ਕਰਦੀ ਹਾਂ। ਦੀਪਾ ਦੀਦੀ ਨੇ ਜਦੋਂ ਓਲੰਪਿਕ 'ਚ ਕੁਆਲੀਫ਼ਾਈ ਕੀਤਾ ਸੀ ਤਾਂ ਉਸ ਵੇਲੇ ਸਚਿਨ ਤੇਂਦੁਲਕਰ ਸਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਇਹ ਬਹੁਤ ਹੀ ਵੱਡੀ ਗੱਲ ਹੈ।"
ਪ੍ਰਿਯੰਕਾ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਕੋਹਲੀ ਵੀ ਤੁਹਾਨੂੰ ਵਧਾਈ ਦੇਣ ਤਾਂ ਉਸ ਨੇ ਜਵਾਬ ਦਿੱਤਾ, "ਮੈਂ ਤਾਂ ਅਜੇ ਕੋਈ ਵੀ ਵੱਡੀ ਪ੍ਰਾਪਤੀ ਹਾਸਲ ਨਹੀਂ ਕੀਤੀ ਹੈ। ਮੈਂ ਕੌਮਾਂਤਰੀ ਪੱਧਰ 'ਤੇ ਮੈਡਲ ਜਿੱਤਣਾ ਚਾਹੁੰਦੀ ਹਾਂ ਅਤੇ ਸ਼ਾਇਦ ਉਸ ਸਮੇਂ ਕੋਹਲੀ ਸਰ ਮੈਨੂੰ ਵਧਾਈ ਦੇਣ।"
ਗਰੀਬ ਬੱਚਿਆਂ ਲਈ ਕੋਚ ਦੀਆਂ ਕੋਸ਼ਿਸ਼ਾਂ
ਪ੍ਰਿਯੰਕਾ ਦੀ ਪਹਿਲੀ ਕੋਚ ਸੋਮਾ ਨੰਦੀ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਲਈ ਸਰਕਾਰ ਤੋਂ ਹੋਰ ਵਿੱਤੀ ਸਹੂਲਤਾਂ ਦੀ ਉਮੀਦ ਕਰਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਸਾਡੇ ਕੋਲ ਜ਼ਿਆਦਾਤਰ ਬੱਚੇ ਗਰੀਬ ਘਰਾਂ ਤੋਂ ਆਉਂਦੇ ਹਨ। ਉਨ੍ਹਾਂ ਕੋਲ ਹੁਨਰ ਤਾਂ ਹੁੰਦਾ ਹੈ ਪਰ ਘਰ ਦੇ ਹਾਲਾਤ ਕਾਰਨ ਇਸ ਖੇਡ ਨੂੰ ਲਗਾਤਾਰ ਜਾਰੀ ਰੱਖਣਾ ਕਈਆਂ ਲਈ ਮੁਸ਼ਕਿਲ ਹੋ ਜਾਂਦਾ ਹੈ।"
"ਸਾਡੀ ਸਰਕਾਰ ਖੇਡ ਦੇ ਖੇਤਰ 'ਚ ਕਾਫ਼ੀ ਚੰਗਾ ਕੰਮ ਕਰ ਰਹੀ ਹੈ। ਤ੍ਰਿਪੁਰਾ 'ਚ ਖ਼ਾਸ ਕਰਕੇ ਜਿਮਨਾਸਟਿਕ ਦੀ ਸਿਖਲਾਈ ਲਈ ਵਿਸ਼ਵ ਪੱਧਰੀ ਸਹੂਲਤਾਂ ਮੌਜੂਦ ਹਨ। ਪਰ ਵਿੱਤੀ ਤੌਰ 'ਤੇ ਪਛੜੇ ਪਰਿਵਾਰਾਂ ਲਈ ਆਪਣੇ ਬੱਚੇ ਦੀ ਪੜ੍ਹਾਈ ਤੇ ਖੇਡ ਦਾ ਖਰਚਾ ਇਕੱਠੇ ਚੁੱਕਣਾ ਔਖਾ ਹੁੰਦਾ ਹੈ।"
"ਅਜਿਹੇ ਕਈ ਹੁਨਰਮੰਦ ਬੱਚੇ ਹਨ ਜਿਨ੍ਹਾਂ ਦੇ ਪਿਤਾ ਟੈਕਸੀ ਡਰਾਈਵਰ ਹਨ ਜਾਂ ਰਿਕਸ਼ਾ ਚਲਾਉਂਦੇ ਹਨ। ਅਜਿਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ।"
"ਮੈਂ ਅਤੇ ਮੇਰੇ ਪਤੀ ਅਜਿਹੇ ਹੀ ਹੁਨਰਮੰਦ ਬੱਚਿਆਂ ਲਈ ਕੰਮ ਕਰ ਰਹੇ ਹਾਂ। ਆਉਣ ਵਾਲੇ ਸਮੇਂ 'ਚ ਤ੍ਰਿਪੁਰਾ ਵਿੱਚੋਂ ਅਜਿਹੇ ਕਈ ਹੁਨਰਮੰਦ ਜਿਮਨਾਸਟ ਸਾਹਮਣੇ ਆਉਣਗੇ।"
ਦੀਪਾ ਕਰਮਾਕਰ ਅਤੇ ਪ੍ਰਿਯੰਕਾ ਦੀ ਖੇਡ 'ਚ ਇੱਕੋ ਜਿਹਾ ਕੀ ਹੋਣ ਦੇ ਸਵਾਲ 'ਤੇ ਸੋਮਾ ਨੰਦੀ ਨੇ ਕਿਹਾ, "ਜਿਮਨਾਸਟ ਨੂੰ ਲੈ ਕੇ ਦੀਪਾ ਦਾ ਜੁਨੂਨ ਸਭ ਤੋਂ ਵੱਖਰਾ ਹੈ। ਉਹ ਬਹੁਤ ਜ਼ਿੱਦੀ ਹੈ। ਕਿਸੇ ਵੀ ਐਲੀਮੈਂਟ ਨੂੰ ਜਦੋਂ ਤੱਕ ਪਰਫ਼ੈਕਟ ਨਹੀਂ ਕਰ ਲੈਂਦੀ ਉਦੋਂ ਤੱਕ ਉਹ ਪਿੱਛੇ ਨਹੀਂ ਹੱਟਦੀ।"
"ਪ੍ਰਿਯੰਕਾ ਵੀ ਬਹੁਤ ਹੁਨਰਮੰਦ ਜਿਮਨਾਸਟ ਹੈ ਪਰ ਅਜੇ ਉਸ ਨੂੰ ਹੋਰ ਲਗਨ ਨਾਲ ਟੇਰਨਿੰਗ ਹਾਸਲ ਕਰਨ ਦੀ ਲੋੜ ਹੈ। ਕੌਮਾਂਤਰੀ ਪੱਧਰ 'ਤੇ ਖੇਡਣ ਲਈ ਉਸ ਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੋਵੇਗੀ। ਹਾਲੇ ਉਸ ਦੀ ਉਮਰ ਵੀ ਬਹੁਤ ਘੱਟ ਹੈ।"
ਪ੍ਰਿਯੰਕਾ ਦੇ ਪਰਿਵਾਰ ਦੀ ਵਿੱਤੀ ਹਾਲਤ ਬਾਰੇ ਉਹ ਕਹਿੰਦੀ ਹੈ, "ਪ੍ਰਿਯੰਕਾ ਦੇ ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਹੈ। ਉਸ ਦੇ ਪਿਤਾ ਟੈਕਸੀ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਧੀ ਨੂੰ ਵੀ ਜਿਮਨਾਸਟ ਬਣਾ ਰਹੇ ਹਨ। ਪਰ ਅੰਤਰਰਾਸ਼ਟਰੀ ਪੱਧਰ 'ਤੇ ਚੰਗਾ ਖੇਡਣ ਲਈ ਪ੍ਰਿਯੰਕਾ ਨੂੰ ਵਿੱਤੀ ਮਦਦ ਦੀ ਲੋੜ ਪਵੇਗੀ।"
"ਜਿਮਨਾਸਟਿਕ ਵਿੱਚ ਡਰੈਸ ਤੋਂ ਇਲਾਵਾ ਚੰਗੀ ਖੁਰਾਕ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਲੋੜਾਂ ਹੁੰਦੀਆਂ ਹਨ। ਉਸ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਘਰ ਦੀ ਵਿੱਤੀ ਹਾਲਤ ਕਾਰਨ ਉਸ ਦਾ ਖੇਡ ਰੁਕਣਾ ਨਹੀਂ ਚਾਹੀਦਾ।"
ਦੀਪਾ ਕਰਮਾਕਰ ਤੋਂ ਇਲਾਵਾ ਪ੍ਰਿਯੰਕਾ ਨੂੰ ਰਿਓ ਓਲੰਪਿਕ ਚੈਂਪੀਅਨ ਜਿਮਨਾਸਟ ਸਿਮੋਨ ਬਾਈਲਸ ਅਤੇ ਰੂਸ ਦੀ ਕਲਾਤਮਕ ਜਿਮਨਾਸਟ ਆਲੀਆ ਮੁਸਤਫ਼ਿਨਾ ਕਾਫ਼ੀ ਚੰਗੀ ਲਗਦੀ ਹੈ। ਆਪਣੇ ਖਾਲੀ ਸਮੇਂ 'ਚ ਪ੍ਰਿਯੰਕਾ ਇੰਨ੍ਹਾਂ ਜਿਮਨਾਸਟਿਕ ਖਿਡਾਰੀਆਂ ਦੀ ਵੀਡਿਓ ਦੇਖਦੀ ਹੈ ਤਾਂ ਜੋ ਉਹ ਆਪਣੀ ਖੇਡ 'ਚ ਸੁਧਾਰ ਕਰ ਸਕੇ।
ਇਹ ਵੀ ਪੜ੍ਹੋ
ਇਹ ਵੀ ਦੇਖੋ
https://www.youtube.com/watch?v=NEcht3r4s_U
https://www.youtube.com/watch?v=_AKZy9Vd09Y
https://www.youtube.com/watch?v=USjN-cdEsV0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
![](https://static.jagbani.com/jb2017/images/bbc-footer.png)
ਉਸ ਡੀਸੀ ਨੂੰ ਜਾਣੋ ਜਿਸ ਦੇ ਨਾਲ ਧੱਕਾ ਮੁੱਕੀ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਹੈ
NEXT STORY