ਨੇਟ ਐਂਡਰਸਨ
ਹਿੰਡਨਬਰਗ ਜਿਹੀਆਂ ਸ਼ੌਰਟ ਸੈਲਿੰਗ ਕੰਪਨੀਆਂ ਆਪਣੇ ਰਿਸਰਚ ਨਾਲ ਨਿਵੇਸ਼ਕਾਂ ਦਾ ਪੈਸਾ ਡੁੱਬਣੋਂ ਬਚਾਉਂਦੀਆਂ ਹਨ ਜਿਵੇਂ ਕਿ ਉਨ੍ਹਾਂ ਦਾ ਦਾਅਵਾ ਹੈ ਜਾਂ ਫਿਰ ਸ਼ੇਅਰ ਬਜ਼ਾਰ ਨੂੰ ਨੁਕਸਾਨ ਪਹੁੰਚਾ ਕੇ ਆਪਣੀ ਜੇਭ ਭਰਦੀਆਂ ਹਨ?
ਇਹ ਬਹਿਸ ਅਮਰੀਕਾ ਵਿੱਚ ਸਾਲਾਂ ਤੋਂ ਚੱਲ ਰਹੀ ਹੈ, ਜਿੱਥੇ ਹਿੰਡਨਬਰਗ ਜਿਹੀਆਂ ਕੰਪਨੀਆਂ ਕਾਨੂੰਨੀ ਤੌਰ ''ਤੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਨੂੰ ਪਸੰਦ ਕਰਨ ਵਾਲੇ ਵੀ ਹਨ ਅਤੇ ਉਨ੍ਹਾਂ ਦੇ ਦੁਸ਼ਮਣਾਂ ਦੀ ਵੀ ਕਮੀ ਨਹੀਂ ਹੈ।
ਹਿੰਡਨਬਰਗ ਨੇ ਆਪਣੀ ਰਿਪੋਰਟ ਦਾ ਸਨਸਨੀਖ਼ੇਜ਼ ਸਿਰਲੇਖ ਦਿੱਤਾ ਸੀ- ''ਕਾਰਪੋਰੇਟ ਇਤਿਹਾਸ ਵਿੱਚ ਸਭ ਤੋਂ ਵੱਡਾ ਧੋਖਾ'', ਅਡਾਨੀ ਸਮੂਹ ਨੇ ਰਿਪੋਰਟ ਨੂੰ ਝੂਠ ਕਰਾਰ ਦਿੱਤਾ ਸੀ।
ਹਿੰਡਨਬਰਗ ਦੇ ਆਲੋਚਕ ਕਹਿ ਰਹੇ ਹਨ ਕਿ ਉਸ ਦੀ ਰਿਪੋਰਟ ਤੇਜ਼ੀ ਨਾਲ ਅੱਗੇ ਵਧ ਰਹੇ ਭਾਰਤ ਨੂੰ ''ਬਦਨਾਮ ਦੀ ਕੋਸ਼ਿਸ਼'' ਹੈ।
ਆਮ ਤੌਰ ''ਤੇ ਸ਼ੇਅਰ ਦੀ ਕੀਮਤ ਉੱਤੇ ਜਾਣ ਨਾਲ ਪੈਸਾ ਬਣਦਾ ਹੈ, ਪਰ ਸ਼ੌਰਟ ਸੈਲਿੰਗ ਵਿੱਚ ਕੀਮਤ ਡਿੱਗਣ ਨਾਲ ਪੈਸਾ ਕਮਾਇਆ ਜਾਂਦਾ ਹੈ।
- ਨੇਟ ਐਂਡਰਸਨ ਨੇ 2017 ਵਿੱਚ ਹਿੰਡਨਬਰਗ ਰਿਸਰਚ ਦੀ ਸਥਾਪਨਾ ਕੀਤੀ ਸੀ
- ਹਿੰਡਨਬਰਗ ਨੇ ਹੁਣ ਤੱਕ ਕਈ ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ
- ਕੰਪਨੀ ਦਾ ਨਾਮ ਨਾਜ਼ੀ ਜਰਮਨੀ ਦੇ ਇੱਕ ਨਾਕਾਮ ਸਪੇਸ ਪ੍ਰੋਜੈਕਟ ''ਤੇ ਰੱਖਿਆ ਗਿਆ ਹੈ
- ਅਡਾਨੀ ਰਿਪੋਰਟ ਹਿੰਡਨਬਰਗ ਦੀ 19ਵੀਂ ਰਿਪੋਰਟ ਹੈ
- ਹਿੰਡਨਬਰਗ ਦਾ ਕਹਿਣਾ ਹੈ ਕਿ ਅਡਾਨੀ ਸੂਮਹ ਨੇ 88 ਵਿੱਚੋਂ 62 ਸਵਾਲਾਂ ਦੇ ਜਵਾਬ ਨਹੀਂ ਦਿੱਤੇ ਹਨ
ਇਸ ਵਿੱਚ ਕਿਸੇ ਖਾਸ ਸ਼ੇਅਰ ਵਿੱਚ ਗਿਰਾਵਟ ਦੇ ਅਨੁਮਾਨ ''ਤੇ ਦਾਅ ਲਗਾਇਆ ਜਾਂਦਾ ਹੈ।
ਦਰਅਸਲ ਹਿੰਡਨਬਰਗ ਜਿਹੇ ਐਕਟੀਵਿਸਟ ਸ਼ੌਰਟ ਸੇਲਰਜ਼ ਕੁਝ ਖਾਸ ਕੰਪਨੀਆਂ ਦੇ ਸ਼ੇਅਰ ਦੀ ਕੀਮਤ ਵਿੱਚ ਗਿਰਾਵਟ ''ਤੇ ਦਾਅ ਲਗਾਉਂਦੇ ਹਨ, ਫਿਰ ਉਨ੍ਹਾਂ ਬਾਰੇ ਰਿਪੋਰਟ ਛਾਪ ਕੇ ਨਿਸ਼ਾਨਾ ਸਾਧਦੇ ਹਨ।
ਉਹ ਇਸ ਕੰਮ ਲਈ ਅਜਿਹੀਆਂ ਕੰਪਨੀਆਂ ਨੂੰ ਚੁਣਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਸ਼ੇਅਰਾਂ ਦੀ ਕੀਮਤ ਅਸਲ ਕੀਮਤ ਤੋਂ ਬਹੁਤ ਜ਼ਿਆਦਾ ਹੈ, ਜਾਂ ਫਿਰ ਉਨ੍ਹਾਂ ਦੀ ਨਜ਼ਰ ਵਿੱਚ ਉਹ ਕੰਪਨੀ ਆਪਣੇ ਸ਼ੇਅਰ-ਧਾਰਕਾਂ ਨੂੰ ਧੋਖਾ ਦੇ ਰਹੀ ਹੈ।
ਐਕਟੀਵਿਸਟ ਸ਼ੌਰਟ ਸੈੱਲਰ ਕੀ ਕੰਮ ਕਰਦੇ ਹਨ
ਨੇਟ ਐਂਡਰਸਨ ਨੇ ਸਾਲ 2017 ਵਿੱਚ ਹਿੰਡਨਬਰਗ ਰਿਸਰਚ ਦੀ ਸਥਾਪਨਾ ਕੀਤੀ ਸੀ।
ਅਮਰੀਕਾ ਦੀ ਇੱਕ ਸ਼ੌਰਟ ਸੈਲਿੰਗ ਕੰਪਨੀ ਸਕਾਰਪੀਅਨ ਕੈਪੀਟਲ ਦੇ ਮੁੱਖ ਨਿਵੇਸ਼ ਅਫਸਰ ਕੀਰ ਕੈਲੌਨ ਮੁਤਾਬਕ, ਹਿੰਡਨਬਰਗ ਨਾਮੀ ਸੰਸਥਾ ਹੈ ਅਤੇ ਉਨ੍ਹਾਂ ਦੀ ਰਿਸਰਚ ਨੂੰ ਭਰੋਸੇਮੰਦ ਮੰਨਿਆ ਜਾਂਦਾ ਹੈ।
ਉਸ ਕਾਰਨ ਅਮਰੀਕਾ ਵਿੱਚ ਕਈ ਮੌਕਿਆਂ ''ਤੇ ਭ੍ਰਿਸ਼ਟ ਕੰਪਨੀਆਂ ਖ਼ਿਲਾਫ਼ ਕਾਰਵਾਈ ਹੋਈ ਹੈ।
ਨਿਊਯਾਰਕ ਤੋਂ ਸ਼ੌਰਟ ਸੈਲਿੰਗ ''ਤੇ ਨਿਊਜ਼ ਲੈਟਰ ''ਦ ਬੀਅਰ ਕੇਵ'' ਕੱਢਣ ਵਾਲੇ ਐਡਵਿਨ ਡਾਰਸੀ ਦੱਸਦੇ ਹਨ ਕਿ ਹਿੰਡਨਬਰਗ ਰਿਸਰਚ ਜਿਹੇ ਐਕਟੀਵਿਸਟ ਸ਼ੌਰਟ ਸੈਲਿੰਗ ਫ਼ਰਮ ਦੇ ਰਿਪੋਰਟ ਜਾਰੀ ਕਰਨ ਦੇ ਦੋ ਪ੍ਰਮੁਖ ਕਾਰਨ ਹੁੰਦੇ ਹਨ। ਪਹਿਲਾ, ਗਲਤ ਕੰਮ ਦੀ ਪੋਲ ਖੋਲ੍ਹ ਕੇ ਮੁਨਾਫ਼ਾ ਕਮਾਉਣਾ ਅਤੇ ਦੂਜਾ, ਨਿਆਂ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ।
ਐਡਵਿਨ ਡਾਰਸੀ ਕਹਿੰਦੇ ਹਨ, "ਇਹ ਦੇਖ ਕੇ ਬੇਹਦ ਨਿਰਾਸ਼ਾ ਹੁੰਦੀ ਹੈ ਕਿ ਕੁਝ ਲੋਕ ਸ਼ੇਅਰਧਾਰਕਾਂ ਦੀ ਕੀਮਤ ''ਤੇ ਅਮੀਰ ਹੋ ਰਹੇ ਹਨ ਅਤੇ ਸ਼ਾਇਦ ਧੋਖੇਬਾਜ਼ੀ ਕਰ ਰਹੇ ਹਨ। ਐਕਟੀਵਿਸਟ ਸ਼ੌਰਟ ਸੈਲਿੰਗ ਦੀਆਂ ਰਿਪੋਰਟਾਂ ਇੱਕ ਤਰ੍ਹਾਂ ਖੋਜੀ ਪੱਤਰਕਾਰੀ ਕਰਦੀਆਂ ਹਨ, ਪਰ ਮੁਨਾਫ਼ੇ ਦੀ ਪ੍ਰੇਰਣਾ ਥੋੜ੍ਹੀ ਵੱਖ ਹੈ। ਮੈਂ ਨੇਟ ਅਤੇ ਹਿੰਡਨਬਰਗ ਨੂੰ ਕਾਫ਼ੀ ਕਾਬਿਲ-ਏ-ਤਾਰੀਫ਼ ਮੰਨਦਾ ਹਾਂ।"
ਐਕਟੀਵਿਸਟ ਸ਼ੌਰਟ ਸੈੱਲਰ ਰਿਪੋਰਟ ਦੇ ਨਾਲ-ਨਾਲ ਸੋਸ਼ਲ ਮੀਡੀਆ ਦਾ ਵੀ ਖ਼ੂਬ ਇਸਤੇਮਾਲ ਕਰਦੇ ਹਨ, ਪਰ ਕਈ ਆਮ ਨਿਵੇਸ਼ ਐਕਟੀਵਿਸਟ ਸ਼ੌਰਟ ਸੈਲਿੰਗ ਫ਼ਰਮਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਮੁੱਲ ਥੱਲੇ ਡਿਗਣ ਨਾਲ ਉਨ੍ਹਾਂ ਦੇ ਨਿਵੇਸ਼ ''ਤੇ ਬੁਰਾ ਅਸਰ ਪੈਂਦਾ ਹੈ।
ਹੈਰਾਨੀ ਦੀ ਗੱਲ ਨਹੀਂ ਕਿ ਕਈ ਕੰਪਨੀਆਂ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੀਆਂ।
ਸਾਲ 2021 ਵਿੱਚ ਐਲਨ ਮਸਕ ਨੇ ਸ਼ੌਰਟ ਸੈਲਿੰਗ ਨੂੰ ਇੱਕ ਘੁਟਾਲਾ ਦੱਸਿਆ ਸੀ।
ਸ਼ੌਰਟ ਸੈਲਿੰਗ ਕੰਪਨੀ ਸਕਾਰਪੀਅਨ ਕੈਪੀਟਲ ਦੇ ਮੁੱਖ ਨਿਵੇਸ਼ ਅਫ਼ਸਰ ਕੀਰ ਕੈਲੌਨ ਅਡਾਨੀ ਮਾਮਲੇ ਨੂੰ ਭਾਰਤ ਦਾ ''ਐਨਰੌਨ ਮੋਮੈਂਟ'' ਦੱਸਦੇ ਹਨ।
ਉਹ ਕਹਿੰਦੇ ਹਨ, "ਇਹ ਰੌਚਕ ਗੱਲ ਹੈ ਕਿ ਅਡਾਨੀ ਅਤੇ ਐਨਰੌਨ ਦੋਹੇਂ ਇਨਫਰਾਸਟ੍ਰੱਕਚਰ ਕੰਪਨੀਆਂ ਹਨ ਜਿਨ੍ਹਾਂ ਦੇ ਮਜ਼ਬੂਤ ਸਿਆਸੀ ਸੰਬੰਧ ਰਹੇ ਹਨ।"
ਸਾਲ 2001 ਵਿੱਚ ਐਨਰੌਨ ਭਾਰੀ ਆਰਥਿਕ ਨੁਕਸਾਨ ਲੁਕਾਉਣ ਤੋਂ ਬਾਅਦ ਦੀਵਾਲੀਆ ਹੋ ਗਈ ਸੀ, ਉਸ ਵੇਲੇ ਅਮਰੀਕਾ ਦੇ ਰਾਸ਼ਟਰਪਤੀ ਜੌਰਜ ਬੁਸ ਦੇ ਐਨਰੌਨ ਪ੍ਰਮੁਖ ਕੇਨ ਲੇ ਅਤੇ ਕੰਪਨੀ ਅਧਿਕਾਰੀਆਂ ਨਾਲ ਨੇੜਲੇ ਸੰਬੰਧ ਸੀ।
ਅਡਾਨੀ ਦੀ ਆਰਥਿਕ ਹਾਲਤ ਆਨਰੌਨ ਜਿਹੀ ਤਾਂ ਨਹੀਂ ਹੈ, ਪਰ ਉਨ੍ਹਾਂ ''ਤੇ ਕੇਨ ਲੇ ਦੀ ਤਰ੍ਹਾਂ ਸਰਕਾਰ ਨਾਲ ਵਾਧੂ ਨੇੜਤਾ ਦੇ ਇਲਜ਼ਾਮ ਲੱਗ ਰਹੇ ਹਨ।
ਕੈਲੌਨ ਕਹਿੰਦੇ ਹਨ, "ਮਜ਼ਬੂਤ ਅਤੇ ਸਾਫ਼=ਸੁਥਰੀਆਂ ਕੰਪਨੀਆਂ ਨੂੰ ਸ਼ੌਰਟ ਸੈੱਲਰ ਰਿਪੋਰਟਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਕੋਈ ਵਿਅਕਤੀ ਗੂਗਲ, ਫੇਸਬੁੱਕ ਜਾਂ ਮਾਈਕਰੋਸਾਫਟ ਬਾਰੇ ਲਿਖੇਗਾ ਤਾਂ ਲੋਕ ਉਸ ''ਤੇ ਹੱਸਣਗੇ ਅਤੇ ਸਟੌਕ ''ਤੇ ਕੋਈ ਅਸਰ ਨਹੀਂ ਪਵੇਗਾ।"
ਹਿੰਡਨਬਰਗ ਪ੍ਰਮੁਖ ਨੇਟ ਐਂਡਰਸਨ ਦੇ ਬਾਰੇ ਉਹ ਕਹਿੰਦੇ ਹਨ, "ਉਨ੍ਹਾਂ ਦੀ ਜ਼ਬਰਦਸਤ ਸਾਖ ਹੈ। ਉਨ੍ਹਾਂ ਦੀ ਖੋਜ ਦੀ ਭਰੋਸੇਯੋਗਤਾ ਹੈ। ਉਸ ਦਾ ਬਹੁਤ ਅਸਰ ਹੋਇਆ ਹੈ।"
ਅਮਰੀਕਾ ਵਿੱਚ ਕੋਲੰਬੀਆ ਲਾਅ ਸਕੂਲ ਦੇ ਪ੍ਰੋਫੈਸਰ ਜੇਸ਼ੁਆ ਮਿਟਸ ਨੇ ਸ਼ੌਰਟ ਸੈਲਿੰਗ ਦੀ ਅਲੋਚਨਾ ਕਰਨ ਵਾਲਾ ਇੱਕ ਚਰਚਿਤ ਪੇਪਰ ''ਸ਼ੌਰਟ ਐਂਡ ਡਿਸਟੌਰਟ'' ਲਿਖਿਆ।
ਜੇਸ਼ੂਆ ਕਹਿੰਦੇ ਹਨ, "ਜਿਸ ਕਾਰਨ ਵਾਲ ਸਟ੍ਰੀਟ ਵਿੱਚ ਕਈ ਲੋਕ ਨੇਟ ਐਂਡਰਸਨ ਦੀ ਇੱਜ਼ਤ ਕਰਦੇ ਹਨ ਉਹ ਇਹ ਹੈ ਕਿ ਉਹ ਆਪਣੇ ਬਾਰੇ ਖੁੱਲ੍ਹ ਕੇ ਬੋਲਦੇ ਹਨ। ਇਸ ਦਾ ਮਤਲਬ ਨਹੀਂ ਕਿ ਖੁੱਲ੍ਹ ਕੇ ਬੋਲਣ ਵਾਲਾ ਸੱਚ ਹੀ ਬੋਲ ਰਿਹਾ ਹੋਵੇ। ਕੁਝ ਲੋਕਾਂ ਨੇ ਉਨ੍ਹਾਂ ''ਤੇ ਸਵਾਲ ਚੁੱਕੇ ਹਨ, ਪਰ ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਅਮਰੀਕਾ ਦੀ ਸਭ ਤੋਂ ਵੱਡੇ ਧੋਖਿਆਂ ਨੂੰ ਉਜਾਗਰ ਕੀਤਾ ਹੈ।"
ਅਮਰੀਕਾ ਵਿੱਚ ਨਿਆਂ ਵਿਭਾਗ ਨੂੰ ਸਲਾਹ ਦੇਣ ਵਾਲੇ ਜੇਸ਼ੂਆ ਮਿਟਸ ਕਹਿੰਦੇ ਹਨ, "ਅਸੀਂ ਕਹਿੰਦੇ ਹਾਂ ਕਿ ਕੰਪਨੀਆਂ ਨੂੰ ਪਾਰਦਰਸ਼ੀ ਹੋਣਾ ਚਾਹੀਦਾ ਹੈ। ਸਿੱਧੀ ਗੱਲ ਕਰਨੀ ਚਾਹੀਦੀ ਹੈ ਕਿ ਉਹ ਨਿਵੇਸ਼ਕਾਂ ਦੇ ਪੈਸੇ ਨਾਲ ਕੀ ਕਰ ਰਹੇ ਹਨ। ਉਸੇ ਤਰ੍ਹਾਂ ਅਸੀਂ ਐਕਟੀਵਿਸਟ ਸ਼ੌਰਟ ਸੈੱਲਰਾਂ ਨੂੰ ਵੀ ਕਹਿਣਾ ਹੈ ਕਿ ਉਹ ਪਾਰਦਰਸ਼ੀ ਰਹਿਣ ਅਤੇ ਸਿੱਧੀ ਗੱਲ ਕਰਨ।"
ਹਿੰਡਨਬਰਗ ਦੀ ਸਭ ਤੋਂ ਨਾਮੀ ਰਿਪੋਰਟ
ਹਿੰਡਨਬਰਗ ''ਤੇ ਇਸ ਰਿਪੋਰਟ ਦੀ ਟਾਈਮਿੰਗ ਜਾਂ ਫਿਰ ਉਨ੍ਹਾਂ ਨੂੰ ਕਿੰਨਾ ਮੁਨਾਫ਼ਾ ਹੋਇਆ, ਇਸ ''ਤੇ ਕਈ ਸਵਾਲ ਉੱਠ ਰਹੇ ਹਨ।
ਅਸੀਂ ਨੇਟ ਐਂਡਰਸਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ।
ਹਿੰਡਨਬਰਗ ਦੀ ਵੈਬਸਾਈਟ ਮੁਤਾਬਕ ਹੁਣ ਤੱਕ ਅਡਾਨੀ ਵਾਲੀ ਰਿਪੋਰਟ ਨੂੰ ਮਿਲਾ ਕੇ 19 ਰਿਪੋਰਟਾਂ ਲਿਖੀਆਂ ਹਨ, ਅਤੇ ਸਭ ਤੋਂ ਨਾਮੀ ਰਿਪੋਰਟ ਸਤੰਬਰ 2020 ਵਿੱਚ ਜਾਰੀ ਹੋਈ ਸੀ।
ਇਸ ਵਿੱਚ ਨਿਕੋਲਾ ਨਾਮੀ ਅਮਰੀਕੀ ਇਲੈਕਟ੍ਰਾਨਿਕ ਆਟੋ ਕੰਪਨੀ ਦਾ ਭਾਂਡਾਫੋੜ ਕੀਤਾ ਗਿਆ ਸੀ।
ਇਸ ਵੇਲੇ 30 ਅਰਬ ਡਾਲਰ ਦੀ ਮਾਰਕਿਟ ਕੈਪਟੀਲ ਵਾਲੀ ਕੰਪਨੀ ਨਿਕੋਲਾ ਨੇ ਜ਼ੀਰੋ ਕਾਰਬਨ ਉਤਸਰਜਨ ਦੇ ਭਵਿੱਖ ਦਾ ਸੁਫਨਾ ਦਿਖਾਇਆ।
ਜਨਵਰੀ 2018 ਵਿੱਚ ਇੱਕ ਹਾਈਵੇਅ ''ਤੇ ਬੈਟਰੀ ਨਾਲ ਚੱਲਣ ਵਾਲੇ ''ਨਿਕੋਲਾ ਵੰਨ ਸੇਮੀ-ਟਰੱਕ'' ਦੇ ਤੇਜ਼ ਰਫ਼ਤਾਰ ਵਿੱਚ ਚੱਲਣ ਦਾ ਵੀਡੀਓ ਜਾਰੀ ਕੀਤਾ ਗਿਆ।
ਹਿੰਡਨਬਰਗ ਨੇ ਜਾਂਚ ਤੋ ਬਾਅਦ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਦਰਅਸਲ, ਸੇਮੀ-ਟਰੱਕ ਨੂੰ ਪਹਾੜ ਦੇ ਉੱਪਰਲੇ ਹਿੱਸੇ ''ਤੇ ਘਸੀਟ ਕੇ ਲਿਜਾਇਆ ਗਿਆ ਅਤੇ ਫਿਰ ਢਲਾਣ ''ਤੇ ਫ਼ਿਲਮ ਕੀਤੀ ਗਈ।
ਸਾਲ 2015 ਵਿੱਚ ਸਥਾਪਿਤ ਨਿਕੋਲਾ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ, ਪਰ ਬਾਅਦ ਵਿੱਚ ਕੰਪਨੀ ਪ੍ਰਮੁਖ ਟ੍ਰੈਵਰ ਮਿਲਟਨ ਨੂੰ ਅਸਤੀਫ਼ਾ ਦੇਣਾ ਪਿਆ, ਹਿੰਡਨਬਰਗ ਦੀ ਰਿਪੋਰਟ ਛਪਦਿਆਂ ਹੀ ਕੰਪਨੀਆਂ ਦੇ ਸ਼ੇਅਰ ਕਰੀਬ 24 ਫੀਸਦੀ ਡਿਗੇ।
ਨਿਕੋਲਾ ''ਤੇ 12 ਕਰੋੜ ਡਾਲਰ ਤੋਂ ਵੱਧ ਦਾ ਜੁਰਮਾਨਾ ਲੱਗਿਆ।
ਸਾਲ 2021 ਵਿੱਚ ਮਿਲਟਨ ''ਤੇ ਧੋਖਾਧੜੀ ਦੇ ਇਲਜ਼ਾਮ ਸਾਬਿਤ ਹੋਏ।
ਅਡਾਨੀ ਦੀ ਗੱਲ ਕਰੀਏ ਤਾਂ ਹਿੰਡਨਬਰਗ ਦੇ ਇਲਜ਼ਾਮਾਂ ''ਤੇ ਕੰਪਨੀ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ, ਜਿਸ ਦੇ ਜਵਾਬ ਵਿੱਚ ਹਿੰਡਨਬਰਗ ਨੇ ਕਿਹਾ ਕਿ ਅਡਾਨੀ ਨੇ ਉਸ ਦੇ 88 ਵਿੱਚੋਂ 62 ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ।
ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ, ਅਮਰੀਕਾ ਦਾ ਨਿਆਂ ਵਿਭਾਗ ਹਿੰਡਨਬਰਗ ਸਮੇਤ ਕਰੀਬ ਤੀਹ ਸ਼ੌਰਟ ਸੈਲਿੰਗ ਕੰਪਨੀਆਂ ਜਾਂ ਉਨ੍ਹਾਂ ਦੇ ਸਾਥੀਆਂ ਬਾਰੇ ਵਪਾਰ ਵਿੱਚ ਸੰਭਾਵਿਤ ਦੁਰਉਪਯੋਗ ਨੂੰ ਲੈ ਕੇ ਜਾਣਕਾਰੀ ਇਕੱਠੀ ਕਰ ਰਿਹਾ ਹੈ, ਹਾਲਾਂਕਿ ਕਿਸੇ ''ਤੇ ਕੋਈ ਇਲਜ਼ਾਮ ਨਹੀਂ ਲੱਗੇ ਹਨ।
ਹਿੰਡਨਬਰਗ ਨੇ ਅਡਾਨੀ ਨੂੰ ਕਿਉਂ ਚੁਣਿਆ ?
ਨਿਊਯਾਰਕ ਯੁਨੀਵਰਸਿਟੀ ਦੇ ਪ੍ਰੋਫੈਸਰ ਅਸਵਤ ਦਾਮੋਦਰਨ ਨੇ ਇੱਕ ਬਲੌਗ ਵਿੱਚ ਲਿਖਿਆ ਕਿ ਜਦੋਂ ਇਹ ਰਿਪੋਰਟ ਆਈ ਤਾਂ ਉਨ੍ਹਾਂ ਨੂੰ ਹੈਰਾਨਗੀ ਹੋਈ ਕਿਉਂਕਿ ਹਿੰਡਨਬਰਗ ਨੇ ਪਿਛਲੇ ਸਮੇਂ ਵਿੱਚ ਆਮ ਤੌਰ ''ਤੇ ਅਜਿਹੀ ਕਿਸੇ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਬਹੁਤ ਛੋਟੀਆਂ ਹਨ ਜਾਂ ਫਿਰ ਜਿਨ੍ਹਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਉਪਲਭਧ ਨਾ ਹੋਵੇ।
ਪਰ ਅਡਾਨੀ ਇੱਕ ਵੱਡੀ ਭਾਰਤੀ ਕੰਪਨੀ ਹੈ ਜਿਸ ਬਾਰੇ ਇੰਨੀ ਚਰਚਾ ਹੁੰਦੀ ਹੈ।
ਹਿੰਡਨਬਰਗ ਦੀਆਂ ਪੁਰਾਣੀਆਂ ਰਿਪੋਰਟਾਂ ਦੇਖੀਏ ਤਾਂ ਉਹ ਅਮਰੀਕੀ ਅਤੇ ਚੀਨੀ ਕੰਪਨੀਆਂ ਬਾਰੇ ਹਨ ਤਾਂ ਫਿਰ ਉਨ੍ਹਾਂ ਨੇ ਆਪਣੀ 19ਵੀਂ ਰਿਪੋਰਟ ਲਈ ਅਡਾਨੀ ਨੂੰ ਕਿਉਂ ਚੁਣਿਆ ?
ਨਿਊਯਾਰਕ ਵਿੱਚ ਸ਼ੌਰਟ ਸੈਲਿੰਗ ''ਤੇ ਨਿਊਜ਼ ਲੈਟਰ ''ਦ ਬੀਅਰ ਕੇਵ'' ਕੱਢਣ ਵਾਲੇ ਐਡਵਿਨ ਡਾਰਸੀ ਮੁਤਾਬਕ, ਉਨ੍ਹਾਂ ਨੂੰ ਨਹੀਂ ਪਤਾ ਕਿ ਹਿੰਡਨਬਰਗ ਨੇ ਅਡਾਨੀ ਵੱਲ ਦੇਖਣਾ ਕਿਉਂ ਸ਼ੁਰੂ ਕੀਤਾ ਪਰ ਐਕਟੀਵਿਸਟ ਸ਼ੌਰਟ ਸੈੱਲਰਾਂ ਨੂੰ ਜਦੋਂ ਕੋਈ ਟਿਪ ਮਿਲਦੀ ਹੈ, ਕਿਤੋਂ ਗੁੰਮਨਾਮ ਈ-ਮੇਲ ਮਿਲਦੀ ਹੈ ਤਾਂ ਉਸ ਕੰਪਨੀ ਵੱਲ ਦੇਖਣਾ ਸ਼ੁਰੂ ਕਰ ਦਿੰਦੇ ਹਨ।
ਗੁਜਰਾਤ ਦੇ ਅਹਿਮਦਾਬਾਦ ਸਥਿਤ ਮੁੰਦਰਾ ਬੰਦਰਗਾਹ
ਉਹ ਕਹਿੰਦੇ ਹਨ, "ਕਈ ਵਾਰ ਕੰਪਨੀ ਦਾ ਸਟੌਕ ਜਦੋਂ ਬਹੁਤ ਤੇਜ਼ੀ ਨਾਲ ਉਪਰ ਜਾਂਦਾ ਹੈ ਤਾਂ ਐਕਟੀਵਿਸਟ ਸ਼ੌਰਟ ਸੈੱਲਰ ਦਾ ਧਿਆਨ ਉਸ ਵੱਲ ਜਾਂਦਾ ਹੈ।"
ਅਪ੍ਰੈਲ 2022 ਦੀ ਇੱਕ ਮੀਡੀਆ ਰਿਪੋਰਟ ਮੁਤਾਬਕ, ਬੀਤੇ ਦੋ ਸਾਲਾਂ ਵਿੱਚ ਅਡਾਨੀ ਦੇ ਸ਼ੇਅਰ ਮਹਾਂਮਾਰੀ ਦੇ ਬਾਵਜੂਦ 18-20 ਗੁਣਾਂ ਵਧ ਗਏ ਸੀ।
ਸ਼ੌਰਟ ਸੈਲਿੰਗ ਕੰਪਨੀ ਸਕਾਰਪੀਅਨ ਕੈਪੀਟਲ ਦੇ ਮੁੱਖ ਨਿਵੇਸ਼ ਅਫਸਰ ਕੀਰ ਕੈਲੌਨ ਕਹਿੰਦੇ ਹਨ, "ਅਡਾਨੀ ਸਪਸ਼ਟ ਰੂਪ ਵਿੱਚ ਨਿਸ਼ਾਨੇ ''ਤੇ ਸੀ। ਭਾਰਤ ਦੇ ਅੰਦਰ ਵੀ ਸਾਲਾਂ ਤੋਂ ਅਡਾਨੀ ''ਤੇ ਧੋਖੇ ਦੇ ਇਲਜ਼ਾਮ ਲਗਦੇ ਰਹੇ ਹਨ। ਕੁਝ ਸਾਲ ਪਹਿਲਾਂ ਅਸੀਂ ਸ਼ੌਰਟ ਸੈੱਲਰ ਵਜੋਂ ਉਸ ''ਤੇ ਅਜ਼ਾਦ ਰੂਪ ਵਿੱਚ ਖੋਜ ਕੀਤੀ, ਫਿਰ ਅਸੀਂ ਇਹ ਸੋਚ ਕੇ ਛੱਡ ਦਿੱਤਾ ਕਿ ਇਸ ਵਿੱਚ ਦੱਸਣ ਲਾਇਕ ਕੋਈ ਗੱਲ ਨਹੀਂ, ਸਭ ਜੱਗ-ਜ਼ਾਹਿਰ ਹੈ। "
ਸ਼ੌਰਟ ਸੈੱਲਰਾਂ ''ਤੇ ਅਮਰੀਕਾ ਵਿੱਚ ਵੱਡੀ ਜਾਂਚ
ਅਡਾਨੀ ਸਮੂਹ ਹਮੇਸ਼ਾ ਧੋਖੇ ਦੇ ਹਰ ਇਲਜ਼ਾਮ ਨੂੰ ਇਨਕਾਰ ਕਰਦਾ ਰਿਹਾ ਹੈ।
ਕੋਲੰਬੀਆ ਲਾਅ ਸਕੂਲ ਦੇ ਪ੍ਰੋਫੈਸਰ ਜੇਸ਼ੂਆ ਮਿਟਸ ਦੇ ਮੁਤਾਬਕ, ਅਮਰੀਕਾ ਵਿੱਚ ਐਕਟੀਵਿਸਟ ਸ਼ੌਰਟ ਸੈੱਲਰਜ਼ ਨੂੰ ਲੈ ਕੇ ਰੈਗੁਲੇਟਰੀ ਸੰਸਥਾਵਾਂ ਦੀ ਜਾਂਚ ਵਧੀ ਹੈ।
ਇਸ ਲਈ ਉਨ੍ਹਾਂ ਨੇ ਦੂਜੇ ਬਜ਼ਾਰਾਂ ਦਾ ਰੁਖ ਕੀਤਾ ਹੈ ਜਿੱਥੇ ਬਜ਼ਾਰ ਸ਼ਾਇਦ ਇੰਨੇ ਵਿਕਸਿਤ ਨਾ ਹੋਣ।
ਉਹ ਕਹਿੰਦੇ ਹਨ, "ਜੇ ਬਜ਼ਾਰ ਜਾਂ ਰੈਗੁਲੇਟਰ ਅਮਰੀਕਾ ਤੋਂ ਪੰਜ-ਦਸ ਸਾਲ ਪਿੱਛੇ ਹੋਵੇ ਤਾਂ, ਜਾਂ ਫਿਰ ਸਥਾਨਕ ਰੈਗੁਲੇਟਰ ਬਹੁਤ ਸਮਾਰਟ ਨਹੀਂ ਹੈ ਤਾਂ ਸ਼ੌਰਟ ਸੈੱਲਰਜ਼ ਦੇ ਇਸ ਤਰ੍ਹਾਂ ਦੇ ਕਾਰਨਾਮੇ ਬਹੁਤ ਰੌਚਕ ਹੋ ਜਾਂਦੇ ਹਨ। ਇਹ ਸੱਚ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਐਕਟੀਵਿਸਟ ਸ਼ੌਰਟ ਸੈੱਲਰਜ਼ ਜ਼ਿਆਦਾ ਤੋਂ ਜ਼ਿਆਦਾ ਗਲੋਬਲ ਹੋ ਰਹੇ ਹਨ।"
ਨਿਊਯਾਰਕ ਵਿੱਚ ਸ਼ੌਰਟ ਸੈਲਿੰਗ ''ਤੇ ਨਿਊਜ਼ ਲੈਟਰ ''ਦ ਬੀਅਰ ਕੇਵ'' ਕੱਢਣ ਵਾਲੇ ਐਡਵਿਨ ਡਾਰਸੀ ਦੇ ਮੁਤਾਬਕ, ਅਮਰੀਕਾ ਦੀ ਸਭ ਤੋਂ ਪਹਿਲੀ ਵੱਡੀ ਕੰਪਨੀ ਸਿਟ੍ਰਾਨ ਰਿਸਰਚ ਸੀ ਜਿਸ ਦੀ ਸਥਾਪਨਾ ਐਂਡ੍ਰਿਊ ਲੈਫ਼ਟ ਨੇ ਕੀਤੀ ਸੀ।
ਵਾਲ ਸਟ੍ਰੀਟ ਜਰਨਲ ਨੇ ਇੱਕ ਅੰਕੜੇ ਮੁਤਾਬਕ ਸਾਲ 2001 ਤੋਂ 2014 ਦੇ ਵਿਚਕਾਰ ਸਿਟ੍ਰਾਨ ਨੇ 111 ਸ਼ੌਰਟ ਸੈੱਲ ਰਿਪੋਰਟਾਂ ਲਿਖੀਆਂ, ਅਤੇ ਹਰ ਸਿਟ੍ਰਾਨ ਰਿਪੋਰਟ ਛਪਣ ਤੋਂ ਬਾਅਦ ਟਾਰਗੇਟ ਸ਼ੇਅਰ ਦੀ ਕੀਮਤ ਵਿੱਚ ਔਸਤਨ 42 ਫੀਸਦੀ ਗਿਰਾਵਟ ਆਈ।
ਹਾਲਾਂਕਿ ਐਂਡ੍ਰਿਊ ਨੇ ਸਾਲ 2013 ਵਿੱਚ ਟੇਸਲਾ ਬਾਰੇ ਕਿਹਾ ਸੀ ਕਿ ਕੰਪਨੀ ਦੇ ਸ਼ੇਅਰ ਦੀ ਕੀਮਤ ਕੁਝ ਜ਼ਿਆਦਾ ਹੀ ਹੈ ਅਤੇ ਇਲੈਕਟ੍ਰੈਨਿਕ ਕਾਰ ਇੱਕ ਸਨਕ-ਜਿਹੀ ਹੈ, ਪਰ ਇਸ ਤੋਂ ਬਾਅਦ ਟੈਸਲਾ ਦੇ ਸ਼ੇਅਰ ਦੀ ਕੀਮਤ ਅਤੇ ਕਾਰਾਂ ਦੀ ਵਿਕਰੀ ਵਿੱਚ ਵਾਧਾ ਦਰਜ ਹੋਇਆ।
ਇਸ ਕਾਰੋਬਾਰ ਵਿੱਚ ਇੱਕ ਹੋਰ ਵੱਡਾ ਨਾਮ ਕਾਰਬਨ ਬਲੌਕ ਦਾ ਹੈ ਜਿਸ ਬਾਰੇ ਅਮਰੀਕੀ ਬਜ਼ਾਰਾਂ ਨੂੰ ਕਾਬੂ ਕਰਨ ਵਾਲੀ ਸੰਸਥਾ ਐਸਈਸੀ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਕਾਰਸਨ ਬਲੌਕ ਨੇ ਧੋਖੇਬਾਜ਼ੀ ਦੀਆਂ ਘਟਨਾਵਾਂ ''ਤੇ ਏਜੰਸੀ ਤੋਂ ਜ਼ਿਆਦਾ ਰੌਸ਼ਨੀ ਪਾਈ ਹੈ, ਅਤੇ ਨਿਵੇਦਕਾਂ ਦੇ ਪੈਸੇ ਬਚਾਏ ਹਨ।
ਐਕਟੀਵਿਸਟ ਸ਼ੌਰਟ ਸੈਲਰਜ਼ ਕਲੱਬ ਦੇ ਨਵੇਂ ਸਿਤਾਰੇ ਨੇਟ ਐਂਡਰਸਨ ਨੇ ਕੁਝ ਸਮਾਂ ਇਜ਼ਰਾਈਲ ਵਿੱਚ ਵੀ ਗੁਜ਼ਾਰਿਆ ਹੈ ਅਤੇ ਉਨ੍ਹਾਂ ਨੇ ਅਮਰੀਕੀ ਮੀਡੀਆ ਵਿੱਚ ਜੁਆਇੰਟ ਕਿੱਲਰ ਵੀ ਬੁਲਾਇਆ ਗਿਆ ਹੈ।
ਐਡਵਿਨ ਡਾਰਸੀ ਮੁਤਾਬਕ, ਅਮਰੀਕਾ ਵਿੱਚ ਐਕਟੀਵਿਸਟ ਸ਼ੌਰਟ ਸੈਲਿੰਗ 20-25 ਸਾਲ ਪੁਰਾਣੀ ਹੈ ਅਤੇ ਉੱਥੇ ਅਜਿਹੀਆਂ ਕਰੀਬ ਵੀਹ ਵੱਡੀਆਂ ਕੰਪਨੀਆਂ ਹਨ।
ਐਕਟੀਵਿਸਟ ਸ਼ੌਰਟ ਸੈਲਿੰਗ ''ਤੇ ਇੱਕ ਰਿਪੋਰਟ ਮੁਤਾਬਕ ਸਾਲ 2022 ਵਿੱਚ 113 ਨਵੇਂ ਹੋਰ ਵੱਡੇ ਸ਼ੌਰਟ ਕੌਂਪੇਨ ਆਏ, ਅਤੇ ਹਿੰਡਨਬਰਗ ਸਭ ਤੋਂ ਸਫਲ ਐਕਟੀਵਿਸਟ ਸ਼ੌਰਟ ਸੌਲਿੰਗ ਫ਼ਰਮਾਂ ਵਿੱਚੋਂ ਇੱਕ ਸੀ।
ਪਰ ਮਜ਼ੇਦਾਰ ਗੱਲ ਇਹ ਹੈ ਕਿ ਅਮਰੀਕੀ ਮੀਡੀਆ ਕਹਿ ਰਿਹਾ ਹੈ ਕਿ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਜ਼ਮੀਨ ''ਤੇ ਲਿਆਉਣ ਵਾਲੇ ਐਕਟੀਵਿਸਟ ਸ਼ੌਰਟ ਸੈਲਰਜ਼ ''ਤੇ ਵੀ ਅਮਰੀਕੀ ਕਾਨੂੰਨ ਦੀ ਨਜ਼ਰ ਹੈ।
ਸਾਲ 2018 ਵਿੱਚ ਅਮਰੀਕੀ ਬਜ਼ਾਰਾਂ ਨੂੰ ਕਾਬੂ ਕਰਨ ਵਾਲੀ ਸੰਸਥਾ ਐਸਈਸੀ ਨੇ ਇੱਕ ਹੇਜ ਫੰਡ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਹਰਜਾਨਾ ਭਰਨਾ ਪਿਆ ਸੀ।
ਅਮਰੀਕਾ ਵਿੱਚ ਕੋਲੰਬੀਆ ਲਾਅ ਸਕੂਲ ਦੇ ਪ੍ਰੋਫੈਸਰ ਜੋਸ਼ੁਆ ਮਿਟਾ ਕਹਿੰਦੇ ਹਨ, "ਜੇਕਰ ਕੁਝ ਪਾਰਟੀਆਂ ਦੀ ਜਾਂਚ ਹੋ ਰਹੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਪੂਰੀ ਇੰਡਸਟਰੀ ਜਾਂ ਫਿਰ ਇੱਕ ਇੰਡਸਟਰੀ ਦੇ ਹਰ ਭਾਗੀਦਾਰ ਦੀ ਜਾਂਚ ਹੋ ਰਹੀ ਹੈ।"
ਉਹ ਕਹਿੰਦੇ ਹਨ, "ਜੇ ਭਾਰਤੀ ਸਕਿਉਰਟੀਜ਼ ਰੈਗੁਲੇਟਰੀਜ਼ ਨੂੰ ਇਸ ਨੂੰ ਲੈ ਕੇ ਚਿੰਤਾ ਹੈ ਤਾਂ ਉਹ ਦੇਖ ਸਕਦੇ ਹਾਂ ਕਿ ਅਮਰੀਕਾ ਕੀ ਕਰ ਰਿਹਾ ਹੈ ਅਤੇ ਇੱਥੇ ਕੋਈ ਸਰਕਾਰੀ ਕਾਰਵਾਈਆਂ ਹੋਈਆਂ ਹਨ।"
ਹਿੰਡਨਬਰਗ ਖ਼ਿਲਾਫ਼ ਚੁਣੌਤੀ ਦਾ ਭਵਿੱਖ
ਫਾਈਨੈਂਸ਼ੀਅਲ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਗੌਤਮ ਅ਼ਡਾਨੀ ਨੇ ਹਿੰਡਨਬਰਗ ਦੇ ਖ਼ਿਲਾਫ਼ ਕਾਨੂੰਨੀ ਲੜਾਈ ਲਈ ਇੱਕ ਵੱਡੀ ਅਤੇ ਮਹਿੰਗੀ ਅਮਰੀਕੀ ਲਾਅ ਫ਼ਰਮ ਨੂੰ ਚੁਣਿਆ ਹੈ।
ਇਸ ਤੋਂ ਪਹਿਲਾਂ ਇੱਕ ਬਿਆਨ ਵਿੱਚ ਆਡਾਨੀ ਨੇ ਕਾਨੂੰਨੀ ਰਸਤਾ ਅਪਣਾਉਣ ਦੀ ਗੱਲ ਕਹੀ ਸੀ, ਜਦਕਿ ਹਿੰਡਨਬਰਗ ਨੇ ਕਿਹਾ ਸੀ ਕਿ ਅਮਰੀਕਾ ਵਿੱਚ ਕਾਨੂੰਨੀ ਪ੍ਰਕਿਰਿਆ ਦੌਰਾਨ ਉਹ ਬਹੁਤ ਸਾਰੇ ਦਸਤਾਵੇਜ਼ਾਂ ਦੀ ਮੰਗ ਕਰਨਗੇ।
ਜਾਣਕਾਰਾਂ ਦੇ ਮੁਤਾਬਕ, ਜਿਨ੍ਹਾਂ ਕੰਪਨੀਆਂ ਨੂੰ ਸ਼ੌਰਟ ਸੈਲਰਜ਼ ਨਿਸ਼ਾਨਾ ਬਣਾਉਂਦੇ ਹਨ ਉਹ ਕਈ ਵਾਰ ਮਾਣਹਾਨੀ ਦਾ ਦਾਅਵਾ ਕਰਦਿਆਂ ਅਦਾਲਤ ਦਾ ਰੁਖ ਕਰਦੇ ਹਨ, ਪਰ ਉਹ ਕੇਸ ਨੂੰ ਸਾਬਿਤ ਕਰਨਾ ਚੁਣੌਤੀਪੂਰਨ ਹੁੰਦਾ ਹੈ।
ਕਾਰਨ ਹੈ ਅਮਰੀਕਾ ਵਿੱਚ ਅਜ਼ਾਦੀ ਨਾਲ ਬੋਲਣ ਦੇ ਅਧਿਕਾਰ ਨੂੰ ਮਿਲੀ ਕਾਨੂੰਨੀ ਸੁਰੱਖਿਆ।
ਅਮਰੀਕਾ ਵਿੱਚ ਕੋਲੰਬੀਆਂ ਲਾਅ ਸਕੂਲ ਦੇ ਪ੍ਰੋਫੈਸਰ ਜੋਸ਼ੂਆ ਮਿਟਸ ਦੇ ਮੁਤਾਬਕ, ਅਮਰੀਕੀ ਅਦਾਲਤਾਂ ਬੋਲਣ ਦੀ ਅਜ਼ਾਦੀ ਦਾ ਬਹੁਤ ਧਿਆਨ ਰੱਖਦੀਆਂ ਹਨ ਅਤੇ ਬਹੁਤ ਸਾਰੇ ਐਕਟੀਵਿਸਟ ਸ਼ੌਰਟ ਸੈਲਰਜ਼ ਕਹਿ ਕੇ ਕੇਸ ਜਿੱਤ ਗਏ ਕਿ ਉਨ੍ਹਾਂ ਦਾ ਬੋਲਣ ਦਾ ਅਧਿਕਾਰ ਸੁਰੱਖਿਅਤ ਰਹਿਣਾ ਚਾਹੀਦਾ ਹੈ।"
"ਭਾਵੇਂ ਉਹ ਆਪਣੀ ਰਾਏ ਜ਼ਾਹਿਰ ਕਰ ਰਹੇ ਹੋਣ ਜਾਂ ਪਿਰ ਰਿਪੋਰਟ ਵਿੱਚ ਕੀ ਲਿਖਿਆ ਹੋਵੇ, ਬੋਲਣ ਦੀ ਅਜ਼ਾਦੀ ਸ਼ੌਰਟ ਸੈਲਰਜ਼ ਨੂੰ ਇੱਕ ਕਵੱਚ ਪਰਦਾਨ ਕਰਦੀ ਹੈ, ਭਾਵੇਂ ਕੰਪਨੀ ਨੂੰ ਕਿਉਂ ਨਾ ਲੱਗੇ ਕਿ ਰਿਪੋਰਟ ਗਲਤ ਹੈ।"
ਹਾਲਾਂਕਿ ਜੋਸ਼ੂਆ ਮਿਟਸ ਇਹ ਵੀ ਕਹਿੰਦੇ ਹਨ ਕਿ ਜੇ ਸ਼ੌਰਟ ਸੈਲਰ ਆਪਣੇ ਸ਼ੌਰਟ ਕੈਂਪੇਨ ਨਾਲ ਜੁੜੇ ਵਤੀਰੇ ਅਤੇ ਆਚਰਨ ਨੂੰ ਲੈ ਕੇ ਪਾਰਦਾਰਸ਼ੀ ਨਹੀਂ ਹੈ, ਤਾਂ ਉਹ ਉਨ੍ਹਾਂ ਲਈ ਕਾਨੂੰਨੀ ਬੋਝ ਜ਼ਰੂਰ ਬਣ ਸਕਦਾ ਹੈ।
ਭਾਰਤ ਵਿੱਚ ਸ਼ੌਰਟ ਸੈਲਿੰਗ ਦੀ ਸਥਿਤੀ
ਅਸ਼ੋਕਾ ਯੁਨੀਵਰਸਿਟੀ ਵਿੱਚ ਵਿਜ਼ਟਿੰਗ ਪ੍ਰੋਫੈਸਰ ਗੁਰਬਚਨ ਸਿੰਘ ਦੇ ਮੁਤਾਬਕ, ਭਾਰਤ ਵਿੱਚ ਸ਼ੌਰਟ ਸੈਲਿੰਗ ਹੁੰਦੀ ਹੈ ਪਰ ਵੱਡੇ ਪੱਧਰ ''ਤੇ ਨਹੀਂ, ਸ਼ੌਰਟ ਸੈਲਿੰਗ ''ਤੇ ਸੇਬੀ ਦੇ ਸ਼ੌਰਟ ਪੇਪਰ ਵਿੱਚ ਇਸ ਵਿੱਚ ਸੰਭਾਵਿਤ ਧੋਖਾਧੜੀ ਦੀ ਗੱਲ ਕੀਤੀ ਗਈ ਹੈ, ਅਤੇ ਦੱਸਿਆ ਗਿਆ ਹੈ ਕਿ ਕਿਨ੍ਹਾਂ ਕਾਰਨਾਂ ਨਾਲ ਇਸ ''ਤੇ ਭਾਰਤ ਵਿੱਚ 1998 ਅਤੇ 2011 ਵਿੱਚ ਰੋਕ ਲਗਾਈ ਗਈ ਸੀ।
ਜਾਣਕਾਰ ਦੱਸਦੇ ਹਨ ਕਿ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਹਿੰਡਨਬਰਗ ਨੇ ਲਿਖੀਆਂ ਉਸ ਤਰ੍ਹਾਂ ਦੀ ਰਿਪੋਰਟ ਭਾਰਤ ਵਿੱਚ ਲਿਖਣਾ ਚੁਣੌਤੀਪੂਰਨ ਹੈ।
ਸੇਬੀ(SEBI) ਦੇ ਨਾਲ ਰਜਿਸਟਰਡ ਰਿਸਰਚ ਵਿਸ਼ਲੇਸ਼ਕ ਨਿਤਿਨ ਮੰਗਲ ਕਹਿੰਦੇ ਹਨ, "ਸਾਡੇ ਲਈ ਅਲੋਚਨਾ ਸਹਿਣਾ ਮੁਸ਼ਕਿਲ ਹੁੰਦਾ ਹੈ। ਅਸੀਂ ਅਲੋਚਕਾਂ ਨੂੰ ਸਕਰਾਤਮਕ ਰੂਪ ਵਿੱਚ ਨਹੀਂ ਲੈੰਦੇ। ਲੋਕ ਮੇਰੇ ਰਿਸਰਚ ਦੀ ਬਹੁਤ ਅਲੋਚਨਾ ਕਰਦੇ ਹਨ, ਪਰ ਮੈਨੂੰ ਫ਼ਰਕ ਨਹੀਂ ਪੈਂਦਾ।"
ਮੰਗਲ ਦੇ ਮੁਤਾਬਕ, ਭਾਰਤ ਵਿੱਚ ਕਾਨੂੰਨੀ ਕਾਰਨਾਂ ਕਰਕੇ ਅਜਿਹੀਆਂ ਰਿਸਰਚ ਕੰਪਨੀਆਂ ਨਹੀਂ ਹਨ।
ਉਹ ਕਹਿੰਦੇ ਹਨ, "ਭਾਰਤ ਵਿੱਚ ਕੰਪਨੀਆਂ ਤੁਹਾਡੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦੀਆਂ ਹਨ। ਤੁਹਾਡੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਸਕਦੀਆਂ ਹਨ। ਅਮਰੀਕਾ ਵਿੱਚ ਪ੍ਰਕਿਰਿਆ ਬਹੁਤ ਵੱਖਰੀ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

18ਵੀਂ ਸਦੀ ''ਚ ਵਰਤੀ ਜਾਂਦੀ ਗੁਬਾਰੇ ਰਾਹੀਂ ਜਾਸੂਸੀ ਦੀ ਤਕਨੀਕ ਅੱਜ ਵੀ ਕਿਵੇਂ ਵਰਤੀ ਜਾ ਰਹੀ
NEXT STORY