ਭਾਰਤ ਦੀ ਅਗਲੇ ਸਾਲ ਹੋਣ ਵਾਲੇ ਏਸ਼ੀਆ ਕੱਪ ਵਿੱਚ ਸ਼ਮੂਲੀਅਤ ਸ਼ੱਕ ਦੇ ਘੇਰੇ ਵਿੱਚ ਹੈ। ਅਜਿਹਾ ਉਸ ਸਮੇਂ ਲੱਗ ਰਿਹਾ ਹੈ ਜਦੋਂ ਕ੍ਰਿਕਟ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਪਾਕਿਸਤਾਨ ਜਾਣਾ ''ਰੱਦ'' ਕਰ ਦਿੱਤਾ ਹੈ।
ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਕਦਮ 2023 ਵਿੱਚ ਭਾਰਤ ''ਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਫੇਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਆਸਟ੍ਰੇਲੀਆ ਵਿੱਚ ਚੱਲ ਰਹੇ ਵਿਸ਼ਵ ਟੀ-20 ਟੂਰਨਾਮੈਂਟ ਵਿੱਚ ਐਤਵਾਰ ਨੂੰ ਦੋਵਾਂ ਧਿਰਾਂ ਵਿਚਕਾਰ ਖੇਡ ਮੁਕਾਬਲਾ ਹੈ। ਇਸ ਮੌਕੇ ਬੀਬੀਸੀ ਨੇ ਦੋਵਾਂ ਦੇਸ਼ਾਂ ਵਿੱਚਕਾਰ ਮੈਚਾਂ ਦੇ ਇਤਿਹਾਸ ਉਪਰ ਇੱਕ ਨਜ਼ਰ ਮਾਰੀ ਹੈ।
ਇਹ ਉਸ ਸਮੇਂ ਦੀ ਝਲਕ ਹੈ ਜਦੋਂ ਉਪ ਮਹਾਂਦੀਪ ਦੇ ਵਿਰੋਧੀਆਂ ਨੇ ਕ੍ਰਿਕਟ ਦੇ ਮੈਦਾਨ ''ਤੇ ਇੱਕ ਸੁਹਿਰਦ ਰਿਸ਼ਤੇ ਦਾ ਆਨੰਦ ਮਾਣਿਆ ਹੈ। ਯੁੱਧ ਦਾ ਸਮਾਂ ਹੋਣ ਦੇ ਬਾਵਜੂਦ ਇਸ ਦਾ ਅਸਰ ਦੋਹਾਂ ਮੁਲਕਾਂ ਦੇ ਖਿਡਾਰੀਆਂ ਦੇ ਰਿਸ਼ਤੇ ਦਰਮਿਆਨ ਹੁੰਦਾ ਨਜ਼ਰ ਨਹੀਂ ਆਇਆ ਸੀ।
ਜੰਗ ਦੌਰਾਨ ਵੀ ਕ੍ਰਿਕਟ ਮੈਚ
ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੇ ਸਾਥੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਲਗਭਗ ਚਾਰ ਮਹੀਨਿਆਂ ਤੱਕ ਡਰੈਸਿੰਗ ਰੂਮ ਸਾਂਝਾ ਕੀਤਾ ਸੀ।
ਭਾਵੇਂ ਕਿ ਦੋਵਾਂ ਗੁਆਂਢੀਆਂ ਵਿੱਚਕਾਰ ਜੰਗ ਲੜੀ ਜਾ ਰਹੀ ਸੀ।
ਆਸਟ੍ਰੇਲੀਆ ਵਿੱਚ ਕਰੀਬ 7,000 ਕਿਲੋਮੀਟਰ ਦੂਰ ਇਸ ਉਪ ਮਹਾਂਦੀਪ ਦੇ ਕ੍ਰਿਕਟਰ ਸੰਸਾਰ ਦੀਆਂ ਬਾਕੀ ਟੀਮਾਂ ਦਾ ਹਿੱਸਾ ਸਨ। ਇਹਨਾਂ ਨੇ ਮੇਜ਼ਬਾਨਾਂ ਵਿਰੁੱਧ ਅੱਧੇ ਦਰਜਨ ਤੋਂ ਵੱਧ ਮੈਚ ਖੇਡੇ ਸਨ।
ਦੂਜੇ ਪਾਸੇ ਨੌਂ ਮਹੀਨਿਆਂ ਦੀ ਲੜਾਈ ਦਸੰਬਰ 1971 ਵਿੱਚ ਉਸ ਸਮੇਂ ਖ਼ਤਮ ਹੋਈ ਜਦੋਂ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਆਜ਼ਾਦੀ ਹਾਸਿਲ ਕਰ ਲਈ।
ਭਾਰਤ ਦੇ ਚੰਗੇ ਬੱਲੇਬਾਜ਼ਾਂ ਵਿੱਚੋਂ ਇੱਕ ਗਾਵਸਕਰ ਲਿਖਦੇ ਹਨ ਕਿ "ਜੋ ਕੁਝ ਹੋ ਰਿਹਾ ਸੀ, ਉਸ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਵਿਚਕਾਰ ਕੋਈ ਤਣਾਅ ਨਹੀਂ ਸੀ"।
ਗੈਰੀ ਸੋਬਰਸ ਦੀ ਅਗਵਾਈ ਵਾਲੀ 17 ਮੈਂਬਰੀ ‘ਰੈਸਟ ਆਫ਼ ਦਿ ਵਰਲਡ ਟੀਮ’ ਵਿੱਚ ਅੱਧੇ ਦਰਜਨ ਖਿਡਾਰੀ ਉਪ ਮਹਾਂਦੀਪ ਦੇ ਸਨ।
ਗਾਵਸਕਰ, ਭਾਰਤੀ ਸਪਿੰਨਰ ਬਿਸ਼ਨ ਬੇਦੀ ਅਤੇ ਵਿਕਟ-ਕੀਪਰ ਬੱਲੇਬਾਜ਼ ਫਾਰੂਖ਼ ਇੰਜੀਨੀਅਰ ਨੂੰ ਭਾਰਤੀ ਟੀਮ ਲਈ ਚੁਣਿਆ ਗਿਆ ਸੀ।
ਪਾਕਿਸਤਾਨ ਦੀ ਨੁਮਾਇੰਦਗੀ ਸ਼ਾਨਦਾਰ ਬੱਲੇਬਾਜ਼ ਜ਼ਹੀਰ ਅੱਬਾਸ, ਆਲ ਰਾਉਂਡਰ ਇੰਤਿਖ਼ਾਬ ਆਲਮ ਅਤੇ ਤੇਜ਼ ਗੇਂਦਬਾਜ਼ ਆਸਿਫ਼ ਮਸੂਦ ਨੇ ਕੀਤੀ ਸੀ।
ਗਾਵਸਕਰ ਨੇ ਆਪਣੀ 1976 ਦੀ ਕਿਤਾਬ ''ਸਨੀ ਡੇਜ਼'' ਵਿੱਚ ਲਿਖਿਆ ਸੀ, "ਹਰ ਸ਼ਾਮ ਅਸੀਂ ਇੱਕ ਪਾਕਿਸਤਾਨੀ ਦੇ ਰੈਸਟੋਰੈਂਟ ਵਿੱਚ ਖਾਣਾ ਖਾਣ ਲਈ ਜਾਂਦੇ ਸੀ। ਉੱਥੋਂ ਦਾ ਮਾਲਕ ਵੱਖ-ਵੱਖ ਰੇਡੀਓ ਨਿਊਜ਼ ਬੁਲੇਟਿਨਾਂ ਤੋਂ ਖ਼ਬਰਾਂ ਸੁਣਦਾ ਸੀ। ਉਹਨਾਂ ਨੂੰ ਕਾਗਜ਼ ਉੱਤੇ ਉਰਦੂ ਵਿੱਚ ਲਿਖ ਕੇ ਇੰਤਿਖ਼ਾਬ ਨੂੰ ਦਿੰਦਾ ਸੀ। ਪਰ ਉਹ ਇਹਨਾਂ ਵੱਲ ਮੁਸ਼ਕਿਲ ਨਾਲ ਦੇਖਦਾ ਅਤੇ ਕਾਗਜ਼ ਪਾੜ ਕੇ ਸੁੱਟ ਦਿੰਦਾ ਸੀ।"
- ਬੰਗਲਾਦੇਸ਼ ਦੀ ਮੰਗ ਸਮੇਂ ਜੰਗ ਦੌਰਾਨ ਵੀ ਦੋਹਾਂ ਮੁਲਕਾਂ ਵਿੱਚਕਾਰ ਖੇਡਿਆ ਗਿਆ ਸੀ ਕ੍ਰਿਕਟ।
- ਖਿਡਾਰੀਆਂ ਨੇ ਲਗਭਗ ਚਾਰ ਮਹੀਨਿਆਂ ਤੱਕ ਡਰੈਸਿੰਗ ਰੂਮ ਸਾਂਝਾ ਕੀਤਾ ਸੀ।
- 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਨੇ ਪੰਜ ਸਾਲਾਂ ਤੱਕ ਕੋਈ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ।
- ਪਾਕਿਸਤਾਨ ਟੀਮ ਨੇ 1952 ਵਿੱਚ ਭਾਰਤ ਦਾ ਦੌਰਾ ਕੀਤਾ, ਦੋਵਾਂ ਧਿਰਾਂ ਨੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ।
- ਹੁਣ ਤੱਕ ਦੋਹਾਂ ਮੁਲਕਾਂ ਨੇ ਸਿਰਫ 58 ਟੈਸਟ ਮੈਚ ਖੇਡੇ ਹਨ।
- ਭਾਰਤੀ ਖਿਡਾਰੀਆਂ ਨੇ ਹਮੇਸ਼ਾ ਪਾਕਿਸਤਾਨ ਦੇ ਪ੍ਰਸ਼ੰਸਕਾਂ ਤੋਂ ਪਿਆਰ ਅਤੇ ਪ੍ਰਸ਼ੰਸਾ ਮਿਲੀ।
ਖਿਡਾਰੀਆਂ ਵਿੱਚਕਾਰ ਮਜ਼ਾਕ ਅਤੇ ਚਿੰਤਾਵਾਂ
ਖੇਡ ਦੇ ਮੈਦਾਨ ਵਿੱਚ ਸਾਥੀ ਰਹੇ ਅੰਤਰਰਾਸ਼ਟਰੀ ਕ੍ਰਿਕਟਰਾਂ ਨੇ ਉਪ-ਮਹਾਂਦੀਪ ਦੇ ਆਪਣੇ ਇਹਨਾਂ ਵਿਰੋਧੀਆਂ ਬਾਰੇ ਹੌਲੀ-ਹੌਲੀ ਰਗੜੇ ਲਗਾਉਣੇ ਸ਼ੁਰੂ ਕਰ ਦਿੱਤੇ।
ਇੱਕ ਦੱਖਣੀ ਅਫ਼ਰੀਕੀ ਖਿਡਾਰੀ ਹਿਲਟਨ ਐਕਰਮੈਨ ਜਿਸ ਨੇ ਗਾਵਸਕਰ ਦੇ ਨਾਲ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ, ਉਸ ਨੇ ਦੋਹਾਂ ਮੁਲਕਾਂ ਦੇ ਖਿਡਾਰੀਆਂ ਸਾਹਮਣੇ ਸੱਚਮੁੱਚ ਮਜ਼ਾਕੀਆ ਸਥਿਤੀ ਪੈਦਾ ਕੀਤੀ।
ਉਨ੍ਹਾਂ ਵਿੱਚੋਂ ਇੱਕ ਆਲਮ ਅਤੇ ਇੰਜਨੀਅਰ ਬਾਰੇ ਸੀ। ਉਹ ਉਹਨਾਂ ਦੀ ਸਥਿਤੀ ਨੂੰ ''ਇੱਕ ਦੂਜੇ ਵੱਲ ਚਾਕੂ ਸੇਧਨ'' ਨਾਲ ਜੋੜਦਾ ਸੀ।
ਗਾਵਸਕਰ ਲਿਖਦੇ ਹਨ ਕਿ, "ਸਾਡਾ ਚੰਗਾ ਹਾਸਾ ਮਜ਼ਾਕ ਹੁੰਦਾ ਸੀ।"
ਪਰ ਖੇਡ ਦੇ ਮੈਦਾਨ ਤੋਂ ਬਾਹਰ ਕੁਝ ਚਿੰਤਾਵਾਂ ਵੀ ਸਨ।
ਗਾਵਸਕਰ ਲਿਖਦੇ ਹਨ ਕਿ ਬੇਦੀ ਜ਼ਾਹਰ ਤੌਰ ''ਤੇ ਇੰਜਨੀਅਰ ਤੋਂ ਨਾਖੁਸ਼ ਸੀ ਕਿ ਉਸ ਨੇ ਇਕ ਸਥਾਨਕ ਪੱਤਰਕਾਰ ਨੂੰ ਦੱਸਿਆ ਕਿ "ਬੰਬਈ (ਮੁੰਬਈ) ਵਿਚ ਉਸ ਦਾ ਘਰ ਸਮੁੰਦਰ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਸੀ। ਉਹ ਆਪਣੀ ਪਤਨੀ ਅਤੇ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਡਰਿਆ ਹੋਇਆ ਸੀ। ਉਹ ਉਨ੍ਹਾਂ ਨੂੰ ਲੰਕਾਸ਼ਾਇਰ ਵਿੱਚ ਜਾਣ ਲਈ ਕਹਿਣ ਜਾ ਰਿਹਾ ਸੀ, ਜਿੱਥੇ ਇੰਜੀਨੀਅਰ ਦਾ ਘਰ ਸੀ।"
ਹਾਲਾਂਕਿ ਬੇਦੀ ਜੋ ਪੱਤਰਕਾਰਾਂ ਨਾਲ ਗੱਲ ਨਹੀਂ ਕਰਦੇ ਸਨ "ਜੰਗ ਤੋਂ ਪਰੇਸ਼ਾਨ ਸੀ ਕਿਉਂਕਿ ਉਸ ਦਾ ਜੱਦੀ ਸ਼ਹਿਰ ਅੰਮ੍ਰਿਤਸਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਸੀ"।
ਖਿਡਾਰੀਆਂ ਦਾ ਸਾਂਝਾ ਡਰੈਸਿੰਗ ਰੂਮ
ਬੰਗਲਾਦੇਸ਼ ਯੁੱਧ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਦੇ ਡਰੈਸਿੰਗ ਰੂਮ ਨੂੰ ਸਾਂਝਾ ਕਰਨ ਬਾਰੇ ਗਾਵਸਕਰ ਲਿਖਦੇ ਹਨ ਕਿ ਕਿਵੇਂ ਇਹਨਾਂ ਪਰਮਾਣੂ-ਹਥਿਆਰਬੰਦ ਰੱਖਣ ਵਾਲੇ ਵਿਰੋਧੀਆਂ ਵਿਚਕਾਰ ਭਰਪੂਰ ਰਿਸ਼ਤੇ ਸਨ।
ਭਾਵੇਂ ਕਿ ਦੋਵਾਂ ਦੇਸ਼ਾਂ ਨੇ ਦੋ ਜੰਗਾਂ ਲੜੀਆਂ ਸਨ ਅਤੇ ਕਸ਼ਮੀਰ ਦਾ ਮੁੱਦਾ ਵੀ ਸੀ, ਪਰ ਕਦੇ ਵੀ ਇਹ ਉਨ੍ਹਾਂ ਦੇ ਸਬੰਧਾਂ ਅਤੇ ਖੇਡ ਵਿਚਕਾਰ ਨਹੀਂ ਆਇਆ।
ਦੋਹਾਂ ਮੁਲਕਾਂ ਦੇ ਮੈਚਾਂ ਦਾ ਇਤਿਹਾਸ
1947 ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਨੇ ਪੰਜ ਸਾਲਾਂ ਤੱਕ ਕੋਈ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ।
ਪਾਕਿਸਤਾਨ ਦੀ ਟੀਮ ਨੇ 1952 ਵਿੱਚ ਭਾਰਤ ਦਾ ਦੌਰਾ ਕੀਤਾ। ਉਸ ਸਮੇਂ ਦੋਵਾਂ ਦੇਸ਼ਾਂ ਨੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ।
ਇਤਿਹਾਸਕਾਰ ਰਾਮਚੰਦਰ ਗੁਹਾ ਨੇ ਆਪਣੀ ਕਿਤਾਬ ''ਅ ਕਾਰਨਰ ਆਫ਼ ਅ ਫੌਰਨ ਫੀਲਡ'' ਵਿੱਚ ਦੋਵਾਂ ਵਿਰੋਧੀਆਂ ਦੀ ਤਣਾਅ ਵਾਲੀ ਰਾਜਨੀਤੀ ਦੇ ਨਾਲ-ਨਾਲ ਖੇਡ ਦੇ ਗੁੰਝਲਦਾਰ ਅਤੇ ਵਿਰੋਧੀ ਸਬੰਧਾਂ ਨੂੰ ਦਰਸਾਇਆ ਗਿਆ ਹੈ ।
ਪਾਕਿਸਤਾਨ ਦੇ ਡਾਨ ਅਖ਼ਬਾਰ ਦੇ ਪਿਛਲੇ ਪੰਨੇ ਉਪਰ ਜੋ ਕਿ ਕਦੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਮਲਕੀਅਤ ਸੀ, ਉਮੀਦ ਕੀਤੀ ਗਈ ਕਿ ਟੀਮ "ਚੰਗੀ ਛਾਪ ਛੱਡੇਗੀ...।
''''ਉਹ ਸਦਭਾਵਨਾ ਦੇ ਦੂਤ ਹਨ..."
ਭਾਵੇਂ ਕਿ ਪਹਿਲੇ ਪੰਨੇ ''ਤੇ ਸੁਰਖੀਆਂ ਸਨ ਕਿ ''ਭਾਰਤ ਮਕਬੂਜ਼ਾ ਕਸ਼ਮੀਰ ਵਿੱਚ ਆਪਣੀ ਫੌਜ ਨੂੰ ਵਧਾਉਂਦਾ ਹੈ।"
ਸਾਰੇ ਪੱਖਾਂ ਤੋਂ ਇਹ ਦੌਰਾ ਸਫਲ ਰਿਹਾ। ਕੱਟੜਪੰਥੀ ਹਿੰਦੂ ਸਮੂਹ ਵੱਲੋਂ ਕਲਕੱਤਾ ਵਿੱਚ ਟੈਸਟ ਮੈਚ ਦੇ ਬਾਈਕਾਟ ਲਈ ਜਨਤਕ ਸਮਰਥਨ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਅਸਫ਼ਲ ਹੋ ਗਈਆਂ ਸਨ ਕਿਉਂਕਿ ਲੋਕਾਂ ਦੀ ਵੱਡੀ ਭੀੜ ਖੇਡ ਦੇਖਣ ਲਈ ਇਕੱਠੀ ਹੋਈ ਸੀ।
ਭਾਰਤ ਨੇ ਪੰਜ ਟੈਸਟ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਸੀ।
ਜਦੋਂ ਤੋਂ ਦੋਹਾਂ ਮੁਲਕਾਂ ਨੇ ਖੇਡਣਾ ਸ਼ੁਰੂ ਕੀਤਾ ਤਾਂ ਭਾਰਤ ਅਤੇ ਪਾਕਿਸਤਾਨ ਨੇ ਸਿਰਫ਼ 58 ਟੈਸਟ ਮੈਚ ਖੇਡੇ ਹਨ।
ਇਸ ਦੇ ਮੁਕਾਬਲੇ ਭਾਰਤ ਅਤੇ ਆਸਟ੍ਰੇਲੀਆ ਨੇ ਇਸ ਸਮੇਂ ਦੌਰਾਨ 102 ਟੈਸਟ ਮੈਚ ਖੇਡੇ ਹਨ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਬਹੁਤ ਸਾਰੀਆਂ ਸ਼ੁਰੂਆਤੀ ਸੀਰੀਜ਼ ਵਿੱਚ ਬੇਤੁਕੇ ਮਾਮਲੇ ਸਾਹਮਣੇ ਆਏ ਸਨ।
ਇਹਨਾਂ ਦਾ ਅੰਤ ਡਰਾਅ ਵਿੱਚ ਹੋਇਆ। ਇਹਨਾਂ ਵਿੱਚ ਭਾਰਤ ਦੀ 1960-61 ਦੀ ਇੱਕ ਸੀਰੀਜ਼ ਵੀ ਸ਼ਾਮਿਲ ਸੀ।
ਜਿਵੇਂ ਹੀ ਸਬੰਧ ਵਿਗੜੇ ਯਾਨੀ 1965 ਅਤੇ 1971 ਦੀਆਂ ਜੰਗਾਂ ਹੋਈਆ ਤਾਂ ਦੋਵਾਂ ਧਿਰਾਂ ਨੇ 17 ਸਾਲਾਂ ਤੱਕ ਇੱਕ ਦੂਜੇ ਨਾਲ ਮੈਚ ਨਹੀਂ ਖੇਡਿਆ।
ਇਹ ਉਸ ਸਮੇਂ ਤੱਕ ਚੱਲਦਾ ਰਿਹਾ ਜਦੋਂ ਤੱਕ ਇੱਕ ਕੂਟਨੀਤਕ ਗੱਲਬਾਤ ਨੇ ਉਨ੍ਹਾਂ ਨੂੰ 1978 ਵਿੱਚ ਭਾਰਤ ਦੇ ਪਾਕਿਸਤਾਨ ਦੌਰੇ ਨਾਲ ਕ੍ਰਿਕਟ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਦੋਵਾਂ ਦੇਸ਼ਾਂ ਨੇ ਅਗਲੇ ਦੋ ਦਹਾਕਿਆਂ ਤੱਕ ਇੱਕ ਦੂਜੇ ਨਾਲ ਕ੍ਰਿਕਟ ਖੇਡਿਆ ਅਤੇ ਇਸ ਤੋਂ ਪਹਿਲਾਂ ਕਿ ਰਾਜਨੀਤੀ ਸਬੰਧਾਂ ਨੂੰ ਵਿਗਾੜਦੀ।
ਇਸ ਵਾਰ ਭਾਰਤ ਨੇ ਆਪਣੇ ਗੁਆਂਢੀ ''ਤੇ ਕਸ਼ਮੀਰ ਵਿਚ ਖ਼ੂਨੀ ਬਗਾਵਤ ਨੂੰ ਭੜਕਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਖੇਡਣ ਤੋਂ ਇਨਕਾਰ ਕਰ ਦਿੱਤਾ। ਪਰ ਪਾਕਿਸਤਾਨ ਇਸ ਦਾ ਖੰਡਨ ਕਰਦਾ ਹੈ।
ਕਾਰਗਿਲ ਦੇ ਸੰਘਰਸ਼ ਤੋਂ ਬਾਅਦ ਇੱਕ ਵੱਡੀ ਕੂਟਨੀਤਕ ਪਹਿਲਕਦਮੀ ਨੇ 2003-2004 ਵਿੱਚ ਭਾਰਤੀ ਟੀਮ ਦੀ ਪਾਕਿਸਤਾਨ ਯਾਤਰਾ ਦੀ ਅਗਵਾਈ ਕੀਤੀ ਸੀ।
ਅਗਲੇ ਚਾਰ ਸਾਲਾਂ ਵਿੱਚ ਸਾਲਾਨਾ ਟੂਰ ਦੇਖਣ ਨੂੰ ਮਿਲੇ ਜਦੋਂ ਤੱਕ ਕਿ ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਨੇ ਇਹਨਾਂ ਦੌਰਿਆਂ ਨੂੰ ਰੋਕਿਆ ਨਹੀਂ ਸੀ।
ਇਸ ਤੋਂ ਬਾਅਦ ਸਿਰਫ਼ ਇੱਕ ਵਾਰ 2012-2013 ਵਿੱਚ ਪਾਕਿਸਤਾਨੀ ਟੀਮ ਨੇ ਫਾਈਵ ਗੇਮ ਵਾਈਟ ਬਾਲ ਸੀਰੀਜ਼ ਲਈ ਭਾਰਤ ਦਾ ਦੌਰਾ ਕੀਤਾ ਸੀ।
ਪਾਕਿਸਤਾਨ ਨੇ 3-2 ਨਾਲ ਜਿੱਤ ਹਾਸਿਲ ਕੀਤੀ ਸੀ।
ਇਸ ਦੌਰਾਨ ਦੁਨੀਆਂ ਦੇ ਸਭ ਤੋਂ ਅਮੀਰ ਕ੍ਰਿਕਟ ਟੂਰਨਾਮੈਂਟ ਇੰਡੀਅਨ ਪ੍ਰੀਮੀਅਰ ਲੀਗ ਤੋਂ ਪਾਕਿਸਤਾਨੀਆਂ ਨੂੰ ਬਾਹਰ ਰੱਖਿਆ ਜਾਣਾ ਜਾਰੀ ਹੈ।
ਖੇਡ, ਦੁਸ਼ਮਣੀ ਅਤੇ ਮੁਹੱਬਤ
ਭਾਰਤੀ ਇਤਿਹਾਸਕਾਰ ਮੁਕੁਲ ਕੇਸਵਨ ਨੇ ਇੱਕ ਲੇਖ ਵਿੱਚ ਲਿਖਿਆ ਹੈ, "ਕ੍ਰਿਕੇਟ ਦੀ ਦੁਨੀਆਂ ਵਿੱਚ ਇਸ ਬਣਦੇ-ਟੁੱਟਦੇ ਰਿਸ਼ਤੇ ਲਈ ਸਮਾਨਤਾ ਲੱਭਣਾ ਮੁਸ਼ਕਲ ਹੈ।"
ਖੇਡ ਲੇਖਕ ਸੁਰੇਸ਼ ਮੈਨਨ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੀ ਦੁਸ਼ਮਣੀ ਆਮ ਤੌਰ ''ਤੇ ਖਿਡਾਰੀਆਂ ਦੇ ਮੁਕਾਬਲੇ ਸਮਰਥਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਵਧੇਰੇ ਤੀਬਰ ਹੁੰਦੀ ਹੈ।
ਭਾਰਤੀ ਖਿਡਾਰੀਆਂ ਨੇ ਹਮੇਸ਼ਾ ਪਾਕਿਸਤਾਨ ਦੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਅਤੇ ਪ੍ਰਸ਼ੰਸਾ ਬਾਰੇ ਗੱਲ ਕੀਤੀ ਹੈ।
ਸਾਲ 1955 ਵਿੱਚ ਹਜ਼ਾਰਾਂ ਪ੍ਰਸ਼ੰਸਕ ਕਰਾਚੀ ਹਵਾਈ ਅੱਡੇ ''ਤੇ ਭਾਰਤੀ ਕ੍ਰਿਕਟਰਾਂ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ।
ਜਦੋਂ ਵੀ ਭਾਰਤੀ ਖਿਡਾਰੀ ਪਾਕਿਸਤਾਨ ਦੇ ਦੌਰੇ ਦੌਰਾਨ ਖ਼ਰੀਦਦਾਰੀ ਕਰਨ ਜਾਂਦੇ ਤਾਂ ਦੁਕਾਨਾਂ ਵਾਲੇ ਅਕਸਰ ਉਨ੍ਹਾਂ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੰਦੇ ਸਨ।
ਅੱਜਕੱਲ੍ਹ ਸੋਸ਼ਲ ਮੀਡੀਆ ਦੀਆਂ ਲੜਾਈਆਂ ਪ੍ਰਸ਼ੰਸਕਾਂ ਵੱਲੋਂ ਲੜੀਆਂ ਜਾਂਦੀਆਂ ਹਨ।
ਉਹ ਮੰਨਦੇ ਹਨ ਕਿ "ਕ੍ਰਿਕੇਟ ਦੇ ਮੈਦਾਨ ਵਿੱਚ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਇੱਕ ਰਾਜਨੀਤਿਕ ਪ੍ਰਣਾਲੀ ਜਾਂ ਇੱਕ ਧਰਮ ਜਾਂ ਇੱਕ ਰਾਸ਼ਟਰ ਦੂਜੇ ਨਾਲੋਂ ਉੱਤਮ ਹੈ"।
ਉਨ੍ਹਾਂ ਕਿਹਾ ਕਿ ਇੱਕ ਵੱਡੀ ਖੇਡ ਦੋਵਾਂ ਮੁਲਕਾਂ ਦੀ ਦੁਸ਼ਮਣੀ ਦੇ ਨਾਲ-ਨਾਲ ਚੱਲ ਰਹੀ ਹੈ।
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਸਤਬੀਰ ਸਿੰਘ ਗੋਸਲ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵੀਸੀ ਕੌਣ ਹਨ
NEXT STORY