11 ਸਤੰਬਰ, 2001 ਇੱਕ ਆਮ ਦਿਨ ਵਾਂਗ ਸ਼ੁਰੂ ਹੋਇਆ ਸੀ। ਪਰ 10 ਵਜਦੇ ਹੀ ਇਹ ਦਿਨ ਦੁਨੀਆ ਦੇ ਇਤਿਹਾਸ 'ਚ ਸਭ ਤੋਂ ਖ਼ਤਰਨਾਕ ਅੱਤਵਾਦੀ ਹਮਲੇ ਅਤੇ ਪਾਰਲ ਹਾਰਬਰ ਤੋਂ ਬਾਅਦ ਅਮਰੀਕਾ ਉੱਤੇ ਕੀਤੇ ਗਏ ਸਭ ਤੋਂ ਭਿਆਨਕ ਜੰਗ ਦੇ ਰੂਪ ਵਿੱਚ ਤਬਦੀਲ ਹੋ ਚੁੱਕਿਆ ਸੀ।
ਨਿਊ ਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੇ ਦੋ ਟਾਵਰਾਂ ਉੱਤੇ ਜਦੋਂ ਦੋ ਜਹਾਜ਼ਾਂ ਨੇ ਆ ਕੇ ਟੱਕਰ ਮਾਰੀ ਸੀ ਤਾਂ ਇਸ ਹਮਲੇ ਵਿੱਚ 2606 ਲੋਕਾਂ ਦੀ ਮੌਤ ਹੋ ਗਈ ਸੀ।
ਪੇਂਟਾਗਨ 'ਤੇ ਹੋਏ ਹਮਲੇ ਵਿੱਚ 206 ਹੋਰ ਲੋਕ ਅਤੇ ਪੈਨਸਿਲਵੇਨੀਆ 'ਚ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਅਸਫ਼ਲ ਕਰਨ ਵਿੱਚ 40 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਨਿਊ ਯਾਰਕ ਵਿੱਚ ਬਣਾਈ ਗਈ 9/11 ਦੀ ਯਾਦਗਾਰ ਵਿੱਚ ਕੁੱਲ 2983 ਲੋਕਾਂ ਦੇ ਨਾਮ ਦਰਜ ਹਨ ਜਿਨ੍ਹਾਂ ਨੇ ਇਨ੍ਹਾਂ ਹਮਲਿਆਂ ਵਿੱਚ ਆਪਣੀਆਂ ਜਾਨਾਂ ਗੁਆ ਦਿੱਤੀਆਂ।
ਵਰਲਡ ਟ੍ਰੇਡ ਸੈਂਟਰ 'ਤੇ ਇਹ ਪਹਿਲਾ ਅੱਤਵਾਦੀ ਹਮਲਾ ਨਹੀਂ ਸੀ। ਸਾਲ 1993 ਵਿੱਚ ਅੱਠ ਸਾਲ 102 ਮਿੰਟ ਪਹਿਲਾਂ ਹੋਏ ਹਮਲੇ ਵਿੱਚ ਵੀ ਛੇ ਲੋਕ ਮਾਰੇ ਗਏ ਸਨ।
ਮਸ਼ਹੂਰ ਕਿਤਾਬ 'ਦਿ ਓਨਲੀ ਪਲੇਨ ਇਨ ਦਿ ਸਕਾਈ ਦਿ ਓਰਲ ਹਿਸਟਰੀ ਆਫ਼ 9/11' ਵਿੱਚ ਗੈਰੇਟ ਐਮ ਗ੍ਰਾਫ਼ ਲਿਖਦੇ ਹਨ, ''9/11 'ਚ ਹੋਏ ਹਮਲਿਆਂ ਵਿੱਚ 3000 ਤੋਂ ਜ਼ਿਆਦਾ ਬੱਚਿਆਂ ਨੇ ਆਪਣੇ ਮਾਪੇ ਗੁਆ ਦਿੱਤੇ ਸਨ। ਇਨ੍ਹਾਂ ਵਿੱਚੋਂ ਲਗਭਗ 100 ਬੱਚੇ ਉਹ ਸਨ ਜੋ ਹਮਲਿਆਂ ਦੇ ਕਈ ਮਹੀਨਿਆਂ ਬਾਅਦ ਪੈਦਾ ਹੋਏ ਸਨ ਅਤੇ ਜਿਨ੍ਹਾਂ ਨੂੰ ਆਪਣੇ ਪਿਤਾ ਨੂੰ ਕਦੇ ਦੇਖਣ ਦਾ ਮੌਕਾ ਨਹੀਂ ਮਿਲ ਸਕਿਆ।”
“ਗਿਣਤੀ ਦੀ ਗੱਲ ਇੱਕ ਪਾਸੇ ਕਰ ਵੀ ਦਿੱਤੀ ਜਾਵੇ ਤਾਂ ਇਸ ਹਮਲੇ ਨੇ ਉਸ ਦਿਨ ਅਮਰੀਕਾ ਵਿੱਚ ਰਹਿਣ ਵਾਲੇ ਲਗਭਗ ਹਰ ਇੱਕ ਜਿਉਂਦੇ ਅਮਰੀਕੀ ਅਤੇ ਦੁਨੀਆ ਭਰ ਦੇ ਉਨ੍ਹਾਂ ਲੱਕਾਂ ਨਾਗਰਿਕਾਂ ਦੀ ਜ਼ਿੰਦਗੀ ਉੱਤੇ ਅਸਰ ਪਾਇਆ ਸੀ, ਜਿਨ੍ਹਾਂ ਨੇ ਇਹ ਖ਼ਤਰਨਾਕ ਵਾਕਿਆ ਖ਼ਬਰਾਂ ਵਿੱਚ ਸੁਣਿਆ ਸੀ।''
ਉਹ ਲਿਖਦੇ ਹਨ, ''ਉਸ ਘਟਨਾ ਨਾਲ ਹੋਣ ਵਾਲਾ ਸਦਮਾ ਅਜੇ ਵੀ ਹਰ ਅਮਰੀਕੀ ਦੀਆਂ ਯਾਦਾਂ ਤੋਂ ਪਰੇ ਨਹੀਂ ਹੋਇਆ ਹੈ। ਇਹ ਘਟਨਾ ਉਸ ਥਾਂ ਹੋਈ ਸੀ ਜਿਸ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਸੀ।''
ਇਹ ਵੀ ਪੜ੍ਹੋ:
ਮੁਹੰਮਦ ਅਤਾ ਦੀ ਵਸੀਅਤ
11 ਸਤੰਬਰ, 2001 ਨੂੰ ਪੋਰਟਲੈਂਡ ਮੇਨ ਦੇ ਕੰਫ਼ਰਟ ਇਨ ਹੋਟਲ ਦੇ ਕਮਰਾ ਨੰਬਰ 233 ਵਿੱਚ ਸਵੇਰੇ ਚਾਰ ਵਜੇ ਮੁਹੰਮਦ ਅਤਾ ਦੀ ਅੱਖ ਖੁੱਲ੍ਹੀ।
ਉਸ ਨੇ ਉੱਠਦਿਆਂ ਹੀ ਉਸੇ ਹੋਟਲ ਵਿੱਚ ਰਹਿ ਰਹੇ ਆਪਣੇ ਸਾਥੀ ਅਬਦੁਲ ਅਜ਼ੀਜ਼ ਅਲ ਓਮਾਰੀ ਨੂੰ ਫ਼ੋਨ ਕੀਤਾ। ਫ਼ਿਰ ਉਹ ਸ਼ਾਵਰ ਹੇਠਾਂ ਖੜ੍ਹੇ ਹੋ ਕੇ ਨਹਾਉਣ ਲੱਗਿਆ। ਉਸ ਨੇ ਆਪਣੀ ਨੀਲੀ ਰੰਗ ਦੀ ਕਮੀਜ਼ ਅਤੇ ਕਾਲੀ ਪੈਂਟ ਪਹਿਨੀ। ਫ਼ਿਰ ਉਸ ਨੇ ਆਪਣੇ ਲੈਪਟੌਪ 'ਤੇ ਆਪਣੀ ਵਸੀਅਤ ਖੋਲ੍ਹੀ। ਇਸ ਵਸੀਅਤ ਨੂੰ ਉਸ ਨੇ ਅਪ੍ਰੈਲ, 1996 ਵਿੱਚ ਲਿਖਿਆ ਸੀ।
ਵਸੀਅਤ 'ਚ ਦੋ ਚੀਜ਼ਾਂ ਥੋੜ੍ਹੀਆਂ ਅਜੀਬ ਸਨ। ਮਾਰਟਿਨ ਏਮਿਸ ਆਪਣੀ ਕਿਤਾਬ 'ਦਿ ਸੇਕੇਂਡ ਪਲੇਨ' ਵਿੱਚ ਲਿਖਦੇ ਹਨ, ''ਅਤਾ ਨੇ ਆਪਣੀ ਵਸੀਅਤ 'ਚ ਲਿਖਿਆ ਸੀ, ਮੈਂ ਚਾਹੁੰਦਾਂ ਹਾਂ ਕਿ ਮੇਰੇ ਅੰਤਿਮ ਸੰਸਕਾਰ 'ਚ ਲੋਕ ਰੌਲਾ ਨਾ ਪਾਉਣ, ਕਿਉਂਕਿ ਰੱਬ ਚਾਹੁੰਦਾ ਹੈ ਕਿ ਅਜਿਹੇ ਮੌਕੇ 'ਤੇ ਬਿਲਕੁੱਲ ਚੁੱਪ ਰਿਹਾ ਜਾਵੇ।“
“ਦੂਜਾ ਮੇਰੇ ਮਰਨ ਤੋਂ ਬਾਅਦ ਜੋ ਵਿਅਕਤੀ ਮੇਰੇ ਜਿਸਮ ਨੂੰ ਨਵ੍ਹਾਵੇ ਉਹ ਦਸਤਾਨੇ ਪਾਵੇ ਅਤੇ ਮੇਰੇ ਗੁਪਤ ਅੰਗਾਂ ਨੂੰ ਨਾ ਛੂਹੇ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਕੋਈ ਗਰਭਵਤੀ ਔਰਤ ਜਾਂ ਉਹ ਸ਼ਖ਼ਸ ਜੋ ਸਾਫ਼ ਸੁਥਰਾ ਨਾ ਹੋਵੇ ਮੈਨੂੰ ਅੰਤਿਮ ਵਿਦਾਈ ਦੇਵੇ।''
ਇਨ੍ਹਾਂ ਵਿੱਚੋਂ ਕੋਈ ਵੀ ਨਿਰਦੇਸ਼ ਪੂਰਾ ਨਹੀਂ ਕੀਤਾ ਜਾ ਸਕਿਆ ਕਿਉਂਕਿ ਨਾ ਤਾਂ ਕਿਸੇ ਨੇ ਉਸ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਨਾ ਹੀ ਕਿਸੇ ਨੂੰ ਉਸ ਨੂੰ ਨਵ੍ਹਾਇਆ ਜਾਂ ਉਸ ਦੇ ਗੁਪਤ ਅੰਗਾਂ ਨੂੰ ਛੂਹਿਆ।
'ਆਨ ਦੈਟ ਡੇਅ ਦਿ ਡੇਫ਼ੇਨੇਟਿਵ ਟਾਈਮ ਲਾਈਨ' ਦੇ ਲੇਖਕ ਵਿਲਿਅਮ ਆਰਕਿਨ ਲਿਖਦੇ ਹਨ, ''5 ਵੱਜ ਕੇ 33 ਮਿੰਟ 'ਤੇ ਅਤਾ ਮੁਹੰਮਦ ਅਤੇ ਉਸ ਦੇ ਸਾਥੀ ਨੇ ਚੈਕ ਆਊਟ ਕੀਤਾ। ਕੰਮਰਿਆਂ ਦਾ ਬਿੱਲ ਅਤਾ ਦੇ ਵੀਜ਼ਾ ਡੇਬਿਟ ਕਾਰਡ ਤੋਂ ਅਦਾ ਕੀਤਾ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਏਟੀਐਮ ਤੋਂ ਪੈਸੇ ਕੱਢੇ ਅਤੇ ਆਪਣਾ ਵਕਤ ਪੀਜ਼ਾ ਖਾਣ ਅਤੇ ਵਾਲਮਾਰਟ ਤੋਂ ਸ਼ੌਪਿੰਗ ਕਰਨ 'ਚ ਗੁਜ਼ਾਰਿਆ। ਐਫ਼ਬੀਆਈ ਦੀ ਮੰਨਣਾ ਹੈ ਕਿ ਉਸੇ ਦਿਨ ਅਤਾ ਨੇ ਆਪਣੀ ਕਾਰ ਤੋਂ ਜਾ ਕੇ ਵਰਲਡ ਟ੍ਰੇਡ ਸੈਂਟਰ ਦਾ ਜਾਇਜ਼ਾ ਵੀ ਲਿਆ ਸੀ।''
ਮੈਟਲ ਡਿਟੈਕਟਰ 'ਚ ਕੁਝ ਨਹੀਂ ਨਿਕਲਿਆ
ਹੋਟਲ ਤੋਂ ਚੈਕ ਆਊਟ ਕਰਨ ਤੋਂ ਬਾਅਦ ਅਤਾ ਅਤੇ ਉਸ ਦਾ ਸਾਥੀ ਅਬਦੁਲ ਅਜ਼ੀਜ਼ ਅਲ ਓਮਾਰੀ ਕਿਰਾਏ 'ਤੇ ਲਈ ਗਈ ਨੀਲੇ ਰੰਗ ਦੀ ਨਿਸਾਨ ਅਲਟਿਮਾ ਕਾਰ 'ਚ ਬੈਠੇ ਅਤੇ ਸੱਤ ਮਿੰਟਾਂ ਦੇ ਅੰਦਰ ਏਅਰਪੋਰਟ ਦੀ ਪਾਰਕਿੰਗ ਵਿੱਚ ਪਹੁੰਚ ਗਏ। ਉੱਥੇ ਪਾਰਕਿੰਗ 'ਚ ਦਾਖਲ ਹੁੰਦੇ ਹੀ ਏਅਰਪੋਰਟ ਸਿਕਿਓਰਿਟੀ ਨੇ ਉਸ ਦੀ ਤਸਵੀਰ ਲਈ। 5 ਵੱਜ ਕੇ 45 ਮਿੰਟ 'ਤੇ ਅਤਾ ਅਤੇ ਉਸ ਦੇ ਸਾਥੀ ਦੀ ਸੁਰੱਖਿਆ ਜਾਂਚ ਕੀਤੀ ਗਈ।
ਮੁਹੰਮਦ ਅਤਾ
ਅਤਾ ਦੇ ਹੱਥ ਵਿੱਚ ਮੋਢੇ 'ਤੇ ਟੰਗਣ ਵਾਲਾ ਇੱਕ ਕਾਲਾ ਬੈਗ ਅਤੇ ਓਮਾਰੀ ਦੇ ਹੱਥ ਵਿੱਚ ਇੱਕ ਕੈਮਰਾ ਜਾਂ ਕੈਮਕਾਰਡਰ ਵਰਗੀ ਚੀਜ਼ ਸੀ ਜਿਸ ਨੂੰ ਉਸ ਨੇ ਦੋਵੇਂ ਹੱਥਾਂ ਨਾਲ ਫੜਿਆ ਹੋਇਆ ਸੀ। ਮੈਟਲ ਡਿਟੈਕਟਰ ਨੂੰ ਉਨ੍ਹਾਂ ਦੇ ਕੋਲੋਂ ਕੁਝ ਨਹੀਂ ਮਿਲਿਆ।
ਵਿਲਿਅਮ ਆਰਕਿਨ ਲਿਖਦੇ ਹਨ, ''ਠੀਕ ਛੇ ਵਜੇ ਅਤਾ ਅਤੇ ਉਸ ਦਾ ਸਾਥੀ ਯੂਐਸ ਏਅਰਵੇਜ਼ ਦੀ ਫਲਾਈਟ ਨੰਬਰ 5930 ਵਿੱਚ ਬੈਠੇ। 19 ਯਾਤਰੀਆਂ ਦੀ ਸਮਰੱਥਾ ਵਾਲੇ ਉਸ ਜਹਾਜ਼ ਵਿੱਚ ਕੁੱਲ 8 ਯਾਤਰੀ ਹੀ ਸਵਾਰ ਸਨ। ਅਤਾ ਨੂੰ 9 ਨੰਬਰ ਲਾਈਨ ਦੇ ਵਿੱਚ ਸੀਟ ਦਿੱਤੀ ਗਈ ਸੀ। ਉਹ ਅਤੇ ਅਲ ਓਮਾਰੀ ਜਹਾਜ਼ 'ਚ ਸਵਾਰ ਹੋਣ ਵਾਲੇ ਆਖਰੀ ਯਾਤਰੀ ਸਨ। 45 ਮਿੰਟ ਦੇ ਅੰਦਰ ਹੀ ਉਹ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ਪਹੁੰਚ ਗਏ ਜਿੱਥੋਂ ਉਨ੍ਹਾਂ ਨੇ ਲਾਸ ਏਂਜਲਿਸ ਜਾਣ ਵਾਲੀ AA ਫਲਾਈਟ ਨੰਬਰ 11 'ਚ ਸਵਾਰ ਹੋਣਾ ਸੀ। ਇਸ ਜਹਾਜ਼ 'ਚ 81 ਯਾਤਰੀਆਂ ਤੋਂ ਇਲਾਵਾ 9 ਕਰਿਊ ਮੈਂਬਰ ਵੀ ਸਵਾਰ ਸਨ। 7 ਵੱਜ ਕੇ 59 ਮਿੰਟ 'ਤੇ ਇਸ 767 ਬੋਇੰਗ ਜਹਾਜ਼ ਨੂੰ ਟੇਕ ਆਫ਼ ਲਈ ਕਲੀਅਰ ਕੀਤਾ ਗਿਆ।''
ਇਹ ਵੀ ਪੜ੍ਹੋ:
ਬਚਪਨ 'ਚ ਬਹੁਤ ਸ਼ਰਮੀਲਾ ਸੀ ਅਤਾ
ਅਤਾ ਦਾ ਜਨਮ 1 ਸਤੰਬਰ, 1968 ਨੂੰ ਕਫ਼੍ਰ ਅਲ ਸ਼ੇਖ਼, ਮਿਸਰ ਵਿੱਚ ਹੋਇਆ ਸੀ। ਉਸ ਦੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਬਚਪਨ 'ਚ ਬਹੁਤ ਸ਼ਰਮੀਲਾ ਸੀ।
ਟਾਈਮ ਮੈਗਜ਼ੀਨ ਦੇ 30 ਸਤੰਬਰ, 2001 ਨੂੰ 'ਅਤਾਜ਼ ਓਡੇਸੀ' ਸਿਰਲੇਖ ਹੇਠ ਛਪੇ ਲੇਖ ਵਿੱਚ ਜੌਨ ਕਲਾਉਡ ਲਿਖਦੇ ਹਨ, ''ਅਤਾ ਦੇ ਪਿਤਾ ਦੱਸਦੇ ਹਨ ਕਿ ਬਚਪਨ ਵਿੱਚ ਉਸ ਨੂੰ ਸ਼ਤਰੰਜ ਖੇਡਣ ਦਾ ਸ਼ੌਕ ਸੀ ਅਤੇ ਉਸ ਨੂੰ ਹਿੰਸਕ ਖੇਡਾਂ ਨਾਲ ਨਫ਼ਰਤ ਸੀ। ਉਸ ਦਾ ਕੱਦ 5 ਫੁੱਟ 7 ਇੰਚ ਸੀ ਅਤੇ ਉਹ ਇੰਨਾ ਪਤਲਾ ਸੀ ਕਿ ਉਸ ਦੇ ਪਿਤਾ ਉਸ ਨੂੰ 'ਬੁਲਬੁਲ' ਕਹਿ ਕਿ ਬੁਲਾਉਂਦੇ ਸੀ।''
ਮੁਹੰਮਦ ਅਤਾ
''ਕਾਹਿਰਾ ਯੂਨੀਵਰਸਿਟੀ ਤੋਂ ਆਰਕੀਟੈਕਚਰਲ ਇੰਜੀਨਿਅਰਿੰਗ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਹੈਮਬਰਗ, ਜਰਮਨੀ ਚਲਾ ਗਿਆ ਸੀ। 90 ਦੇ ਦਹਾਕੇ ਦੇ ਮੱਧ ਤੋਂ ਅਤਾ ਆਪਣੀ ਯੂਨੀਵਰਸਿਟੀ ਤੋਂ ਅਕਸਰ ਲੰਬੇ ਸਮੇਂ ਤੱਕ ਗਾਇਬ ਰਹਿਣ ਲੱਗਿਆ ਸੀ। ਉਸ ਨੇ ਆਪਣੇ ਸਾਥੀਆਂ ਨੂੰ ਇਸ ਦਾ ਕਾਰਨ ਦੱਸਿਆ ਸੀ ਕਿ ਉਹ ਹੱਜ ਕਰਨ ਲਈ ਸਾਊਦੀ ਅਰਬ ਗਿਆ ਸੀ। ਜਦੋਂ ਉਹ ਵਾਪਸ ਪਰਤਿਆ ਤਾਂ ਉਸ ਨੇ ਦਾੜ੍ਹੀ ਰੱਖ ਲਈ ਸੀ।''
ਜਰਮਨ ਖੁਫ਼ੀਆ ਸੂਤਰਾਂ ਦਾ ਮੰਨਣਾ ਹੈ ਕਿ ਇਸ ਦੌਰਾਨ ਅਤਾ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਲੋਕਾਂ ਦੇ ਸੰਪਰਕ ਵਿੱਚ ਆ ਚੁੱਕਿਆ ਸੀ।
ਜਹਾਜ਼ ਉਡਾਉਣ ਦੀ ਟ੍ਰੇਨਿੰਗ
ਟੇਰੀ ਮੇਕਡੌਰਮੇਟ ਆਪਣੀ ਕਿਤਾਬ 'ਪਰਫ਼ੈਕਟ ਸੋਲਜਰਜ਼ ਹੂ ਦੇ ਵਰ ਵਾਇ ਦੇ ਡਿਡ ਇਟ' 'ਚ ਲਿਖਦੇ ਹਨ, ''ਗਾਇਬ ਰਹਿਣ ਤੋਂ ਮਗਰੋਂ ਵਾਪਸ ਪਰਤਣ ਤੋਂ ਬਾਅਦ ਅਤਾ ਨੇ ਇੱਕ ਨਵੇਂ ਪਾਸਪੋਰਟ ਲਈ ਅਰਜ਼ੀ ਦਿੱਤੀ ਜਦਕਿ ਉਸ ਦਾ ਪੁਰਾਣਾ ਪਾਸਪੋਰਟ ਅਜੇ ਐਕਸਪਾਇਰ ਨਹੀਂ ਹੋਇਆ ਸੀ। ਕੱਟੜਪੰਥੀਆਂ ਵਿਚਾਲੇ ਅਜਿਹਾ ਕਰਨਾ ਆਮ ਸੀ ਕਿਉਂਕਿ ਪੁਰਾਣੇ ਪਾਸਪੋਰਟ ਨੂੰ ਉਹ ਤਬਾਹ ਕਰ ਕੇ ਉਹ ਇਹ ਸਬੂਤ ਮਿਟਾ ਦੇਣਾ ਚਾਹੁੰਦੇ ਸਨ ਕਿ ਉਹ ਕਿੱਥੇ-ਕਿੱਥੇ ਗਏ ਸਨ।''
ਉਹ 3 ਜੂਨ, 2000 ਨੂੰ ਪ੍ਰਾਗ ਤੋਂ ਛੇ ਮਹੀਨੇ ਦੇ ਟੂਰਿਸਟ ਵੀਜ਼ਾ 'ਤੇ ਨੇਵਾਰਕ ਪਹੁੰਚਿਆ ਸੀ ਅਤੇ ਇੱਕ ਮਹੀਨੇ ਦੇ ਅੰਦਰ ਹੀ ਉਸ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਵੇਨਿਸ ਵਿੱਚ ਹਫ਼ਮੇਨ ਏਵੀਏਸ਼ਨ ਇੰਟਰਨੈਸ਼ਨਲ ਤੋਂ ਜਹਾਜ਼ ਉਡਾਉਣ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ।
ਚਾਰ ਮਹੀਨੇ ਦੀ ਇਸ ਟ੍ਰੇਨਿੰਗ ਲਈ ਉਨ੍ਹਾਂ ਸਾਰਿਆਂ ਨੇ ਮਿਲ ਕੇ ਹਫ਼ਮੇਨ ਨੂੰ ਲਗਭਗ 40 ਹਜ਼ਾਰ ਡਾਲਰ ਦਿੱਤੇ ਸਨ। 21 ਦਸੰਬਰ, 2000 ਨੂੰ ਅਤਾ ਅਤੇ ਉਸ ਦੇ ਸਾਥੀ ਅਲ ਸ਼ੇਹੀ ਨੂੰ ਪਾਇਲਟ ਲਾਈਸੈਂਸ ਮਿਲ ਗਿਆ ਸੀ।
ਜੌਨ ਕਲਾਉਡ ਨੇ ਟਾਈਮ ਮੈਗਜ਼ੀਨ ਵਿੱਚ ਲਿਖਿਆ ਸੀ, ''11 ਸਤੰਬਰ ਤੋਂ 10 ਦਿਨ ਪਹਿਲਾਂ ਅਤਾ ਦੇ ਖਾਤੇ ਵਿੱਚ ਦੋ ਵਾਰ ਪੈਸੇ ਟ੍ਰਾਂਸਫ਼ਰ ਕੀਤੇ ਗਏ ਸਨ। 7 ਸਤੰਬਰ ਨੂੰ ਅਤਾ ਆਪਣੇ ਸਾਥੀ ਅਲ ਸ਼ੇਹੀ ਅਤੇ ਇੱਕ ਹੋਰ ਵਿਅਕਤੀ ਦੇ ਨਾਲ ਹਾਲੀਵੁੱਡ, ਫ਼ਲਾ 'ਚ ਓਇਸਟਰ ਬਾਰ ਅਤੇ ਗ੍ਰਿਲ ਵਿੱਚ ਗਿਆ ਸੀ। ਉਨ੍ਹਾਂ ਤਿੰਨਾਂ ਵਿੱਚੋਂ ਅਤਾ ਹੀ ਇਕੱਲਾ ਸ਼ਖ਼ਸ ਸੀ ਜਿਸ ਨੇ ਸ਼ਰਾਬ ਨਹੀਂ ਪੀਤੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਕ੍ਰੈਨਬੇਰੀ ਜੂਸ ਪੀਂਦਾ ਰਿਹਾ ਸੀ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਫਲਾਈਟ ਅਟੇਂਡੇਂਟ ਨੇ ਫ਼ੋਨ 'ਤੇ ਦਿੱਤੀ ਜਹਾਜ਼ ਹਾਈਜੈਕ ਹੋਣ ਦੀ ਜਾਣਕਾਰੀ
ਜਦੋਂ AA 11 ਫਲਾਈਟ ਉੱਪਰ ਗਈ ਤਾਂ ਅਗਲੇ ਕੁਝ ਮਿੰਟਾਂ ਤੱਕ ਉਸ ਨੇ ਬੋਸਟਨ ਏਅਰਰੂਟ ਟ੍ਰੈਫ਼ਿਕ ਕੰਟਰੋਲ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਪਰ 8 ਵੱਜ ਕੇ 13 ਮਿੰਟ ਤੋਂ ਬਾਅਦ ਜਦੋਂ ਅਤਾ ਅਤੇ ਉਸ ਦੇ ਸਾਥੀਆਂ ਦਾ ਜਹਾਜ਼ 'ਤੇ ਕੰਟਰੋਲ ਹੋ ਗਿਆ ਤਾਂ ਉਸ ਨੇ ਉਨ੍ਹਾਂ ਦੇ ਨਿਰਦੇਸ਼ਾਂ ਨੂੰ ਮੰਨਣਾ ਬੰਦ ਕਰ ਦਿੱਤਾ।
ਵਿਲਿਅਮ ਆਰਕਿਨ ਲਿਖਦੇ ਹਨ, ''ਦੇਖਣ ਵਾਲਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਤਾ ਨੇ ਪਾਇਲਟ 'ਤੇ ਕੰਟਰੋਲ ਕਰਨ ਲਈ ਚਾਕੂ ਅਤੇ ਹਿੰਸਾ ਦਾ ਸਹਾਰਾ ਲਿਆ। 8 ਵੱਜ ਕੇ 18 ਮਿੰਟ 'ਤੇ ਫਲਾਈਟ ਅਟੇਂਡੇਂਟ ਬੇਟੀ ਓਂਗ ਨੇ ਅਮਰੀਕਨ ਏਅਰਲਾਈਂਜ਼, ਸਾਉਥ ਇਸਟਰਨ ਰਿਜ਼ਰਵੇਸ਼ਨ ਸੈਂਟਰ ਫ਼ੋਨ ਕਰ ਕੇ ਹਾਈਜੈਕਿੰਗ ਦਾ ਖ਼ਦਸ਼ਾ ਜਤਾਇਆ।“
“ਉਨ੍ਹਾਂ ਨੇ ਦੱਸਿਆ ਕਿ ਉਹ ਜਹਾਜ਼ ਦੇ ਪਿੱਛੇ ਜੰਪ ਸੀਟ 'ਤੇ ਬੈਠ ਕੇ ਇਹ ਫ਼ੋਨ ਕਰ ਰਹੇ ਹਨ। ਬੇਟੀ ਦੀ ਇਹ ਫ਼ੋਨ ਕਾਲ 25 ਮਿੰਟ ਤੱਕ ਚੱਲੀ। ਉਨ੍ਹਾਂ ਨੇ ਦੱਸਿਆ ਕਿ ਕੌਕਪਿਟ ਤੋਂ ਉਨ੍ਹਾਂ ਦੇ ਸੰਦੇਸ਼ ਦਾ ਕੋਈ ਜਵਾਬ ਨਹੀਂ ਆਰ ਰਿਹਾ ਹੈ ਅਤੇ ਬਿਜ਼ਨਸ ਕਲਾਸ ਵਿੱਚ 9 ਬੀ ਸੀਟ 'ਤੇ ਬੈਠੇ ਡੇਨਿਅਲ ਲੇਵਿਨ ਨੂੰ ਚਾਕੂ ਮਾਰਿਆ ਗਿਆ ਹੈ।''
ਲੇਵਿਨ ਨੇ ਕੁਝ ਸਾਲਾਂ ਤੱਕ ਇਜ਼ਰਾਇਲੀ ਫੌਜ 'ਚ ਕੰਮ ਕੀਤਾ ਸੀ। ਅਜਿਹਾ ਅੰਦਾਜ਼ਾ ਹੈ ਕਿ ਉਨ੍ਹਾਂ ਨੇ ਆਪਣੇ ਸਾਹਮਣੇ ਬੈਠੇ ਹਾਈਜੈਕਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਪਿੱਛੇ ਇੱਕ ਹੋਰ ਹਾਈਜੈਕਰ ਬੈਠਾ ਹੋਇਆ ਸੀ।
ਓਂਗ ਨੇ ਇਹ ਵੀ ਦੱਸਿਆ ਕਿ 10 ਬੀ ਸੀਟ 'ਤੇ ਬੈਠਾ ਹੋਇਆ ਵਿਅਕਤੀ ਇਸ ਸਮੇਂ ਕੌਕਪਿਟ ਦੇ ਅੰਦਰ ਹੈ। 8 ਵੱਜ ਕੇ 26 ਮਿੰਟ 'ਤੇ ਜਹਾਜ਼ ਨੇ ਅਚਾਨਕ 100 ਡਿਗਰੀ ਦਾ ਕੋਣ ਬਣਾਉਂਦੇ ਹੋਏ ਨਿਊ ਯਾਰਕ ਸ਼ਾਹਿਰ ਦਾ ਰੁਖ਼ ਕੀਤਾ। ਫਲਾਈਟ ਅਟੇਂਡੇਂਟ ਓਂਗ ਨੇ ਖ਼ਬਰ ਦਿੱਤੀ ਕਿ ਜਹਾਜ਼ ਕਦੇ ਉੱਤੇ ਅਤੇ ਕਦੇ ਥੱਲੇ ਜਾ ਰਿਹਾ ਹੈ।
8 ਵੱਜ ਕੇ 46 ਮਿੰਟ 'ਤੇ ਜਹਾਜ਼ ਉੱਤਰੀ ਟਾਵਰ ਨਾਲ ਟਕਰਾਇਆ
ਵਿਲਿਅਮ ਆਰਕਿਨ ਅੱਗੇ ਲਿਖਦੇ ਹਨ, ''ਇਸ ਵਿਚਾਲੇ ਪਾਇਲਟ ਦੀ ਸੀਟ 'ਤੇ ਬੈਠੇ ਮੁਹੰਮਦ ਅਤਾ ਨੇ ਜਹਾਜ਼ ਦੇ ਇੰਟਰਕੌਮ ਸਿਸਟਮ ਰਾਹੀਂ ਯਾਤਰੀਆਂ ਨੂੰ ਸੰਬੋਧਿਤ ਹੋਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਗਲਤ ਬਟਨ ਦੱਬਿਆ। ਇਸ ਲਈ ਉਸ ਦਾ ਸੁਨੇਹਾ ਹੇਠਾਂ ਕੰਟਰੋਲ ਰੂਮ ਵਿੱਚ ਸੁਣਾਈ ਦਿੱਤਾ। ਓਂਗ ਲਗਾਤਾਰ ਖ਼ਬਰ ਦੇ ਰਹੀ ਸੀ ਕਿ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਜਾ ਰਿਹਾ ਹੈ। ਇਸ ਵਿਚਾਲੇ ਇੱਕ ਦੂਜੀ ਫਲਾਈਟ ਅਟੇਂਡੇਂਟ ਸਵੀਨੀ ਨੇ ਜਾਣਕਾਰੀ ਦਿੱਤੀ ਕਿ ਜਹਾਜ਼ ਵਿੱਚ ਬੈਠੇ ਲੋਕਾਂ ਨੂੰ ਗ਼ਲਤਫਹਿਮੀ ਹੈ ਕਿ ਪਹਿਲੀ ਕਲਾਸ ਵਿੱਚ ਕੋਈ ਮੈਡੀਕਲ ਐਮਰਜੈਂਸੀ ਹੋ ਗਈ ਹੈ, ਇਸ ਲਈ ਜਹਾਜ਼ ਹੇਠਾਂ ਉਤਾਰਿਆ ਜਾ ਰਿਹਾ ਹੈ।''
''ਇਸ ਦਰਮਿਆਨ ਸਵੀਨੀ ਨੇ ਕਿਹਾ, ਜਹਾਜ਼ ਤੇਜ਼ੀ ਨਾਲ ਹੇਠਾਂ ਆ ਰਿਹਾ ਹੈ। ਮੈਨੂੰ ਪਾਣੀ ਦਿਖ ਰਿਹਾ ਹੈ। ਭਵਨ ਵੀ ਦਿਖਾਈ ਦੇ ਰਹੇ ਹਨ।”
“ਥੋੜ੍ਹੀ ਦੇਰ ਬਾਅਦ ਉਹ ਫ਼ਿਰ ਬੋਲੀ, 'ਓ ਮਾਈ ਗੌਡ ਅਸੀਂ ਬਹੁਤ ਹੇਠਾਂ ਆ ਗਏ ਹਾਂ।' ਫ਼ਿਰ ਇੱਕ ਬਹੁਤ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ ਅਤੇ ਅਮਰੀਕਨ ਆਪਰੇਸ਼ਨ ਸੈਂਟਰ ਦਾ ਫੋਨ ਸੰਪਰਕ ਉਸ ਨਾਲ ਟੁੱਟ ਗਿਆ।''
''ਠੀਕ 8 ਵੱਜ ਕੇ 46 ਮਿੰਟ 'ਤੇ AA ਫਲਾਈਟ 11 ਵਰਲਡ ਟ੍ਰੇਡ ਸੈਂਟਰ ਦੇ ਉੱਤਰੀ ਟਾਵਰ 'ਚ 93ਵੀਂ ਅਤੇ 99ਵੀਂ ਮੰਜ਼ਿਲ ਵਿਚਾਲੇ ਟਕਰਾਈ। ਜਹਾਜ਼ ਵਿੱਚ ਮੌਜੂਦ ਕਰੀਬ 10000 ਗੈਲਟ ਜੈੱਟ ਫਿਊਲ ਉਨ੍ਹਾਂ ਮੰਜ਼ਿਲਾਂ ਵਿੱਚ ਮੌਜੂਦ ਫਰਮ ਫ੍ਰੇਡ ਆਲਗਰ ਮੈਨੇਜਮੈਂਟ ਅਤੇ ਮਾਰਸ਼ ਐਂਡ ਮੇਗਲੇਨੇਨ ਦੇ ਦਫ਼ਤਰਾਂ ਵਿੱਚ ਫ਼ੈਲ ਗਿਆ।''
ਚਾਰੇ ਪਾਸੇ ਅੱਗ ਹੀ ਅੱਗ
ਉਸ ਸਮੇਂ ਨਿਊ ਯਾਰਕ ਫਾਈਰ ਬ੍ਰਿਗੇਡ ਵਿਭਾਗ ਦੇ ਮੁਖੀ ਜੌਜ਼ੇਫ਼ ਫ਼ਾਇਫ਼ਰ ਦੇ ਕੋਲ ਹੀ ਖੜ੍ਹੇ ਹੋਏ ਸਨ। ਬਾਅਦ ਵਿੱਚ ਉਨ੍ਹਾਂ ਨੇ 'ਦਿ ਓਨਲੀ ਪਲੇਨ ਇਨ ਦਿ ਸਕਾਈ' ਦੇ ਲੇਖਕ ਗੈਰੇਟ ਐਮ ਗ੍ਰਾਫ਼ ਨੂੰ ਦੱਸਿਆ, ''ਮੇਨਹਟਨ 'ਚ ਉੱਚੀਆਂ ਇਮਾਰਤਾਂ ਦੀ ਵਜ੍ਹਾ ਨਾਲ ਤੁਹਾਨੂੰ ਜਹਾਜ਼ਾਂ ਦੀ ਆਵਾਜ਼ੀ ਨਹੀਂ ਸੁਣਦੀ। ਪਰ ਜਿਵੇਂ ਹੀ ਜਹਾਜ਼ ਉੱਤਰੀ ਟਾਵਰ ਨਾਲ ਟਕਰਾਇਆ ਤਾਂ ਇੱਕ ਜ਼ੋਰ ਦਾ ਧਮਾਕਾ ਹੋਇਆ। ਸਾਡੀਆਂ ਨਿਗਾਹਾਂ ਉੱਤੇ ਉੱਪਰ ਵੱਲ ਗਈਆਂ। ਅਸੀਂ ਸਭ ਨੇ ਦੰਦਾਂ ਹੇਠਾਂ ਉਂਗਲਾਂ ਦੱਬਦੇ ਹੋਏ ਦੇਖਿਆ ਕਿ ਜਹਾਜ਼ ਨੇ ਟਾਵਰ ਨੂੰ ਟੱਕਰ ਮਾਰ ਦਿੱਤੀ ਹੈ।''
ਉਸੇ ਸਮੇਂ ਨਿਊ ਯਾਰਕ ਪੁਲਿਸ ਵਿਭਾਗ 'ਚ ਕੰਮ ਕਰ ਰਹੇ ਸਾਰਜੇਂਟ ਮਾਇਕ ਮੇਕਗਵਰਨ ਨੂੰ ਵੀ ਧਮਾਕਾ ਸੁਣਿਆ।
ਉਨ੍ਹਾਂ ਨੇ ਰੇਡੀਓ 'ਤੇ ਸੰਦੇਸ਼ ਭੇਜਿਆ, ''ਹੁਣੇ-ਹੁਣੇ ਇੱਕ 767 ਜਹਾਜ਼ ਨੇ ਵਰਲਡ ਟ੍ਰੇਡ ਸੈਂਟਰ ਦੇ ਉੱਤਰੀ ਟਾਵਰ 'ਚ ਟੱਕਰ ਮਾਰੀ ਹੈ।''
ਜਿਵੇਂ ਹੀ ਪੁਲਿਸ ਮੁਖੀ ਜੋ ਇਸਪੋਸਿਟੋ ਨੇ ਇਹ ਸੰਦੇਸ਼ ਸੁਣਿਆ, ਉਨ੍ਹਾਂ ਨੇ ਸਾਰਜੇਂਟ ਮੇਕਗਵਰਨ ਨੂੰ ਪੁੱਛਿਆ, ''ਤੁਹਾਨੂੰ ਕਿਵੇਂ ਲੱਗਿਆ ਕਿ ਉਹ ਜਹਾਜ਼ 767 ਸੀ?''
ਮੈਕਗਵਰਨ ਨੇ ਜਵਾਬ ਦਿੱਤਾ ਸੀ, ''ਮੈਂ ਪਹਿਲਾਂ ਪਾਇਲਟ ਰਹਿ ਚੁੱਕਿਆ ਹਾਂ।''
81ਵੀਂ ਮੰਜ਼ਿਲ 'ਚ ਬੈਠੇ ਬੈਂਕ ਆਫ਼ ਅਮਰੀਕਾ ਦੇ ਜੀਨ ਪੌਟਰ ਨੂੰ ਇੰਨੀ ਜ਼ੋਰ ਦਾ ਧੱਕਾ ਲੱਗਿਆ ਕਿ ਉਹ ਆਪਣੀ ਕੁਰਸੀ ਤੋਂ ਡਿੱਗ ਗਏ। ਬਾਅਦ ਵਿੱਚ ਉਨ੍ਹਾਂ ਨੇ ਦੱਸਿਆ ਕਿ ''ਪੂਰੀ ਬਿਲਡਿੰਗ ਬੁਰੀ ਤਰ੍ਹਾਂ ਹਿੱਲਣ ਲੱਗੀ ਅਤੇ ਹਰ ਪਾਸੇ ਧੂਆਂ ਭਰ ਗਿਆ।''
90ਵੀਂ ਮੰਜ਼ਿਲ 'ਚ ਪਾਸ ਕੰਸਲਟਿੰਗ ਗਰੁੱਪ ਦੇ ਸਲਾਹਕਾਰ ਰਿਚਰਡ ਏਕਨ ਨੇ ਯਾਦ ਕੀਤਾ, ''ਮੈਂ ਆਪਣੇ ਖੱਬੇ ਮੋਢੇ ਵੱਲ ਦੇਖਿਆ ਇੱਕ ਏਸ਼ੀਆਈ ਮੂਲ ਦਾ ਵਿਅਕਤੀ ਮੇਰੇ ਵੱਲ ਤੇਜ਼ੀ ਨਾਲ ਦੌੜਦਾ ਆ ਰਿਹਾ ਹੈ। ਇੰਝ ਲੱਗ ਰਿਹਾ ਸੀ ਜਿਵੇਂ ਉਸ ਨੂੰ ਡੀਪ ਫ੍ਰਾਈ ਕਰ ਦਿੱਤਾ ਗਿਆ ਹੋਵੇ। ਉਸ ਦੀਆਂ ਬਾਹਾਂ ਫ਼ੈਲੀਆਂ ਹੋਈਆਂ ਸਨ ਅਤੇ ਉਸ ਦੀ ਚਮੜੀ ਸੀਵੀਡ ਵਾਂਗ ਲਟਕ ਰਹੀ ਸੀ। ਉਹ 'ਹੇਲਪ ਮੀ, ਹੇਲਪ ਮੀ' ਚਿਲਾਉਂਦੇ ਹੋਏ ਮੇਰੇ ਪੈਰਾਂ ਦੇ ਵਿਚਾਲੇ ਡਿੱਗ ਗਿਆ ਸੀ। ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਉਦੋਂ ਮੈਂ ਦੇਖਿਆ ਕਿ ਮੇਰੀ ਪੂਰੀ ਕਮੀਜ਼ ਖ਼ੂਨ ਨਾਲ ਭਰ ਗਈ ਸੀ।''
ਦੂਜੇ ਜਹਾਜ਼ ਨੇ ਵੀ ਮਾਰੀ ਟੱਕਰ
17 ਮਿੰਟ ਬਾਅਦ 9 ਵੱਜ ਕੇ 3 ਮਿੰਟ 'ਤੇ ਹਾਈਜੈਕ ਕੀਤੇ ਗਏ ਇੱਕ ਹੋਰ ਜਹਾਜ਼ 175 ਨੇ ਵਰਲਡ ਟ੍ਰੇਡ ਸੈਂਟਰ ਦੇ ਦੱਖਣੀ ਟਾਵਰ ਨੂੰ ਹਿਟ ਕੀਤਾ। 1 ਘੰਟੇ 42 ਮਿੰਟ ਦੇ ਅੰਦਰ 110ਵੀਂ ਮੰਜ਼ਿਲ ਉੱਚੀ ਦੋਵੇਂ ਇਮਾਰਤਾਂ ਢਹਿ-ਢੇਰੀ ਹੋ ਗਈਆਂ।
ਇੱਕ ਹੋਰ ਜਹਾਜ਼ ਨੇ ਪੇਂਟਾਗਨ ਦੇ ਪੱਛਮੀ ਕੰਢੇ 'ਤੇ ਹਮਲਾ ਕੀਤਾ, ਜਿਸ ਨਾਲ ਭਵਨ ਦਾ ਇੱਕ ਹਿੱਸਾ ਢਹਿ ਗਿਆ।
ਯੂਨਾਇਟੇਡ ਏਅਰਲਾਈਂਜ਼ ਦੀ ਫਲਾਈਟ ਨੰਬਰ 93 ਨੂੰ ਵੀ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਹਾਜ਼ ਵਿੱਚ ਸਵਾਰ ਯਾਤਰੀਆਂ ਨੇ ਉਹ ਕੋਸ਼ਿਸ਼ ਅਸਫ਼ਲ ਕਰ ਦਿੱਤੀ। 10 ਵੱਜ ਕੇ 3 ਮਿੰਟ 'ਤੇ ਉਹ ਜਹਾਜ਼ ਪੈਨਸਿਲਵੇਨੀਆ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ 'ਚ ਸਵਾਰ ਸਾਰੇ ਲੋਕ ਮਾਰੇ ਗਏ।
ਅਸਮਾਨ ਤੋਂ ਧੂਆਂ ਉੱਠਦਾ ਦਿਖਿਆ
ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਜੌਰਜ ਬੁਸ਼ ਫਲੋਰਿਡਾ ਵਿੱਚ ਸਨ। ਉਨ੍ਹਾਂ ਨੂੰ ਜਦੋਂ ਇਹ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਰਾਜਧਾਨੀ ਵਾਸ਼ਿੰਗਟਨ ਪਹੁੰਚਣ ਦੀ ਮੰਸ਼ਾ ਜਤਾਈ। ਉਸ ਵੇਲੇ ਵ੍ਹਾਈਟ ਹਾਊਸ ਵਿੱਚ ਮੌਜੂਦ ਉਨ੍ਹਾਂ ਦੀ ਸੁਰੱਖਿਆ ਸਲਾਹਕਾਰ ਕੋਂਡਾਲਿਜਾ ਰਾਇਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਜਿੱਥੇ ਹਨ ਉੱਥੇ ਹੀ ਰਹਿਣ।
ਸਾਬਕਾ ਰਾਸ਼ਟਰਪਤੀ ਜੌਰਜ ਬੁਸ਼ ਨੂੰ ਅਧਿਕਾਰੀ ਹਮਲੇ ਦੀ ਜਾਣਕਾਰੀ ਦਿੰਦੇ ਹੋਏ
ਉਸ ਸਮੇਂ ਅਮਰੀਕੀ ਪੁਲਾੜ ਯਾਤਰੀ ਫ਼੍ਰੈਂਕ ਕੁਲਬਰਟਸਨ ਇਕੱਲੇ ਅਮਰੀਕੀ ਸਨ ਜੋ ਇਸ ਧਰਤੀ 'ਤੇ ਨਾ ਹੋ ਕੇ ਪੁਲਾੜ ਵਿੱਚ ਸਨ। 11 ਸਤੰਬਰ ਨੂੰ ਇਸ ਸਭ ਤੋਂ ਬੇਖ਼ਬਰ ਉਨ੍ਹਾਂ ਨੇ ਧਰਤੀ 'ਤੇ ਫਲਾਈਟ ਸਾਰਜੇਂਟ ਸਟੀਵ ਹਾਰਟ ਨਾਲ ਸੰਪਰਕ ਕੀਤਾ ਤੇ ਪੁੱਛਿਆ ਕਿ ਉੱਥੇ ਸਭ ਠੀਕ ਤਾਂ ਹੈ।
ਹਾਰਟ ਦਾ ਜਵਾਬ ਸੀ, ''ਧਰਤੀ ਲਈ ਇਹ ਦਿਨ ਚੰਗਾ ਨਹੀਂ ਹੈ।''
ਉਸ ਸਮੇਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਕੈਨੇਡਾ ਦੇ ਉੱਪਰੋਂ ਲੰਘ ਰਿਹਾ ਸੀ। ਬਾਅਦ ਵਿੱਚ ਕਮਾਂਡਰ ਫ੍ਰੈਂਕ ਕੁਲਬਰਟਨ ਨੇ ਲਿਖਿਆ, ''ਥੋੜ੍ਹੀ ਦੇਰ ਬਾਅਦ ਜਦੋਂ ਮੈਂ ਨਿਊ ਯਾਰਕ ਸ਼ਹਿਰ ਤੋਂ 400 ਕਿਲੋਮੀਟਰ ਦੂਰ ਉੱਤੋਂ ਲੰਘ ਰਿਹਾ ਸੀ ਤਾਂ ਮੈਂ ਦੇਖਿਆ ਕਿ ਉੱਥੋਂ ਨਿਕਲਦਾ ਕਾਲਾ ਧੂਆਂ ਸਾਫ ਦਿੱਖ ਰਿਹਾ ਹੈ।
“ਜਦੋਂ ਮੈਂ ਆਪਣੇ ਕੈਮਰੇ ਨੂੰ ਜੂਮ ਕੀਤਾ ਤਾਂ ਮੈਂ ਦੇਖਿਆ ਕਿ ਪੂਰਾ ਮੈਨਹਟਨ ਦਾ ਇਲਾਕਾ ਧੂਏਂ ਨਾਲ ਭਰਿਆ ਹੋਇਆ ਸੀ। ਮੇਰੀਆਂ ਅੱਖਾਂ ਸਾਹਮਣੇ ਹੀ ਦੂਜਾ ਟਾਵਰ ਵੀ ਢਹਿ ਢੇਰੀ ਹੋਇਆ। ਆਪਣੇ ਦੇਸ਼ ਉੱਤੇ ਹਮਲਾ ਹੁੰਦੇ ਦੇਖਣਾ ਬਹੁਤ ਭਿਆਨਕ ਸੀ।''
''ਮੈਂ ਜਦੋਂ ਦੂਜੀ ਵਾਰ ਅਮਰੀਕਾ ਦੇ ਉੱਪਰੋਂ ਲੰਘਿਆਂ ਤਾਂ ਦੇਖਿਆ ਕਿ ਅਮਰੀਕੀ ਹਵਾਈ ਸਰਹੱਦ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਸੀ। ਸਾਰੇ ਜਹਾਜ਼ਾਂ ਨੂੰ ਜ਼ਮੀਨ 'ਤੇ ਉੱਤਰ ਜਾਣ ਲਈ ਕਿਹਾ ਗਿਆ ਸੀ। ਇੱਕ ਵੀ ਜਹਾਜ਼ ਹਵਾ ਵਿੱਚ ਨਹੀਂ ਸੀ, ਸਿਵਾਏ ਜੌਰਜ ਬੁਸ਼ ਵਾਲੇ ਜਹਾਜ਼ ਦੇ।''
ਇਹ ਜਹਾਜ਼ ਏਅਰਫੋਰਸ ਵਨ ਸੀ ਜਿਸ 'ਚ ਰਾਸ਼ਟਰਪਤੀ ਬੁਸ਼ ਸਵਾਰ ਸਨ ਅਤੇ ਉਹ ਆਪਣੇ ਸਲਾਹਕਾਰਾਂ ਦੀ ਸਲਾਹ ਦੇ ਉਲਟ ਵਾਸ਼ਿੰਗਟਨ ਡੀਸੀ ਵੱਲ ਵੱਧ ਰਹੇ ਸਨ।
ਇਹ ਵੀ ਪੜ੍ਹੋ:
https://www.youtube.com/watch?v=q1_c9OgyFIQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c5743a71-ce61-4587-9727-9ec1376ca765','assetType': 'STY','pageCounter': 'punjabi.international.story.58527576.page','title': '9/11 ਵਰਲਡ ਟ੍ਰੇਡ ਸੈਂਟਰ \'ਤੇ ਹਮਲੇ ਨੂੰ ਮੁਹੰਮਦ ਅਤਾ ਨੇ ਕਿਵੇਂ ਅੰਜਾਮ ਦਿੱਤਾ ਸੀ','author': 'ਰੇਹਾਨ ਫ਼ਜ਼ਲ','published': '2021-09-11T11:36:14Z','updated': '2021-09-11T11:36:14Z'});s_bbcws('track','pageView');

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਦਿੱਤਾ ਅਸਤੀਫ਼ਾ, ਇਹ ਕਾਰਨ ਦੱਸੇ
NEXT STORY