ਨਿਰਭਿਆ ਗੈਂਗਰੇਪ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਪੰਜ ਮਾਰਚ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਚਾਰੇ ਦੋਸ਼ੀਆਂ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਸੀ।
ਨਵੇਂ ਡੈੱਥ ਵਾਰੰਟ ਮੁਤਾਬਕ, ਨਿਰਭਿਆ ਮਾਮਲੇ ਦੇ ਦੋਸ਼ੀ, ਵਿਨੇ ਕੁਮਾਰ, ਮੁਕੇਸ਼ ਸਿੰਘ, ਅਕਸ਼ੇ ਠਾਕੁਰ ਅਤੇ ਪਵਨ ਗੁਪਤਾ ਨੂੰ 20 ਮਾਰਚ, 2020 ਦੀ ਸਵੇਰ 5:30 ਵਜੇ ਫਾਂਸੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਡੈੱਥ ਵਾਰੰਟ ਮੁਤਾਬਕ ਤਿੰਨ ਮਾਰਚ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਪਵਨ ਗੁਪਤਾ ਦੀ ਰਹਿਮ ਦੀ ਅਪੀਲ (ਦਯਾ ਯਾਚਿਕਾ) ਦੇ ਕਾਰਨ ਉਸ ਨੂੰ ਟਾਲ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਵੀ ਅਦਾਲਤ ਨੇ ਫਾਂਸੀ ਦੀ ਤਾਰੀਕ 22 ਜਨਵਰੀ ਨੂੰ ਤੈਅ ਕੀਤੀ ਸੀ ਪਰ ਇੱਕ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪਈ ਹੋਣ ਕਾਰਨ ਫਾਂਸੀ ਦੀ ਤਾਰੀਕ ਟਾਲ ਦਿੱਤੀ ਗਈ ਸੀ।
ਬਾਅਦ ਵਿੱਚ ਅਦਾਲਤ ਨੇ ਇੱਕ ਫ਼ਰਵਰੀ ਦਾ ਦਿਨ ਤੈਅ ਕੀਤਾ ਸੀ ਪਰ ਉਸ ਦਿਨ ਵੀ ਫਾਂਸੀ ਨਹੀਂ ਦਿੱਤੀ ਜਾ ਸਕੀ ਅਤੇ ਇਸ ਨੂੰ ਅਗਲੇ ਹੁਕਮਾਂ ਤੱਕ ਟਾਲ ਦਿੱਤਾ ਗਿਆ।
ਉਸ ਤੋਂ ਬਾਅਦ ਤਿੰਨ ਮਾਰਚ ਦੀ ਤਾਰੀਖ਼ ਦਿੱਤੀ ਗਈ ਪਰ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਦੇ ਕਾਰਨ ਉਸ ਨੂੰ ਟਾਲ ਦਿੱਤਾ ਗਿਆ। ਜਿਸ ਤੋਂ ਬਾਅਦ 20 ਮਾਰਚ ਦੀ ਤਾਰੀਕ ਫਾਂਸੀ ਲਈ ਤੈਅ ਕੀਤੀ ਗਈ।
ਚਾਰੇ ਦੋਸ਼ੀਆਂ ਲਈ 5 ਮਾਰਚ ਨੂੰ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ ਜਿਸ 'ਚ 20 ਮਾਰਚ ਦੀ ਤਾਰੀਕ ਤੈਅ ਕੀਤੀ ਗਈ ਸੀ। ਅਜਿਹੇ 'ਚ ਸਵਾਲ ਆਉਂਦਾ ਹੈ ਕਿ ਪੰਜ ਮਾਰਚ ਨੂੰ ਜਦੋਂ ਡੈੱਥ ਵਾਰੰਟ ਜਾਰੀ ਕੀਤਾ ਗਿਆ ਤਾਂ 20 ਮਾਰਚ ਦੀ ਹੀ ਤਾਰੀਕ ਕਿਉਂ ਦਿੱਤੀ ਗਈ।
ਸਜ਼ਾ ਸੁਣਾਉਣ ਤੋਂ ਬਾਅਦ ਫਾਂਸੀ ਦਿੱਤੇ ਜਾਣ ਲਈ ਲਗਭਗ 2 ਹਫ਼ਤਿਆਂ ਦਾ ਸਮਾਂ ਕਿਉਂ?
ਕਾਨੂੰਨ ਦੇ ਜਾਣਕਾਰਾਂ ਮੁਤਾਬਕ, ਇਹ ਇੱਕ ਤੈਅ ਸਮਾਂ ਹੈ। ਜਿਸ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਉਸ ਨੂੰ ਇਹ ਵਕਤ ਦਿੱਤਾ ਜਾਂਦਾ ਹੈ। ਕਿਉਂਕਿ ਜੇ ਉਸ ਨੇ ਆਪਣੀ ਵਸੀਅਤ ਵਗੈਰਾ ਤਿਆਰ ਕਰਨੀ ਹੈ ਜਾਂ ਫ਼ਿਰ ਪਰਿਵਾਰ ਵਾਲਿਆਂ ਨੂੰ ਮਿਲਣਾ ਹੈ ਤਾਂ ਇਸ ਦੌਰਾਨ ਉਹ ਆਪਣੇ ਸਾਰੇ ਕੰਮ ਪੂਰੇ ਕਰ ਲਵੇ।
ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਕਮਲੇਸ਼ ਕਹਿੰਦੀ ਹੈ, ''ਸਮਾਂ ਦੇਣਾ ਜ਼ਰੂਰੀ ਹੈ, ਨਹੀਂ ਤਾਂ ਭਾਰਤੀ ਕਾਨੂੰਨ 'ਚ ਕਈ ਸਾਰੀਆਂ ਚੀਜ਼ਾਂ ਅਤੇ ਪੱਧਰ ਹਨ ਕਿ ਦੋਸ਼ੀ ਹਰ ਵਾਰ ਕੋਈ ਨਾ ਕੋਈ ਰਾਹ ਚੁਣ ਕੇ ਕੋਈ ਨਾ ਕੋਈ ਪਟੀਸ਼ਨ ਲਗਾਉਂਦੇ ਹੀ ਰਹਿਣ। ਇਸ ਲਈ ਸਮਾਂ ਨਿਰਧਾਰਿਤ ਕੀਤੀ ਗਿਆ ਹੈ।''
ਫਾਂਸੀ ਦੀ ਸਜ਼ਾ ਅਤੇ ਫਾਂਸੀ ਦੇ ਦਿਨ ਤੱਕ ਕੀ ਕੁਝ ਬਦਲ ਜਾਂਦਾ ਹੈ?
'ਬਲੈਕ ਵਾਰੰਟ ਕਨਫੈਸ਼ੰਜ਼ ਆਫ਼ ਅ ਤਿਹਾੜ ਜੇਲਰ' ਕਿਤਾਬ ਦੇ ਲੇਖਕ ਸੁਨੀਲ ਗੁਪਤਾ ਦੱਸਦੇ ਹਨ ਕਿ ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਕਾਫ਼ੀ ਸਾਵਧਾਨੀਆਂ ਵਰਤਦਾ ਹੈ।
ਉਹ ਕਹਿੰਦੇ ਹਨ ਕਿ ਇਸ ਦੌਰਾਨ ਸਭ ਤੋਂ ਵੱਡੀ ਸਾਵਧਾਨੀ ਤਾਂ ਇਹੀ ਰੱਖੀ ਜਾਂਦੀ ਹੈ ਕਿ ਜਿਸ ਨੂੰ ਫਾਂਸੀ ਦਿੱਤੀ ਜਾਣੀ ਹੈ ਉਸ ਦੇ ਸੈੱਲ (ਬੈਰਕ) ਵਿੱਚ ਕੋਈ ਵੀ ਅਜਿਹਾ ਸਾਮਾਨ ਨਾ ਹੋਵੇ ਜਿਸ ਨਾਲ ਉਹ ਖ਼ੁਦ ਨੂੰ ਨੁਕਸਾਨ ਪਹੁੰਚਾ ਸਕੇ।
ਸੁਨੀਲ ਗੁਪਤਾ ਨੇ ਦੱਸਿਆ ''ਕਈ ਵਾਰ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ, ਉਹ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ ਜਾਂ ਖ਼ੁਦ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ 'ਚ ਡੈੱਥ ਵਾਰੰਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵੱਖਰੇ ਸੈੱਲ ਵਿੱਚ ਰੱਖਿਆ ਜਾਂਦਾ ਹੈ।
ਉਨ੍ਹਾਂ ਦੇ ਸੈੱਲ 'ਚ ਭਾਂਡੇ ਵੀ ਪਲਾਸਟਿਕ ਦੇ ਹੁੰਦੇ ਜਾਂ ਫ਼ਿਰ ਪੱਤਲ ਦਿੰਦੇ ਹਨ। ਉਨ੍ਹਾਂ ਦੇ ਪਜਾਮੇ 'ਚ ਨਾੜਾ ਵੀ ਨਹੀਂ ਦਿੱਤਾ ਜਾਂਦਾ।''
ਹਾਲਾਂਕਿ ਜੇ ਕੋਈ ਪੜ੍ਹਨ ਲਈ ਸਾਹਿਤਕ ਜਾਂ ਧਾਰਮਿਕ ਕਿਤਾਬਾਂ ਮੰਗਵਾਉਂਦਾ ਹੈ ਤਾਂ ਉਸ ਨੂੰ ਇਨਕਾਰ ਨਹੀਂ ਕੀਤਾ ਜਾਂਦਾ ਅਤੇ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਸੁਨੀਲ ਦੱਸਦੇ ਹਨ ਕਿ ਅਜਿਹੇ ਕੈਦੀਆਂ ਲਈ 24 ਘੰਟੇ ਨਿਗਰਾਨੀ ਦਾ ਇੰਤਜ਼ਾਮ ਹੁੰਦਾ ਹੈ। ਹਰ ਦੋ-ਦੋ ਘੰਟੇ 'ਤੇ ਗਾਰਡ ਬਦਲਦੇ ਹਨ ਅਤੇ ਹਰ ਦੋ ਘੰਟੇ ਦੀ ਡਿਊਟੀ ਤੋਂ ਬਾਅਦ ਸਟਾਫ਼ ਪੂਰਾ ਬਿਊਰਾ ਲਿਖਦਾ ਹੈ। ਉਦਾਹਰਣ ਦੇ ਤੌਰ 'ਤੇ ਜਿਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਉਹ ਕੀ ਕਰ ਰਿਹਾ ਸੀ, ਖਾਣਾ ਥਾਧਾ ਜਾਂ ਨਹੀਂ...ਵਗੈਰਾ-ਵਗੈਰਾ।
ਕਾਊਂਸਲਿੰਗ ਵੀ ਕੀਤੀ ਜਾਂਦੀ ਹੈ
ਸੁਨੀਲ ਦੱਸਦੇ ਹਨ ਕਿ ਫਾਂਸੀ ਦੀ ਸਜ਼ਾ ਪਾਉਣ ਵਾਲੇ ਸ਼ਖ਼ਸ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ। ਇਹ ਕਾਊਂਸਲਿੰਗ ਉਸ ਨੂੰ ਇਸ ਲਈ ਦਿੱਤੀ ਜਾਂਦੀ ਹੈ ਕਿ ਉਹ 'ਉਸ ਦਿਨ' ਦੇ ਲਈ ਤਿਆਰ ਹੋ ਜਾਵੇ।
ਸੁਨੀਲ ਦੱਸਦੇ ਹਨ ਕਿ ਡੈੱਥ ਵਾਰੰਟ ਦੀ ਇੱਕ ਕਾਪੀ ਦੋਸ਼ੀ ਕਰਾਰ ਦਿੱਤੇ ਗਏ ਸ਼ਖ਼ਸ ਦੇ ਪਰਿਵਾਰ ਨੂੰ ਵੀ ਸੌਂਪੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਸਾਰੀ ਜਾਣਕਾਰੀ ਰਹੇ। ਪਹਿਲਾਂ ਇਹ ਜ਼ਰੂਰੀ ਨਹੀਂ ਸੀ ਪਰ ਹੁਣ ਇਸ ਨੂੰ ਲਾਜ਼ਮੀ ਪ੍ਰਕਿਰਿਆ ਬਣਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਦੋਸ਼ੀ ਦੀ ਮੈਡੀਕਲ ਜਾਂਚ ਵੀ ਕੀਤੀ ਜਾਂਦੀ ਹੈ। ਜੇ ਦੋਸ਼ੀ ਬਿਮਾਰ ਹੈ ਤਾਂ ਜੇਲ੍ਹ ਵਿੱਚ ਹੀ ਡਾਕਟਰ ਨੂੰ ਸੱਦਿਆ ਜਾਂਦਾ ਹੈ।
ਸੁਨੀਲ ਮੁਤਾਬਕ, ''ਫਾਂਸੀ ਦੀ ਸਜ਼ਾ ਸੁਣਾਉਣ ਤੋਂ ਬਾਅਦ ਪੱਕੇ ਤੌਰ 'ਤੇ ਦੋਸ਼ੀਆਂ ਨੂੰ ਨਿਰਾਸ਼ਾ ਹੁੰਦੀ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਨੂੰ ਇਸ ਦੇ ਲਈ ਤਿਆਰ ਕੀਤਾ ਜਾਵੇ।''
ਜੇਲ੍ਹ ਦੇ ਸੁਧਾਰ ਨਾਲ ਜੁੜੇ 'ਤਿਨਕਾ-ਤਿਨਕਾ ਮੂਵਮੈਂਟ' ਦੀ ਕਾਰਕੁਨ ਅਤੇ ਜੇਲ੍ਹ ਸੁਧਾਰਕ ਵਰਤਿਕਾ ਨੰਦਾ ਦੱਸਦੀ ਹੈ ਕਿ ਇਸ ਦੌਰਾਨ ਕੈਦੀਆਂ ਦੀ ਮਾਨਸਿਕ ਹਾਲਤ ਪੂਰੀ ਤਰ੍ਹਾਂ ਬਦਲ ਚੁੱਕੀ ਹੁੰਦੀ ਹੈ।
ਉਹ ਕਹਿੰਦੀ ਹੈ, "ਇਸ ਬਦਲਾਅ ਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਕੋਈ ਵੀ ਵਿਅਕਤੀ ਉਮੀਦ ਨੂੰ ਅੰਤ ਤੱਕ ਛੱਡਣਾ ਨਹੀਂ ਚਾਹੁੰਦਾ। ਉਸ ਸ਼ਖ਼ਸ ਨੂੰ ਹਮੇਸ਼ਾ ਕਿਸੇ ਚਮਤਕਾਰ ਦੀ ਉਮੀਦ ਰਹਿੰਦੀ ਹੈ। ਫਾਂਸੀ ਦੀ ਸਜ਼ਾ ਮਿਲਣਾ ਕਿਸੇ ਝਟਕੇ ਤੋਂ ਘੱਟ ਨਹੀਂ ਹੁੰਦਾ।''
ਵਰਤਿਕਾ ਮੰਨਦੀ ਹੈ ਕਿ ਕਈ ਮਾਮਲਿਆਂ 'ਚ ਜਿਸ ਸ਼ਖ਼ਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ, ਉਹ ਖ਼ੁਦ ਨੂੰ ਹੀ ਇਹ ਸਮਝਾ ਲੈਂਦਾ ਹੈ ਕਿ ਉਸ ਨੇ ਜੋ ਕੀਤਾ ਉਹ ਗ਼ਲਤ ਸੀ ਅਤੇ ਕਈ ਵਾਰ ਇਹ ਅਹਿਸਾਸ ਪਰਿਵਾਰ ਦੇ ਤੌਰ 'ਤੇ ਵੀ ਸਾਹਮਣੇ ਆਉਂਦਾ ਹੈ।
ਉਹ ਕਹਿੰਦੀ ਹੈ ਕਿ ''ਕਈ ਵਾਰ ਪਰਿਵਾਰ ਨਾਲ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਪਰਿਵਾਰ ਇੱਕ ਦਮ ਦੂਰ ਹੋ ਜਾਂਦਾ ਹੈ।''
ਹਾਲਾਂਕਿ ਵਰਤਿਕਾ ਮੌਜੂਦ ਸਮੇਂ 'ਚ ਫਾਂਸੀ ਦੀ ਸਜ਼ਾ 'ਤੇ ਮੀਡੀਆ ਦੀ ਪ੍ਰਤੀਕਿਰਿਆ ਅਤੇ ਕਵਰੇਜ ਨੂੰ 'ਗੰਭੀਰ' ਨਹੀਂ ਮੰਨਦੀ। ਵਰਤਿਕਾ ਦਾ ਕਹਿਣਾ ਹੈ ਕਿ ਇਹ ਇੱਕ ਗੰਭੀਰ ਵਿਸ਼ਾ ਹੈ ਜਿਸ ਨੂੰ 'ਮਜ਼ਾਕ' ਦੇ ਤੌਰ 'ਤੇ 'ਸਨਸਨੀ' ਦੇ ਰੂਪ 'ਚ ਪ੍ਰਸਾਰਿਤ ਨਹੀਂ ਕਰਨਾ ਚਾਹੀਦਾ।
ਪੁੱਛੀ ਜਾਂਦੀ ਹੈ ਅੰਤਿਮ ਇੱਛਾ?
ਫ਼ਿਲਮਾਂ 'ਚ ਅਸੀਂ ਅਕਸਰ ਦੇਖਦੇ ਹਾਂ ਕਿ ਫਾਂਸੀ ਦੇਣ ਤੋਂ ਪਹਿਲਾਂ ਜੇਲ੍ਹ ਅਧਿਕਾਰੀ ਆਖ਼ਰੀ ਇੱਛਾ ਪੁੱਛਦੇ ਹਨ ਪਰ ਕੀ ਹਕੀਕਤ 'ਚ ਵੀ ਇੰਝ ਹੀ ਹੁੰਦਾ ਹੈ?
ਇਸ 'ਤੇ ਸੁਨੀਲ ਗੁਪਤਾ ਕਹਿੰਦੇ ਹਨ ਕਿ ਹਰ ਜੇਲ੍ਹ ਦਾ ਆਪਣਾ ਮੈਨੁਅਲ ਹੁੰਦਾ ਹੈ ਪਰ ਜੇ ਗੱਲ ਸਿਰਫ਼ ਦਿੱਲੀ ਦੀ ਕਰੀਏ ਤਾਂ ਇੱਥੇ ਕੋਈ ਅਜਿਹਾ ਨਿਯਮ ਨਹੀਂ ਹੈ।
ਵਰਤਿਕਾ ਨੰਦੀ ਵੀ ਇਸ ਗੱਲ ਤੋਂ ਇਨਕਾਰ ਕਰਦੀ ਹੈ। ਉਹ ਕਹਿੰਦੀ ਹੈ ਕਿ ਆਖ਼ਰੀ ਇੱਛਾ ਪੁੱਛੇ ਜਾਣ ਦਾ ਇਹ ਕਾਂਸੈਪਟ ਪੂਰੀ ਤਰ੍ਹਾਂ ਫ਼ਿਲਮੀ ਹੈ।
ਉਹ ਕਹਿੰਦੀ ਹੈ ਕਿ ਹੋ ਸਕਦਾ ਹੈ ਕਿ ਕਿਸੇ-ਕਿਸੇ ਜੇਲ੍ਹ ਵਿੱਚ ਪੁੱਛਿਆ ਜਾਂਦਾ ਹੋਵੇ ਪਰ ਜੇਲ੍ਹ ਮੈਨੁਅਲ 'ਚ ਇਸ ਗੱਲ ਦੀ ਹੋਣਾ ਜ਼ਰੂਰੀ ਕਿਤੇ ਵੀ ਨਹੀਂ ਹੈ।
ਵਰਤਿਕਾ ਨੰਦਾ ਮੁਤਾਬਕ, “ਜਿਹੜੀਆਂ ਥਾਵਾਂ 'ਤੇ ਆਖ਼ਰੀ ਖ਼ਾਹਿਸ਼ ਪੁੱਛੀ ਵੀ ਜਾਂਦੀ ਹੋਵੇਗੀ, ਉੱਥੇ ਇਸ ਗੱਲ ਦਾ ਪੂਰੀ ਧਿਆਨ ਰੱਖਿਆ ਜਾਂਦਾ ਹੋਵੇਗਾ ਕਿ ਉਹ ਇੱਛਾ ਮੰਨਣ ਦੇ ਲਾਇਕ ਹੋਵੇਗੀ ਜੋ ਜੇਲ੍ਹ ਦੀ ਉਸ ਚਾਰਦਿਵਾਰੀ ਦੇ ਅੰਦਰ ਹੀ ਸੰਭਵ ਹੈ, ਨਿਆਇਕ ਰੂਪ ਤੋਂ ਸੰਭਵ ਹੋਵੇ।''
ਉਹ ਸਪੱਸ਼ਟ ਕਹਿੰਦੀ ਹੈ ਕਿ ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਹੈ ਪਰ ਹਾਂ ਜੇ ਕੋਈ ਚੀਜ਼ ਪੂਰੀ ਹੋ ਸਕਦੀ ਹੈ ਤਾਂ ਉਸ ਨੂੰ ਕੀਤਾ ਵੀ ਜਾ ਸਕਦਾ ਹੈ।
ਕੀ ਹਰ ਫਾਂਸੀ ਸਵੇਰੇ 7 ਵਜੇ ਹੀ ਦਿੱਤੀ ਜਾਂਦੀ ਹੈ?
ਇਸ ਸਵਾਲ ਦੇ ਜਵਾਬ 'ਚ ਸੁਨੀਲ ਗੁਪਤਾ ਕਹਿੰਦੇ ਹਨ ''ਹਰ ਫਾਂਸੀ 7 ਵਜੇ ਨਹੀਂ ਦਿੱਤੀ ਜਾਂਦੀ। ਗਰਮੀਆਂ 'ਚ ਫਾਂਸੀ ਸਵੇਰੇ 6 ਵਜੇ ਦਿੱਤੀ ਜਾਂਦੀ ਹੈ।''
ਫਾਂਸੀ ਦਿੱਤੇ ਜਾਣ ਤੋਂ ਬਾਅਦ ਹੀ ਜੇਲ੍ਹ ਨੂੰ ਖੋਲ੍ਹਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਵੇਰੇ ਸੂਰਜ ਚੜ੍ਹਨ ਦੇ ਨਾਲ ਹੀ ਫਾਂਸੀ ਦਿੱਤੀ ਜਾਂਦੀ ਹੈ।
ਕੀ ਫਾਂਸੀ ਦੀ ਸਜ਼ਾ ਪਾਉਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਕਿਵੇਂ ਦੀ ਦਿਖਦੀ ਹੈ ਉਹ ਥਾਂ ਜਿੱਥੇ ਫਾਂਸੀ ਹੋਣੀ ਹੈ?
ਵਰਤਿਕਾ ਨੰਦਾ ਦੱਸਦੀ ਹੈ ਕਿ ਦਿੱਲੀ ਦੀ ਤਿਹਾੜ ਜੇਲ੍ਹ 'ਚ ਜਿੱਥੇ ਫਾਂਸੀ ਦਿੱਤੀ ਜਾਂਦੀ ਹੈ, ਉਹ ਉਸ ਥਾਂ ਕਈ ਵਾਰ ਜਾ ਚੁੱਕੀ ਹੈ।
ਆਪਣੇ ਤਜਰਬੇ ਦੇ ਆਧਾਰ 'ਤੇ ਉਹ ਦੱਸਦੀ ਹੈ, ''ਆਮ ਤੌਰ 'ਤੇ ਫਾਂਸੀ ਘਰ ਦੇ ਬਾਰੇ 'ਚ ਉੱਥੋਂ ਦੇ ਕੈਦੀਆਂ ਨੂੰ ਪਤਾ ਨਹੀਂ ਹੁੰਦੀ। ਉਹ ਥਾਂ ਹਮੇਸ਼ਾ ਬੰਦ ਰਹਿੰਦੀ ਹੈ ਪਰ ਉੱਥੇ ਸਫ਼ਾਈ ਜ਼ਰੂਰ ਹੁੰਦੀ ਹੈ।''
ਵਰਤਿਕਾ ਨੇ ਦੱਸਿਆ ਕਿ ਇਸ ਥਾਂ 'ਤੇ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੁੰਦੀ। ਇੱਥੋਂ ਤੱਕ ਕਿ ਜਦੋਂ ਅਧਿਕਾਰੀ ਵੀ ਜਾਂਦੇ ਹਨ ਤਾਂ ਉਹ ਆਪਣੇ ਪੂਰੇ ਅਮਲੇ ਦੇ ਨਾਲ ਹੀ ਜਾਂਦੇ ਹਨ।
ਵਰਤਿਕਾ ਮੁਤਾਬਕ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਜਿਵੇਂ ਹੀ ਤੁਸੀਂ ਉਸ ਫਾਂਸੀ ਵਾਲੀ ਥਾਂ 'ਚ ਜਾਂਦੇ ਹੋ ਤਾਂ ਤੁਹਾਨੂੰ ਉਸ ਖ਼ੌਫ਼ ਦਾ ਅੰਦਾਜ਼ਾ ਜ਼ਰੂਰ ਹੁੰਦਾ ਹੈ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=VskUo-pyyXI
https://www.youtube.com/watch?v=qdY2ilqK9vQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ- 5 ਅਹਿਮ ਖ਼ਬਰਾਂ
NEXT STORY