"ਜੇਕਰ ਉਹ ਮੇਰੇ ਤੋਂ ਆਜ਼ਾਦੀ ਚਾਹੁੰਦਾ ਹੈ ਤਾਂ ਉਸ ਨੂੰ ਆਜ਼ਾਦੀ ਮਿਲਣੀ ਹੀ ਚਾਹੀਦੀ ਹੈ। ਮੇਰੀ ਜ਼ਿੰਦਗੀ ਦਾ ਸਫ਼ਰ ਇੱਥੋਂ ਤੱਕ ਹੀ ਹੈ। ਮੈਂ ਖੁਸ਼ ਹਾਂ ਕਿ ਮੈਂ ਆਪਣੇ ਅੱਲ੍ਹਾ ਨਾਲ ਮਿਲਾਂਗੀ। ਮੈਂ ਉਨ੍ਹਾਂ ਤੋਂ ਪੁੱਛਾਂਗੀ ਕਿ ਮੈਂ ਕਿੱਥੇ ਗਲਤ ਸੀ? ਮੈਨੂੰ ਚੰਗੇ ਮਾਪੇ ਮਿਲੇ। ਵਧੀਆ ਦੋਸਤ-ਮਿੱਤਰ ਵੀ ਮਿਲੇ। ਹੋ ਸਕਦਾ ਹੈ ਮੇਰੇ ਨਾਲ ਜਾਂ ਫਿਰ ਮੇਰੀ ਕਿਸਮਤ 'ਚ ਕੁਝ ਗਲਤ ਹੀ ਲਿਖਿਆ ਹੋਵੇ। ਪਰ ਮੈਂ ਖੁਸ਼ ਹਾਂ ਅਤੇ ਆਪਣੀ ਮਰਜ਼ੀ ਅਤੇ ਪੂਰੀ ਸੰਤੁਸ਼ਟੀ ਨਾਲ ਅਲਵਿਦਾ ਕਹਿ ਰਹੀ ਹਾਂ। ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ।"
ਇਹ ਸਨ ਆਇਸ਼ਾ ਦੇ ਅਖੀਰੀ ਸ਼ਬਦ।
ਪੁਲਿਸ ਸ਼ਿਕਾਇਤ ਦੇ ਅਨੁਸਾਰ ਆਇਸ਼ਾ ਨੇ ਆਪਣਾ ਆਖਰੀ ਵੀਡੀਓ 26 ਫਰਵਰੀ ਨੂੰ ਬਣਾਇਆ ਸੀ। ਇਸ ਤੋਂ ਬਾਅਦ ਉਸ ਨੇ ਸਾਬਰਮਤੀ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਖੁਦਕੁਸ਼ੀ ਇੱਕ ਗੰਭੀਰ ਮਾਨਸਿਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਤਣਾਅ ਦਾ ਸ਼ਿਕਾਰ ਹੋ ਤਾਂ ਤੁਸੀਂ ਭਾਰਤ ਸਰਕਾਰ ਦੇ ਜੀਵਨਸਾਥੀ ਹੈਲਪਲਾਈਨ ਨੰਬਰ 18002333330 'ਤੇ ਫੋਨ ਕਰਕੇ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਵੀ ਲਗਾਤਾਰ ਗੱਲਬਾਤ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ
ਆਇਸ਼ਾ ਮੂਲ ਰੂਪ 'ਚ ਰਾਜਸਥਾਨ ਤੋਂ ਸੀ ਅਤੇ ਮੌਜੂਦਾ ਸਮੇਂ ਅਹਿਮਦਾਬਾਦ ਦੇ ਵਤਾਵਾ ਵਿਖੇ ਰਹਿ ਰਹੀ ਸੀ। ਆਇਸ਼ਾ ਨੇ ਸਾਬਰਮਤੀ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਇਹ ਵੀ ਕਿਹਾ ਸੀ, "ਮੈਂ ਦੁਆ ਕਰਦੀ ਹਾਂ ਕਿ ਇਹ ਪਿਆਰੀ ਨਦੀ ਮੈਨੂੰ ਆਪਣੇ ਪ੍ਰਵਾਹ ਦੇ ਨਾਲ ਹੀ ਗਲੇ ਲਗਾ ਲਵੇ।"
ਸਾਬਰਮਤੀ ਰਿਵਰਫਰੰਟ (ਪੱਛਮ) ਦੇ ਪੁਲਿਸ ਇੰਸਪੈਕਟਰ ਵੀਐਮ ਦੇਸਾਈ, ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਇਸ਼ਾ ਨੇ ਸਾਬਰਮਤੀ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।
"ਸਾਨੂੰ ਆਇਸ਼ਾ ਦਾ ਫੋਨ ਬਰਾਮਦ ਹੋਇਆ ਹੈ। ਫੋਨ 'ਚ ਆਇਸ਼ਾ ਅਤੇ ਉਸ ਦੇ ਪਤੀ ਦੀ 25 ਫਰਵਰੀ ਨੂੰ ਲਗਭਗ 70 ਮਿੰਟ ਤੱਕ ਚੱਲੀ ਗੱਲਬਾਤ ਰਿਕਾਰਡ ਸੀ।”
ਇਸ ਗੱਲਬਾਤ ਦੌਰਾਨ ਆਇਸ਼ਾ ਦੇ ਪਤੀ ਨੇ ਕਿਹਾ, "ਮੈਂ ਤੈਨੂੰ ਲੈਣ ਨਹੀਂ ਆਵਾਂਗਾ। ਤੈਨੂੰ ਜ਼ਰੂਰ ਹੀ ਮਰ ਜਾਣਾ ਚਾਹੀਦਾ ਹੈ। ਉਸ ਸਮੇਂ ਦਾ ਵੀਡੀਓ ਮੈਨੂੰ ਜ਼ਰੂਰ ਬਣਾ ਕੇ ਭੇਜੀ। ਉਸ ਵੀਡੀਓ ਨੂੰ ਵੇਖਣ ਤੋਂ ਬਾਅਦ ਹੀ ਮੈਨੂੰ ਤੇਰੇ ਮਰਨ ਦਾ ਯਕੀਨ ਹੋਵੇਗਾ।… ਇਸ ਕੁੜੀ ਨੇ ਆਪਣੇ ਪਤੀ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਝਗੜੇ ਦੇ ਚੱਲਦਿਆਂ ਹੀ ਖੁਦਕੁਸ਼ੀ ਕੀਤੀ ਹੈ।"
ਇਸ ਵੀਡੀਓ ਨੂੰ ਬਣਾਉਣ ਸਮੇਂ ਆਇਸ਼ਾ ਨੇ ਆਪਣੇ ਪਿਤਾ ਨੂੰ ਆਪਣੇ ਪਤੀ ਨੂੰ ਹਰ ਚੀਜ਼ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਪਤੀ ਖ਼ਿਲਾਫ਼ ਦਾਇਰ ਮਾਮਲੇ ਨੂੰ ਵਾਪਸ ਲੈਣ ਲਈ ਵੀ ਕਿਹਾ ਹੈ।
ਆਇਸ਼ਾ ਨੇ ਵੀਡੀਓ 'ਚ ਕਿਹਾ, "ਹੈਲੋ, ਅਸਲਾਮ ਅਲੈਕੁਮ। ਮੇਰਾ ਨਾਮ ਆਇਸ਼ਾ ਆਰਿਫ਼ ਖ਼ਾਨ ਹੈ। ਮੈਂ ਉਹੀ ਕਰ ਰਹੀ ਹਾਂ ਜੋ ਕਿ ਮੈਂ ਕਰਨਾ ਚਾਹੁੰਦੀ ਹਾਂ। ਮੇਰੇ 'ਤੇ ਕਿਸੇ ਦਾ ਵੀ ਦਬਾਅ ਨਹੀਂ ਹੈ। ਮੈਂ ਹੋਰ ਕੀ ਕਹਿ ਸਕਦੀ ਹਾਂ। ਅੱਲ੍ਹਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਭਰੀਆਂ ਹੋਈਆਂ ਹਨ।"
ਗੁਜਰਾਤ ਪੁਲਿਸ ਨੇ ਆਇਸ਼ਾ ਦੇ ਪਤੀ ਆਰਿਫ਼ ਖ਼ਾਨ ਨੂੰ ਸੋਮਵਾਰ ਨੂੰ ਰਾਜਸਥਾਨ ਦੇ ਪਾਲੀ ਤੋਂ ਹਿਰਾਸਤ 'ਚ ਲੈ ਲਿਆ ਹੈ।
ਵੀਐਮ ਦੇਸਾਈ ਨੇ ਬੀਬੀਸੀ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਇਸ਼ਾ ਨੇ ਮਰਨ ਤੋਂ ਪਹਿਲਾਂ 70 ਮਿੰਟ ਤੱਕ ਆਰਿਫ਼ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਆਰਿਫ਼ ਖ਼ਿਲਾਫ਼ ਧਾਰਾ 306 ਦੇ ਤਹਿਤ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਰਾਜਸਥਾਨ 'ਚ ਬੀਬੀਸੀ ਦੇ ਪੱਤਰਕਾਰ ਮੋਹਰ ਸਿੰਘ ਮੀਨਾ ਨੂੰ ਪਾਲੀ ਦੇ ਪੁਲਿਸ ਸੁਪਰਡੈਂਟ (ਐਸਪੀ) ਕਾਲੂ ਰਾਮ ਰਾਵਤ ਨੇ ਦੱਸਿਆ, "ਆਇਸ਼ਾ ਦੇ ਪਤੀ ਆਰਿਫ਼ ਨੂੰ ਗ੍ਰਿਫਤਾਰ ਕਰਨ ਲਈ ਗੁਜਰਾਤ ਪੁਲਿਸ ਇੱਥੇ ਆਈ ਸੀ। ਸਥਾਨਕ ਪੁਲਿਸ ਨੇ ਗੁਜਰਾਤ ਪੁਲਿਸ ਦਾ ਸਹਿਯੋਗ ਕੀਤਾ ਅਤੇ ਆਰਿਫ਼ ਨੂੰ ਇੰਡਸਟਰੀਅਲ ਖੇਤਰ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਹੈ।"
ਐਸਪੀ ਰਾਵਤ ਨੇ ਦੱਸਿਆ ਕਿ ਆਰਿਫ਼ ਜਾਲੌਰ ਜ਼ਿਲ੍ਹੇ ਦਾ ਵਸਨੀਕ ਹੈ, ਪਰ ਗੁਜਰਾਤ ਪੁਲਿਸ ਨੂੰ ਉਹ ਆਪਣੇ ਘਰੇ ਨਾ ਮਿਲਿਆ ਅਤੇ ਬਾਅਦ 'ਚ ਉਸ ਨੂੰ ਪਾਲੀ ਜ਼ਿਲ੍ਹੇ ਤੋਂ ਹਿਰਾਸਤ 'ਚ ਲਿਆ ਗਿਆ ਹੈ, ਜਿੱਥੇ ਕਿ ਉਸ ਦੇ ਰਿਸ਼ਤੇਦਾਰ ਰਹਿੰਦੇ ਹਨ। ਗੁਜਰਾਤ ਪੁਲਿਸ ਆਰਿਫ਼ ਨੂੰ ਆਪਣੇ ਨਾਲ ਹੀ ਲੈ ਗਈ ਹੈ।
ਆਇਸ਼ਾ ਦਾ ਵੀਡੀਓ ਅਤੇ ਤਣਾਅ
ਆਇਸ਼ਾ ਆਪਣੇ ਆਖਰੀ ਵੀਡੀਓ 'ਚ ਹੱਸਦੀ ਹੋਈ ਵਿਖਾਈ ਦੇ ਰਹੀ ਹੈ, ਪਰ ਅਸਲ 'ਚ ਉਹ ਤਣਾਅ ਦਾ ਸ਼ਿਕਾਰ ਸੀ। ਉਸ ਦੀ ਵਿਆਹੁਤਾ ਜ਼ਿੰਦਗੀ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। ਉਸ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਆਇਸ਼ਾ ਦੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਹਿੰਸਾ ਦੇ ਕਾਰਨ ਹੀ ਆਇਸ਼ਾ ਦਾ ਬੱਚਾ ਕੁੱਖ 'ਚ ਹੀ ਮਰ ਗਿਆ ਸੀ।
ਆਇਸ਼ਾ ਦੇ ਵੀਡੀਓ ਦੇ ਬਾਰੇ 'ਚ ਮਨੋਵਿਗਿਆਨੀ ਡਾ. ਪ੍ਰਸ਼ਾਂਤ ਭੀਮਾਨੀ ਦਾ ਕਹਿਣਾ ਹੈ, "ਆਇਸ਼ਾ ਆਪਣੀ ਵੀਡੀਓ 'ਚ ਜਿਸ ਢੰਗ ਨਾਲ ਬੋਲ ਰਹੀ ਹੈ, ਉਹ ਇੱਕ ਤਰ੍ਹਾਂ ਨਾਲ ਸ਼ਾਂਤੀ ਦਾ ਭੁਲੇਖਾ ਪਾਉਣ ਦਾ ਸੰਕੇਤ ਦਿੰਦੀ ਹੈ। ਇਹ ਅੱਗ ਨੂੰ ਬਝਾਉਣ ਤੋਂ ਪਹਿਲਾਂ ਉਸ ਦੇ ਤੇਜ਼ ਨੂੰ ਹੋਰ ਵਧਾਉਣ ਦੀ ਤਰ੍ਹਾਂ ਹੀ ਹੈ। ਆਮ ਤੌਰ 'ਤੇ ਜੋ ਲੋਕ ਖੁਦਕੁਸ਼ੀ ਕਰਨ ਦਾ ਸੋਚਦੇ ਹਨ ਉਹ ਅਰਧ ਚੇਤਨਾ 'ਚ ਚਲੇ ਜਾਂਦੇ ਹਨ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਹਰ ਦੁੱਖ ਤੋਂ ਵੀ ਮੁਕਤੀ ਮਿਲ ਜਾਵੇਗੀ।"
"ਅਜਿਹਾ ਵਿਵਹਾਰ ਉਸ ਵਿਅਕਤੀ ਦਾ ਹੁੰਦਾ ਹੈ ਜਿਸ ਨੇ ਖੁਦਕੁਸ਼ੀ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੁੰਦਾ ਹੈ। ਆਇਸ਼ਾ ਨਿਸ਼ਚਤ ਤੌਰ 'ਤੇ ਤਣਾਅ ਦਾ ਸ਼ਿਕਾਰ ਸੀ।"
ਆਇਸ਼ਾ ਦੇ ਵੀਡੀਓ ਨੇ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਇਸ ਵੀਡੀਓ 'ਤੇ ਪ੍ਰਤੀਕ੍ਰਿਆ ਦੇ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਆਇਸ਼ਾ ਨੂੰ ਆਪਣੇ ਮਾਤਾ-ਪਿਤਾ ਦੀ ਗੱਲ ਸੁਣਨੀ ਚਾਹੀਦੀ ਸੀ। ਕੁਝ ਲੋਕ ਵੀਡੀਓ ਵੇਖ ਤਣਾਅ ਮਹਿਸੂਸ ਵੀ ਕਰ ਰਹੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇਹ ਵੀ ਪੜ੍ਹੋ
ਡਾ. ਭੀਮਾਨੀ ਨੇ ਕਿਹਾ, "ਹੁਣ ਕਈ ਲੋਕ ਆਪਣੀ ਖੁਦਕੁਸ਼ੀ ਦਾ ਵੀਡੀਓ ਪੋਸਟ ਕਰਨਗੇ, ਲੋਕ ਇਸ ਤੋਂ ਪ੍ਰਭਾਵਿਤ ਹੋਣਗੇ। ਲੋਕਾਂ ਨੂੰ ਲੱਗੇਗਾ ਕਿ ਸਭ ਤੋਂ ਤਾਜ਼ਾ ਰੁਝਾਨ ਇਹ ਹੀ ਹੈ। ਇਹ ਇੱਕ ਤਰ੍ਹਾਂ ਨਾਲ ਸੁਸਾਈਡ ਰੁਮਾਂਟੀਜ਼ਿਮ ਨੂੰ ਉਤਸ਼ਾਹਤ ਕਰੇਗਾ। ਲੋਕ ਸਿਰਫ ਇਸ ਲਈ ਆਪਣੇ ਆਖਰੀ ਸਮੇਂ ਦਾ ਵੀਡੀਓ ਪੋਸਟ ਕਰਨਗੇ ਤਾਂ ਜੋ ਉਹ ਆਖਰੀ ਸਮੇਂ ਤੱਕ ਲੋਕਾਂ ਦਾ ਧਿਆਨ ਖਿੱਚਣ 'ਚ ਕਾਮਯਾਬ ਰਹਿਣ। ਇਹ ਇੱਕ ਤਰ੍ਹਾਂ ਨਾਲ ਖੁਦ ਨੂੰ ਬਚਾਉਣ ਦੀ ਅੰਤਿਮ ਅਪੀਲ ਹੋਵੇਗੀ। ਜੇ ਕੋਈ ਸਮਾਂ ਰਹਿੰਦਿਆਂ ਮਦਦ ਲਈ ਪਹੁੰਚ ਗਿਆ ਤਾਂ ਇੱਕ ਜਾਨ ਨੂੰ ਬਚਾਇਆ ਜਾ ਸਕੇਗਾ।"
ਆਮ ਲੋਕਾਂ 'ਤੇ ਅਜਿਹੀਆਂ ਘਟਨਾਵਾਂ ਦਾ ਕੀ ਪ੍ਰਭਾਵ ਪੈਂਦਾ ਹੈ, ਇਸ ਬਾਰੇ ਡਾ. ਭੀਮਾਨੀ ਨੇ ਕਿਹਾ, " ਅਜਿਹੀਆਂ ਘਟਨਾਵਾਂ ਨੂੰ ਬਿਲਕੁੱਲ ਵੀ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਬਲਕਿ ਇਸ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਮੌਤ ਕਿਸੇ ਵੀ ਮੁਸ਼ਕਲ ਦਾ ਹੱਲ ਨਹੀਂ ਹੈ।"
" ਕਿਸੇ ਤੀਜੇ ਵਿਅਕਤੀ ਲਈ ਖੁਦਕੁਸ਼ੀ ਕਰਨ ਦਾ ਫ਼ੈਸਲਾ ਲੈਣਾ ਸਰਾਸਰ ਗਲਤ ਹੈ। ਮਾਤਾ-ਪਿਤਾ ਦੀ ਗੁਜ਼ਾਰਿਸ਼ ਨੂੰ ਸਮਝਨਾ ਚਾਹੀਦਾ ਹੈ। ਤੁਹਾਨੂੰ ਉਨ੍ਹਾਂ ਦੇ ਪਿਆਰ, ਸਮਾਂ, ਊਰਜਾ ਅਤੇ ਪੈਸੇ ਆਦਿ ਨੂੰ ਵੀ ਸਮਝਣ ਦੀ ਲੋੜ ਹੈ। ਤੁਹਾਡੇ ਜੀਵਨ 'ਚ ਸਿਰਫ ਤੁਹਾਡੇ ਮਾਪਿਆਂ ਨੇ ਹੀ ਨਹੀਂ ਬਲਕਿ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਇਹ ਸਭ ਤੁਹਾਡੇ 'ਤੇ ਖਰਚ ਕੀਤਾ ਹੈ।ਇੰਨ੍ਹਾਂ ਸਾਰੇ ਹੀ ਲੋਕਾਂ ਦਾ ਕਰਜਾ ਚੁਕਾਏ ਬਿਨ੍ਹਾਂ ਕੋਈ ਕਿਵੇਂ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਲੈ ਸਕਦਾ ਹੈ?"
ਡਾ. ਭੀਮਾਨੀ ਦਾ ਕਹਿਣਾ ਹੈ, " ਤਣਾਅ ਅਤੇ ਨਿਰਾਸ਼ਾ ਦੇ ਦੌਰ 'ਚ ਹਰ ਕਿਸੇ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਜੇਕਰ ਕੋਈ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗੇ ਤਾਂ ਉਸ ਨੂੰ ਸਮਾਂ ਰਹਿੰਦਿਆਂ ਹੀ ਆਪਣਾ ਇਲਾਜ ਕਰਵਾ ਲੈਣਾ ਚਾਹੀਦਾ ਹੈ।ਇਸ ਤਰ੍ਹਾਂ ਉਸ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ।"
ਹਾਲਾਂਕਿ ਸਮਾਜ 'ਚ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਦੀ ਭਾਰੀ ਕਮੀ ਹੈ। ਡਾ, ਭੀਮਾਨੀ ਦਾ ਕਹਿਣਾ ਹੈ, " ਮਾਨਸਿਕ ਰੋਗੀ ਹੀ ਮਨੋਵਿਿਗਆਨੀ ਤੋਂ ਇਲਾਜ ਕਰਵਾਉਂਦੇ ਹਨ, ਇਹ ਇੱਕ ਗਲਤ ਧਾਰਨਾ ਹੈ। ਹਰ ਕਿਸੇ ਨੂੰ ਇਹ ਸਮਝਣ ਦੀ ਲੋੜ ਹੈ। ਜੇਕਰ ਕਿਸੇ ਨੂੰ ਵੀ ਥੋੜਾ ਵੀ ਤਣਾਅ ਹੈ ਤਾਂ ਉਸ ਨੂੰ ਇਲਾਜ ਦੀ ਜ਼ਰੂਰਤ ਹੈ।"
ਆਇਸ਼ਾ ਕੌਣ ਸੀ ?
23 ਸਾਲਾ ਆਇਸ਼ਾ ਮੂਲ ਰੂਪ 'ਚ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਲਿਆਕਤ ਮਕਰਾਨੀ ਅਤੇ ਹਰਮਤ ਬੀਬੀ ਦੀ ਧੀ ਸੀ। ਲਿਆਕਤ ਮਕਰਾਨੀ ਆਪਣੇ ਰੁਜ਼ਗਾਰ ਦੇ ਸਿਲਸਿਲੇ 'ਚ ਰਾਜਸਥਾਨ ਤੋਂ ਅਹਿਮਦਾਬਾਦ ਆਏ ਸਨ ਅਤੇ ਆਪਣੇ ਪਰਿਵਾਰ ਸਮੇਤ ਵਾਤਵਾ ਵਿਖੇ ਰਹਿ ਰਹੇ ਸਨ।
ਮਕਰਾਨੀ ਦੇ ਚਾਰ ਬੱਚੇ ਸਨ। ਉਨ੍ਹਾਂ ਦੀ ਵਿੱਤੀ ਸਥਿਤੀ ਜ਼ਿਆਦਾ ਚੰਗੀ ਨਹੀਂ ਸੀ। ਪਰ ਉਹ ਦਰਜੀ ਦਾ ਕੰਮ ਜਾਣਦੇ ਸਨ, ਇਸ ਲਈ ਅਹਿਮਦਾਬਾਦ ਆ ਕੇ ਉਨ੍ਹਾਂ ਨੇ ਇਸੇ ਕੰਮ ਨੂੰ ਆਪਣਾ ਪੇਸ਼ਾ ਬਣਾ ਲਿਆ। ਉਹ ਆਪਣੇ ਵੱਡੇ ਬੇਟੇ ਨੂੰ ਪੜ੍ਹਾ ਨਾ ਸਕੇ। ਉਨ੍ਹਾਂ ਦਾ ਬੇਟਾ ਬਤੌਰ ਮਕੈਨਿਕ ਕੰਮ ਕਰ ਰਿਹਾ ਹੈ।
ਲਿਆਕਤ ਮਕਰਾਨੀ ਨੇ ਕਿਹਾ, " ਮੈਂ ਚਾਹੁੰਦਾ ਸੀ ਕਿ ਮੇਰੇ ਬੱਚੇ ਉੱਚ ਵਿਦਿਆ ਹਾਸਲ ਕਰਨ ਅਤੇ ਵੱਡੇ ਅਫ਼ਸਰ ਬਣਨ, ਪਰ ਘਰ ਦੀਆਂ ਮੁਸ਼ਕਲਾਂ ਦੇ ਚੱਲਦਿਆਂ ਮੇਰੇ ਵੱਡੇ ਬੇਟੇ ਨੇ ਪੜ੍ਹਾਈ ਛੱਡ ਦਿੱਤੀ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਬਤੌਰ ਮਕੈਨਿਕ ਕਾਰਾਂ 'ਚ ਇਲੈਕਟ੍ਰੋਨਿਕ ਵਾਇਰਿੰਗ ਦਾ ਕੰਮ ਕਰਦਾ ਹੈ। ਅਸੀਂ ਮਿਲ ਕੇ ਹੀ ਘਰ ਦਾ ਖਰਚਾ ਚੁੱਕਦੇ ਹਾਂ। ਮੇਰੀ ਵੱਡੀ ਧੀ ਦਾ ਵਿਆਹ ਅਹਿਮਦਾਬਾਦ 'ਚ ਹੀ ਹੋਇਆ ਹੈ। ਉਸ ਦੇ ਵਿਆਹ 'ਚ ਕਾਫ਼ੀ ਖਰਚਾ ਹੋ ਗਿਆ ਸੀ। ਮੇਰੀ ਦੂਜੀ ਧੀ ਆਇਸ਼ਾ ਪੜ੍ਹਾਈ 'ਚ ਵਧੀਆ ਸੀ, ਇਸ ਲਈ ਮੈਂ ਉਸ ਨੂੰ ਪੜ੍ਹਾਇਆ।"
"ਅਸੀਂ ਪਿਆਰ ਨਾਲ ਉਸ ਨੂੰ ਆਇਸ਼ਾ ਸੋਨੂ ਕਹਿੰਦੇ ਸੀ। ਆਇਸ਼ਾ ਸਾਡੇ ਲਈ ਤਾਂ ਇੱਕ ਸੁਨਹਿਰੀ ਸਿੱਕਾ ਸੀ। ਉਸ ਸਾਡੇ ਪਰਿਵਾਰ ਦੀ ਪਹਿਲੀ ਗ੍ਰੈਜੂਏਟ ਸੀ। ਫਿਰ ਉਸ ਨੇ ਐਮਏ ਦੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਸੀ।"
ਮਕਰਾਨੀ ਚਾਹੁੰਦੇ ਸੀ ਕਿ ਆਇਸ਼ਾ ਅੱਗੇ ਦੀ ਪੜਹਾਈ ਜਾਰੀ ਰੱਖੇ, ਪਰ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਵੀ ਸਤਾ ਰਹੀ ਸੀ ਕਿ ਧੀ ਦੇ ਵਿਆਹ ਲਈ ਉਨ੍ਹਾਂ ਨੂੰ ਆਪਣੇ ਹੀ ਭਾਈਚਾਰੇ 'ਚ ਜ਼ਿਆਦਾ ਪੜ੍ਹਿਆ ਲਿਿਖਆ ਮੁੰਡਾ ਨਹੀਂ ਮਿਲੇਗਾ।
ਜਦੋਂ ਆਇਸ਼ਾ ਐਮਏ 'ਚ ਪੜ੍ਹ ਰਹੀ ਸੀ , ਉਸ ਸਮੇਂ ਜਾਲੌਰ ਦੇ ਇੱਕ ਰਸੁਖ਼ਦਾਰ ਪਰਿਵਾਰ ਨੇ ਆਪਣੇ ਮੁੰਡੇ ਲਈ ਆਇਸ਼ਾ ਦਾ ਹੱਥ ਮੰਗਿਆ। ਮਕਰਾਨੀ ਨੇ ਹਾਂ ਕਰ ਦਿੱਤੀ ਅਤੇ ਢਾਈ ਸਾਲ ਪਹਿਲਾਂ ਹੀ ਆਇਸ਼ਾ ਦਾ ਵਿਆਹ ਬਾਬੂ ਖ਼ਾਨ ਦੇ ਪੁੱਤਰ ਆਰਿਫ਼ ਨਾਲ ਹੋਇਆ ਸੀ।
ਆਰਿਫ਼ ਜਾਲੌਰ 'ਚ ਇੱਕ ਗ੍ਰੇਨਾਈਟ ਬਣਾਉਣ ਵਾਲੀ ਕੰਪਨੀ 'ਚ ਬਤੌਰ ਮੈਨੇਜਰ ਕੰਮ ਕਰਦਾ ਸੀ। ਇਸ ਦੇ ਨਾਲ ਹੀ ਉਸ ਦਾ ਗ੍ਰੇਨਾਈਟ ਵੇਚਣ ਦਾ ਆਪਣਾ ਕਾਰੋਬਾਰ ਵੀ ਸੀ। ਉਹ ਪ੍ਰਤੀ ਮਹੀਨਾ 60 ਹਜ਼ਾਰ ਰੁਪਏ ਕਮਾਉਂਦਾ ਸੀ। ਵਿਆਹ ਦੇ ਮੌਕੇ ਆਰਿਫ਼ ਨੇ ਵਾਅਦਾ ਕੀਤਾ ਸੀ ਕਿ ਆਇਸ਼ਾ ਆਪਣੀ ਪੜ੍ਹਾਈ ਜਾਰੀ ਰੱਖੇਗੀ।
ਦਾਜ ਦੀ ਮੰਗ ਅਤੇ ਘਰੇਲੂ ਹਿੰਸਾ
ਆਇਸ਼ਾ ਦੀ ਮਾਂ ਨੇ ਦੱਸਿਆ, "ਆਰਿਫ਼ ਨੇ ਵਿਆਹ ਦੇ ਸਮੇਂ ਕਿਹਾ ਸੀ ਕਿ ਉਹ ਮੇਰੀ ਧੀ ਨੂੰ ਅੱਗੇ ਪੜ੍ਹਣ ਦੇਵੇਗਾ ਅਤੇ ਨੌਕਰੀ ਵੀ ਕਰਨ ਦੇਵੇਗਾ। ਸਾਨੂੰ ਲੱਗਿਆ ਕਿ ਮੁੰਡਾ ਪੜ੍ਹਿਆ ਲਿਖਿਆ ਹੈ, ਇਸ ਲਈ ਅਸੀਂ ਉਸ ਦੀਆਂ ਗੱਲਾਂ 'ਤੇ ਭਰੋਸਾ ਕਰ ਲਿਆ ਸੀ। ਉਨ੍ਹਾਂ ਦਾ ਪਰਿਵਾਰ ਸਾਡੇ ਤੋਂ ਵੱਧ ਰਸੂਖ਼ਦਾਰ ਸੀ। ਆਇਸ਼ਾ ਦੇ ਵਿਆਹ ਲਈ ਅਸੀਂ ਕਰਜਾ ਚੁੱਕਿਆ ਸੀ।"
ਆਇਸ਼ਾ ਦੇ ਪਰਿਵਾਰ ਵਾਲਿਆਂ ਮੁਤਾਬਕ ਵਿਆਹ 'ਚ ਦਾਜ ਵੱਜੋਂ ਆਰਿਫ਼ ਦੇ ਪਰਿਵਾਰ ਵਾਲਿਆਂ ਨੂੰ ਤਿੰਨ ਤੋਲਾ ਸੋਨਾ ਅਤੇ ਇਕ ਕਿਲੋ ਚਾਂਦੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਆਇਸ਼ਾ ਨੂੰ ਕੱਪੜੇ ਅਤੇ ਹੋਰ ਸਮਾਨ ਵੀ ਦਿੱਤਾ ਗਿਆ ਸੀ।
ਆਇਸ਼ਾ ਦੀ ਮਾਂ ਨੇ ਦੱਸਿਆ, "ਆਇਸ਼ਾ ਦੇ ਵਿਆਹ ਤੋਂ ਬਾਅਦ ਸਾਡੇ 'ਤੇ ਕਰਜੇ ਦਾ ਭਾਰ ਵੱਧ ਗਿਆ ਸੀ। ਇਸ ਲਈ ਛੋਟੇ ਬੇਟੇ ਅਰਮਾਨ ਨੂੰ ਵੀ ਸਕੂਲ ਦੀ ਪੜ੍ਹਾਈ ਛੱਡਣੀ ਪਈ ਸੀ ਅਤੇ ਉਹ ਇੱਕ ਨਿੱਜੀ ਬੈਂਕ 'ਚ ਲੋਨ ਏਜੰਟ ਵੱਜੋਂ ਕੰਮ ਕਰਨ ਲੱਗ ਪਿਆ। ਅਸੀਂ ਹੌਲੀ-ਹੌਲੀ ਆਪਣਾ ਕਰਜਾ ਚੁੱਕਾ ਰਹੇ ਸੀ।"
ਲਿਆਕਤ ਮਰਕਾਨੀ ਕਹਿੰਦੇ ਹਨ, "ਸ਼ੁਰੂਆਤ 'ਚ ਦੋਵਾਂ ਦਾ ਵਿਆਹੁਤਾ ਜੀਵਨ ਠੀਕ ਚੱਲ ਰਿਹਾ ਸੀ। ਫਿਰ ਆਰਿਫ਼ ਦੇ ਕਹਿਣ 'ਤੇ ਆਇਸ਼ਾ ਨੇ ਐਮਏ ਦੀ ਪੜ੍ਹਾਈ ਛੱਡ ਦਿੱਤੀ ਸੀ। ਇਸ ਦੌਰਾਨ ਉਹ ਗਰਭਵਤੀ ਵੀ ਸੀ ਅਤੇ ਇਸ ਤੋਂ ਬਾਅਦ ਹੀ ਉਸ ਦੇ ਦੁੱਖਾਂ ਦੀ ਸ਼ੁਰੂਆਤ ਹੋ ਗਈ।"
ਆਇਸ਼ਾ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਉਸ ਦੀ ਸੱਸ ਸਾਇਰਾ ਬਾਨੋ ਅਤੇ ਨਣਾਨ ਖੁਸ਼ਬੂ ਬਾਨੋ ਨੇ ਆਇਸ਼ਾ ਦੇ ਸਾਰੇ ਗਹਿਣੇ-ਗੱਟੇ ਲੈ ਲਏ ਸਨ ਅਤੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਆਇਸ਼ਾ ਨੂੰ ਗਰਭ ਅਵਸਥਾ ਦੌਰਾਨ ਵੀ ਪੇਟ ਭਰ ਭੋਜਨ ਨਹੀਂ ਦਿੱਤਾ ਜਾਂਦਾ ਸੀ।
ਹਾਲਾਂਕਿ ਬੀਬੀਸੀ ਇੰਨ੍ਹਾਂ ਇਲਜ਼ਾਮਾਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਹੈ। ਜੇਕਰ ਆਇਸ਼ਾ ਦਾ ਪਤੀ ਆਰਿਫ਼ ਇੰਨ੍ਹਾਂ ਇਲਜ਼ਾਮਾਂ 'ਤੇ ਕੋਈ ਜਵਾਬ ਦਿੰਦਾ ਹੈ ਤਾਂ ਉਸ ਨੂੰ ਇਸ ਕਹਾਣੀ 'ਚ ਜ਼ਰੂਰ ਸ਼ਾਮਲ ਕੀਤਾ ਜਾਵੇਗਾ।
ਇਸ ਮਾਮਲੇ 'ਚ 21 ਅਗਸਤ 2020 ਨੂੰ ਵਾਤਵਾ ਪੁਲਿਸ ਥਾਣੇ 'ਚ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ।
ਪੁਲਿਸ ਸ਼ਿਕਾਇਤ ਅਨੁਸਾਰ ਆਰਿਫ਼ ਖ਼ਾਨ, ਉਸ ਦੇ ਪਿਤਾ ਬਾਬੂ ਖ਼ਾਨ ਗਫ਼ੂਰ ਖ਼ਾਨ, ਮਾਂ ਸਾਇਰਾ ਬਾਨੋ ਅਤੇ ਭੈਣ ਖੁਸ਼ਬੂ ਬਾਨੋ ਨੂੰ ਆਰੋਪੀ ਦੱਸਿਆ ਗਿਆ ਹੈ।
ਇਸ ਤੋਂ ਇਲਾਵਾ ਅਹਿਮਦਾਬਾਦ ਦੀ ਘੀਕਾਂਟਾ ਮੈਟਰੋਪੋਲੀਟਨ ਅਦਾਲਤ 'ਚ ਵੀ ਘਰੇਲੂ ਹਿੰਸਾ ਦਾ ਮਾਮਲਾ ਦਰਜ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕੋਰੋਨਾ ਕਾਲ ਦੇ ਦੌਰਾਨ ਘਰੇਲੂ ਹਿੰਸਾ ਦੇ ਵਧੇਰੇ ਮਾਮਲੇ ਸਾਹਮਣੇ ਆਏ ਹਨ।
ਬੀਬੀਸੀ ਗੁਜਰਾਤੀ ਦੀ ਇਕ ਰਿਪੋਰਟ 'ਚ ਘਰੇਲੂ ਹਿੰਸਾ ਦੀ ਪੀੜ੍ਹਤ ਦੀ ਮਦਦ ਕਰਨ ਵਾਲੀ ਸਰਕਾਰੀ ਹੈਲਪਲਾਈਨ ਅਭਿਅਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਸਵੰਤ ਪ੍ਰਜਾਪਤੀ ਨੇ ਕਿਹਾ ਸੀ ਕਿ ਲੌਕਡਾਊਨ ਦੌਰਾਨ ਗੁਜਰਾਤ 'ਚ ਘਰੇਲੂ ਹਿੰਸਾ ਦੇ ਮਾਮਲਿਆਂ 'ਚ 25% ਵਾਧਾ ਦਰਜ ਕੀਤਾ ਗਿਆ ਹੈ।
ਦਸੰਬਰ, 2020 'ਚ ਪ੍ਰਕਾਸ਼ਿਤ ਇਸ ਰਿਪੋਰਟ ਅਨੁਸਾਰ ਕੋਰੋਨਾ ਕਾਲ ਦੌਰਾਨ ਦੁਨੀਆ ਭਰ 'ਚ ਤਕਰੀਬਨ 1.5 ਕਰੋੜ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਹਨ। ਖੁਦਕੁਸ਼ੀ ਤੋਂ ਬਚਾਅ ਲਈ ਕੰਮ ਕਰ ਰਹੀ ਸੰਸਥਾ 'ਸਾਥ' ਦੇ ਸਕੱਤਰ ਨਾਗੇਂਦਰ ਸੂਦ ਪੇਸ਼ੇ ਵੱਜੋਂ ਵਕੀਲ ਹਨ।
ਉਨ੍ਹਾਂ ਦੱਸਿਆ, " ਸਾਡੇ ਇੱਥੇ ਦਾਜ ਅਤੇ ਖੁਦਕੁਸ਼ੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇੰਨ੍ਹਾਂ 'ਚੋਂ ਕਈ ਮਾਮਲਿਆਂ ਦਾ ਤਾਂ ਹੱਲ ਨਿਕਲ ਸਕਦਾ ਸੀ। ਘੱਟ ਆਮਦਨੀ ਵਾਲੇ ਪਰਿਵਾਰਾਂ 'ਚ ਅਜਿਹੇ ਮਾਮਲੇ ਨਹੀਂ ਆਉਂਦੇ ਹਨ ਕਿਉਂਕਿ ਉਨ੍ਹਾਂ 'ਤੇ ਸਮਾਜ ਦਾ ਦਬਾਅ ਹੁੰਦਾ ਹੈ। ਉਨ੍ਹਾਂ ਕੋਲ ਅਦਾਲਤ 'ਚ ਲੜ੍ਹਨ ਲਈ ਵੀ ਪੈਸੇ ਨਹੀਂ ਹੁੰਦੇ ਹਨ।"
"ਜਦੋਂ ਸਾਡੇ ਕੋਲ ਅਜਿਹੇ ਮਾਮਲੇ ਆਉਂਦੇ ਹਨ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਤੋਂ ਪਹਿਲਾਂ ਉਨ੍ਹਾਂ ਨੂੰ ਧਿਆਨ ਪੂਰਵਕ ਸੁਣਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁਫ਼ਤ ਨਿਆਂਇਕ ਮਦਦ ਲਈ ਕਾਊਂਸਲਿੰਗ ਵੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਆਇਸ਼ਾ ਵਰਗੇ ਮਾਮਲਿਆਂ 'ਚ ਨਿਆਂਇਕ ਪ੍ਰਕ੍ਰਿਆ ਤੇਜ਼ੀ ਨਾਲ ਫ਼ੈਸਲਾ ਸੁਣਾ ਕੇ ਲੋਕਾਂ ਨੂੰ ਖੁਦਕੁਸ਼ੀ ਕਰਨ ਤੋਂ ਬਚਾ ਸਕਦੀ ਹੈ।"
ਨਾਗੇਂਦਰ ਸੂਦ ਦੱਸਦੇ ਹਨ, "ਗੁਜ਼ਾਰਾ ਭੱਤੇ ਦੀ ਧਾਰਾ 125 ਦੇ ਤਹਿਤ ਮਾਮਲੇ ਦੇ ਲੰਮੇ ਸਮੇਂ ਤੱਕ ਚੱਲਣ 'ਤੇ ਔਰਤਾਂ ਨੂੰ ਅਸਥਾਈ ਆਦੇਸ਼ ਮਿਲਦੇ ਹਨ। ਘਰੇਲੂ ਹਿੰਸਾ ਦੇ ਮਾਮਲੇ ਵੀ ਸਾਲਾਂਬੱਧੀ ਚੱਲਦੇ ਹਨ। ਮਾਨਸਿਕ ਅਤੇ ਆਰਥਿਕ ਤੌਰ 'ਤੇ ਟੁੱਟਣ ਤੋਂ ਬਾਅਧ ਔਰਤਾਂ ਨਿਰਾਸ਼ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਵਿੱਤੀ ਬੋਝ ਵੀ ਚੁੱਕਣਾ ਪੈਂਦਾ ਹੈ। ਔਰਤਾਂ ਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਕਾਰਨ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਹ ਸਭ ਸਹਿਣਾ ਪੈ ਰਿਹਾ ਹੈ।"
ਆਇਸ਼ਾ ਦੀ ਮਾਂ ਨੇ ਕਿਹਾ, "ਆਇਸ਼ਾ ਦਾ ਵਿਆਹ ਬਚਾਉਣ ਲਈ ਮੇਰੇ ਪਤੀ ਅਤੇ ਦੋਵੇਂ ਬੇਟੇ ਦਿਨ ਰਾਤ ਕੰਮ ਕਰ ਰਹੇ ਸਨ। ਇਹ ਸਭ ਵੇਖ ਕੇ ਵੀ ਆਇਸ਼ਾ ਬਹੁਤ ਦੁੱਖੀ ਸੀ। ਆਇਸ਼ਾ ਦੇਰ ਰਾਤ ਤੱਕ ਆਰਿਫ਼ ਨਾਲ ਫੋਨ 'ਤੇ ਗੱਲ ਕਰਿਆ ਕਰਦੀ ਸੀ। ਆਰਿਫ਼ ਆਇਸ਼ਾ ਦੀ ਗੱਲ ਤੋਂ ਘੱਟ ਹੀ ਸਹਿਮਤ ਹੁੰਦਾ ਸੀ। ਆਰਿਫ਼ ਹਮੇਸ਼ਾ ਹੀ ਆਇਸ਼ਾ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ।"
10 ਲੱਖ ਰੁਪਏ ਦੀ ਕੀਤੀ ਮੰਗ
ਆਇਸ਼ਾ ਦੇ ਪਿਤਾ ਲਿਆਕਤ ਮਰਕਾਨੀ ਇਲਜ਼ਾਮ ਲਗਾਉਂਦੇ ਹਨ ਕਿ ਆਰਿਫ਼ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਤੋਂ ਦਸ ਲੱਖ ਰੁ. ਦੀ ਮੰਗ ਕੀਤੀ ਸੀ।
" ਜਦੋਂ ਆਇਸ਼ਾ ਗਰਭਵਤੀ ਹੋਈ ਤਾਂ ਉਸ ਦੇ ਸੱਸ-ਸਹੁਰੇ ਨੇ ਦਸ ਲੱਖ ਰੁਪਏ ਦਾਜ 'ਚ ਲਿਆਉਣ ਲਈ ਕਿਹਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ। ਇਸ ਤੋਂ ਬਾਅਦ ਉਹ ਆਇਸ਼ਾ ਨੂੰ ਮੇਰੇ ਘਰ ਹੀ ਛੱਡ ਗਏ ਸਨ।"
" ਉਨ੍ਹਾਂ ਨੇ ਮੈਨੂੰ ਅਤੇ ਮੇਰੇ ਬੇਟਿਆਂ ਨੂੰ ਗਾਲਾਂ ਕੱਢੀਆਂ। ਜਦੋਂ ਆਇਸ਼ਾ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਰਿਫ਼ ਨੇ ਗੁੱਸੇ 'ਚ ਆਇਸ਼ਾ ਦੇ ਪੇਟ 'ਤੇ ਲੱਤ ਮਾਰ ਦਿੱਤੀ। ਰਾਜਸਥਾਨ ਜਾਣ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਜਦੋਂ ਦਸ ਲੱਖ ਰੁ. ਦਾ ਬੰਦੋਬਸਤ ਹੋ ਜਾਵੇ, ਉਦੋਂ ਹੀ ਆਪਣੀ ਧੀ ਨੂੰ ਵਾਪਸ ਭੇਜਣਾ।"
ਆਇਸ਼ਾ ਦੀ ਮਾਂ ਇਲਜ਼ਾਮ ਲਗਾਉਂਦੀ ਹੈ , " ਆਰਿਫ਼ ਦੇ ਲੱਤ ਮਾਰਨ ਤੋਂ ਬਾਅਧ ਆਇਸ਼ਾ ਦੇ ਪੇਟ 'ਚ ਕਾਫ਼ੀ ਦਰਦ ਹੋਇਆ। ਅਸੀਂ ਤੁਰੰਤ ਹੀ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਕਿਹਾ ਕਿ ਸੱਟ ਲੱਗਣ ਕਰਕੇ ਬੱਚੇ ਦੀ ਕੁੱਖ 'ਚ ਹੀ ਮੌਤ ਹੋ ਗਈ ਹੈ।ਸਾਨੂੰ ਉਸ ਸਮੇਂ ਗਰਭਪਾਤ ਕਰਵਾਉਣਾ ਪਿਆ ਸੀ।"
" ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਸੁਲਹਾ ਕਰਵਾਈ। ਅਸੀਂ ਆਰਿਫ਼ ਨੂੰ ਆਪਣੀ ਮਜ਼ਬੂਰੀ ਦੱਸੀ ਅਤੇ ਆਇਸ਼ਾ ਨੂੰ ਉਸ ਦੇ ਨਾਲ ਭੇਜਿਆ।"
ਆਇਸ਼ਾ ਦੇ ਮਾਪਿਆਂ ਨੇ ਇਸ ਦੌਰਾਨ ਆਰਿਫ਼ ਦੇ ਪਰਿਵਾਰ ਵਾਲਿਆਂ ਨੂੰ ਡੇਢ ਲੱਖ ਰੁਪਏ ਦਿੱਤੇ। ਇੰਨ੍ਹਾਂ ਇਲਜ਼ਾਮਾਂ 'ਤੇ ਜਵਾਬ ਦੇਣ ਲਈ ਖ਼ਬਰ ਲਿਖੇ ਜਾਣ ਤੱਕ ਨਾ ਹੀ ਆਰਿਫ਼ ਅਤੇ ਨਾ ਹੀ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਬੀਬੀਸੀ ਦਾ ਸੰਪਰਕ ਹੋ ਪਾਇਆ ਹੈ।
ਲਿਆਕਤ ਮਕਰਾਨੀ ਕਹਿੰਦੇ ਹਨ, " ਸਾਨੂੰ ਲੱਗਿਆ ਸੀ ਕਿ ਪੁਲਿਸ ਦੇ ਡਰ ਨਾਲ ਉਹ ਲੋਕ ਸਾਡੀ ਧੀ 'ਤੇ ਘੱਟ ਤਸ਼ੱਦਦ ਕਰਨਗੇ, ਪਰ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਬਾਅਧ ਆਰਿਫ਼ ਹੋਰ ਵੀ ਨਾਰਾਜ਼ ਹੋ ਗਿਆ ਸੀ। ਆਰਿਫ਼ ਦੇ ਪਰਿਵਾਰ ਵਾਲੇ ਫਿਰ ਤੋਂ ਪੈਸਿਆਂ ਦੀ ਮੰਗ ਕਰਨ ਲੱਗ ਪਏ ਸਨ।ਆਪਣੀ ਧੀ ਦਾ ਵਿਆਹ ਬਚਾਉਣ ਲਈ ਮੈਂ ਜਿਵੇਂ ਤਿਵੇਂ ਡੇਢ ਲੱਖ ਰੁਪਏ ਉਧਾਰ ਲੈ ਕੇ ਉਨ੍ਹਾਂ ਨੂੰ ਦਿੱਤੇ।"
" ਹਾਲਾਂਕਿ ਕੋਰੋਨਾ ਅਤੇ ਹੋਰ ਕਈ ਕਾਰਨਾਂ ਦਾ ਹਵਾਲਾ ਦੇ ਕੇ ਆਰਿਫ਼ ਆਇਸ਼ਾ ਨੂੰ ਰਾਜਸਥਾਨ ਲੈ ਜਾਣ ਤੋਂ ਬੱਚਦਾ ਰਿਹਾ। ਉਸ ਨੇ ਸਾਨੂੰ ਪੁਲਿਸ ਸ਼ਿਕਾਇਤ ਵਾਪਸ ਲੈਣ ਲਈ ਵੀ ਧਮਕੀ ਦਿੱਤੀ ਸੀ। ਆਇਸ਼ਾ ਇਹ ਸਭ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਉਹ ਹਮੇਸ਼ਾ ਹੀ ਰੌਂਦੀ ਰਹਿੰਦੀ ਸੀ।"
ਰਾਤ ਨੂੰ ਝਗੜਾ ਅਤੇ ਸਵੇਰੇ ਖੁਦਕੁਸ਼ੀ
ਆਪਣੇ ਪਿਤਾ ਅਤੇ ਭਰਾਵਾਂ ਨੂੰ ਮੁਸੀਬਤ 'ਚ ਵੇਖ ਕੇ ਆਇਸ਼ਾ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਇੱਕ ਨਿੱਜੀ ਬੈਂਕ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਰੋਜ਼ਾਨਾ 9:30 ਵਜੇ ਬੈਂਕ ਪਹੁੰਚ ਜਾਂਦੀ ਸੀ ਅਤੇ ਇਸ ਲਈ ਘਰੋਂ ਜਲਦੀ ਨਿਕਲਦੀ ਸੀ।
ਆਇਸ਼ਾ ਦੀ ਮਾਂ ਅਨੁਸਾਰ ਖੁਦਕੁਸ਼ੀ ਤੋਂ ਠੀਕ ਪਹਿਲਾਂ ਜਾਨੀ ਕਿ 25 ਫਰਵਰੀ ਦੀ ਰਾਤ ਨੂੰ ਆਇਸ਼ਾ ਅਤੇ ਆਰਿਫ਼ ਵਿਚਾਲੇ ਝਗੜਾ ਹੋਇਆ ਸੀ।
" ਮੈਂ ਉਸ ਨੂੰ ਇਹ ਕਹਿੰਦਿਆਂ ਸੁਣਿਆ ਸੀ ਕਿ ਤੇਰੇ ਮਰਨ ਤੋਂ ਪਹਿਲਾਂ ਮੈਂ ਮਰ ਜਾਵਾਂਗੀ। ਮੈਂ ਤੇਰੀ ਮਰਜ਼ੀ ਅਨੁਸਾਰ ਵੀਡੀਓ ਬਣਾਵਾਂਗੀ ਅਤੇ ਤੈਨੂੰ ਭੇਜ ਦੇਵਾਂਗੀ। ਬੱਸ ਹੁਣ ਤੂੰ ਸਵੇਰ ਤੱਕ ਦਾ ਇੰਤਜ਼ਾਰ ਕਰ।"
26 ਫਰਵਰੀ ਦੀ ਸਵੇਰ ਨੂੰ ਹਰਮਤ ਬੀਬੀ ਨੇ ਆਇਸ਼ਾ ਅਤੇ ਆਰਿਫ਼ ਦੇ ਇਸ ਝਗੜੇ ਬਾਰੇ ਆਪਣੇ ਪਤੀ ਨੂੰ ਦੱਸਿਆ।
ਲਿਆਕਤ ਮਰਕਾਨੀ ਨੇ ਦੱਸਿਆ, " ਮੇਰੀ ਪਤਨੀ ਨੇ ਮੈਨੂੰ ਦੱਸਿਆ ਸੀ ਕਿ ਆਇਸ਼ਾ ਰਾਤ ਨੂੰ ਮਰਨ ਦੀ ਗੱਲ ਕਰ ਰਹੀ ਸੀ। ਮੈਂ ਤੁਰੰਤ ਹੀ ਆਇਸ਼ਾ ਨੂੰ ਫੋਨ ਕੀਤਾ। ਖੁਦਕੁਸ਼ੀ ਕਰਨ ਤੋਂ ਪਹਿਲਾਂ ਆਖਰੀ ਵਾਰ ਗੱਲ ਕਰਨ ਲੱਗਿਆ ਉਹ ਰੋ ਪਈ ਅਤੇ ਕਹਿਣ ਲੱਗੀ ਕਿ ਮੈਂ ਹੁਣ ਹੋਰ ਕਿਸੇ ਦਾ ਦਿਲ ਨਹੀਂ ਦੁੱਖੀ ਕਰਣਾ ਚਾਹੁੰਦੀ ਹਾਂ। ਮੇਰੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੈ। ਇਸ ਲਈ ਅਹਿਮਦਾਬਾਦ ਰਿਵਰ ਫਰੰਟ 'ਚ ਛਾਲ ਮਾਰ ਕੇ ਮੈਂ ਖੁਦਕੁਸ਼ੀ ਕਰਨ ਜਾ ਰਹੀ ਹਾਂ।"
" ਉਸ ਸਮੇਂ ਆਇਸ਼ਾ ਬਹੁਤ ਹੀ ਭਾਵੁਕ ਸੀ। ਇਸ ਲਈ ਮੈਂ ਉਸ ਨੂੰ ਕਿਹਾ ਕਿ ਜੇਕਰ ਤੂੰ ਖੁਦਕੁਸ਼ੀ ਕੀਤੀ ਤਾਂ ਸਾਰਾ ਪਰਿਵਾਰ ਹੀ ਖੁਦਕੁਸ਼ੀ ਕਰੇਗਾ। ਤੂੰ ਰਿਕਸ਼ਾ ਲੈ ਕੇ ਘਰ ਆ ਜਾ। ਉਸ ਨੇ ਕਿਹਾ ਮੈਂ ਨਹਿਰ 'ਚ ਛਾਲ ਮਾਰਨ ਜਾ ਰਹੀ ਹਾਂ ਅਤੇ ਜੇਕਰ ਮੈਂ ਮਰ ਗਈ ਤਾਂ ਮੈਨੂੰ ਦਫ਼ਨਾ ਦੇਣਾ।"
ਬੀਬੀਸੀ ਗੁਜਰਾਤੀ ਕੋਲ ਆਇਸ਼ਾ ਅਤੇ ਉਸ ਦੇ ਮਾਤਾ-ਪਿਤਾ ਦਰਮਿਆਨ ਹੋਈ ਗੱਲਬਾਤ ਦੀ ਆਡਓਿ ਰਿਕਾਰਡਿੰਗ ਮੌਜੂਦ ਹੈ, ਜਿਸ 'ਚ ਉਹ ਆਇਸ਼ਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਲਿਆਕਤ ਮਰਕਾਨੀ ਨੇ ਦੱਸਿਆ, " ਮੈਂ ਅਤੇ ਮੇਰੀ ਪਤਨੀ ਨੇ ਆਇਸ਼ਾ ਨੂੰ ਬਹੁਤ ਸਮਝਾਇਆ ਸੀ।ਉਹ ਘਰ ਵਾਪਸ ਆਉਣ ਲਈ ਤਿਆਰ ਵੀ ਹੋ ਗਈ ਸੀ।ਪਰ ਅੰਤ 'ਚ ਉਸ ਨੇ ਉਹੀ ਕੀਤਾ ਜੋ ਕਿ ਉਹ ਕਰਨਾ ਚਾਹੁੰਦੀ ਸੀ। ਆਇਸ਼ਾ ਦੀ ਮੌਤ ਬਾਰੇ ਸਾਨੂੰ ਪੁਲਿਸ ਨੇ ਫੋਨ ਕਰਕੇ ਦੱਸਿਆ ਸੀ।"
ਇਹ ਵੀ ਪੜ੍ਹੋ:
https://www.youtube.com/watch?v=T7E094x8PjQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c3ce0afb-a94f-488d-aa48-9f0c69b3d918','assetType': 'STY','pageCounter': 'punjabi.india.story.56257010.page','title': 'ਆਇਸ਼ਾ ਖੁਦਕੁਸ਼ੀ ਦਾ ਵੀਡੀਓ: \'\'ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ\'\'','author': 'ਭਾਰਗਵ ਪਰੀਖ','published': '2021-03-03T07:41:18Z','updated': '2021-03-03T07:41:18Z'});s_bbcws('track','pageView');

ਰਾਹੁਲ ਗਾਂਧੀ : ''ਐਮਰਜੈਂਸੀ ਭੁੱਲ ਸੀ ਪਰ ਮੌਜੂਦਾ ਸਰਕਾਰ ਸੰਵਿਧਾਨਕ ਢਾਂਚਾ ਤਬਾਹ ਕਰ ਰਹੀ''
NEXT STORY