ਉੱਘੇ ਟੀਵੀ ਐਂਕਰ ਵਿਨੋਦ ਦੂਆ ਦਾ ਜਾਣਾ ਟੀਵੀ ਪੱਤਰਕਾਰੀ ਦੇ ਇੱਕ ਯੁੱਗ ਦਾ ਅੰਤ ਹੈ। ਇੱਥੇ ਇੱਕ ਯੁੱਗ ਦਾ ਅੰਤ ਭਾਵੇਂ ਇੱਕ ਘਿਸਿਆ-ਪਿਟਿਆ ਮੁਹਾਵਰਾ ਹੀ ਹੋਵੇ ਪਰ ਕੋਈ ਅਤਿਕਥਨੀ ਬਿਲਕੁਲ ਵੀ ਨਹੀਂ ਹੈ, ਸਗੋਂ ਸੱਚਾਈ ਹੈ।
ਖ਼ਾਸ ਤੌਰ 'ਤੇ ਟੀਵੀ ਪੱਤਰਕਾਰੀ ਲਈ। ਉਨ੍ਹਾਂ ਕਰਕੇ ਹਿੰਦੀ ਪੱਤਰਕਾਰੀ ਪਹਿਲੀ ਵਾਰ ਜਗਮਗਾਈ ਸੀ।
ਉਸ ਸਮੇਂ ਟੀਵੀ ਦੀ ਦੁਨੀਆਂ ਦਾ ਘੇਰਾ ਸਿਰਫ਼ ਦੂਰਦਰਸ਼ਨ ਤੱਕ ਸੀ ਅਤੇ ਟੀਵੀ ਪੱਤਰਕਾਰੀ ਦਾ ਕਿਤੇ ਨਾਮ ਵੀ ਨਹੀਂ ਸੀ।
ਅਜਿਹੇ ਵਿੱਚ ਵਿਨੋਦ ਦੂਆ ਧੂਮਕੇਤੂ ਵਾਂਗ ਉੱਭਰੇ ਸਨ। ਉਸ ਤੋਂ ਬਾਅਦ ਲਗਭਗ ਤਿੰਨ ਦਹਾਕਿਆਂ ਤੱਕ ਉਹ ਕਿਸੇ ਲਾਈਟ ਟਾਵਰ ਵਾਂਗ ਮੀਡੀਆ ਜਗਤ ਵਿੱਚ ਰੌਸ਼ਨ ਰਹੇ।
ਦੂਰਦਰਸ਼ਨ ਉੱਪਰ ਉਨ੍ਹਾਂ ਦੀ ਸ਼ੁਰੂਆਤ, ਗ਼ੈਰ ਖ਼ਬਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਤੋਂ ਹੋਈ ਸੀ ਪਰ ਬਾਅਦ ਵਿੱਚ ਉਹ ਖ਼ਬਰਾਂ ਬਾਰੇ ਪ੍ਰੋਗਰਾਮਾਂ ਦੀ ਦੁਨੀਆਂ ਵਿੱਚ ਦਾਖ਼ਲ ਹੋਏ ਅਤੇ ਛਾ ਗਏ।
ਚੋਣ ਵਿਸ਼ਲੇਸ਼ਣ ਨੇ ਉਨ੍ਹਾਂ ਦੀ ਪ੍ਰਸਿੱਧੀ ਨੂੰ ਅਸਮਾਨ ਤੱਕ ਪਹੁੰਚਾ ਦਿੱਤਾ ਸੀ। ਪ੍ਰਣਅ ਰੌਇ ਦੇ ਨਾਲ ਉਨ੍ਹਾਂ ਦੀ ਜੋੜੀ ਨੇ ਪੂਰੇ ਭਾਰਤ ਨੂੰ ਕੀਲ ਲਿਆ ਸੀ।
ਦਰਅਸਲ, ਵਿਨੋਦ ਦੂਆ ਦਾ ਆਪਣਾ ਵਿਲੱਖਣ ਅੰਦਾਜ਼ ਸੀ। ਇਸ ਵਿੱਚ ਉਨ੍ਹਾਂ ਦੀ ਬੇਲਾਗਤਾ ਅਤੇ ਹਿੰਮਤ ਸ਼ਾਮਲ ਸੀ।
ਜਨਵਾਣੀ ਪ੍ਰੋਗਰਾਮ ਵਿੱਚ ਉਹ ਮੰਤਰੀਆਂ ਤੋਂ ਜਿਸ ਤਰ੍ਹਾਂ ਦੇ ਸਵਾਲ ਪੁੱਛਦੇ ਸਨ ਜਾਂ ਟਿੱਪਣੀਆਂ ਕਰਦੇ ਸਨ, ਉਨ੍ਹਾਂ ਦੀ ਕਲਪਨਾ ਕਰਨਾ ਉਸ ਜ਼ਮਾਨੇ ਵਿੱਚ ਅਸੰਭਵ ਜਿਹੀ ਗੱਲ ਸੀ।
ਮੰਤਰੀ ਦੇ ਮੂੰਹ ’ਤੇ ਆਲੋਚਨਾ ਕਰਨ ਦੀ ਹਿੰਮਤ
ਸਰਕਾਰੀ ਕੰਟਰੋਲ ਵਾਲੇ ਦੂਰਦਰਸ਼ਨ ਵਿੱਚ ਕੋਈ ਐਂਕਰ ਸ਼ਕਤੀਸ਼ਾਲੀ ਮੰਤਰੀ ਨੂੰ ਇਹ ਕਹੇ ਕਿ ਉਨ੍ਹਾਂ ਦੇ ਕੰਮਕਾਜ ਦੇ ਅਧਾਰ ਉੱਪਰ ਉਹ ਉਨ੍ਹਾਂ ਨੂੰ ਦਸ ਵਿੱਚੋਂ ਤਿੰਨ ਨੰਬਰ ਦਿੰਦੇ ਹਨ ਅਤੇ ਇਹ ਉਸ ਲਈ ਬਹੁਤ ਸ਼ਰਮਨਾਕ ਗੱਲ ਸੀ।
ਵਿਨੋਦ ਦੂਆ ਵਿੱਚ ਅਜਿਹਾ ਕਹਿਣ ਦੀ ਹਿੰਮਤ ਸੀ ਅਤੇ ਉਹ ਵਾਰ-ਵਾਰ ਅਜਿਹਾ ਕਰਦੇ ਸਨ। ਇਸ ਲਈ ਮੰਤਰੀਆਂ ਨੇ ਪ੍ਰਧਾਨ ਮੰਤਰੀ ਕੋਲ ਇਸ ਦੀ ਸ਼ਿਕਾਇਤ ਕਰਕੇ ਪ੍ਰੋਗਰਾਮ ਬੰਦ ਕਰਵਾਉਣ ਦੀ ਵਾਹ ਲਾਈ ਪਰ ਸਫ਼ਲ ਨਹੀਂ ਹੋ ਸਕੇ।
ਵਿਨੋਦ ਦੂਆ ਨੇ ਆਪਣਾ ਇਹ ਅੰਦਾਜ਼ ਕਦੇ ਨਹੀਂ ਛੱਡਿਆ। ਅੱਜ ਦੇ ਦੌਰ ਵਿੱਚ ਜਦੋਂ ਜ਼ਿਆਦਾਤਰ ਪੱਤਰਕਾਰ ਅਤੇ ਐਂਕਰ ਸੱਤਾ ਦੀ ਚਾਟੂਕਾਰਿਤਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਨਜ਼ਰ ਆ ਰਹੇ ਹਨ।
ਉਸ ਸਮੇਂ ਵਿਨੋਦ ਦੂਆ ਨਾਮ ਦਾ ਇਹ ਵਿਅਕਤੀ ਹਰ ਰੋਜ਼ ਪ੍ਰਧਾਨ ਸੇਵਕ ਦੇ ਝੂਠ, ਹੰਕਾਰ, ਨਾਕਬਲੀਅਤ, ਨਫ਼ਰਤ ਅਤੇ ਗੈਰ-ਲੋਕਤੰਤਰੀ ਆਚਰਣ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆਉਂਦਾ ਸੀ।
ਉਨ੍ਹਾਂ ਨੇ ਕਦੇ ਇਸ ਗੱਲ ਦੀ ਫਿਕਰ ਨਹੀਂ ਕੀਤੀ ਕਿ ਸੱਤਾ ਉਨ੍ਹਾਂ ਨੇ ਨਾਲ ਕੀ ਸਲੂਕ ਕਰੇਗੀ। ਸੱਤਾਧਾਰੀ ਦਨ ਨੇ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਕੇਸ ਵਿੱਚ ਫ਼ਸਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਲੜਾਈ ਲੜੀ ਅਤੇ ਸੁਪਰੀਮ ਕੋਰਟ ਵਿੱਚੋਂ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਮੁੱਕਦਮਾ ਮੀਡੀਆ ਲਈ ਵੀ ਇੱਕ ਰਾਹਤ ਸਾਬਤ ਹੋਇਆ।
ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਉੱਪਰ ਵਿਨੋਦ ਦੂਆ ਦੀ ਅਨੋਖੀ ਪਕੜ ਸੀ। ਪ੍ਰਣਯ ਰੌਇ ਦੇ ਨਾਲ ਚੋਣ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਪ੍ਰਤਿਭਾ ਪੂਰੇ ਦੇਸ਼ ਨੇ ਦੇਖੀ ਅਤੇ ਸ਼ਲਾਘਾ ਕੀਤੀ। ਖੁੱਲ੍ਹੇ ਅਨੁਵਾਦ ਨੇ ਉਨ੍ਹਾਂ ਦੇ ਐਂਕਰਿੰਗ ਨੂੰ ਇੱਕ ਕਦਮ ਹੋਰ ਉੱਪਰ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ:
ਬਿਨਾਂ ਟੀਪੀ ਦੇ ਐਂਕਰਿੰਗ ਵਿੱਚ ਮਾਹਰ
ਅਪਵਾਦ ਨੂੰ ਛੱਡ ਦੇਈਏ ਤਾਂ ਉਹ ਹਿੰਦੀ ਦੇ ਪ੍ਰੋਗਰਾਮ ਕਰਦੇ ਰਹੇ ਅਤੇ ਆਪਣੀ ਪਛਾਣ ਹਿੰਦੀ ਦੇ ਐਂਕਰ ਵਜੋਂ ਹੀ ਕਾਇਮ ਰੱਖੀ। ਉਨ੍ਹਾਂ ਨੇ ਕਦੇ ਇਸ ਬਾਰੇ ਆਪਣੇ-ਆਪ ਨੂੰ ਹੀਣਾ ਮਹਿਸੂਸ ਨਹੀਂ ਕੀਤਾ ਕਿ ਉਹ ਹਿੰਦੀ ਵਿੱਚ ਕੰਮ ਕਰ ਰਹੇ ਹਨ।
ਇਸ ਤਰ੍ਹਾਂ ਉਨ੍ਹਾਂ ਨੂੰ ਹਿੰਦੀ ਨੂੰ ਹਰਮਨਪਿਆਰੀ ਬਣਾਉਣ ਵਾਲੇ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ।
ਹਾਲਾਂਕਿ ਉਹ ਖ਼ੁਦ ਨੂੰ ਬਰਾਡਕਾਸਟਰ ਯਾਨਿ ਕਿ ਪ੍ਰਸਾਰਕ ਦਸਦੇ ਸਨ ਅਤੇ ਕਹਿੰਦੇ ਸਨ ਕਿ ਉਹ ਪੱਤਰਕਾਰ ਨਹੀਂ ਹਨ। ਹਾਲਾਂਕਿ ਇਸ ਵਿੱਚ ਥੋੜ੍ਹੀ ਹੀ ਸੱਚਾਈ ਸੀ।
ਦੂਰਦਰਸ਼ਨ ਦੇ ਸ਼ੁਰੂਆਤੀ ਦਿਨਾਂ ਵਿੱਚ ਖ਼ਬਰਾਂ ਪੜ੍ਹਨ ਵਾਲੇ ਜ਼ਿਆਦਾਤਰ ਐਂਕਰਾਂ ਦਾ ਪੱਤਰਕਾਰੀ ਨਾਲ ਕੋਈ ਵਾਸਤਾ ਨਹੀਂ ਹੁੰਦਾ ਸੀ। ਉਹ (ਟੈਲੀਪ੍ਰਾਮਪਟਰ) ਉੱਪਰ ਲਿਖਿਆ ਪੜ੍ਹਨਾ ਹੀ ਜਾਣਦੇ ਸਨ।
ਇਸ ਤੋਂ ਉਲਟ ਵਿਨੋਦ ਦੂਆ ਨੂੰ ਟੀਪੀ ਦੀ ਲੋੜ ਨਹੀਂ ਹੁੰਦੀ ਸੀ। ਉਹ ਮਿੰਟਾਂ ਵਿੱਚ ਹੀ ਆਪਣੇ ਦਿਮਾਗ਼ ਵਿੱਚ ਤੈਅ ਕਰ ਲੈਂਦੇ ਸਨ ਕਿ ਕੀ ਬੋਲਣਾ ਹੈ ਅਤੇ ਕਿਵੇਂ ਬੋਲਣਾ ਹੈ। ਇਸੇ ਲਈ ਉਹ ਸਿੱਧੇ ਪ੍ਰਸਾਰਣ ਦੇ ਮਾਹਰ ਸਨ।
ਇਹ ਸਹੀ ਹੈ ਕਿ ਉਹ ਘਟਨਾਵਾਂ ਦੀ ਰਿਪੋਰਟਿੰਗ ਲਈ ਸ਼ੁਰੂਆਤੀ ਦੌਰ ਤੋਂ ਇਲਾਵਾ (ਨਿਊਜ਼ ਲਾਈਨ) ਕਦੇ ਫ਼ੀਲਡ ਵਿੱਚ ਨਹੀਂ ਉੱਤਰੇ (ਖਾਣ-ਪਾਨ ਦੇ ਪ੍ਰੋਗਰਾਮ, ਜ਼ਾਇਕਾ ਇੰਡੀਆ ਨੂੰ ਛੱਡ ਕੇ ਅਤੇ ਨਾ ਹੀ ਅਖ਼ਬਾਰ-ਰਸਾਲਿਆਂ ਵਿੱਚ ਲੇਖ ਵਗੈਰਾ ਲਿਖਦੇ ਸਨ ਪਰ ਦੇਸ਼-ਦੁਨੀਆਂ ਦੀਆਂ ਹਲਚਲਾਂ ਦੇ ਬਾਰੇ ਬਹੁਤ ਚੇਤੰਨ ਰਹਿੰਦੇ ਸਨ। ਇਹ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਂਕਰਿੰਗ ਪੱਤਰਕਾਰੀ ਦੀ ਸੂਝ ਅਤੇ ਜਾਣਕਾਰੀਆਂ ਨਾਲ ਭਰੀ ਹੁੰਦੀ ਸੀ। ਉਨ੍ਹਾਂ ਦੇ ਸਵਾਲਾਂ ਵਿੱਚ ਇਸ ਦੀ ਛਾਪ ਨਜ਼ਰ ਆਉਂਦੀ ਸੀ।
ਸਵਾਲਾਂ ਦਾ ਤਿੱਖਾਪਣ ਸਿਰਫ਼ ਤੇਵਰਾਂ ਅਤੇ ਹਾਵਭਾਵ ਨਾਲ ਨਹੀਂ ਆਉਂਦਾ ਸੀ ਪਰ ਖ਼ਬਰਾਂ ਦੀ ਇਸ ਮਹੀਨ ਸੂਝ ਤੋਂ ਵੀ ਆਉਂਦਾ ਸੀ ਜੋ ਲਗਾਤਾਰ ਆਪਣੇ ਸਾਥੀਆਂ-ਸੰਗੀਆਂ ਨਾਲ ਚਰਚਾ ਕਰਕੇ ਵਿਕਸਿਤ ਕਰਦੇ ਰਹਿੰਦੇ ਸਨ।
ਵਿਨੋਦ ਦੂਆ ਦੀ ਪੱਤਰਕਾਰੀ
ਦੇਸ਼ ਦੀ ਪਹਿਲੀ ਹਿੰਦੀ ਹਫ਼ਤਾਵਾਰੀ ਚਲਚਿੱਤਰ ਪੱਤਰਿਕਾ ਦੀ ਹਰਮਨਪਿਆਰਤਾ ਵਿਨੋਦ ਦੂਆ ਦੀ ਪੱਤਰਕਾਰੀ ਦਾ ਸਬੂਤ ਸੀ।
ਦੂਆ ਇਸ ਵਿੱਚ ਮੇਜ਼ਬਾਨ ਹੀ ਨਹੀਂ ਸਗੋਂ ਲੜੀਵਾਰ ਦੇ ਨਿਰਮਾਤਾ ਅਤੇ ਨਿਰਦੇਸ਼ਕ ਵੀ ਸਨ।
ਇਸ ਪ੍ਰੋਗਰਾਮ ਲਈ ਉਨ੍ਹਾਂ ਦੇ ਦੇਸ਼ਭਰ ਵਿੱਚ ਪੱਤਰਕਾਰਾਂ ਦਾ ਨੈੱਟਵਰਕ ਖੜ੍ਹਾ ਕੀਤਾ ਅਤੇ ਵੱਖ-ਵੱਖ ਕਿਸਮ ਦੀ ਸਮੱਗਰੀ ਸੰਜੋਅ ਕੇ ਇਸ ਪ੍ਰੋਗਰਾਮ ਵਿੱਚ ਪੇਸ਼ ਕਰਦੇ। ਉਨ੍ਹਾਂ ਨੇ ਇਸ ਪ੍ਰੋਗਰਾਮ ਨਾਲ ਪੂਰੇ ਦੇਸ਼ ਨੂੰ ਇੱਕ ਤਰ੍ਹਾਂ ਨਾਲ ਆਪਣੀ ਪੱਤਰਕਾਰੀ ਦਾ ਮੁਰੀਦ ਬਣਾ ਲਿਆ ਸੀ।
ਮੈਂ ਇਸ ਪ੍ਰੋਗਰਾਮ ਦਾ ਲਗਭਗ ਸੌ ਕੜੀਆਂ ਤੱਕ ਮੁੱਖ ਸੰਪਾਦਕ ਸੀ ਇਸ ਲਈ ਆਪਣੇ ਤਜ਼ਰਬੇ ਵਿੱਚੋਂ ਦੱਸ ਸਕਦਾ ਹਾਂ ਕਿ ਉਹ ਆਪਣੇ ਸਹਿਯੋਗੀਆਂ ਨੂੰ ਪੂਰੀ ਖੁੱਲ੍ਹ ਦਿੰਦੇ ਸਨ।
ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਦੂਰਦਰਸ਼ਨ ਵਿੱਚ ਹਰ ਰਿਪੋਰਟ ਰਿਵੀਊ ਹੁੰਦੀ ਸੀ ਅਤੇ ਅਫ਼ਸਰ ਬਹੁਤ ਕੱਟ-ਵੱਢ ਕਰਦੇ ਸਨ ਪਰ ਦੂਆ ਸਾਹਬ ਨੇ ਕਦੇ ਇਸ ਬਾਰੇ ਉਜਰ ਨਹੀਂ ਕੀਤਾ ਕਿ ਫ਼ਲਾਣੀ ਸਟੋਰੀ ਵਿੱਚ ਇਹ ਕਿਉਂ ਨਹੀਂ ਸੀ ਅਤੇ ਉਹ ਕਿਉਂ ਸੀ।
ਉਸੇ ਦੌਰ ਵਿੱਚ ਉਹ ਜ਼ੀ ਟੀਵੀ ਦੇ ਲਈ ਇੱਕ ਪ੍ਰੋਗਰਾਮ ਚੱਕਰਵਿਊ ਕਰਦੇ ਸਨ। ਉਹ ਇੱਕ ਸਟੂਡੀਓ ਅਧਾਰਿਤ ਟਾਕ-ਸ਼ੋਅ ਸੀ।
ਸ਼ੋਅ ਵਿੱਚ ਕਿਸੇ ਮਸਲੇ, ਸਮਾਜਿਕ ਮੁੱਦੇ ਉੱਪਰ ਹਾਜ਼ਰ ਦਰਸ਼ਕਾਂ ਨਾਲ ਗੱਲਬਾਤ ਹੁੰਦੀ ਸੀ। ਇਸ ਸ਼ੋਅ ਵਿੱਚ ਵਿਨੋਦ ਦੂਆ ਦੀ ਐਂਕਰਿੰਗ ਅਤੇ ਸ਼ਖ਼ਸ਼ੀਅਤ ਦਾ ਇੱਕ ਨਿਵੇਕਲਾ ਪਹਿਲੂ ਦੇਖਣ ਨੂੰ ਮਿਲਿਆ ਸੀ।
ਵਿਨੋਦ ਦੂਆ ਦੀ ਪੱਤਰਕਾਰੀ ਨਾਲ ਜੁੜੀ ਸਮਝ ਦੀ ਇੱਕ ਮਿਸਾਲ ਸਹਾਰ ਵਨ ਉੱਪਰ ਉਨ੍ਹਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਪ੍ਰਤੀਦਿਨ ਵੀ ਸੀ।
ਇਸ ਪ੍ਰਗੋਰਾਮ ਵਿੱਚ ਉਹ ਪੱਤਰਕਾਰਾਂ ਨਾਲ ਮਿਲ ਕੇ ਉਸ ਦਿਨ ਦੀਆਂ ਅਖ਼ਬਾਰੀ ਸੁਰਖੀਆਂ ਦੀ ਚਰਚਾ ਕਰਦੇ ਸਨ।
ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਇਸ ਐਂਕਰ ਵਿੱਚ ਪੱਤਰਕਾਰੀ ਨਹੀਂ ਹੈ।
ਵਿਨੋਦ ਦੂਆ ਟੀਵੀ ਪੱਤਰਕਾਰੀ ਦੀ ਪਹਿਲੀ ਪੀੜ੍ਹੀ ਦੇ ਐਂਕਰ ਸਨ। ਉਨ੍ਹਾਂ ਨੇ ਉਸ ਦੌਰ ਵਿੱਚ ਪੱਤਰਕਾਰੀ ਸ਼ੁਰੂ ਕੀਤੀ ਸੀ ਜਦੋਂ, ਸਿੱਧਾ ਪ੍ਰਸਾਰਣ ਨਾ ਦੇ ਬਰਾਬਰ ਹੁੰਦਾ ਸੀ। ਯੁਵਾ ਮੰਚ (1974) ਅਤੇ ਆਪਕੇ ਲੀਏ (1981) ਵਰਗੇ ਪ੍ਰੋਗਰਾਮ ਰਿਕਾਰਡ ਹੁੰਦੇ ਸਨ।
ਬਹੁਤ ਬਾਅਦ ਵਿੱਚ, 1985 ਵਿੱਚ ਚੋਣ ਵਿਸ਼ਲੇਸ਼ਣ ਤੇ ਅਧਾਰਿਤ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸ਼ੁਰੂ ਹੋਇਆ। ਇਸ ਵਿੱਚ ਵੀ ਵਿਨੋਦ ਦੂਆ ਨੇ ਆਪਣੀ ਮੁਹਾਰਤ ਸਾਬਤ ਕਰ ਦਿੱਤੀ ਸੀ।
ਬਾਅਦ ਵਿੱਚ ਜਦੋਂ ਖ਼ਬਰੀ ਚੈਨਲਾਂ ਦਾ ਦੌਰ ਆਇਆ ਆਇਆ, ਜਿਸ ਵਿੱਚ ਲਾਈਵ ਹੀ ਲਾਈਵ ਸੀ। ਉਸ ਵਿੱਚ ਸਮਤੋਲ ਬਣਾਉਣ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ ਅਤੇ ਜਦੋਂ ਡਿਜੀਟਲ ਪੱਤਰਕਾਰੀ ਦਾ ਦੌਰ ਆਇਆ ਤਾਂ ਉਹ ਇਸ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਸਫ਼ਲ ਰਹੇ। ਦਿ ਵਾਇਰ ਅਤੇ ਐੱਚਡਬਲਿਊ ਉੱਪਰ ਉਨ੍ਹਾਂ ਦੇ ਸ਼ੋਅ ਦੇ ਦਰਸ਼ਕਾਂ ਦੀ ਸੰਖਿਆ ਲੱਖਾਂ ਵਿੱਚ ਸੀ।
ਗਾਉਣ, ਖਾਣ, ਪੜ੍ਹਨ ਦੇ ਸ਼ੌਂਕੀ
ਉਹ ਨਿਰੰਤਰ ਪੜ੍ਹਦੇ ਰਹਿਣ ਦੇ ਹਮਾਇਤੀ ਸੀ। ਹਿੰਦੀ ਅਤੇ ਉਰਦੂ ਦਾ ਸਾਹਿਤ ਉਨ੍ਹਾਂ ਨੇ ਖ਼ੂਬ ਪੜ੍ਹਿਆ ਹੋਇਆ ਸੀ। ਹਾਲਾਂਕਿ ਨਵੇਂ ਵਿੱਚ ਉਨ੍ਹਾਂ ਦੀ ਦਿਲਚਸਪੀ ਹਮੇਸ਼ਾ ਬਣੀ ਰਹਿੰਦੀ ਸੀ। ਸਾਹਿਤ ਤੋਂ ਇਲਾਵਾ ਹੋਰ ਵਿਸ਼ਿਆ ਬਾਰੇ ਵੀ ਉਨ੍ਹਾਂ ਦਾ ਅਧਿਐਨ ਚਲਦਾ ਰਹਿੰਦਾ ਸੀ। ਕਿਤਾਬਾਂ ਉਨ੍ਹਾਂ ਦੀਆਂ ਅਨਿੱਖੜ ਦੋਸਤ ਸਨ।
ਦੂਆ ਸਾਹਿਬ (ਜਿਵੇਂ ਕਿ ਲੋਕ ਉਨ੍ਹਾਂ ਨੂੰ ਅਕਸਰ ਯਾਦ ਕਰਦੇ ਸਨ) ਜ਼ਿੰਦਾ-ਦਿਲ, ਜੋਸ਼ ਅਤੇ ਜੋਸ਼ ਨਾਲ਼ ਲਬਰੇਜ਼ ਵਿਅਕਤੀ ਸਨ।
ਦਿਖਾਵਟੀ ਗੰਭੀਰਤਾ ਨੂੰ ਉਹ ਆਪਣੇ ਕੋਲ ਫਟਕਣ ਵੀ ਨਹੀਂ ਦਿੰਦੇ ਸਨ। ਉਹ ਹੱਸਣ ਅਤੇ ਕਿਸੇ ਵੀ ਸਥਿਤੀ ਉੱਪਰ ਵਿਅੰਗ ਕਰਨ ਲਈ ਤਿਆਰ ਬੈਠੇ ਰਹਿੰਦੇ ਸਨ। ਕਿਸੇ ਦੇ ਕਹੇ ਵਿੱਚ ਨਵੇਂ ਅਰਥ ਤਲਾਸ਼ ਕਰਨਾ ਉਨ੍ਹਾਂ ਦਾ ਸੁਭਾਵਿਕ ਸੁਭਾਅ ਸੀ।
ਇਸ ਲਈ ਉਦਾਸੀ ਦੀ ਉਨ੍ਹਾਂ ਦੀਆਂ ਮਹਿਫ਼ਲਾਂ ਵਿੱਚ ਕੋਈ ਥਾਂ ਨਹੀਂ ਸੀ। ਉਨ੍ਹਾਂ ਕੋਲ ਢੇਰ ਸਾਰੇ ਪ੍ਰਸੰਗ ਅਤੇ ਲਤੀਫ਼ੇ ਹੁੰਦੇ ਸਨ ਅਤੇ ਚੁਟਕੀਆਂ ਲੈਣ ਵਿੱਚ ਮੈਂ ਉਨ੍ਹਾਂ ਵਰਗਾ ਕੋਈ ਹੋਰ ਉਸਤਾਦ ਵਿਅਕਤੀ ਨਹੀਂ ਦੇਖਿਆ।
ਉਨ੍ਹਾਂ ਕਾਮੇਡੀਅਨ ਧੀ ਮਲਿੱਕਾ ਦੂਆ ਵਿੱਚ ਉਹ ਗੁਣ ਉਨ੍ਹਾਂ ਤੋਂ ਹੀ ਆਇਆ ਹੋਵੇਗਾ। ਉਨ੍ਹਾਂ ਵਰਗੀ ਹਾਜ਼ਰਜਵਾਬੀ ਵੀ ਦੁਰਲੱਭ ਸੀ।
ਸੰਗੀਤ ਉਨ੍ਹਾਂ ਦੀ ਪਹਿਲੀ ਪਸੰਦ ਸੀ, ਖ਼ਾਸ ਕਰਕੇ ਸੂਫ਼ੀ ਸੰਗੀਤ। ਅਕਸਰ ਬਾਬਾ ਬੁੱਲ੍ਹੇ ਸ਼ਾਹ ਅਤੇ ਬਾਬਾ ਫ਼ਰੀਦ ਦਾ ਜ਼ਿਕਰ ਕਰਦੇ। ਉਨ੍ਹਾਂ ਦੀ ਕਾਰ ਵਿੱਚ ਇਸੇ ਤਰ੍ਹਾਂ ਦਾ ਸੰਗੀਤ ਵਜਦਾ ਸੀ। ਅਕਸਰ ਉਨ੍ਹਾਂ ਦੇ ਘਰ ਸ਼ਾਮ ਦੀਆਂ ਮਹਿਫ਼ਲਾਂ ਹੁੰਦੀਆਂ ਸਨ ਅਤੇ ਉਨ੍ਹਾਂ ਵਿੱਚ ਗਾਉਣਾ-ਬਜਾਉਣਾ ਵੀ ਹੁੰਦਾ ਸੀ।
ਉਹ ਆਪ ਵੀ ਗਾਉਂਦੇ ਸਨ ਅਤੇ ਉਨ੍ਹਾਂ ਦੀ ਪਤਨੀ ਡਾ਼ ਚਿੱਤਰਾ (ਪਦਮਾਵਤੀ) ਵੀ ਗਾਉਂਦੇ ਸਨ।
ਇੱਕ ਪੱਤਰਕਾਰ ਯੋਧਾ
ਵਿਨੋਦ ਦੂਆ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਸੀ। ਉਨ੍ਹਾਂ ਦਾ ਪਰਿਵਾਰ ਵੰਡ ਸਮੇਂ ਪਾਕਿਸਤਾਨ ਦੇ ਡੇਰ੍ਹਾ ਇਸਮਾਈਲ ਖ਼ਾਨ ਤੋਂ ਹਿਜਰਤ ਕਰਕੇ ਆਇਆ ਸੀ।
ਉਸ ਅਰਸੇ ਦੌਰਾਨ ਉਨ੍ਹਾਂ ਨੇ ਉਹ ਸਾਰੀਆਂ ਦੁਸ਼ਵਾਰੀਆਂ ਆਪਣੇ ਪਿੰਡੇ ਤੇ ਹੰਢਾਈਆਂ ਹੋਣਗੀਆਂ ਜੋ ਵੰਡ ਦੇ ਮਾਰੇ ਹੋਰ ਪਰਿਵਾਰਾਂ ਦੇ ਨੌਨਿਹਾਲਾਂ ਨੇ ਝੱਲੀਆਂ ਹੋਣਗੀਆਂ।
ਇਸ ਲਈ ਉਨ੍ਹਾਂ ਵਿੱਚ ਹਲੀਮੀ ਸੀ। ਮੈਨੂੰ ਇਸ ਦਾ ਅਨੁਭਵ ਪਹਿਲੀ ਮੁਲਾਕਾਤ ਵਿੱਚ ਹੋਇਆ ਸੀ, ਜਦੋਂ ਮੈਂ ਮਿਲਣ ਗਿਆ ਤਾਂ ਉਹ ਮੈਨੂੰ ਲੈਣ ਲਈ ਦਫ਼ਤਰ ਦੇ ਗੇਟ 'ਤੇ ਖੜ੍ਹੇ ਸਨ।
ਕਿੰਨੀ ਵਾਰ ਅਜਿਹਾ ਵੀ ਹੋਇਆ ਕਿ ਉਨ੍ਹਾਂ ਨੇ ਕਿਹਾ ਕਿ ਮੁਕੇਸ਼ ਜੀ ਤੁਹਾਨੂੰ ਖੀਰਾ-ਮੂਲੀ ਖਵਾਉਂਦੇ ਹਾਂ ਅਤੇ ਅਸੀਂ ਗੱਡੀ ਰੋਕ ਕੇ ਕਿਸੇ ਰੇਹੜੀ ਵਾਲੇ ਤੋਂ ਖੀਰਾ-ਮੂਲੀ ਖਾ ਰਹੇ ਹੁੰਦੇ ਸੀ।
ਖਾਣਾ ਖਾਣ ਸਮੇਂ ਉਹ ਵੱਡੇ ਰੈਸਟੋਰਾਂਟਾਂ ਦੀ ਥਾਂ ਸਾਫ਼ ਸੁਥਰੇ ਢਾਬਿਆਂ ਨੂੰ ਪਹਿਲ ਦਿੰਦੇ ਸਨ।
ਖ਼ੈਰ ਵਿਨੋਦ ਦੂਆ ਦਾ ਇਸ ਤਰ੍ਹਾਂ ਅਜਿਹੇ ਸਮੇਂ ਤੁਰ ਜਾਣਾ ਪੱਤਰਕਾਰੀ ਦਾ ਨਹੀਂ, ਲੋਕਤੰਤਰ ਲਈ ਇੱਕ ਬਹੁਤ ਵੱਡਾ ਘਾਟਾ ਹੈ।
ਉਨ੍ਹਾਂ ਦੀ ਮੌਜੂਦਗੀ ਸਾਡੇ ਵਰਗੇ ਬਹੁਤ ਸਾਰੇ ਪੱਤਰਕਾਰਾਂ ਨੂੰ ਪ੍ਰੇਰਣਾ ਦਿੰਦੀ ਹੀ ਸੀ, ਉਨ੍ਹਾਂ ਲੜਾਕਿਆਂ ਨੂੰ ਵੀ ਲੜਨ ਅਤੇ ਹਕੂਮਤੀ ਦਬਾਵਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਦਿੰਦੀ ਸੀ, ਜੋ ਲੋਕਤੰਤਰ ਅਤੇ ਸਾਂਝੀ ਵਿਰਾਸਤ ਨੂੰ ਬਚਾਉਣ ਲਈ ਕੋਸ਼ਿਸ਼ ਵਿੱਚ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=R8WFu2KwyyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '222282cf-e7ed-4c47-8446-458faf6ada2c','assetType': 'STY','pageCounter': 'punjabi.india.story.59533793.page','title': 'ਵੰਡ ਦੇ ਸ਼ਰਨਾਰਥੀ ਕੈਂਪਾਂ ਤੋਂ ਲੈ ਕੇ ਦੇਸ਼ ਦੇ ਨਾਮੀ ਚੈਨਲਾਂ ਤੱਕ ਵਿਨੋਦ ਦੂਆ ਦਾ ਸਫ਼ਰ','author': 'ਡਾ਼ ਮੁਕੇਸ਼ ਕੁਮਾਰ ','published': '2021-12-04T15:51:44Z','updated': '2021-12-04T15:51:44Z'});s_bbcws('track','pageView');

ਓਮੀਕਰੋਨ: ਕੋਰੋਨਾਵਾਇਰਸ ਦੇ ਇਸ ਨਵੇਂ ਵੇਰੀਐਂਟ ਤੋਂ ਨਿਪਟਣ ਲਈ ਪੰਜਾਬ ਵਿੱਚ ਕੀ ਹਨ ਤਿਆਰੀਆਂ
NEXT STORY