ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਅਧੀਨ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੇ ਇੱਕ ਚਿੱਠੀ ਲਿਖੀ ਹੈ।
ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਪੰਜਾਬ ਦੇ ਮੁਹਾਲੀ ਵਿੱਚ ਲੱਗੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਨੂੰ ਇਹ ਚਿੱਠੀ ਸੰਬੋਧਿਤ ਹੈ।
ਮੋਰਚੇ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 31 ਜਨਵਰੀ ਨੂੰ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕੀਤੀ ਹੈ।
ਜਗਤਾਰ ਸਿੰਘ ਹਾਵਾਰਾ ਨੇ ਆਪਣੀ ਚਿੱਠੀ ਰਾਹੀਂ ਦੱਸਿਆ ਹੈ ਕਿ ਇਸ ਮੋਰਚੇ ਵਿੱਚ ਸਟੇਜ ਉੱਤੇ ਕਿਹੜੇ ਮੁੱਦਿਆਂ ਬਾਰੇ ਬੋਲਿਆ ਜਾਵੇ, ਲੋਕਾਂ ਦਾ ਵਤੀਰਾ ਕਿਹੋ ਜਿਹਾ ਹੋਵੇ ਅਤੇ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਬਾਰੇ ਇਤਰਾਜ ਹੋਵੇ ਤਾਂ ਕਿਵੇਂ ਪ੍ਰਤੀਕਿਰਿਆ ਦੇਣੀ ਹੈ।
ਮੋਰਚੇ ਨਾਲ ਸਬੰਧਤ ਵਕੀਲ ਹਰਸ਼ਰਨ ਸਿੰਘ ਧਾਲੀਵਾਲ ਨੇ ਹਵਾਰਾ ਦੀ ਚਿੱਠੀ ਵਿੱਚ ਜੋ ਹੈ ਉਸ ਬਾਰੇ ਜਾਣਕਾਰੀ ਦਿੱਤੀ।
ਚਿੱਠੀ ਵਿੱਚ ਜਗਤਾਰ ਸਿੰਘ ਹਵਾਰਾ ਦੇ ਹਾਵਲੇ ਨਾਲ ਕੀ ਹੈ
- ਕੌਮੀ ਇਨਸਾਫ਼ ਮੋਰਚੇ ਦੇ ਪ੍ਰਬੰਧਕ ਅਤੇ ਬੁਲਾਰੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇਸ ਮੰਚ ਦੀ ਮਰਿਆਦਾ ਬਣਾਈ ਰੱਖਣ।
- ਕੌਮੀ ਇਨਸਾਫ਼ ਮੋਰਚੇ ਦੇ ਮੰਚ ਤੋਂ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਅਤੇ ਸਿੱਖ ਕੈਦੀਆਂ ਦੇ ਮੁੱਦੇ ਉੱਤੇ ਹੀ ਆਪਣੇ ਵਿਚਾਰ ਰੱਖੇ ਜਾਣ। ਹੋਰ ਕਿਸੇ ਵੀ ਤਰ੍ਹਾਂ ਦੀ ਦੂਸ਼ਣਬਾਜੀ ਤੋਂ ਗੁਰੇਜ਼ ਕੀਤਾ ਜਾਵੇ।
- ਮੰਚ ''ਤੇ ਆਏ ਕਿਸੇ ਵੀ ਬੁਲਾਰੇ ਦਾ ਵਿਰੋਧ ਨਾ ਕਰੋ, ਜੇਕਰ ਮੰਚ ਤੋਂ ਬੋਲਣ ਵਾਲੇ ਕਿਸੇ ਆਗੂ ਜਾਂ ਬੁਲਾਰੇ ਦੀ ਕਿਸੇ ਗੱਲ ਤੋਂ ਇਤਰਾਜ਼ ਹੈ ਤਾਂ ਆਪਣਾ ਇਤਰਾਜ਼ ਮੰਚ ਦੀ ਅਨੁਸ਼ਾਸਨੀ ਕਮੇਟੀ ਕੋਲ ਦਰਜ ਕਰਵਾਓ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਤੋਂ ਬਚੋ।
- ਸੰਗਤ ਨੂੰ ਇਹ ਗੱਲ ਸਪੱਸ਼ਟ ਕਰਦਾ ਹਾਂ ਕਿ ਇਹ ਮੋਰਚਾ ਸਮੁੱਚੀ ਕੌਮ ਦਾ ਸਾਂਝਾ ਹੈ। ਇਸ ਦਾ ਫੈਸਲਾ ਵੀ ਸਿੱਖ ਸੰਗਤਾਂ ਨੂੰ ਭਰੋਸੇ ਵਿੱਚ ਲੈ ਕੇ ਪਾਰਦਰਸ਼ੀ ਢੰਗ ਨਾਲ ਮੋਰਚੇ ਦੇ ਮੰਚ ਤੋਂ ਹੀ ਹੋਵੇਗਾ। ਕਿਸੇ ਤਰ੍ਹਾਂ ਦੀ ਅਫ਼ਵਾਹ ਤੋਂ ਸੁਚੇਤ ਰਹੋ।
ਬੇਅੰਤ ਸਿੰਘ ਕਤਲਕਾਂਡ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ 1995-2003 ਤੱਕ ਬੁੜੈਲ ਜੇਲ੍ਹ ਵਿੱਚ ਸਨ ਅਤੇ ਉਸ ਤੋਂ ਬਾਅਦ ਜੇਲ੍ਹ ਤੋੜ ਕੇ ਫ਼ਰਾਰ ਹੋਏ ਸਨ।
2005 ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਹ ਤਿਹਾੜ ਜੇਲ੍ਹ ਵਿੱਚ ਹਨ। ਉਨ੍ਹਾਂ ਨੂੰ ਜੇਲ੍ਹ ਵਿੱਚ 25 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ।
ਸਾਲ 2015 ਵਿੱਚ ਅੰਮ੍ਰਿਤਸਰ ਦੇ ਚੱਬਾ ਪਿੰਡ ਵਿੱਚ ਕਰਵਾਏ ਗਏ ਸਰਬੱਤ ਖਾਲਸਾ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਮੁਤਵਾਜੀ ਜਥੇਦਾਰ ਵੀ ਥਾਪਿਆ ਗਿਆ ਸੀ।
ਮੋਰਚੇ ਵੱਲੋਂ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਭਿਓਰਾ ਦੇ ਇਤਰਾਜ਼ ਬਾਰੇ ਜਵਾਬ
ਬੇਅੰਤ ਸਿੰਘ ਕਤਲ ਕੇਸ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਜਗਤਾਰ
ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਓਰਾ ਦੇ ਵਕੀਲ ਨੇ ਉਨ੍ਹਾਂ ਵੱਲੋਂ ਇਲਜਾਮ ਲਾਇਆ ਸੀ ਕਿ ਉਨ੍ਹਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਬਾਹਰ ਜੋ ਵੀ ਮੋਰਚੇ ਲਗਾਏ ਗਏ ਹਨ ਉਨ੍ਹਾਂ ਦੇ ਆਗੂਆਂ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ।
ਕੌਮੀ ਇਨਸਾਫ਼ ਮੋਰਚੇ ਨਾਲ ਜੁੜੇ ਐਡਵੋਕੇਟ ਦਿਲਸ਼ੇਰ ਸਿੰਘ ਨੇ ਤਾਰਾ ਅਤੇ ਭਿਓਰਾ ਦੇ ਬਿਆਨ ਬਾਰੇ ਕਿਹਾ, ''''ਅਸੀਂ ਮੋਰਚਾ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਲੰਬੇ ਸਮੇਂ ਤੋਂ ਕਰ ਰਹੇ ਸੀ। ਪ੍ਰਸ਼ਾਸਨਿਕ ਤੌਰ ਤੇ ਸਾਨੂੰ ਕਿਤੇ ਨਾ ਕਿਤੇ ਮਨ੍ਹਾ ਕੀਤਾ ਜਾ ਰਿਹਾ ਸੀ।''''
ਦਿਲਸ਼ੇਰ ਸਿੰਘ ਨੇ ਮੀਡੀਆ ਸਾਹਮਣੇ ਤਾਰਾ ਅਤੇ ਭਿਓਰਾ ਦਾ ਸੰਦੇਸ਼ ਦਿੱਤਾ ਕਿ ਪੰਥ ਸਾਡੀ ਰਿਹਾਈ ਨੂੰ ਲੈ ਕੇ ਸਰਕਾਰ ਨਾਲ ਕੋਈ ਸਮਝੌਤਾ ਨਾ ਕਰੇ।
-
ਦਰਅਸਲ ਸਿੱਖ ਕੈਦੀਆਂ ਦੀ ਰਿਹਾਈ ਲਈ ਪੰਜਾਬ ਵਿੱਚ ਮੁੱਖ ਤੌਰ ''ਤੇ ਦੋ ਮੋਰਚੇ ਚੱਲ ਰਹੇ ਹਨ।
ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਜਥੇਬੰਦੀਆਂ ਕਹਿੰਦੀਆਂ ਹਨ ਕਿ ਉਹ ਜਿਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।
ਇੱਕ ਅੰਦਲੋਨ ਸਿੱਖਾਂ ਦੀ ਸਿਰਮੌਰ ਜਥੇਬੰਦੀ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਹਸਤਾਖਰ ਮੁਹਿੰਮ ਵਜੋਂ ਚਲਾਇਆ ਜਾ ਰਿਹਾ ਹੈ।
ਇਸ ਵਿੱਚ ਲੋਕਾਂ ਤੋਂ ਹਸਤਾਖ਼ਰ ਕਰਵਾ ਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਹਮਾਇਤ ਮੰਗੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਨੇ ਇਸ ਮੁੰਹਿਮ ਉੱਤੇ ਹਸਤਾਖਰ ਕੀਤੇ ਹਨ।
ਦੂਜਾ ਮੋਰਚਾ ਮੁਹਾਲੀ ਦੇ ਵਾਈਪੀਐੱਸ ਚੌਕ ਵਿੱਚ ‘ਕੌਮੀ ਇਨਸਾਫ਼ ਮੋਰਚਾ’ ਦੇ ਨਾਮ ਨਾਲ ਬੀਤੀ 7 ਜਨਵਰੀ ਤੋਂ ਚਲਾਇਆ ਜਾ ਰਿਹਾ ਹੈ। ਇਸ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਆਗੂ ਹਿੱਸਾ ਲੈ ਰਹੇ ਹਨ।
ਐੱਸਜੀਪੀਸੀ ਦਾ ਜਵਾਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਗੁਰਦੁਆਰਿਆਂ ਦੇ ਬਾਹਰ ਲਗਾਏ ਪੋਸਟਰਾਂ ਵਿੱਚ 9 ਸਿੱਖ ਕੈਦੀਆਂ ਦਾ ਜ਼ਿਕਰ ਹੈ।
ਇਸ ਪੋਸਟਰ ਵਿੱਚ ਤਾਰਾ, ਭਿਓਰਾ ਅਤੇ ਹਵਾਰਾ ਦੀਆਂ ਤਸਵੀਰਾਂ ਵੀ ਹਨ।
ਜੇਲ੍ਹ ਵਿੱਚ ਭਿਓਰਾ ਅਤੇ ਤਾਰਾ ਨਾਲ ਰਾਬਤਾ ਨਾ ਕਾਇਮ ਕਰਨ ਦੇ ਸਵਾਲ ਬਾਰੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਐਸਜੀਪੀਸ ਪ੍ਰਧਾਨ ਹਰਜਿੰਦਰ ਸਿੰਗ ਧਾਮੀ ਨੇ ਜਵਾਬ ਦਿੱਤਾ।
ਉਨ੍ਹਾਂ ਕਿਹਾ, ‘‘ਸਿੱਖ ਕੈਦੀਆਂ ਦੇ ਕੁਝ ਪਰਿਵਾਰਾਂ ਦੇ ਨਾਲ ਅਸੀਂ ਸੰਪਰਕ ਵਿੱਚ ਹਾਂ ਪਰ ਬਾਕੀਆਂ ਦੇ ਪਰਿਵਾਰਾਂ ਨੂੰ ਅਸੀਂ ਮਿਲ ਰਹੇ ਹਾਂ। ਸਿੱਖ ਕੈਦੀਆਂ ਦੇ ਸਾਰੇ ਪਰਵਾਰ ਸਾਡੇ ਲਈ ਸਤਿਕਾਰਯੋਗ ਹਨ ਅਸੀਂ ਇਨ੍ਹਾਂ ਪਰਿਵਾਰਾਂ ਦੀ ਲੜਾਈ ਲਈ ਕਮੇਟੀ ਵੀ ਬਣਾਈ ਹੈ ਅਤੇ ਜੋ ਵੀ ਪਰਿਵਾਰ ਇਸ ਕਾਨੂੰਨੀ ਕਮੇਟੀ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਨ੍ਹਾਂ ਦਾ ਹਮੇਸ਼ਾ ਸਵਾਗਤ ਹੈ।’’
ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਬਿਆਨ ਦੇ ਚੁੱਕੇ ਹਨ ਕਿ
“ਸਿੱਖ ਕੈਦੀਆਂ ਦੀ ਜੋ ਵੀ ਲਿਸਟ ਉਪਲਬਧ ਕਰਵਾਈ ਗਈ ਹੈ, ਉਸ ਬਾਰੇ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ, ਉਨ੍ਹਾਂ ਦੀ ਰਿਹਾਈ ਕਾਨੂੰਨ ਦੇ ਹਿਸਾਬ ਨਾਲ ਹੀ ਹੋਵੇਗੀ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕੌਣ ਹੈ ਗ੍ਰੈਮੀ ਐਵਾਰਡ ਜੇਤੂ ਇਹ ਪੰਜਾਬੀ ਹਾਲੀਵੁੱਡ ਡਾਇਰੈਕਟਰ ਜੋ ਭਾਰਤ ਵਿੱਚ ਇੱਕ ਵੱਡੀ ਫ਼ਿਲਮ ਲਿਆ ਰਿਹਾ
NEXT STORY