"ਮੇਰੇ ਵਿਆਹ ਤੋਂ ਬਾਅਦ ਰੱਬ ਨੇ ਬੜੀ ਜਲਦੀ ਦੋ ਪੁੱਤਰ ਦਿੱਤੇ। ਪਰ ਜਿੰਨੀ ਛੇਤੀ ਦਿੱਤੇ ਓਨੀ ਹੀ ਤੇਜ਼ੀ ਨਾਲ ਮੇਰੇ ਦੋਵੇਂ ਪੁੱਤ ਖੋਹ ਲਏ। ਕਰਜ਼ੇ ਦੇ ਦੈਂਤ ਨੇ ਮੇਰੇ ਨੌਜਵਾਨ ਪੁੱਤਰਾਂ ਨੂੰ ਨਿਗਲ ਲਿਆ ਹੈ। ਮੈਂ ਕਿੱਧਰ ਨੂੰ ਜਾਵਾਂ?"
ਇਹ ਬੋਲ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਮਾਈਸਰਖਾਨਾ ਦੇ ਵਸਨੀਕ ਕਿਸਾਨ ਬਲਵਿੰਦਰ ਸਿੰਘ ਦੇ ਹਨ।
ਬਲਵਿੰਦਰ ਸਿੰਘ ਦੇ 40 ਵਰ੍ਹਿਆਂ ਦੇ ਪੁੱਤਰ ਜਸਪਾਲ ਸਿੰਘ ਨੇ 20 ਅਪ੍ਰੈਲ ਨੂੰ ਰੇਲ ਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ।
'ਕਿਸ਼ਤਾਂ ਕੀ ਟੁੱਟੀਆਂ ਮੇਰਾ ਤਾਂ ਜਹਾਨ ਹੀ ਉੱਜੜ ਗਿਆ'
ਆਪਣੀਆਂ ਅੱਖਾਂ ਵਿੱਚ ਅੱਥਰੂ ਭਰਦੇ ਹੋਏ ਬਲਵਿੰਦਰ ਸਿੰਘ ਕਹਿੰਦੇ ਹਨ, "ਮੈਂ ਤਕਰੀਬਨ 15 ਸਾਲ ਪਹਿਲਾਂ 20 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਮੈਂ ਔਖਾ-ਸੌਖਾ ਬੈਂਕ ਦੀਆਂ ਕਿਸ਼ਤਾਂ ਵੀ ਮੋੜਦਾ ਰਿਹਾ ਪਰ ਕਰਜ਼ਾ ਲੈਣ ਤੋਂ ਪੰਜ ਸਾਲ ਬਾਅਦ ਹੀ ਮੇਰੇ ਛੋਟੇ ਪੁੱਤਰ ਨਿਰਮਲ ਸਿੰਘ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ। ਉਸ ਵੇਲੇ ਨਿਰਮਲ ਸਿੰਘ 27 ਸਾਲ ਦਾ ਸੀ।"
ਜਸਪਾਲ ਸਿੰਘ ਦੀ ਪਤਨੀ ਰਾਜਵਿੰਦਰ ਕੌਰ
ਜਸਪਾਲ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।
"ਸਾਡੇ ਪਰਿਵਾਰ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਗਈ ਸੀ। ਮੇਰਾ ਪਤੀ ਹਰ ਵੇਲੇ ਇਸ ਗੱਲ ਨੂੰ ਲੈ ਕੇ ਝੁਰਦਾ ਰਹਿੰਦਾ ਸੀ ਕਿ ਅਜਿਹੇ ਹਾਲਾਤ ਵਿੱਚ ਉਹ ਆਪਣੀ ਧੀ ਅਤੇ ਪੁੱਤ ਨੂੰ ਚੰਗੀ ਪੜ੍ਹਾਈ-ਲਿਖਾਈ ਕਿਵੇਂ ਕਰਵਾ ਸਕਦਾ ਹੈ।"
ਰਾਜਵਿੰਦਰ ਕੌਰ ਕਹਿੰਦੇ ਹਨ, "ਮੈਂ ਆਪਣੇ ਪਤੀ ਦੀ ਹਾਲਤ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਮੈਂ ਉਨ੍ਹਾਂ ਨੂੰ ਬਾਰ-ਬਾਰ ਕਹਿੰਦੀ ਸੀ ਕਿ ਆਪਾਂ ਧੀ ਅਤੇ ਪੁੱਤ ਨੂੰ ਕਾਨਵੈਂਟ ਸਕੂਲ ਵਿੱਚੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਪੜ੍ਹਾ ਲਵਾਂਗੇ। ਦੋ ਡੰਗ ਦੀ ਥਾਂ ਇੱਕ ਡੰਗ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂਗੇ। ਪਰ ਮੇਰੀਆਂ ਗੱਲਾਂ ਕਿਸੇ ਕੰਮ ਨਹੀਂ ਆਈਆਂ।"
ਇਹ ਵੀ ਪੜ੍ਹੋ:
ਮ੍ਰਿਤਕ ਜਸਪਾਲ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਲਗਭਗ ਸੋਲ਼ਾਂ ਏਕੜ ਜ਼ਮੀਨ ਹੈ।
"ਪਰ ਇਸ ਜ਼ਮੀਨ ਵਿੱਚੋਂ ਦੱਸ ਏਕੜ ਜ਼ਮੀਨ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਫਸਲ ਘੱਟ ਹੁੰਦੀ ਹੈ। ਮੈਂ ਕਰਜ਼ੇ ਦੀਆਂ ਕਿਸ਼ਤਾਂ ਮੋੜਦਾ ਰਿਹਾ ਪਰ ਪਿਛਲੇ ਸਾਲ ਨਰਮੇ ਨੂੰ ਪਈ ਗੁਲਾਬੀ ਸੁੰਡੀ ਦੀ ਮਾਰ ਅਤੇ ਇਸ ਵਾਰ ਕਣਕ ਦਾ ਝਾੜ ਘੱਟ ਨਿੱਕਲਣ ਕਾਰਨ ਕਿਸ਼ਤਾਂ ਟੁੱਟ ਗਈਆਂ।"
ਬਲਵਿੰਦਰ ਸਿੰਘ ਭਰੇ ਮਨ ਨਾਲ ਕਹਿੰਦੇ ਹਨ, "ਕਿਸ਼ਤਾਂ ਕੀ ਟੁੱਟੀਆਂ ਮੇਰਾ ਤਾਂ ਜਹਾਨ ਹੀ ਉੱਜੜ ਗਿਆ ਹੈ। ਦਸ ਸਾਲ ਪਹਿਲਾਂ ਮੇਰੇ ਛੋਟੇ ਪੁੱਤਰ ਨਿਰਮਲ ਸਿੰਘ ਦੀ ਖ਼ੁਦਕੁਸ਼ੀ ਦਾ ਗ਼ਮ ਮੇਰੇ ਸੀਨੇ ਵਿੱਚ ਆਰ ਬਣ ਕੇ ਚੁਭਦਾ ਰਹਿੰਦਾ ਸੀ ਪਰ ਹੁਣ ਜਸਪਾਲ ਸਿੰਘ ਦੀ ਮੌਤ ਨੇ ਤਾਂ ਮੈਨੂੰ ਧੁਰ ਅੰਦਰੋਂ ਖ਼ਤਮ ਕਰ ਦਿੱਤਾ ਹੈ।"
ਜਸਪਾਲ ਸਿੰਘ ਦੇ ਪਿਤਾ ਬਲਵਿੰਦਰ ਸਿੰਘ
ਬਲਵਿੰਦਰ ਸਿੰਘ ਸਰਕਾਰ ਮੂਹਰੇ ਜੋਦੜੀ ਕਰਦੇ ਹਨ ਕੇ ਉਨ੍ਹਾਂ ਦੇ ਪੁੱਤਰ ਤਾਂ ਇਸ ਜਹਾਨ ਉੱਪਰ ਵਾਪਸ ਨਹੀਂ ਆ ਸਕਦੇ ਪਰ ਸਰਕਾਰ ਕਰਜ਼ਾ ਤਾਂ ਖਤਮ ਕਰ ਸਕਦੀ ਹੈ।
'ਕਰਜ਼ੇ ਦਾ ਬੋਝ ਮੇਰੇ ਪੁੱਤ ਨੂੰ ਖਾ ਗਿਆ'
ਅਜਿਹੀ ਹੀ ਕਹਾਣੀ ਪਿੰਡ ਮਾਨਸਾ ਖੁਰਦ ਦੇ ਵਸਨੀਕ ਗਮਦੂਰ ਸਿੰਘ ਦੇ ਪਰਿਵਾਰ ਦੀ ਹੈ।
ਇਸ ਕਿਸਾਨ ਦੇ ਪੁੱਤਰ ਗੁਰਦੀਪ ਸਿੰਘ ਨੇ ਵੀ 20 ਅਪ੍ਰੈਲ ਨੂੰ ਹੀ ਆਪਣੇ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
ਮ੍ਰਿਤਕ ਗੁਰਦੀਪ ਸਿੰਘ ਦੇ ਚਾਚਾ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦੇ ਸਿਰ ਸਵਾ ਤਿੰਨ ਲੱਖ ਦੇ ਕਰੀਬ ਸਹਿਕਾਰੀ ਬੈਂਕ ਦਾ ਕਰਜ਼ਾ ਸੀ।
ਉਹ ਕਹਿੰਦੇ ਹਨ, "ਦੋ ਕੁ ਲੱਖ ਰੁਪਏ ਦੀ ਹੋਰ ਦੇਣਦਾਰੀ ਸੀ। ਇਸ ਗੱਲ ਨੂੰ ਲੈ ਕੇ ਗੁਰਦੀਪ ਸਿੰਘ ਕਈ ਦਿਨਾਂ ਤੋਂ ਪਰੇਸ਼ਾਨ ਦਿਖਾਈ ਦੇ ਰਿਹਾ ਸੀ।"
"ਬਸ ਹੋਣਾ ਕੀ ਸੀ? ਉਹੀ ਹੋਇਆ ਜਿਸ ਦਾ ਡਰ ਸੀ। ਗੁਰਦੀਪ ਘਰੋਂ ਖੇਤ ਮੋਟਰ ਉੱਪਰ ਗਿਆ ਸੀ ਉਸ ਤੋਂ ਬਾਅਦ ਮੁੜ ਵਾਪਸ ਨਹੀਂ ਆਇਆ। ਜਦੋਂ ਤੱਕ ਮੈਂ ਉਸ ਦੀ ਭਾਲ ਕਰਦਾ ਖੇਤ ਪਹੁੰਚਿਆ ਤਾਂ ਲਾਸ਼ ਮੰਜੇ ਉੱਪਰ ਪਈ ਸੀ।"
ਇਕਬਾਲ ਸਿੰਘ ਕਹਿੰਦੇ ਹਨ, "ਅਸਲ ਗੱਲ ਤਾਂ, ਸਰਕਾਰ ਦੀਆਂ ਗਲਤ ਨੀਤੀਆਂ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਸਾਡਾ ਨੌਜਵਾਨ ਪੁੱਤ ਘਰੋਂ ਤੁਰ ਗਿਆ, ਹੁਣ ਸਰਕਾਰ ਤੋਂ ਸਾਨੂੰ ਕੀ ਆਸ ਹੋ ਸਕਦੀ ਹੈ?"
ਗੁਰਦੀਪ ਸਿੰਘ ਦੇ ਪਿਤਾ ਗਮਦੂਰ ਸਿੰਘ ਚੰਗੀ ਤਰ੍ਹਾਂ ਬੋਲਣ ਦੇ ਸਮਰੱਥ ਵੀ ਨਹੀਂ ਸਨ।
ਗੁਰਦੀਪ ਦਾ ਪਰਿਵਾਰ ਸਰਕਾਰ ਵੱਲੋਂ ਕੋਈ ਆਸ ਨਹੀਂ ਰੱਖਦਾ।
ਆਪਣਾ ਗੱਚ ਭਰ ਕੇ ਦੋ ਕੁ ਗੱਲਾਂ ਕਰਦਿਆਂ ਉਨ੍ਹਾਂ ਕਿਹਾ, "ਕਰਜ਼ੇ ਦਾ ਬੋਝ ਮੇਰੇ ਪੁੱਤ ਨੂੰ ਖਾ ਗਿਆ। ਸਾਊ ਪੁੱਤ ਦੇ ਇਸ ਜਹਾਨ ਤੋਂ ਤੁਰ ਜਾਣ 'ਤੇ ਮੈਂ ਕੀ ਬੋਲ ਸਕਦਾ ਹਾਂ।"
ਸਰਕਾਰਾਂ ਦੀਆਂ ਨੀਤੀਆਂ ਸਰਮਾਏਦਾਰ ਘਰਾਣਿਆਂ ਨੂੰ ਉੱਚਾ ਚੁੱਕਣ ਵਾਲੀਆਂ - ਰਾਜੇਵਾਲ
ਦੂਜੇ ਪਾਸੇ ਕਿਸਾਨ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਰਹੇ ਬਲਬੀਰ ਸਿੰਘ ਰਾਜੇਵਾਲ ਮਾਈਸਰਖਾਨਾ ਅਤੇ ਮਾਨਸਾ ਖੁਰਦ ਵਿਖੇ ਪੀੜਤ ਪਰਿਵਾਰਾਂ ਦੇ ਘਰ ਪਹੁੰਚੇ।
ਪਿੰਡ ਮਾਈਸਰਖਾਨਾ ਵਿਖੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਸਰਮਾਏਦਾਰ ਘਰਾਣਿਆਂ ਨੂੰ ਉੱਚਾ ਚੁੱਕਣ ਵਾਲੀਆਂ ਹਨ।
"ਸਾਨੂੰ ਕਿਸਾਨਾਂ ਨੂੰ ਤਾਂ ਸਿਰਫ ਅੰਨਦਾਤਾ ਕਹਿ ਕੇ ਵਡਿਆਈ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਦੇ ਭਵਿੱਖ ਲਈ ਕਿਸੇ ਵੀ ਸਿਆਸੀ ਵਿਅਕਤੀ ਕੋਲ ਕੋਈ ਵੀ ਠੋਸ ਪ੍ਰੋਗਰਾਮ ਨਹੀਂ ਹੈ।"
ਉਨ੍ਹਾਂ ਪੰਜਾਬ ਸਰਕਾਰ ਉੱਪਰ ਸਵਾਲ ਚੁੱਕਦਿਆਂ ਕਿਹਾ, "ਸਰਕਾਰ ਕਿਸੇ ਪੁਲਿਸ ਮੁਲਾਜ਼ਮ ਦੀ ਮੌਤ ਜਾਂ ਹੋਰ ਮੁਲਾਜ਼ਮ ਦੀ ਮੌਤ ਉੱਪਰ ਇੱਕ ਕਰੋੜ ਰੁੱਪਈਆ ਦੇਣ ਦੀ ਗੱਲ ਕਰਦੀ ਹੈ ਪਰ ਖੁਦਕੁਸ਼ੀ ਕਰਨ ਵਾਲੇ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਨਹੀਂ ਹੈ।"
ਥਾਣਾ ਕਾਲਿਆਂਵਾਲੀ ਦੇ ਤਫ਼ਤੀਸ਼ ਕਰਨ ਵਾਲੇ ਅਫਸਰ ਕੇਵਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਕਰਜ਼ੇ ਕਾਰਨ ਪਰੇਸ਼ਾਨ ਸੀ। ਇਸੇ ਤਰ੍ਹਾਂ ਦੀ ਗੱਲ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰਨ ਵਾਲੇ ਜਸਪਾਲ ਸਿੰਘ ਸਬੰਧੀ ਰੇਲਵੇ ਪੁਲਿਸ ਨੇ ਕਹੀ ਹੈ।
ਸੂਬਾ ਸਰਕਾਰ ਦਾ ਪੱਖ
ਦੂਜੇ ਪਾਸੇ ਹਾਕਮ ਧਿਰ ਆਮ ਆਦਮੀ ਪਾਰਟੀ ਵੱਲੋਂ ਅਜਿਹੀਆਂ ਆਤਮਹੱਤਿਆਵਾਂ ਲਈ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਨੂੰ ਕਥਿਤ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
'ਆਪ' ਦੇ ਸੂਬਾ ਸੰਯੁਕਤ ਸਕੱਤਰ ਅਤੇ ਜ਼ਿਲ੍ਹਾ ਬਠਿੰਡਾ 'ਚ ਕਿਸਾਨ ਵਿੰਗ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਕਹਿੰਦੇ ਹਨ, "ਖ਼ੁਦਕੁਸ਼ੀਆਂ ਕਰਨਾ ਪੰਜਾਬੀਆਂ ਦੇ ਇਤਿਹਾਸ ਦਾ ਹਿੱਸਾ ਨਹੀਂ ਹੈ। ਜੇਕਰ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਕੋਈ ਠੋਸ ਨੀਤੀ ਤੈਅ ਕੀਤੀ ਹੁੰਦੀ ਤਾਂ ਆਰਥਿਕ ਮੰਦੀ ਕਾਰਨ ਕਿਸੇ ਵੀ ਕਿਸਾਨ ਦੀ ਮੌਤ ਨਾ ਹੁੰਦੀ।
''ਸਾਡੀ ਸਰਕਾਰ ਕਿਸਾਨਾਂ ਦੇ ਭਵਿੱਖ ਲਈ ਚਿੰਤਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਸ਼ੁਭ ਸੰਦੇਸ਼ ਮਿਲਣਗੇ।"
ਇਹ ਵੀ ਪੜ੍ਹੋ:
https://www.youtube.com/watch?v=XHAPwVjLDdY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '75462108-195b-429e-9b1a-5873245e5b29','assetType': 'STY','pageCounter': 'punjabi.india.story.61254505.page','title': 'ਕਿਸਾਨ ਤੇ ਕਰਜ਼ਾ: \'ਕਰਜ਼ੇ ਦੇ ਦੈਂਤ ਨੇ ਮੇਰੇ ਨੌਜਵਾਨ ਪੁੱਤਰਾਂ ਨੂੰ ਨਿਗਲ ਲਿਆ, ਮੈਂ ਕਿੱਧਰ ਨੂੰ ਜਾਵਾਂ?\'','author': 'ਸੁਰਿੰਦਰ ਮਾਨ','published': '2022-04-28T09:41:19Z','updated': '2022-04-28T09:41:19Z'});s_bbcws('track','pageView');

''ਹਿੰਦੀ ਸਾਡੀ ਰਾਸ਼ਟਰ ਭਾਸ਼ਾ ਨਾ ਸੀ ਅਤੇ ਨਾ ਹੋਵੇਗੀ''- ਭਾਸ਼ਾ ਉੱਤੇ ਫਿਲਮੀ ਅਦਾਕਾਰਾਂ ਦੀ ਬਹਿਸ
NEXT STORY