ਗੰਭੀਰ ਆਰਥਿਕ ਸੰਕਟ ਵਿਚਾਲੇ ਜਾਰੀ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਦੇ ਨਾਲ ਸ਼੍ਰੀਲੰਕਾ ਸਰਕਾਰ ਨੇ ਦੇਸ਼ ਭਰ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਹੈ।
ਪਿਛਲੇ ਮਹੀਨੇ ਸ਼ੁਰੂ ਹੋਏ ਰੋਸ-ਮੁਜ਼ਾਹਰਿਆਂ ਤੋਂ ਬਾਅਦ ਰਾਸ਼ਟਰਪਤੀ ਗੋਟਬਾਇਆ ਨੇ ਦੇਸ਼ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿੱਚ ਵਾਅਦਾ ਕੀਤਾ ਹੈ ਕਿ ਉਹ ਮੁੜ ਕਾਨੂੰਨ-ਵਿਵਸਥਾ ਬਹਾਲ ਕਰਨਗੇ।
ਦਰਅਸਲ ਸ਼੍ਰੀਲੰਕਾ ਬੜੇ ਹੀ ਡੂੰਘੇ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ। ਇੱਥੋਂ ਦੇ ਲੋਕ ਖਾਣ ਪੀਣ ਅਤੇ ਪੈਟਰੋਲ-ਡੀਜ਼ਲ ਵਰਗੀਆਂ ਮੁੱਢਲੀਆਂ ਚੀਜ਼ਾਂ ਲਈ ਸੰਘਰਸ਼ ਕਰ ਰਹੇ ਹਨ। ਸੱਤਾ ਉੱਤੇ ਕਾਬਜ਼ ਲੋਕਾਂ ਪ੍ਰਤੀ ਆਵਾਮ ਦਾ ਗੁੱਸਾ ਵਧਦਾ ਜਾ ਰਿਹਾ ਹੈ।
ਸ਼੍ਰੀਲੰਕਾ ਦੀ ਅਬਾਦੀ ਮਹਿਜ਼ 2.2 ਕਰੋੜ ਹੈ। ਦੇਸ਼ ਆਪਣੀ ਅਜ਼ਾਦੀ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਦੇਸ਼ ਵਿੱਚ ਖਾਣੇ, ਗੈਸ, ਅਤੇ ਪੈਟਰੋਲੀਅਮ ਦੀਆਂ ਕੀਮਤਾਂ ਅਸਾਮਾਨ ਛੂਹ ਰਹੀਆਂ ਹਨ। ਮਹਿੰਗਾਈ ਦੀ ਦਰ ਪਿਛਲੇ ਕਈ ਮਹੀਨਿਆਂ ਤੋਂ ਦੂਹਰੇ ਅੰਕਾਂ ਵਿੱਚ ਜਾ ਰਹੀ ਹੈ।
ਰੂਸ ਅਤੇ ਯੂਕਰੇਨ ਦੀ ਜੰਗ ਨੇ ਸ਼੍ਰੀ ਲੰਕਾ ਦੇ ਸੰਕਟ ਵਿੱਚ ਹੋਰ ਵਾਧਾ ਕਰ ਦਿੱਤਾ ਹੈ।
ਸ਼੍ਰੀਲੰਕਾ 'ਚ ਆਰਥਿਕ ਸੰਕਟ ਦਾ ਕੀ ਕਾਰਨ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਵਿੱਚ ਸੰਕਟ ਕਈ ਸਾਲਾਂ ਤੋਂ ਚੱਲ ਰਿਹਾ ਸੀ, ਜਿਸ ਦਾ ਇੱਕ ਕਾਰਨ ਸਰਕਾਰ ਦੀ ਬਦਇੰਤਜ਼ਾਮੀ ਨੂੰ ਵੀ ਮੰਨਿਆ ਜਾ ਰਿਹਾ ਹੈ।
ਮਾਹਿਰਾਂ ਦੇ ਅਨੁਸਾਰ, ਪਿਛਲੇ ਇੱਕ ਦਹਾਕੇ ਦੌਰਾਨ ਸ਼੍ਰੀਲੰਕਾ ਦੀ ਸਰਕਾਰ ਨੇ ਜਨਤਕ ਸੇਵਾਵਾਂ ਲਈ ਵਿਦੇਸ਼ਾਂ ਤੋਂ ਵੱਡੀ ਰਾਸ਼ੀ ਉਧਾਰ ਚੁੱਕੀ ਹੈ।
ਵਧਦੇ ਕਰਜ਼ੇ ਤੋਂ ਇਲਾਵਾ ਹੋਰ ਕਈ ਚੀਜ਼ਾਂ ਨੇ ਵੀ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਵਿੱਚ ਭਾਰੀ ਮੀਂਹ ਵਰਗੀਆਂ ਕੁਦਰਤੀ ਆਫਤਾਂ ਤੋਂ ਲੈ ਕੇ ਮਨੁੱਖ ਵੱਲੋਂ ਪੈਦਾ ਹੋਈਆਂ ਤਬਾਹੀਆਂ ਸ਼ਾਮਲ ਹਨ।
ਇਨ੍ਹਾਂ ਕਾਰਨਾਂ ਵਿੱਚ ਸਰਕਾਰ ਵੱਲੋਂ ਰਸਾਇਣਕ ਖਾਦਾਂ 'ਤੇ ਪਾਬੰਦੀ ਵੀ ਸ਼ਾਮਲ ਹੈ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ।
ਇਹ ਵੀ ਪੜ੍ਹੋ-
2018 'ਚ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਨੂੰ ਬਰਖਾਸਤ ਕਰਨ ਤੋਂ ਬਾਅਦ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਸੀ, ਉਸ ਤੋਂ ਬਾਅਦ ਹਾਲਾਤ ਹੋਰ ਖ਼ਰਾਬ ਹੋ ਗਏ ਸਨ। ਇਸ ਤੋਂ ਇੱਕ ਸਾਲ ਬਾਅਦ 2019 'ਚ ਈਸਟਰ ਬੰਬ ਧਮਾਕਿਆਂ ਵਿੱਚ ਚਰਚਾਂ ਅਤੇ ਵੱਡੇ ਹੋਟਲਾਂ 'ਚ ਸੈਂਕੜੇ ਲੋਕ ਮਾਰੇ ਗਾਏ ਸਨ ਅਤੇ ਸਾਲ 2020 ਤੋਂ ਬਾਅਦ ਕੋਵਿਡ-19 ਮਹਾਂਮਾਰੀ ਨੇ ਤਬਾਹੀ ਮਚਾਈ।
ਅਰਥਵਿਵਸਥਾ ਨੂੰ ਲੀਹਾਂ 'ਤੇ ਲਿਆਉਣ ਲਈ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਟੈਕਸਾਂ ਵਿੱਚ ਕਟੌਤੀ ਕਰਨ ਦੀ ਇੱਕ ਨਾਕਾਮ ਕੋਸ਼ਿਸ਼ ਕੀਤੀ।
ਹਾਲਾਂਕਿ, ਉਨ੍ਹਾਂ ਦਾ ਇਹ ਕਦਮ ਉਲਟਾ ਹੀ ਪੈ ਗਿਆ ਅਤੇ ਸਰਕਾਰੀ ਖਜ਼ਾਨੇ 'ਤੇ ਇਸ ਦਾ ਬੁਰਾ ਪ੍ਰਭਾਵ ਪਿਆ ਜਿਸ ਦੇ ਨਤੀਜੇ ਵੱਜੋਂ ਕਰੈਡਿਟ ਰੇਟਿੰਗ ਏਜੰਸੀਆਂ ਨੇ ਸ਼੍ਰੀਲੰਕਾ ਨੂੰ ਡਿਫਾਲਟ ਪੱਧਰ ਤੱਕ ਹੇਠਾਂ ਕਰ ਦਿੱਤਾ। ਇਸ ਦਾ ਮਤਲਬ ਸੀ ਕਿ ਦੇਸ਼ ਨੇ ਵਿਦੇਸ਼ੀ ਬਾਜ਼ਾਰਾਂ ਤੱਕ ਆਪਣੀ ਪਹੁੰਚ ਖਤਮ ਕਰ ਲਈ ਹੈ।
ਸ਼੍ਰੀਲੰਕਾ ਨੂੰ ਸਰਕਾਰੀ ਕਰਜ਼ੇ ਦਾ ਭੁਗਤਾਨ ਕਰਨ ਲਈ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚੋਂ ਭੁਗਤਾਨ ਕਰਨਾ ਪਿਆ। ਇਸ ਕਾਰਨ ਸ਼੍ਰੀ ਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਇਸ ਸਾਲ ਘੱਟ ਕੇ 2.2 ਬਿਲੀਅਨ ਡਾਲਰ ਰਹਿ ਗਿਆ, ਜੋ ਕਿ ਸਾਲ 2018 ਵਿੱਚ 6.9 ਬਿਲੀਅਨ ਡਾਲਰ ਸੀ।
ਇਸ ਦੇ ਸਿੱਟੇ ਵਜੋਂ ਈਂਧਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ ਪ੍ਰਭਵਿਤ ਹੋਈ ਅਤੇ ਮਹਿੰਗਾਈ ਵਿੱਚ ਵਾਧਾ ਦਰਜ ਹੋਇਆ।
ਇਨ੍ਹਾਂ ਕਾਰਨਾਂ ਤੋਂ ਵੀ ਉੱਪਰ ਇਹ ਗੱਲ ਹੈ ਕਿ ਸਰਕਾਰ ਨੇ ਮਾਰਚ ਮਹੀਨੇ ਸ਼੍ਰੀ ਲੰਕਾਈ ਰੁਪਏ ਨੂੰ ਫਲੋਟ ਕੀਤਾ ਭਾਵ ਇਸ ਦੀ ਕੀਮਤ ਵਿਦੇਸ਼ੀ ਮੁਦਰਾ ਬਾਜ਼ਾਰਾਂ ਦੀ ਮੰਗ ਅਤੇ ਸਪਲਾਈ ਦੇ ਅਧਾਰ 'ਤੇ ਨਿਰਧਾਰਤ ਕੀਤੀ ਜਾਣ ਲੱਗੀ।
ਇਹ ਕਦਮ ਮੁਦਰਾ ਦੇ ਮੁੱਲ ਨੂੰ ਘਟਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਸੀ ਤਾਂ ਜੋ ਕੌਮਾਂਤਰੀ ਮੁਦਰਾ ਭੰਡਾਰ, ਆਈਐਮਐਫ ਤੋਂ ਕਰਜ਼ਾ ਮਿਲ ਸਕੇ।
ਹਾਲਾਂਕਿ ਅਮਰੀਕੀ ਡਾਲਰ ਦੇ ਮੁਕਾਬਲੇ ਸ਼੍ਰੀਲੰਕਾਈ ਰੁਪਏ ਦੀ ਗਿਰਾਵਟ ਨੇ ਆਮ ਲੋਕਾਂ ਲਈ ਸਥਿਤੀ ਬਦ ਤੋਂ ਬਦਤਰ ਕਰ ਦਿੱਤੀ।
ਸੰਕਟ ਦੌਰਾਨ ਕੀ-ਕੀ ਹੋ ਰਿਹਾ ਹੈ
ਸੰਕਟ ਪੈਦਾ ਹੋਣ ਬਾਅਤ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ।
ਦੇਸ਼ ਦੇ ਕਈ ਹਿੱਸਿਆਂ ’ਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸ਼੍ਰੀਲੰਕਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ। ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਪਾਬੰਦੀ ਲਗਾਈ ਗਈ ਹੈ।
31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਅਤੇ ਵਾਹਨਾਂ ਨੂੰ ਅੱਗ ਵੀ ਲਗਾਈ ਗਈ। ਇਸ ਤੋਂ ਇਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।
ਐਮਰਜੈਂਸੀ ਦੇ ਮਾਅਨੇ
ਬੀਬੀਸੀ ਨਿਊਜ਼ ਦੇ ਏਸ਼ੀਆ ਐਡੀਟਰ ਆਇਸ਼ਾ ਪੇਰੇਰਾ ਮੁਤਾਬਕ ਸ਼੍ਰੀਲੰਕਾ ਵਿੱਚ ਇਸ ਨੂੰ ਕਾਨੂੰਨ ਦੇ ਸਭ ਤੋਂ ਕਠੋਰ ਹਿੱਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅਜਿਹਾ ਕਾਨੂੰਨ ਜਿਸ ਨੂੰ "ਅਸਾਧਾਰਨ ਖ਼ਤਰੇ, ਮੁਸੀਬਤ ਜਾਂ ਆਫ਼ਤ" ਦੀਆਂ ਸਥਿਤੀਆਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਪਿਛਲੀ ਵਾਰ ਐਮਰਜੈਂਸੀ ਸਾਲ 2019 ਵਿੱਚ ਲਾਗੂ ਕੀਤੀ ਸੀ ਜਦੋਂ ਈਸਟਰ ਸੰਡੇ ਨੂੰ ਘਾਤਕ ਬੰਬ ਧਮਾਕਿਆਂ ਨਾਲ ਦੇਸ਼ ਹਿਲ ਗਿਆ ਸੀ।
ਇਹ ਕਾਨੂੰਨ ਸੈਨਾ ਨੂੰ ਬਿਨਾਂ ਕਿਸੇ ਸਬੂਤ ਜਾਂ ਨਿਰਦੋਸ਼ ਨਾ ਹੋਣ ਦੇ ਖਦਸ਼ੇ ਦੇ ਆਧਾਰ 'ਤੇ ਲੋਕਾਂ ਨੂੰ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ। ਨਾਲ ਹੀ ਇਹ, ਅੰਦੋਲਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਰਗੇ ਬੁਨਿਆਦੀ ਅਧਿਕਾਰਾਂ 'ਤੇ ਵੀ ਸਖ਼ਤ ਪਾਬੰਦੀ ਲਗਾਉਂਦਾ ਹੈ।
ਇਹ ਪੁਲਿਸ ਅਤੇ ਫੌਜ ਨੂੰ, ਬਿਨਾਂ ਵਾਰੰਟ ਦੇ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਨਜ਼ਰਬੰਦ ਕਰਨ ਦੀ ਆਗਿਆ ਦਿੰਦਾ ਹੈ।
ਮੁਜ਼ਾਹਰਾਕਾਰੀਆਂ ਦੇ ਟੈਂਟ ਨੂੰ ਅੱਗ ਲਗਾਉਣ ਤੋਂ ਬਾਅਦ ਖ਼ੁਸ਼ੀ ਮਨਾਉਂਦੇ ਸ਼੍ਰੀ ਲੰਕਾ ਸਰਕਾਰ ਦੇ ਸਮਰਥਕ
ਇਸ ਨੇ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਸਰਕਾਰ ਪ੍ਰਦਰਸ਼ਨਕਾਰੀਆਂ 'ਤੇ ਬੇਰਹਿਮੀ ਨਾਲ ਕਾਰਵਾਈ ਕਰਨ ਜਾ ਰਹੀ ਹੈ, ਉਹ ਪ੍ਰਦਰਸ਼ਨਕਾਰੀ ਜੋ ਮੌਜੂਦਾ ਆਰਥਿਕ ਸੰਕਟ ਕਾਰਨ ਉਨ੍ਹਾਂ ਦੇ ਜੀਵਨ 'ਤੇ ਆਈਆਂ ਮੁਸੀਬਤਾਂ ਕਾਰਨ ਨਾਰਾਜ਼ ਹਨ।
ਸਿਵਲ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਘਰ ਦੇ ਬਾਹਰ ਪ੍ਰਦਰਸ਼ਨਾਂ ਵਿੱਚ ਸਿਰਫ ਮੌਜੂਦ ਹੋਣ ਲਈ ਵੀ ਪੁਲਿਸ ਦੁਆਰਾ ਤਸ਼ੱਦਦ ਕੀਤੇ ਜਾਣ ਦੀ ਰਿਪੋਰਟਾਂ ਪਹਿਲਾਂ ਹੀ ਕੀਤੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਦੇਰ ਰਾਤ ਇੱਕ ਪ੍ਰਬੰਧਕ ਨੂੰ ਵੀ ਪੁੱਛਗਿੱਛ ਲਈ ਲਿਜਾਇਆ ਗਿਆ ਸੀ।
ਇਸ ਕਾਨੂੰਨ ਦੇ ਲਾਗੂ ਹੋਣ ਨੂੰ ਅਦਾਲਤਾਂ ਵਿੱਚ ਵੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਹਾਲਾਂਕਿ ਸੰਸਦ ਨੂੰ ਇਸਦੀ ਘੋਸ਼ਣਾ ਦੇ 14 ਦਿਨਾਂ ਦੇ ਅੰਦਰ ਇਸਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੋਏਗੀ।
ਇਸ ਨੂੰ ਪਾਸ ਕਰਨ ਲਈ ਸਰਕਾਰ ਨੂੰ ਸੰਸਦ ਵਿੱਚ ਬਹੁਮਤ ਪ੍ਰਾਪਤ ਹੈ। ਇਸ ਤੋਂ ਬਾਅਦ ਇਸ ਨੂੰ ਮਹੀਨਾਵਾਰ ਆਧਾਰ 'ਤੇ ਵਧਾਉਣ ਦੀ ਲੋੜ ਹੁੰਦੀ ਹੈ।
ਸ਼੍ਰੀਲੰਕਾ ਵਿੱਚ ਮੌਜੂਦਾ ਹਾਲਾਤ
ਕੋਲੰਬੋ ਵਿੱਚ ਬੀਬੀਸੀ ਤਮਿਲ ਨੂੰ ਇੱਕ ਮੁਜ਼ਾਹਰਾਕਾਰੀ ਚੰਦਰਸ਼ੇਖ਼ਰ ਨੇ ਦੱਸਿਆ, "ਅਸੀਂ ਕਰਫਿਊ ਦੇ ਬਾਵਜੂਦ ਇੱਥੇ ਮੁਜ਼ਾਹਰੇ ਵਾਲੀ ਥਾਂ ਆਏ ਹਾਂ। ਅਸੀਂ ਹੁਣ ਵੀ ਜੂਝ ਰਹੇ ਹਾਂ। ਇੱਥੇ ਨਾ ਤਾਂ ਕੈਰੋਸੀਨ ਹੈ, ਨਾ ਡੀਜ਼ਲ ਅਤੇ ਨਾ ਹੀ ਬਿਜਲੀ।"
ਦੇਸ਼ ਵਿੱਚ ਲੱਗੇ ਕਰਫਿਊ ਦੇ ਬਾਵਜੂਦ ਦੋ ਰਾਤਾਂ ਭੀੜ ਨੇ ਅੱਗ ਲਗਾਈ ਅਤੇ ਹਮਲੇ ਕੀਤੇ ਤੇ ਇਨ੍ਹਾਂ ਹਮਲਿਆਂ ਵਿੱਚ ਵਧੇਰੇ ਉਨ੍ਹਾਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਰਾਜਪਕਸ਼ੇ ਪਰਿਵਾਰ ਜਾਂ ਫਿਰ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨਾਲ ਜੁੜੇ ਸਨ।
ਕੋਲੰਬੋ ਕੋਲ ਦੁਕਾਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਦਾ ਰਿਜ਼ਾਰਟ ਵੀ ਸ਼ਾਮਿਲ ਸੀ।
ਇਸ ਵਿਚਾਲੇ ਰਨਿਲ ਵਿਕਰਮਾਸਿੰਘੇ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਥਾਪਿਆ ਗਿਆ ਹੈ।
ਰੋਸ-ਮੁਜ਼ਾਹਰਿਆਂ ਦੌਰਾਨ ਲੋਕ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਪਰ ਇਸ ਮੰਗ ਨੂੰ ਨਜ਼ਰਅੰਦਾਜ਼ ਕਰਦਿਆਂ ਰਾਜਪਕਸ਼ੇ ਨੇ ਸੰਸਦ ਨੂੰ ਕੁਝ ਸ਼ਕਤੀਆਂ ਦੇਣ ਦੀ ਗੱਲੀ ਆਖੀ।
ਉਨ੍ਹਾਂ ਦੇ ਭਰਾ ਮਹਿੰਦਾ ਰਾਜਪਕਸ਼ੇ ਨੇ ਸੋਮਵਾਰ ਨੂੰ ਵਧਦੀ ਮਹਿੰਗਾਈ ਕਾਰਨ ਹੋ ਰਹੇ ਪ੍ਰਦਰਸ਼ਨਾਂ ਕਾਰਨ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਦੇ ਵੱਡੇ ਭਰਾ ਅਤੇ ਦੋ ਵਾਰ ਰਾਸ਼ਟਰਪਤੀ ਰਹੇ ਰਾਜਪਕਸ਼ੇ ਆਪਣੀ ਸੁਰੱਖਿਆ ਲਈ ਉੱਤਰ-ਪੂਰਬ ਵਿੱਚ ਜਲ ਸੈਨਾ ਦੇ ਅੱਡੇ 'ਤੇ ਲੁਕੇ ਹੋਏ ਹਨ।
ਕਦੇ ਯੁੱਧ ਨਾਇਕ ਰਹੇ ਸਨ ਰਾਜਪਕਸ਼ੇ, ਅੱਜ ਜਨਤਾ ਲਈ ਬਣੇ ਵਿਲੇਨ
ਮਹਿੰਦਾ ਰਾਜਪਕਸ਼ੇ ਜੋ ਇੱਕ ਸਮੇਂ ਤਮਿਲ ਟਾਈਗਰ ਵਿਦਰੋਹੀਆਂ ਨੂੰ ਹਰਾਉਣ ਤੋਂ ਬਾਅਦ ਸਿੰਹਲੀਆਂ ਦੀ ਨਜ਼ਰ ਵਿੱਚ ਕਿਸੇ ਯੁੱਧ ਨਾਇਕ ਤੋਂ ਘੱਟ ਨਹੀਂ ਸਨ, ਉਹ ਅਚਾਨਕ ਹੁਣ ਵਿਲੇਨ ਬਣ ਗਏ ਹਨ।
ਬਹੁਤ ਸਾਰੇ ਲੋਕ ਉਨ੍ਹਾਂ ਦੇ ਸਮਰਥਕਾਂ 'ਤੇ ਸਰਕਾਰ ਵਿਰੋਧੀ ਮੁਜ਼ਾਹਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾ ਰਹੇ ਹਨ, ਜਿਸ ਤੋਂ ਬਾਅਦ ਹੀ ਦੇਸ਼ ਵਿੱਚ ਹਿੰਸਕ ਘਟਨਾਵਾਂ ਦਾ ਦੌਰ ਸ਼ੁਰੂ ਹੋਇਆ ਹੈ।
ਔਖੇ ਤੋਂ ਔਖੇ ਪਲਾਂ ਵਿੱਚ ਵੀ ਰਾਜਪਕਸ਼ੇ ਪਰਿਵਾਰ ਹਮੇਸ਼ਾ ਇੱਕ-ਦੂਜੇ ਦੇ ਨਾਲ ਖੜ੍ਹਾ ਨਜ਼ਰ ਆਉਂਦਾ ਸੀ ਪਰ ਇਸ ਵਾਰ ਉਨ੍ਹਾਂ ਦੇ ਆਪਸੀ ਮਤਭੇਦ ਖੁੱਲ੍ਹ ਕੇ ਬਾਹਰ ਆ ਗਏ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ ਸਮੱਸਿਆ ਗੋਟਬਾਇਆ ਰਾਜਪਕਸ਼ੇ ਵੱਲੋਂ ਮਹਿੰਦਾ ਰਾਜਪਕਸ਼ੇ ਤੋਂ ਅਸਤੀਫ਼ਾ ਮੰਗਣ ਤੋਂ ਬਾਅਦ ਸ਼ੁਰੂ ਹੋਈ।
ਹਾਲਾਂਕਿ, ਸ਼੍ਰੀਲੰਕਾ ਦੀ ਸਿਆਸਤ 'ਤੇ ਸਾਲਾਂ ਤੋਂ ਕਾਬਜ਼ ਰਾਜਪਕਸ਼ੇ ਪਰਿਵਾਰ ਇਸ ਸੰਕਟ ਤੋਂ ਕਿਵੇਂ ਬਾਹਰ ਨਿਕਲਦਾ ਹੈ, ਇਹ ਸਵਾਲ ਅਜੇ ਵੀ ਬਰਕਰਾਰ ਹੈ।
ਇਹ ਵੀ ਪੜ੍ਹੋ:
https://www.youtube.com/watch?v=CAWm7irYaBE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '62013ec2-70ff-444a-be2b-572fa498d850','assetType': 'STY','pageCounter': 'punjabi.international.story.61418110.page','title': 'ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦੇ ਕਾਰਨ ਅਤੇ ਮੌਜੂਦਾ ਹਾਲਾਤ ਕੀ ਹਨ','published': '2022-05-13T02:43:14Z','updated': '2022-05-13T02:43:14Z'});s_bbcws('track','pageView');

ਪਟਿਆਲਾ ਹਿੰਸਾ: ਕੀ ਪੰਜਾਬ ਵਿੱਚ ਹਿੰਦੂ-ਸਿੱਖਾਂ ਦੀ ਭਾਈਚਾਰਕ ਸਾਂਝ ਨੂੰ ਖ਼ਤਰਾ ਹੈ
NEXT STORY