ਪੰਜਾਬ ਵਿੱਚ ਜ਼ਮਨੀ ਪਾਣੀ ਦਾ ਲਗਾਤਾਰ ਡਿੱਗ ਰਿਹਾ ਪੱਧਰ ਸਰਕਾਰ ਤੋਂ ਲੈਕੇ ਆਮ ਲੋਕਾਂ ਤੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ
ਪੰਜਾਬ ਦੇ ਘੱਟਦੇ ਜ਼ਮੀਨ ਦੋਜ਼ ਪਾਣੀ ਦੀ ਚਰਚਾ ਸਮੇਂ-ਸਮੇਂ ''ਤੇ ਹੁੰਦੀ ਹੈ ਰਹਿੰਦੀ ਹੈ ਅਤੇ ਝੋਨੇ ਦੇ ਸੀਜਨ ਵਿਚ ਇਹ ਚਰਚਾ ਜਿਆਦਾ ਜੋਰ ਫੜ ਜਾਂਦੀ ਹੈ।
ਖੇਤੀਬਾੜੀ ਮਾਹਰ, ਸਰਕਾਰ ਅਤੇ ਵਾਤਾਵਰਨ ਪ੍ਰੇਮੀ ਸੂਬੇ ਦੇ ਘਟਦੇ ਪਾਣੀ ਦੇ ਪੱਤਣ ਉਤੇ ਲਗਾਤਾਰ ਚਿੰਤਾ ਪ੍ਰਗਟ ਕਰਦੇ ਰਹੇ ਹਨ ਪਰ ਇਸ ਦੇ ਬਾਵਜੂਦ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਪੰਜਾਬ ਵਿਚ ਝੋਨੇ ਦੀ ਖੇਤੀ ਵੱਡੇ ਪੱਧਰ ''ਤੇ ਹੋ ਰਹੀ ਹੈ।
ਪੰਜਾਬ ਵਿਧਾਨ ਸਭਾ ਦੀ ਸਾਲ 2021-22 ਦੀ ਰਿਪੋਰਟ ਦੇ ਮੁਤਾਬਕ ਜੇਕਰ ਜ਼ਮੀਨ ਵਿਚੋਂ ਪਾਣੀ ਇਸ ਤਰੀਕੇ ਨਾਲ ਨਿਕਲਦਾ ਗਿਆ ਤਾਂ ਸੂਬੇ ਵਿਚ ਜ਼ਮੀਨਦੋਜ਼ ਪਾਣੀ ਦਾ ਸੰਕਟ ਖੜ੍ਹਾ ਹੋ ਜਾਵੇਗਾ।
ਇਸੇ ਤਰੀਕੇ ਨਾਲ ਸੈਂਟਰ ਫਾਰ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਪਹਿਲਾਂ ਹੀ ਹੋ ਚੁੱਕਾ ਹੈ ਕਿ ਜੇਕਰ ਜ਼ਮੀਨ ਵਿਚੋਂ ਪਾਣੀ ਇਸੇ ਰਫਤਾਰ ਨਾਲ ਕੱਢਿਆ ਗਿਆ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਸੂਬਾ ਰੇਗਿਸਤਾਨ ਬਣ ਜਾਵੇਗਾ।
ਪੰਜਾਬ ਵਿਚ ਜ਼ਮੀਨਦੋਜ਼ ਪਾਣੀ ਘਟਣ ਦੇ ਕਾਰਨ, ਮੌਜੂਦਾ ਸਥਿਤੀ, ਸਰਕਾਰ ਦੀ ਦਲੀਲ, ਪਾਣੀ ਬਚਾਉਣ ਲਈ ਕਿਸ ਤਰੀਕੇ ਦੇ ਹੋ ਰਹੇ ਹਨ ਯਤਨਾਂ ਬਾਰੇ ਸਾਡੀ ਕਿਸਾਨਾਂ, ਸਰਕਾਰ ਦੇ ਨੁਮਾਇੰਦੇ, ਮਾਹਿਰਾਂ ਨਾਲ ਸਵਾਲ ਜਵਾਬ ਹੋਏ।
- ਪੰਜਾਬ ਦਾ ਜ਼ਮੀਨਦੋਜ਼ ਪਾਣੀ 86 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਥੱਲੇ ਜਾ ਰਿਹਾ ਹੈ।
- ਆਉਣ ਵਾਲੇ 15-20 ਸਾਲਾਂ ਵਿੱਚ ਪੰਜਾਬ ਦਾ ਪਾਣੀ ਖਤਮ ਹੋ ਜਾਵੇਗਾ।
- ਸਾਲ 2000 ਸੂਬੇ ਦੇ 150 ਵਿੱਚੋਂ 80 ਬਲਾਕ ਡਾਰਕ ਸਨ ਜੋ ਕਿ 2020 ਤੱਕ 117 ਹੋ ਗਏ ਹਨ, ਸਭ ਤੋਂ ਮੋਹਰੀ ਨਾਮ ਸੰਗਰੂਰ ਦਾ ਹੈ।
- ਸੁਰਖਿਅਤ ਮੰਨੇ ਜਾਂਦੇ ਬਲਾਕਾਂ ਦਾ ਜ਼ਮੀਨੀ ਪਾਣੀ ਵੀ ਖੇਤੀ ਅਤੇ ਮਨੁੱਖੀ ਖਪਤ ਲਈ ਆਯੋਗ ਹੈ।
- ਮਾਲਵਾ ਖਿੱਤੇ ਦੀ ਸਥਿਤੀ ਇਸ ਵਿਚ ਸਭ ਤੋਂ ਗੰਭੀਰ ਹੈ।
- ਝੋਨੇ ਨੂੰ ਪੰਜਾਬ ਦੇ ਪਾਣੀ ਖਤਮ ਦਾ ਵੱਡਾ ਕਾਰਨ ਮੰਨਿਆਂ ਜਾ ਰਿਹਾ ਹੈ।
- ਨਵੀਂ ਸਰਕਾਰ ਵਿੱਤੀ ਹੱਲਾਸ਼ੇਰੀ ਰਾਹੀਂ ਫ਼ਸਲੀ ਚੱਕਰ ਵਿੱਚ ਬਦਲਾਅ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਦੇ ਜ਼ਮਨੀ ਪਾਣੀ ਦੀ ਮੌਜੂਦਾ ਸਥਿਤੀ
ਪੰਜਾਬ ਦੇ ਜ਼ਮੀਨੀ ਪਾਣੀ ''ਤੇ ਪੰਜਾਬ ਵਿਧਾਨ ਸਭਾ ਵਲੋਂ ਵੀ ਇੱਕ ਰਿਪੋਰਟ ਤਿਆਰ ਕਰਵਾਈ ਗਈ। ਇਹ ਰਿਪੋਰਟ 2021 ਦੇ ਵਿੱਚ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਜਿਸ ਵਿੱਚ ਕਾਫੀ ਹੈਰਾਨੀਜਨਕ ਤੱਥ ਉੱਭਰ ਕੇ ਸਾਹਮਣੇ ਆਏ।
ਰਿਪੋਰਟ ਮੁਤਾਬਕ ਸਾਲ 2000 ਵਿੱਚ ਸੂਬੇ ਦੇ 150 ਬਲਾਕਾਂ ਵਿਚੋਂ 80 ਡਾਰਕ ਬਲਾਕ ਸਨ, ਜੋ ਕਿ 2017 ਵਿੱਚ ਵੱਧ ਕੇ 109 ਹੋ ਗਏ। 2020 ਦੇ ਤਾਜੇ ਅੰਕੜਿਆ ਮੁਤਾਬਕ ਇਹਨਾਂ ਡਾਰਕ ਬਲਾਕਾਂ ਦੀ ਗਿਣਤੀ 117 ਹੋ ਗਈ ਹੈ।
ਇਸ ਰਿਪੋਰਟ ਵਿਚ ਇਸ ਗੱਲ ਦਾ ਵੀ ਜਿਕਰ ਕੀਤਾ ਗਿਆ ਜੋ ਬਲਾਕ ਪੰਜਾਬ ਵਿਚ ਇਸ ਸਮੇਂ ਸੁਰਖਿਅਤ ਹਨ ਉਹਨਾਂ ਦਾ ਜ਼ਮੀਨੀ ਪਾਣੀ ਖੇਤੀ ਅਤੇ ਮਨੁੱਖੀ ਖਪਤ ਲਈ ਆਯੋਗ ਹੈ।
ਜਾਣਕਾਰ ਆਖਦੇ ਹਨ ਕਿ ਜ਼ਮੀਨੀ ਪਾਣੀ ਅਸੀਮਤ ਹੈ ਪਰ ਇਹ ਰੀਚਾਰਜ ਨਾਲ ਜੁੜਿਆ ਹੋਇਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੀ ਪ੍ਰੋਫੈਸਰ ਡਾਕਟਰ ਸਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਜ਼ਮੀਨ ਵਿਚੋਂ ਪਾਣੀ ਜ਼ਮੀਨ ਕੱਢਿਆ ਜਾ ਰਿਹਾ ਹੈ ਆਉਣ ਵਾਲੇ ਸਾਲਾਂ ਵਿੱਚ 300 ਫੁੱਟ ਤੱਕ ਦੀ ਡੂੰਘਾਈ ਤੱਕ ਪਾਣੀ ਖਤਮ ਹੋ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ਦੀ ਪੁਸ਼ਟੀ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਆਪਣੀ ਰਿਪੋਰਟ ਵਿੱਚ ਪਹਿਲਾਂ ਹੀ ਕਰ ਦਿੱਤੀ ਗਈ ਹੈ।
ਵੀਡੀਓ: ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਕੀ ਕਹਿੰਦੇ
ਪੰਜਾਬ ਦੇ ਕਿਸੇ ਖਿੱਤੇ ਦੀ ਹੈ ਸਭ ਤੋਂ ਮਾੜੀ ਸਥਿਤੀ
ਜਵਾਬ -ਪੰਜਾਬ ਦੇ ਮਾਲਵਾ ਖਿੱਤੇ ਦੀ ਸਥਿਤੀ ਇਸ ਵਿਚ ਸਭ ਤੋਂ ਗੰਭੀਰ ਹੈ ਜਿਸ ਵਿੱਚ ਸੰਗਰੂਰ, ਬਰਨਾਲਾ, ਪਟਿਆਲਾ ਅਤੇ ਲੁਧਿਆਣਾ ਜਿਲੇ ਪ੍ਰਮੁੱਖ ਹਨ।
ਡਾਰਕ ਜੋਨ ਵਿੱਚ ਸਭ ਤੋਂ ਪਹਿਲਾਂ ਨਾਮ ਸੰਗਰੂਰ ਜਿਲੇ ਦਾ ਆਉਂਦਾ ਹੈ। ਵਿਧਾਨ ਸਭਾ ਦੀ ਰਿਪੋਰਟ ਦੇ ਮੁਤਾਬਕ ਸੰਗਰੂਰ ਜਿਲੇ ਵਿੱਚ 301 ਫੀਸਦੀ ਦੀ ਦਰ ਨਾਲ ਪਾਣੀ ਕੱਢਿਆ ਗਿਆ ਹੈ।
ਇਸ ਤੋਂ ਇਲਾਵਾ 250% ਮੋਗਾ, ਜਲੰਧਰ 257% ਅਤੇ 226% ਪਟਿਆਲਾ ਵਿੱਚ ਜ਼ਮੀਨਦੋਜ਼ ਪਾਣੀ ਕੱਢਣ ਦੀ ਦਰ ਹੈ। ਸਪਸ਼ਟ ਹੈ ਕਿ ਜ਼ਮੀਨ ਵਿੱਚ ਸਭ ਤੋਂ ਘੱਟ ਪਾਣੀ ਪੰਜਾਬ ਦੇ ਸੰਗਰੂਰ ਜਿਲੇ ਵਿੱਚ ਹੈ।
ਕਿਉਂ ਖਤਮ ਹੋ ਰਿਹਾ ਹੈ ਪੰਜਾਬ ਦਾ ਪਾਣੀ
ਪੰਜਾਬ ਵਿੱਚ ਕੁੱਲ 41 ਲੱਖ ਹੈਕਟੇਅਰ ਵਿੱਚ ਖੇਤੀ ਹੁੰਦੀ ਹੈ ਅਤੇ ਇਸ ਵਿਚੋਂ ਸਾਉਣੀ ਸੀਜ਼ਨ ਦੌਰਾਨ 30 ਲੱਖ ਹੈਕਟੇਅਰ (75 ਲੱਖ ਏਕੜ) ਰਕਬੇ ਵਿੱਚ ਝੋਨੇ ਦੀ ਕਾਸ਼ਤ ਹੁੰਦੀ ਹੈ।
ਝੋਨੇ ਦੀ ਇੰਨੀ ਜਿਆਦਾ ਕਾਸ਼ਤ ਲਈ ਪਾਣੀ ਦੀ ਕਿੰਨੀ ਜਰੂਰਤ ਹੋਵੇਗੀ ਇਸ ਦਾ ਅੰਦਾਜਾ ਤੁਸੀ ਆਪ ਲਗਾ ਸਕਦੇ ਹੋ।
ਇਹ ਵੀ ਪੜ੍ਹੋ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੀ ਡਾਕਟਰ ਸਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਮੀਂਹ ਤੋਂ ਇਲਾਵਾ ਝੋਨੇ ਦੇ ਪੌਦੇ ਨੂੰ 150 ਤੋਂ 200 ਸੈਂਟੀਮੀਟਰ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਸ ਦੀ ਪੂਰਤੀ ਜ਼ਮੀਨ ਦੋਜ਼ ਪਾਣੀ ਤੋਂ ਹੁੰਦੀ ਹੈ।
ਇਸ ਕਰਕੇ ਝੋਨੇ ਨੂੰ ਪੰਜਾਬ ਦੇ ਪਾਣੀ ਖਤਮ ਦਾ ਵੱਡਾ ਕਾਰਨ ਮੰਨਿਆਂ ਜਾ ਰਿਹਾ ਹੈ।
ਪਾਣੀ ਦੀ ਖਪਤ ਅਤੇ ਪੂਰਤੀ ਵਿਚ ਕੀ ਹੈ ਫਰਕ
ਸੈਂਟਰ ਗਰਾਊਂਡ ਫਾਰ ਵਾਟਰ ਬੋਰਡ ਦੇ ਮੁਤਾਬਕ ਪੰਜਾਬ ਵਿਚ ਖੇਤੀ, ਇੰਡਸਟਰੀ ਅਤੇ ਘਰੇਲੂ ਖੇਤਰਾਂ ਲਈ ਪਾਣੀ ਦੀ ਸਲਾਨਾ ਜਰੂਰਤ 35.8 ਬੀ.ਸੀ.ਐਮ (ਬੀਸੀਅਮ ਕਿਊਬਿਕ ਮੀਟਰ) ਪਾਣੀ ਧਰਤੀ ਵਿਚੋਂ ਕੱਢਿਆ ਜਾਂਦਾ ਹੈ।
ਜਦਕਿ ਇਸ ਦੀ ਭਰਪਾਈ (ਰੀਚਾਰਜ ਅਤੇ ਹੋਰ ਸਾਧਨਾਂ) 21.6 ਬੀ.ਸੀ.ਐਮ ਹੁੰਦੀ ਹੈ ਇਸ ਤਰਾਂ ਦੋਹਾਂ ਵਿਚਾਲੇ 14.2 ਬੀ.ਸੀ.ਐਮ ਖੱਪਾ ਦਾ ਹੈ।
ਪੰਜਾਬ ਵਿਚ 27% ਫੀਸਦੀ ਸਿੰਚਾਈ ਨਹਿਰੀ ਪਾਣੀ ਰਾਹੀਂ ਹੁੰਦੀ ਹੈ ਅਤੇ ਬਾਕੀ ਸਿੰਚਾਈ ਟਿਊਬਲਾਂ ਰਾਹੀਂ ਹੁੰਦੀ ਹੈ।
ਮਾਹਿਰਾਂ ਮੁਤਾਬਕ ਇਸ ਵੇਲੇ ਜ਼ਮੀਨਦੋਜ਼ ਪਾਣੀ 86 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਛੱਲੇ ਜਾ ਰਿਹਾ ਹੈ ਅਤੇ ਜੇਕਰ ਇਹ ਰਫਤਾਰ ਇਸੀ ਤਰੀਕੇ ਨਾਲ ਜਾਰੀ ਰਹੀ ਤਾਂ ਆਉਣ ਵਾਲੇ 15-20 ਸਾਲਾਂ ਵਿੱਚ ਸੂਬੇ ਕੋਲ ਧਰਤੀ ਹੇਠਲਾ ਪਾਣੀ ਨਹੀਂ ਰਹੇਗਾ।
ਪੰਜਾਬ ਵਿੱਚ ਟਿਊਬਲਾਂ ਦਾ ਕੀ ਹੈ ਅੰਕੜਾ
ਅਸਲ ਵਿੱਚ ਪੰਜਾਬ ਦਾ ਜ਼ਮੀਨੀ ਪਾਣੀ ਦਾ ਸਭ ਤੋਂ ਵੱਡਾ ਖਪਤਕਾਰ ਖੇਤੀਬਾੜੀ ਸੈਕਟਰ ਹੈ ਜਿਸ ਵਿਚ 94% ਖਪਤ ਹੁੰਦੀ ਹੈ ਜਦੋਂਕਿ ਭਾਕੀ ਭਾਰਤ ਵਿੱਚ 80 ਫੀਸਦੀ।
ਪੰਜਾਬ ਵਿੱਚ ਜਿਆਦਾਤਰ ਸਿੰਚਾਈ ਟਿਊਬਲਾਂ ਦੇ ਪਾਣੀ ਰਾਹੀਂ ਕੀਤੀ ਜਾਂਦੀ ਹੈ। ਪੰਜਾਬ ਬਿਜਲੀ ਬੋਰਡ ਦੇ ਅੰਕੜਿਆ ਦੀ ਗੱਲ ਕਰੀਏ ਤਾਂ 1960 ਵਿੱਚ ਸੂਬੇ ਵਿਚ ਇਕ ਲੱਖ ਟਿਊਬਲ ਸਨ ਅਤੇ 2020 ਤੱਕ ਇਹ ਗਿਣਤੀ ਵੱਧ ਕੇ ਕਰੀਬ 14 ਲੱਖ ਹੋ ਗਈ।
ਜੇਕਰ ਸੂਬੇ ਵਿੱਚ ਤੁਪਕਾ ਪ੍ਰਣਾਲੀ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਲ ਖੇਤੀਬਾੜੀ ਰਕਬੇ ਵਿੱਚ ਸਿਰਫ 1.2 ਫੀਸਦੀ ਹੈ ਜੋ ਕਿ ਦੂਜੇ ਰਾਜਾਂ ਦੇ ਮੁਕਾਬਲੇ ਨਾਮਾਂਤਰ ਹੈ।
ਕਿਸਾਨ ਕਿਉਂ ਨਹੀਂ ਛੱਡ ਰਿਹਾ ਝੋਨਾ ਲਾਉਣਾ
ਸਵਾਲ ਇਹ ਹੈ ਕਿ ਜਦੋਂ ਕਿਸਾਨਾਂ ਅਤੇ ਸਰਕਾਰ ਦੋਵਾਂ ਨੂੰ ਪਤਾ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ ਤਾਂ ਕਿਸਾਨ ਝੋਨੇ ਦੀ ਥਾਂ ਹੋਰ ਫਸਲਾਂ ਕਿਉਂ ਨਹੀਂ ਬੀਜਦੇ।
ਇਸ ਦਾ ਵੱਡਾ ਕਾਰਨ ਹੈ ਝੋਨੇ ਦੀ ਫ਼ਸਲ ਉਤੇ ਮਿਲਣ ਵਾਲਾ ਘੱਟੋ ਘੱਟ ਸਮਰਥਨ ਮੁੱਲ ਜਦਕਿ ਬਾਕੀ ਫਸਲਾਂ ਉੱਤੇ ਅਜਿਹਾ ਨਹੀਂ ਹੈ।
ਵੀਡੀਓ: ਸਿੱਧੀ ਬਿਜਾਈ, ਕਿਸਾਨਾਂ ਦੀ ਹਾਲਤ ਬਾਰੇ ਉਗਰਾਹਾਂ ਦੀ ਰਾਇ
ਇਸ ਕਰਕੇ ਕਿਸਾਨ ਇਸ ਫ਼ਸਲ ਨੂੰ ਪੈਦਾ ਕਰਨ ਨੂੰ ਤਰਜੀਹ ਦਿੰਦਾ ਹੈ। ਸੰਗਰੂਰ ਜ਼ਿਲ੍ਹੇ ਦੇ ਕਿਸਾਨ ਗੁਰਨਾਮ ਸਿੰਘ ਠੇਕੇਦਾਰ ਆਖਦੇ ਹਨ ਕਿ ਸਰਕਾਰਾਂ ਨੇ ਸਾਨੂੰ ਝੋਨੇ ਦੀ ਪੈਦਾਵਾਰ ਕਰਨ ਉਤੇ ਖੁਦ ਲਗਾਇਆ ਹੈ, ਸਾਨੂੰ ਫ਼ਸਲ ਦਾ ਮੁੱਲ ਦਿੱਤਾ ਅਤੇ ਅਸੀਂ ਇਸ ਨੂੰ ਪੈਦਾ ਕਰ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਵਾਰ ਮੂੰਗੀ ਦੀ ਫ਼ਸਲ ਉਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਐਲਾਨ ਕੀਤਾ ਹੈ ਇਸ ਕਰਕੇ ਉਹਨਾਂ ਪੰਜ ਏਕੜ ਰਕਬਾ ਮੂੰਗੀ ਦੀ ਫ਼ਸਲ ਦੇ ਅਧੀਨ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਦੀ ਆਰਥਿਕ ਹਾਲਤ ਬਹੁਤ ਕਮਜੋਰ ਹੈ ਉਹ ਉਸੇ ਫ਼ਸਲ ਨੂੰ ਪੈਦਾ ਕਰੇਗਾ ਜਿਸ ਦਾ ਉਸ ਨੂੰ ਮੁੱਲ ਮਿਲੇਗਾ। ਉਨ੍ਹਾਂ ਨੇ ਉਦਾਹਰਨ ਦਿੰਦਿਆਂ ਆਖਿਆ ਕਿ ਮੱਕੀ ਦਾ ਕੇਂਦਰ ਸਰਕਾਰ ਨੇ ਸਮਰਥਨ ਮੁੱਲ ਤੈਅ ਕੀਤਾ ਹੋਇਆ ਹੈ ਪਰ ਮਾਰਕਿਟ ਵਿਚ ਕਿਸਾਨ ਨੂੰ ਉਹ ਮਿਲਦਾ ਨਹੀਂ ਹੈ।
ਝੋਨੇ ਦੀ ਸਿੱਧੀ ਬਿਜਾਈ ਦੀ ਕੀ ਸਚਾਈ
ਪਾਣੀ ਦੀ ਬਚਤ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ।
ਸਰਕਾਰ ਦੀ ਦਲੀਲ ਹੈ ਕਿ ਇਸ ਤਕਨੀਕ ਨਾਲ ਬਿਜਾਈ ਕਰਨ ਨਾਲ ਪਾਣੀ ਦੀ ਘੱਟੋ-ਘੱਟ 15-20% ਬੱਚਤ ਹੋਵੇਗੀ ਅਤੇ ਇਹ ਜ਼ਮੀਨ ਵਿੱਚ ਪਾਣੀ ਦੇ ਰਿਸਣ ਵਿੱਚ ਸੁਧਾਰ ਕਰਦੀ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਵੇਗਾ।
ਵੀਡੀਓ: ਪਾਣੀ ਬਚਾਉਣ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਿਵੇਂ ਲਾਹੇਵੰਦ
ਇਸ ਤਕਨੀਕ ਰਾਹੀਂ ਲਾਗਤ ਖਰਚਾ ਵੀ ਤਕਰੀਬਨ 4000 ਰੁਪਏ ਪ੍ਰਤੀ ਏਕੜ ਘੱਟ ਆਊਂਦਾ ਹੈ।
ਸਰਕਾਰ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਵੀ ਕੀਤਾ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਸਾਲ ਡੀ.ਐਸ.ਆਰ ਪ੍ਰਣਾਲੀ ਰਾਹੀਂ 6 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਸੀ ਅਤੇ ਇਸ ਸੀਜ਼ਨ ਦੌਰਾਨ ਸੂਬਾ ਸਰਕਾਰ ਨੇ ਇਸ ਰਕਬੇ ਨੂੰ ਦੁਗੱਣਾ ਭਾਵ 12 ਲੱਖ ਹੈਕਟੇਅਰ ਕਰਨ ਦਾ ਟਿੱਚਾ ਮਿਥਿਆ ਹੈ।
ਹਾਲਾਂਕਿ ਕੁਝ ਕਿਸਾਨ ਸਰਕਾਰ ਦੀ ਇਸ ਅਪੀਲ ਨੂੰ ਮੰਨ ਵੀ ਰਹੇ ਹਨ ।
ਕੀ ਭਗਵੰਤ ਮਾਨ ਸੂਬੇ ਨੂੰ ਰੇਗਿਸਤਾਨ ਬਣਨ ਤੋਂ ਰੋਕ ਸਕਣਗੇ
ਪਾਣੀ ਦੇ ਤੇਜ਼ੀ ਨਾਲ ਘਟਦੇ ਪੱਧਰ ਕਾਰਨ ਪੈਦਾ ਹੋ ਰਹੀ ਸਥਿਤੀ ਦੀ ਗੰਭੀਰਤਾ ਉਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਜ਼ਮੀਨਦੋਜ਼ ਪਾਣੀ ਲਈ ਸੂਬੇ ਦੇ ਲਗਪਗ ਸਾਰੇ ਬਲਾਕ ''ਡਾਰਕ ਜ਼ੋਨ'' ਵਿੱਚ ਹਨ।
ਭਗਵੰਤ ਮਾਨ ਦਾ ਕਹਿਣਾ ਹੈ ਕਿ ਦੁਬਈ ਤੇ ਹੋਰ ਅਰਬ ਮੁਲਕਾਂ ਵਿੱਚ ਤੇਲ ਕੱਢਣ ਲਈ ਵਰਤੀਆਂ ਜਾਣ ਵਾਲੀਆਂ ਮੋਟਰਾਂ ਦੀ ਹੁਣ ਪੰਜਾਬ ਵਿੱਚ ਧਰਤੀ ਹੇਠੋਂ ਪਾਣੀ ਕੱਢਣ ਲਈ ਵਰਤੋਂ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਲਾਪਰਵਾਹੀ ਵਾਲੇ ਰੁਝਾਨ ਨੂੰ ਫੌਰੀ ਰੋਕਣ ਦੀ ਲੋੜ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਪਾਣੀ ਲਈ ਤਰਸਣ ਲਈ ਮਜਬੂਰ ਨਾ ਹੋਣ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਘਟਾਇਆ ਅਤੇ ਧਰਤੀ ਉਪਰਲੇ ਪਾਣੀ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾਵੇ।
ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦਾ ਧਿਆਨ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਤੋਂ ਹਟਾਉਣ ਲਈ ਮੂੰਗੀ ਉਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਇਕ ਹੋਰ ਪਹਿਲਕਦਮੀ ਕੀਤੀ ਹੈ ਤਾਂ ਕਿ ਫਸਲੀ ਵਿਭਿੰਨਤਾ ਰਾਹੀਂ ਪਾਣੀ ਦੀ ਬੱਚਤ ਹੋਵੇ।
ਫਿਰ ਕੀ ਹੈ ਸਮੱਸਿਆ ਦਾ ਹੱਲ
ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਸਕੱਤਰ ਅਤੇ ਸੇਵਾ ਮੁਕਤ ਆਈ ਐਸ ਅਧਿਕਾਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਦਾ ਸੰਕਟ ਬਹੁਤ ਗੰਭੀਰ ਅਤੇ ਇਸ ਦਾ ਇਕ ਵੱਡਾ ਕਾਰਨ ਝੋਨਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਝੋਨਾ ਇਸ ਕਰਕੇ ਪੈਦਾ ਕਰਦਾ ਹੈ ਕਿਉਂਕਿ ਇਸ ਉਤੇ ਐੱਮਐੱਸਪੀ ਮਿਲਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਲਈ ਝੋਨਾ ਮਾੜਾ ਨਹੀਂ ਹੈ ਸਗੋਂ ਝੋਨੇ ਨੂੰ ਲੱਗਣ ਵਾਲਾ ਪਾਣੀ ਮਾੜਾ ਹੈ ਇਸ ਲਈ ਝੋਨਾ ਲਾਉਣ ਦੀ ਤਕਨੀਕ ਵਿਚ ਬਦਲਾਅ ਕਰਨਾ ਜ਼ਰੂਰੀ ਹੈ।
ਉਨ੍ਹਾਂ ਪਾਣੀ ਦੀ ਬਚਤ ਲਈ ਸਿੱਧੀ ਬਿਜਾਈ ਉੱਤੇ ਹੀ ਜੋਰ ਦਿੱਤਾ ਹੈ ਪਰ ਨਾਲ ਹੀ ਸਪਸਟ ਕੀਤਾ ਕਿ ਅਜਿਹਾ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਕੱਦੂ ਕਰਕੇ ਹੀ ਝੋਨਾ ਲਗਾਉਣ ਦਾ ਆਦੀ ਹੈ।
ਕਾਹਨ ਸਿੰਘ ਪੰਨੂ ਮੁਤਾਬਕ ਇਸ ਦਾ ਦੂਜਾ ਕਾਰਨ ਹੈ ਪੰਜਾਬ ਦੇ ਕਿਸਾਨ ਦੀ ਵਿੱਤੀ ਹਾਲਤ ਜੋ ਉਸ ਨੂੰ ਖੇਤੀ ਵਿਚ ਤਜਰਬੇ ਕਰਨ ਤੋਂ ਰੋਕਦੀ ਹੈ ਅਤੇ ਨਵੇਂ ਤਜਰਬਿਆਂ ਵਿਚ ਰਿਸਕ ਫੈਕਟਰ ਹੁੰਦਾ ਹੈ।
ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਤੋਂ ਹਟਾਉਣ ਦੇ ਲਈ ਉਸ ਨੂੰ ਦੂਜੀਆਂ ਫਸਲਾਂ ਉਤੇ ਐੱਮਐੱਸਪੀ ਦੇਣੀ ਹੋਵੇਗੀ ਜਿਵੇਂ ਇਸ ਵਾਰ ਪੰਜਾਬ ਸਰਕਾਰ ਨੇ ਮੂੰਗੀ ਦੀ ਫ਼ਸਲ ਉਤੇ ਦਿੱਤੀ ਹੈ।
ਉਨ੍ਹਾਂ ਨੇ ਆਖਿਆ ਕਿ ਕਿਸਾਨਾਂ ਦੇ ਨਾਲੋਂ ਜਿਆਦਾ ਸਰਕਾਰਾਂ ਨੂੰ ਇਸ ਪਾਸੇ ਆਉਣਾ ਹੋਵੇਗਾ ਤਾਂ ਹੀ ਪੰਜਾਬ ਦੀ ਖੇਤੀ ਅਤੇ ਪਾਣੀ ਬਚ ਸਕੇਗਾ।
ਇਹ ਵੀ ਪੜ੍ਹੋ:
https://www.youtube.com/watch?v=SE1lpi5dTg4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਅਗਨੀਪਥ ਸਕੀਮ ਖ਼ਿਲਾਫ਼ ਰੋਸ ਮੁਜ਼ਾਹਰੇ ਜਾਰੀ, ਜਲੰਧਰ ''ਚ ਜਾਮ ਤੇ ਲੁਧਿਆਣਾ ਵਿਚ ਭੰਨਤੋੜ
NEXT STORY