ਫੀਫਾ ਵਿਸ਼ਵ ਕੱਪ ਦਾ ਉਦਘਾਟਨੀ ਸਮਾਦਮ ਦੇਖਦੀ ਕਤਰ ਦੀ ਇੱਕ ਔਰਤ
ਫੀਫਾ ਵਿਸ਼ਵ ਕੱਪ ਦੀ ਜੋਰ ਸ਼ੋਰ ਨਾਲ ਸ਼ੁਰੂਆਤ ਹੋ ਗਈ ਹੈ ਪਰ ਵਿਵਾਦ ਇਸ ਫੁੱਟਬਾਲ ਟੂਰਨਾਮੈਂਟ ਦਾ ਪਿੱਛਾ ਨਹੀਂ ਛੱਡ ਰਹੇ ਹਨ।
ਅਕਸਰ ਗਰਮੀਆਂ ਵਿੱਚ ਹੋਣ ਵਾਲਾ ਵਿਸ਼ਵ ਕੱਪ ਇਸ ਵਾਰ ਸਰਦੀਆਂ ਦੇ ਮੌਸਮ ਵਿੱਚ ਕਤਰ ਵਿੱਚ ਹੋ ਰਿਹਾ ਹੈ।
ਇਸ ਫੁੱਟਬਾਲ ਵਿਸ਼ਵ ਕੱਪ ਵਿੱਚ ਦੁਨੀਆਂ ਭਰ ਤੋਂ ਆਈਆਂ ਕੁੱਲ 32 ਟੀਮਾਂ ਹਿੱਸਾ ਲੈ ਰਹੀਆਂ ਹਨ।
ਲੱਖਾਂ ਦਰਸ਼ਕ ਵੀ ਮੈਚਾਂ ਦਾ ਆਨੰਦ ਮਾਣਨ ਕਤਰ ਪਹੁੰਚ ਰਹੇ ਹਨ।
ਕਤਰ ਵਲੋਂ ਮਹਿਮਾਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਕਾਫ਼ੀ ਜ਼ੋਰ ਦਿੱਤਾ ਗਿਆ।
ਸਟੇਡੀਅਮਾਂ ਤੋਂ ਇਲਾਵਾ 100 ਨਵੇਂ ਹੋਟਲ ਵੀ ਬਣਵਾਏ। ਇੰਨਾਂ ਹੀ ਨਹੀਂ ਨਵੀਂਆਂ ਸੜਕਾਂ ਵੀ ਬਣਾਈਆਂ ਗਈਆਂ।
ਪਰ ਇਹ ਉਤਸ਼ਾਹ ਭਰਿਆ ਆਗਾਜ਼ ਕਤਰ ਲਈ ਸੌਖਾ ਨਹੀਂ ਰਿਹਾ।
ਕਿਸੇ ਖਾੜੀ ਮੁਲਕ ਵਿੱਚ ਹੋ ਰਹੇ ਪਹਿਲੇ ਵਿਸ਼ਵ ਕੱਪ ਦੇ ਨਾਲ ਵਿਵਾਦ ਵੀ ਸ਼ੁਰੂਆਤ ਤੋਂ ਹੀ ਜੁੜ ਗਏ ਸਨ।
ਕਤਰ ’ਤੇ ਮੇਜ਼ਬਾਨੀ ਲਈ ਫੀਫਾ ਨੂੰ ਰਿਸ਼ਵਤ ਦੇਣ ਦੇ ਇਲਜ਼ਾਮ ਲੱਗੇ, ਮਨੁੱਖੀ ਅਧਿਕਾਰਾਂ ਦਾ ਮਸਲਾ ’ਤੇ ਐੱਲਜੀਬੀਟੀਕਿਉ ਭਾਈਚਾਰੇ ਦੇ ਲੋਕਾਂ ਨਾਲ ਰਵੱਈਏ ਦਾ ਮਾਮਲਾ ਅੱਜ ਤੱਕ ਭਖਿਆ ਹੋਇਆ ਹੈ।
ਪ੍ਰਵਾਸੀ ਮਜ਼ਦੂਰਾਂ ਦੀਆਂ ਮੌਤਾਂ
ਪਿਛਲੇ ਸਾਲ ਗਾਰਡੀਅਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਕਤਰ ਦੇ ਮੇਜ਼ਬਾਨ ਬਣਨ ਤੋਂ ਬਾਅਦ 2010 ਤੋਂ ਲੈ ਕੇ 2020 ਦਰਿਮਆਨ ਭਾਰਤ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਤੋਂ ਕਤਰ ਵਿੱਚ ਨਿਰਮਾਣ ਕਾਰਜਾਂ ਲਈ ਗਏ ਮਜ਼ਦੂਰਾਂ ਵਿੱਚੋਂ 6,500 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।
ਕਾਮਿਆਂ ਦੇ ਅਧਿਕਾਰਾਂ ਨਾਲ ਸਬੰਧਤ ਸਮੂਹ ਫੇਅਰ ਸਕੁਏਅਰ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਕਈ ਵਰਲਡ ਕੱਪ ਇੰਫਰਾਸਟਰੱਕਚਰ ਪ੍ਰਾਜੈਕਟ ''ਚ ਕੰਮ ਕਰ ਰਹੇ ਸਨ।
ਕਤਰ ਸਰਕਾਰ ਨੇ ਇਸ ਬਾਰੇ ਸਪੱਸ਼ਟੀਕਰਨ ਦਿੰਦਿਆਂ ਅੰਕੜਿਆਂ ਨੂੰ ਗੁੰਮਰਾਹ ਕਰ ਵਾਲੇ ਦੱਸਿਆ ਸੀ।
ਸਰਕਾਰ ਦਾ ਕਹਿਣਾ ਸੀ ਕਿ ਮਰਨ ਵਾਲਿਆਂ ਵਿੱਚ ਹਜ਼ਾਰਾਂ ਅਜਿਹੇ ਲੋਕ ਸ਼ਾਮਿਲ ਹਨ ਜੋ ਕਤਰ ਵਿੱਚ ਕਈ ਸਾਲਾਂ ਤੱਕ ਰਹਿਣ ਅਤੇ ਕੰਮ ਕਰਨ ਤੋਂ ਬਾਅਦ ਮੌਤ ਦਾ ਸ਼ਿਕਾਰ ਹੋਏ ਸਨ।
ਸਰਕਾਰ ਦੇ ਮੁਤਾਬਕ ਇਨ੍ਹਾਂ ਵਿੱਚੋਂ ਕਈ ਲੋਕ ਭਵਨ ਨਿਰਮਾਣ ਸੈਕਟਰ ਵਿੱਚ ਨੌਕਰੀ ਨਹੀਂ ਕਰ ਰਹੇ ਸਨ।
ਕਤਰ ਦਾ ਕਹਿਣਾ ਹੈ ਕਿ 2014-2020 ਦਰਮਿਆਨ ਵਰਲਡ ਕੱਪ ਸਟੇਡੀਅਮ ਬਣਾਉਣ ਵਾਲੇ ਮਜ਼ਦੂਰਾਂ ਵਿਚੋਂ 37 ਦੀ ਮੌਤ ਗਈ ਸੀ।
ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ 34 ਮੌਤਾਂ ਕੰਮ ਕਰਕੇ ਨਹੀਂ ਹੋਈਆਂ ਸਨ।
ਮਨੁੱਖੀ ਅਧਿਕਾਰ ਸੰਸਥਾਵਾਂ ਦਾ ਕੀ ਕਹਿਣਾ ਹੈ?
ਇਸ ਮਾਮਲੇ ’ਤੇ ਐੱਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਉਸ ਕੋਲ ਕੋਈ ਸਪੱਸ਼ਟ ਅੰਕੜਾ ਨਹੀਂ ਹੈ ਕਿਉਂਕਿ ਕਤਰ ਦੇ ਅਧਿਕਾਰੀ ਪਿਛਲੇ ਦਹਾਕੇ ਦੌਰਾਨ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਮੌਤਾਂ ਦੀ ਜਾਂਚ ਕਰਨ ਵਿੱਚ ਅਸਫ਼ਲ ਰਹੇ ਹਨ।
ਸਾਲ 2016 ਵਿੱਚ ਮਾਨਵ ਅਧਿਕਾਰ ਸਮੂਹ ਐੱਮਨੈਸਟੀ ਇੰਟਰਨੈਸ਼ਨਲ ਨੇ ਕਤਰ ਉੱਪਰ ਜ਼ਬਰਦਸਤੀ ਮਜ਼ਦੂਰਾਂ ਤੋਂ ਕੰਮ ਕਰਵਾਉਣ ਦੇ ਇਲਜ਼ਾਮ ਲਗਾਏ ਸਨ।
ਇਨ੍ਹਾਂ ਇਲਜ਼ਾਮਾਂ ਵਿੱਚ ਆਖਿਆ ਗਿਆ ਸੀ ਕਿ ਬਹੁਤ ਸਾਰੇ ਮਜ਼ਦੂਰਾਂ ਨੂੰ ਗ਼ੈਰ-ਮਨੁੱਖੀ ਤਰੀਕੇ ਨਾਲ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਰਿਹਾਇਸ਼ ਲਈ ਸਹੀ ਵਿਵਸਥਾ ਨਹੀਂ ਕੀਤੀ ਗਈ।
ਇਲਜ਼ਾਮਾਂ ਵਿੱਚ ਆਖਿਆ ਗਿਆ ਕਿ ਕਈ ਮਜ਼ਦੂਰਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਸਨ।
ਹਿਊਮਨ ਰਾਈਟ ਵਾਚ ਦੀ 2021 ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਪਰਵਾਸੀ ਮਜ਼ਦੂਰ ਹੁਣ ਵੀ ਤਨਖ਼ਾਹ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਕੀਤੀ ਗਈ ਕਟੌਤੀ ਝੱਲ ਰਹੇ ਹਨ। ਇਸ ਦੇ ਨਾਲ ਹੀ ਦਿਨ ਭਰ ਵਿੱਚ ਕਈ ਘੰਟੇ ਕੰਮ ਕਰਨ ਦੇ ਬਾਵਜੂਦ ਕਈ ਮਹੀਨੇ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨ ਲਈ ਮਜਬੂਰ ਸਨ।
ਫੀਫਾ ਵਰਲਡ ਕੱਪ ਬਾਰੇ ਖ਼ਾਸ ਗੱਲਾਂ
- 2022 ਫੀਫਾ ਵਿਸ਼ਵ ਕੱਪ ਪਹਿਲੀ ਵਾਰ ਕਿਸੇ ਮੱਧ ਏਸ਼ਿਆਈ ਦੇਸ਼ ਵਿੱਚ ਹੋ ਰਿਹਾ ਹੈ।
- ਫੀਫਾ ਵਿਸ਼ਵ ਕੱਪ ਵਿੱਚ ਕੁੱਲ 32 ਟੀਮਾਂ ਹਿੱਸਾ ਲੈ ਰਹੀਆਂ ਹਨ।
- ਟੀਮਾਂ ਨੂੰ 8 ਸਮੂਹਾਂ ਵਿੱਚ ਵੰਡਿਆ ਗਿਆ ਹੈ।
- ਵਿਸ਼ਵ ਕੱਪ ਲਈ ਕਤਰ ਵਿੱਚ 8 ਫ਼ੁੱਟਬਾਲ ਸਟੇਡੀਅਮ ਤਿਆਰ ਕੀਤੇ ਗਏ ਹਨ।
- ਸਟੇਡੀਅਮਾਂ ਦੀ ਤਿਆਰ ਦੌਰਾਨ ਕਥਿਤ ਮਨੁੱਖੀ ਅਧਿਕਾਰਾਂ ਦੇ ਹਨਨ ਲਈ ਵਿਸ਼ਵ ਕੱਪ ਵਿਵਾਦਾਂ ’ਚ ਆਇਆ।
- ਫੀਫਾ ਅਕਸਰ ਜੂਨ ਜੁਲਾਈ ਵਿੱਚ ਹੁੰਦਾ ਹੈ ਪਰ ਵਾਰ ਸਰਦੀਆਂ ਵਿਚ ਆਯੋਜਿਤ ਕੀਤਾ ਗਿਆ ਹੈ।
- ਮੇਜ਼ਬਾਨੀ ਲਈ ਕਤਰ ਵੱਲੋਂ ਫੀਫਾ ਨੂੰ ਰਿਸ਼ਵਤ ਦਿੱਤੇ ਜਾਣ ਇਲਜ਼ਾਮ ਵੀ ਲੱਗੇ।
ਕਾਮਿਆਂ ਦੇ ਅਧਿਕਾਰ
ਕਤਰ ਵਿੱਚ ਨਿਰਮਾਣ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਚੁੱਕਣਾ ਇੱਕ ਮੁੱਦਾ ਬਣ ਚੁੱਕਿਆ ਹੈ।
ਮਨੁੱਖੀ ਅਧਿਕਾਰ ਅਤੇ ਲੇਬਰ ਰਾਈਟਸ ਇਨਵੈਸਟੀਗੇਟਿਵ ਕੰਸਲਟੈਂਸੀ ਇਕਇਡੇਮ ਦੇ ਸੰਸਥਾਪਕ ਮੁਸਤਫ਼ਾ ਕਾਦਰੀ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਫੀਫਾ ਦਾ ਇਸ ਸਭ ਨੂੰ ਸਿਆਸੀ ਮਸਲਾ ਦੱਸਣਾ ਗ਼ਲਤ ਹੈ। ਇਸ ਨਾਲ ਤੁਹਾਡੇ ਆਵਾਜ਼ ਚੁੱਕਣ ''ਤੇ ਪਾਬੰਦੀ ਲੱਗ ਸਕਦੀ ਹੈ।"
ਇਸ ਸੰਗਠਨ ਨੇ ਕਤਰ ਵਿੱਚ ਸਟੇਡੀਅਮਾਂ ਦੀ ਉਸਾਰੀ ਵਿੱਚ ਕੰਮ ਕਰ ਰਹੇ ਕਾਮਿਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਮਜ਼ਦੂਰਾਂ ਨੇ ਇੱਥੇ ਨੌਕਰੀਆਂ ਲੈਣ ਲਈ ਪੈਸੇ ਦਿੱਤੇ ਹਨ।
ਕਰਮਚਾਰੀਆਂ ਨੂੰ ਤਨਖ਼ਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਬਹੁਤ ਹੀ ਤਪਸ਼ ਵਿੱਚ ਵੱਧ ਤਾਪਮਾਨ ਵਿੱਚ ਕੰਮ ਕਰਨਾ ਪਿਆ।
ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2010 ਵਿੱਚ ਕਤਰ ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਮਿਲਣ ਤੋਂ ਬਾਅਦ 6,000 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।
ਹਾਲਾਂਕਿ, ਕਤਰ ਸਰਕਾਰ ਕਾਮਿਆਂ ਦੀ ਮੌਤ ਦੇ ਇਨ੍ਹਾਂ ਅੰਕੜਿਆਂ ਤੋਂ ਇਨਕਾਰ ਕਰਦੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਮਹਿਜ਼ ਤਿੰਨ ਮਜ਼ਦੂਰ ਸਨ ਜੋ ਸਟੇਡੀਅਮ ਦੀ ਉਸਾਰੀ ਦੇ ਕਾਰਜਾਂ ਨਾਲ ਸਬੰਧ ਰੱਖਦੇ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਕਤਰ ਵਿੱਚ ਕਾਫਲਾ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਸਥਿਤੀ ਵਿੱਚ ਸੁਧਾਰ ਹੋਇਆ ਹੈ। ਕਤਰ ਵਿੱਚ ਕਾਫਲਾ ਪ੍ਰਣਾਲੀ ਤਹਿਤ, ਕਿਸੇ ਵੀ ਪ੍ਰਵਾਸੀ ਮਜ਼ਦੂਰ ਲਈ ਨੌਕਰੀ ਬਦਲਣ ਜਾਂ ਕੋਈ ਹੋਰ ਕੰਮ ਕਰਨ ਲਈ ਆਪਣੇ ਮਾਲਕ ਦੀ ਆਗਿਆ ਲੈਣੀ ਲਾਜ਼ਮੀ ਸੀ।
ਇਹ ਵੀ ਪੜ੍ਹੋੇ:
ਕਤਰ ਦਾ ਸਮ-ਲਿੰਗਿਕ ਸਬੰਧਾਂ ਬਾਰੇ ਕਾਨੂੰਨ ਕੀ ਹੈ?
ਕਤਰ ਵਿੱਚ ਸਮ-ਲਿੰਗਿਕ ਸਬੰਧ ਗ਼ੈਰ-ਕਾਨੂੰਨੀ ਹਨ ਕਿਉਂਕਿ ਇਸਲਾਮ ਦੇ ਸ਼ਰਿਆ ਕਾਨੂੰਨ ਵਿੱਚ ਅਜਿਹੇ ਸਬੰਧਾਂ ਨੂੰ ਅਨੈਤਿਕ ਮੰਨਿਆ ਜਾਂਦਾ ਹੈ
ਸਮ-ਲਿੰਗਿਕ ਸਬੰਧਾਂ ਦੇ ਮਾਮਲੇ ਵਿੱਚ ਸਜ਼ਾ ਜ਼ੁਰਮਾਨਾਂ ਸੱਤ ਸਾਲਾਂ ਦੀ ਜੇਲ੍ਹ ਅਤੇ ਕਈ ਮਾਮਲਿਆਂ ਵਿੱਚ ਪੱਥਰ ਮਾਰ ਕੇ ਮੌਤ ਦੇ ਅੰਜਾਮ ਤੱਕ ਪਹੁੰਚਾਉਣਾ ਵੀ ਹੋ ਸਕਦੀ ਹੈ।
ਕਤਰ ਵਿਸ਼ਵ ਕੱਪ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਹਰ ਇੱਕ ਦਾ ਸਵਾਗਤ ਕਰਦੇ ਹਨ ਅਤੇ ਦਾਅਵਾ ਹੈ ਕਿ ਕਿਸੇ ਨਾਲ ਵੀ ਵੱਖਰੇਵੇਂ ਵਾਲਾ ਰਵੱਈਆ ਨਹੀਂ ਰੱਖਿਆ ਜਾਵੇਗਾ।
ਹਾਲਾਂਕਿ ਕਤਰ 2022 ਦੇ ਚੀਫ਼ ਐਗਜ਼ੀਕਿਊਟਿਵ ਨਾਸੀਰ ਅਲ ਖ਼ਾਤੇਰ ਕਹਿੰਦੇ ਹਨ ਕਿ ਸਮਲਿੰਗਕ ਸਬੰਧਾਂ ਬਾਰੇ ਕਾਨੂੰਨ ਨਹੀਂ ਬਦਲੇਗਾ ਤੇ ਆਉਣ ਵਾਲੇ ਲੋਕਾਂ ਨੂੰ ਸਾਡੇ ਸੱਭਿਆਚਾਰ ਦਾ ਆਦਰ ਕਰਨਾ ਪਵੇਗਾ।
ਹਾਲ ਹੀ ਵਿੱਚ ਹਿਊਮਨ ਰਾਈਟਸ ਵਾਚ ਦੀ ਆਈ ਰਿਪੋਰਟ ਵਿੱਚ ਕਿਹਾ ਗਿਆ ਕਿ ਕਤਰ ਦੀਆਂ ਸੁਰੱਖਿਆ ਕਰਮਚਾਰੀ ਗੇਅ, ਲੈਸਬਈਅਨ ਤੇ ਟਰਾਂਸਜੈਂਡਰ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਜਾਰੀ ਰੱਖਣਗੇ।
ਕਤਰ ਵਲੋਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ ਅਤੇ ਝੂਠੇ ਇਲਜ਼ਾਮ ਦੱਸਿਆ ਗਿਆ ਹੈ।
ਫੀਫਾ ਨੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ 32 ਟੀਮਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ "ਹੁਣ ਫੁੱਟਬਾਲ ''ਤੇ ਧਿਆਨ ਦਿਓ"। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਫੁੱਟਬਾਲ ਨੂੰ ਵਿਚਾਰਧਾਰਕ ਜਾਂ ਸਿਆਸੀ "ਲੜਾਈਆਂ" ਵਿੱਚ "ਘਸੀਟਿਆ" ਨਹੀਂ ਜਾਣਾ ਚਾਹੀਦਾ।
ਜਵਾਬ ਵਿੱਚ, 10 ਯੂਰਪੀਅਨ ਫੁੱਟਬਾਲ ਐਸੋਸੀਏਸ਼ਨਾਂ ਜਿਨ੍ਹਾਂ ਵਿੱਚ ਇੰਗਲੈਂਡ ਅਤੇ ਵੇਲਜ਼ ਦੀਆਂ ਸੰਸਥਾਵਾਂ ਵੀ ਸ਼ਾਮਿਲ ਸਨ ਨੇ ਕਿਹਾ ਕਿ "ਮਨੁੱਖੀ ਅਧਿਕਾਰ ਸਰਵ ਵਿਆਪਕ ਹਨ ਅਤੇ ਹਰ ਥਾਂ ਲਾਗੂ ਹੁੰਦੇ ਹਨ"।
ਇੰਗਲੈਂਡ ਦੇ ਕਪਤਾਨ ਹੈਰੀ ਕੇਨ ਅਤੇ ਹੋਰ ਨੌਂ ਟੀਮਾਂ ਦੇ ਕਪਤਾਨਾਂ ਵਲੋਂ ਐੱਲਜੀਬੀਟੀਕਿਊ ਦੇ ਲੋਕਾਂ ਲਈ ਸਮਰਥਨ ਦਿਖਾਉਣ ਲਈ "ਵਨ ਲਵ" ਲਿਖੇ ਬੈਂਡ ਬਾਹਾਂ ’ਤੇ ਪਹਿਨੇ ਜਾਣਗੇ।
ਕੀ ਕਤਰ ਵਿਸ਼ਵ ਕੱਪ ਵਿੱਚ ਸ਼ਰਾਬ ਦੀ ਪ੍ਰਵਾਨਗੀ ਬਾਰੇ ਰੌਲਾ
ਕਤਰ ਵਿੱਚ ਬੀਅਰ ਜਾਂ ਸ਼ਰਾਬ ਪੀਣ ਵਾਲਿਆਂ ਲਈ ਜਗ੍ਹਾ ਨਿਧਾਰਿਤ ਕੀਤੀ ਗਈ ਹੈ ਜਿਥੋਂ ਉਹ ਖ਼ਰੀਦ ਸਕਣਗੇ ਤੇ ਜਿੱਥੇ ਪੀ ਸਕਣਗੇ।
ਅਲਕੋਲ ਰਹਿਤ ਬੀਅਰ ਸਟੇਡੀਅਮ ਵਿੱਚ ਵੀ ਵਿਕਰੀ ਲਈ ਉਪਲੱਬਧ ਹੋਵੇਗੀ। ਕਤਰ ਵਿੱਚ ਇੱਕ ਬੀਅਰ ਦੀ ਕੀਮਤ 10 ਤੋਂ 15 ਪੌਂਡ (ਕਰੀਬ ਇੱਕ ਹਜ਼ਾਰ ਤੋਂ 1500 ਰੁਪਏ) ਹੈ।
ਆਮ ਤੌਰ ''ਤੇ ਕਤਰ ਵਿੱਚ ਲਾਇਸੰਸਸ਼ੁਦਾ ਹੋਟਲਾਂ, ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਬੀਅਰ ਉਪਲਬਧ ਹੁੰਦੀ ਹੈ।
ਹਾਲਾਂਕਿ ਵਿਸ਼ਵ ਕੱਪ ਦੌਰਾਨ ਸਟੇਡੀਅਮ ਦੇ ਫੈਨ ਜ਼ੋਨ ਅਤੇ ਬਾਹਰਲੇ ਮੈਦਾਨਾਂ ਵਿੱਚ ਬੀਅਰ ਵੇਚੀ ਜਾਵੇਗੀ।
ਫੈਨ ਜ਼ੋਨ ਵਿੱਚ 500 ਮਿਲੀਲੀਟਰ ਬੀਅਰ ਦੀ ਕੀਮਤ ਲਗਭਗ 1125 ਰੁਪਏ ਹੋਵੇਗੀ।
ਇਹਨਾਂ ਨਿਰਧਾਰਤ ਥਾਵਾਂ ਤੋਂ ਇਲਾਵਾ ਕਿਤੇ ਹੋਰ ਸ਼ਰਾਬ ਪੀਣ ਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ।
ਜਿਵੇਂ ਛੇ ਮਹੀਨੇ ਦੀ ਜੇਲ੍ਹ ਜਾਂ ਕਰੀਬ 67,934 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਠਹਿਰਣ ਦੇ ਪ੍ਰਬੰਧਾਂ ਵਿੱਚ ਕਮੀ
ਇੱਕ ਅਜਿਹੇ ਦੇਸ਼ ਲਈ ਜੋ ਆਬਾਦੀ ਜਾਂ ਆਕਾਰ ਪੱਖੋਂ ਦੁਨੀਆ ਦੇ ਚੋਟੀ ਦੇ 100 ਸ਼ਹਿਰਾਂ ਵਿੱਚ ਵੀ ਸ਼ਾਮਲ ਨਾ ਹੋਵੇ, ਉਹ ਅਜਿਹੇ ਪ੍ਰਬੰਧ ਨਹੀਂ ਕਰ ਸਕਦਾ ਜੋ ਆਮ ਤੌਰ ’ਤੇ ਵਿਸ਼ਵ ਕੱਪ ਦੌਰਾਨ ਕੀਤੇ ਜਾਂਦੇ ਹਨ।
ਮਾਰਚ ਵਿੱਚ, ਦੇਸ਼ ਵਿੱਚ ਸਿਰਫ 30,000 ਹੋਟਲ ਦੇ ਕਮਰੇ ਸਨ।
ਜਦੋਂ ਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ ਇਸ ਟੂਰਨਾਮੈਂਟ ਲਈ ਦੁਨੀਆ ਭਰ ਤੋਂ ਕਰੀਬ 15 ਲੱਖ ਲੋਕ ਆ ਰਹੇ ਹਨ।
ਪ੍ਰਬੰਧਕਾਂ ਨੂੰ ਉਮੀਦ ਹੈ ਕਿ ਉਹ 1 ਲੱਖ 30 ਹਜ਼ਾਰ ਕਮਰਿਆਂ ਦਾ ਪ੍ਰਬੰਧ ਕਰ ਲੈਣਗੇ।
ਇਸ ਵਿੱਚ ਪ੍ਰਸ਼ੰਸਕਾਂ ਲਈ ਵੱਖਰੇ ਪਿੰਡ ਫ਼ੈਨਜ਼ ਵਿਲਜ਼ ਵਿੱਚ 9,000 ਬਿਸਤਰੇ, ਫ਼ਲੈਟਾਂ ਤੇ ਬੰਗਲਿਆਂ ਵਿੱਚ 60,000 ਕਮਰੇ, ਹੋਟਲਾਂ ਵਿੱਚ 50,000 ਕਮਰੇ ਅਤੇ ਟੂਰਨਾਮੈਂਟ ਦੌਰਾਨ ਤਟ ਉੱਤੇ ਰੋਕੇ ਗਏ ਦੋ ਕਰੂਜ਼ ਜਹਾਜ਼ਾਂ ਵਿੱਚ 4,000 ਕਮਰੇ ਸ਼ਾਮਲ ਹਨ।
ਦਰਸ਼ਕਾਂ ਨੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਤੋਂ ਹੀ ਆਉਣਾ ਸ਼ੁਰੂ ਕਰ ਦਿੱਤਾ ਸੀ ਪਰ ਹਾਲੇ ਤੱਕ ਫ਼ੈਨ ਵਿਲੇਜ਼ ਦੇ ਸਾਰੇ ਕਮਰੇ ਤਿਆਰ ਨਹੀਂ ਹੋ ਸਕੇ। ਹਾਲੇ ਵੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਇਥੇ ਰਹਿਣ ਲਈ ਇੱਕ ਰਾਤ ਦਾ ਖ਼ਰਚਾ 175 ਯੂਰੋ ਹੈ।
ਦਰਸ਼ਕਾਂ ਦਾ ਕਹਿਣਾ ਹੈ ਕਿ ਜੋ ਬੁਕਿੰਗ ਵੈੱਬਸਾਈਟ ’ਤੇ ਨਜ਼ਰ ਆ ਰਿਹਾ ਸੀ ਉਹ ਬਿਲਕੁਲ ਪੰਜ ਤਾਰਾ ਹੋਟਲ ਵਰਗਾ ਸੀ ਪਰ ਅਸਲ ਵਿੱਚ ਹਾਲਾਤ ਇਸ ਤੋਂ ਬਿਲਕੁਲ ਉਲਟ ਹਨ।
ਕੁਝ ਖੇਡ ਪ੍ਰਸ਼ੰਸਕਾਂ ਨੂੰ ਓਮਾਨ, ਸਾਊਦੀ ਅਰਬ ਅਤੇ ਯੂਏਈ ਵਰਗੇ ਗੁਆਂਢੀ ਦੇਸ਼ਾਂ ਵਿੱਚ ਠਹਿਰਣਾ ਪਿਆ ਅਤੇ ਮੈਚ ਦੇਖਣ ਲਈ ਹਵਾਈ ਸਫ਼ਰ ਕਰਕੇ ਆਉਣਾ ਪੈ ਰਿਹਾ ਹੈ।
ਓਮਾਨ ਮਸਕਟ ਤੋਂ ਦੋਹਾ ਲਈ ਰੋਜ਼ਾਨਾ 24 ਵਿਸ਼ੇਸ਼ ਉਡਾਣਾਂ ਅਤੇ ਮੁਫਤ ਵੀਜ਼ਾ ਦੀ ਪੇਸ਼ਕਸ਼ ਵੀ ਕਰ ਰਿਹਾ ਹੈ।
ਸਰਦੀਆਂ ਵਿੱਚ ਕਰਵਾਇਆ ਗਿਆ ਵਿਸ਼ਵ ਕੱਪ
ਇਸ ਵਾਰ ਦਾ ਵਿਸ਼ਵ ਕੱਪ ਸਰਦੀ ਰੁੱਤੇ ਨਵੰਬਰ ਮਹੀਨੇ ਕਰਵਿਆ ਜਾ ਰਿਹਾ ਹੈ ਕਿਉਂਕਿ ਜੂਨ ਜੁਲਾਈ ਵਿੱਚ ਕਰਤ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਤੇ ਕਈ ਵਾਰ ਇਸ ਤੋਂ ਵੀ ਵੱਧ ਹੋ ਜਾਂਦਾ ਹੈ।
ਨਵੰਬਰ ਮਹੀਨੇ ਵੀ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਹੈ।
ਟੂਰਨਾਮੈਂਟਾਂ ਵਿੱਚ ਕਾਰਬਨ ਦਾ ਵਧੇਰੇ ਨਿਕਾਸ
ਟੂਰਨਾਮੈਂਟ ਦੌਰਾਨ 36 ਲੱਖ ਟਨ ਕਾਰਬਨ ਡਾਈਆਕਸਾਈਡ ਦਾ ਨਿਕਾਸ ਹੋਵੇਗਾ।
ਰੂਸ ਵਿਚ ਇਹ 21 ਲੱਖ ਟਨ ਸੀ।
ਖਿਡਾਰੀਆਂ ਵਲੋਂ ਵੱਖ ਵੱਖ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ
ਕੌਮਾਂਤਰੀ ਸਿਆਸਤਦਾਨਾਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਆਲੋਚਨਾ ਦੇ ਨਾਲ-ਨਾਲ ਜ਼ਮੀਨ ਤੋਂ ਵੀ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ।
ਡੈਨਮਾਰਕ ਮੈਚਾਂ ਦੌਰਾਨ ਆਪਣੀ ''ਛੋਟੀ ਜਰਸੀ'' ਪਹਿਨੇਗਾ, ਜਿਸ ''ਤੇ ਦੇਸ਼ ਅਤੇ ਬ੍ਰਾਂਡ ਦੇ ਲੋਕ ਸ਼ਾਇਦ ਹੀ ਨਜ਼ਰ ਆਉਣਗੇ।
ਟੀਮਾਂ ਦੀਆਂ ਬੇਨਤੀਆਂ ਦੇ ਬਾਵਜੂਦ, ਫੀਫਾ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਨ੍ਹਾਂ ਦੇ ਅਜਿਹਾ ਕਰਨ ਨਾਲ ਵਿਸ਼ਵ ਕੱਪ ਦੇ ਕਿਸੇ ਕਾਨੂੰਨ ਦੀ ਉਲੰਘਣਾ ਹੋਵੇਗੀ ਜਾਂ ਨਹੀਂ।
ਵਿਸ਼ਵ ਕੱਪ ਦੇ ਨਿਯਮਾਂ ਤਹਿਤ ਖਿਡਾਰੀਆਂ ਨੂੰ ਮੈਚ ਦੌਰਾਨ ਸਿਆਸੀ ਚਿੰਨ੍ਹਾਂ ਦੀ ਵਰਤੋਂ ਕਰਨ ਜਾਂ ਸਿਆਸੀ ਸੰਦੇਸ਼ ਦੇਣ ਦੀ ਇਜਾਜ਼ਤ ਨਹੀਂ ਹੈ।
ਕੌਮਾਂਤਰੀ ਖੇਡ ਕਾਨੂੰਨ ਮਾਹਿਰ ਡਾਕਟਰ ਗ੍ਰੇਗਰੀ ਲੋਨਾਈਡਜ਼ ਦਾ ਮੰਨਣਾ ਹੈ ਕਿ ਫੁੱਟਬਾਲ ਦੀ ਅਧਿਕਾਰਿਤ ਬਾਡੀ ਦੇ ਸਾਹਮਣੇ ਸਖ਼ਤ ਚੁਣੌਤੀ ਹੈ। ਉਸ ਨੇ ਇਹ ਫ਼ੈਸਲਾ ਕਰਨਾ ਹੈ ਕਿ ਲੀਕ ਕਿੱਥੇ ਖਿੱਚਣੀ ਹੈ।
ਉਹ ਕਹਿੰਦੇ ਹਨ,“ਨਾਰਵੇ ਦੇ ਖਿਡਾਰੀਆਂ ਨੇ ਹਾਲ ਹੀ ਵਿੱਚ ਆਪਣੀਆਂ ਟੀ-ਸ਼ਰਟਾਂ ''ਤੇ ਇੱਕ ਸੰਦੇਸ਼ ਲਿਖਿਆ ਹੈ, ਸਵਾਲ ਇਹ ਹੈ - ਕੀ ਇਸ ਨੂੰ ਸਿਆਸੀ ਸੰਦੇਸ਼ ਮੰਨਿਆ ਜਾਵੇਗਾ?”
“ਮੈਨੂੰ ਨਹੀਂ ਪਤਾ, ਕੀ ਤੁਸੀਂ ਇਹ ਪਰਿਭਾਸ਼ਿਤ ਕਰ ਸਕਦੇ ਹੋ ਕਿਹੜਾ ਸੰਦੇਸ਼ ਸਿਆਸੀ ਹੈ? ਮੈਨੂੰ ਨਹੀਂ ਲਗਦਾ ਕਿ ਕੋਈ ਵੀ ਇਸ ਨੂੰ ਪਰਿਭਾਸ਼ਿਤ ਕਰ ਸਕਦਾ ਹੈ, ਅਤੇ ਇਹ ਉਹ ਸਮੱਸਿਆ ਹੈ ਜਿਸ ਦਾ ਸਾਹਮਣਾ ਫੀਫਾ ਇਸ ਸਮੇਂ ਕਰ ਰਿਹਾ ਹੈ। ”
ਪਾਲ ਅਮਾਨ ਦਾ ਮੰਨਣਾ ਹੈ ਕਿ ਸਮਲਿੰਗੀ ਅਧਿਕਾਰ "ਇੱਕ ਬੁਨਿਆਦੀ ਸਮਾਜਿਕ ਮੁੱਦਾ ਹੈ, ਇਹ ਰਾਜਨੀਤਿਕ ਨਹੀਂ ਹੈ" ਅਤੇ ਸਮਲਿੰਗੀ ਅਧਿਕਾਰਾਂ ''ਤੇ ਬੋਲਣ ਲਈ ਖਿਡਾਰੀਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ।
ਪਰ ਖਿਡਾਰੀਆਂ ਅਤੇ ਸਮਰਥਕਾਂ ਨੂੰ ਹੁਣ ਜਦੋਂ ਟੂਰਨਾਮੈਂਟ ਸ਼ੁਰੂ ਹੋ ਚੁੱਕੇ ਹਨ ਪਤਾ ਲੱਗੇਗਾ ਕਿ ਨਿਯਮਾਂ ਦੀ ਪਾਲਣਾ ਕਿਵੇਂ ਕੀਤੀ ਹੋਈ।
ਮੱਧ ਪੂਰਬ ਨਾਲ ਵਿਤਕਰਾ
ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ, ਕਤਰ ਦੇ ਸ਼ਾਸਕ ਤਮਾਮ ਬਿਨ ਹਮਾਦ ਅਲ਼ ਥਾਨੀ ਨੇ ਆਪਣੇ ਦੇਸ ਵਲੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਹੋ ਰਹੀ ਆਲੋਚਨਾ ਦਾ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ, "ਦਹਾਕਿਆਂ ਤੋਂ, ਮੱਧ ਪੂਰਬ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। ਮੈਂ ਦੇਖਿਆ ਹੈ ਕਿ ਅਜਿਹੇ ਵਿਤਕਰੇ ਦਾ ਵੱਡਾ ਕਾਰਨ ਹੈ ਕਿ ਲੋਕ ਸਾਡੇ ਬਾਰੇ ਨਹੀਂ ਜਾਣਦੇ। ਬਹੁਤ ਸਾਰੇ ਮਾਮਲਿਆਂ ਵਿੱਚ ਉਹ ਸਾਨੂੰ ਸਮਝਣ ਤੋਂ ਕੋਰਾ ਹੀ ਇਨਕਾਰ ਕਰ ਦਿੰਦੇ ਹਨ।”
ਜੰਗ ਕੁਕ ਤੇ ਫ਼ਹਾਦ ਅਲ ਕੁਬੈਸੀ ਨੇ ਇੱਕ ਲਾਈਟ ਸ਼ੋਅ ਨਾਲ ‘ਡਰੀਮਜ਼’ ਗੀਤ ਦੀ ਪ੍ਰਸਤੁਤੀ ਕੀਤੀ
ਉਸਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਕੁਝ ਲੋਕਾਂ ਨੇ, "ਹਮਲੇ ਕੀਤੇ ਹਨ, ਜੋ ਕਿ ਪਹਿਲਾਂ ਕਦੇ ਨਹੀਂ ਦੇਖੇ ਗਏ ਸਨ, ਅਜਿਹੇ ਹਮਲੇ ਉਦੋਂ ਨਹੀਂ ਹੋਏ ਜਦੋਂ ਕਿਸੇ ਹੋਰ ਦੇਸ ਜਾਂ ਕਿਸੇ ਹੋਰ ਮਹਾਂਦੀਪ ਵਿੱਚ ਅਜਿਹਾ ਵੱਡਾ ਖੇਡ ਸਮਾਗਮ ਆਯੋਜਿਤ ਕੀਤਾ ਗਿਆ ਹੋਵੇ।"
ਉਹਨਾਂ ਕਿਹਾ ਹੈ ਕਿ ‘ਕਤਰ ਨੇ ਤਰੱਕੀ, ਸੁਧਾਰ ਅਤੇ ਵਿਕਾਸ’ ਕੀਤਾ ਹੈ ਜਿਸ ਉਪਰ ਉਨ੍ਹਾਂ ਨੂੰ ਮਾਣ ਹੈ।
ਪਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਵਿਵਾਦਾਂ ਤੇ ਕੁਝ ਵਿਸ਼ਰਾਮ ਜ਼ਰੂਰ ਲੱਗਿਆ ਪਰ ਇਹ ਖ਼ਤਮ ਨਹੀਂ ਹੋਏ।
ਕਤਰ ਨੂੰ ਫੀਫਾ ਵਰਲਡ ਕੱਪ 2022 ਦੀ ਮੇਜ਼ਬਾਨੀ ਕਿਵੇਂ ਮਿਲੀ
ਸਾਲ 2010 ਵਿੱਚ ਜਦੋਂ ਫੀਫਾ ਨੇ ਕਤਰ ਵਾਸਤੇ ਮੇਜ਼ਬਾਨੀ ਐਲਾਨ ਕੀਤਾ ਤਾਂ ਉਸ ਸਮੇਂ ਤੋਂ ਹੀ ਇਹ ਵਿਸ਼ਵ ਕੱਪ ਵਿਵਾਦਾਂ ਵਿੱਚ ਹੈ।
ਕਤਰ ਨੇ ਅਮਰੀਕਾ,ਆਸਟ੍ਰੇਲੀਆ,ਦੱਖਣੀ ਕੋਰੀਆ ਤੇ ਜਾਪਾਨ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਕੇ ਇਹ ਮੇਜ਼ਬਾਨੀ ਹਾਸਲ ਕੀਤੀ ਸੀ।
ਇਹ ਐਲਾਨ ਕਈਆਂ ਵਾਸਤੇ ਝਟਕੇ ਵਰਗਾ ਸੀ।
ਇਹ ਇਲਜ਼ਾਮ ਵੀ ਲੱਗੇ ਸਨ ਕਿ ਕਤਰ ਨੇ ਇਸ ਮੇਜ਼ਬਾਨੀ ਲਈ ਫੀਫਾ ਦੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਹੈ। ਬਾਅਦ ਵਿੱਚ ਫੀਫਾ ਵੱਲੋਂ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਵਾਈ ਗਈ ਜਿਸ ਵਿਚ ਕੋਈ ਠੋਸ ਸਬੂਤ ਨਹੀਂ ਮਿਲੇ।
ਕਤਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਸੀ ਕੀ ਉਨ੍ਹਾਂ ਨੇ ਵੋਟਾਂ ਖਰੀਦੀਆਂ ਹਨ ਪਰ ਫਰਾਂਸੀਸੀ ਅਧਿਕਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਹੁਣ ਤੱਕ ਜਾਰੀ ਹੈ।
ਸਾਲ 2020 ਵਿੱਚ ਅਮਰੀਕਾ ਨੇ ਫੀਫਾ ਦੇ ਤਿੰਨ ਅਧਿਕਾਰੀਆਂ ਉੱਤੇ ਪੈਸੇ ਲੈਣ ਦੇ ਇਲਜ਼ਾਮ ਲਗਾਏ ਸਨ।

ਫੀਫਾ ਵਿਸ਼ਵ ਕੱਪ ''ਚ ਅਰਜਨਟੀਨਾ ਨੂੰ ਸਾਊਦੀ ਅਰਬ ਨੇ ਹਰਾਇਆ
NEXT STORY