ਬੀਬੀਸੀ ਪੰਜਾਬੀ ਦੀ ਖ਼ਬਰ ਤੋਂ ਬਾਅਦ ਹੀ ਸਮ੍ਰਿਤੀ ਬਤੌਰ ਲਾਡੋ ਰਾਣੀ ਮਸ਼ਹੂਰ ਹੋ ਗਏ ਸਨ
ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਕਿਸਾਨਾਂ ਵੱਲੋਂ ਇੱਕ ਸਾਲ ਤੋਂ ਵੀ ਵੱਧ ਅੰਦੋਲਨ ਚਲਾਇਆ ਗਿਆ ਜਿਸ ਨੂੰ ਖ਼ਤਮ ਹੋਏ ਵੀ ਇੱਕ ਸਾਲ ਹੋ ਗਿਆ।
ਆਪਣੇ ਘਰਾਂ ਨੂੰ ਛੱਡ ਕੇ ਸੜਕਾਂ ਉੱਤੇ ਬੈਠੇ ਕਿਸਾਨਾਂ ਨੇ ਜਿੱਤ ਤਾਂ ਦਰਜ ਕਰਵਾਈ ਹੀ ਪਰ ਕੁਝ ਅਜਿਹੇ ਚਿਹਰਿਆਂ ਨੂੰ ਪਛਾਣ ਮਿਲੀ , ਜਿਨ੍ਹਾਂ ਨੂੰ ਅੱਜ ਵੀ ਕਿਸਾਨੀ ਸੰਘਰਸ਼ ਨਾਲ ਜੋੜ ਕੇ ਹੀ ਜਾਣਿਆ ਜਾਂਦਾ ਹੈ।
ਇਸ ਰਿਪੋਰਟ ਵਿੱਚ ਅੱਜ ਅਸੀਂ ਅਜਿਹੇ ਹੀ ਪੰਜ ਚਿਹਰਿਆਂ ਦੀ ਗੱਲ ਕਰਾਂਗੇ, ਜੋ ਇਸ ਕਿਸਾਨ ਅੰਦੋਲਨ ਦੌਰਾਨ ਮਸ਼ਹੂਰ ਹੋ ਗਏ।
ਲਾਡੋ ਰਾਣੀ (ਸਮ੍ਰਿਤੀ ਆਰਿਆ)
ਭਾਰਤ ਦੀ ਰਾਜਧਾਨੀ ਦਿੱਲੀ ਦੇ ਨਰੇਲਾ ਦੀ ਰਹਿਣ ਵਾਲੀ ਸਮ੍ਰਿਤੀ ਆਰਿਆ ਨੂੰ ਕਿਸਾਨ ਅੰਦੋਲਨ ਸਦਕਾ ਲਾਡੋ ਰਾਣੀ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ।
ਕਿਸਾਨ ਅੰਦੋਲਨ ਦੌਰਾਨ ਸਮ੍ਰਿਤੀ ਰੋਜ਼ਾਨਾ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਲੰਗਰ ਵਿੱਚ ਆਪਣੇ ਮਾਪਿਆਂ ਦੇ ਨਾਲ ਸੇਵਾ ਕਰਨ ਆਉਂਦੀ ਸੀ।
ਸਮ੍ਰਿਤੀ ਦਾ ਕਿਸਾਨਾਂ ਨਾਲ ਇੱਕ ਖਾਸ ਲਗਾਵ ਹੋ ਗਿਆ ਸੀ। ਕਿਸਾਨ ਵੀ ਉਨ੍ਹਾਂ ਨੂੰ ਲਾਡੋ ਰਾਣੀ ਕਹਿ ਕੇ ਬੁਲਾਉਂਦੇ ਸਨ। ਪਰ ਜਦੋਂ ਸਿੰਘੂ ਬਾਰਡਰ ਉੱਤੋਂ ਕਿਸਾਨਾਂ ਦੇ ਜਾਣ ਦਾ ਵੇਲਾ ਆਇਆ ਤਾਂ ਸਮ੍ਰਿਤੀ ਬਹੁਤ ਭਾਵੁਕ ਹੋ ਗਏ ਸਨ ਤੇ ਕਾਫ਼ੀ ਰੋਏ ਵੀ।
ਇਸ ਗਮਲੇ ਵਿੱਚ ਲੱਗਾ ਘਾਹ ਸਮ੍ਰਿਤੀ ਸਿੰਘੂ ਬਾਰਡਰ ਤੋਂ ਲੈ ਕੇ ਆਈ ਸੀ
ਬੀਬੀਸੀ ਪੰਜਾਬੀ ਦੀ ਖ਼ਬਰ ਤੋਂ ਬਾਅਦ ਸਮ੍ਰਿਤੀ ਬਤੌਰ ਲਾਡੋ ਰਾਣੀ ਮਸ਼ਹੂਰ ਵੀ ਹੋ ਗਏ ਸਨ।
ਬੀਬੀਸੀ ਪੰਜਾਬੀ ਨਾਲ ਦਸੰਬਰ 2021 ਵਿੱਚ ਸਮ੍ਰਿਤੀ ਆਰਿਆ ਦੀ ਪਹਿਲੀ ਵਾਰ ਕੀਤੀ ਗੱਲਬਾਤ ਮਗਰੋਂ ਉਸ ਨੂੰ ਚਾਹੁਣ ਵਾਲਿਆਂ ਦਾ ਘੇਰਾ ਸੋਸ਼ਲ ਮੀਡੀਆ ਰਾਹੀਂ ਹੋਰ ਵੀ ਵੱਧ ਗਿਆ।
ਸਮ੍ਰਿਤੀ ਦੀ ਮਾਂ ਸਮੀਕਸ਼ਾ ਹਾਕੀ ਖੇਡਦੇ ਰਹੇ ਹਨ ਅਤੇ ਪਿਤਾ ਰਜਿੰਦਰ ਆਰਿਆ ਕ੍ਰਿਕਟ ਦੇ ਸ਼ੌਕੀਨ ਹਨ।
ਜਦੋਂ ਕਿਸਾਨ ਘਰਾਂ ਨੂੰ ਵਾਪਸ ਮੁੰੜ ਰੇਹ ਸਨ ਤਾਂ ਉਸ ਵੇਲੇ ਬੀਬੀਸੀ ਪੰਜਾਬੀ ਨੇ ਸਮ੍ਰਿਤੀ ਨਾਲ ਗੱਲ ਕੀਤੀ ਸੀ ਤੇ ਉਹ ਭਾਵੁਕ ਹੋ ਗਏ ਸਨ
ਇਸ ਪਰਿਵਾਰ ਨੇ ਸਿੰਘੂ ਬਾਰਡਰ ਜਾਣਾ ਉਦੋਂ ਸ਼ੁਰੂ ਕੀਤਾ ਜਦੋਂ 26 ਜਨਵਰੀ 2021 ਤੋਂ ਬਾਅਦ ਕਿਸਾਨਾਂ ਦੀ ਟਰੈਕਟਰ ਰੈਲੀ ਹੋਈ।
ਜਦੋਂ ਇਹ ਪਰਿਵਾਰ ਸਿੰਘੂ ਬਾਰਡਰ ਜਾਣ ਲੱਗਿਆ ਤਾਂ ਦਿੱਲੀ ਵਿੱਚ ਇਨ੍ਹਾਂ ਦੇ ਜਾਣਨ ਵਾਲਿਆਂ ਨੇ ਬਹੁਤ ਮੁਖਾਲਫ਼ਤ ਵੀ ਕੀਤੀ।
ਪਰਿਵਾਰ ਕਹਿੰਦਾ ਹੈ ਕਿ ਲੋਕ ਇੱਥੋਂ ਤੱਕ ਕਹਿੰਦੇ ਰਹੇ ਕਿ ਤੁਸੀਂ ਉੱਥੇ ਟਾਈਮ ਪਾਸ ਕਰਨ ਜਾਂਦੇ ਹੋ।
ਪਰ ਲੋਕਾਂ ਦਾ ਨਜ਼ਰੀਆ ਉਦੋਂ ਬਦਲਿਆ ਜਦੋਂ ਬੀਬੀਸੀ ਪੰਜਾਬੀ ਦੀ ਖ਼ਬਰ ਰਾਹੀਂ ਸਮ੍ਰਿਤੀ ਅਤੇ ਉਸ ਦਾ ਪਰਿਵਾਰ ਦੁਨੀਆਂ ਸਾਹਮਣੇ ਆਇਆ।
ਸਮ੍ਰਿਤੀ ਕਹਿੰਦੀ ਹੈ, ''''ਜਦੋਂ ਬੀਬੀਸੀ ਪੰਜਾਬੀ ਦੀ ਖ਼ਬਰ ਪ੍ਰਸਾਰਿਤ ਹੋਈ ਤਾਂ ਲੋਕਾਂ ਦਾ ਅਚਾਨਕ ਨਜ਼ਰੀਆ ਹੀ ਬਦਲ ਗਿਆ। ਮੇਰੇ ਦੋਸਤ ਜੋ ਮਜ਼ਾਕ ਉਡਾਉਂਦੇ ਸੀ ਉਹ ਆ ਕੇ ਲੰਗਰ ਅਤੇ ਅੰਦੋਲਨ ਬਾਰੇ ਪੁੱਛਣ ਲੱਗੇ ਕਿ ਕਿਵੇਂ ਦੇ ਲੋਕ ਹਨ, ਉੱਥੇ ਕੀ-ਕੀ ਹੁੰਦਾ ਹੈ।''''
ਦਿੱਲੀ ਦੇ ਸਿੰਘੂ ਬਾਰਡਰ ਦੀ ਕਿਸਾਨ ਅੰਦੋਲਨ ਵੇਲੇ ਦੀ ਤਸਵੀਰ
ਨਵਦੀਪ ਸਿੰਘ
ਹਰਿਆਣਾ ਦੇ ਅੰਬਾਲਾ ਦੇ ਪਿੰਡ ਜਲਬੇੜਾ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਵੇਲੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ। ਇਸੇ ਘਟਨਾ ਤੋਂ ਬਾਅਦ ਨਵਦੀਪ ਮਸ਼ਹੂਰ ਹੋ ਗਏ।
ਅੰਬਾਲਾ ਦੇ ਰਹਿਣ ਵਾਲੇ ਨਵਦੀਪ ਸੁਰਖੀਆਂ ਵਿੱਚ ਉਦੋਂ ਆਏ ਜਦੋਂ 25 ਨਵੰਬਰ 2020 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਕਹਿਣ ਉੱਤੇ ਕਿਸਾਨਾਂ ਨੇ ਦਿੱਲੀ ਨੂੰ ਚਾਲੇ ਪਾਏ।
ਦਰਅਸਲ ਅੰਬਾਲਾ ਦੀ ਮੋੜ ਮੰਡੀ ਤੋਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਏ ਸਨ ਪਰ ਉਸ ਤੋਂ ਕੁਝ ਹੀ ਦੂਰੀ ਉੱਤੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ।
ਨਵਦੀਪ ਸਿੰਘ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਵੇਲੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ ਜਿਸ ਨੂੰ ਰੋਕਣ ਲਈ ਨਵਦੀਪ ਸਿੰਘ ਆਪਣੀ ਟਰਾਲੀ ਰਾਹੀਂ ਵਾਟਰ ਕੈਨਨ ਵਾਲੀ ਗੱਡੀ ਉੱਤੇ ਚੜ੍ਹ ਗਏ ਅਤੇ ਉਸ ਨੂੰ ਦੂਜੇ ਪਾਸੇ ਘੁੰਮਾ ਦਿੱਤਾ।
ਵਾਟਰ ਕੈਨਨ ਨੂੰ ਇੱਕ ਗੱਡੀ ਦੇ ਉੱਪਰ ਚੜ੍ਹ ਕੇ ਨਵਦੀਪ ਨੇ ਬੰਦ ਕੀਤਾ ਸੀ।
ਜਿਸ ਮਗਰੋਂ ਪੁਲਿਸ ਨੇ ਨਵਦੀਪ ਉੱਪਰ 307 ਦਾ ਪਰਚਾ ਦਰਜ ਕੀਤਾ ਸੀ। ਇਸ ਸਾਰੀ ਘਟਨਾ ਤੋਂ ਬਾਅਦ ਨਵਦੀਪ ਵੀ ਕਿਸਾਨਾਂ ਨਾਲ ਸਿੰਘੂ ਬਾਰਡਰ ਉੱਤੇ ਪਹੁੰਚ ਗਏ ਸਨ।
ਇਸ ਘਟਨਾ ਤੋਂ ਕੁਝ ਸਮੇਂ ਬਾਅਦ ਬੀਬੀਸੀ ਨੇ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਸੀ।
ਉਨ੍ਹਾਂ ਨੇ ਦੱਸਿਆ ਸੀ ਕਿ ਵਾਟਰ ਕੈਨਨ ਦਾ ਮੂੰਹ ਮੋੜਨ ਵਾਲੀ ਘਟਨਾ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਬਦਲਾਅ ਆਏ, ਜਿਵੇਂ ਕਿ ਨਸ਼ੇ ਕਰਨ ਦੀ ਤੋਹਮਤ, ਜਵਾਨੀ ਉੱਤੇ ਸਵਾਲ ਦੀ ਗੱਲ ਹੁੰਦੀ ਸੀ ਪਰ ਉਨ੍ਹਾਂ ਮੁਤਾਬਕ ਸਰਕਾਰ ਨੂੰ ਦਿਖਾਇਆ ਕਿ ਸਾਡੀ ਜਵਾਨੀ ਕੀ ਚੀਜ਼ ਹੈ।
ਗ੍ਰੈਜੁਏਟ ਨਵਦੀਪ ਸਿੰਘ ਜਿਮ ਟ੍ਰੇਨਰ ਦੇ ਤੌਰ ਉੱਤੇ ਵੀ ਕੰਮ ਕਰ ਚੁੱਕੇ ਹਨ। ਖੇਤੀਬਾੜੀ ਪਰਿਵਾਰ ਤੋਂ ਤਾਲੁਕ ਰੱਖਣ ਵਾਲੇ ਨਵਦੀਪ ਕਹਿੰਦੇ ਹਨ ਕਿ ਜ਼ਮੀਨ ਸਾਡੀ ਮਾਂ ਹੈ।
ਉਹ ਦੱਸਦੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੋਂ ਬਾਅਦ ਹੀ ਉਨ੍ਹਾਂ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕਰਨ ਦਾ ਫ਼ੈਸਲਾ ਲਿਆ।
ਉਨ੍ਹਾਂ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਅਤੇ ਖੇਤੀ ਦੇ ਕੰਮ ਵਿੱਚ ਪਿੰਡ ਵਾਲਿਆਂ ਦਾ ਸਹਿਯੋਗ ਮਿਲਦਾ ਰਿਹਾ ਅਤੇ ਇਹ ਸਾਰਾ ਕੰਮ ਨਵਦੀਪ ਦੀ ਮਾਂ ਸਾਂਭਦੇ ਰਹੇ।
ਮਹਿੰਦਰ ਕੌਰ
ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਵਸਨੀਕ ਬੇਬੇ ਮਹਿੰਦਰ ਕੌਰ ਕਿਸਾਨ ਸੰਘਰਸ਼ ਦਾ ਚਰਚਿਤ ਚਿਹਰਾ ਹਨ।
ਉਹ ਉਸ ਵੇਲੇ ਚਰਚਾ ਵਿੱਚ ਆਏ ਜਦੋਂ ਫ਼ਿਲਮ ਅਦਾਕਾਰਾ ਕੰਗਨਾ ਰਨੌਤ ਨੇ ਉਨ੍ਹਾਂ ਦੀ ਫੋਟੋ ਟਵੀਟ ਕਰਕੇ ਲਿਖਿਆ ਕਿ ਇਹ ਦਾਦੀ ਪਹਿਲਾਂ ਸ਼ਾਹੀਨ ਬਾਗ਼ ਦੇ ਧਰਨੇ ਵਿੱਚ ਸੀ ਅਤੇ ਹੁਣ ਕਿਸਾਨ ਧਰਨੇ ਵਿਚ।
ਕੰਗਨਾ ਰਨੌਤ ਨੇ ਟਵੀਟ ਵਿੱਚ ਮਹਿੰਦਰ ਕੌਰ ਬਾਰੇ ਲਿਖਿਆ ਸੀ ਕਿ ਉਹ 100 ਰੁਪਏ ਦਿਹਾੜੀ ਉੱਤੇ ਕਿਸਾਨੀ ਧਰਨੇ ਵਿੱਚ ਸ਼ਾਮਲ ਹੋਏ ਹਨ।
ਵੀਡੀਓ- ਉਸ ਸਮੇਂ ਬੀਬੀਸੀ ਨੇ ਬੇਬੇ ਮਹਿੰਦਰ ਕੌਰ ਨਾਲ ਗੱਲਬਾਤ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ
ਭਾਵੇਂ ਹੀ ਬਾਅਦ ਵਿੱਚ ਉਨ੍ਹਾਂ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ। ਪਰ ਬੇਬੇ ਮਹਿੰਦਰ ਕੌਰ ਨੇ ਇਸ ਉੱਤੇ ਸਖ਼ਤ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਪੂਰੀ ਜ਼ਿੰਦਗੀ ਹੀ ਖੇਤੀਬਾੜੀ ਵਿੱਚ ਨਿਕਲੀ ਹੈ ਤੇ ਕਿਸਾਨ ਹੋਣ ਦੇ ਨਾਤੇ ਮੁਜ਼ਾਹਰਿਆਂ ਵਿੱਚ ਹਿੱਸਾ ਲੈ ਰਹੇ ਸਨ।
ਮਹਿੰਦਰ ਕੌਰ ਦੇ ਨਾਲ ਦੀਆਂ ਬੀਬੀਆਂ ਨੇ ਕੰਗਨਾ ਨੂੰ 1000 ਰੁਪਏ ਦਿਹਾੜੀ ਉੱਤੇ ਆ ਕੇ ਧਰਨੇ ਉੱਤੇ ਬੈਠਣ ਲਈ ਕਿਹਾ ਸੀ।
ਬੇਬੇ ਮਹਿੰਦਰ ਕੌਰ ਨੇ ਬਾਅਦ ਵਿੱਚ ਕੰਗਨਾ ਰਨੌਤ ਨੂੰ ਪਦਮ ਸ਼੍ਰੀ ਦਿੱਤੇ ਜਾਣ ਉੱਪਰ ਵੀ ਸਵਾਲ ਚੁੱਕਿਆ ਸੀ।
-
ਸੁਖਦੇਵ ਸਿੰਘ
ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਦੇ 60 ਸਾਲਾ ਕਿਸਾਨ ਸੁਖਦੇਵ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਡਾਂਗਾਂ ਵਾਲੀ ਤਸਵੀਰ ਕਾਫੀ ਵਾਇਰਲ ਹੋਈ ਸੀ। ਉਨ੍ਹਾਂ ਨੂੰ ਹੁਣ ਤੱਕ ਪਿੰਡ ਵਿੱਚ ‘ਡਾਂਗਾਂ ਵਾਲਾ ਬਾਬਾ’ ਕਹਿ ਕੇ ਬੁਲਾਇਆ ਜਾਂਦਾ ਹੈ।
27 ਨਵੰਬਰ 2020 ਨੂੰ ਜਦੋਂ ਕਿਸਾਨਾਂ ਨੇ ਦਿੱਲੀ ਬਾਰਡਰਾਂ ਉੱਤੇ ਐਂਟਰੀ ਕੀਤੀ ਤਾਂ ਪੁਲਿਸ ਵੱਲੋਂ ਕਿਸਾਨਾਂ ਉੱਤੇ ਖਾਸੀ ਕਾਰਵਾਈ ਕੀਤੀ ਗਈ।
ਸੁਖਦੇਵ ਸਿੰਘ ਦੇ ਦੱਸਣ ਮੁਤਾਬਕ ਉਸ ਦਿਨ ਉਨ੍ਹਾਂ ਉੱਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਜਿਸ ਕਾਰਨ ਉੱਥੇ ਤਾਇਨਾਤ ਫੋਰਸਾਂ ਵਾਲੇ ਪਾਸੇ ਚਲੇ ਗਏ ਜਿੱਥੇ ਉਨ੍ਹਾਂ ਨੂੰ ਡਾਂਗਾਂ ਪਈਆਂ।
ਉਹ ਦੱਸਦੇ ਹਨ ਕਿ ਜਦੋਂ ਸਿੰਘੂ ਬਾਰਡਰ ਉੱਤੇ ਉਨ੍ਹਾਂ ਅਤੇ ਹੋਰਨਾਂ ਕਿਸਾਨਾਂ ਨੂੰ ਡਾਂਗਾਂ ਪੈ ਰਹੀਆਂ ਸਨ ਤਾਂ ਉੱਥੇ ਖੜ੍ਹੇ ਫੋਟੋਗ੍ਰਾਫਰ ਨੇ ਉਨ੍ਹਾਂ ਦੀ ਤਸਵੀਰ ਖਿੱਚ ਲਈ ਜੋ ਵਾਇਰਲ ਹੋ ਗਈ।
ਵੀਡੀਓ- ਸੁਖਦੇਵ ਨੇ ਉਸ ਵੇਲੇ ਬੀਬੀਸੀ ਨੂੰ ਕਿਹਾ ਸੀ ਕਿ ''ਕਿਸਾਨ ਅੰਦੋਲਨ ਦੌਰਾਨ ਪਈਆਂ ਡਾਂਗਾਂ ਨੇ ਮੈਨੂੰ ਮਸ਼ਹੂਰ ਕਰ ਦਿੱਤਾ''
ਸੁਖਦੇਵ ਸਿੰਘ ਉਸ ਦਿਨ ਅਤੇ ਉਸ ਤੋਂ ਬਾਅਦ ਦਾ ਘਟਨਾਕ੍ਰਮ ਬਿਆਨ ਕਰਦਿਆਂ ਕਹਿੰਦੇ ਹਨ, ‘‘ਕਿਸਾਨ ਅੰਦੋਲਨ ਦੌਰਾਨ ਪਈਆਂ ਡਾਂਗਾਂ ਨੇ ਮੈਨੂੰ ਮਸ਼ਹੂਰ ਕਰ ਦਿੱਤਾ।’’
ਸੁਖਦੇਵ ਸਿੰਘ ਆਰਥਿਕ ਪੱਖੋਂ ਸਾਧਾਰਨ ਪਰਿਵਾਰ ਤੋਂ ਹੀ ਆਉਂਦੇ ਹਨ। ਉਨ੍ਹਾਂ ਦੇ ਉੱਪਰ ਕਰਜ਼ਾ ਚੁਕਾਉਣ ਦਾ ਵੀ ਬੋਝ ਹੈ।
ਡਾਂਗਾਂ ਪੈਂਦੇ ਦੀ ਤਸਵੀਰ ਵਾਇਰਲ ਹੋਣ ਬਾਰੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਅੱਜ ਤੱਕ ਕੋਈ ਪ੍ਰਸਿੱਧੀ ਨਹੀਂ ਮਿਲੀ ਜੋ ਮਿਲੀ ਹੈ ਉਹ ਇਸ ਤਸਵੀਰ ਨੇ ਦਿੱਤੀ ਹੈ।
ਸੁਖਦੇਵ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਡਾਂਗਾਂ ਵਾਲੀ ਤਸਵੀਰ ਕਾਫੀ ਵਾਇਰਲ ਹੋਈ ਸੀ
ਕੀਰਤੀ ਕਿਸਾਨ ਯੂਨੀਅਨ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਲਗਭਗ 9 ਮਹੀਨਿਆਂ ਤੱਕ ਰਹੇ ਸੁਖਦੇਵ ਸਿੰਘ ਦੱਸਦੇ ਹਨ ਕਿ ਡਾਂਗਾਂ ਪੈਣ ਤੋਂ ਬਾਅਦ ਪੰਜਾਬ ਹੀ ਨਹੀਂ ਪੂਰੀ ਦੁਨੀਆਂ ਉਨ੍ਹਾਂ ਨੂੰ ਜਾਣਦੀ ਹੈ।
ਸਿੰਘੂ ਬਾਰਡਰ ਵਿਖੇ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਸੁਖਦੇਵ ਕਹਿੰਦੇ ਹਨ ਕਿ ਉਨ੍ਹਾਂ ਨੇ ਹਨੇਰੀਆਂ, ਠੰਢ, ਗਰਮੀ ਸਭ ਕੁਝ ਝੱਲਿਆ ਹੈ ਅਤੇ ਹਨੇਰੀ ਨਾਲ ਉਨ੍ਹਾਂ ਦੇ ਤੰਬੂ ਤੱਕ ਉੱਡ ਜਾਂਦੇ ਸਨ ਅਤੇ ਫ਼ਿਰ ਉਹ ਤੰਬੂ ਬਣਾ ਲੈਂਦੇ ਸਨ।
ਸੁਖਦੇਵ ਸਿੰਘ ਅੱਗੇ ਇਹ ਵੀ ਦੱਸਦੇ ਹਨ ਕਿ ਉਸ ਵੇਲੇ ਜੋਸ਼ ਹੀ ਐਨਾ ਸੀ ਕਿ ਡਾਂਗ ਦਾ ਡਰ ਹੀ ਨਹੀਂ ਸੀ ਲੱਗਦਾ ਅਤੇ ਉਸ ਵੇਲੇ 4-5 ਬੈਰੀਕੇਡ ਵੀ ਤੋੜੇ।
ਜਗਸੀਰ ਸਿੰਘ (ਜੱਗੀ ਪੰਧੇਰ)
ਜਗਸੀਰ ਸਿੰਘ ਨੂੰ ਜੱਗੀ ਪੰਧੇਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ
26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਇੱਕ ਤਸਵੀਰ ਕਾਫੀ ਵਾਇਰਲ ਹੋਈ। ਜਿਸ ਵਿੱਚ ਇੱਕ ਸ਼ਖ਼ਸ ਬੁਰੀ ਹਾਲਤ ਵਿੱਚ ਜਖ਼ਮੀ ਨਜ਼ਰ ਆ ਰਿਹਾ ਹੈ।
ਇਹ ਸ਼ਖ਼ਸ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੀ ਜੱਗੀ ਪੰਧੇਰ ਦੀ ਹੈ।
ਉਸ ਵੇਲੇ ਜੱਗੀ ਪੰਧੇਰ ਨਾਲ ਮੌਜੂਦ ਇੱਕ ਸ਼ਖ਼ਸ ਨੇ ਦੱਸਿਆ ਕਿ ਜੱਗੀ ਪੰਧੇਰ ਸਮੇਤ ਕੁਝ ਲੋਕ ਦੋ ਟਰੈਕਟਰਾਂ ਉੱਤੇ ਨਾਗਲੋਈ ਸਟੇਸ਼ਨ ਵੱਲ ਜਾ ਰਹੇ ਸਨ ਜਿੱਥੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ।
ਉਸ ਦੌਰਾਨ ਉੱਤੇ ਭਗਦੜ ਮਚ ਗਈ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਜੱਗੀ ਪੰਧੇਰ ਨੂੰ ਖਿੱਚ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ।
ਬਰਨਾਲਾ ਦੇ ਜਗਸੀਰ ਸਿੰਘ 26 ਜਨਵਰੀ 2021 ਦੇ ਲਾਲ ਕਿਲੇ ਦੀ ਘਟਨਾ ਮਗਰੋਂ ਸਿੰਘੂ ''ਤੇ ਵਾਪਰੀ ਹਿੰਸਾ ਮਗਰੋਂ ਚਰਚਾ ਵਿੱਚ ਆਏ ਸਨ।
ਵੀਡੀਓ- ਜੱਗ ਪੰਧੇਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ 26 ਜਨਵਰੀ ਵਾਲੇ ਦਿਨ ਕੀ-ਕੀ ਹੋਇਆ ਸੀ
ਬਰਨਾਲਾ ਦੇ ਪੰਧੇਰ ਪਿੰਡ ਦੇ ਜਗਸੀਰ ਸਿੰਘ ਨੂੰ ਜੱਗੀ ਪੰਧੇਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੱਗੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਵਾਇਰਲ ਹੋਈਆਂ ਸਨ।
ਲਾਲ ਕਿਲੇ ਦੀ ਘਟਨਾ ਵੇਲੇ ਹੋਈ ਹਿੰਸਾ ਵਿੱਚ ਜਗਸੀਰ ਸਿੰਘ ਝੜਪ ਦੌਰਾਨ ਜ਼ਖਮੀ ਹੋ ਗਏ ਸਨ।
ਜਗਸੀਰ ਸਿੰਘੂ ਬਾਰਡਰ ''ਤੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਦੀ ਸੇਵਾ ਲਈ ਗਏ ਹੋਏ ਸਨ।
ਹਿੰਸਾ ਦੌਰਾਨ ਉਨ੍ਹਾਂ ਦੀ ਦਸਤਾਰ ਲਹਿ ਗਈ ਸੀ ਜਿਸ ਲਈ ਉਨ੍ਹਾਂ ਸੰਘਰਸ਼ ਕੀਤਾ ਸੀ। ਇਹੀ ਉਹ ਤਸਵੀਰ ਸੀ ਜੋ ਵਾਇਰਲ ਹੋ ਗਈ।
ਜਗਸੀਰ ਸਿੰਘ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਵਾਲੀ ਥਾਂ ''ਤੇ ਜਾਂਦੇ ਰਹੇ ਹਨ।
ਜਗਸੀਰ ਸਿੰਘ ਨੂੰ ਲੋਕਾਂ ਨੇ ਘਰ ਵੀ ਬਣਵਾ ਕੇ ਦਿੱਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਜ਼ਮੀਨ ਦਿੱਤੀ ਗਈ ਹੈ ਅਤੇ ਲੋਕਾਂ ਵੱਲੋਂ ਫੰਡ ਦੇ ਕੇ ਘਰ ਦੀ ਉਸਾਰੀ ਕਰਵਾਈ ਗਈ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚੀਨ ਦੇ ''ਖੂਫ਼ੀਆ ਪੁਲਿਸ ਸਟੇਸ਼ਨਾਂ'' ਨੇ ਇੰਝ ਵਧਾਈ ਅਮਰੀਕਾ ਦੀ ਚਿੰਤਾ
NEXT STORY