ਵੈਲੇਨਟਾਈਨ ਦਾ ਮਤਲਬ ਹੈ ਜੋੜਿਆਂ ਲਈ ਰੁਮਾਂਸ ਦੇ ਜਸ਼ਨ ਦਾ ਤਿਓਹਾਰ। ਜਿਵੇਂ ਕਿ ਉਹ ਇੱਕ-ਦੂਜੇ ਨਾਲ ਮਿਲਦੇ ਹਨ, ਆਪਣੇ ਪਿਆਰ ਦਾ ਜਸ਼ਨ ਮਨਾਉਂਦੇ ਹਨ ਅਤੇ ਆਪਣੇ ਪਿਆਰ ਬਾਰੇ ਸਹੁੰ ਚੁੱਕਦੇ ਹਨ।
ਇਸ ਦੌਰਾਨ ਉਹ ਮੁਸ਼ਕਲਾਂ ਵੇਲੇ ਆਪਣੇ ਸਾਥੀ ਦਾ ਸਾਥ ਦੇਣ ਲਈ ਅਤੇ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਇੱਕ-ਦੂਜੇ ਨੂੰ ਪਿਆਰ ਕਰਨ ਦੇ ਵਾਅਦੇ ਵੀ ਕਰਦੇ ਹਨ।
ਪਰ, ਇਸ ਵੈਲੇਨਟਾਈਨ ਵਾਲੇ ਦਿਨ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਚਿੰਦੂਰ ਰੇਲਵੇ ਸ਼ਹਿਰ ਵਿੱਚ ਵਿਦਰਬਾ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਵੂਮੈਨਸ ਆਰਟ ਅਤੇ ਕਾਮਰਸ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਕਦੇ ਵੀ ਪ੍ਰੇਮ-ਸਬੰਧਾਂ ਵਿੱਚ ਨਹੀਂ ਪੈਣਗੀਆਂ।
ਸਹੁੰ ਦੀ ਸ਼ਬਦਾਵਲੀ ਕੁਝ ਇਸ ਤਰ੍ਹਾਂ ਸੀ
"ਮੈਂ ਸਹੁੰ ਖਾਂਦੀ ਹਾਂ ਕਿ ਮੈਨੂੰ ਆਪਣੇ ਮਾਪਿਆਂ 'ਤੇ ਪੂਰਾ ਵਿਸ਼ਵਾਸ਼ ਹੈ। ਇਸ ਲਈ ਆਲੇ-ਦੁਆਲੇ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਮੈਂ ਕਦੇ ਵੀ ਪ੍ਰੇਮ-ਸਬੰਧਾਂ ਵਿੱਚ ਨਹੀਂ ਪਵਾਂਗੀ ਅਤੇ ਨਾ ਹੀ ਕਦੇ ਪ੍ਰੇਮ-ਵਿਆਹ ਕਰਾਵਾਂਗੀ।
"ਇਸ ਦੇ ਨਾਲ ਹੀ ਮੈਂ ਦਾਜ ਮੰਗਣ ਵਾਲੇ ਮਰਦ ਨਾਲ ਵੀ ਵਿਆਹ ਨਹੀਂ ਕਰਵਾਊਗੀ। ਜੇਕਰ ਮੌਜੂਦਾ ਹਾਲਾਤ 'ਚ ਮੇਰਾ ਵਿਆਹ ਦਾਜ ਦੇ ਕੇ ਕੀਤਾ ਜਾਂਦਾ ਹੈ ਤਾਂ ਭਵਿੱਖ ਵਿੱਚ ਆਪਣੀ ਨਹੁੰ ਕੋਲੋਂ ਦਾਜ ਦੀ ਮੰਗ ਨਹੀਂ ਕਰਾਂਗੀ ਅਤੇ ਆਪਣੀ ਧੀ ਦੇ ਵਿਆਹ 'ਤੇ ਵੀ ਦਾਜ ਨਹੀਂ ਦੇਵਾਂਗੀ।"
"ਮੈਂ ਇਹ ਸਹੁੰ ਤਾਕਤਵਰ ਭਾਰਤ ਅਤੇ ਸਸ਼ਕਤ ਸਮਾਜ ਦੇ ਉਦੇਸ਼ ਨਾਲ ਇੱਕ ਸਮਾਜਿਕ ਕਰਤਵ ਵਜੋਂ ਚੁੱਕ ਰਹੀ ਹਾਂ।"
ਇਹ ਵੀ ਪੜ੍ਹੋ-
ਸਕੂਲ ਵਿੱਚ ਵਿਦਿਆਰਥਣਾਂ ਨੂੰ ਦਾਜ ਮੰਗਣ ਵਾਲੇ ਇਨਸਾਨ ਨਾਲ ਵਿਆਹ ਨਾ ਕਰਵਾਉਣ ਅਤੇ ਆਉਣ ਵਾਲੀ ਪੀੜੀ ਨੂੰ ਦਾਜ ਨਾ ਲੈਣ ਅਤੇ ਨਾ ਹੀ ਦੇਣ ਪ੍ਰਤੀ ਜਾਗਰੂਕ ਕਰਨ ਵਜੋਂ ਅਧਿਆਪਕਾਂ ਨੇ ਸਹੁੰ ਚੁੱਕਣ ਲਈ ਅਪੀਲ ਕੀਤੀ ਸੀ।
ਪਰ ਸਹੁੰ ਦੀ ਸ਼ਬਦਾਵਲੀ ਅਸਲ ਵਿੱਚ ਇਹ ਸੁਝਾਉਂਦੀ ਹੈ ਕਿ ਵਿਦਿਆਰਥਣਾਂ ਪ੍ਰੇਮ-ਸਬੰਧਾਂ ਵਿੱਚ ਨਾ ਪੈਣ ਅਤੇ ਨਾ ਹੀ ਪ੍ਰੇਮ-ਵਿਆਹ ਕਰਵਾਉਣ।
'ਅਸੀਂ ਪਿਆਰ ਦੇ ਖ਼ਿਲਾਫ਼ ਨਹੀਂ ਹਾਂ ਪਰ ਉਹ...'
ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ, "ਅਸੀਂ ਪਿਆਰ ਦੇ ਖ਼ਿਲਾਫ਼ ਨਹੀਂ ਹਾਂ। ਅਸੀਂ ਨਹੀਂ ਕਹਿ ਰਹੇ ਕਿ ਪਿਆਰ ਬੁਰੀ ਚੀਜ਼ ਹੈ ਪਰ ਇਸ ਉਮਰ ਵਿੱਚ ਕੁੜੀਆਂ ਨੂੰ ਆਕਰਸ਼ਣ ਅਤੇ ਪਿਆਰ ਵਿੱਚ ਫਰਕ ਪਤਾ ਨਹੀਂ ਲਗਦਾ।"
"ਉਨ੍ਹਾਂ ਨੂੰ ਨਹੀਂ ਪਤਾ ਲਗਦਾ ਕਿ ਉਨ੍ਹਾਂ ਲਈ ਕੌਣ ਸਹੀ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਸਹੁੰ ਚੁਕਾਈ ਕਿ ਉਹ ਜਾਗਰੂਕ ਹੋ ਸਕਣ।"
ਉਨ੍ਹਾਂ ਨੇ ਕਿਹਾ, "ਇਹ ਸਹੁੰ ਬਾਲਗ਼ਾਂ ਲਈ ਨਹੀਂ ਹੈ। ਇਹ ਸਿਰਫ਼ ਕਾਲਜ ਜਾਣ ਵਾਲੀਆਂ ਕਿਸ਼ੋਰ ਕੁੜੀਆਂ ਲਈ ਹੈ। ਦਿੱਲੀ ਦਾ ਨਿਰਭਿਆ ਕੇਸ, ਹੈਦਰਾਬਾਦ ਕੇਸ, ਦਮਨਗਾਓਂ ਵਿੱਚ ਜਵਾਨ ਕੁੜੀ ਦਾ ਕਤਲ, ਹਾਲ ਹੀ ਵਿੱਚ ਹਿੰਗਾਨਘਾਟ ਵਿੱਚ ਕੁੜੀ ਨੂੰ ਸਾੜੇ ਜਾਣ ਦੀ ਘਟਨਾ ਅਤੇ ਜਿਸ ਦਿਨ ਅਖ਼ਬਾਰ ਵਿੱਚ ਹਿੰਗਾਨਘਾਟ ਵਿੱਚ ਕੁੜੀ ਦੇ ਅੰਤਿਮ ਸੰਸਕਾਰ ਦੀ ਖ਼ਬਰ ਛਪੀ ਸੀ ਤਾਂ ਨਾਲ ਤਿਵਸ ਤਹਿਸੀਲ ਵਿੱਚ 10 ਦਿਨਾਂ ਵਿੱਚ 10 ਕੁੜੀਆਂ ਦੇ ਭੱਜਣ ਦੀ ਖ਼ਬਰ ਵੀ ਛਪੀ ਸੀ।"
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਆਧੁਨਿਕਤਾ ਦੇ ਨਾਮ 'ਤੇ ਕਿਹੋ-ਜਿਹੇ ਸਮਾਜ ਦੀ ਸਿਰਜਨਾ ਕਰ ਰਹੇ ਹਾਂ? ਇਸ ਦਾ ਹੱਲ ਕੀ ਹੈ? ਸਾਡੇ ਕਾਲਜ ਵਿੱਚ ਹਾਲ ਹੀ ਵਿੱਚ ਨੈਸ਼ਨਲ ਸਰਵਿਸ ਸਕੀਮ ਦੀ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਸੀ, ਅਸੀਂ ਇਸ ਵਿੱਚ 'ਨੌਜਵਾਨਾਂ ਅੱਗੇ ਚੁਣੌਤੀਆਂ' 'ਤੇ ਇੱਕ ਜਾਗਰੂਕਤਾ ਸੈਸ਼ਨ ਕਰਵਾਇਆ ਸੀ।"
"ਇਸ ਵਿੱਚ ਅਸੀਂ ਕੁੜੀਆਂ ਨੂੰ ਪੁੱਛਿਆ ਸੀ ਕਿ ਉਹ ਆਲ-ਦੁਆਲੇ ਵਾਪਰੀਆਂ ਦਿਮਾਗ਼ ਨੂੰ ਸੁੰਨ ਕਰ ਦੇਣ ਵਾਲੀਆਂ ਘਟਨਾਵਾਂ ਬਾਰੇ ਜਾਣਦੀਆਂ ਹਨ?"
"ਕੀ ਉਹ ਅਖ਼ਬਾਰ ਪੜ੍ਹਦੀਆਂ ਹਨ? ਉਨ੍ਹਾਂ ਨੂੰ ਇਨ੍ਹਾਂ ਘਟਨਾਵਾਂ ਬਾਰੇ ਕਿਉਂ ਨਹੀਂ ਪਤਾ? ਕੀ ਉਨ੍ਹਾਂ ਨੂੰ ਆਪਣੇ ਮਾਪਿਆਂ 'ਤੇ ਵਿਸ਼ਵਾਸ਼ ਨਹੀਂ ਹੈ? ਕੀ ਉਨ੍ਹਾਂ ਨੂੰ ਲਗਦਾ ਹੈ ਕਿ ਮਾਪੇ ਉਨ੍ਹਾਂ ਦੇ ਵਿਆਹ ਨਹੀਂ ਕਰਵਾ ਸਕਦੇ? ਉਹ ਕਿਉਂ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਵਿਆਹ ਕਰਵਾਉਂਦੀਆਂ ਹਨ?"
"ਲਵ-ਮੈਰਿਜ ਅਤੇ ਅਰੈਂਜਡ ਮੈਰਿਜ, ਦੋਵਾਂ ਵਿੱਚ ਹੀ ਦਿੱਕਤਾਂ ਆਉਂਦੀਆਂ ਹਨ। ਮਾਪਿਆਂ ਵੱਲੋਂ ਕੀਤੇ ਗਏ ਵਿਆਹ ਵੀ ਟੁੱਟ ਜਾਂਦੇ ਹਨ। ਇਸ ਲਈ ਕੁੜੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਦਾਜ ਇੱਕ ਸਮਾਜਿਕ ਕਲੰਕ ਹੈ, ਇਸ ਲਈ ਉਨ੍ਹਾਂ ਨੇ ਸਹੁੰ ਚੁੱਕੀ ਹੈ ਕਿ ਉਹ ਉਸ ਨਾਲ ਵਿਆਹ ਨਹੀਂ ਕਰਵਾਉਣਗੀਆਂ ਜੋ ਦਾਜ ਦੀ ਮੰਗ ਕਰੇਗਾ।"
ਇਹ ਵੀ ਪੜ੍ਹੋ-
"ਫਿਰ ਵੀ ਜੇਕਰ ਉਨ੍ਹਾਂ ਨੂੰ ਮੌਜੂਦਾ ਹਾਲਾਤ ਵਿੱਚ ਦਾਜ ਦੇ ਕੇ ਵਿਆਹ ਕਰਨਾ ਪੈਂਦਾ ਹੈ ਤਾਂ ਭਵਿੱਖ ਵਿੱਚ ਉਹ ਇੱਕ ਮਾਂ ਵਜੋਂ ਕਦੇ ਆਪਣੀ ਹੋਣ ਵਾਲੀ ਨਹੁੰ ਕੋਲੋਂ ਦਾਜ ਨਹੀਂ ਲੈਣਗੀਆਂ।"
ਸਹੁੰ ਦੀ ਬਜਾਇ ਉਨ੍ਹਾਂ ਨੂੰ ਸਸ਼ਕਤ ਕਰਨਾ ਚਾਹੀਦਾ ਹੈ
ਪੱਤਰਕਾਰ ਮੁਕਤਾ ਚੈਤਨਿਆ ਦਾ ਕਹਿਣਾ ਹੈ ਕਿ ਵੇਲਾ ਕੁੜੀਆਂ ਨੂੰ ਸਹੁੰ ਚੁਕਾਉਣ ਦਾ ਨਹੀਂ ਬਲਕਿ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਹੈ।
https://www.youtube.com/watch?v=xWw19z7Edrs
ਮੁਕਤਾ ਦਾ ਕਹਿਣਾ ਹੈ, "ਸਿਰਫ਼ ਸਹੁੰ ਚੁਕਾਉਣਾ ਇਸ ਮੁੱਦੇ ਦਾ ਹੱਲ ਨਹੀਂ ਹੈ। ਸਹੁੰ ਚੁਕਾਉਣਾ ਉਪਰੀ ਹੱਲ ਹੈ। ਅਸਲ 'ਚ ਇਸ ਤਰ੍ਹਾਂ ਦੀ ਸਹੁੰ ਕੁੜੀਆਂ ਨੂੰ ਉਲਝਾ ਦਿੰਦੀ ਹੈ। ਇਸੇ ਕਾਰਨ ਹੀ ਸਮੱਸਿਆ ਦੇ ਮੂਲ ਕਾਰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਸਾਡੇ ਸਮਾਜ ਵਿੱਚ ਅਸੀਂ ਕੁੜੀਆਂ ਦੀ ਕਾਮੁਕਤਾ ਬਾਰੇ ਗੱਲ ਨਹੀਂ ਕਰਦੇ। ਇਸ ਬਾਰੇ ਅਸੀਂ ਗੱਲ ਕਰਨ ਤੋਂ ਬਚਦੇ ਹਾਂ। ਇੱਕ ਵਿਸ਼ਵਾਸ਼ ਕਾਇਮ ਕਰਨ ਦੀ ਲੋੜ ਹੈ ਅਤੇ ਕੁੜੀਆਂ ਨੂੰ ਮੁਕੰਮਲ ਤੌਰ 'ਤੇ ਸੈਕਸ਼ੁਅਲ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ।"
"ਜੇਕਰ ਕੁੜੀਆਂ ਸਸ਼ਕਤ ਹੋਣਗੀਆਂ ਤਾਂ ਉਹ ਆਪਣੀ ਕਾਮੁਕਤਾ ਨੂੰ, ਰਿਸ਼ਤੇ ਨੂੰ, ਅਹਿਸਾਸ ਨੂੰ ਸਹੀ ਢੰਗ ਨਾਲ ਸਮਝ ਸਕਣਗੀਆਂ ਅਤੇ ਉਚਿਤ ਢੰਗ ਨਾਲ ਇਨ੍ਹਾਂ ਨਾਲ ਨਜਿੱਠਣਗੀਆਂ। ਉਨ੍ਹਾਂ ਨੂੰ ਸਹੀ ਤਰੀਕੇ ਨਾਲ ਸਿੱਖਿਅਤ ਕਰਨ ਦੀ ਲੋੜ ਹੈ ਤਾਂ ਜੋ ਉਹ ਸਮਝ ਸਕਣ ਕਿ ਕੌਣ ਸਹੀ ਹੈ ਕੌਣ ਗ਼ਲਤ। ਇਸ ਬਾਰੇ ਉਨ੍ਹਾਂ ਨਾਲ ਗੱਲ ਕਰਨ ਦੀ ਲੋੜ ਹੈ।"
ਪ੍ਰਯੋਗਾਤਮਕ ਅਧਿਆਪਕ ਭਾਊਸਾਹਿਬ ਚਾਸਕਰ ਦਾ ਕਹਿਣਾ ਹੈ ਕਿ ਸਹੁੰ ਚੁਕਾਉਣਾ ਸ਼ਬਦੀ-ਖੇਡ ਹੈ।
ਉਹ ਕਹਿੰਦੇ ਹਨ, "ਉੱਚ ਸਿੱਖਿਆ ਦੇਣਾ ਕਾਲਜ ਦਾ ਕਾਰਜ ਹੈ। ਪਰ ਕਈ ਵਾਰ ਉਹ ਨੈਤਿਕ ਪੁਲਿਸ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਸਿੱਖਿਅਤ ਅਦਾਰਿਆਂ ਨੂੰ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਦਾ ਹੱਲ ਸਿੱਖਿਆ ਰਾਹੀਂ ਕੱਢਣਾ ਚਾਹੀਦਾ ਹੈ।"
https://www.youtube.com/watch?v=IOrTUz9i5AU
"ਸਹੁੰ ਚੁਕਾਉਣ ਦੀ ਬਜਾਇ ਅਦਾਰਿਆਂ ਨੂੰ ਕਾਊਂਸਲਿੰਗ ਰਾਹੀਂ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਕੋਈ ਉਨ੍ਹਾਂ ਨਾਲ ਦੋਸਤਾਂ ਵਾਂਗ ਗੱਲ ਨਹੀਂ ਕਰਦਾ। ਇੱਥੋਂ ਤੱਕ ਕਿ ਅੱਜ ਵੀ ਇਸ ਨੂੰ ਨਕਾਰਿਆਂ ਜਾਂਦਾ ਹੈ। ਸਾਨੂੰ ਇਸ 'ਤੇ ਧਿਆਨ ਦੇਣ ਦੀ ਲੋੜ ਹੈ।"
ਦਾਜ ਦੇ ਸੱਭਿਆਚਾਰ ਸਾਹਮਣੇ ਨਾ ਝੁਕੋ
ਭਾਵੇਂ ਕਿ ਮੌਜੂਦਾ ਹਾਲਾਤ ਉਨ੍ਹਾਂ ਨੂੰ ਦਾਜ ਦੇਣ ਲਈ ਮਜਬੂਰ ਕਰ ਰਹੇ ਹਨ, ਫਿਰ ਵੀ ਉਹ ਭਵਿੱਖ ਵਿੱਚ ਦਾਜ ਨਾ ਮੰਗਣ ਲਈ ਸਹੁੰ ਚੁਕਾ ਰਹੇ ਹਨ।
ਮੁਕਤਾ ਚੈਤਨਿਆ ਨੇ ਵੀ ਇਸ ਬਾਰੇ ਆਪਣੇ ਵਿਚਾਰ ਰੱਖੇ।
ਉਨ੍ਹਾਂ ਨੇ ਕਿਹਾ, "ਇਹ ਸਹੁੰ, ਸਮਾਜ ਦੀ ਉਸ ਸਥਿਤ ਵੱਲ ਧਿਆਨ ਖਿਚਦੀ ਹੈ, ਜਿੱਥੇ ਦਾਜ ਦੇਣ ਕਾਰਨ ਵਿਆਹ ਦੀਆਂ ਸੰਭਵਾਨਾਵਾਂ ਵਧ ਜਾਂਦੀਆਂ ਹਨ। ਪਰ ਇਹ ਕੁਝ ਅਜਿਹਾ ਹੈ ਕਿ ਕੁੜੀਆਂ ਨੂੰ ਸਮਾਜਿਕ ਹਾਲਾਤ ਅੱਗੇ ਝੁਕਣ ਲਈ ਕਿਹਾ ਜਾ ਰਿਹਾ ਹੈ।"
"ਇਸ ਦੀ ਬਜਾਇ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਕਿਸੇ ਵੀ ਹਾਲਾਤ ਵਿੱਚ ਦਾਜ ਲੈਣਾ ਜਾਂ ਦੇਣਾ ਗ਼ਲਤ ਹੈ। ਕੁੜੀਆਂ ਨੂੰ ਹੀ ਚੀਜ਼ ਦੇ ਹੱਕ ਵਿੱਚ ਖੜ੍ਹੇ ਹੋਣਾ ਚਾਹੀਦਾ ਹੈ।"
ਸਮਾਜ ਦਾ ਨਜ਼ਰੀਆ ਬਦਲਣ ਦੀ ਲੋੜ ਹੈ
ਨੈਸ਼ਨਲ ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਦੀ ਖੇਤਰੀ ਪ੍ਰਧਾਨ ਰੁਪਾਲੀ ਚਾਕਣਕਰ ਨੇ ਵੀ ਇਸ ਬਾਰੇ ਆਪਣੀ ਰਾਇ ਦਿੱਤੀ। ਉਨ੍ਹਾਂ ਨੇ ਸਮਾਜਿਕ ਜਾਗਰੂਕਤਾ ਲੈ ਕੇ ਆਉਣ ਲਈ ਮੌਜੂਦਾ ਲੋੜਾਂ 'ਤੇ ਜ਼ੋਰ ਦਿੱਤਾ।
ਉਨ੍ਹਾਂ ਦਾ ਕਹਿਣਾ ਹੈ, "ਹਿੰਗਾਨਘਾਟ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਹ ਖ਼ਤਰਨਾਕ ਹੈ ਅਤੇ ਸਮਾਜ ਵਿੱਚ ਇਸ ਪ੍ਰਤੀ ਜਾਗਰੂਕਤਾ ਲੈ ਕੇ ਆਉਣ ਦੀ ਲੋੜ ਹੈ। ਸਿਰਫ਼ ਸਹੁੰ ਚੁਕਾਉਣਾ ਹੀ ਕੋਈ ਹੱਲ ਨਹੀਂ ਹੈ। ਸਾਨੂੰ ਸਮਾਜ ਦਾ ਨਜ਼ਰੀਆ ਬਦਲਣ ਦੀ ਲੋੜ ਹੈ।"
"ਜੇਕਰ ਔਰਤਾਂ ਨੂੰ ਵੀ ਇਨਸਾਨ ਵਜੋਂ ਦੇਖਿਆ ਜਾਵੇ, ਨਾ ਕਿ ਕਿਸੇ ਵਸਤੂ ਵਜੋਂ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਕੁੜੀਆਂ ਨੂੰ ਪ੍ਰੇਮ-ਵਿਆਹ ਵਿੱਚ ਨਾ ਪੈਣ ਦੀ ਸਹੁੰ ਚੁਕਾਉਣ ਦੀ ਬਜਾਇ ਮੁੰਡਿਆਂ ਨੂੰ ਵੀ ਸਹੀ-ਗ਼ਲਤ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਮੁੰਡਿਆਂ ਨੂੰ ਸਮਾਜ ਵਿੱਚ ਜ਼ਿੰਮੇਵਾਰ ਬਣਨ ਲਈ ਸਿੱਖਿਆ ਦੇਣੀ ਚਾਹੀਦੀ ਹੈ।"
ਚਾਸਕਰ ਦਾ ਮੰਨਣਾ ਹੈ ਮਰਦ ਪ੍ਰਧਾਨ ਸਮਾਜ ਹੀ ਇਨ੍ਹਾਂ ਸਾਰਿਆਂ ਮੁੱਦਿਆਂ ਦਾ ਕਾਰਨ ਹੈ।
ਉਨ੍ਹਾਂ ਮੁਤਾਬਕ, "ਸਮਾਜ ਵਿੱਚ ਕੁੜੀਆਂ ਲਈ ਬਹੁਤ ਸਾਰੀਆਂ ਰੁਕਾਵਟਾਂ ਹਨ ਪਰ ਕੋਈ ਵੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਜਵਾਨ ਮੁੰਡਿਆਂ ਦੇ ਦਿਮਾਗ਼ ਵਿੱਚ ਕੀ ਚਲਦਾ ਹੈ। ਇਸ ਨੂੰ ਬਦਲਣ ਦੀ ਲੋੜ ਹੈ।"
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=izxc_XMhvl0
https://www.youtube.com/watch?v=yNeCPyejpaQ
https://www.youtube.com/watch?v=MMeeukIVFog
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

Quiz: ਮੈਰੀ ਕੋਮ ਬਾਰੇ ਤੁਸੀਂ ਕਿਨਾ ਜਾਣਦੇ ਹੋ
NEXT STORY