ਤੁਸੀਂ ਅਸਲ ਵਿੱਚ ਵਿਲੱਖਣ ਨਾਮ ਵਾਲੇ ਕਿੰਨੇ ਕੁ ਵਿਅਕਤੀਆਂ ਨੂੰ ਮਿਲਦੇ ਹੋ?
ਜ਼ਿਆਦਾਤਰ ਭਾਰਤੀ ਮਾਪੇ ਆਪਣੇ ਬੱਚਿਆਂ ਦੇ ਨਾਮ ਦੇਵਤਿਆਂ, ਖਿਡਾਰੀਆਂ, ਫਿਲਮੀ ਸਿਤਾਰਿਆਂ ਜਾਂ ਇੱਥੋਂ ਤੱਕ ਕਿ ਮਸ਼ਹੂਰ ਕਾਰਟੂਨਾਂ ਦੇ ਨਾਮ ''ਤੇ ਰੱਖਣਾ ਪਸੰਦ ਕਰਦੇ ਹਨ। ਪਰ ਕੁਝ ਲੋਕ ਹਨ ਜੋ ਪੂਰੀ ਤਰ੍ਹਾਂ ਵੱਖਰੇ ਸਰੋਤਾਂ ਤੋਂ ਪ੍ਰੇਰਨਾ ਪ੍ਰਾਪਤ ਕਰਕੇ ਬੱਚਿਆਂ ਦੇ ਨਾਂ ਰੱਖਦੇ ਹਨ।
ਜਿਵੇਂ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ, ਬੀਬੀਸੀ ਨੇ ਦੇਸ਼ ਭਰ ਵਿੱਚ ਛੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦੇ ਜਨਮ ਦੇ ਦੌਰਾਨ ਹੋਈ ਇਤਿਹਾਸਕ ਘਟਨਾ ''ਤੇ ਉਨ੍ਹਾਂ ਦਾ ਨਾਮ ਰੱਖਿਆ।
ਆਜ਼ਾਦ ਕਪੂਰ, 75 ਸਾਲ
ਆਜ਼ਾਦ ਕਪੂਰ ਦਾ ਜਨਮ 15 ਅਗਸਤ 1947 ਨੂੰ ਹੋਇਆ ਸੀ - ਜਿਸ ਦਿਨ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ।
ਉਹ ਕਹਿੰਦੇ ਹਨ, "ਜਦੋਂ ਮੇਰਾ ਜਨਮ ਹੋਇਆ ਤਾਂ ਮੇਰੇ ਪਰਿਵਾਰ ਨੇ ਇਹ ਕਹਿ ਕੇ ਜਸ਼ਨ ਮਨਾਇਆ ਕਿ ਭਾਰਤ ਮਾਤਾ ਘਰ ਆਈ ਹੈ ਅਤੇ ਸਾਡੇ ਲਈ ਆਜ਼ਾਦੀ ਲਿਆਈ ਹੈ।"
ਆਜ਼ਾਦ - ਜਿਸ ਦਾ ਅਰਥ ਹੈ ਮੁਕਤ ਹੋਣਾ - ਬਚਪਨ ਵਿੱਚ ਆਪਣੇ ਨਾਮ ਤੋਂ ਉਹ ਬਹੁਤੇ ਖੁਸ਼ ਨਹੀਂ ਸੀ ਕਿਉਂਕਿ ਇਹ ਮੁੰਡੇ ਦੇ ਨਾਮ ਵਰਗਾ ਲੱਗਦਾ ਸੀ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਹ ਇਸ ਪ੍ਰਤੀ ਸਹਿਜ ਹੁੰਦੇ ਗਏ।
ਉਹ ਕਹਿੰਦੀ ਹੈ, ''''ਕੋਈ ਵੀ ਮੇਰਾ ਜਨਮ ਦਿਨ ਨਹੀਂ ਭੁੱਲਦਾ। ਹਰ ਕੋਈ ਜੋ ਮੈਨੂੰ ਜਾਣਦਾ ਹੈ, ਉਹ ਮੈਨੂੰ 15 ਅਗਸਤ ਨੂੰ ਯਾਦ ਕਰਦਾ ਹੈ। ਮੇਰੇ ਦੋਸਤ ਮਜ਼ਾਕ ਕਰਦੇ ਹਨ ਕਿ ਪੂਰਾ ਦੇਸ਼ ਮੇਰਾ ਜਨਮ ਦਿਨ ਮਨਾਉਂਦਾ ਹੈ।"
ਐਮਰਜੈਂਸੀ ਯਾਦਵ, 47 ਸਾਲ
ਐਮਰਜੈਂਸੀ ਯਾਦਵ ਦਾ ਜਨਮ 26 ਜੂਨ 1975 ਨੂੰ ਹੋਇਆ ਸੀ। ਜਿਸ ਦਿਨ ਭਾਰਤ ਵਿੱਚ ਐਮਰਜੈਂਸੀ ਦਾ ਐਲਾਨ ਹੋਇਆ, ਉਸ ਤੋਂ ਇੱਕ ਦਿਨ ਬਾਅਦ।
ਉਹ ਕਹਿੰਦੇ ਹਨ, "ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਇਹ ਨਾਮ ਇਸ ਲਈ ਦਿੱਤਾ ਤਾਂ ਕਿ ਲੋਕ ਭਾਰਤ ਦੇ ਇਤਿਹਾਸ ਦੇ ਇਸ ਉਦਾਸ, ਕਾਲੇ ਦੌਰ ਨੂੰ ਭੁੱਲ ਨਾ ਸਕਣ।"
ਦੇਸ਼ ਨੂੰ ਇੱਕ ਰੇਡੀਓ ਘੋਸ਼ਣਾ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਕਿ ਉਹ "ਅੰਦਰੂਨੀ ਗੜਬੜ" ਤੋਂ ਰਾਸ਼ਟਰੀ ਸੁਰੱਖਿਆ ਲਈ ਖਤਰੇ ਦਾ ਹਵਾਲਾ ਦਿੰਦੇ ਹੋਏ, ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਰਹੇ ਹਨ।
ਸੰਵਿਧਾਨਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਪ੍ਰੈੱਸ ਦੀ ਆਜ਼ਾਦੀ ਘਟਾ ਦਿੱਤੀ ਅਤੇ ਬਹੁਤ ਸਾਰੇ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।
ਐਮਰਜੈਂਸੀ ਯਾਦਵ ਦੇ ਪਿਤਾ ਰਾਮ ਤੇਜ ਯਾਦਵ ਜੋ ਵਿਰੋਧੀ ਪਾਰਟੀ ਦੇ ਸਿਆਸਤਦਾਨ ਸਨ - ਨੂੰ ਉਨ੍ਹਾਂ ਦੇ ਪੁੱਤਰ ਦੇ ਜਨਮ ਤੋਂ ਕੁਝ ਘੰਟੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ 22 ਮਹੀਨੇ ਜੇਲ੍ਹ ਵਿੱਚ ਬਿਤਾਏ ਅਤੇ 1977 ਵਿੱਚ ਐਮਰਜੈਂਸੀ ਹਟਾਏ ਜਾਣ ਤੋਂ ਬਾਅਦ ਹੀ ਆਪਣੇ ਪੁੱਤਰ ਨੂੰ ਮਿਲੇ।
ਉਹ ਕਹਿੰਦਾ ਹੈ, "ਜੇਕਰ ਕਿਸੇ ਦੇਸ਼ ਵਿੱਚ ਐਮਰਜੈਂਸੀ ਲਾਗੂ ਹੁੰਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਦੇਸ਼ ਪਿੱਛੇ ਹਟ ਰਿਹਾ ਹੈ। ਮੈਂ ਅਸਲ ਵਿੱਚ ਉਮੀਦ ਕਰਦਾ ਹਾਂ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਹੋਰ ਘਟਨਾ ਦੁਬਾਰਾ ਨਾ ਦੇਖਣੀ ਪਵੇ।"
ਕਾਰਗਿਲ ਪ੍ਰਭੂ, 23 ਸਾਲ
ਕਾਰਗਿਲ ਪ੍ਰਭੂ - ਕਸ਼ਮੀਰ ਦੇ ਵਿਵਾਦਿਤ ਖੇਤਰ ''ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ 1999 ਦੇ ਕਾਰਗਿਲ ਯੁੱਧ ਦੌਰਾਨ ਪੈਦਾ ਹੋਇਆ ਸੀ। ਉਹ ਲੰਬੇ ਸਮੇਂ ਤੱਕ ਆਪਣੇ ਨਾਮ ਦੇ ਮਹੱਤਵ ਨੂੰ ਨਹੀਂ ਜਾਣਦੇ ਸੀ।
ਉਹ ਕਹਿੰਦੇ ਹਨ, ''ਬੇਸ਼ੱਕ ਮੇਰਾ ਨਾਮ ਇਸ ਸੰਘਰਸ਼ ਦੇ ਬਾਅਦ ਰੱਖਿਆ ਗਿਆ ਸੀ, ਪਰ ਜਦੋਂ ਤੱਕ ਮੈਂ ਵੱਡਾ ਨਹੀਂ ਹੋਇਆ, ਉਦੋਂ ਤੱਕ ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਮੈਂ ਇਸ ਬਾਰੇ ਗੂਗਲ ''ਤੇ ਲੱਭਿਆ। ਜਦੋਂ ਮੈਂ ਛੋਟਾ ਸੀ ਤਾਂ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਲਈ ਉਹ ਮੈਨੂੰ ਇਹ ਨਹੀਂ ਦੱਸ ਸਕੇ ਕਿ ਮੇਰੇ ਨਾਮ ਦਾ ਕੀ ਅਰਥ ਹੈ।"
ਕਾਰਗਿਲ ਦੱਖਣੀ ਸ਼ਹਿਰ ਚੇਨਈ ਵਿੱਚ ਵੀਡੀਓ ਐਡੀਟਰ ਵਜੋਂ ਕੰਮ ਕਰਦੇ ਹੈ ਅਤੇ ਉਹ ਕਦੇ ਵੀ ਉਸ ਸਥਾਨ ''ਤੇ ਨਹੀਂ ਗਏ ਜਿਸ ''ਤੇ ਉਨ੍ਹਾਂ ਦਾ ਨਾਮ ਰੱਖਿਆ ਗਿਆ। ਪਰ ਇਹ ਉਸ ਦੀ ਘੁੰਮਣ ਵਾਲੇ ਸਥਾਨਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ।
ਇਸ ਯੁੱਧ ਦੌਰਾਨ 500 ਤੋਂ ਵੱਧ ਭਾਰਤੀ ਫ਼ੌਜੀਆਂ ਦੀ ਮੌਤ ਹੋ ਗਈ, ਜੋ ਭਾਰਤ ਵੱਲੋਂ ਪਾਕਿਸਤਾਨ ਤੋਂ ਘੁਸਪੈਠ ਵਿਰੁੱਧ ਜਵਾਬੀ ਕਾਰਵਾਈ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ। ਹਾਲਾਂਕਿ ਇਸਲਾਮਾਬਾਦ ਲੰਬੇ ਸਮੇਂ ਤੱਕ ਇਸ ਤੋਂ ਇਨਕਾਰ ਕਰਦਾ ਰਿਹਾ ਹੈ। ਭਾਰਤ ਵੱਲੋਂ ਜਿੱਤ ਦਾ ਐਲਾਨ ਕਰਨ ਤੋਂ ਤਿੰਨ ਮਹੀਨੇ ਪਹਿਲਾਂ ਤੱਕ ਇਹ ਸੰਘਰਸ਼ ਚੱਲਿਆ।
ਪ੍ਰਭੂ ਨੇ ਕਿਹਾ, "ਮੈਂ ਜੰਗ ਵਿੱਚ ਵਿਸ਼ਵਾਸ ਨਹੀਂ ਕਰਦਾ, ਪਰ ਮੈਨੂੰ ਲੱਗਦਾ ਹੈ ਕਿ ਕਾਰਗਿਲ ਯੁੱਧ ਦੌਰਾਨ ਭਾਰਤ ਨੇ ਆਪਣੀ ਰਾਖੀ ਕਰਨੀ ਸੀ, ਅਤੇ ਇਹ ਸਹੀ ਫੈਸਲਾ ਸੀ।"
ਸੁਨਾਮੀ ਰਾਏ, 17 ਸਾਲ
ਸੁਨਾਮੀ ਦੀ ਮਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਜਦੋਂ ਉਹ ਉਸ ਦਿਨ ਨੂੰ ਯਾਦ ਕਰਦੀ ਹੈ ਜਦੋਂ ਉਸ ਦੇ ਪੁੱਤਰ ਦਾ ਜਨਮ ਹੋਇਆ ਸੀ।
ਮੌਨੀਤਾ ਰਾਏ ਦੀ ਗਰਭ ਅਵਸਥਾ ਦਾ ਆਖਰੀ ਸਮਾਂ ਚੱਲ ਰਿਹਾ ਸੀ ਜਦੋਂ ਉਸ ਨੇ ਅੰਡੇਮਾਨ ਦੀਪ ਸਮੂਹ ਦੇ ਇੱਕ ਟਾਪੂ ਵਿੱਚ ਇੱਕ ਛੋਟੀ ਪਹਾੜੀ ਦੀ ਸਿਖਰ ''ਤੇ ਸ਼ਰਨ ਲਈ, ਜਿਸ ਨੂੰ 2004 ਵਿੱਚ ਵਿਨਾਸ਼ਕਾਰੀ ਸੁਨਾਮੀ ਨੇ ਤਹਿਸ ਨਹਿਸ ਕਰ ਦਿੱਤਾ ਸੀ।
ਉਹ ਕਹਿੰਦੇ ਹਨ, "ਮੈਂ ਆਪਣੇ ਪਤੀ ਨੂੰ ਆਪਣੇ ਵੱਡੇ ਬੇਟੇ ਨਾਲ ਉੱਥੋਂ ਚਲੇ ਜਾਣ ਲਈ ਕਿਹਾ। ਮੈਨੂੰ ਆਪਣੇ ਅਤੇ ਆਪਣੀ ਕੁੱਖ ਵਿੱਚ ਪਲ ਰਹੇ ਬੱਚੇ ਲਈ ਕੋਈ ਉਮੀਦ ਨਹੀਂ ਸੀ। ਰਾਤ 11 ਵਜੇ ਦੇ ਕਰੀਬ, ਮੈਂ ਆਪਣੇ ਪੁੱਤਰ ਨੂੰ ਹਨੇਰੇ ਵਿੱਚ ਇੱਕ ਚੱਟਾਨ ਦੇ ਸਿਖਰ ''ਤੇ, ਬਿਨਾਂ ਕਿਸੇ ਸਹਾਇਤਾ ਜਾਂ ਦਵਾਈ ਦੇ ਜਨਮ ਦਿੱਤਾ। ਮੇਰੀ ਸਿਹਤ ਉਸ ਤੋਂ ਬਾਅਦ ਕਦੇ ਠੀਕ ਨਹੀਂ ਹੋਈ।"
ਸਕੂਲ ਵਿੱਚ, ਆਫ਼ਤ ਦੇ ਨਾਂ ''ਤੇ ਨਾਂ ਰੱਖਣ ਲਈ ਸੁਨਾਮੀ ਦਾ ਮਜ਼ਾਕ ਉਡਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਮਾਂ ਲਈ ਇਸ ਨਾਮ ਦਾ ਅਰਥ ਹੈ ਉਮੀਦ ਅਤੇ ਹੋਂਦ।
ਰਾਏ ਕਹਿੰਦੇ ਹਨ, "ਮੇਰਾ ਬੇਟਾ ਸਾਡੇ ਸਾਰਿਆਂ ਲਈ ਉਮੀਦ ਦੀ ਕਿਰਨ ਬਣ ਕੇ ਆਇਆ, ਹਰ ਕੋਈ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ''ਤੇ ਸੋਗ ਕਰ ਰਿਹਾ ਸੀ। ਉਸ ਦਿਨ ਜੋ ਚੰਗਾ ਹੋਇਆ, ਉਹ ਮੇਰੇ ਪੁੱਤਰ ਦਾ ਜਨਮ ਹੀ ਸੀ।''''
26 ਦਸੰਬਰ ਨੂੰ ਆਈ ਸੁਨਾਮੀ ਵਿੱਚ 10,000 ਭਾਰਤੀਆਂ ਸਮੇਤ 2,00,000 ਤੋਂ ਵੱਧ ਲੋਕ ਮਾਰੇ ਗਏ ਸਨ, ਜੋ ਕਿ ਹਿੰਦ ਮਹਾਸਾਗਰ ਵਿੱਚ ਪਾਣੀ ਦੇ ਹੇਠਾਂ ਭੂਚਾਲ ਕਾਰਨ ਸ਼ੁਰੂ ਹੋਈ ਸੀ।
ਖਜ਼ਾਨਚੀ ਨਾਥ, 5 ਸਾਲ
ਖਜ਼ਾਨਚੀ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਇੱਕ ਸ਼ਾਖਾ ਵਿੱਚ ਹੋਇਆ ਸੀ। ਉਸ ਦਾ ਜਨਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉੱਚ-ਮੁੱਲ ਵਾਲੇ ਬੈਂਕ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦੇ ਇੱਕ ਹੈਰਾਨੀਜਨਕ ਐਲਾਨ ਤੋਂ ਕੁਝ ਹਫ਼ਤੇ ਬਾਅਦ ਹੋਇਆ।
ਖਜ਼ਾਨਚੀ ਦੀ ਮਾਂ, ਸਰਵੇਸ਼ਾ ਦੇਵੀ ਇਸ ਫੈਸਲੇ ਤੋਂ ਬਾਅਦ ਕੁਝ ਪੈਸੇ ਕਢਵਾਉਣ ਲਈ ਲਾਈਨ ਵਿੱਚ ਖੜ੍ਹੇ ਸੀ ਤਾਂ ਉਨ੍ਹਾਂ ਨੂੰ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ ਸਨ। ਸਰਕਾਰ ਦੇ ਇਸ ਫ਼ੈਸਲੇ ਨੂੰ ਨੋਟਬੰਦੀ ਕਿਹਾ ਗਿਆ, ਨਤੀਜੇ ਵਜੋਂ ਦੇਸ ਵਿੱਚ ਨਕਦੀ ਦੀ ਕਮੀ ਹੋ ਗਈ ਸੀ।
ਉਹ ਕਹਿੰਦੇ ਹਨ, "ਕਿਉਂਕਿ ਉਹ ਇੱਕ ਬੈਂਕ ਵਿੱਚ ਪੈਦਾ ਹੋਇਆ ਸੀ, ਹਰ ਕਿਸੇ ਨੇ ਕਿਹਾ ਕਿ ਉਸ ਦਾ ਨਾਮ ਖਜ਼ਾਨਚੀ (ਕੈਸ਼ੀਅਰ) ਰੱਖਿਆ ਜਾਣਾ ਚਾਹੀਦਾ ਹੈ।"
ਮੋਦੀ ਨੇ 8 ਨਵੰਬਰ 2016 ਨੂੰ ਸਿਰਫ਼ ਚਾਰ ਘੰਟਿਆਂ ਦਾ ਨੋਟਿਸ ਦਿੱਤਾ ਸੀ ਤੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ 1,000 ਅਤੇ 500 ਰੁਪਏ ਦੇ ਨੋਟ ਹੁਣ ਵੈਧ ਨਹੀਂ ਰਹਿਣਗੇ, ਜਿਸ ਨਾਲ ਬਜ਼ਾਰ ਵਿੱਚੋਂ 85% ਤੋਂ ਵੱਧ ਭਾਰਤੀ ਮੁਦਰਾ ਖਤਮ ਹੋ ਗਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਹ ਰਿਸ਼ਵਤਖੋਰੀ, ਟੈਕਸ ਚੋਰੀ ਅਤੇ ਅੱਤਵਾਦੀਆਂ ਦੇ ਵਿੱਤੀ ਪੋਸ਼ਣ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ, ਪਰ ਮਾਹਰਾਂ ਨੇ ਕਿਹਾ ਕਿ ਇਸ ਨੇ ਦੇਸ਼ ਭਰ ਦੇ ਆਮ ਲੋਕਾਂ ਅਤੇ ਛੋਟੇ ਕਾਰੋਬਾਰਾਂ ਨੂੰ ਬੁਰਾ ਅਸਰ ਪਾਇਆ ਹੈ।
ਪਰ ਖਜ਼ਾਨਚੀ ਦੇ ਪਰਿਵਾਰ ਲਈ, ਉਸ ਦਾ ਨਾਮ ਕਿਸਮਤ ਲੈ ਕੇ ਆਇਆ। ਉੱਤਰ ਪ੍ਰਦੇਸ਼ ਵਿੱਚ ਮੁੱਖ ਵਿਰੋਧੀ ਧਿਰ ਦੇ ਨੇਤਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਰਾਜ ਚੋਣਾਂ ਤੋਂ ਪਹਿਲਾਂ ਆਪਣੀ ਮੁਹਿੰਮ ਵਿੱਚ ਖਜ਼ਾਨਚੀ ਨੂੰ ਇੱਕ ਸਟਾਰ ਵਜੋਂ ਸ਼ਾਮਲ ਕੀਤਾ।
ਸਰਵੇਸ਼ਾ ਦੇਵੀ ਕਹਿੰਦੇ ਹਨ, "ਉਹ ਸਾਡੇ ਲਈ ਪੈਸਾ ਅਤੇ ਦੌਲਤ ਲੈ ਕੇ ਆਇਆ ਹੈ, ਹਰ ਕੋਈ ਸਾਡੀ ਮਦਦ ਕਰ ਰਿਹਾ ਹੈ। ਮੇਰੇ ਕੋਲ ਉਸ ਦੇ ਨਾਮ ਕਾਰਨ ਇੱਕ ਠੀਕ ਠਾਕ ਘਰ ਅਤੇ ਕਾਫ਼ੀ ਨਕਦੀ ਹੈ।"
ਲੌਕਡਾਊਨ ਕਕੰਡੀ, 2 ਸਾਲ
ਲੌਕਡਾਊਨ ਕਕੰਡੀ - 2020 ਵਿੱਚ ਭਾਰਤ ਵਿੱਚ ਕੋਵਿਡ ਕਾਰਨ ਕੀਤੇ ਗਏ ਤੋਂ ਇੱਕ ਹਫ਼ਤੇ ਬਾਅਦ ਪੈਦਾ ਹੋਇਆ। ਉਹ ਉੱਤਰ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਖੁਖੁੰਦੂ ਵਿੱਚ ਕਾਫ਼ੀ ਮਸ਼ਹੂਰ ਹੈ।
ਲੌਕਡਾਊਨ ਦੇ ਪਿਤਾ ਪਵਨ ਕੁਮਾਰ ਨੇ ਕਿਹਾ, "ਮੇਰੇ ਪੁੱਤਰ ਦਾ ਜਨਮ ਲੌਕਡਾਊਨ ਦੇ ਸਿਖਰ ''ਤੇ ਹੋਇਆ ਸੀ। ਮੇਰੀ ਪਤਨੀ ਨੂੰ ਜਣੇਪੇ ਲਈ ਲਿਜਾਣ ਲਈ ਕੋਈ ਵਾਹਨ ਲੱਭਣਾ ਬਹੁਤ ਮੁਸ਼ਕਲ ਸੀ। ਬਹੁਤ ਸਾਰੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਲਈ ਵੀ ਤਿਆਰ ਨਹੀਂ ਸਨ। ਸ਼ੁਕਰ ਹੈ ਕਿ ਮੇਰੇ ਪੁੱਤਰ ਦਾ ਜਨਮ ਬਿਨਾਂ ਕਿਸੇ ਪੇਚੀਦਗੀ ਦੇ ਹੋਇਆ ਸੀ।"
ਲੌਕਡਾਊਨ ਦੇ ਪਿੰਡ ਅਤੇ ਆਸ-ਪਾਸ ਦੇ ਖੇਤਰਾਂ ਵਿੱਚ, ਹਰ ਕੋਈ ਉਸ ਦਾ ਪਤਾ ਜਾਣਦਾ ਹੈ ਅਤੇ ਬਹੁਤ ਸਾਰੇ ਉਸ ਨੂੰ ਮਿਲਣ ਲਈ ਉਸ ਦੇ ਘਰ ਆਉਂਦੇ ਹਨ।
ਉਸ ਦੇ ਪਿਤਾ ਪਵਨ ਕੁਮਾਰ ਕਹਿੰਦੇ ਹਨ, "ਲੋਕ ਕੁਝ ਸਮੇਂ ਲਈ ਉਸ ਦਾ ਮਜ਼ਾਕ ਉਡਾ ਸਕਦੇ ਹਨ, ਪਰ ਹਰ ਕੋਈ ਉਸ ਨੂੰ ਯਾਦ ਵੀ ਕਰੇਗਾ। ਮੈਂ ਚਾਹੁੰਦਾ ਹਾਂ ਕਿ ਉਸ ਦਾ ਨਾਮ ਯਾਦ ਦਿਵਾਏ ਕਿ ਉਸ ਸਮੇਂ ਲੋਕਾਂ ''ਤੇ ਕੀ ਗੁਜ਼ਰ ਰਹੀ ਸੀ।"
24 ਮਾਰਚ 2020 ਨੂੰ ਮੋਦੀ ਦੁਆਰਾ ਐਲਾਨੇ ਗਏ ਦੇਸ਼ ਵਿਆਪੀ ਲੌਕਡਾਊਨ ਨੇ ਬਹੁਤ ਸਾਰੇ ਭਾਰਤੀਆਂ ਨੂੰ ਝਟਕਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਸਿਰਫ਼ ਕੁਝ ਘੰਟਿਆਂ ਦਾ ਨੋਟਿਸ ਦਿੱਤਾ ਗਿਆ ਸੀ। ਇਸ ਤੋਂ ਹਫ਼ਤਿਆਂ ਬਾਅਦ ਜ਼ਰੂਰੀ ਵਸਤਾਂ ਦੀ ਘਾਟ ਅਤੇ ਨੌਕਰੀਆਂ ਦੇ ਵੱਡੇ ਨੁਕਸਾਨ, ਖ਼ਾਸਕਰ ਗੈਰ ਰਸਮੀ ਖੇਤਰ ਵਿੱਚ ਨੌਕਰੀਆਂ ਦੀ ਘਾਟ ਵੱਡੇ ਪੱਧਰ ''ਤੇ ਸਾਹਮਣੇ ਆਈ ਸੀ।
ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ, ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ। ਇਸ ''ਤੇ ਬੀਬੀਸੀ ਦੀ ਵਿਸ਼ੇਸ਼ ਲੜੀ ਦੀ ਇਹ ਦੂਜੀ ਸਟੋਰੀ ਹੈ।
:
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਅਕਾਲੀ ਦਲ ਤੋਂ ਜਨਤਾ ਦਲ ਯੂ ਤੱਕ...ਭਾਜਪਾ ਨੇ ਗਠਜੋੜ ਕਰਕੇ ਕਿਵੇਂ ਕਈ ਖੇਤਰੀ ਦਲ ਖੂੰਝੇ ਲਾਏ
NEXT STORY