"ਖੇਤਾਂ ਵਿੱਚ ਮਿਹਨਤ ਕਰਦਾ ਜਵਾਨ ਪੁੱਤ ਰੱਬ ਨੂੰ ਪਿਆਰਾ ਹੋ ਗਿਆ। ਮੈਨੂੰ ਕਈ ਬਿਮਾਰੀਆਂ ਹਨ। ਮੈਂ ਤਾਂ ਤੁਰ ਫਿਰ ਵੀ ਨਹੀਂ ਸਕਦਾ ਪਰ ਸਰਕਾਰ 24 ਹਜ਼ਾਰ ਦਾ ਕਰਜ਼ਾ ਦੇ ਕੇ 40 ਹਜ਼ਾਰ ਵਸੂਲ ਚੁੱਕੀ ਹੈ। ਬੈਂਕ ਵਾਲੇ ਹਾਲੇ ਵੀ ਕਰਜ਼ਾ ਲੈਣ ਲਈ ਗੇੜੇ ਮਾਰਦੇ ਹਨ, ਮੈਂ ਕਿੱਧਰ ਨੂੰ ਜਾਵਾਂ?"
ਇਹ ਸ਼ਬਦ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਪੀਰ ਬਖਸ਼ ਚੌਹਾਨ ਦੇ ਵਸਨੀਕ ਪਹਿਲਵਾਨ ਸਿੰਘ ਦੇ ਹਨ, ਜਿਨ੍ਹਾਂ ਦੇ ਘਰ ਬੈਂਕ ਵਾਲੇ ਵਸੂਲੀ ਲਈ ਗੇੜੇ ਮਾਰ ਰਹੇ ਹਨ।
ਪਹਿਲਵਾਨ ਸਿੰਘ 80 ਵਰ੍ਹਿਆਂ ਦੇ ਹਨ।
ਉਹ ਕਹਿੰਦੇ ਹਨ, "ਮੈਂ ਚਾਰ ਸਾਲ ਪਹਿਲਾਂ 24 ਹਜ਼ਾਰ ਰੁਪਏ ਦਾ ਬੈਂਕ ਤੋਂ ਕਰਜ਼ਾ ਲਿਆ ਸੀ। ਉਸ ਵਿੱਚੋਂ ਮੈਂ 40 ਹਜ਼ਾਰ ਰੁਪਏ ਵਿਆਜ ਸਮੇਤ ਵਾਪਸ ਕਰ ਦਿੱਤੇ ਪਰ 40 ਹਜ਼ਾਰ ਦਾ ਕਰਜ਼ਾ ਹਾਲੇ ਵੀ ਸਿਰ 'ਤੇ ਖੜ੍ਹਾ ਹੈ।"
ਅਜਿਹੀ ਹੀ ਕਹਾਣੀ ਇਸ ਪਿੰਡ ਦੇ ਹੋਰਨਾਂ ਕਿਸਾਨਾਂ ਦੀ ਵੀ ਹੈ।
ਇਹ ਵੀ ਪੜ੍ਹੋ:
"ਮੈਂ 6 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਲਿਆ ਸੀ, ਜਿਹੜਾ ਹੁਣ 12 ਲੱਖ ਬਣ ਗਿਆ ਹੈ। ਪਿਛਲੇ ਸਾਲ ਗੜਿਆਂ ਨਾਲ ਫ਼ਸਲ ਤਬਾਹ ਹੋ ਗਈ ਅਤੇ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਿਆ ਹੈ। ਕਰਜ਼ੇ ਦੀ ਕਿਸ਼ਤ ਨਹੀਂ ਭਰੀ ਤਾਂ ਸਲਾਖਾਂ ਪਿੱਛੇ ਬੰਦ ਹੋ ਗਿਆ।"
ਇਹ ਬੋਲ ਫਾਜ਼ਿਲਕਾ ਦੇ ਇੱਕ ਪਿੰਡ ਦੇ ਉਸ ਕਿਸਾਨ ਦੇ ਹਨ, ਜਿਸ ਦੇ ਬੈਂਕ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾ ਕੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਸੀ।
ਜਦੋਂ ਅਸੀਂ ਪਿੰਡ ਦੇ ਬਾਹਰਵਾਰ ਬਣੇ ਇਸ ਕਿਸਾਨ ਦੇ ਘਰ ਪਹੁੰਚੇ ਤਾਂ ਅੱਗੋਂ ਤਰਲੇ ਭਰੀ ਆਵਾਜ਼ ਆਈ, "ਮੇਰੀ ਤਾਂ ਪਹਿਲਾਂ ਹੀ ਬਹੁਤ ਬੇਇੱਜ਼ਤੀ ਹੋ ਚੁੱਕੀ ਹੈ ਹੁਣ ਤੁਸੀਂ ਮੇਰਾ ਨਾਮ ਅਖ਼ਬਾਰ ਵਿੱਚ ਨਾ ਲਿਖਿਓ। ਮੈਂ 6 ਲੱਖ ਰੁਪਇਆ ਅਦਾ ਕਰਕੇ ਸਲਾਖਾਂ ਪਿੱਛੋਂ ਬਾਹਰ ਆਇਆ ਹਾਂ ਅਤੇ ਬਾਕੀ ਕਰਜ਼ੇ ਦੀ ਰਾਸ਼ੀ ਜਿਊਂਦੇ ਜੀ ਮੁੜੇਗੀ ਜਾਂ ਨਹੀਂ ਇਹ ਰੱਬ ਨੂੰ ਪਤਾ ਹੈ।"
ਵੀਡੀਓ: ਸਿਰਫ਼ ਕਰਜ਼ਾ ਮਾਫ਼ੀ ਕਿਸਾਨੀ ਸੰਕਟ ਦਾ ਹੱਲ ਕਿਉਂ ਨਹੀਂ?
ਕੀ ਹੈ ਪੂਰਾ ਮਾਮਲਾ?
ਅਸਲ ਵਿੱਚ ਕਹਾਣੀ ਇਹ ਹੈ ਕਿ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਕਿਸ਼ਤਾਂ ਨਾ ਮੋੜਨ ਵਾਲੇ ਕਿਸਾਨਾਂ ਖ਼ਿਲਾਫ਼ ਬੈਂਕਾਂ ਨੇ ਨੋਟਿਸ ਜਾਰੀ ਕੀਤੇ ਹਨ।
ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਕਰਜ਼ੇ ਦੀ ਕਿਸ਼ਤ ਵਾਪਸ ਬੈਂਕ ਵਿੱਚ ਜਮ੍ਹਾਂ ਕਰਵਾਈ ਜਾਵੇ ਨਹੀਂ ਤਾਂ ਗ੍ਰਿਫ਼ਤਾਰੀ ਹੋ ਸਕਦੀ ਹੈ।
ਇਹ ਕਹਾਣੀ ਇਕੱਲੇ ਇਸ ਕਿਸਾਨ ਦੀ ਨਹੀਂ ਹੈ, ਸਗੋਂ ਹੋਰ ਵੀ ਕਈ ਕਿਸਾਨ ਗ੍ਰਿਫ਼ਤਾਰੀ ਦੇ ਡਰੋਂ ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਰਾਤਾਂ ਕੱਟਦੇ ਹਨ।
ਇਸ ਵਰਤਾਰੇ ਦੇ ਮੱਦੇਨਜ਼ਰ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਪੰਜਾਬ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਵਾਰ ਗੱਲ ਸਾਫ਼ ਕੀਤੀ ਹੈ ਕਿ ਕਿਸੇ ਵੀ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ।
'ਸਰਕਾਰ ਮਦਦ ਕਰ ਦੇਵੇ ਤਾਂ ਮੇਰੀ ਜਾਨ ਬਚ ਸਕਦੀ ਹੈ'
ਪਿੰਡ ਫਤਿਹਗੜ੍ਹ ਦੇ ਵਸਨੀਕ ਜੀਤ ਸਿੰਘ 2 ਏਕੜ ਜ਼ਮੀਨ ਦੇ ਮਾਲਕ ਹਨ। ਜਦੋਂ ਅਸੀਂ ਉਨ੍ਹਾਂ ਦੇ ਖੇਤ ਪਹੁੰਚੇ ਤਾਂ ਜੀਤ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਖੇਤ ਵਿਚ ਬਾਲਣ ਇਕੱਠਾ ਕਰ ਰਹੇ ਸਨ।
ਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਛੇ ਸਾਲ ਪਹਿਲਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਬੈਂਕ ਤੋਂ 6 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
"ਮੈਂ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਹਾਂ ਅਤੇ ਦਿਹਾੜੀਦਾਰ ਕਾਮਾ ਹਾਂ। ਦੋ ਡੰਗ ਦੀ ਰੋਟੀ ਮਸਾਂ ਜੁੜਦੀ ਹੈ। ਮੈਂ ਕਰਜ਼ੇ ਦੀਆਂ ਕਿਸ਼ਤਾਂ ਵੀ ਲਾਹੀਆਂ ਪਰ ਵਿਆਜ ਦਰ ਵਿਆਜ ਕਾਰਨ ਕਰਜ਼ਾ ਵਧਦਾ ਹੀ ਗਿਆ। ਹੁਣ ਮੇਰੇ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਹੋ ਗਏ ਹਨ। ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਰਾਤ ਨੂੰ ਘਰ ਨਹੀਂ ਸੌਂਦਾ ਪਰ ਬੱਚਿਆਂ ਦੀ ਫ਼ਿਕਰ ਤਾਂ ਸਤਾਉਂਦੀ ਹੀ ਹੈ।"
ਜੀਤ ਸਿੰਘ ਭਾਵੁਕ ਹੋ ਕੇ ਅੱਗੇ ਕਹਿੰਦੇ ਹਨ, "ਦਿਲ ਕਰਦਾ ਹੈ ਕਿ ਖ਼ੁਦਕੁਸ਼ੀ ਕਰ ਲਵਾਂ ਪਰ ਇਹ ਵੀ ਸੋਚਦਾ ਹਾਂ ਕਿ ਜੇਕਰ ਸਰਕਾਰ ਮਦਦ ਕਰ ਦੇਵੇ ਤਾਂ ਮੇਰੀ ਜਾਨ ਬਚ ਸਕਦੀ ਹੈ। ਜੇ ਮੈਂ ਮਰ ਗਿਆ ਤਾਂ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ। ਇਹੀ ਸਵਾਲ ਹੈ ਜਿਸ ਨੂੰ ਲੈ ਕੇ ਮੈਂ ਦਿਨ-ਰਾਤ ਚੱਲਦਾ ਹਾਂ।"
ਪਹਿਲਵਾਨ ਸਿੰਘ ਦੱਸਦੇ ਹਨ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਸੁੱਤੇ ਨਹੀਂ ਹਨ।
"ਮੈਂ ਸ਼ੂਗਰ ਦਾ ਮਰੀਜ਼ ਹਾਂ। ਉੱਪਰੋਂ ਪੁਲੀਸ ਦੇ ਛਾਪੇ ਦਾ ਡਰ ਹੈ। ਨੀਂਦ ਨਹੀਂ ਆਉਂਦੀ। ਮੇਰਾ ਤਾਂ ਜਵਾਨ ਪੁੱਤ ਵੀ ਇਸ ਦੁਨੀਆਂ ’ਤੇ ਨਹੀਂ ਰਿਹਾ। ਹੁਣ ਮੇਰੇ ਕੋਲ ਰੋਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਮੈਂ ਬੈਂਕ ਜਾ ਕੇ ਮੈਨੇਜਰ ਦੀਆਂ ਮਿੰਨਤਾਂ ਕੀਤੀਆਂ ਕਿ ਤਰਸ ਕਰੋ ਪਰ ਜਵਾਬ ਇਹੀ ਮਿਲਿਆ ਕਿ ਕਾਨੂੰਨ ਤਾਂ ਕਾਨੂੰਨ ਹੀ ਹੈ।"
ਬੈਂਕ ਕੀ ਕਹਿੰਦਾ ਹੈ?
ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਰਾਜਨ ਗੁਰਬਖਸ਼ ਰਾਏ ਨੇ ਦੱਸਿਆ ਕਿ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਕੋਈ ਨਵੀਂ ਗੱਲ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਇਹ ਕਾਰਵਾਈ ਹਰ ਸਾਲ ਹੁੰਦੀ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਨੋਟਿਸ ਨਵੇਂ ਨਹੀਂ ਸਗੋਂ ਪਿਛਲੇ ਸਮੇਂ ਵਾਲੇ ਰਿਨਿਊ ਕਰ ਕੇ ਭੇਜੇ ਗਏ ਹਨ। ਹੁਣ ਗ੍ਰਿਫ਼ਤਾਰੀ ਵਾਰੰਟ ਵਾਪਸ ਲੈ ਲਏ ਹਨ ਅਤੇ ਅਗਲੇ ਸਰਕਾਰੀ ਹੁਕਮਾਂ ਤੱਕ ਕਿਸੇ ਵੀ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ।"
ਰਾਜਨ ਗੁਰਬਖਸ਼ ਰਾਏ ਨੇ ਦੱਸਿਆ, "381 ਕਿਸਾਨਾਂ ਨੂੰ ਨੋਟਿਸ ਜਾਰੀ ਕਰਕੇ ਕਰਜ਼ਾ ਵਾਪਸ ਕਰਨ ਦੀ ਗੱਲ ਕਹੀ ਗਈ ਹੈ। ਰਿਕਵਰੀ ਹੋ ਰਹੀ ਹੈ ਪਰ ਕਿਸੇ ਵੀ ਕਿਸਾਨ ਨੂੰ ਹੁਣ ਤੰਗ ਨਹੀਂ ਕੀਤਾ ਜਾਵੇਗਾ।"
ਕਿਸਾਨ ਜਥੇਬੰਦੀਆਂ ਆਈਆਂ ਕਿਸਾਨਾਂ ਦੇ ਪੱਖ 'ਤੇ
ਦੂਜੇ ਪਾਸੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾਈ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਜਨਰਲ ਸਕੱਤਰ ਮਨਪ੍ਰੀਤ ਸੰਧੂ ਨੇ ਦੱਸਿਆ ਕਿ ਜਿਵੇਂ ਹੀ ਕਿਸਾਨਾਂ ਦੀ ਗ੍ਰਿਫ਼ਤਾਰੀ ਵਾਰੰਟਾਂ ਦੀ ਗੱਲ ਯੂਨੀਅਨ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਦੇ ਵਰਕਰ ਤੁਰੰਤ ਹਰਕਤ ਵਿੱਚ ਆ ਗਏ।
"ਅਸੀਂ ਬੈਂਕ ਮੂਹਰੇ ਧਰਨਾ ਲਾਇਆ ਅਤੇ ਜੱਦੋ ਜਹਿਦ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਨੂੰ ਛੁਡਵਾ ਲਿਆ। ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਉਸ ਨੇ ਅਜਿਹਾ ਵਰਤਾਰਾ ਜਾਰੀ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਸੜਕਾਂ ਉੱਪਰ ਆਪਣੇ ਹੱਕਾਂ ਲਈ ਬੈਠ ਜਾਣਗੇ। ਚੰਗੀ ਗੱਲ ਹੈ ਕਿ ਬੈਂਕ ਵਾਲਿਆਂ ਨੇ ਕਿਸਾਨ ਕੋਲੋਂ ਚੈੱਕ ਲੈ ਕੇ ਉਸ ਨੂੰ ਛੱਡ ਦਿੱਤਾ।"
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਹਰੀਸ਼ ਨੱਡਾ ਵੀ ਆਪਣੇ ਸਾਥੀਆਂ ਨਾਲ ਅਜਿਹੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ।
ਹਰੀਸ਼ ਨੱਡਾ ਕਹਿੰਦੇ ਹਨ, "ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਸਰਕਾਰਾਂ ਨੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ। ਸਰਕਾਰਾਂ ਵੱਡੇ ਘਰਾਣਿਆਂ ਨੂੰ ਅਰਬਾਂ-ਖਰਬਾਂ ਦੇ ਕਰਜ਼ੇ ਦੇ ਕੇ ਤਾਂ ਭੁੱਲ ਸਕਦੀ ਹੈ ਪਰ ਦੇਸ਼ ਦਾ ਢਿੱਡ ਪਾਲਣ ਵਾਲੇ ਅੰਨਦਾਤਾ ਕਿਸਾਨ ਦਾ ਕਰਜ਼ਾ ਨਹੀਂ ਭੁੱਲਦੀ। ਇਹ ਸਰਕਾਰਾਂ ਦੀ ਬਹੁਤ ਵੱਡੀ ਭੁੱਲ ਹੈ ਜੇਕਰ ਕਿਸਾਨਾਂ ਦੇ ਅਜਿਹੇ ਵਰੰਟ ਜਾਰੀ ਹੁੰਦੇ ਰਹੇ ਤਾਂ ਸਰਕਾਰ ਨੂੰ ਖਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ।"
ਘਰਾਂ ਵਿੱਚ ਪਿੱਛੇ ਸਿਰਫ਼ ਔਰਤਾਂ ਰਹਿ ਰਹੀਆਂ ਹਨ
ਜ਼ਿਲ੍ਹਾ ਫਾਜ਼ਿਲਕਾ ਅਤੇ ਜਲਾਲਾਬਾਦ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾਣ ਸਮੇਂ ਮੈਂ ਦੇਖਿਆ ਕਿ ਕਿਸਾਨ ਔਰਤਾਂ ਹੀ ਘਰ ਵਿੱਚ ਸਨ ਜਦੋਂ ਕਿ ਘਰ ਦੇ ਮਾਲਕ ਮਰਦ ਘਰੋਂ ਬਾਹਰ ਸਨ।
ਪਿੰਡ ਪੀਰ ਬਖਸ਼ ਚੌਹਾਨ ਦੇ ਇੱਕ ਮੋਹਤਬਰ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਪਰ ਦੱਸਿਆ ਕਿ ਪਿੰਡ ਦੇ ਸੱਤਰ ਫੀਸਦੀ ਕਿਸਾਨ ਰਾਤ ਨੂੰ ਆਪਣੇ ਘਰਾਂ ਵਿੱਚ ਨਹੀਂ ਹੁੰਦੇ।
ਉਨ੍ਹਾਂ ਮੁਤਾਬਕ ਗ੍ਰਿਫ਼ਤਾਰੀ ਦੇ ਡਰੋਂ ਕਰਜ਼ਾਈ ਕਿਸਾਨ ਜਾਂ ਤਾਂ ਆਪਣੀਆਂ ਕਿਸੇ ਰਿਸ਼ਤੇਦਾਰੀਆਂ ਵਿੱਚ ਚਲੇ ਗਏ ਹਨ ਅਤੇ ਜਾਂ ਫਿਰ ਖੇਤਾਂ ਵਿੱਚ ਹੀ ਇੱਧਰ-ਉੱਧਰ ਸੌਂ ਕੇ ਰਾਤ ਕੱਟਦੇ ਹਨ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਹਿਕਾਰੀ ਬੈਂਕਾਂ ਵਾਲੇ ਜਾਂ ਤਾਂ ਦੇਰ ਰਾਤ ਅਤੇ ਜਾਂ ਫਿਰ ਸਵੇਰ ਵੇਲੇ ਕਰਜ਼ਾਈ ਕਿਸਾਨਾਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਉਨ੍ਹਾਂ ਨੂੰ ਕਰਜ਼ਾ ਵਾਪਸ ਕਰਨ ਲਈ ਕਥਿਤ ਤੌਰ ਉਪਰ ਦਬਾਅ ਪਾਉਂਦੇ ਹਨ।
ਇਸ ਵਰਤਾਰੇ ਦੇ ਮੱਦੇਨਜ਼ਰ ਅਤੇ ਕਿਸਾਨਾਂ ਦੇ ਵਿਰੋਧ ਦੇ ਚੱਲਦੇ ਪੰਜਾਬ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਵਾਰ ਗੱਲ ਸਾਫ਼ ਕੀਤੀ ਹੈ ਕਿ ਕਿਸੇ ਵੀ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ:
https://www.youtube.com/watch?v=IQNdjXwYFNQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '81c1dbbc-4b7c-43f9-8694-6a66598becee','assetType': 'STY','pageCounter': 'punjabi.india.story.61194896.page','title': 'ਕਿਸਾਨਾਂ ਨੂੰ ਨੋਟਿਸ ਜਾਰੀ ਕਰਨ ਦਾ ਮਾਮਲਾ: ਕਿਸਾਨ ਕਿਉਂ ਹੋਏ ਰਾਤਾਂ ਘਰੋਂ ਬਾਹਰ ਕੱਟਣ ਨੂੰ ਮਜਬੂਰ','author': 'ਸੁਰਿੰਦਰ ਮਾਨ','published': '2022-04-23T02:03:52Z','updated': '2022-04-23T02:03:52Z'});s_bbcws('track','pageView');

ਧਰਤੀ ਦਾ ਉਹ ਖ਼ਜ਼ਾਨਾ ਜਿਸ ਲਈ ਭਵਿੱਖ ''ਚ ਛਿੜ ਸਕਦੀ ਹੈ ਜੰਗ
NEXT STORY