ਈਰਾਨ ਵਿੱਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਵਿਰੋਧ ਪ੍ਰਦਰਸ਼ਨਾਂ ਦਾ ਰੂਪ ਲੈ ਰਿਹਾ ਹੈ। ਮੌਤ ਤੋਂ ਪਹਿਲਾਂ ਮਾਹਸਾ ਨੂੰ ਮੌਰੈਲਿਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ। ਹੁਣ ਔਰਤਾਂ ਨੇ ਇਸਲਾਮੀ ਗਣਰਾਜ ਦੇ ਸਖ਼ਤ ਪਹਿਰਾਵੇ ਦੇ ਜ਼ਾਬਤੇ ਅਤੇ ਇਸ ਨੂੰ ਲਾਗੂ ਕਰਨ ਵਾਲਿਆਂ ਦੇ ਵਿਰੁੱਧ ਆਪਣੇ ਸਿਰ ਦੇ ਸਕਾਰਫ਼ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਹੈ।
ਗਸ਼ਤ-ਏ ਇਰਸ਼ਾਦ (ਗਾਈਡੈਂਸ ਪੈਟਰੋਲ) ਪੁਲਿਸ ਦੀ ਇੱਕ ਖਾਸ ਯੂਨਿਟ ਹੈ। ਇਹ ਇਸਲਾਮੀ ਨੈਤਿਕਤਾ ਦਾ ਸਨਮਾਨ ਯਕੀਨੀ ਬਣਾਉਣ ਅਤੇ "ਅਨੁਚਿਤ" ਪਹਿਰਾਵੇ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਕੰਮ ਕਰਦੀ ਹੈ।
ਈਰਾਨ ਦੇ ਸ਼ਰੀਆ ਕਾਨੂੰਨ ਮੁਤਾਬਕ ਔਰਤਾਂ ਨੂੰ ਹਿਜਾਬ (ਸਕਾਰਫ਼) ਨਾਲ ਆਪਣੇ ਵਾਲਾਂ ਨੂੰ ਢੱਕਣਾ ਜ਼ਰੂਰੀ ਹੈ। ਉਹਨਾਂ ਨੂੰ ਸਰੀਰ ਢੱਕਣ ਲਈ ਲੰਬੇ ਅਤੇ ਢਿੱਲੇ-ਢਿੱਲੇ ਕੱਪੜੇ ਪਹਿਨਣ ਲਈ ਮਜਬੂਰ ਕੀਤਾ ਜਾਂਦਾ ਹੈ।
ਜਦੋਂ 13 ਸਤੰਬਰ ਨੂੰ ਤਹਿਰਾਨ ਵਿੱਚ ਮੌਰੈਲਿਟੀ ਪੁਲਿਸ (ਨੈਤਿਕਤਾ ਪੁਲਿਸ) ਵੱਲੋਂ ਮਾਪਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਸ ਦੇ ਸਕਾਰਫ਼ ਹੇਠਾਂ ਕਥਿਤ ਤੌਰ ''ਤੇ ਕੁਝ ਵਾਲ ਦਿਖਾਈ ਦੇ ਰਹੇ ਸਨ।
ਉਹ ਨਜ਼ਰਬੰਦੀ ਕੇਂਦਰ ਵਿੱਚ ਡਿੱਗਣ ਤੋਂ ਥੋੜ੍ਹੀ ਦੇਰ ਬਾਅਦ ਕੋਮਾ ਵਿੱਚ ਚਲੀ ਗਈ ਅਤੇ ਤਿੰਨ ਦਿਨ ਬਾਅਦ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।
ਸੁਰੱਖਿਆ ਏਜੰਸੀ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਫ਼ਸਰਾਂ ਨੇ ਉਸ ਦੇ ਸਿਰ ਉਪਰ ਡੰਡੇ ਮਾਰੇ ਅਤੇ ਉਸ ਨੂੰ ਇੱਕ ਵਾਹਨ ਨਾਲ ਟੱਕਰ ਮਾਰੀ।
ਇੱਕ ਪੁਰਾਣੀ ਇੰਟਰਵਿਊ ਵਿੱਚ ਮੌਰੈਲਿਟੀ ਪੁਲਿਸ ਦੇ ਇੱਕ ਅਧਿਕਾਰੀ ਨੇ ਇਸ ਯੂਨਿਟ ਵਿੱਚ ਕੰਮ ਕਰਨ ਦੇ ਆਪਣੇ ਤਜ਼ਰਬੇ ਬਾਰੇ ਬੀਬੀਸੀ ਨਾਲ ਅਗਿਆਤ ਰੂਪ ਵਿੱਚ ਗੱਲ ਕੀਤੀ ਸੀ।
ਉਸ ਨੇ ਕਿਹਾ, "ਉਨ੍ਹਾਂ ਨੇ ਸਾਨੂੰ ਦੱਸਿਆ ਕਿ ਨੈਤਿਕਤਾ ਪੁਲਿਸ ਯੂਨਿਟਾਂ ਦੇ ਕੰਮ ਕਰਨ ਦਾ ਕਾਰਨ ਔਰਤਾਂ ਦੀ ਸੁਰੱਖਿਆ ਹੈ।"
"ਕਿਉਂਕਿ ਜੇ ਉਹ ਸਹੀ ਢੰਗ ਨਾਲ ਪਹਿਰਾਵਾ ਨਹੀਂ ਪਾਉਂਦੀਆਂ ਤਾਂ ਮਰਦ ਭੜਕ ਸਕਦੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।"
- ਈਰਾਨ ''ਚ ਹਿਜਾਬ ਵਿਰੋਧੀ ਪ੍ਰਦਰਸ਼ਨ ਤੇਜ
- 22 ਸਾਲਾਂ ਕੁੜੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕਿਆ
- 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਹਿਜਾਬ ਨੂੰ ਲੈ ਕੇ ਹੋਈ ਸਖਤੀ
- ਪਾਬੰਦੀਆਂ ਨੂੰ ਲੈ ਕੇ ਪੁਲਿਸ ਦਾ ਸਖਤ ਰਵੱਈਆ
- ਪ੍ਰਦਰਸ਼ਨਾਂ ਵਿੱਚ ਮਰਦ ਵੀ ਔਰਤਾਂ ਨਾਲ ਖੜੇ
ਉਸਨੇ ਕਿਹਾ ਕਿ ਉਹਨਾਂ ਨੇ ਛੇ ਵਿਅਕਤੀਆਂ ਦੀਆਂ ਟੀਮਾਂ ਵਿੱਚ ਕੰਮ ਕੀਤਾ, ਜਿਸ ਵਿੱਚ ਚਾਰ ਪੁਰਸ਼ ਅਤੇ ਦੋ ਔਰਤਾਂ ਸ਼ਾਮਲ ਹਨ। ਪੁਲਿਸ ਨੇ ਉਹਨਾਂ ਖੇਤਰਾਂ ''ਤੇ ਧਿਆਨ ਕੇਂਦਰਿਤ ਕੀਤਾ ਜਿੱਥੇ ਵੱਡੇ ਪੱਧਰ ਉਪਰ ਪੈਦਲ ਆਵਾਜਾਈ ਹੈ ਅਤੇ ਭੀੜ ਇਕੱਠੀ ਹੁੰਦੀ ਹੈ।
"ਇਹ ਅਜੀਬ ਹੈ ਕਿਉਂਕਿ ਜੇ ਅਸੀਂ ਸਿਰਫ਼ ਲੋਕਾਂ ਨੂੰ ਸਮਝਾਉਣਾ ਹੈ ਤਾਂ ਅਸੀਂ ਭੀੜ ਵਾਲੀਆਂ ਥਾਵਾਂ ਉਪਰ ਕਿਉਂ ਜਾਂਦੇ ਹਾਂ ਜਿਸਦਾ ਸੰਭਾਵਤ ਤੌਰ ''ਤੇ ਮਤਲਬ ਹੈ ਕਿ ਅਸੀਂ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹਾਂ?"
"ਇਹ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਸ਼ਿਕਾਰ ਉਪਰ ਜਾ ਰਹੇ ਹਾਂ।"
ਇਸ ਅਧਿਕਾਰੀ ਨੇ ਦੱਸਿਆ ਕਿ ਉਸਦਾ ਕਮਾਂਡਰ ਉਸਨੂੰ ਕਹੇਗਾ ਕਿ ਜੇਕਰ ਉਸਨੇ ਡਰੈਸ ਕੋਡ ਦੀ ਉਲੰਘਣਾ ਕਰਨ ਵਾਲੇ ਵੱਡੀ ਗਿਣਤੀ ਲੋਕਾਂ ਦੀ ਪਛਾਣ ਨਹੀਂ ਕੀਤੀ ਤਾਂ ਇਸ ਦਾ ਅਰਥ ਹੈ ਕਿ ਉਹ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ। ਉਸਨੂੰ ਖ਼ਾਸ ਤੌਰ ''ਤੇ ਹੋਰ ਵੀ ਮੁਸ਼ਕਿਲ ਮਹਿਸੂਸ ਹੁੰਦਾ ਜਦੋਂ ਲੋਕ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਸਨ।
"ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਉਨ੍ਹਾਂ ਨੂੰ ਵੈਨ ਦੇ ਅੰਦਰ ਜ਼ਬਰਦਸਤੀ ਲੈ ਜਾਵਾਂਗੇ। ਕੀ ਤੁਸੀਂ ਜਾਣਦੇ ਹੋ ਕਿ ਇਹ ਕਰਦੇ ਸਮੇਂ ਮੈਂ ਕਿੰਨੀ ਵਾਰ ਰੋਇਆ ਸੀ?"
"ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਵਿੱਚੋਂ ਇੱਕ ਨਹੀਂ ਹਾਂ। ਸਾਡੇ ਵਿੱਚੋਂ ਬਹੁਤੇ ਸਾਧਾਰਨ ਸੈਨਿਕ ਹਨ ਜੋ ਸਾਡੀ ਲਾਜ਼ਮੀ ਫੌਜੀ ਸੇਵਾ ਵਿੱਚੋਂ ਲੰਘ ਰਹੇ ਹਨ। ਮੈਨੂੰ ਬਹੁਤ ਬੁਰਾ ਲੱਗਦਾ ਹੈ।"
ਇਸਲਾਮੀ ਕ੍ਰਾਂਤੀ ਤੋਂ ਬਾਅਦ ਦੇ ਫ਼ਰਮਾਨ
1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਤੁਰੰਤ "ਗਲਤ ਹਿਜਾਬ" ਦੇ ਵਿਰੁੱਧ ਈਰਾਨੀ ਅਧਿਕਾਰੀਆਂ ਦੀ ਲੜਾਈ ਸ਼ੁਰੂ ਹੋਈ। ਜਿਸ ਵਿੱਚ ਸਿਰ ਦਾ ਸਕਾਰਫ਼ ਜਾਂ ਹੋਰ ਲਾਜ਼ਮੀ ਕੱਪੜੇ ਗਲਤ ਢੰਗ ਨਾਲ ਪਹਿਨਣਾ ਸ਼ਾਮਲ ਸੀ। ਇਸ ਦਾ ਮੁੱਖ ਉਦੇਸ਼ ਔਰਤਾਂ ਨੂੰ ਨਿਮਰਤਾ ਵਾਲਾ ਪਹਿਰਾਵਾ ਪਵਾਉਣਾ ਸੀ।
ਜਦੋਂ ਕਿ ਉਸ ਸਮੇਂ ਬਹੁਤ ਸਾਰੀਆਂ ਔਰਤਾਂ ਅਜਿਹਾ ਕਰ ਰਹੀਆਂ ਸਨ। ਪੱਛਮ ਪੱਖੀ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦਾ ਤਖ਼ਤਾ ਪਲਟਣ ਤੋਂ ਪਹਿਲਾਂ ਤਹਿਰਾਨ ਦੀਆਂ ਸੜਕਾਂ ''ਤੇ ਮਿੰਨੀ ਸਕਰਟ ਅਤੇ ਨੰਗੇ ਵਾਲ ਕੋਈ ਅਸਧਾਰਨ ਦ੍ਰਿਸ਼ ਨਹੀਂ ਸਨ। ਉਸਦੀ ਪਤਨੀ ਫਰਾਹ ਜੋ ਅਕਸਰ ਪੱਛਮੀ ਕੱਪੜੇ ਪਾਉਂਦੀ ਸੀ, ਉਸ ਨੂੰ ਇੱਕ ਆਧੁਨਿਕ ਔਰਤ ਦੀ ਉਦਾਹਰਣ ਵਜੋਂ ਰੱਖਿਆ ਗਿਆ ਸੀ।
ਮਾਰਚ 1979 ਵਿੱਚ ਈਰਾਨ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨ ਕਈ ਦਿਨਾਂ ਤੱਕ ਜਾਰੀ ਰਿਹਾ ਸੀ।
ਇਸਲਾਮੀ ਗਣਰਾਜ ਦੀ ਸਥਾਪਨਾ ਦੇ ਕੁਝ ਮਹੀਨਿਆਂ ਦੇ ਅੰਦਰ ਸ਼ਾਹ ਦੇ ਅਧੀਨ ਸਥਾਪਿਤ ਕੀਤੇ ਗਏ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਸ਼ੁਰੂ ਹੋ ਗਿਆ।
ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਕਾਰਕੁਨ ਮਹਿਰਾਂਗੀਜ਼ ਕਾਰ (78) ਨੇ ਕਿਹਾ, "ਇਹ ਰਾਤੋ-ਰਾਤ ਨਹੀਂ ਵਾਪਰਿਆ। ਇਹ ਕਦਮ-ਦਰ-ਕਦਮ ਦੀ ਪ੍ਰਕਿਰਿਆ ਸੀ।"
"ਕ੍ਰਾਂਤੀ ਦੇ ਤੁਰੰਤ ਬਾਅਦ ਸੜਕਾਂ ''ਤੇ ਮਰਦ ਅਤੇ ਔਰਤਾਂ ਸਨ ਜੋ ਤੋਹਫ਼ੇ ਦੇ ਕਾਗਜ਼ ਵਿੱਚ ਔਰਤਾਂ ਨੂੰ ਮੁਫ਼ਤ ਹੈੱਡ ਸਕਾਰਫ਼ ਦੀ ਪੇਸ਼ਕਸ਼ ਕਰ ਰਹੇ ਸਨ।"
7 ਮਾਰਚ 1979 ਨੂੰ ਕ੍ਰਾਂਤੀ ਦੇ ਨੇਤਾ ਅਯਾਤੁੱਲਾ ਰੂਹੁੱਲਾ ਖੋਮੇਨੀ ਨੇ ਹੁਕਮ ਦਿੱਤਾ ਕਿ ਸਾਰੀਆਂ ਔਰਤਾਂ ਲਈ ਉਹਨਾਂ ਦੇ ਕੰਮ ਦੇ ਸਥਾਨਾਂ ''ਤੇ ਹਿਜਾਬ ਲਾਜ਼ਮੀ ਹੋਵੇਗਾ ਅਤੇ ਉਹ ਬੇਪਰਦਾ ਔਰਤਾਂ ਨੂੰ "ਨੰਗੀਆਂ" ਮੰਨਦਾ ਹੈ।
ਫ਼ਿਲਹਾਲ ਵਾਸ਼ਿੰਗਟਨ ਡੀਸੀ ਵਿੱਚ ਰਹਿਣ ਵਾਲੀ ਕਾਰ ਕਹਿੰਦੀ ਹੈ, "ਇਹ ਭਾਸ਼ਣ ਬਹੁਤ ਸਾਰੇ ਕ੍ਰਾਂਤੀਕਾਰੀਆਂ ਵੱਲੋਂ ਔਰਤਾਂ ਦੇ ਸਿਰਾਂ ''ਤੇ ਹਿਜਾਬ ਨੂੰ ਜ਼ਬਰਦਸਤੀ ਕਰਨ ਦੇ ਆਦੇਸ਼ ਵਜੋਂ ਲਿਆ ਗਿਆ ਸੀ।"
"ਕਈਆਂ ਨੇ ਸੋਚਿਆ ਕਿ ਇਹ ਰਾਤੋਂ-ਰਾਤ ਵਾਪਰ ਜਾਵੇਗਾ। ਇਸ ਲਈ ਔਰਤਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।"
ਉਨ੍ਹਾਂ ਨੇ ਤੁਰੰਤ ਜਵਾਬ ਦਿੱਤਾ। ਲਗਭਗ 100,000 ਤੋਂ ਵੱਧ ਲੋਕ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ ਅਗਲੇ ਦਿਨ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਰੋਧ ਕਰਨ ਲਈ ਤਹਿਰਾਨ ਦੀਆਂ ਗਲੀਆਂ ਵਿੱਚ ਇਕੱਠੇ ਹੋਏ।
1980 ਦੇ ਦਹਾਕੇ ਦੇ ਪਹਿਲੇ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਵਿੱਚ ਔਰਤਾਂ ਵਿਰੋਧ ਦੇ ਚੱਲਦਿਆਂ ਹਵਾ ਵਿੱਚ ਹੈੱਡ ਸਕਾਰਫ਼ ਲਹਿਰਾ ਰਹੀਆਂ ਸਨ।
''ਅਸੀਂ ਰਚਨਾਤਮਕ ਹੋ ਗਏ''
ਖੋਮੇਨੀ ਦੇ ਫ਼ਰਮਾਨ ਦੇ ਬਾਵਜੂਦ ਅਧਿਕਾਰੀਆਂ ਨੂੰ ਇਹ ਫੈਸਲਾ ਕਰਨ ਵਿੱਚ ਕੁਝ ਸਮਾਂ ਲੱਗਿਆ ਕਿ ਔਰਤਾਂ ਲਈ "ਉਚਿਤ" ਕੱਪੜੇ ਕੀ ਮੰਨੇ ਜਾਂਦੇ ਹਨ।
ਕਾਰ ਦੱਸਦੇ ਹਨ, "ਕੋਈ ਸਪੱਸ਼ਟ ਹਦਾਇਤਾਂ ਨਹੀਂ ਸਨ। ਇਸ ਲਈ ਉਹ ਮਾਡਲ ਦਿਖਾਉਂਦੇ ਹੋਏ ਪੋਸਟਰ ਅਤੇ ਬੈਨਰ ਲੈ ਕੇ ਆਏ ਜੋ ਦਫ਼ਤਰ ਦੀਆਂ ਕੰਧਾਂ ''ਤੇ ਟੰਗੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਹਿਜਾਬ ਪਹਿਨਣ ਬਾਰੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਾਂ ਉਹ ਅੰਦਰ ਨਹੀਂ ਜਾ ਸਕਦੀਆਂ।"
1981 ਤੱਕ ਔਰਤਾਂ ਅਤੇ ਕੁੜੀਆਂ ਨੂੰ ਕਾਨੂੰਨੀ ਤੌਰ ''ਤੇ ਮਾਮੂਲੀ "ਇਸਲਾਮਿਕ" ਕੱਪੜੇ ਪਹਿਨਣ ਦੀ ਲੋੜ ਸੀ। ਅਸਲ ਵਿੱਚ ਇਸਦਾ ਮਤਲਬ ਇੱਕ ਚਾਦਰ ਪਹਿਨਣਾ ਸੀ ਜੋ ਪੂਰੇ ਸਰੀਰ ਦਾ ਚੋਲਾ ਅਤੇ ਇੱਕ ਛੋਟਾ ਹੈੱਡਸਕਾਰਫ ਹੁੰਦਾ ਸੀ ਜਾਂ ਇੱਕ ਹੈੱਡਸਕਾਰਫ ਅਤੇ ਇੱਕ ਓਵਰਕੋਟ ਬਾਹਾਂ ਨੂੰ ਢੱਕਦਾ ਹੈ।
ਕਾਰ ਕਹਿੰਦੇ ਹਨ, "ਪਰ ਲਾਜ਼ਮੀ ਹਿਜਾਬ ਵਿਰੁੱਧ ਲੜਾਈ ਵਿਅਕਤੀਗਤ ਪੱਧਰ ''ਤੇ ਜਾਰੀ ਰਹੀ। ਅਸੀਂ ਸਿਰ ਦਾ ਸਕਾਰਫ਼ ਪਹਿਨਣ ਜਾਂ ਆਪਣੇ ਵਾਲਾਂ ਨੂੰ ਸਹੀ ਢੰਗ ਨਾਲ ਨਾ ਢੱਕਣ ਵਿੱਚ ਰਚਨਾਤਮਕ ਸੀ।"
"ਹਰ ਵਾਰ ਜਦੋਂ ਉਹ ਸਾਨੂੰ ਰੋਕਦੇ ਸਨ ਤਾਂ ਅਸੀਂ ਲੜ ਰਹੀਆਂ ਹੁੰਦੀਆ ਸੀ।"
1983 ਵਿੱਚ ਸੰਸਦ ਨੇ ਫੈਸਲਾ ਕੀਤਾ ਕਿ ਜਨਤਕ ਤੌਰ ''ਤੇ ਆਪਣੇ ਵਾਲ ਨਾ ਢਕਣ ਵਾਲੀਆਂ ਔਰਤਾਂ ਨੂੰ 74 ਕੋੜਿਆਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਹਾਲ ਹੀ ਵਿੱਚ 60 ਦਿਨਾਂ ਤੱਕ ਦੀ ਜੇਲ੍ਹ ਦੀ ਸਜ਼ਾ ਨੂੰ ਜੋੜਿਆ ਹੈ।
ਫਿਰ ਵੀ ਅਧਿਕਾਰੀਆਂ ਨੇ ਉਦੋਂ ਤੋਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਸੰਘਰਸ਼ ਕੀਤਾ ਹੈ। ਹਰ ਉਮਰ ਦੀਆਂ ਔਰਤਾਂ ਨੂੰ ਅਕਸਰ ਤੰਗ-ਫਿਟਿੰਗ, ਪੱਟ ਤੱਕ ਲੰਬਾਈ ਵਾਲੇ ਕੋਟ ਅਤੇ ਚਮਕਦਾਰ ਰੰਗ ਦੇ ਹੈੱਡ ਸਕਾਰਫ਼ ਪਹਿਨ ਕੇ ਫਿਰਦੇ ਜਨਤਕ ਤੌਰ ''ਤੇ ਹੱਦਾਂ ਨੂੰ ਟੱਪਦੇ ਦੇਖਿਆ ਜਾਂਦਾ ਹੈ।
ਪੁਲਿਸ ਦਾ ਹੋਰ ਕਰੜੇ ਹੱਥੀਂ ਹੋਣਾ
ਤਹਿਰਾਨ ਦੇ ਅਤਿ-ਰੂੜੀਵਾਦੀ ਤਤਕਾਲੀ ਮੇਅਰ ਮਹਿਮੂਦ ਅਹਿਮਦੀਨੇਜਾਦ ਜਦੋਂ 2004 ਵਿੱਚ ਰਾਸ਼ਟਰਪਤੀ ਲਈ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਉਹਨਾਂ ਨੇ ਇਸ ਮੁੱਦੇ ''ਤੇ ਵਧੇਰੇ ਪ੍ਰਗਤੀਸ਼ੀਲ ਦਿਖਾਈ ਦੇਣ ਦੀ ਕੋਸ਼ਿਸ਼ ਕੀਤੀ।
ਉਹਨਾਂ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ, "ਲੋਕਾਂ ਦੇ ਵੱਖੋ-ਵੱਖਰੇ ਸਵਾਦ ਹੁੰਦੇ ਹਨ ਅਤੇ ਸਾਨੂੰ ਉਨ੍ਹਾਂ ਸਾਰਿਆਂ ਦੀ ਸੇਵਾ ਕਰਨੀ ਪੈਂਦੀ ਹੈ।"
ਪਰ ਅਗਲੇ ਸਾਲ ਚੋਣ ਜਿੱਤ ਤੋਂ ਤੁਰੰਤ ਬਾਅਦ ਗਸ਼ਤ-ਏ ਇਰਸ਼ਾਦ ਰਸਮੀ ਤੌਰ ''ਤੇ ਸਥਾਪਿਤ ਹੋ ਗਿਆ। ਉਦੋਂ ਤੱਕ ਪਹਿਰਾਵੇ ਦੇ ਕੋਡ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਅਰਧ ਸੈਨਿਕ ਇਕਾਈਆਂ ਵੱਲੋਂ ਗੈਰ ਰਸਮੀ ਤੌਰ ''ਤੇ ਨਿਯਮਤ ਕਰ ਦਿੱਤਾ ਗਿਆ।
ਮੌਰੈਲਿਟੀ ਪੁਲਿਸ ਦੀ ਅਕਸਰ ਲੋਕਾਂ ਵਲੋਂ ਕਰੜੇ ਹੱਥੀਂ ਕੰਮ ਕਰਨ ਲਈ ਆਲੋਚਨਾ ਕੀਤੀ ਜਾਂਦੀ ਹੈ। ਉਹਨਾਂ ਵੱਲੋਂ ਔਰਤਾਂ ਨੂੰ ਅਕਸਰ ਹਿਰਾਸਤ ਵਿੱਚ ਲਿਆ ਜਾਂਦਾ ਹੈ ਅਤੇ ਕੇਵਲ ਉਦੋਂ ਹੀ ਛੱਡਿਆ ਜਾਂਦਾ ਹੈ ਜਦੋਂ ਕੋਈ ਰਿਸ਼ਤੇਦਾਰ ਇਹ ਭਰੋਸਾ ਦਿੰਦਾ ਦਿਖਾਈ ਦਿੰਦਾ ਹੈ ਕਿ ਉਹ ਭਵਿੱਖ ਵਿੱਚ ਨਿਯਮਾਂ ਦੀ ਪਾਲਣਾ ਕਰਨਗੇ।
-
ਕੇਂਦਰੀ ਸ਼ਹਿਰ ਇਸਫਾਹਾਨ ਦੀ ਇੱਕ ਔਰਤ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਆਪਣੀ ਧੀ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਸਾਨੂੰ ਲਿਪਸਟਿਕ ਕਾਰਨ ਰੋਕਿਆ ਗਿਆ ਸੀ।"
"ਉਹ ਸਾਨੂੰ ਪੁਲਿਸ ਸਟੇਸ਼ਨ ਲੈ ਗਏ ਅਤੇ ਮੇਰੇ ਪਤੀ ਨੂੰ ਆਉਣ ਅਤੇ ਕਾਗਜ਼ ਦੇ ਟੁਕੜੇ ''ਤੇ ਦਸਤਖਤ ਕਰਨ ਲਈ ਕਿਹਾ ਕਿ ਉਹ ਸਾਨੂੰ ਹਿਜਾਬ ਤੋਂ ਬਿਨਾਂ ਬਾਹਰ ਨਹੀਂ ਆਉਣ ਦੇਵੇਗਾ।"
ਤਹਿਰਾਨ ਦੀ ਇੱਕ ਹੋਰ ਔਰਤ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਮਹਿਲਾ ਅਧਿਕਾਰੀ ਨੇ ਕਿਹਾ ਕਿ ਉਸਦੇ ਬੂਟ ਮਰਦਾਂ ਲਈ "ਬਹੁਤ ਕਾਮੁਕ" ਹੋ ਸਕਦੇ ਹਨ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਉਸ ਨੇ ਕਿਹਾ, "ਮੈਂ ਆਪਣੇ ਪਤੀ ਨੂੰ ਬੁਲਾਇਆ ਅਤੇ ਉਸਨੂੰ ਮੇਰੇ ਲਈ ਇੱਕ ਜੋੜਾ ਜੁੱਤੀਆਂ ਲਿਆਉਣ ਲਈ ਕਿਹਾ।"
"ਫਿਰ ਮੈਂ ਇੱਕ ਕਾਗਜ਼ ''ਤੇ ਦਸਤਖ਼ਤ ਕੀਤੇ ਜਿਸ ਵਿੱਚ ਮੰਨਿਆ ਗਿਆ ਕਿ ਮੈਂ ਅਣਉਚਿਤ ਕੱਪੜੇ ਪਾਏ ਹੋਏ ਸਨ ਅਤੇ ਹੁਣ ਮੇਰਾ ਇੱਕ ਅਪਰਾਧਿਕ ਰਿਕਾਰਡ ਹੈ।"
ਮੌਰੈਲਿਟੀ ਪੁਲਿਸ ਦੇ ਨਾਲ ਤਜ਼ਰਬਿਆਂ ਦੀਆਂ ਹੋਰ ਰਿਪੋਰਟਾਂ ਜੋ ਬੀਬੀਸੀ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਉਹਨਾਂ ਵਿੱਚ ਕੁੱਟਮਾਰ ਅਤੇ ਹੋਰ ਬੇਰਹਿਮ ਅਤੇ ਅਸਾਧਾਰਨ ਸਜ਼ਾਵਾਂ ਸ਼ਾਮਲ ਹਨ।
ਇੱਕ ਔਰਤ ਨੇ ਦੱਸਿਆ ਕਿ ਪੁਲਿਸ ਨੇ ਉਸ ਦੀ ਇੱਕ ਵਾਰ ਗ੍ਰਿਫਤਾਰੀ ਦੌਰਾਨ ਸਰੀਰ ''ਤੇ ਕਾਕਰੋਚ ਪਾਉਣ ਦੀ ਧਮਕੀ ਦਿੱਤੀ ਸੀ।
ਨਵੀਆਂ ਪਾਬੰਦੀਆਂ
ਰਾਸ਼ਟਰਪਤੀ ਇਬਰਾਹਿਮ ਰਾਇਸੀ ਜੋ ਇੱਕ ਕੱਟੜਪੰਥੀ ਮੌਲਵੀ ਹਨ ਅਤੇ ਪਿਛਲੇ ਸਾਲ ਚੁਣੇ ਗਏ ਹਨ, ਉਹਨਾਂ ਨੇ ਪਾਬੰਦੀਆਂ ਦੀ ਇੱਕ ਨਵੀਂ ਸੂਚੀ ਨੂੰ ਲਾਗੂ ਕਰਨ ਲਈ 15 ਅਗਸਤ ਨੂੰ ਨਵੇਂ ਆਦੇਸ਼ ''ਤੇ ਹਸਤਾਖਰ ਕੀਤੇ ਸਨ।
ਉਹਨਾਂ ਵਿੱਚ ਔਰਤਾਂ ਦੀ ਨਿਗਰਾਨੀ ਕਰਨ, ਜੁਰਮਾਨਾ ਕਰਨ ਅਤੇ ਕੈਮਰਿਆਂ ਦੀ ਸ਼ੁਰੂਆਤ ਸ਼ਾਮਲ ਹੈ। ਇਸ ਦੇ ਨਾਲ ਹੀ ਕੌਂਸਲਿੰਗ ਅਤੇ ਜੇਲ੍ਹ ਭੇਜਣਾ ਵੀ ਜੋੜਿਆ ਗਿਆ ਹੈ। ਇਸ ਵਿੱਚ ਆਨਲਾਇਨ ਹਿਜਾਬ ਖਿਲਾਫ਼ ਕੁਝ ਲਿਖਣ ਉਪਰ ਜੇਲ੍ਹ ਭੇਜਣ ਦੀ ਗੱਲ ਵੀ ਸ਼ਾਮਿਲ ਹੈ।
ਪਾਬੰਦੀਆਂ ਕਾਰਨ ਗ੍ਰਿਫਤਾਰੀਆਂ ਵਿੱਚ ਵਾਧਾ ਹੋਇਆ ਪਰ ਸੋਸ਼ਲ ਮੀਡੀਆ ''ਤੇ ਬਿਨਾਂ ਸਿਰ ਦੇ ਸਕਾਰਵ ਦੇ ਆਪਣੀਆਂ ਫੋਟੋਆਂ ਅਤੇ ਵੀਡੀਓ ਪੋਸਟ ਕਰਨ ਵਾਲੀਆਂ ਔਰਤਾਂ ਵਿੱਚ ਵੀ ਵਾਧਾ ਹੋਇਆ। ਅਜਿਹਾ ਅਮੀਨੀ ਦੀ ਮੌਤ ਤੋਂ ਬਾਅਦ ਦੇ ਦਿਨਾਂ ਵਿੱਚ ਹੀ ਤੇਜ਼ ਹੋਇਆ ਹੈ।
ਮਸੀਹ ਅਲੀਨੇਜਾਦ ਜੋ ਹੁਣ ਅਮਰੀਕਾ ਵਿੱਚ ਪੱਤਰਕਾਰ ਅਤੇ ਕਾਰਕੁਨ ਹਨ, ਕਹਿੰਦੇ ਹਨ ਕਿ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਉਸ ਨੂੰ ਨਿੱਜੀ ਤੌਰ ''ਤੇ ਜੁੜਿਆ ਮਹਿਸੂਸ ਕਰਵਾਇਆ ਹੈ।
ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਅਗਸਤ ਵਿੱਚ ਇੱਕ ਫ਼ਰਮਾਨ ਜਾਰੀ ਕਰਕੇ ਔਰਤਾਂ ਦੀ ਪਹਿਰਾਵੇ ਦੀ ਆਜ਼ਾਦੀ ਨੂੰ ਹੋਰ ਘਟਾ ਦਿੱਤਾ ਸੀ।
ਸਾਲਾਂ ਦੌਰਾਨ ਉਸਨੇ ਹਿਜਾਬ ਕਾਨੂੰਨਾਂ ਦੇ ਵਿਰੁੱਧ ਕਈ ਵਾਇਰਲ ਮੁਹਿੰਮਾਂ ਚਲਾਈਆਂ ਹਨ ਜਿਸ ਵਿੱਚ #mystealthyprotest ਅਤੇ ਹੋਰ ਸ਼ਾਮਿਲ ਹਨ। ਸਰਕਾਰ ਸਮੇਤ ਬਹੁਤ ਸਾਰੇ ਲੋਕ ਉਸਨੂੰ ਮੌਜੂਦਾ ਅਸ਼ਾਂਤੀ ਦੇ ਪਿੱਛੇ ਇੱਕ ਸਹਾਇਕ ਸ਼ਕਤੀ ਵਜੋਂ ਦੇਖਦੇ ਹਨ।
ਸ਼ਨੀਵਾਰ ਨੂੰ ਪੱਛਮੀ ਸ਼ਹਿਰ ਸਾਕੇਜ਼ ਵਿੱਚ ਅਮੀਨੀ ਦੇ ਅੰਤਿਮ ਸਸਕਾਰ ਵਿੱਚ ਔਰਤਾਂ ਨੇ ਆਪਣੇ ਸਿਰ ਦੇ ਸਕਾਰਫ਼ ਉਤਾਰਨੇ ਅਤੇ ਉਨ੍ਹਾਂ ਨੂੰ ਹਵਾ ਵਿੱਚ ਲਹਿਰਾਉਣਾ ਸ਼ੁਰੂ ਕਰ ਦਿੱਤਾ।
ਉਸ ਤੋਂ ਬਾਅਦ ਦੇ ਦਿਨਾਂ ਵਿੱਚ ਉਹ ਦੇਸ਼ ਭਰ ਵਿੱਚ ਸੜਕਾਂ ''ਤੇ ਉਤਰ ਆਏ ਹਨ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹਿਜਾਬਾਂ ਨੂੰ ਅੱਗ ਲਗਾਈ ਅਤੇ ਇਸ ਨੂੰ ਫਿਲਮਾਇਆ ਵੀ ਗਿਆ। ਇਹਨਾਂ ਪ੍ਰਦਰਸ਼ਨਾਂ ਵਿੱਚ ਮਰਦਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ।
ਅਲੀਨੇਜਾਦ ਨੇ ਕਿਹਾ, "ਜਦੋਂ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਇਸ ਨੇ ਮੈਨੂੰ ਉਸ ਸਮੇਂ ਦੀ ਯਾਦ ਦਿਵਾਈ ਜਦੋਂ ਲੋਕਾਂ ਨੇ ਬਰਲਿਨ ਦੀ ਕੰਧ ਨੂੰ ਤੋੜਨਾ ਸ਼ੁਰੂ ਕੀਤਾ ਸੀ।"
"ਜਿਸ ਗੱਲ ਨੇ ਮੈਨੂੰ ਬਹੁਤ ਭਾਵੁਕ ਅਤੇ ਆਸਵੰਦ ਬਣਾਇਆ ਹੈ, ਉਹ ਇਹ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੁੜੀਆਂ ਇਕੱਲੀਆਂ ਨਹੀਂ ਹਨ। ਹੁਣ ਮਰਦ ਔਰਤਾਂ ਨਾਲ ਖੜ੍ਹੇ ਹਨ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੁਸਲਮਾਨ ਤੋਂ ਹਿੰਦੂ ਬਣੇ ਪਰਿਵਾਰਾਂ ਨੂੰ ਕੀ ਹਿੰਦੂਆਂ ਨੇ ਅਪਣਾਇਆ?- ਗਰਾਊਂਡ ਰਿਪੋਰਟ
NEXT STORY