ਵਿਨੇਸ਼ ਫੋਗਾਟ ਸਮੇਤ ਭਾਰਤੀ ਕੁਸ਼ਤੀ ਦੇ ਕਈ ਨਾਮੀ ਪਹਿਲਵਾਨ ਬੁੱਧਵਾਰ ਦਿੱਲੀ ਦੇ ਜੰਤਰ-ਮੰਤਰ ''ਤੇ ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੇ ਰਵੱਈਏ ਖ਼ਿਲਾਫ਼ ਪ੍ਰਦਰਸ਼ਨ ਲਈ ਬੈਠੇ ਹਨ।
ਉਨ੍ਹਾਂ ਫ਼ੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।
ਪਹਿਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ''ਚ ਭਾਰਤ ਨੂੰ ਕਈ ਤਮਗੇ ਜਿੱਤਆਉਣ ਵਾਲੀ ਮਹਿਲਾ ਪਹਿਲਵਾਨ ਵਿਨੇਸ਼ ਫ਼ੋਗਾਟ ਨੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਆਵਾਜ਼ ਚੁੱਕੀ ਤੇ ਕਈ ਕੁੜੀਆਂ ਨਾਲ ਉਨ੍ਹਾਂ ਦੇ ਮਾੜੇ ਰਵੱਈਏ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।
ਵਿਨੇਸ਼ ਨੇ ਕਿਹਾ, "ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਨੇ ਕਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।"
ਉਨ੍ਹਾਂ ਕਿਹਾ, "ਉਹ ਸਾਡੀ ਨਿੱਜੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ। ਉਹ ਸਾਡਾ ਸ਼ੋਸ਼ਣ ਕਰ ਰਹੇ ਹਨ। ਜਦੋਂ ਅਸੀਂ ਓਲੰਪਿਕ ਖੇਡਣ ਜਾਂਦੇ ਹਾਂ ਤਾਂ ਸਾਡੇ ਕੋਲ ਕੋਈ ਫਿਜ਼ੀਓ ਜਾਂ ਕੋਚ ਤੱਕ ਨਹੀਂ ਹੁੰਦੇ। ਜਦੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕਾਉਣਾ ਸੁਰੂ ਕਰ ਦਿੰਤਾ।"
ਕੁਸ਼ਤੀ ਦੇ ਨਾਮੀ ਖ਼ਿਡਾਰੀਆਂ ਵਲੋਂ ਲਾਏ ਇਲਜ਼ਾਮਾਂ ਬਾਰੇ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਕਿਹਾ, "ਕੋਈ ਅਜਿਹਾ ਆਦਮੀ ਨਹੀਂ ਹੈ ਜੋ ਇਹ ਕਹਿ ਸਕੇ ਕਿ ਕੁਸ਼ਤੀ ਫੈਡਰੇਸ਼ਨ ਵਿੱਚ ਅਥਲੀਟਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਈ ਤਾਂ ਹੋਣਾ ਚਾਹੀਦਾ ਹੈ? ਕੀ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਫੈਡਰੇਸ਼ਨ ਨਾਲ ਕੋਈ ਸਮੱਸਿਆ ਨਹੀਂ ਸੀ?"
ਇਹ ਦਾਅਵਾ ਕਰਦਿਆਂ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ, ਉਨ੍ਹਾਂ ਕਿਹਾ, "ਜੇਕਰ ਇਹ ਇਲਜ਼ਾਮ ਸੱਚ ਸਾਬਤ ਹੁੰਦਾ ਹੈ ਤਾਂ ਮੈਂ ਫਾਂਸੀ ’ਤੇ ਚੜ੍ਹਨ ਲਈ ਤਿਆਰ ਹਾਂ।"
ਇਸ ਮਾਮਲੇ ''ਚ ਖੇਡ ਮੰਤਰਾਲੇ ਨੇ ਕੁਸ਼ਤੀ ਫ਼ੈਡਰੇਸ਼ਨ ਆਫ਼ ਇੰਡੀਆ ਤੋਂ ਸਪੱਸ਼ਟੀਕਰਨ ਮੰਗਿਆ ਹੈ। ਮੰਤਰਾਲੇ ਨੇ ਫ਼ੈਡਰੇਸ਼ਨ ਨੂੰ 72 ਘੰਟਿਆਂ ਦੇ ਅੰਦਰ ਜਵਾਬ ਦੇਣ ਦਾ ਹੁਕਮ ਦਿੱਤਾ ਹੈ।
ਇਸ ਦੌਰਾਨ ਪਹਿਲਵਾਨ ਦਿਵਿਆ ਕਾਕਰਾਨ ਨੇ ਟਵੀਟ ਕਰਕੇ ਕਿਹਾ ਹੈ, "ਮਾਨਯੋਗ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ''ਤੇ ਲਗਾਏ ਗਏ ਇਲਜ਼ਾਮ ਗ਼ਲਤ ਹਨ।"
ਜ਼ਿਕਰਯੋਗ ਹੈ ਕਿ ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਮਗ਼ੇ ਜਿੱਤਣ ਵਾਲੀ ਤੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਦਿਵਿਆ ਕਾਕਰਾਨ ਪਹਿਲਾਂ ਖਿਡਾਰੀਆਂ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ ਖ਼ਿਲਾਫ਼ ਆਵਾਜ਼ ਚੁੱਕਦੇ ਰਹੇ ਹਨ।
ਕੌਣ ਹੈ ਬ੍ਰਿਜ ਭੂਸ਼ਣ ਸ਼ਰਣ ਸਿੰਘ?
ਬ੍ਰਿਜ ਭੂਸ਼ਣ ਸਿੰਘ ਦੀ ਗਿਣਤੀ ਦਬਦਬੇ ਵਾਲੇ ਆਗੂਆਂ ਵਿੱਚ ਕੀਤੀ ਜਾਂਦੀ ਹੈ। ਉਹ ਗੋਂਡਾ, ਉੱਤਰ ਪ੍ਰਦੇਸ਼ ਦਾ ਰਹਿਣ ਵਾਲੇ ਹਨ ਤੇ ਕੈਸਰਗੰਜ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹੈ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਆਪਣੇ ਕਾਲਜ ਦੇ ਜਿਨਾਂ ਤੋਂ ਹੀ ਸਿਆਸੀ ਤੌਰ ''ਤੇ ਬਹੁਤ ਸਰਗਰਮ ਸਨ। ਉਹ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹੇ।
ਉਨ੍ਹਾਂ ਨੇ ਆਪਣੀ ਜਵਾਨੀ ਅਯੁੱਧਿਆ ਦੇ ਅਖਾੜਿਆਂ ਵਿਚ ਬਿਤਾਈ। ਪਹਿਲਵਾਨ ਵਜੋਂ ਉਹ ਆਪਣੇ ਆਪ ਨੂੰ ''ਤਾਕਤਵਰ'' ਕਹਿੰਦੇ ਹਨ।
ਬ੍ਰਿਜ ਭੂਸ਼ਣ ਸਿੰਘ, ਜੋ ਪਹਿਲੀ ਵਾਰ 1991 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ। ਉਹ ਹੁਣ ਤੱਕ ਛੇ ਵਾਰ 1999, 2004, 2009, 2014 ਅਤੇ 2019 ਵਿੱਚ ਵੀ ਲੋਕ ਸਭਾ ਚੋਣਾਂ ਜਿੱਤ ਚੁੱਖੇ ਹਨ।
ਬ੍ਰਿਜ ਭੂਸ਼ਣ ਸ਼ਰਣ ਸਿੰਘ 2011 ਤੋਂ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਹਨ। 2019 ਵਿੱਚ, ਉਹ ਤੀਜੀ ਵਾਰ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ।
ਉਹ 1988 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਫ਼ਿਰ 1991 ਪਹਿਲੀ ਵਾਰ ਸੰਸਦ ਮੈਂਬਰ ਬਣੇ।
ਹਾਲਾਂਕਿ, ਭਾਰਤੀ ਜਨਤਾ ਪਾਰਟੀ ਨਾਲ ਮਤਭੇਦਾਂ ਦੇ ਕਾਰਨ, ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ ਅਤੇ 2009 ਦੀਆਂ ਲੋਕ ਸਭਾ ਚੋਣਾਂ ਕੈਸਰਗੰਜ ਤੋਂ ਸਪਾ ਦੀ ਟਿਕਟ ''ਤੇ ਜਿੱਤੀਆਂ।
ਇਸ ਤੋਂ ਬਾਅਦ ਉਹ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫ਼ਿਰ ਭਾਜਪਾ ਵਿੱਚ ਸ਼ਾਮਲ ਹੋ ਗਏ।
ਕੁਝ ਹੀ ਸਾਲਾਂ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਦਬਦਬਾ ਗੋਂਡਾ ਦੇ ਨਾਲ-ਨਾਲ ਬਲਰਾਮਪੁਰ, ਅਯੁੱਧਿਆ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਵਧਿਆ ਅਤੇ ਉਹ 1999 ਤੋਂ ਬਾਅਦ ਇੱਕ ਵੀ ਚੋਣ ਨਹੀਂ ਹਾਰੇ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਪ੍ਰਤੀਕ ਭੂਸ਼ਣ ਵੀ ਸਿਆਸਤ ਵਿੱਚ ਹਨ। ਪ੍ਰਤੀਕ ਗੋਂਡਾ ਤੋਂ ਭਾਜਪਾ ਵਿਧਾਇਕ ਹਨ।
ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਤਹਿਸ਼ ਵਿੱਚ ਆ ਕੇ ਇੱਕ ਖਿਡਾਰੀ ਨੂੰ ਸਟੇਜ ਤੋਂ ਹੀ ਥੱਪੜ ਮਾਰ ਦਿੱਤਾ ਸੀ
ਹਿੰਦੂਵਾਦੀ ਆਗੂ ’ਤੇ ਪਹਿਲਾਂ ਵੀ ਕਤਲ ਸਮੇਤ ਕਈ ਇਲਜ਼ਾਮਾਂ ਲੱਗੇ
ਭਾਜਪਾ ''ਚ ਸ਼ਾਮਲ ਹੋਣ ਤੋਂ ਬਾਅਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਹਿੰਦੂਵਾਦੀ ਆਗੂ ਦੇ ਰੂਪ ''ਚ ਉੱਭਰਕੇ ਸਾਹਮਣੇ ਆਏ। ਉਨ੍ਹਾਂ ਖ਼ਿਲਾਫ਼ ਅਯੁੱਧਿਆ ''ਚ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਦੇ ਇਲਜ਼ਾਮ ਵੀ ਹਨ।
1992 ਵਿੱਚ ਅਯੁੱਧਿਆ ਵਿੱਚ ਬਾਬਰੀ ਮਸਜਿਦ ਦੇ ਢਾਂਚਾ ਨੂੰ ਢਾਹੁਣ ਲਈ ਜ਼ਿੰਮੇਵਾਰ ਠਹਿਰਾਏ ਗਏ 40 ਦੋਸ਼ੀਆਂ ਵਿੱਚ ਭਾਜਪਾ ਦੇ ਦਿੱਗਜ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ ਨਾਲ ਹਿੰਦੂਤਵ ਦੀ ਹਾਮੀ ਭਰਨ ਵਾਲੇ ਬ੍ਰਿਜ ਭੂਸ਼ਣ ਸ਼ਰਣ ਸਿੰਘ ਦਾ ਨਾਮ ਵੀ ਸ਼ਾਮਲ ਸੀ।
ਹਾਲਾਂਕਿ, ਸਤੰਬਰ 2020 ਵਿੱਚ, ਅਦਾਲਤ ਨੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਗੋਂਡਾ ਦੇ ਸਥਾਨਕ ਲੋਕ ਦੱਸਦੇ ਹਨ ਕਿ ਬ੍ਰਿਜ ਭੂਸ਼ਣ ਸਿੰਘ ਸਰਗਰਮ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਕੁਸ਼ਤੀ ਮੁਕਾਬਲੇ ਕਰਵਾਉਂਦੇ ਸਨ।
ਉਨ੍ਹਾਂ ਨੂੰ ਮਹਿੰਗੀਆਂ ਐੱਸਯੂਵੀ ਗੱਡੀਆਂ ਦਾ ਬਹੁਤ ਸ਼ੌਕ ਹੈ ਅਤੇ ਉਨ੍ਹਾਂ ਦਾ ਸੂਬੇ ਦੀ ਰਾਜਧਾਨੀ ਲਖਨਊ ਦੇ ਲਕਸ਼ਮਣਪੁਰੀ ਇਲਾਕੇ ''ਚ ਇਕ ਆਲੀਸ਼ਾਨ ਬੰਗਲਾ ਹੈ।
ਬ੍ਰਿਜ ਭੂਸ਼ਣ ਸਿੰਘ ''ਤੇ ਪਹਿਲਾਂ ਵੀ ਕਤਲ, ਅੱਗ ਲਾਉਣ ਤੇ ਭੰਨਤੋੜ ਕਰਨ ਵਰਗੇ ਇਲਜ਼ਾਮ ਲੱਗ ਚੁੱਕੇ ਹਨ।
ਹਾਲ ਹੀ ਵਿੱਚ ਉਨ੍ਹਾਂ ਨੇ ਝਾਰਖੰਡ ''ਚ ਅੰਡਰ-19 ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਸਟੇਜ ''ਤੇ ਹੀ ਇੱਕ ਪਹਿਲਵਾਨ ਨੂੰ ਥੱਪੜ ਮਾਰ ਦਿੱਤਾ ਸੀ।
ਇਹ ਚੈਂਪੀਅਨਸ਼ਿਪ 15 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਲਈ ਸੀ ਤੇ ਇੱਕ ਖਿਡਾਰੀ ਇਸ ਤੋਂ ਥੋੜ੍ਹਾ ਵੱਡਾ ਸੀ। ਜਿਸ ਕਾਰਨ ਪ੍ਰਬੰਧਕਾਂ ਨੇ ਉਸ ਨੂੰ ਮੁਕਾਬਲੇ ਵਿੱਚ ਹਿੱਸਾ ਨਾ ਲੈਣ ਦਿੱਤਾ।
ਉਹ ਖਿਡਾਰੀ ਇਸ ਦੀ ਸ਼ਿਕਾਇਤ ਕਰਨ ਮੰਚ ’ਤੇ ਚੜ੍ਹ ਗਿਆ। ਜਿੱਥੇ ਉਸ ਖਿਡਾਰੀ ਦੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਨਾਲ ਕੁਝ ਬਹਿਤ ਹੋ ਗਈ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਮੰਚ ਤੋਂ ਹੀ ਖਿਡਾਰੀ ਦੇ ਥੱਪੜ ਜੜ ਦਿੱਤਾ।
ਸੀਬੀਆਈ ਕੋਰਟ ਤੋਂ ਬਰੀ ਕੀਤੇ ਜਾਣ ਤੋਂ ਬਾਅਦ ਬ੍ਰਿਜ ਭੂਸ਼ਣ ਸ਼ਰਣ ਸਿੰਘ
ਗ਼ਲਤ ਬੋਲਬਾਣੀ ਕਰਕੇ ਸੁਰਖ਼ੀਆਂ ’ਚ ਰਹਿਣ ਵਾਲਾ ਆਗੂ
2022 ਵਿਧਾਨ ਸਭਾ ਚੌਣਾਂ ਦੇ ਪ੍ਰਚਾਰ ਦੌਰਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਸੀ ਕਿ ਜੇਕਰ ਤੁਸੀਂ ਸਮਾਜਵਾਦੀ ਪਾਰਟੀ ਨੂੰ ਵੋਟ ਪਾਓਗੇ ਤਾਂ ਪਾਕਿਸਤਾਨ ਖੁਸ਼ ਹੋਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਸੀਂ ਪਾਕਿਸਤਾਨ ''ਤੇ ਕਿਉਂ ਨਹੀਂ ਬੋਲਦੇ, ਕੀ ਪਾਕਿਸਤਾਨ ਨੂੰ ਮੋਦੀ ਅਤੇ ਯੋਗੀ ਨੂੰ ਹਰਾਉਣ ਦੀ ਚਿੰਤਾ ਨਹੀਂ ਹੈ?
ਉਦੋਂ ਉਨ੍ਹਾਂ ਕਿਹਾ ਸੀ ਕਿ "ਸਾਡੀ ਪਾਰਟੀ ਵਿੱਚ ਇਹ ਸੰਭਵ ਹੈ ਕਿ ਅਸੀਂ ਕਲਾਮ ਨੂੰ ਰਾਸ਼ਟਰਪਤੀ ਬਣਾ ਦੇਈਏ। ਕਲਾਮ ਬਣਕੇ ਰਹੇ ਤਾਂ ਰਾਸ਼ਟਰਪਤੀ ਬਣਾਵਾਂਗੇ...ਕਸਾਬ ਬਣ ਕੇ ਆਏ ਤਾਂ ਕੱਟ ਦਿਆਂਗੇ।"
ਪਿਛਲੇ ਸਾਲ ਨਵੰਬਰ ''ਚ ਗੋਂਡਾ ''ਚ ਹੋਏ ਇੱਕ ਕੁਸ਼ਤੀ ਮੁਕਾਬਲੇ ਦੌਰਾਨ ਉਨ੍ਹਾਂ ਨੇ ਅਸਦੁਦੀਨ ਓਵੈਸੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ।
ਉਨ੍ਹਾਂ ਕਿਹਾ ਸੀ, "ਮੈਂ ਗਾਰੰਟੀ ਦਿੰਦਾ ਹਾਂ ਕਿ ਓਵੈਸੀ ਦੇ ਪੁਰਖ਼ੇ ਹਿੰਦੂ ਸਨ ਅਤੇ ਉਨ੍ਹਾਂ ਦੇ ਪਿਤਾ ਦਾ ਨਾਮ ਤੁਲਸੀਰਾਮ ਦਾਸ ਸੀ।"
ਸਪਾ ਨੇਤਾ ਆਜ਼ਮ ਖਾਨ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਆਜ਼ਮ ਖਾਨ ਬਾਰੇ ਨਹੀਂ ਜਾਣਦਾ, ਇਸ ਲਈ ਮੈਂ ਉਨ੍ਹਾਂ ਬਾਰੇ ਕੁਝ ਨਹੀਂ ਬੋਲ ਸਕਦਾ।
ਉਦੋਂ ਓਵੈਸੀ ਦੀ ਪਾਰਟੀ ਦੇ ਬੁਲਾਰੇ ਮੁਹੰਮਦ ਫ਼ਰਹਾਨ ਨੇ ਕਿਹਾ ਸੀ, ''''ਬ੍ਰਿਜ ਭੂਸ਼ਣ ਸ਼ਰਨ ਸਿੰਘ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਮਾਨਸਿਕ ਸੰਤੁਲਨ ਗੁਆਉਣ ਤੋਂ ਬਾਅਦ ਉਹ ਓਵੈਸੀ ਦੇ ਪੁਰਖ਼ਿਆਂ ਨੂੰ ਹਿੰਦੂ ਦੱਸ ਰਹੇ ਹਨ।
ਫ਼ਰਹਾਨ ਨੇ ਕਿਹਾ,“ਭਾਜਪਾ ਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਇਲਾਜ ਕਿਸੇ ਚੰਗੇ ਹਸਪਤਾਲ ਵਿੱਚ ਕਰਵਾਏ। ਜੇਕਰ ਭਾਜਪਾ ਇਲਾਜ ਨਹੀਂ ਕਰਵਾਏਗੀ ਤਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਹੈਦਰਾਬਾਦ ਵਿੱਚ ਓਵੈਸੀ ਦੇ ਹਸਪਤਾਲ ''ਚ ਮੁਫ਼ਤ ਇਲਾਜ ਕੀਤਾ ਜਾਵੇਗਾ।”
ਕੁਝ ਦਿਨ ਪਹਿਲਾਂ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਰਾਹੁਲ ਗਾਂਧੀ ਤੇ ਬਿਲਾਵਲ ਭੁੱਟੋ ਨੂੰ ‘ਇੱਕ ਹੀ ਨਸਲ’ ਦੇ ਦੱਸਿਆ ਸੀ। ਉਸ ਸਮੇਂ ਉਨ੍ਹਾਂ ਕਿਹਾ, “ਪਤਾ ਨਹੀਂ ਇਹ ਕਿਵੇਂ ਇੱਧਰ ਉੱਧਰ ਹੋ ਗਏ।”
ਬ੍ਰਿਜ਼ ਭੂਸ਼ਣ ਸਰਣ ਸਿੰਘ
- ਬ੍ਰਿਜ਼ ਭੂਸ਼ਣ ਸਰਣ ਸਿੰਘ ਖ਼ਿਲਾਫ਼ ਦੇਸ਼ ਦੇ ਉੱਘੇ ਪਹਿਲਵਾਨਾਂ ਨੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।
- ਬ੍ਰਿਜ ਭੂਸ਼ਣ ਸਿੰਘ, ਜੋ ਪਹਿਲੀ ਵਾਰ 1991 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ।
- ਹੁਣ ਤੱਕ ਛੇ ਵਾਰ 1999, 2004, 2009, 2014 ਅਤੇ 2019 ਵਿੱਚ ਵੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।
- ਬ੍ਰਿਜ ਭੂਸ਼ਣ ਸ਼ਰਣ ਸਿੰਘ 2011 ਤੋਂ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਹਨ।
- 2019 ਵਿੱਚ, ਉਹ ਤੀਜੀ ਵਾਰ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ।
- 1999 ਤੋਂ ਬਾਅਦ ਇੱਕ ਵੀ ਚੋਣ ਨਹੀਂ ਹਾਰੇ।
- 1992 ਵਿੱਚ ਅਯੁੱਧਿਆ ਵਿੱਚ ਬਾਬਰੀ ਮਸਜਿਦ ਦੇ ਢਾਂਚਾ ਨੂੰ ਢਾਹੁਣ ਲਈ ਜ਼ਿੰਮੇਵਾਰ ਠਹਿਰਾਏ ਗਏ 40 ਦੋਸ਼ੀਆਂ ਵਿੱਚ ਭੂਸ਼ਣ ਸ਼ਰਣ ਸਿੰਘ ਦਾ ਨਾਮ ਵੀ ਸ਼ਾਮਲ ਸੀ।
- ਸਤੰਬਰ 2020 ਵਿੱਚ, ਅਦਾਲਤ ਨੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
- ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਮਹਿੰਗੀਆਂ ਐੱਸਯੂਵੀ ਗੱਡੀਆਂ ਦਾ ਬਹੁਤ ਸ਼ੌਕੀਨ ਹਨ ਤੇ ਬੇਬਾਕ ਬੋਲਣ ਕਾਰਨ ਵਿਵਾਦਾਂ ’ਚ ਰਹਿੰਦੇ ਹਨ।
- ਉਨ੍ਹਾਂ ਨੇ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਬ੍ਰਿਜ ਭੂਸ਼ਣ ਸ਼ਰਣ ਸਿੰਘ ਵਲੋਂ ਰਾਮਦੇਵ ਨੂੰ ਪਤਾਂਜਲੀ ਖ਼ਿਲਾਫ਼ ਦੇਸ਼ ਵਿਆਪੀ ਮੁਹਿੰਮ ਚਲਾਉਣ ਲਈ ਵੀ ਕਿਹਾ ਸੀ
ਰਾਮਦੇਵ ਦੇ ਪਤਾਂਜਲੀ ਘਿਓ ’ਤੇ ਇਲਜ਼ਾਮ ਲਗਾਉਣਾ
ਬ੍ਰਿਜ ਭੂਸ਼ਣ ਸਿੰਘ ਵਲੋਂ ਯੋਗਗੁਰੂ ਰਾਮਦੇਵ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਸੁਰਖੀਆਂ ''ਚ ਰਹੇ ਹਨ। ਉਸ ਨੇ ਪਤੰਜਲੀ ''ਤੇ ਨਕਲੀ ਘਿਓ ਵੇਚਣ ਦੇ ਇਲਜ਼ਾਮ ਲਗਾਏ।
ਪਤੰਜਲੀ ਨੇ ਬ੍ਰਿਜ ਭੂਸ਼ਣ ਸਿੰਘ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫੀ ਮੰਗਣ ਲਈ ਕਿਹਾ, ਪਰ ਸੰਸਦ ਮੈਂਬਰ ਨੇ ਮੁਆਫ਼ੀ ਨਹੀਂ ਮੰਗੀ।
ਇਸ ਤੋਂ ਬਾਅਦ ਪਤੰਜਲੀ ਦੀ ਤਰਫ ਵਲੋਂ ਦੁਬਾਰਾ ਨੋਟਿਸ ਭੇਜਿਆ ਗਿਆ ਅਤੇ ਉਹ ਪਰੇਸ਼ਾਨ ਹੋ ਗਏ।
ਉਨ੍ਹਾਂ ਕਿਹਾ, "ਮਹਾਂਰਿਸ਼ੀ ਪਤੰਜਲੀ ਦਾ ਜਨਮ ਸਥਾਨ ਜਿਸ ਦਾ ਨਾਮ ਵਰਤਿਆ ਜਾ ਰਿਹਾ ਹੈ, ਉਨ੍ਹਾਂ ਦਾ ਜਨਮ ਸਥਾਨ ਤਾਂ ਅਣਗ੍ਹੋਲਿਆ ਹੋਇਆ ਹੈ। ਮਹਾਰਿਸ਼ੀ ਪਤੰਜਲੀ ਦੇ ਨਾਮ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ।"
ਉਨ੍ਹਾਂ ਕਿਹਾ ਜੇ ਮਹਂਰਿਸ਼ੀ ਪਤਾਂਡਲੀ ਦੇ ਨਾਮ ਦੀ ਦੁਰਵਰਤੋਂ ਬੰਦ ਨਾ ਹੋਈ ਤਾਂ ਉਹ ਦੇਸ਼ਵਿਆਪੀ ਅੰਦੋਲਨ ਚਲਾਉਣਗੇ।
ਉੱਤਰ ਪ੍ਰਦੇਸ਼ ਦਾ ਹੜ੍ਹ ਪ੍ਰਭਾਵਿਤ ਇਲਾਕਾ
-
ਆਪਣੀ ਪਾਰਟੀ ਵਿਰੁੱਧ ਹੀ ਖੜੇ ਹੋ ਜਾਣਾ
ਬ੍ਰਿਜ ਭੂਸ਼ਣ ਸਿੰਘ ਆਪਣੇ ਬੇਬਾਕ ਬਿਆਨਾਂ ਲਈ ਵੀ ਜਾਣੇ ਜਾਂਦੇ ਹਨ।
ਆਪਣੀ ਬੇਬਾਕੀ ਨਾਲ ਹਮੇਸ਼ਾ ਸੁਰਖੀਆਂ ''ਚ ਰਹਿਣ ਵਾਲੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇੱਕ ਵਾਰ ਉਨ੍ਹਾਂ ਦੀ ਆਪਣੀ ਹੀ ਪਾਰਟੀ ''ਤੇ ਨਿਸ਼ਾਨਾ ਸਾਧਿਆ ਲਿਆ ਸੀ।
ਪਿਛਲੇ ਸਾਲ ਜਦੋਂ ਉੱਤਰ ਪ੍ਰਦੇਸ਼ ਮੀਂਹ ਅਤੇ ਹੜ੍ਹਾਂ ਦੀ ਲਪੇਟ ਵਿੱਚ ਸੀ ਤਾਂ ਉਹ ਆਪਣੇ ਹਲਕੇ ਵਿੱਚ ਪਹੁੰਚੇ ਅਤੇ ਉੱਥੇ ਚੱਲ ਰਹੇ ਰਾਹਤ ਕਾਰਜਾਂ ਨੂੰ ਦੇਖ ਕੇ ਉਨ੍ਹਾਂ ਆਪਣੀ ਹੀ ਪਾਰਟੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਉਨ੍ਹਾਂ ਨੇ ਕਿਹਾ, "ਪਹਿਲਾਂ ਕੋਈ ਵੀ ਸਰਕਾਰ ਹੁੰਦੀ ਸੀ, ਹੜ੍ਹਾਂ ਤੋਂ ਪਹਿਲਾਂ ਮੀਟਿੰਗ ਹੁੰਦੀ ਸੀ। ਸਾਨੂੰ ਨਹੀਂ ਲੱਗਦਾ ਇਸ ਵਾਰ ਤਿਆਰੀ ਲਈ ਕੋਈ ਮੀਟਿੰਗ ਹੋਈ ਹੈ ਅਤੇ ਲੋਕ ਰੱਬ ਭਰੋਸੇ ਹੀ ਹਨ।"
ਉਨ੍ਹਾਂ ਇਹ ਵੀ ਕਿਹਾ,“ਹੜ੍ਹਾਂ ਤੋਂ ਰਾਹਤ ਲਈ ਅਜਿਹਾ ਮਾੜਾ ਪ੍ਰਬੰਧਨ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੀ ਨਹੀਂ ਦੇਖਿਆ। ਦੁੱਖ਼ ਦੀ ਗੱਲ ਹੈ ਕਿ ਅਸੀਂ ਲੋਕ ਰੋ ਵੀ ਨਹੀਂ ਸਕਦੇ। ਆਪਣੇ ਭਾਵ ਵੀ ਵਿਅਕਤ ਨਹੀਂ ਕਰ ਸਕਦੇ।”
ਕੁਸ਼ਤੀ ਵਿੱਚ ਕੰਟਰੈਕਟ ਸਿਸਟਮ
ਕੌਮੀ ਪੱਧਰ ਦੇ ਟੂਰਨਾਮੈਂਟ ਹੋਣ ਜਾਂ ਕੌਮਾਂਤਰੀ, ਸੀਨੀਅਰ ਜਾਂ ਜੂਨੀਅਰ ਟੂਰਨਾਮੈਂਟ ਹੋਣ ਬ੍ਰਿਜ ਭੂਸ਼ਣ ਸਿੰਘ ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਵਜੋਂ ਹਰ ਮੰਚ ''ਤੇ ਪ੍ਰਸ਼ਾਸਕ ਵਾਂਗ ਨਜ਼ਰ ਆਏ।
ਹੱਥ ਵਿਚ ਮਾਈਕ੍ਰੋਫੋਨ ਲੈ ਕੇ ਉਹ ਕਈ ਵਾਰ ਰੈਫਰੀ ਨੂੰ ਸਲਾਹ ਦਿੰਦੇ ਨਜ਼ਰ ਆਏ ਤਾਂ ਕਦੇ ਜੱਜਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦੇ।
ਬ੍ਰਿਜ ਭੂਸ਼ਣ ਸਿੰਘ ਨੇ ਕੁਸ਼ਤੀ ਵਿੱਚ ਠੇਕਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ।
2018 ਵਿੱਚ ਲਾਗੂ ਇਸ ਪ੍ਰਣਾਲੀ ਦੇ ਤਹਿਤ, ਖਿਡਾਰੀਆਂ ਨੂੰ ਵੱਖ-ਵੱਖ ਗ੍ਰੇਡਾਂ ਵਿੱਚ ਰੱਖਦੇ ਹੋਏ ਇੱਕ ਸਾਲ ਦਾ ਠੇਕਾ ਦਿੱਤਾ ਜਾਂਦਾ ਹੈ।
ਇਸ ਵਿਵਸਥਾ ਤਹਿਤ ਗ੍ਰੇਡ ਏ ਦੇ ਖਿਡਾਰੀਆਂ ਨੂੰ 30 ਲੱਖ ਰੁਪਏ, ਗ੍ਰੇਡ ਬੀ ਦੇ ਖਿਡਾਰੀਆਂ ਨੂੰ 20 ਲੱਖ ਰੁਪਏ, ਗਰੇਡ ਸੀ ਦੇ ਪਹਿਲਵਾਨਾਂ ਨੂੰ 10 ਲੱਖ ਰੁਪਏ ਅਤੇ ਗ੍ਰੇਡ ਡੀ ਦੇ ਖਿਡਾਰੀਆਂ ਨੂੰ 5 ਲੱਖ ਰੁਪਏ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਪਹਿਲੀ ਵਾਰ ਜਦੋਂ ਇਹ ਪ੍ਰਣਾਲੀ ਲਾਗੂ ਕੀਤੀ ਗਈ ਤਾਂ ਬਜਰੰਗ ਪੁਨੀਆ, ਵਿਨੇਸ਼ ਫੋਗਾਟ ਅਤੇ ਪੂਜਾ ਢਾਂਡਾ ਨੂੰ ਗ੍ਰੇਡ ਏ ਵਿੱਚ ਰੱਖਿਆ ਗਿਆ।
ਦੂਜੇ ਪਾਸੇ ਸੁਸ਼ੀਲ ਕੁਮਾਰ ਅਤੇ ਸਾਕਸ਼ੀ ਮਲਿਕ ਨੂੰ ਗ੍ਰੇਡ ਬੀ ਵਿਚ ਰੱਖਿਆ ਗਿਆ ਹੈ ਜਦਕਿ ਰਿਤੂ ਫ਼ੋਗਾਟ ਅਤੇ ਦਿਵਿਆ ਕਾਕਰਾਨ ਵਰਗੀਆਂ ਖਿਡਾਰਨਾਂ ਨੂੰ ਗ੍ਰੇਡ ਸੀ ਵਿਚ ਰੱਖਿਆ ਗਿਆ ਹੈ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਬਹਿਰਾਇਚ, ਗੋਂਡਾ, ਬਲਰਾਮਪੁਰ, ਅਯੁੱਧਿਆ ਅਤੇ ਸ਼ਰਾਵਸਤੀ ਵਿੱਚ 50 ਤੋਂ ਵੱਧ ਵਿਦਿਅਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ।
ਬ੍ਰਿਜ ਭੂਸ਼ਣ ਸਿੰਘ ਨੂੰ ਆਪਣੇ ਸਿਆਸੀ ਜੀਵਨ ਦੌਰਾਨ ਮੰਤਰੀ ਨਾ ਬਣਨ ਦਾ ਵੀ ਸੰਸਾ ਹੈ।
ਪਿਛਲੇ ਸਾਲ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਦਾ ਦਰਦ ਜੱਗਜਾਹਰ ਵੀ ਹੋਇਆ।
ਉਨ੍ਹਾਂ ਕਿਹਾ,“ਮੇਰੇ ਲਈ ਮੰਤਰੀ ਬਣਨਾ ਨਹੀਂ ਲਿਖਿਆ, ਮੇਰੇ ਹੱਥ ਵਿਚ ਇਹ ਲਕੀਰ ਵੀ ਨਹੀਂ ਹੈ, ਉਹ ਤਾਂ ਸਿਰਫ਼ ਸ਼ਾਸਤਰੀ ਜੀ ਲਈ ਹੈ।''
ਅਸਲ ਵਿੱਚ ਬ੍ਰਿਸ਼ ਭੂਸ਼ਣ ਸ਼ਰਣ ਸਿੰਘ ਦੇ ਪਿੰਡ ਦੇ ਹੀ ਰਮਾਪਤੀ ਸ਼ਾਸਤਰੀ ਭਾਜਪਾ ਦੇ ਸੀਨੀਅਰ ਆਗੂ ਹਨ ਅਤੇ ਦੋ ਵਾਰ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨਿਊਜ਼ੀਲੈਂਡ : 42 ਸਾਲ ਦੀ ਉਮਰ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਆਪੇ ਛੱਡਣ ਵਾਲੀ ਜੈਸਿੰਡਾ ਦੇ ਸਿੱਖਾਂ ਬਾਰੇ...
NEXT STORY