ਜਦੋਂ 1982 ਖਤਮ ਹੁੰਦੇ-ਹੁੰਦੇ ਪੰਜਾਬ ਦੇ ਹਾਲਤ ਬੇਕਾਬੂ ਹੋਣ ਲੱਗੇ ਤਾਂ ਭਾਰਤੀ ਖੂਫ਼ੀਆ ਏਜੰਸੀ ਰਾਅ ਦੇ ਸਾਬਕਾ ਮੁਖੀ ਰਾਮਨਾਥ ਕਾਵ ਨੇ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਹੈਲੀਕਾਪਟਰ ਆਪਰੇਸ਼ਨ ਜ਼ਰੀਏ ਪਹਿਲਾਂ ਚੌਕ ਮਹਿਤਾ ਗੁਰਦੁਆਰੇ ਤੇ ਫਿਰ ਬਾਅਦ ਵਿੱਚ ਹਰਿਮੰਦਰ ਸਾਹਿਬ ਤੋਂ 'ਕਿਡਨੈਪ'ਕਰਵਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ।
ਇਸ ਵਿਚਕਾਰ ਕਾਵ ਨੇ ਬ੍ਰਿਟਿਸ਼ ਹਾਈ ਕਮਿਸ਼ਨ ਵਿੱਚ ਕੰਮ ਕਰ ਰਹੇ ਬ੍ਰਿਟਿਸ਼ ਖੁਫ਼ੀਆ ਏਜੰਸੀ ਐੱਮਆਈ 6 ਦੇ ਦੋ ਜਾਸੂਸਾਂ ਨਾਲ ਇਕੱਲਿਆਂ ਮੁਲਾਕਾਤ ਕੀਤੀ ਸੀ।
ਰਾਅ ਦੇ ਸਾਬਕਾ ਵਧੀਕ ਸਕੱਤਰ ਬੀ ਰਮਨ 'ਕਾਵ ਬੌਇਜ਼ ਆਫ ਰਾਅ' ਵਿੱਚ ਲਿਖਦੇ ਹਨ, ''ਦਸੰਬਰ, 1983 ਵਿੱਚ ਬ੍ਰਿਟਿਸ਼ ਖੂਫੀਆ ਏਜੰਸੀ MI-6 ਦੇ ਦੋ ਜਾਸੂਸਾਂ ਨੇ ਹਰਿਮੰਦਰ ਸਾਹਿਬ ਦਾ ਮੁਆਇਨਾ ਕੀਤਾ ਸੀ। ਇਨ੍ਹਾਂ ਵਿੱਚੋਂ ਘੱਟ ਤੋਂ ਘੱਟ ਇੱਕ ਉਹੀ ਸ਼ਖ਼ਸ ਸੀ ਜਿਸ ਨਾਲ ਕਾਵ ਨੇ ਮੁਲਾਕਾਤ ਕੀਤੀ ਸੀ।''
ਇਹ ਵੀ ਪੜ੍ਹੋ-
ਇਸ ਮੁਆਇਨੇ ਦੀ ਅਸਲੀ ਵਜ੍ਹਾ ਉਦੋਂ ਸਪੱਸ਼ਟ ਹੋਈ ਜਦੋਂ ਇੱਕ ਬ੍ਰਿਟਿਸ ਖੋਜਕਰਤਾ ਅਤੇ ਪੱਤਰਕਾਰ ਫਿਲ ਮਿਲਰ ਨੇ ਬ੍ਰਿਟਿਸ਼ ਆਰਕਾਈਵਜ਼ ਨਾਲ ਬ੍ਰਿਟੇਨ ਦੀ ਕਮਾਂਡੋ ਫੋਰਸ ਐੱਸਏਐੱਸ ਦੀ ਸ਼੍ਰੀਲੰਕਾ ਵਿੱਚ ਭੂਮਿਕਾ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ।
ਉਦੋਂ ਉਨ੍ਹਾਂ ਨੂੰ ਉੱਥੇ ਕੁਝ ਪੱਤਰ ਮਿਲੇ ਜਿਸ ਨਾਲ ਇਹ ਪਤਾ ਲਗਦਾ ਸੀ ਕਿ ਭਾਰਤ ਦੇ ਕਮਾਂਡੋ ਆਪਰੇਸ਼ਨ ਦੀ ਯੋਜਨਾ ਵਿੱਚ ਬ੍ਰਿਟੇਨ ਦੀ ਸਹਾਇਤਾ ਲਈ ਗਈ ਸੀ।
30 ਸਾਲਾਂ ਦੇ ਬਾਅਦ ਇਨ੍ਹਾਂ ਪੱਤਰਾਂ ਦੇ ਡੀਕਲਾਸਿਫਾਈ ਯਾਨੀ ਜਨਤਕ ਹੋਣ ਮਗਰੋਂ ਪਤਾ ਲਗਿਆ ਕਿ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ MI-6 ਦੇ ਪ੍ਰਮੁੱਖ ਜ਼ਰੀਏ ਕਾਵ ਦੀ ਭੇਜੀ ਗਈ ਬੇਨਤੀ ਨੂੰ ਮੰਨ ਗਈ ਸੀ ਜਿਸ ਤਹਿਤ ਬ੍ਰਿਟੇਨ ਦੀ ਏਲੀਟ ਕਮਾਂਡੋ ਫੋਰਸ ਦੇ ਇੱਕ ਅਫ਼ਸਰ ਨੂੰ ਦਿੱਲੀ ਭੇਜਿਆ ਗਿਆ ਸੀ।
ਬ੍ਰਿਟਿਸ਼ ਸਰਕਾਰ ਦੀ ਜਾਂਚ ਵਿੱਚ ਆਏ ਤੱਥ ਸਾਹਮਣੇ
ਉਸ ਬ੍ਰਿਟਿਸ਼ ਅਫ਼ਸਰ ਤੋਂ ਭਾਰਤ ਨੇ ਸਲਾਹ ਲਈ ਸੀ ਕਿ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਤੋਂ ਹਥਿਆਰਬੰਦ ਸਿੱਖ ਨੌਜਵਾਨਾਂ ਨੂੰ ਬਾਹਰ ਕੱਢਿਆ ਜਾਵੇ।
ਫਿਲ ਮਿਲਰ ਨੇ 13 ਜਨਵਰੀ 2014 ਨੂੰ ਪ੍ਰਕਾਸ਼ਿਤ ਬਲਾਗ 'ਰਿਵੀਲਡ ਐੱਸਏਐੱਸ ਅਡਵਾਈਜ਼ਡ ਅੰਮ੍ਰਿਤਸਰ ਰੇਡ' ਵਿੱਚ ਇਸ ਦੀ ਜਾਣਕਾਰੀ ਦਿੰਦੇ ਹੋਏ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਆਲੋਚਨਾ ਕੀਤੀ ਸੀ ਕਿ ਇੱਕ ਪਾਸੇ ਤਾਂ ਉਹ ਸ਼੍ਰੀਲੰਕਾ ਵਿੱਚ ਖੁਫ਼ੀਆ ਏਜੰਸੀ ਦੇ ਦਖਲ ਦੇ ਸਖ਼ਤ ਖਿਲਾਫ਼ ਸੀ, ਦੂਜੇ ਪਾਸੇ ਹਰਿਮੰਦਿਰ ਸਾਹਿਬ ਦੇ ਆਪਰੇਸ਼ਨ ਵਿੱਚ ਉਸ ਨੂੰ ਉਨ੍ਹਾਂ ਦੀ ਮਦਦ ਲੈਣ ਤੋਂ ਕੋਈ ਗੁਰੇਜ਼ ਨਹੀਂ ਸੀ।
ਬ੍ਰਿਟਿਸ਼ ਸੰਸਦ ਵਿੱਚ ਹੰਗਾਮਾ ਹੋਣ 'ਤੇ ਜਨਵਰੀ 2014 ਵਿੱਚ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।
ਜਾਂਚ ਦੇ ਬਾਅਦ ਬ੍ਰਿਟੇਨ ਦੇ ਵਿਦੇਸ਼ ਮੰਤਰੀ ਵਿਲੀਅਮ ਹੇਗ ਨੇ ਸਵੀਕਾਰ ਕੀਤਾ ਸੀ ਕਿ ਐੱਸਏਐੱਸ ਅਧਿਕਾਰੀ ਨੇ 8 ਫਰਵਰੀ ਤੋਂ 14 ਫਰਵਰੀ 1984 ਵਿਚਕਾਰ ਭਾਰਤ ਦੀ ਯਾਤਰਾ ਕੀਤੀ ਸੀ ਅਤੇ ਭਾਰਤ ਦੀ ਸਪੈਸ਼ਲ ਫਰੰਟੀਅਰ ਫੋਰਸ ਦੇ ਕੁਝ ਅਧਿਕਾਰੀਆਂ ਨਾਲ ਹਰਿਮੰਦਰ ਸਾਹਿਬ ਦਾ ਦੌਰਾ ਵੀ ਕੀਤਾ ਸੀ।
ਉਦੋਂ ਬੀਬੀਸੀ ਨੇ ਹੀ ਇਹ ਖ਼ਬਰ ਦਿੰਦੇ ਹੋਏ ਕਿਹਾ ਸੀ ਕਿ 'ਬ੍ਰਿਟਿਸ਼ ਖੁਫ਼ੀਆ ਅਧਿਕਾਰੀ ਦੀ ਸਲਾਹ ਸੀ ਕਿ ਸੈਨਿਕ ਆਪਰੇਸ਼ਨ ਨੂੰ ਆਖਰੀ ਵਿਕਲਪ ਦੇ ਤੌਰ 'ਤੇ ਹੀ ਰੱਖਿਆ ਜਾਵੇ।
ਉਸ ਦੀ ਇਹ ਵੀ ਸਲਾਹ ਸੀ ਕਿ ਸਿੱਖ ਨੌਜਵਾਨਾਂ ਨੂੰ ਬਾਹਰ ਲੈ ਕੇ ਜਾਣ ਲਈ ਹੈਲੀਕਾਪਟਰ ਨਾਲ ਸੁਰੱਖਿਆ ਦਸਤਿਆਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਭੇਜਿਆ ਜਾਵੇ ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ।'
https://www.youtube.com/watch?v=xWw19z7Edrs
ਭਿੰਡਰਾਵਾਲੇ ਨੂੰ ਅਗਵਾ ਕਰਨ ਵਿੱਚ ਹੋਣੀ ਸੀ ਹੈਲੀਕਾਪਟਰ ਦੀ ਵਰਤੋਂ
ਬ੍ਰਿਟਿਸ਼ ਸੰਸਦ ਵਿੱਚ ਇਸ ਵਿਸ਼ੇ 'ਤੇ ਹੋਈ ਚਰਚਾ 'ਤੇ ਧਿਆਨ ਦਿੰਦੇ ਹੋਏ 'ਇੰਡੀਆ ਟੁਡੇ' ਦੇ ਸੀਨੀਅਰ ਪੱਤਰਕਾਰ ਸੰਦੀਪ ਉਨੀਥਨ ਨੇ ਮੈਗਜ਼ੀਨ ਦੇ 31 ਜਨਵਰੀ, 2014 ਦੇ ਅੰਕ ਵਿੱਚ 'ਸਨੈਚ ਐਂਡ ਗਰੈਬ' ਸਿਰਲੇਖ ਨਾਲ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਇਸ ਖੂਫ਼ੀਆ ਆਪਰੇਸ਼ਨ ਨੂੰ 'ਆਪਰੇਸ਼ਨ ਸਨਡਾਊਨ' ਦਾ ਨਾਂ ਦਿੱਤਾ ਗਿਆ ਸੀ।
ਇਸ ਲੇਖ ਵਿੱਚ ਲਿਖਿਆ ਸੀ, ''ਯੋਜਨਾ ਸੀ ਕਿ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਉਨ੍ਹਾਂ ਦੇ ਗੁਰੂ ਨਾਨਕ ਨਿਵਾਸ ਟਿਕਾਣੇ ਤੋਂ ਫੜ ਕੇ ਹੈਲੀਕਾਪਟਰ ਜ਼ਰੀਏ ਬਾਹਰ ਲੈ ਜਾਇਆ ਜਾਏ।”
“ਇਸ ਯੋਜਨਾ ਨੂੰ ਇੰਦਰਾ ਗਾਂਧੀ ਦੇ ਸੀਨੀਅਰ ਸਲਾਹਕਾਰ ਰਾਮਨਾਥ ਕਾਵ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ 1 ਅਕਬਰ ਰੋਡ ਨਿਵਾਸ 'ਤੇ ਉਨ੍ਹਾਂ ਸਾਹਮਣੇ ਰੱਖਿਆ ਗਿਆ ਸੀ ਪਰ ਇੰਦਰਾ ਗਾਂਧੀ ਨੇ ਇਸ ਯੋਜਨਾ ਨੂੰ ਇਹ ਕਹਿ ਕੇ ਅਸਵੀਕਾਰ ਕਰ ਦਿੱਤਾ ਸੀ ਕਿ ਇਸ ਵਿੱਚ ਕਈ ਲੋਕ ਮਾਰੇ ਜਾ ਸਕਦੇ ਹਨ।''
ਰੇਹਾਨ ਫ਼ਜ਼ਲ ਇੰਡੀਆ ਦੇ ਸੀਨੀਅਰ ਪੱਤਰਕਾਰ ਸੰਦੀਪ ਉਨੀਥਨ ਨਾਲ
ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਭਿੰਡਰਾਵਾਲੇ ਨੂੰ ਉਨ੍ਹਾਂ ਦੇ ਠਿਕਾਣੇ ਤੋਂ ਫੜਨ ਦੀ ਯੋਜਨਾ ਬਣਾਈ ਸੀ। ਕਾਵ ਨੇ ਉਸ ਸਮੇਂ ਤੋਂ ਹੀ ਜਰਨੈਲ ਸਿੰਘ ਭਿੰਡਰਾਵਾਲੇ 'ਤੇ ਨਜ਼ਰ ਰੱਖੀ ਹੋਈ ਸੀ ਜਦੋਂ ਉਹ ਚੌਕ ਮਹਿਤਾ ਵਿੱਚ ਰਹਿੰਦੇ ਹੁੰਦੇ ਸਨ ਅਤੇ ਬਾਅਦ ਵਿੱਚ 19 ਜੁਲਾਈ, 1982 ਨੂੰ ਗੁਰੂ ਨਾਨਕ ਨਿਵਾਸ ਵਿੱਚ ਸ਼ਿਫਟ ਹੋ ਗਏ ਸਨ।
ਜ਼ਿੰਮੇਵਾਰੀ ਕਿਸ ਨੂੰ ਸੌਂਪੀ ਗਈ?
ਰਾਅ ਵਿੱਚ ਵਿਸ਼ੇਸ਼ ਸਕੱਤਰ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਅਤੇ ਮਰਹੂਮ ਵਿਦੇਸ਼ ਮੰਤਰੀ ਸਵਰਣ ਸਿੰਘ ਦੇ ਜੁਆਈ ਜੀ. ਬੀ. ਐੱਸ. ਸਿੱਧੂ ਦੀ ਇੱਕ ਕਿਤਾਬ ਹਾਲ ਹੀ ਵਿੱਚ 'ਦਿ ਖਾਲਿਸਤਾਨ ਕਾਂਸਪਿਰੇਸੀ' ਪ੍ਰਕਾਸ਼ਿਤ ਹੋਈ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਯੋਜਨਾ 'ਤੇ ਹੋਰ ਰੋਸ਼ਨੀ ਪਾਈ ਹੈ।
ਉਸ ਜ਼ਮਾਨੇ ਵਿੱਚ 1951 ਬੈਚ ਦੇ ਆਂਧਰ ਪ੍ਰਦੇਸ਼ ਕਾਡਰ ਦੇ ਰਾਮ ਟੇਕਚੰਦ ਨਾਗਰਾਨੀ ਡੀਜੀਐੱਸ ਯਾਨੀ ਡਾਇਰੈਕਟਰ ਜਨਰਲ ਸਿਕਿਓਰਿਟੀ ਹੋਇਆ ਕਰਦੇ ਸਨ।
ਰਾਅ ਦੀ ਇੱਕ ਕਮਾਂਡੋ ਯੂਨਿਟ ਹੁੰਦੀ ਸੀ ਐੱਸਐੱਫਐੱਫ ਜਿਸ ਵਿੱਚ ਸੈਨਾ, ਸੀਮਾ ਸੁਰੱਖਿਆ ਬਲ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਤੋਂ ਲਏ ਗਏ 150 ਚੋਣਵੇਂ ਜਵਾਨ ਹੁੰਦੇ ਸਨ।
ਇਸ ਯੂਨਿਟ ਕੋਲ ਆਪਣੇ ਦੋ ਐੱਮਆਈ ਹੈਲੀਕਾਪਟਰ ਸਨ। ਇਸ ਦੇ ਇਲਾਵਾ ਉਹ ਜ਼ਰੂਰਤ ਪੈਣ 'ਤੇ ਏਵੀਏਸ਼ਨ ਰਿਸਰਚ ਸੈਂਟਰ ਦੇ ਜਹਾਜ਼ਾਂ ਦੀ ਵੀ ਵਰਤੋਂ ਕਰ ਸਕਦੇ ਸਨ।
1928 ਵਿੱਚ ਪੈਦਾ ਹੋਏ ਰਾਮ ਨਾਗਰਾਨੀ ਅਜੇ ਵੀ ਦਿੱਲੀ ਵਿੱਚ ਰਹਿੰਦੇ ਹਨ। ਖਰਾਬ ਸਿਹਤ ਕਾਰਨ ਹੁਣ ਉਹ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਸਿੱਧੂ ਨੇ ਦੋ ਸਾਲ ਪਹਿਲਾਂ ਆਪਣੀ ਕਿਤਾਬ ਦੇ ਸਿਲਸਿਲੇ ਵਿੱਚ ਉਨ੍ਹਾਂ ਨਾਲ ਕਈ ਵਾਰ ਗੱਲ ਕੀਤੀ ਸੀ।
ਜੀਬੀਐੱਸ ਸਿੱਧੂ ਦੱਸਦੇ ਹਨ, ''ਨਾਗਰਾਨੀ ਨੇ ਮੈਨੂੰ ਦੱਸਿਆ ਸੀ ਕਿ ਦਸੰਬਰ, 1983 ਦੇ ਅੰਤ ਵਿੱਚ ਕਾਵ ਨੇ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਭਿੰਡਰਾਵਾਲੇ ਨੂੰ ਅਗਵਾ ਕਰਨ ਲਈ ਐੱਸਐੱਫਐੱਫ ਦੇ ਹੈਲੀਕਾਪਟਰਾਂ ਨੂੰ ਆਪਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਸੀ। ਭਿੰਡਰਾਵਾਲੇ ਨੂੰ ਅਗਵਾ ਹਰਿਮੰਦਰ ਸਾਹਿਬ ਦੀ ਲੰਗਰ ਦੀ ਛੱਤ ਤੋਂ ਕੀਤਾ ਜਾਣਾ ਸੀ ਜਿੱਥੇ ਉਹ ਰੋਜ਼ਾਨਾ ਸ਼ਾਮ ਨੂੰ ਆਪਣਾ ਸੰਦੇਸ਼ ਦਿੰਦੇ ਹੁੰਦੇ ਸਨ।''
''ਇਸ ਲਈ ਦੋ ਐੱਮਆਈ ਹੈਲੀਕਾਪਟਰਾਂ ਅਤੇ ਕੁਝ ਬੁਲਿਟਪਰੂਫ ਵਾਹਨਾਂ ਦੀ ਵਿਵਸਥਾ ਕੀਤੀ ਜਾਣੀ ਸੀ ਤਾਂ ਕਿ ਭਿੰਡਰਾਵਾਲੇ ਨੂੰ ਉੱਥੋਂ ਕੱਢ ਕੇ ਨਾਲ ਦੀ ਸੜਕ ਤੱਕ ਪਹੁੰਚਾਇਆ ਜਾ ਸਕੇ ਇਸ ਲਈ ਨਾਗਰਾਨੀ ਨੇ ਸੀਆਰਪੀਐੱਫ ਜਵਾਨਾਂ ਵੱਲੋਂ ਖੇਤਰ ਦਾ ਤਿੰਨ ਪਰਤਾਂ ਦਾ ਘੇਰਾ ਬਣਾਉਣ ਦੀ ਯੋਜਨਾ ਬਣਾਈ ਸੀ।''
ਹਰਿਮੰਦਿਰ ਸਾਹਿਬ ਦੇ ਅੰਦਰ ਜਾਸੂਸੀ
ਸਿੱਧੂ ਅੱਗੇ ਦੱਸਦੇ ਹਨ, ''ਆਪਰੇਸ਼ਨ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਨਾਗਰਾਨੀ ਨੇ ਐੱਸਐੱਫਐੱਫ ਦੇ ਇੱਕ ਕਰਮਚਾਰੀ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਭੇਜਿਆ ਸੀ ਜਿਸ ਨੇ ਉੱਥੇ ਕੁਝ ਦਿਨ ਰਹਿ ਕੇ ਉਸ ਇਲਾਕੇ ਦਾ ਵਿਸਥਾਰ ਨਾਲ ਨਕਸ਼ਾ ਬਣਾਇਆ ਸੀ।''
''ਇਸ ਨਕਸ਼ੇ ਵਿੱਚ ਹਰਿਮੰਦਰ ਸਾਹਿਬ ਕੈਂਪਸ ਦੇ ਅੰਦਰ ਜਾਣ ਅਤੇ ਬਾਹਰ ਨਿਕਲਣ ਦੀ ਸਭ ਤੋਂ ਚੰਗੀ ਜਗ੍ਹਾ ਦੀ ਪਛਾਣ ਕੀਤੀ ਗਈ ਸੀ। ਉਸ ਨੂੰ ਭਿੰਡਰਾਵਾਲੇ ਅਤੇ ਉਸ ਦੇ ਸਾਥੀਆਂ ਦੀ ਅਕਾਲ ਤਖ਼ਤ 'ਤੇ ਉਨ੍ਹਾਂ ਦੇ ਨਿਵਾਸ ਨੂੰ ਲੈ ਕੇ ਲੰਗਰ ਦੀ ਛੱਤ ਤੱਕ ਸਾਰੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖਣ ਲਈ ਕਿਹਾ ਗਿਆ ਸੀ।''
''ਇਸ ਸ਼ਖ਼ਸ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਹੈਲੀਕਾਪਟਰ ਕਮਾਂਡੋਜ਼ ਵੱਲੋਂ ਭਿੰਡਰਾਵਾਲੇ ਨੂੰ ਅਗਵਾ ਕਰਨ ਦੇ ਸਹੀ ਸਮੇਂ ਬਾਰੇ ਵੀ ਸਲਾਹ ਦੇਵੇ। ਤਿੰਨ ਜਾਂ ਚਾਰ ਦਿਨ ਵਿੱਚ ਇਹ ਸਾਰੀਆਂ ਸੂਚਨਾਵਾਂ ਇਕੱਠੀਆਂ ਕਰ ਲਈਆਂ ਗਈਆਂ ਸਨ।''
''ਇਸ ਦੇ ਬਾਅਦ ਹਰਿਮੰਦਰ ਸਾਹਿਬ ਕੰਪਲੈਕਸ ਦੇ ਲੰਗਰ ਇਲਾਕੇ ਅਤੇ ਬਚ ਕੇ ਨਿਕਲਣ ਦੇ ਰਸਤਿਆਂ ਦਾ ਇੱਕ ਮਾਡਲ ਸਹਾਰਨਪੁਰ ਦੇ ਨਜ਼ਦੀਕ ਸਰਸਾਵਾ ਵਿੱਚ ਤਿਆਰ ਕੀਤਾ ਗਿਆ ਸੀ।''
ਰੱਸਿਆਂ ਜ਼ਰੀਏ ਉਤਾਰੇ ਜਾਣੇ ਸਨ ਕਮਾਂਡੋ
ਨਾਗਰਾਨੀ ਨੇ ਸਿੱਧੂ ਨੂੰ ਦੱਸਿਆ ਸੀ ਕਿ ਹੈਲੀਕਾਪਟਰ ਆਪਰੇਸ਼ਨ ਤੋਂ ਤੁਰੰਤ ਪਹਿਲਾਂ ਹਥਿਆਰਬੰਦ ਸੀਆਰਪੀਐੱਫ ਦੇ ਜਵਾਨਾਂ ਵੱਲੋਂ ਹਰਿਮੰਦਿਰ ਸਾਹਿਬ ਦੇ ਬਾਹਰ ਇੱਕ ਘੇਰਾ ਬਣਾਇਆ ਜਾਣਾ ਸੀ ਤਾਂ ਕਿ ਆਪਰੇਸ਼ਨ ਦੀ ਸਮਾਪਤੀ ਤੱਕ ਆਮ ਲੋਕ ਕੈਂਪਸ ਦੇ ਅੰਦਰ ਜਾਂ ਬਾਹਰ ਨਾ ਜਾ ਸਕਣ।
ਐੱਸਐੱਫਐੱਫ ਕਮਾਂਡੋਜ਼ ਦੇ ਦੋ ਦਲਾਂ ਨੂੰ ਬਹੁਤ ਹੇਠਾਂ ਉੱਡਦੇ ਹੋਏ ਹੈਲੀਕਾਪਟਰਾਂ ਤੋਂ ਰੱਸਿਆਂ ਜ਼ਰੀਏ ਉਸ ਸਥਾਨ 'ਤੇ ਉਤਾਰਿਆ ਜਾਣਾ ਸੀ ਜਿੱਥੇ ਜਨਰੈਲ ਸਿੰਘ ਭਿੰਡਰਾਵਾਲੇ ਆਪਣਾ ਭਾਸ਼ਣ ਦਿੰਦੇ ਹੁੰਦੇ ਸਨ।
ਇਸ ਲਈ ਉਹ ਸਮਾਂ ਚੁਣਿਆ ਗਿਆ ਸੀ ਜਦੋਂ ਭਿੰਡਰਾਵਾਲੇ ਆਪਣੇ ਭਾਸ਼ਣ ਦਾ ਅੰਤ ਕਰ ਰਹੇ ਹੋਣ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਆਸਪਾਸ ਸੁਰੱਖਿਆ ਵਿਵਸਥਾ ਥੋੜ੍ਹੀ ਢਿੱਲੀ ਪੈ ਜਾਂਦੀ ਸੀ।
ਯੋਜਨਾ ਸੀ ਕਿ ਕੁਝ ਕਮਾਂਡੋ ਭਿੰਡਰਾਵਾਲੇ ਨੂੰ ਫੜਨ ਲਈ ਦੌੜਨਗੇ ਅਤੇ ਕੁਝ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੂੰ ਕਾਬੂ ਵਿੱਚ ਕਰਨਗੇ। ਅਜਿਹਾ ਅਨੁਮਾਨ ਲਗਾਇਆ ਗਿਆ ਸੀ ਕਿ ਭਿੰਡਰਾਵਾਲੇ ਦੇ ਗਾਰਡ ਕਮਾਂਡੋਜ਼ ਨੂੰ ਦੇਖਦੇ ਹੀ ਗੋਲੀਆਂ ਚਲਾਉਣ ਲੱਗਣਗੇ।
ਇਹ ਵੀ ਅਨੁਮਾਨ ਲਾ ਲਿਆ ਗਿਆ ਸੀ ਕਿ ਸੰਭਾਵਿਤ ਤੌਰ 'ਤੇ ਕਮਾਂਡੋਜ਼ ਦੇ ਹੇਠਾਂ ਉੱਤਰਨ ਤੋਂ ਪਹਿਲਾਂ ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਹਨ।
ਇਸ ਸੰਭਾਵਨਾ ਨਾਲ ਨਜਿੱਠਣ ਲਈ ਐੱਸਐੱਫਐੱਫ ਕਮਾਂਡੋਜ਼ ਨੂੰ ਦੋ ਦਲਾਂ ਵਿੱਚ ਵੰਡਿਆਂ ਜਾਣਾ ਸੀ।
ਇੱਕ ਦਲ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਜਿਹੀ ਜਗ੍ਹਾ ਰਹਿੰਦਾ ਜਿੱਥੋਂ ਉਹ ਦਰਬਾਰ ਸਾਹਿਬ ਵੱਲ ਨੂੰ ਜਾਂਦਾ ਰਸਤਾ ਬੰਦ ਕਰ ਦਿੰਦਾ ਅਤੇ ਦੂਜਾ ਦਲ ਲੰਗਰ ਕੰਪਲੈਕਸ ਅਤੇ ਗੁਰੂ ਨਾਨਕ ਨਿਵਾਸ ਵਿਚਕਾਰ ਸੜਕ 'ਤੇ ਬੁਲਿਟਪਰੂਫ ਵਾਹਨਾਂ ਨਾਲ ਤਿਆਰ ਰਹਿੰਦਾ।
ਨਾਗਰਾਨੀ ਅਨੁਸਾਰ ਹਰਿਮੰਦਰ ਸਾਹਿਬ ਦੇ ਮਾਡਲ (ਸਹਾਰਨਪੁਰ ਦੇ ਸਰਸਾਵਾ ਤੋਂ) ਨੂੰ ਮਾਰਚ 1984 ਵਿੱਚ ਐੱਸਐੱਫਐੱਫ ਕਮਾਂਡੋਜ਼ ਨਾਲ ਦਿੱਲੀ ਸ਼ਿਫਟ ਕਰ ਦਿੱਤਾ ਗਿਆ ਸੀ ਤਾਂ ਕਿ ਸੀਆਰਪੀਐੱਫ ਨਾਲ ਉਨ੍ਹਾਂ ਦਾ ਬਿਹਤਰ ਤਾਲਮੇਲ ਬੈਠਾਇਆ ਜਾ ਸਕੇ। ਉਦੋਂ ਤੱਕ ਇਹ ਤੈਅ ਸੀ ਕਿ ਇਸ ਆਪਰੇਸ਼ਨ ਵਿੱਚ ਸਿਰਫ਼ ਐੱਸਐੱਫਐੱਫ ਦੇ ਜਵਾਨ ਹੀ ਹਿੱਸਾ ਲੈਣਗੇ।
ਕਾਵ ਅਤੇ ਨਾਗਰਾਨੀ ਨੇ ਇੰਦਰਾ ਗਾਂਧੀ ਨੂੰ ਯੋਜਨਾ ਸਮਝਾਈ
ਅਪ੍ਰੈਲ, 1984 ਵਿੱਚ ਕਾਵ ਨੇ ਨਾਗਰਾਨੀ ਨੂੰ ਇੰਦਰਾ ਗਾਂਧੀ ਨੂੰ ਇਸ ਆਪਰੇਸ਼ਨ ਬਾਰੇ ਪੂਰੀ ਬ੍ਰੀਫਿੰਗ ਦੇਣ ਲਈ ਕਿਹਾ।
ਉਸ ਬ੍ਰੀਫਿੰਗ ਦਾ ਬਿਓਰਾ ਦਿੰਦੇ ਹੋਏ ਨਾਗਰਾਨੀ ਨੇ ਜੀਬੀਐੱਸ ਸਿੱਧੂ ਨੂੰ ਦੱਸਿਆ ਕਿ ਸਭ ਕੁਝ ਸੁਣ ਲੈਣ ਦੇ ਬਾਅਦ ਇੰਦਰਾ ਗਾਂਧੀ ਨੇ ਪਹਿਲਾ ਸਵਾਲ ਪੁੱਛਿਆ ਕਿ ਇਸ ਆਪਰੇਸ਼ਨ ਵਿੱਚ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ? ਨਾਗਰਾਨੀ ਨੇ ਜਵਾਬ ਦਿੱਤਾ, ''ਅਸੀਂ ਆਪਣੇ ਦੋਵੇਂ ਹੈਲੀਕਾਪਟਰ ਗੁਆ ਸਕਦੇ ਹਾਂ। ਕੁੱਲ ਭੇਜੇ ਗਏ ਕਮਾਂਡੋਜ਼ ਵਿੱਚੋਂ 20 ਫੀਸਦੀ ਮਾਰੇ ਜਾ ਸਕਦੇ ਹਨ।''
ਇੰਦਰਾ ਨੇ ਆਪਰੇਸ਼ਨ ਨੂੰ ਮਨਜ਼ੂਰੀ ਨਹੀਂ ਦਿੱਤੀ
ਨਾਗਰਾਨੀ ਨੇ ਸਿੱਧੂ ਨੂੰ ਦੱਸਿਆ ਕਿ ਇੰਦਰਾ ਗਾਂਧੀ ਦਾ ਅਗਲਾ ਸਵਾਲ ਸੀ ਕਿ ਇਸ ਮੁਹਿੰਮ ਵਿੱਚ ਕਿੰਨੇ ਆਮ ਲੋਕਾਂ ਦੀ ਜਾਨ ਜਾ ਸਕਦੀ ਹੈ।
ਨਾਗਰਾਨੀ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਇਹ ਆਪਰੇਸ਼ਨ ਵਿਸਾਖੀ ਦੇ ਆਸ ਪਾਸ ਕੀਤਾ ਜਾਣਾ ਸੀ। ਨਾਗਰਾਨੀ ਮੁਤਾਬਕ ਉਨ੍ਹਾਂ ਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਉਸ ਦਿਨ ਹਰਿਮੰਦਰ ਸਾਹਿਬ ਵਿੱਚ ਕਿੰਨੇ ਲੋਕ ਮੌਜੂਦ ਰਹਿਣਗੇ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਆਪਰੇਸ਼ਨ ਦੌਰਾਨ ਸਾਡੇ ਸਾਹਮਣੇ ਆਏ ਆਮ ਲੋਕਾਂ ਵਿੱਚੋਂ ਵੀਹ ਫੀਸਦੀ ਲੋਕਾਂ ਦੀ ਜਾਨ ਜਾ ਸਕਦੀ ਹੈ।
ਇਸ ਤੋਂ ਬਾਅਦ 'ਆਪਰੇਸ਼ਨ ਸਨਡਾਊਨ' ਨੂੰ ਰੱਦ ਕਰ ਦਿੱਤਾ ਗਿਆ।
ਆਪਰੇਸ਼ਨ ਸਨਡਾਊਨ ਤਾਂ ਰੱਦ ਕਰ ਦਿੱਤਾ ਗਿਆ ਪਰ ਇਸ ਦੇ ਸਿਰਫ ਤਿੰਨ ਮਹੀਨੇ ਬਾਅਦ ਆਪਰੇਸ਼ਨ ਬਲੂਸਟਾਰ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿੱਚ ਕਿਤੇ ਜ਼ਿਆਦਾ ਆਮ ਲੋਕ ਅਤੇ ਸੈਨਿਕ ਮਾਰੇ ਗਏ।
ਇਸ ਆਪਰੇਸ਼ਨ ਮਗਰੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੱਡੀ ਕੀਮਤ ਚੁਕਾਉਣੀ ਪਈ।
ਇਹ ਵੀ ਪੜ੍ਹੋ:
https://www.youtube.com/watch?v=vsTYVYOqmoA&t=1s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '420c8f5b-41c8-4d91-aec1-0b3bc5344d01','assetType': 'STY','pageCounter': 'punjabi.india.story.54933464.page','title': 'ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਗਵਾ ਕਰਨ ਦਾ ਕੀ ਪਲਾਨ ਸੀ','author': 'ਰੇਹਾਨ ਫਜ਼ਲ','published': '2020-11-14T01:18:22Z','updated': '2020-11-14T01:18:22Z'});s_bbcws('track','pageView');

ਅਮਰੀਕੀ ਚੋਣ ਅਧਿਕਾਰੀਆਂ ਨੇ ਟਰੰਪ ਦੇ ਧੋਖਾਖੜੀ ਦੇ ਇਲਜ਼ਾਮ ਨੂੰ ਕੀ ਕਹਿ ਕੇ ਖਾਰਜ ਕੀਤਾ
NEXT STORY