"ਜੇਕਰ ਕੋਈ ਹਿੰਦੁਸਤਾਨ ਦੇ ਪ੍ਰਕਿਰਤਕ ਵਸੀਲਿਆਂ ਅਤੇ ਮਨੁੱਖੀ ਸਮਾਜ ਨੂੰ ਕਿਸੇ ਦਰਸ਼ਕ ਵਾਂਗ ਫਿਲਮ ਵਜੋਂ ਦੇਖਦਾ ਹੈ ਤਾਂ ਉਸ ਨੂੰ ਇਹ ਦੇਸ਼ ਬੇਇਨਸਾਫ਼ੀਆਂ ਦੀ ਥਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਜਾਪੇਗਾ।"
ਇਹ ਵਿਚਾਰ 100 ਸਾਲ ਪਹਿਲਾਂ 31 ਜਨਵਰੀ 1920 ਨੂੰ "ਮੂਕਨਾਇਕ" (ਗੂੰਗਿਆਂ ਦਾ ਆਗੂ) ਦੇ ਪਹਿਲੇ ਸੰਸਕਰਣ ਦੇ ਲਈ ਅੰਬੇਡਕਰ ਦੁਆਰਾ ਲਿਖੇ ਲੇਖ ਦੀਆਂ ਸ਼ੁਰੂਆਤੀ ਪੰਗਤੀਆਂ ਹਨ।
ਹਾਲਾਂਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਪਰ ਫਿਰ ਵੀ ਇਹ ਉਮੀਦ ਤੋਂ ਘੱਟ ਹਨ।
ਗੌਰਤਲਬ ਹੈ ਕਿ ਮੀਡੀਆ ਨਾਲ ਅੰਬੇਡਕਰ ਦਾ ਰਿਸ਼ਤਾ ਨਾਲ-ਨਾਲ ਚਲਦਾ ਦਿਸਦਾ ਹੈ।
ਉਨ੍ਹਾਂ ਨੇ ਮੀਡੀਆ ਪ੍ਰਕਾਸ਼ਨ ਦੀ ਸ਼ੁਰੂਆਤ ਕੀਤੀ ਅਤੇ ਸੰਪਾਦਨਾ ਕੀਤੀ। ਸਲਾਹਕਾਰ ਵਜੋਂ ਵੀ ਕੰਮ ਕੀਤਾ ਅਤੇ ਮਾਲਕ ਵਜੋਂ ਉਨ੍ਹਾਂ ਦੀ ਰਖਵਾਲੀ ਕੀਤੀ।
ਆਪਣੇ ਸਮੇਂ ਦੌਰਾਨ ਅੰਬੇਡਕਰ ਆਪਣੀ ਪਹੁੰਚ ਅਤੇ ਸਮਾਜਿਕ ਲਹਿਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਇਦ ਸਭ ਤੋਂ ਪਹਿਲੇ ਸਿਆਸਤਦਾਨ ਸਨ ਜਿਨ੍ਹਾਂ ਨੇ ਇਹ ਸਾਰੇ ਕਾਰਜ ਇਕੱਲਿਆਂ ਹੀ ਸ਼ੁਰੂ ਕੀਤੇ।
ਸਮਾਜਿਕ ਅਤੇ ਮਾਲੀ ਮਦਦ ਦੀ ਅਣਹੋਂਦ ਵਿੱਚ ਜਿਵੇਂ ਕਿ ਕਾਂਗਰਸ ਪਾਰਟੀ ਨੂੰ ਦੇਖਿਆ ਜਾਵੇ, ਤਾਂ ਇਸ ਦੇ ਉਲਟ ਅੰਬੇਡਕਰ ਦਾ ਅੰਦੋਲਨ ਗਰੀਬ ਲੋਕਾਂ ਦੀ ਲਹਿਰ ਸੀ। ਉਨ੍ਹਾਂ ਦਾ ਸਾਰਾ ਅੰਦੋਲਨ ਨਿਆਸਰਿਆਂ ਅਤੇ ਆਪਣੇ ਹੱਕਾਂ ਤੋਂ ਵਾਂਝੇ ਲੋਕਾਂ ਦੇ ਹੱਕ ਵਿੱਚ ਭੁਗਤਣ ਵਾਲਾ ਸੀ।
ਇਹ ਲੋਕ ਆਰਥਿਕ ਤੌਰ 'ਤੇ ਬਹੁਤ ਹੀ ਪੱਛੜੇ ਹੋਏ ਸਨ। ਇਸ ਤਰ੍ਹਾਂ ਅੰਬੇਡਕਰ ਨੂੰ ਬਾਹਰੋਂ ਜ਼ਿਆਦਾ ਸਮਰਥਨ ਮਿਲੇ ਬਿਨਾਂ ਹੀ ਆਪਣੀ ਇਸ ਮੁਹਿੰਮ ਨੂੰ ਅੱਗੇ ਲਿਜਾਉਣਾ ਪਿਆ। ਇਹ ਸਾਰਾ ਕੁਝ ਮੀਡੀਆ ਦੇ ਮਾਰਫ਼ਤ ਹੀ ਸੰਭਵ ਸੀ।
ਵਿਦੇਸ਼ੀ ਮੀਡੀਆ 'ਚ ਕਵਰੇਜ਼
ਅੰਬੇਡਕਰ ਦੇ ਕੀਤੇ ਕੰਮਾਂ ਨੂੰ ਘਰੇਲੂ ਅਤੇ ਕੌਮਾਂਤਰੀ ਮੀਡੀਆ ਵਿੱਚ ਖੂਬ ਸਲਾਹਿਆ ਗਿਆ। ਹਾਲਾਂਕਿ ਅਸੀਂ ਅੰਬੇਡਕਰ ਦੀ ਘਰੇਲੂ ਮੀਡੀਆ ਵਿੱਚ ਬਣੀ ਪਛਾਣ ਅਤੇ ਉਨ੍ਹਾਂ ਦੇ ਸੰਪਾਦਕੀ ਕਾਰਜਾਂ ਬਾਰੇ ਜਾਣਦੇ ਹਾਂ, ਪਰ ਕੌਮਾਂਤਰੀ ਮੀਡੀਆ ਵਿੱਚ ਉਨ੍ਹਾਂ ਦੀ ਵਿਆਪਕ ਜਾਣਕਾਰੀ ਬਾਰੇ ਸਾਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੈ।
ਇਹ ਵੀ ਪੜ੍ਹੋ-
ਕੌਮਾਂਤਰੀ ਅਖਬਾਰਾਂ, ਲੰਡਨ ਦਾ ਦਿ ਟਾਈਮਜ਼, ਆਸਟ੍ਰੇਲੀਆ ਦਾ ਡੇਲੀ ਮਰਕਰੀ, ਨਿਊ ਯਾਰਕ ਟਾਈਮਜ਼, ਨਿਊ ਯਾਰਕ ਐਮਸਟਰਡਮ ਨਿਊਜ਼, ਬਾਲਟੀਮੋਰ ਐਫਰੋ ਅਮੈਰੀਕਨ, ਦਿ ਨਾਰਫੋਕ ਜਰਨਲ ਵਰਗੀਆਂ ਅਖਬਾਰਾਂ ਨੂੰ ਅੰਬੇਡਕਰ ਦੀ ਅਛੂਤ ਵਿਰੋਧੀ ਲਹਿਰ ਅਤੇ ਗਾਂਧੀ ਜੀ ਨਾਲ ਹੋਈ ਉਨ੍ਹਾਂ ਦੀ ਬਹਿਸ ਵਿੱਚ ਦਿਲਚਸਪੀ ਸੀ।
ਅੰਬੇਡਕਰ ਦੁਆਰਾ ਸੰਵਿਧਾਨ ਦਾ ਮਸੌਦਾ ਤਿਆਰ ਕਰਨਾ, ਉਨ੍ਹਾਂ ਦੁਆਰਾ ਕੀਤੀਆਂ ਬਹਿਸਾਂ ਅਤੇ ਸੰਸਦ ਵਿੱਚ ਦਿੱਤੇ ਬਿਆਨ ਅਤੇ ਨਹਿਰੂ ਸਰਕਾਰ ਤੋਂ ਅਸਤੀਫ਼ਾ ਦੇਣ ਵਰਗੀਆਂ ਘਟਨਾਵਾਂ ਨੂੰ ਪੂਰੀ ਦੁਨੀਆ ਨੇ ਬੜੀ ਹੀ ਜਿਗਿਆਸਾ ਨਾਲ ਦੇਖਿਆ।
ਅੰਬੇਡਕਰ ਦੀ ਵਿਰਾਸਤ
ਮੈਂ ਆਪਣੀ ਆਉਣ ਵਾਲੀ ਪੁਸਤਕ "ਅੰਬੇਡਕਰ ਇਨ ਬਲੈਕ ਅਮੇਰਿਕਾ" ਵਿੱਚ ਅੰਬੇਡਕਰ ਦੀ ਇਸ ਲੰਮੀ ਵਿਰਾਸਤ ਬਾਰੇ ਬਹੁਤ ਹੀ ਪੁਰਾਤਨ ਕੌਮਾਂਤਰੀ ਅਖਬਾਰਾਂ ਵਿੱਚੋਂ ਮਿਲੀ ਜਾਣਕਾਰੀ ਸਾਂਝੀ ਕੀਤੀ ਹੈ।
ਘਰੇਲੂ ਪੱਧਰ 'ਤੇ ਅੰਬੇਡਕਰ ਨੇ ਮੀਡੀਆ ਦੇ ਜ਼ਰੀਏ ਹੀ ਆਪਣੀ ਸਮਾਜਿਕ ਲਹਿਰ ਨੂੰ ਅੱਗੇ ਲਿਜਾਉਣ ਦਾ ਉਪਰਾਲਾ ਕੀਤਾ।
ਉਨ੍ਹਾਂ ਨੇ ਮਰਾਠੀ ਭਾਸ਼ਾ ਵਿੱਚ ਛਪੇ 'ਮੂਕਨਾਇਕ' ਨੂੰ ਖੇਤਰੀ ਹਿੱਤਾਂ ਦੀਆਂ ਭਾਵਨਾਵਾਂ ਦਰਸਾਉਣ ਵਾਲੇ ਪਹਿਲੇ ਰਸਾਲੇ ਵਜੋਂ ਪ੍ਰਕਾਸ਼ਿਤ ਕੀਤਾ।
ਤੁਕਾਰਾਮ ਦੀ ਬਾਣੀ ਦੀਆਂ ਪੰਗਤੀਆਂ ਨੇ ਮੂਕਨਾਇਕ ਦੇ ਮਿਸ਼ਨ ਨੂੰ ਉਸੇ ਤਰ੍ਹਾਂ ਸੇਧ ਦਿੱਤੀ, ਜਿਸ ਤਰ੍ਹਾਂ ਬਹਿਸ਼ਕ੍ਰਿਤ ਭਾਰਤ ਲਈ ਗਿਆਨੇਸ਼ਵਰ ਨੇ ਦਿੱਤੀ ਸੀ।
ਅੰਬੇਡਕਰ ਨੇ ਇਸ ਰਸਾਲੇ ਰਾਹੀਂ ਭਾਰਤ ਦੇ ਅਛੂਤ ਲੋਕਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕੀਤੀ। ਪਾਂਡੂਰੰਗ ਭਟਕਰ ਅਤੇ ਬਾਅਦ ਵਿੱਚ ਡੀ.ਡੀ. ਘੋਲਪ ਨੂੰ 'ਮੂਕਨਾਇਕ' ਦੀ ਜ਼ਿੰਮੇਵਾਰੀ ਸੌਂਪਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਦੇ ਪਹਿਲੇ 12 ਸੰਸਕਰਣਾਂ ਦਾ ਸੰਪਾਦਨ ਕੀਤਾ ਸੀ।
ਅੰਬੇਡਕਰ ਦੀ ਪੱਤਰਕਾਰਿਤਾ
ਗੌਰਤਲਬ ਹੈ ਕਿ ਇਸ ਰਸਾਲੇ ਨੂੰ 1923 ਵਿੱਚ ਬੰਦ ਕਰਨਾ ਪਿਆ ਕਿਉਂਕਿ ਅੰਬੇਡਕਰ ਦੀ ਗ਼ੈਰ-ਹਾਜ਼ਰੀ ਕਾਰਨ ਉਸ ਨੂੰ ਚਾਲੂ ਰੱਖਣਾ ਮੁਸ਼ਕਲ ਸੀ ਕਿਉਂਕਿ ਉਹ ਉੱਚ ਵਿੱਦਿਆ ਲਈ ਵਿਦੇਸ਼ ਚਲੇ ਗਏ ਸਨ ਅਤੇ ਰਸਾਲੇ ਲਈ ਇਸ਼ਤਿਹਾਰਾਂ ਅਤੇ ਹੋਰ ਮਾਲੀ ਸਾਧਨਾਂ ਦੀ ਘਾਟ ਸੀ।
ਸ਼ੁਰੂਆਤੀ ਸਾਲਾਂ ਵਿੱਚ ਰਾਜੀਸ਼੍ਰੀ ਸ਼ਾਹੂ ਮਹਾਰਾਜ ਨੇ ਰਸਾਲੇ ਨੂੰ ਆਪਣੇ ਵੱਲੋਂ ਦਿੱਤੀ ਜਾਣ ਵਾਲੀ ਮਦਦ ਵਧਾ ਦਿੱਤੀ ਸੀ।
ਅੰਬੇਡਕਰ ਦੀ ਪੱਤਰਕਾਰੀ ਦੀ ਸੂਝ ਰੱਖਣ ਵਾਲੇ ਵਿਦਵਾਨ, ਗੰਗਾਧਰ ਦਾ ਕਹਿਣਾ ਹੈ ਕਿ 'ਮੂਕਨਾਇਕ ਦਾ ਜਨਮ ਅਛੂਤਾਂ ਦੀ ਆਜ਼ਾਦੀ ਦੇ ਲਈ ਸੰਘਰਸ਼ ਵਜੋਂ ਹੋਇਆ ਸੀ। ਇਸ ਨੇ ਅਛੂਤ ਲੋਕਾਂ ਲਈ ਇੱਕ ਨਵੀਂ ਸੋਚ ਪੈਦਾ ਕੀਤੀ।' (ਪਾਂਟਵੇਨ, ਪੱਤਰਕਾਰ ਡਾ. ਬਾਬਾ ਸਾਹਿਬ ਅੰਬੇਡਕਰ, ਪੰਨਾ-72)।
ਬਹਿਸ਼ਕ੍ਰਿਤ ਭਾਰਤ ਦਾ ਪ੍ਰਕਾਸ਼ਨ
ਮੂਕਨਾਇਕ ਤੋਂ ਬਾਅਦ ਅੰਬੇਡਕਰ ਨੇ 3 ਅਪ੍ਰੈਲ 1927 ਨੂੰ ਇਕ ਹੋਰ ਰਸਾਲਾ "ਬਹਿਸ਼ਕ੍ਰਿਤ ਭਾਰਤ" ਸ਼ੁਰੂ ਕੀਤਾ ਜਿਸ ਨਾਲ ਉਨ੍ਹਾਂ ਦੇ ਅੰਦੋਲਨ ਨੂੰ ਤੇਜ਼ੀ ਮਿਲੀ। "ਬਹਿਸ਼ਕ੍ਰਿਤ ਭਾਰਤ" ਦੇ 15 ਨਵੰਬਰ 1929 ਤਕ 43 ਐਡੀਸ਼ਨਾਂ ਨੂੰ ਛਾਪਿਆ ਗਿਆ।
ਹਾਲਾਂਕਿ ਦੁਬਾਰਾ ਮਾਲੀ ਘਾਟ ਕਾਰਨ ਇਸ ਨੂੰ ਛੋਟਾ ਕਰ ਦਿੱਤਾ ਗਿਆ। ਮੂਕਨਾਇਕ ਅਤੇ ਬਹਿਸ਼ਕ੍ਰਿਤ ਭਾਰਤ ਦੇ ਹਰੇਕ ਸੰਸਕਰਣ ਦੀ ਕੀਮਤ ਸੌ ਆਨਾ ਸੀ ਅਤੇ ਸਾਲਾਨਾ ਖਰਚਾ ਡਾਕ ਸਮੇਤ ਤਿੰਨ ਰੁਪਏ ਸੀ। (ਪਾਂਟਵੇਨ, ਪੰਨਾ-76)।
ਇਸ ਸਮੇਂ ਦੌਰਾਨ ਸਮਤਾ 1928 ਵਿੱਚ ਹੋਂਦ ਵਿੱਚ ਆਇਆ ਅਤੇ "ਬਹਿਸ਼ਕ੍ਰਿਤ ਭਾਰਤ" ਨੇ ਇੱਕ ਨਵਾਂ ਜੀਵਨ ਅਤੇ ਇੱਕ ਨਵਾਂ ਨਾਮ "ਜਨਤਾ" ਪ੍ਰਾਪਤ ਕੀਤਾ, ਜੋ 24 ਨਵੰਬਰ 1930 ਨੂੰ ਪ੍ਰਕਾਸ਼ਿਤ ਕੀਤਾ ਗਿਆ।
ਜਨਤਾ 25 ਸਾਲਾਂ ਤੱਕ ਦਲਿਤਾਂ ਦਾ ਸਭ ਤੋਂ ਲੰਮੇ ਸਮੇਂ ਤੱਕ ਛਪਣ ਵਾਲਾ ਅਖ਼ਬਾਰ ਰਿਹਾ। ਜਨਤਾ ਅਖ਼ਰ ਨੂੰ ਬਾਅਦ ਵਿੱਚ ਅੰਬੇਡਕਰ ਦੇ ਅੰਦੋਲਨ ਨੂੰ ਨਵੀਂ ਮਿਲੀ ਗਤੀ ਦੇਣ ਲਈ 1956 ਤੋਂ 1961 ਤੱਕ "ਪ੍ਰਬੁੱਧ ਭਾਰਤ" ਵਜੋਂ ਪ੍ਰਕਾਸ਼ਿਤ ਕੀਤਾ ਗਿਆ।
ਸੁਤੰਤਰ ਦਲਿਤ ਮੀਡੀਆ
ਇਸ ਤਰ੍ਹਾਂ ਦੇਖਿਆ ਜਾਵੇ ਤਾਂ ਕੋਈ ਵੀ ਇਹ ਕਹਿ ਸਕਦਾ ਹੈ ਕਿ ਬਹਿਸ਼ਕ੍ਰਤ ਭਾਰਤ 33 ਸਾਲਾਂ ਤੱਕ ਛਪਦਾ ਰਿਹਾ ਤੇ ਇਹ ਸ਼ਾਇਦ ਸਭ ਤੋਂ ਲੰਬੇ ਸਮੇਂ ਤੱਕ ਦਲਿਤਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਰਿਹਾ।
ਹਾਲਾਂਕਿ ਮੂਕਨਾਇਕ ਤੋਂ ਪਹਿਲਾਂ "ਬਹਿਸ਼ਕ੍ਰਿਤ ਭਾਰਤ" ਨਾਂ ਵਾਲਾ ਇੱਕ ਅਖ਼ਬਾਰ ਮੌਜੂਦ ਸੀ।
ਇਹ ਵਿਦਰਭ ਤੋਂ ਗਾਵਈ ਦੁਆਰਾ ਚਲਾਇਆ ਗਿਆ ਸੀ। ਅੰਬੇਡਕਰ ਨੇ ਮੂਕਨਾਇਕ ਲਈ 31 ਜਨਵਰੀ, 1920 ਨੂੰ ਆਪਣੇ ਪਹਿਲੇ ਸੰਪਾਦਕੀ ਵਿੱਚ ਮੁਸ਼ਕਿਲਾਂ ਨਾਲ ਚਲ ਰਹੇ ਇੱਕ ਦਲਿਤ ਅਖ਼ਬਾਰ ਵਜੋਂ "ਬਹਿਸ਼ਕ੍ਰਿਤ ਭਾਰਤ" ਦਾ ਹਵਾਲਾ ਦਿੱਤਾ ਸੀ।
ਇਸ ਸਮੇਂ ਦੌਰਾਨ ਅੰਬੇਡਕਰ ਆਪਣੇ ਮਿਸ਼ਨ ਵਿੱਚ ਅਗਾਂਹਵਧੂ ਸਵਰਨ ਜਾਤੀ ਦੇ ਪੱਤਰਕਾਰਾਂ ਅਤੇ ਸੰਪਾਦਕਾਂ ਨੂੰ ਸ਼ਾਮਿਲ ਕਰਨ ਲਈ ਉਤਸੁਕ ਸਨ।
ਉਨ੍ਹਾਂ ਦੁਆਰਾ ਖਬਰਾਂ ਨਾਲ ਸ਼ੁਰੂ ਕੀਤੇ ਬਹੁਤ ਸਾਰੇ ਕਾਰਜ ਬ੍ਰਾਹਮਣ ਸੰਪਾਦਕਾਂ ਦੁਆਰਾ ਸੰਪਾਦਿਤ ਅਤੇ ਪ੍ਰਬੰਧਿਤ ਕੀਤੇ ਗਏ ਸਨ। ਉਨ੍ਹਾਂ ਵਿੱਚੋਂ ਪ੍ਰਮੁੱਖ ਸਨ - ਡੀ.ਵੀ. ਨਾਇਕ (ਸੰਪਾਦਕ- ਸਮਤਾ ਅਤੇ ਬ੍ਰਾਹਮਣ ਬ੍ਰਾਹਮਨੇਤਰ, ਬੀ.ਆਰ. ਕਾਡਰੇਕਰ (ਜਨਤਾ) ਅਤੇ ਜੀ.ਐਨ. ਸਹਸ੍ਰਬੁੱਧੇ (ਬਹਿਸ਼ਕ੍ਰਿਤ ਭਾਰਤ ਅਤੇ ਜਨਤਾ)। ਬੀ.ਸੀ. ਕਾਂਬਲੇ ਵਰਗੇ ਦਲਿਤ ਸੰਪਾਦਕ ਅਤੇ ਯਸ਼ਵੰਤ ਅੰਬੇਡਕਰ ਜਨਤਾ ਦੀ ਸੰਪਾਦਕੀ ਲਿਖਦੇ ਸਨ।
"ਬਹਿਸ਼ਕ੍ਰਿਤ ਭਾਰਤ" ਲਈ ਲੇਖਕਾਂ ਦੀ ਘਾਟ ਸੀ, ਇਸ ਲਈ 24-24 ਕਾਲਮਾਂ ਨੂੰ ਭਰਨ ਦੀ ਜ਼ਿੰਮੇਵਾਰੀ ਇਕੱਲੇ ਸੰਪਾਦਕ 'ਤੇ ਆ ਗਈ। ਯਸ਼ਵੰਤ ਅੰਬੇਡਕਰ, ਮੁਕੰਦ ਰਾਓ ਅੰਬੇਡਕਰ, ਡੀ.ਟੀ. ਰੂਪਵਤੇ, ਸ਼ੰਕਰਰਾਓ ਖਰਾਤ ਅਤੇ ਬੀ.ਆਰ. ਕਾਡਰੇਕਰ ਨੇ ਜਦੋਂ ਤੱਕ ਹੋ ਸਕਿਆ "ਪ੍ਰਬੁੱਧਭਾਰਤ" ਨੂੰ ਸੰਪਾਦਿਤ ਕਰਨ ਦਾ ਕਾਰਜ ਕੀਤਾ।
ਦਲਿਤ ਪੱਤਰਕਾਰੀ
ਅੰਬੇਡਕਰ ਤੋਂ ਪਹਿਲਾਂ ਕੁਝ ਹੋਰ ਰਸਾਲੇ ਸਨ ਜਿਨ੍ਹਾਂ ਵਿੱਚ ਅਛੂਤਾਂ ਬਾਰੇ ਗੱਲ ਕੀਤੀ ਗਈ ਸੀ। ਮਿਸਾਲ ਵਜੋਂ ਫੂਲੇ ਦੁਆਰਾ ਸ਼ੁਰੂ ਕੀਤੀ ਗਈ ਸਤਿਆਸ਼ੋਧਕ ਲਹਿਰ ਨੇ ਅਜਿਹੀ ਪੱਤਰਕਾਰੀ ਨੂੰ ਪ੍ਰੇਰਿਤ ਕੀਤਾ ਸੀ।
'ਦੀਨਬੰਧੂ', ਭਾਰਤ ਦਾ ਪਹਿਲਾ ਬਹੁਜਨ ਅਖ਼ਬਾਰ ਕ੍ਰਿਸ਼ਨਾਰਾਓ ਭਾਲੇਕਰ ਨੇ 1 ਜਨਵਰੀ 1877 ਨੂੰ ਸਤਿਆਸ਼ੋਧਕ ਵਿਚਾਰਧਾਰਾ ਦੇ ਪ੍ਰਚਾਰ ਲਈ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ-
ਅਖ਼ਬਾਰ ਨੇ ਦਲਿਤਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਗ੍ਹਾ ਦਿੱਤੀ। ਇਹ ਤਕਰੀਬਨ 100 ਸਾਲਾਂ ਤੋਂ ਵੱਧ ਸਮੇਂ ਤੱਕ ਛਪਦਾ ਰਿਹਾ।
ਗੋਹਰ ਬਾਬਾ ਵਾਲੰਗਕਰ, ਮਹਾਰ ਦੇ ਇੱਕ ਸੀਨੀਅਰ ਨੇਤਾ ਨੂੰ ਪਹਿਲੇ ਦਲਿਤ ਪੱਤਰਕਾਰ ਹੋਣ ਦਾ ਸਿਹਰਾ ਬੰਨਿਆ ਜਾਂਦਾ ਹੈ ਜਿਨਾਂ ਨੇ "ਦੀਨਮਿਤ੍ਰ", "ਦੀਨਬੰਧੂ" ਅਤੇ "ਸੁਧਾਰਕ" ਵਿੱਚ ਜਾਤ-ਪਾਤ ਅਤੇ ਛੂਤ-ਛਾਤ ਦੇ ਖਿਲਾਫ਼ ਆਪਣੇ ਲੇਖ ਲਿਖੇ ਸਨ (ਸਰੋਤ- ਪਾਂਟਾਵੇਨ)।
ਅਛੂਤਾਂ ਦੇ ਅਧਿਕਾਰਾਂ ਦੀ ਵਕਾਲਤ
ਵਾਲੰਗਕਰ ਇੱਕ ਵਿਦਵਾਨ ਵਿਅਕਤੀ ਸਨ। ਹਿੰਦੂ ਵਰਣ-ਵਿਵਸਥਾ ਬਾਰੇ ਉਨ੍ਹਾਂ ਦੀ ਆਲੋਚਨਾਤਮਕ ਖੋਜ ਇੱਕ ਕਿਤਾਬ "ਵਿੱਟਲ ਵਿਧਵੰਸਕ" (1888) ਵਿੱਚ ਪ੍ਰਕਾਸਿਤ ਹੋਈ, ਜਿਸ ਵਿੱਚ ਉਨ੍ਹਾਂ ਸ਼ੰਕਰਾਚਾਰਿਆ ਅਤੇ ਹੋਰ ਹਿੰਦੂ ਨੇਤਾਵਾਂ ਅੱਗੇ 26 ਸਵਾਲ ਖੜ੍ਹੇ ਕੀਤੇ ਸਨ (ਈ ਜ਼ੇਲੀਓਟ, ਡਾ. ਬਾਬਾ ਸਾਹਿਬ ਅੰਬੇਡਕਰ ਅਤੇ ਅਛੂਤ ਅੰਦੋਲਨ, ਪੰਨਾ-49; ਇੱਕ ਟੇਲਟੰਬਡੇ, ਦਲਿਤ, ਅਤੀਤ, ਵਰਤਮਾਨ ਅਤੇ ਭਵਿੱਖ, ਪੰਨਾ-48)।
ਇੱਕ ਹੋਰ ਮੰਨੇ-ਪ੍ਰਮੰਨੇ ਮਹਾਨ ਨੇਤਾ ਸ਼ਿਵਰਾਮ ਜੰਬਾ ਕਾਂਬਲੇ ਨੇ ਅਛੂਤਾਂ ਦੇ ਹੱਕਾਂ ਵਿੱਚ ਆਵਾਜ਼ ਉਠਾਉਣ ਲਈ ਪੱਤਰਕਾਰੀ ਦੀ ਚੋਣ ਕੀਤੀ। ਉਨ੍ਹਾਂ ਨੇ ਪਹਿਲੇ ਦਲਿਤ ਅਖ਼ਬਾਰ "ਸੋਮਵੰਸੀਆ ਮਿਤਰ" (1 ਜੁਲਾਈ, 1908) ਦੀ ਸ਼ੁਰੂਆਤ ਅਤੇ ਸੰਪਾਦਨ ਕਰਨ ਦਾ ਅਹਿਮ ਕਾਰਜ ਕੀਤਾ ਸੀ
ਕਿਸਾਨ ਫਾਗੋਜੀ ਬਾਂਸੋਦੇ ਇੱਕ ਹੋਰ ਕਿਸਾਨ ਨੇਤਾ ਅਤੇ ਦਲਿਤ ਅੰਦੋਲਨ ਦੇ ਇਕ ਵੱਡੇ ਨੇਤਾ ਸਨ ਜਿਨ੍ਹਾਂ ਨੇ ਐਮਪ੍ਰੈਸ ਮਿੱਲ, ਨਾਗਪੁਰ ਵਿਖੇ ਇੱਕ ਪ੍ਰੈਸ ਦੀ ਸ਼ੁਰੂਆਤ ਕੀਤੀ, ਤਾਂ ਕਿ ਉਹ ਸੁਤੰਤਰ ਕੌਪ ਕੇ ਮੀਡੀਆ ਅਦਾਰਾ ਚਲਾ ਸਕਣ।
ਆਪਣੀ ਇਸ ਪ੍ਰੈਸ ਰਾਹੀਂ ਉਨ੍ਹਾਂ ਨੇ "ਨਿਰਾਸ਼੍ਰਿਤ ਹਿੰਦ ਨਾਗਰਿਕ" (1910), "ਮਜ਼ੂਰ ਪੱਤਰਿਕਾ" (1918-22) ਅਤੇ "ਚੋਖਾਮੇਲਾ" (1931) ਪ੍ਰਕਾਸ਼ਿਤ ਕੀਤਾ।
ਉਨ੍ਹਾਂ 1941 ਵਿੱਚ ਆਪਣੀ ਸਵੈ-ਜੀਵਨੀ ਚੋਖਮੇਲਾ ਵੀ ਇਸੇ ਪ੍ਰੈਸ ਵਿੱਚ ਲਿਖੀ ਸੀ। ਬਾਂਸੋਡੇ ਨੇ ਕਾਲੀਚਰਨ ਨੰਦਗਾਵਾਲੀ ਦੇ ਨਾਲ ਮਿਲ ਕੇ 1913 ਵਿੱਚ "ਵਿੱਟਲਵਿਧਵੰਸਕ" ਅਖਬਾਰ ਦੀ ਸ਼ੁਰੂਆਤ ਕੀਤੀ।
ਸੋਮਵੰਸੀਆ ਮਿਤਰ ਤੋਂ ਪਹਿਲਾਂ, ਕਿਸਾਨ ਫਾਗੋਜੀ ਬਾਨਸੋਡੇ ਨੂੰ ਤਿੰਨ ਅਖਬਾਰਾਂ, ਮਰਾਠਾ ਦੀਨਬੰਧੂ (1901), ਅਤਿਅੰਜ ਵਿਲਾਪ (1906) ਅਤੇ ਮਹਾਰੰਚ ਸੁਧਾਰਕ (1907) ਸ਼ੁਰੂ ਕਰਨ ਦਾ ਸਿਹਰਾ ਜਾਂਦਾ ਹੈ।
ਹਾਲਾਂਕਿ ਪੈਂਟਾਵੇਨ (ਪੰਨਾ 35) ਤੇ ਲਿਖਦਾ ਹੈ ਕਿ ਇਨ੍ਹਾਂ ਦੀਆਂ ਕਾਪੀਆਂ ਦੇ ਨਾ ਮਿਲਣ ਕਾਰਨ, ਸਬੂਤਾਂ ਦੀ ਅਣਹੋਂਦ ਕਾਰਨ ਇਹ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ।
ਤਤਕਾਲੀਨ ਵੱਖ-ਵੱਖ ਅਖ਼ਬਾਰਾਂ ਅਤੇ ਖੋਜ ਸਮੱਗਰੀ ਦੇ ਹਵਾਲਿਆਂ ਵਿੱਚ ਬਾਨਸੋਡੇ ਦੁਆਰਾ ਸ਼ੁਰੂ ਕੀਤੀਆਂ ਤਿੰਨ ਅਖਬਾਰਾਂ ਦਾ ਜ਼ਿਕਰ ਆਉਂਦਾ ਹੈ।
ਇਨ੍ਹਾਂ ਅਖਬਾਰਾਂ ਦਾ ਮੁੱਖ ਮਕਸਦ ਅਛੂਤ ਲੋਕਾਂ ਨੂੰ ਇਕਜੁਟ ਕਰਨਾ ਅਤੇ ਹਿੰਦੂ ਸਮਾਜ ਵਿੱਚ ਸੁਧਾਰ ਲਿਆਉਣ ਦੀ ਆਵਾਜ਼ ਨੂੰ ਚੁੱਕਣਾ ਸੀ।
ਜਾਤੀ ਵਿਵਸਥਾ 'ਤੇ ਗਾਂਧੀ ਦੇ ਵਿਚਾਰ
ਅੰਬੇਡਕਰ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਹੋਰ ਅਖ਼ਬਾਰ ਸਨ - ਦਾਦਾ ਸਾਹੇਬ ਸ਼ਿਰਕੇ ਦੁਆਰਾ ਸ਼ੁਰੂ ਕੀਤਾ "ਗਰੂਣ" (1926), ਪੀ.ਐੱਨ ਰਾਜਭੋਜ ਦੁਆਰਾ 1928 ਵਿੱਚ ਸ਼ੁਰੂ ਕੀਤਾ ਗਿਆ "ਦਲਿਤ ਬੰਧੂ", ਪਤਿਤਪਾਵਨਦਾਸ ਦੁਆਰਾ (1932) ਵਿੱਚ ਪਤਿਤਪਾਵਨ, ਐਲ.ਐਨ. ਹਰਦਾਸ ਦੁਆਰਾ (1933) ਵਿੱਚ ਮਰਾਠਾ, ਦਲਿਤ ਨਿਨਾਦ (1947) ਸਨ।
ਵੀ.ਐਨ. ਬਾਰਵੇ ਨੇ ਜਾਤੀ-ਪ੍ਰਥਾ ਬਾਰੇ ਗਾਂਧੀਵਾਦੀ ਵਿਚਾਰਾਂ ਦਾ ਪ੍ਰਚਾਰ ਕਰਨ ਲਈ "ਦਲਿਤ ਸੇਵਕ" ਦੀ ਸ਼ੁਰੂਆਤ ਕੀਤੀ।
ਅੰਬੇਡਕਰ ਦੀ ਪੱਤਰਕਾਰੀ ਬਾਰੇ ਸਭ ਤੋਂ ਪਹਿਲਾ ਕੰਮ ਅੱਪਾਸਾਹੇਬ ਰਾਂਪੀਸ ਦੁਆਰਾ ਕੀਤਾ ਗਿਆ ਸੀ, ਜਿਸ ਨੇ 1962 ਵਿੱਚ ਪ੍ਰਕਾਸ਼ਿਤ "ਦਲਿਤੰਚੀ ਵ੍ਰਤਪਤ੍ਰੇ" ਨਾਂ ਦੀ ਕਿਤਾਬ ਲਿਖੀ ਸੀ।
ਗੰਗਾਧਰ ਪਾਂਟਾਵੇਨ ਨੇ 1987 ਵਿੱਚ ਆਪਣੇ ਪੀਐੱਚਡੀ ਦੇ ਥੀਸਿਸ ਲਈ ਇਸ ਵਿਸ਼ੇ 'ਤੇ ਖੋਜ ਕੀਤੀ ਅਤੇ ਇਸ ਨੂੰ ਦਲਿਤ ਪੱਤਰਕਾਰੀ ਦੇ ਪਹਿਲੇ ਸੋਧ-ਪ੍ਰਬੰਧ ਵਜੋਂ ਛਾਪਿਆ ਗਿਆ।
ਉਦੋਂ ਤੋਂ ਹੀ ਅਸੀਂ ਅੰਬੇਡਕਰ ਦੀ ਪੱਤਰਕਾਰੀ ਨਾਲ ਜੁੜੇ ਕਾਰਜਾਂ ਵਿੱਚ ਦਿੱਤੇ ਜਾਣ ਵਾਲੇ ਵਜ਼ੀਫਿਆਂ ਵਿੱਚ ਵਾਧਾ ਦੇਖਿਆ ਹੈ।
ਅੰਬੇਡਕਰ ਦੀਆਂ ਪੱਤਰਕਾਰੀ ਲਿਖਤਾਂ ਉਨ੍ਹਾਂ ਦੇ ਵਿਚਾਰਾਂ ਨਾਲ ਭਰਪੂਰ ਹਨ ਅਤੇ ਆਪਣੇ ਵਿਰੋਧੀਆਂ ਨੂੰ ਉਨ੍ਹਾਂ ਤੇ ਵਿਚਾਰ-ਚਰਚਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਉਹ ਆਪਣੀਆਂ ਦਲੀਲਾਂ ਨਾਲ ਅਛੂਤਾਂ ਦੇ ਹੱਕ ਵਿੱਚ ਇੱਕ ਆਵਾਜ਼ ਉੱਚੀ ਕਰਦੇ ਹੋਏ ਉਨ੍ਹਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਗੱਲ ਕਰਦੇ ਹਨ।
ਅੰਬੇਡਕਰ ਨੇ ਸਮਾਜਿਕ ਅਤੇ ਸਿਆਸੀ ਸੁਧਾਰਾਂ ਦੇ ਮੁੱਦੇ 'ਤੇ ਸਰਕਾਰੀ ਨੀਤੀਆਂ ਅਤੇ ਸਿਆਸੀ ਦਲਾਂ ਦੇ ਸਟੈਂਡ' ਤੇਂ ਜ਼ੋਰਦਾਰ ਟਿੱਪਣੀ ਕੀਤੀ ਹੈ।
ਅੰਬੇਡਕਰ ਦੀਆਂ ਪੱਤਰਕਾਰੀ ਲਿਖਤਾਂ ਸਾਨੂੰ ਅੰਬੇਡਕਰ ਦੇ ਆਜ਼ਾਦ ਖਿਆਲਾਂ ਨੂੰ ਜਾਣਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਉਹ ਇੱਕ ਸੁਘੜ ਲੇਖਕ ਅਤੇ ਦਾਰਸ਼ਨਿਕ ਚਿੰਤਕ ਸਨ।
https://www.youtube.com/watch?v=xWw19z7Edrs
ਅਖ਼ਬਾਰਾਂ ਵਿੱਚ ਦਲਿਤਾਂ ਦੀ ਜ਼ਿੰਦਗੀ
ਉਨ੍ਹਾਂ ਦੇ ਰਸਾਲਿਆਂ ਵਿੱਚ ਛਪੀਆਂ ਤਸਵੀਰਾਂ ਦਲਿਤ ਅਜ਼ਾਦੀ ਅੰਦੋਲਨ ਅਤੇ ਦਲਿਤਾਂ ਦੇ ਜੀਵਨ ਤਜ਼ਰਬੇ ਨੂੰ ਦਰਸਾਉਂਦੀਆਂ ਹਨ।
15 ਜੁਲਾਈ 1927 ਦੇ "ਬਹਿਸ਼ਕ੍ਰਿਤ ਭਾਰਤ" ਦੇ ਸੰਸਕਰਨ ਵਿੱਚ ਅੰਬੇਡਕਰ ਨੇ ਉਨ੍ਹਾਂ ਬ੍ਰਾਹਮਣਾਂ ਬਾਰੇ ਚਰਚਾ ਕੀਤੀ ਸੀ ਜਿਨ੍ਹਾਂ ਦੀ ਵਿਦਿਅਕ ਪ੍ਰਤੀਨਿਧਤਾ ਸਭ ਤੋਂ ਵੱਧ ਸੀ।
ਮਿਸਾਲ ਵਜੋਂ ਮੁੰਬਈ ਵਿਖੇ ਉੱਚ ਸਿੱਖਿਆ ਦੇ ਸਰਵੇਖਣ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪ੍ਰਤੀ 2 ਲੱਖ ਲੋਕਾਂ ਪਿੱਛੇ ਸੈਂਕੜੇ ਬ੍ਰਾਹਮਣ ਅਤੇ ਅਛੂਤਾਂ ਦੀ ਗਿਣਤੀ ਸਿਫਰ ਸੀ।
ਸਿੱਖਿਅਕ ਸੰਸਥਾਨਾਂ ਦੀ ਨੁਮਾਇੰਦਗੀ
ਇਹ ਬਹੁਤ ਹੀ ਚਿੰਤਾਜਨਕ ਸੀ ਤੇ ਸਰਕਾਰੀ ਨੀਤੀਆਂ ਨੇ ਇਹ ਯਕੀਨੀ ਬਣਾਇਆ ਕਿ ਵਿਦਿਅਕ ਤੌਰ 'ਤੇ ਪੱਛੜੀਆਂ ਜਾਤਾਂ ਦੇ ਨੁਮਾਇੰਦਿਆਂ ਨੂੰ ਅੱਗੇ ਆਉਣ ਦੀ ਲੋੜ ਹੈ। (ਸਰੋਤ- ਪੀ. ਗਾਇਕਵਾੜ (ਸੰਪਾ.), ਅਗਰਲੇਖ: ਬਹਿਸ਼ਕ੍ਰਿਤ ਭਾਰਤ ਅਤੇ ਮੂਕਨਾਇਕ ਡਾ. ਭੀਮਰਾਓ ਰਾਮਜੀ ਅੰਬੇਡਕਰ)।
ਪੱਤਰਕਾਰੀ ਹਮੇਸ਼ਾ ਹੀ ਦਲਿਤ ਅੰਦੋਲਨਾਂ ਦਾ ਅਟੁੱਟ ਅੰਗ ਰਹੀ ਹੈ। ਉਹ ਉਨ੍ਹਾਂ ਸਮਾਜਿਕ ਅਤੇ ਸਿਆਸੀ ਪਹਿਲਕਦਮੀਆਂ ਦੇ ਨਾਲ ਤੁਰੀ ਜੋ ਦਲਿਤਾਂ ਦੁਆਰਾ ਚਲਾਈਆ ਗਈਆਂ ਸਨ।
ਅਜੋਕੇ ਸਮੇਂ ਵਿੱਚ ਅੰਬੇਡਕਰ ਦੇ ਸਮੇਂ ਵਾਂਗ ਹੀ ਦਲਿਤਾਂ ਲਈ ਪ੍ਰਿੰਟ ਪੱਤਰਕਾਰੀ ਅਜੇ ਵੀ ਦੂਰ ਦੀ ਥਾਂ ਹੈ।
ਇੱਥੇ ਕੋਈ ਮੁੱਖ ਧਾਰਾ ਦਾ ਅੰਗਰੇਜ਼ੀ ਭਾਸ਼ਾ ਦਾ ਅਖ਼ਬਾਰ ਨਹੀਂ ਹੈ ਜੋ ਦਲਿਤਾਂ ਨਾਲ ਜੁੜੇ ਮੁੱਦਿਆਂ ਉੱਤੇ ਕੇਂਦ੍ਰਿਤ ਹੋ ਕੇ ਪੂਰੇ ਭਾਰਤ ਵਿੱਚ ਉਨ੍ਹਾਂ ਦੀ ਗੱਲ ਪਹੁੰਚਾ ਸਕੇ।
ਦੇਸ ਦਾ ਖ਼ਜ਼ਾਨਾ
ਅਜਿਹਾ ਕੋਈ ਵੀ ਮੀਡੀਆ ਅਦਾਰਾ ਨਹੀਂ ਹੈ ਜੋ ਦਲਿਤ ਅੱਖਾਂ ਰਾਹੀਂ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਨੂੰ ਦਰਸਾ ਸਕੇ। ਦਲਿਤਾਂ ਦੀ ਧਾਰਨਾ ਅਤੇ ਸੋਚ ਨੂੰ ਦਲਿਤਾਂ ਦੁਆਰਾ ਸੰਚਾਲਿਤ ਮੀਡੀਆ ਦੁਆਰਾ ਹੀ ਉਭਾਰਿਆ ਜਾ ਸਕਦਾ ਹੈ।
ਅੰਬੇਡਕਰ ਤੋਂ ਬਾਅਦ ਦੇ ਕੁਝ ਪੱਤਰਕਾਰੀ ਉੱਦਮਾਂ ਨੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜਨ ਦਾ ਹੀਲਾ ਕੀਤਾ ਹੈ।
ਇੱਥੇ ਦਲਿਤ ਭਾਈਚਾਰੇ ਦੀ ਬੌਧਿਕ ਸੋਚ ਨੂੰ ਬਣਾਉਣ ਲਈ ਕਾਂਸ਼ੀਰਾਮ ਦੇ ਪ੍ਰਮੁੱਖ ਕਾਰਜਾਂ ਨੂੰ ਨਜ਼ਰਅੰਦਾਜ਼ ਕਰਨਾ ਗਲਤ ਹੋਵੇਗਾ।
ਕਿਉਂਕਿ ਅੰਬੇਡਕਰ ਦੀਆਂ ਪੱਤਰਕਾਰੀ ਲਿਖਤਾਂ ਮਰਾਠੀ ਵਿੱਚ ਹਨ, ਇਸ ਲਈ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਇਸ ਦਾ ਅਨੁਵਾਦ ਅੰਗਰੇਜ਼ੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਕੀਤਾ ਜਾਵੇ।
ਹਾਲਾਂਕਿ ਅੰਗਰੇਜ਼ੀ ਸੰਸਕਰਣ ਕੋਲ੍ਹਾਪੁਰ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ ਪਰ ਇਸ ਨੂੰ ਪ੍ਰਾਪਤ ਕਰਨਾ ਔਖਾ ਹੈ। ਅੰਬੇਦਕਰ ਦੀਆਂ ਲਿਖਤਾਂ ਸਾਡਾ ਕੌਮੀ ਸਰਮਾਇਆ ਹਨ ਅਤੇ ਇਸ ਲਈ ਉਨ੍ਹਾਂ ਦੀ ਪੱਤਰਕਾਰੀ ਦੀ ਧਾਰ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਛਾਪ ਕੇ ਲੋਕਾਂ ਤੱਕ ਮੁਫਤ ਪਹੁੰਚਾਉਣ ਦੀ ਲੋੜ ਹੈ।
21ਵੀਂ ਸਦੀ ਦੀ ਦਲਿਤ ਪੱਤਰਕਾਰੀ
ਅਜੋਕੇ ਸਮੇਂ 'ਚ ਜਦੋਂ ਪ੍ਰਗਟਾਵੇ ਦੇ ਨਵੇਂ ਤੋਂ ਨਵੇਂ ਮਾਧਿਅਮ ਮੌਜੂਦ ਹਨ, ਉਸ ਸਮੇਂ ਦਲਿਤ ਤਕਨੀਕੀ ਨਵੀਨਤਾ ਨੂੰ ਹਾਸਲ ਕਰਨ ਅਤੇ ਸੁਤੰਤਰ ਉੱਦਮ ਸਥਾਪਤ ਕਰਨ 'ਚ ਸਫ਼ਲ ਰਹੇ ਹਨ।
ਦਲਿਤ ਭਾਈਚਾਰੇ ਵੱਲੋਂ ਵੱਡੀ ਗਿਣਤੀ 'ਚ ਤਿਆਰ ਕੀਤੇ ਗਏ ਸੋਸ਼ਲ ਮੀਡੀਆ ਪੇਜ, ਟਵਿੱਟਰ ਅਤੇ ਫੇਸਬੁੱਕ ਸਮੂਹ, ਯੂਟਿਊਬ ਚੈਨਲ, ਵਲੋਗ ਅਤੇ ਬਲਾਗ ਡਾ.ਅੰਬੇਡਕਰ ਦੀ ਸਾਹਿਤਕ ਅਤੇ ਸਿਰਜਣਾਤਮਕ ਵਿਰਾਸਤ ਲਈ ਨਿੱਘੀ ਸ਼ਰਧਾਂਜਲੀ ਹਨ। ਉਨ੍ਹਾਂ ਦੇ ਵਾਰਸਾਂ ਨੇ ਇਸ ਵਿਰਾਸਤ ਨੂੰ ਜਾਰੀ ਰੱਖਣ ਦੀ ਚੋਣ ਕੀਤੀ ਹੈ।
ਤਕਨੀਕੀ ਅਤੇ ਸਨਸਨੀਖੇਜ਼ ਤੇ ਉਕਸਾਊ ਪੱਤਰਕਾਰੀ ਦੇ ਆਗਾਜ਼ ਨਾਲ ਪੱਤਰਕਾਰੀ 'ਚ ਕੁਝ ਕਮੀਆਂ ਵੀ ਆਈਆਂ ਹਨ।
ਇੰਟਰਨੈੱਟ ਅਧਾਰਤ ਖੋਜ ਅਤੇ ਗ਼ਲਤ ਜਾਣਕਾਰੀ ਮੁੱਹਈਆ ਕਰਵਾਉਣ ਵਾਲੇ ਮਾਧਿਅਮਾਂ ਨੇ ਕੁਝ ਗ਼ੈਰ-ਕਾਨੂੰਨੀ ਦਾਅਵਿਆਂ ਨੂੰ ਪੇਸ਼ ਕੀਤਾ ਹੈ ਜੋ ਕਿ ਸਮੇਂ ਦੀ ਧਾਰਾ 'ਚ ਤੱਥਾਂ ਦੇ ਰੂਪ 'ਚ ਘੁੰਮ ਰਹੇ ਹਨ।
ਅਮਰੀਕੀ ਅਧਾਰਤ ਕੁਝ ਦਲਿਤ ਗ਼ੈਰ-ਸਰਕਾਰੀ ਸੰਸਥਾਵਾਂ ਨੇ ਸੋਸ਼ਲ ਮੀਡੀਆ 'ਤੇ ਜਾਅਲੀ ਟਿੱਪਣੀਆਂ ਨੂੰ ਫੈਲਾਉਣ 'ਚ ਸਰਗਰਮੀ ਨਾਲ ਹਿੱਸਾ ਲਿਆ ਹੈ।
ਮੌਜੂਦਾ ਸਮੇਂ 'ਚ ਦਲਿਤ ਪੱਤਰਕਾਰਾਂ ਨੂੰ ਤਰੱਕੀ ਕਰਨ ਲਈ ਮੁਹੱਈਆ ਕੀਤਾ ਜਾਣ ਵਾਲਾ ਮਦਦਗਾਰ ਮਾਹੌਲ ਨਾ ਦੇ ਬਰਾਬਰ ਪ੍ਰਾਪਤ ਹੈ।
ਆਕਸਫੈਮ ਅਤੇ ਨਿਊਜ਼ਲਾਂਡਰੀ ਵੱਲੋਂ ਕਰਵਾਏ ਗਏ ਮੀਡੀਆ ਵਿਭਿੰਨਤਾ ਸਰਵੇਖਣ ਤੋਂ ਜੋ ਤੱਥ ਸਾਹਮਣੇ ਆਏ ਹਨ, ਉਹ ਵੀ ਨਿਰਾਸ਼ਾਜਨਕ ਹਨ।
ਕੁੱਲ 121 ਨਿਊਜ਼ਰੂਮ ਲੀਡਰਸ਼ਿਪ ਸਥਾਨਾਂ 'ਤੇ ਦਲਿਤ ਅਤੇ ਆਦੀਵਾਸੀਆਂ ਦੀ ਮੌਜੂਦਗੀ ਬਿਲਕੁੱਲ ਨਹੀਂ ਹੈ ਜਦੋਂ ਕਿ 'ਉੱਚ ਜਾਤੀਆਂ' ਨੇ 106 ਸਥਾਨਾਂ 'ਤੇ ਕਬਜ਼ਾ ਕੀਤਾ ਹੈ ਅਤੇ 56 ਸਥਾਨਾਂ 'ਤੇ ਪਛੜੇ ਵਰਗਾਂ ਤੇ 6 ਸਥਾਨਾਂ 'ਤੇ ਘੱਟ ਗਿਣਤੀਆਂ ਦੀ ਮੌਜੂਦਗੀ ਰਹੀ ਹੈ।
ਇਸ ਮੌਕੇ ਸਾਨੂੰ ਅੰਗ੍ਰੇਜ਼ੀ ਭਾਸ਼ਾ ਜਾਂ ਬਹੁ-ਭਾਸ਼ਾਈ ਸਥਾਨ 'ਚ ਇੱਕ ਅਜਿਹੇ ਕੇਂਦਰੀ ਨਿਵੇਸ਼ ਦੀ ਜ਼ਰੂਰਤ ਹੈ ਜੋ ਕਿ ਦਲਿਤ ਮਸਲਿਆਂ ਨੂੰ ਬਾਕੀ ਦੁਨੀਆਂ ਤੱਕ ਸੰਚਾਰਿਤ ਕਰ ਸਕੇ।
ਨੌਜਵਾਨ ਦਲਿਤਾਂ ਵੱਲੋਂ ਪੱਤਰਕਾਰੀ ਨੂੰ ਬਤੌਰ ਪੇਸ਼ੇ ਵੱਜੋਂ ਚੁਣਿਆ ਜਾ ਰਿਹਾ ਹੈ। ਅਜੋਕੇ ਸਮੇਂ ਦੇ ਮੀਡੀਆ ਸੰਗਠਨਾਂ ਨੂੰ ਚਾਹੀਦਾ ਹੈ ਕਿ ਉਹ ਦਲਿਤ ਪੱਤਰਕਾਰਾਂ ਨੂੰ ਵਧੇਰੇ ਮੌਕਾ ਪ੍ਰਦਾਨ ਕਰਨ।
ਉਨ੍ਹਾਂ ਨੂੰ ਦਲਿਤ ਸੰਚਾਰ ਮਾਧਿਅਮਾਂ ਰਾਹੀਂ ਸਿੱਖਣ ਦੀ ਲੋੜ ਹੈ, ਜੋ ਕਿ ਅਜਿਹੀਆਂ ਗੁੰਝਲਦਾਰ ਕਹਾਣੀਆਂ ਨੂੰ ਉਤਸ਼ਾਹਤ ਕਰਦੇ ਹਨ ਜੋ ਕਿ ਅਣਤਜ਼ਰਬੇਕਾਰ ਗੈਰ ਦਲਿਤਾਂ ਦੀਆਂ ਨਜ਼ਰਾਂ ਤੋਂ ਦੂਰ ਹਨ।
ਬ੍ਰਾਹਮਣਵਾਦੀ ਵਰਗ ਦੀ ਲੇਖਣੀ
ਲਿਖਣ ਅਤੇ ਪ੍ਰਗਟਾਵੇ ਦੀ ਕਲਾ ਲੋਕਾਂ ਦੇ ਜੀਵਿਤ ਤਜ਼ਰਬੇ ਲਈ ਬਹੁਤ ਵਿਲੱਖਣ ਹੈ। ਇਸ ਲਈ ਦਲਿਤ ਭਾਸ਼ਾ, ਭਾਵਾਨਾਤਮਕ ਕਿੱਸੇ ਅਤੇ ਸੰਖੇਪ ਸ਼ੈਲੀ ਹੋ ਸਕਦਾ ਹੈ ਕਿ ਉੱਚ ਪ੍ਰਮਾਣਿਕ ਬ੍ਰਹਾਮਣੀਕਰਨ ਲਿਖਤਾਂ ਦੇ ਅਨੁਕੂਲ ਨਾ ਹੋਵੇ।
ਕਈ ਵਾਰ ਦਲਿਤ ਲੇਖਕਾਂ 'ਤੇ ਦੋਸ਼ ਲੱਗਿਆ ਹੈ ਕਿ ਉਨ੍ਹਾਂ ਦੀ ਲਿਖਤਾਂ 'ਚ ਗੁਣਵੱਤਾ ਦੀ ਘਾਟ ਹੈ ਜਾਂ ਕਹਿ ਸਕਦੇ ਹਾਂ ਕਿ ਉਸ ਮਿਆਰ ਦੀਆਂ ਨਹੀਂ ਹੁੰਦੀਆਂ ਹਨ ਜਿਸ ਦੀ ਪੁਸ਼ਟੀ ਦਲਿਤ ਲੇਖਕਾਂ ਵੱਲੋਂ ਠੋਕ ਵਜਾ ਕੇ ਕੀਤੀ ਜਾਂਦੀ ਹੈ।
ਉਨ੍ਹਾਂ ਦੀਆਂ ਲਿਖਤਾਂ ਨੂੰ ਵਿਚਾਰਾਂ ਦੀ ਆੜ 'ਚ ਨਕਾਰਿਆ ਜਾਂਦਾ ਹੈ। ਤਰਕਾਂ ਦੀ ਨਵੀਨਤਾਂ ਅਤੇ ਵਿਚਾਰਾਂ ਦੀ ਤਾਜ਼ਗੀ ਸ਼ਾਇਦ ਹੀ ਬ੍ਰਾਹਮਣਵਾਦੀ ਪੂੰਜੀਵਾਦੀ ਵਰਗ ਦੇ ਭਾਸ਼ਾਈ ਪੱਧਰ ਦੇ ਅਨੁਕੂਲ ਹੋਵੇ, ਜਿੰਨਾਂ ਕੋਲ ਤਜ਼ਰਬੇ ਦੀ ਵੀ ਘਾਟ ਹੈ।
ਉਨ੍ਹਾਂ ਕੋਲ ਤਾਂ ਭਾਸ਼ਾਈ ਉਪਕਰਣਾਂ ਨੂੰ ਵਿਕਸਤ ਕਰਨ ਦੀ ਸਮਰੱਥਾ ਵੀ ਨਹੀਂ ਹੈ।
ਪਾਠਕਾਂ ਦੀ ਪਸੰਦ ਨੂੰ ਸਮਝੇ ਬਿਨ੍ਹਾਂ ਹੀ ਕਿਸੇ ਵੀ ਲੇਖਕ ਨੂੰ ਲੇਖਣ ਸਰਬਉੱਚਤਾ ਪ੍ਰਦਾਨ ਕੀਤੀ ਜਾਂਦੀ ਹੈ। ਕਈ ਵਿੱਦਿਅਕ ਅਤੇ ਵਿਵਾਦਿਤ ਲੇਖਕ ਆਪਣੀ ਸਾਖ ਬਚਾਉਣ ਦੀ ਖ਼ਾਤਰ ਸ਼ਬਦਾਂ ਦੇ ਘੇਰੇ 'ਚ ਫਸ ਜਾਂਦੇ ਹਨ।
ਬ੍ਰਾਹਮਣਾਂ ਦੀ ਪ੍ਰਭੂਸੱਤਾ ਦੇ ਖ਼ਿਲਾਫ਼
ਲੇਖਨ 'ਚ ਬੇਤੁਕੀ ਭਾਸ਼ਾ ਦਾ ਪ੍ਰਯੋਗ ਲੇਖਕ ਦੀ ਸ਼ਬਦਾਵਲੀ ਤਰਤੀਬ ਨੂੰ ਪ੍ਰਗਟ ਕਰਦਾ ਹੈ। ਭਾਵੇਂ ਕਿ ਉਹ ਗਰੀਬ, ਮਜ਼ਦੂਰ ਵਰਗ ਦੇ ਲੋਕਾਂ ਨਾਲ ਸੰਪਰਕ ਨਹੀਂ ਰੱਖਦਾ।
ਇਸ ਲਈ ਬ੍ਰਾਹਮਣ ਸੰਪਾਦਕਾਂ ਨੂੰ ਆਪਣੇ ਆਪ ਅਤੇ ਆਪਣੇ ਸਾਥੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਦਲਿਤ ਲੇਖਕਾਂ ਵੱਲੋਂ ਪੇਸ਼ ਕੀਤੇ ਜਾ ਰਹੇ ਵਿਚਾਰਾਂ ਦੇ ਮਹੱਤਵ ਨੂੰ ਸਮਝਿਆ ਜਾ ਸਕੇ।
ਵਿਆਕਰਣ ਅਤੇ ਵਿਰਾਮ ਚਿੰਨ੍ਹ ਦੇ ਅਧਾਰ 'ਤੇ ਜੋ ਅਲਹਿਦਗੀ ਪੇਸ਼ ਕੀਤੀ ਜਾ ਰਹੀ ਹੈ ਉਸ ਤੋਂ ਦਲਿਤ ਜਾਂ ਗੈਰ ਦਲਿਤ ਖੇਤਰ ਨਵਾਂ ਨਹੀਂ ਹੈ।ਜੋਤੀਰਾਓਫੁਲੇ ਅਤੇ ਉਨ੍ਹਾਂ ਦੇ ਸਮਕਾਲੀ , ਜੋ ਕਿ ਬ੍ਰਾਹਮਣ ਵਰਗ ਲਈ ਖੜ੍ਹੇ ਰਹੇ, ਉਨ੍ਹਾਂ ਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪਿਆ।
ਅਕਸਰ ਹੀ ਬ੍ਰਾਹਮਣ ਸੰਪਦਾਕਾਂ ਵੱਲੋਂ ਵਿਆਕਰਣ 'ਤੇ ਆਪਣਾ ਧਿਆਨ ਕੇਂਦਰ ਕਰਨ ਨੂੰ ਪਹਿਲ ਦਿੱਤੀ ਗਈ ਬਜਾਏ ਇਸ ਦੇ ਕਿ ਜੋਤੀਰਾਓਫੁਲੇ ਦੀਆਂ ਲਿਖਤਾਂ ਦੀ ਸਮੱਗਰੀ (ਪੇਂਟਾਵਨੇ, ਪੰਨਾ-27) ਨੂੰ ਮਹੱਤਵ ਦਿੱਤਾ ਜਾਂਦਾ।
ਦਲਿਤ ਅਤੇ ਹੋਰ ਨੀਵੀਂ ਜਾਤੀ ਦੇ ਸਮਾਜ ਸੁਧਾਰਕ ਜੋ ਕਿ ਬ੍ਰਾਹਮਣ ਵਰਗ ਦੇ ਵਿਰੋਧੀ ਸਨ ਅਤੇ ਉਨ੍ਹਾਂ ਨੇ ਸਮਾਜ ਸੁਧਾਰ ਲਈ ਲਿਖਿਆ ਅਤੇ ਵਕਾਲਤ ਵੀ ਕੀਤੀ ਸੀ ਉਨ੍ਹਾਂ ਲਈ ਭਾਸ਼ਾਈ ਉੱਚਤਤਾ ਇੱਕ ਹਥਿਆਰ ਦੀ ਤਰ੍ਹਾਂ ਸੀ, ਜੋ ਕਿ ਉਨ੍ਹਾਂ ਦੇ ਖ਼ਿਲਾਫ ਵਰਤਿਆ ਜਾ ਰਿਹਾ ਸੀ।
ਮੀਡੀਆ ਦੇ ਮੌਜੂਦਾ ਹਾਲਾਤ
ਮੀਡੀਆ ਉੱਦਮ ਦੀ ਸ਼ੁਰੂਆਤ ਦੇ ਮੱਦੇਨਜ਼ਰ ਦਲਿਤ ਪੱਤਰਕਾਰੀ ਦਾ ਜਨਮ 1 ਜੁਲਾਈ, 1908 ਨੂੰ ਹੋਇਆ ਸੀ। ਹਾਲਾਂਕਿ ਅੰਬੇਡਕਰ ਦੇ ਸੰਘਰਸ਼ ਅਤੇ ਸ਼ੈਲੀ ਨੂੰ ਮਾਨਤਾ ਦੇਣ ਲਈ 'ਮੂਕਨਾਇਕ ਸਥਾਪਨਾ ਦਿਵਸ' ਨੂੰ ਵੱਡੇ ਪੱਧਰ 'ਤੇ ਮਨਾਇਆ ਜਾਣਾ ਚਾਹੀਦਾ ਹੈ।
ਦਲਿਤ ਦਸਤਕ ਦੇ ਅਸ਼ੋਕ ਦਾਸ ਵੱਲੋਂ ਉੱਤਰੀ ਭਾਰਤ 'ਚ ਇਸ ਸਬੰਧੀ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਆਵਾਜ਼ ਇੰਡੀਆ ਟੀਵੀ ਦੇ ਅਮਨ ਕੰਬਲੇ ਕੇਂਦਰੀ ਭਾਰਤ 'ਚ ਨਾਗਪੁਰ ਵਿਖੇ ਇਸ ਦਿਵਸ ਨੂੰ ਮਨਾ ਰਹੇ ਹਨ।
ਇਸ ਦਿਨ ਦੀ ਯਾਦ 'ਚ ਮੈਂ 15 ਫਰਵਰੀ 2020 ਨੂੰ ਹਾਰਵਰਡ ਦੇ ਵੱਕਾਰੀ ਭਾਰਤ ਸੰਮੇਲਨ 'ਚ ਇੱਕ ਪੈਨਲ ਦਾ ਆਯੋਜਨ ਕਰਨ ਜਾ ਰਿਹਾ ਹਾਂ , ਜਿਸ 'ਚ ਦਲਿਤ ਅਤੇ ਹੋਰ ਪਛੜੇ ਵਰਗ ਦੇ ਪੱਤਰਕਾਰ -ਦਿਲੀਪ ਮੰਡਾਲ, ਧੂਰਾ ਜੋਤੀ, ਯਸ਼ੀਕਾ ਦੱਤ ਅਤੇ ਅਸ਼ੋਕ ਦਾਸ ਆਪਣੀ ਹਾਜ਼ਰੀ ਲਗਾਉਣਗੇ।
ਇੰਨ੍ਹਾਂ ਪੱਤਰਕਾਰਾਂ ਵੱਲੋਂ ਅਜੋਕੇ ਮੀਡੀਆ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
(ਸੂਰਜ ਯੇਂਗੜੇ ਬੈਸਟਸੇਲਿੰਗ ਕਿਤਾਬ ਕਾਸਟ ਮੈਟਰਸ ਦੇ ਲੇਖਕ ਹਨ। ਉਹ ਇੰਡੀਅਨ ਐਕਸਪ੍ਰੈੱਸ ਵਿੱਚ ਲਗਾਤਾਰ ਕਾਲਮ ਲਿਖਦੇ ਹਨ ਅਤੇ ਇਨ੍ਹਾਂ ਦੇ ਕਾਲਮ Dalitality ਦੇ ਕਿਊਰੇਟਰ ਵੀ ਹਨ। ਸੂਰਜ ਯੇਂਗੜੇ, ਹਾਰਵਰਡ ਕੈਨੇਡੀ ਸਕੂਲ ਦੇ ਸ਼ੋਰੇਨੰਸਟੀਨ ਸੈਂਟਰ ਆਨ ਮੀਡੀਆ, ਪਾਲੀਟਿਕਸ ਐਂਡ ਪਬਲਿਕ ਪਾਲਿਸੀ ਦੇ ਫੈਲੋ ਵੀ ਹਨ।)
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=CTK4aiQd7Ss
https://www.youtube.com/watch?v=BSMQA2tuVuw
https://www.youtube.com/watch?v=VEEO361h7Ao
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਬਜਟ 2020: ਕੀ ਮੋਦੀ ਸਰਕਾਰ ਇਨਕਮ ਟੈਕਸ ''ਚ ਰਾਹਤ ਦੇਵੇਗੀ, ਮਾਹਿਰ ਕੀ ਕਹਿੰਦੇ ਹਨ?
NEXT STORY