24 ਸਾਲਾ ਸ਼ਬਨਮ ਦੇ ਕਰੀਅਰ ਦੀ ਸ਼ੂਰੁਆਤ ਹੀ ਹੋਈ ਸੀ ਅਤੇ ਟੀਵੀ ਦੇ ਉੱਤੇ ਉਹ ਕਈ ਵੱਡੀਆਂ ਖ਼ਬਰਾਂ ਆਪਣੇ ਦੇਖਣ ਵਾਲਿਆਂ ਲਈ ਪੜ੍ਹਿਆ ਕਰਦੇ ਸਨ।
ਪਿਛਲੇ ਸਾਲ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਉੱਪਰ ਕਬਜ਼ਾ ਕੀਤਾ ਸੀ ਤਾਂ ਰਾਤੋ ਰਾਤ ਲੋਕਾਂ ਦੀ ਜ਼ਿੰਦਗੀ ਬਦਲ ਗਈ ,ਖ਼ਾਸ ਕਰਕੇ ਦੇਸ਼ ਦੀਆਂ ਔਰਤਾਂ ਦੀ।
ਅਜਿਹੇ ਵਿੱਚ ਕਈ ਟੀਵੀ ਐਂਕਰਾਂ ਦੇ ਕੰਮਕਾਜ ਦਾ ਹੀ ਅੰਤ ਹੋ ਗਿਆ ਅਤੇ ਇਸੇ ਨਾਲ ਹੀ ਉਨ੍ਹਾਂ ਦੇ ਸੁਪਨਿਆਂ ਦਾ ਵੀ ਖ਼ਾਤਮਾ ਹੋ ਗਿਆ।
ਹੁਣ ਇੱਕ ਸਾਲ ਬਾਅਦ ਉਹ ਯੂਕੇ ਵਿੱਚ ਸ਼ਰਨਾਰਥੀ ਦੇ ਤੌਰ ''ਤੇ ਦੁਬਾਰਾ ਜ਼ਿੰਦਗੀ ਨੂੰ ਸ਼ੁਰੂ ਕਰ ਰਹੇ ਹਨ।
ਘਟਨਾ 14 ਅਗਸਤ 2021 ਦੀ ਰਾਤ ਦੀ ਹੈ।ਦੇਸ਼ ਉੱਪਰ ਤਾਲਿਬਾਨ ਦਾ ਕਬਜ਼ੇ ਹੋ ਰਿਹਾ ਸੀ।
ਸ਼ਬਨਮ ਦਾਵਰਾਂ ਟੋਲੋ ਨਿਊਜ਼ ਅਤੇ ਰੇਡੀਓ ਟੈਲੀਵਿਜ਼ਨ ਅਫ਼ਗਾਨਿਸਤਾਨ ਉੱਪਰ ਸ਼ਾਮ ਵੇਲੇ ਖ਼ਬਰਾਂ ਦੇ ਬੁਲੇਟਿਨ ਦੀ ਤਿਆਰੀ ਕਰ ਰਹੇ ਸਨ।
ਉਨ੍ਹਾਂ ਦਿਨਾਂ ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਕਈ ਇਲਾਕਿਆਂ ਉਪਰ ਕਬਜ਼ਾ ਕਰ ਲਿਆ ਸੀ ਅਤੇ ਹੌਲੀ ਹੌਲੀ ਦੇਸ਼ ਦੀ ਰਾਜਧਾਨੀ ਵੱਲ ਵਧ ਰਹੇ ਸਨ।
24 ਸਾਲਾ ਸ਼ਬਨਮ ਦੇ ਕਰੀਅਰ ਦੀ ਸ਼ੂਰੁਆਤ ਹੀ ਹੋਈ ਸੀ ਅਤੇ ਟੀਵੀ ਦੇ ਉੱਤੇ ਉਹ ਕਈ ਵੱਡੀਆਂ ਖ਼ਬਰਾਂ ਆਪਣੇ ਦੇਖਣ ਵਾਲਿਆਂ ਲਈ ਪੜ੍ਹਿਆ ਕਰਦੇ ਸਨ।
"ਮੈਨੂੰ ਇਨ੍ਹਾਂ ਹਾਲਤਾਂ ਨੇ ਐਨਾ ਭਾਵੁਕ ਕਰ ਦਿੱਤਾ ਸੀ ਕਿ ਮੇਰੇ ਤੋਂ ਖ਼ਬਰ ਪੜ੍ਹੀ ਨਹੀਂ ਗਈ। ਜੋ ਲੋਕ ਆਪਣੇ ਘਰ ਬੈਠ ਕੇ ਟੀਵੀ ਦੇਖ ਰਹੇ ਹੋਣਗੇ, ਉਨ੍ਹਾਂ ਨੂੰ ਇਸ ਦਾ ਅਹਿਸਾਸ ਹੋਇਆ ਹੋਵੇਗਾ।"
ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਕਾਬੁਲ ਉਪਰ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਸੀ।
ਇੱਕ ਰਾਤ ਪਹਿਲਾਂ ਜਿਸ ਕੁਰਸੀ ''ਤੇ ਸ਼ਬਨਮ ਨੇ ਬੈਠ ਕੇ ਖ਼ਬਰਾਂ ਪੜ੍ਹੀਆਂ ਸਨ, ਅੱਜ ਉਥੇ ਤਾਲਿਬਾਨ ਦਾ ਇੱਕ ਸਮਰਥਕ ਚਿੱਟੇ ਅਤੇ ਕਾਲੇ ਝੰਡੇ ਨਾਲ ਬੈਠਾ ਸੀ।
ਇਸ ਦੇ ਨਾਲ ਹੀ ਇੱਕ ਯੁੱਗ ਦਾ ਅੰਤ ਹੋ ਗਿਆ।
''ਤੇਰੇ ਵਾਸਤੇ ਇੱਕ ਗੋਲੀ ਹੀ ਕਾਫ਼ੀ ਹੈ''
ਇਸ ਤੋਂ ਬਾਅਦ ਤਾਲਿਬਾਨ ਨੇ ਆਪਣੀ ਪਹਿਲੀ ਅਧਿਕਾਰਿਤ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਗਿਆ ਕਿ ਔਰਤਾਂ ਪਹਿਲਾਂ ਵਾਂਗ ਹੀ ਕੰਮ ਕਰ ਸਕਦੀਆਂ ਹਨ।
ਪੱਤਰਕਾਰਾਂ ਨਾਲ ਭਰੇ ਇੱਕ ਕਮਰੇ ਵਿੱਚ ਤਾਲਿਬਾਨ ਦੇ ਬੁਲਾਰੇ ਨੇ ਇਹ ਗੱਲ ਕਹੀ ਸੀ।
ਅਗਲੇ ਦਿਨ ਸ਼ਬਨਮ ਨੂੰ ਥੋੜ੍ਹੀ ਘਬਰਾਹਟ ਹੋਈ ਪਰ ਉਨ੍ਹਾਂ ਨੇ ਤਿਆਰ ਹੋ ਕੇ ਆਪਣੇ ਦਫ਼ਤਰ ਵੱਲ ਆਪਣਾ ਰੁਖ਼ ਕੀਤਾ।
ਜਿਵੇਂ ਹੀ ਉਹ ਆਪਣੇ ਦਫਤਰ ਪਹੁੰਚੇ ਤਾਂ ਤਾਲਿਬਾਨੀ ''ਫੌਜੀਆਂ'' ਨੇ ਆਖਿਆ ਕਿ ਉਹ ਇਮਾਰਤ ਦੀ ਰਾਖੀ ਕਰ ਰਹੇ ਹਨ ਅਤੇ ਕੇਵਲ ਪੁਰਸ਼ ਕਰਮਚਾਰੀ ਹੀ ਅੰਦਰ ਜਾ ਸਕਦੇ ਹਨ।
ਸ਼ਬਨਮ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਫੌਜੀ ਨੇ ਆਖਿਆ ਕਿ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਵਿੱਚ ਫਿਲਹਾਲ ਔਰਤਾਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਇਸ ਤੋਂ ਬਾਅਦ ਇੱਕ ਹੋਰ ਸਮਰਥਕ ਨੇ ਆਖਿਆ,"ਤੁਸੀਂ ਬਹੁਤ ਕੰਮ ਕਰ ਲਿਆ ਹੈ ਹੁਣ ਸਾਡੀ ਵਾਰੀ ਹੈ।"
ਸ਼ਬਨਮ ਯਾਦ ਕਰਦੇ ਹੋਏ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਕੰਮ ਕਰਨ ਦਾ ਹੱਕ ਹੈ ਤਾਂ ਇੱਕ ਤਾਲਿਬਾਨੀ ਨੇ ਉਨ੍ਹਾਂ ਉੱਪਰ ਬੰਦੂਕ ਤਾਣਦੇ ਹੋਏ ਆਖਿਆ,"ਤੇਰੇ ਵਾਸਤੇ ਇੱਕ ਗੋਲੀ ਹੀ ਕਾਫ਼ੀ ਹੈ। ਹੁਣ ਤੂੰ ਇੱਥੋਂ ਜਾਣਾ ਹੈ ਜਾਂ ਮੈਂ ਤੈਨੂੰ ਗੋਲੀ ਮਾਰਾਂ?"
ਇਸ ਘਟਨਾ ਤੋਂ ਬਾਅਦ ਸ਼ਬਨਮ ਉੱਥੋਂ ਚਲੇ ਗਏ ਅਤੇ ਇਸ ਬਾਰੇ ਸੋਸ਼ਲ ਮੀਡੀਆ ਉੱਪਰ ਲਿਖਿਆ।
ਇਹ ਪੋਸਟ ਵਾਇਰਲ ਹੋ ਗਈ ਅਤੇ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਖ਼ਤਰੇ ਵਿੱਚ ਆ ਗਈ।
ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਛੱਡਿਆ ਦੇਸ਼
ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਾਮਾਨ ਚੁੱਕਿਆ ਤੇ ਦੇਸ਼ ਛੱਡ ਦਿੱਤਾ। ਆਪਣੇ ਨਾਲ ਉਹ ਆਪਣੇ ਦੋ ਛੋਟੇ ਭੈਣ ਭਰਾ ਮੀਨਾ, ਹਿਮਾਤ ਨੂੰ ਵੀ ਲੈ ਗਏ।
ਸ਼ਬਨਮ ਅਤੇ ਉਨ੍ਹਾਂ ਦੇ ਭੈਣ-ਭਰਾ ਇਸ ਤੋਂ ਬਾਅਦ ਯੂਕੇ ਆਏ। ਇੱਥੇ ਆਏ ਹਜ਼ਾਰਾਂ ਸ਼ਰਨਾਰਥੀਆਂ ਵਾਂਗ, ਉਨ੍ਹਾਂ ਨੂੰ ਵੀ ਕਾਫ਼ੀ ਲੰਮਾ ਸਮਾਂ ਇਸ ਇਲਾਕੇ ਨੂੰ ਸਮਝਣ ਵਿੱਚ ਲੱਗਿਆ।
ਅਫ਼ਗਾਨਿਸਤਾਨ: ਨਕਸ਼ੇ ਰਾਹੀਂ ਸਮਝੋ ਤਾਲਿਬਾਨ ਨੇ ਅਫ਼ਗਾਨਿਤਾਨ ''ਤੇ ਕਬਜ਼ਾ ਕਿਵੇਂ ਕੀਤਾ -ਵੀਡੀਓ (ਅਗਸਤ 2021)
ਇੱਕ ਸ਼ਰਨਾਰਥੀ ਦੇ ਤੌਰ ਉਨ੍ਹਾਂ ਨੂੰ ਨਵੇਂ ਦੇਸ਼ ਵਿੱਚ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।
ਜਿਨ੍ਹਾਂ ਵਿਚੋਂ ਇੱਕ ਹੈ ਅੰਗਰੇਜ਼ੀ। ਭਾਸ਼ਾ ਦੀ ਸਮਝ ਨਾ ਹੋਣ ਕਰਕੇ ਨੌਕਰੀ ਦੇ ਮੌਕੇ ਵੀ ਘਟ ਜਾਂਦੇ ਹਨ।
"ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਮੈਂ ਛੇ ਸਾਲ ਕੰਮ ਕੀਤਾ ਹੈ, ਜਿਸ ਦਾ ਕੋਈ ਫ਼ਾਇਦਾ ਨਹੀਂ। ਹੁਣ ਮੈਨੂੰ ਅੰਗਰੇਜ਼ੀ ਸਿੱਖਣੀ ਪਵੇਗੀ ਅਤੇ ਯੂਨੀਵਰਸਿਟੀ ਜਾਣਾ ਪਵੇਗਾ।"
"ਸ਼ੁਰੂਆਤ ਦੇ ਕੁਝ ਦਿਨਾਂ ਵਿੱਚ ਅਸੀਂ ਖਰੀਦਦਾਰੀ ਵੀ ਨਹੀਂ ਕਰ ਸਕਦੇ ਸੀ। ਮੈਨੂੰ ਕੁਝ ਚਾਹੀਦਾ ਹੁੰਦਾ ਤਾਂ ਉਹ ਦੱਸਣਾ ਨਹੀਂ ਆਉਂਦਾ ਸੀ। ਇਹ ਕਾਫ਼ੀ ਮੁਸ਼ਕਿਲ ਹੁੰਦਾ ਸੀ।"
ਸ਼ਬਨਮ ਅਤੇ ਉਨ੍ਹਾਂ ਦੇ ਭੈਣ-ਭਰਾ ਨੇ ਅਫ਼ਗਾਨਿਸਤਾਨ ਛੱਡ ਦਿੱਤਾ ਹੈ
ਤਕਰੀਬਨ ਇੱਕ ਸਾਲ ਬਾਅਦ ਵੀ ਜ਼ਿਆਦਾਤਰ ਅਫਗਾਨ ਸ਼ਰਨਾਰਥੀ ਯੂਕੇ ਦੇ ਵੱਖ ਵੱਖ ਹੋਟਲਾਂ ਵਿੱਚ ਰਹਿ ਰਹੇ ਹਨ।
ਇਸ ਮਾਮਲੇ ਵਿੱਚ ਸ਼ਬਨਮ ਅਤੇ ਉਨ੍ਹਾਂ ਦਾ ਪਰਿਵਾਰ ਖੁਸ਼ਕਿਸਮਤ ਸੀ ਕਿਉਂਕਿ ਉਨ੍ਹਾਂ ਨੂੰ ਕੌਂਸਲ ਹਾਊਸ ਵਿਖੇ ਜਗ੍ਹਾ ਮਿਲ ਗਈ ਸੀ।
"ਹੁਣ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੈ।ਮੈਨੂੰ ਬਿਲਕੁਲ ਛੋਟੇ ਬੱਚੇ ਵਾਂਗੂੰ ਲੱਗ ਰਿਹਾ ਹੈ।", ਮੁਸਕਰਾਉਂਦੇ ਹੋਏ ਸ਼ਬਨਮ ਨੇ ਆਖਿਆ
ਇਸ ਨਾਲ ਹੀ ਆਪਣੀ ਛੋਟੀ ਭੈਣ ਮੀਨਾ ਨੂੰ ਕੇਤਲੀ ਵਿੱਚ ਚਾਈਂ ਸਬਜ਼ ਬਣਾਉਣ ਲਈ ਆਖ ਰਹੇ ਸਨ। ਇਹ ਖ਼ਾਸ ਅਫਗਾਨ ਚਾਹ ਹੈ, ਜਿਸ ਵਿੱਚ ਇਲਾਇਚੀ ਹੁੰਦੀ ਹੈ।
ਉਹ ਹੌਲੀ ਹੌਲੀ ਇਹ ਲੰਡਨ ਦੀ ਜ਼ਿੰਦਗੀ ਨੂੰ ਸਮਝ ਰਹੇ ਹਨ ਅਤੇ ਉਨ੍ਹਾਂ ਨੂੰ ਇੱਥੇ ਚੰਗਾ ਲੱਗ ਰਿਹਾ ਹੈ। ਇਸ ਨਾਲ ਹੀ ਉਨ੍ਹਾਂ ਨੂੰ ਆਪਣੇ ਘਰ ਦੀ ਯਾਦ ਵੀ ਆਉਂਦੀ ਹੈ।
ਹੱਸਦੇ ਹੋਏ ਸ਼ਬਨਮ ਦੱਸਦੇ ਹਨ,"ਹੁਣ ਮੈਂ ਇਸ ਸ਼ਹਿਰ ਵਰਗੀ ਹੀ ਹੋ ਗਏ ਹਾਂ।"
''ਯੂਕਰੇਨ ਰੂਸ ਜੰਗ ਨੇ ਪ੍ਰਭਾਵਿਤ ਕੀਤੇ ਅਫ਼ਗਾਨ ਸ਼ਰਨਾਰਥੀ''
ਸ਼ਬਨਮ ਨੂੰ ਹੁਣ ਪਤਾ ਹੈ ਕਿ ਕਿਹੜੀ ਬੇਕਰੀ ਵਿੱਚ ਵਧੀਆ ਬ੍ਰੈਡ ਮਿਲੇਗੀ ਅਤੇ ਕਿਥੋਂ ਵਧੀਆ ਚਾਹ ਤੇ ਮੇਵੇ ਮਿਲ ਸਕਦੇ ਹਨ।
ਉਹ ਆਪਣੀ ਭੈਣ ਦੇ ਨਾਲ ਇੱਕ ਕਾਲਜ ਵਿੱਚ ਅੰਗਰੇਜ਼ੀ ਸਿੱਖ ਰਹੇ ਹਨ ਅਤੇ ਉਨ੍ਹਾਂ ਦਾ ਭਰਾ ਸਕੂਲ ਜਾਂਦਾ ਹੈ।
ਸ਼ਬਨਮ ਇਸ ਗੱਲ ਮੰਨਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਯੂਕੇ ਸਰਕਾਰ ਵੱਲੋਂ ਚੰਗੀ ਸਹਾਇਤਾ ਮਿਲੀ ਹੈ ਪਰ ਇਸ ਨਾਲ ਹੀ ਉਨ੍ਹਾਂ ਨੂੰ ਦੂਜੇ ਅਫ਼ਗ਼ਾਨ ਸ਼ਰਨਾਰਥੀਆਂ ਦੀ ਚਿੰਤਾ ਹੈ।
ਉਨ੍ਹਾਂ ਨੂੰ ਲੱਗਦਾ ਹੈ ਕਿ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਾਰਨ ਅਫ਼ਗਾਨ ਲੋਕਾਂ ਦੇ ਦੁੱਖਾਂ ਤੋਂ ਲੋਕਾਂ ਤੋਂ ਸਭ ਦਾ ਧਿਆਨ ਹਟ ਗਿਆ ਹੈ।
ਸ਼ਬਨਮ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਕਾਫੀ ਬਦਲਾਅ ਆਏ ਹਨ
ਸ਼ਬਨਮ ਕਹਿੰਦੇ ਹਨ,"ਬਹੁਤ ਸਾਰੇ ਅਫ਼ਗਾਨ ਸ਼ਰਨਾਰਥੀ ਹੋਟਲਾਂ ਵਿੱਚ ਹਨ ਪਰ ਯੂਕਰੇਨ ਨੇ ਸ਼ਰਨਾਰਥੀਆਂ ਕਾਰਨ ਉਨ੍ਹਾਂ ਦਾ ਕੰਮ ਰੁਕ ਗਿਆ ਹੈ।"
"ਸਰਕਾਰ ਵੱਲੋਂ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਨੂੰ ਤੈਅ ਕੀਤਾ ਗਿਆ ਹੈ ਜਦੋਂਕਿ ਯੂਕਰੇਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨਾਲ ਅਜਿਹਾ ਨਹੀਂ ਹੈ। ਸਰਕਾਰ ਨੂੰ ਅਫ਼ਗਾਨ ਸ਼ਰਨਾਰਥੀਆਂ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ।"
ਬੀਬੀਸੀ ਨੇ ਯੂਕੇ ਦੇ ਗ੍ਰਹਿ ਵਿਭਾਗ ਅੱਗੇ ਇਹ ਮਸਲਾ ਚੁੱਕਿਆ।
ਜਵਾਬ ਵਿੱਚ ਉਨ੍ਹਾਂ ਨੇ ਆਖਿਆ," ਦੋ ਸਮੂਹਾਂ ਬਾਰੇ ਅਜਿਹਾ ਕਹਿਣਾ ਗਲਤ ਹੈ। ਅਫ਼ਗ਼ਾਨ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਸਕੀਮ ਨਾਲ 20000 ਔਰਤਾਂ,ਬੱਚਿਆਂ ਦੀ ਸਹਾਇਤਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਰਾਹੀਂ ਉਨ੍ਹਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਤੌਰ ਤੇ ਸਹੀ ਤਰੀਕੇ ਨਾਲ ਯੂਕੇ ਵਿੱਚ ਵਸਾਇਆ ਜਾਵੇਗਾ।"
"ਅਫਗਾਨ ਸ਼ਰਨਾਰਥੀਆਂ ਨੂੰ ਘਰ ਮੁਹੱਈਆ ਕਰਵਾਉਣ ਦਾ ਕੰਮ ਵੀ ਕਾਫ਼ੀ ਮੁਸ਼ਕਿਲ ਹੈ। ਅਸੀਂ 300 ਤੋਂ ਵੱਧ ਸਥਾਨਕ ਪ੍ਰਸ਼ਾਸਨ ਨਾਲ ਸਬੰਧਿਤ ਲੋਕਾਂ ਨਾਲ ਗੱਲ ਕਰ ਰਹੇ ਹਾਂ ਅਤੇ ਜੂਨ 2021 ਤੋਂ ਹੁਣ ਤੱਕ ਤਕਰੀਬਨ 6000 ਲੋਕਾਂ ਨੂੰ ਘਰ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ।"
ਨਹੀਂ ਛੱਡੀ ਹੈ ਵਾਪਸੀ ਦੀ ਉਮੀਦ
ਸ਼ਬਨਮ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਕਾਫੀ ਬਦਲਾਅ ਆਏ ਹਨ।
ਦੇਸ਼ ਦੇ ਕਈ ਹਿੱਸਿਆਂ ਵਿੱਚ ਹੁਣ ਕੁੜੀਆਂ ਦੇ ਸੈਕੰਡਰੀ ਸਕੂਲ ਜਾਣ ਉੱਤੇ ਰੋਕ ਲਗਾ ਦਿੱਤੀ ਗਈ ਹੈ। ਔਰਤਾਂ ਨੂੰ ਆਪਣਾ ਚਿਹਰਾ ਢਕਣ ਦੇ ਹੁਕਮ ਦਿੱਤੇ ਗਏ ਹਨ।
ਇਨ੍ਹਾਂ ਹੁਕਮਾਂ ਦਾ ਮਹਿਲਾ ਟੀਵੀ ਐਂਕਰਾਂ ਉੱਪਰ ਕਾਫ਼ੀ ਅਸਰ ਪਿਆ ਹੈ ਕਿਉਂਕਿ ਉਨ੍ਹਾਂ ਨੂੰ ਹਰ ਸਮੇਂ ਟੀਵੀ ''ਤੇ ਵੀ ਆਪਣਾ ਚਿਹਰਾ ਢਕਣਾ ਪੈ ਰਿਹਾ ਹੈ।
ਸ਼ਬਨਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਔਰਤਾਂ ਦੇ ਨਾਲ ਹਮਦਰਦੀ ਹੈ ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ।
"ਤਾਲਿਬਾਨੀ ਚਾਹੁੰਦੇ ਹਾਂ ਕਿ ਔਰਤਾਂ ਇੱਕ ਦਿਨ ਖਿਝ ਕੇ ਕਹਿਣ ਕਿ ਅਸੀਂ ਕੰਮ ਨਹੀਂ ਕਰਨਾ ਚਾਹੁੰਦੀਆਂ,ਸਾਡੀ ਬੱਸ ਹੋ ਗਈ ਹੈ ਅਤੇ ਹੁਣ ਅਸੀਂ ਘਰ ਹੀ ਰਹਿਣਾ ਚਾਹੁੰਦੀਆਂ ਹਾਂ।"
ਤਾਲਿਬਾਨ ਵੱਲੋਂ ਮਹਿਲਾ ਐਂਕਰਾਂ ਨੂੰ ਮੂੰਹ ਅਤੇ ਸਿਰ ਢਕ ਕੇ ਖ਼ਬਰਾਂ ਪੜ੍ਹਨ ਦੇ ਹੁਕਮ ਹਨ
"ਜਦੋਂ ਤਕ ਤਾਲਿਬਾਨ ਦੀ ਸੋਚ ਵਿੱਚ ਬਦਲਾਅ ਨਹੀਂ ਆਉਂਦਾ ਸਮਾਜ ਵਿੱਚ ਕੁਝ ਸਕਾਰਾਤਮਕ ਨਹੀਂ ਹੋ ਸਕਦਾ।"
ਇਸ ਸਭ ਦੇ ਬਾਵਜੂਦ ਸ਼ਬਨਮ ਨੇ ਅਫਗਾਨੀ ਸਾਂਝਾਂ ਅਤੇ ਵਾਪਸੀ ਦੀ ਉਮੀਦ ਨਹੀਂ ਛੱਡੀ ਹੈ।
"ਜਿਸ ਤਰ੍ਹਾਂ ਕੱਚ ਟੁੱਟ ਕੇ ਉਸੇ ਟੁਕੜੇ ਹੋ ਜਾਂਦੇ ਹਨ, ਉਸੇ ਤਰ੍ਹਾਂ ਮੇਰੇ ਸੁਪਨੇ ਵੀ ਟੁੱਟ ਗਏ ਸਨ।"
"ਮੈਨੂੰ ਉਮੀਦ ਹੈ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਅਫਗਾਨਿਸਤਾਨ ਦੇ ਲੋਕ ਖ਼ੁਸ਼ ਹੋਣਗੇ ਅਤੇ ਨਾ ਕੇਵਲ ਜਿਊਂਦਾ ਰਹਿਣ ਲਈ ਸੰਘਰਸ਼ ਕਰਨਗੇ। ਉਸ ਸਮੇਂ ਮੈਨੂੰ ਵਾਪਸ ਜਾਣ ਵਿੱਚ ਕੋਈ ਹਰਜ਼ ਨਹੀਂ ਹੋਏਗਾ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪੰਜਾਬ ਦੀਆਂ ਸਿਹਤ ਸੇਵਾਵਾਂ : ''ਜਦੋਂ ਡਾਕਟਰ ਨੇ ਟੁੱਟੇ ਬੈੱਡ ਉੱਤੇ ਬਿਨਾਂ ਬਿਜਲੀ ਤੋਂ ਟਾਰਚ ਨਾਲ ਜਣੇਪਾ...
NEXT STORY