ਹਰਸ਼ਿਤਾ ਦਾ ਆਪਣੀ ਦਾਦੀ ਨਾਲ ਬਹੁਤ ਲਗਾਅ ਸੀ
ਮੇਰੀ ਦਾਦੀ ਦੀ ਮੌਤ ਨੇ ਮੈਨੂੰ ਤੋੜ ਦਿੱਤਾ। ਸਾਡਾ ਬੜਾ ਨਿੱਘਾ ਤੇ ਅਜ਼ੀਜ਼ ਰਿਸ਼ਤਾ ਸੀ। ਉਨ੍ਹਾਂ ਨੇ ਮੈਨੂੰ ਸਦਾ ਇਹ ਅਹਿਸਾਸ ਕਰਵਾਇਆ ਸੀ ਕਿ ਮੈਂ ਦੁਨੀਆਂ ਵਿੱਚ ਸਭ ਤੋਂ ਚੰਗੀ ਅਤੇ ਹਰ ਮਾਅਨੇ ਵਿੱਚ ਵਧੀਆ ਹਾਂ।
ਆਪਣੇ ਸਭ ਤੋਂ ਅਜ਼ੀਜ਼ ਵਿਅਕਤੀ ਨੂੰ ਗੁਆਉਣ ਤੋਂ ਇਲਾਵਾ ਮੇਰੇ ਲਈ ਉਨ੍ਹਾਂ ਦੀ ਮੌਤ ਇੱਕ ਅਜੀਬੋ-ਗਰੀਬ ਜਾਗ੍ਰਿਤੀ ਵੀ ਲੈ ਕੇ ਆਈ ਸੀ ਕਿ ਔਰਤਾਂ ਨੂੰ ਉਨ੍ਹਾਂ ਦੇ ਅਜ਼ੀਜ਼ਾਂ ਦੀਆਂ ਅੰਤਿਮ ਰਸਮਾਂ ਕਰਨ ਵੇਲੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਾਲ 23 ਜਨਵਰੀ ਨੂੰ ਮੇਰੀ 95 ਸਾਲਾ ਦਾਦੀ ਨਿਰਮਲਾ ਦੇਵੀ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਮੇਰੀ ਦਾਦੀ ਨੇ ਹਮੇਸ਼ਾ ਮੇਰੀ ਬੇਝਿਜਕ ਪ੍ਰਸ਼ੰਸਾ ਕੀਤੀ ਸੀ। ਆਪਣੀ ਮੌਤ ਤੋਂ ਇੱਕ ਸ਼ਾਮ ਪਹਿਲਾਂ ਉਨ੍ਹਾਂ ਨੇ ਮੇਰੇ ਵੱਲੋਂ ਬਣਾਈ ਚਾਹ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮੈਂ ਆਪਣੇ ਭਰਾ ਨਾਲੋਂ ਬਿਹਤਰ ਚਾਹ ਬਣਾਉਂਦੀ ਹਾਂ।
(ਮੇਰਾ ਭਰਾ ਅਤੇ ਮੈਂ ਹਮੇਸ਼ਾ ਇਸ ਗੱਲ ਨੂੰ ਲੈ ਕੇ ਮੁਕਾਬਲਾ ਕਰਦੇ ਹੁੰਦੇ ਸੀ ਕਿ ਸਭ ਤੋਂ ਵਧੀਆ ਚਾਹ ਕੌਣ ਬਣਾਉਂਦਾ ਹੈ)।
ਹਾਲਾਂਕਿ, ਉਹ ਪੂਰੇ ਪਰਿਵਾਰ ਨਾਲ ਪਿਆਰ ਕਰਦੇ ਸਨ ਪਰ ਮੇਰੇ ਲਈ ਉਨ੍ਹਾਂ ਦੇ ਦਿਲ ਵਿੱਚ ਖ਼ਾਸ ਜਗ੍ਹਾ ਸੀ। ਉਹ ਮੇਰੀਆਂ ਟੇਢੀਆਂ-ਮੇਢੀਆਂ ਰੋਟੀਆਂ ਦੀ ਤਾਰੀਫ਼ ਕਰਦੇ, ਇੱਥੋਂ ਤੱਕ ਮੇਰੀ ਵਧੇਰੀ ਲੂਣ ਵਾਲੀ ਦਾਲ ਤੇ ਪਾਣੀ ਦਾ ਗਿਲਾਸ ਦੇਣ ''ਤੇ ਵੀ ਤਾਰੀਫ਼ ਕਰਦੇ ਸਨ।
(ਇਹ ਕਹਾਣੀ BBCShe ਪ੍ਰੋਜੈਕਟ ਦੇ ਤਹਿਤ ਹੋਈ ਹੈ। ਇਸ ਪ੍ਰਾਜੈਕਟ ਵਿੱਚ ਅਸੀਂ ਮਹਿਲਾ ਪਾਠਕਾਂ ਤੇ ਸਰੋਕਾਰਾਂ ਨੂੰ ਕੇਂਦਰ ਵਿੱਚ ਰੱਖ ਕੇ ਪੱਤਰਕਾਰਤਾ ਕਰ ਰਹੇ ਹਾਂ। BBCShe ਪ੍ਰੋਜੈਕਟ ਦੇ ਬਾਰੇ ਵਧੇਰੇ ਜਣਕਾਰੀ ਲਈ ਇੱਥੇ ਕਰੋ)
ਦਾਦੀ ਦੀ ਆਖ਼ਰੀ ਇੱਛਾ
ਉਨ੍ਹਾਂ ਨੂੰ ਕਾਰਡੀਆਕ ਅਰੈਸਟ ਹੋਇਆ ਅਤੇ ਉਹ ਹਫ਼ਤਾ ਭਰ ਹਸਪਤਾਲ ਵਿੱਚ ਰਹੇ ਸਨ। ਉਹ ਘਰ ਆਏ ਪਰ ਚਾਰ ਦਿਨਾਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ।
ਮੈਂ ਦਿੱਲੀ ਵਿੱਚ ਪੜ੍ਹਦੀ ਹਾਂ ਪਰ ਦਾਦੀ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸੁਣ ਕੇ ਮੈਂ ਜਲੰਧਰ ਆਪਣੇ ਘਰ ਆ ਗਈ ਸੀ। ਮੇਰੀ ਦਾਦੀ ਜਦੋਂ ਬਿਸਤਰੇ ''ਤੇ ਮੌਤ ਦਾ ਰਾਹ ਤੱਕ ਰਹੀ ਸੀ ਤਾਂ ਉਨ੍ਹਾਂ ਦੀ ਆਖ਼ਰੀ ਖੁਆਇਸ਼ ਸੀ ਕਿ ਉਹ ਜ਼ਮੀਨ ''ਤੇ ਮਰਨਾ ਚਾਹੁੰਦੇ ਹਨ।
ਹਰਸ਼ਿਤਾ ਨੂੰ ਅੰਤਿਮ ਰਸਮਾਂ ਦੌਰਾਨ ਆਪਣੀ ਦਾਦੀ ਨੂੰ ਛੂਹਣ ਨਹੀਂ ਦਿੱਤਾ ਗਿਆ
ਉਨ੍ਹਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਫਰਸ਼ ''ਤੇ ਪਾਉਣ ਦਾ ਫ਼ੈਸਲਾ ਲਿਆ।
ਜਦੋਂ ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਚੁੱਕਿਆ ਤਾਂ ਉਨ੍ਹਾਂ ਨੇ ਮੈਨੂੰ ਮਦਦ ਲਈ ਕਿਹਾ। ਮੈਂ ਅਜੇ ਮਦਦ ਲਈ ਹੱਥ ਅੱਗੇ ਹੀ ਵਧਾਇਆ ਸੀ ਕਿ ਮੇਰੀ ਦਾਦੀ ਦੀ ਦੇਖਭਾਲ ਲਈ ਰੱਖੀ ਗਈ ਔਰਤ (ਕੇਅਰਟੇਕਰ) ਨੇ ਮੇਰਾ ਹੱਥ ਪਿੱਛੇ ਧੱਕ ਦਿੱਤਾ।
ਉਸ ਔਰਤ ਨੇ ਕਿਹਾ, "ਮੈਂ ਉਨ੍ਹਾਂ ਨੂੰ ਹੱਥ ਨਹੀਂ ਲਗਾ ਸਕਦੀ ਕਿਉਂਕਿ ਉਹ ਸਰਾਪਿਤ ਹੋ ਜਾਣਗੇ।"
ਉਸ ਦੇ ਅਜਿਹਾ ਕਹਿਣ ''ਤੇ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਉਸ ''ਤੇ ਚੀਕੀ ''ਤੇ ਕਿਹਾ ਕਿ ਉਹ ਮੇਰੀ ਦਾਦੀ ਹੈ ਤੇ ਮੈਨੂੰ ਪਿਆਰ ਕਰਦੀ ਹੈ, ਮੇਰੇ ਹੱਥ ਲਗਾਉਣ ਨਾਲ ਉਹ ਖੁਸ਼ ਹੀ ਹੋਵੇਗੀ।
ਇਹ ਕਹਿਣ ਤੋਂ ਬਾਅਦ ਮੈਂ ਰੋਂਦੀ ਹੋਈ ਉਸ ਕਮਰੇ ਵਿੱਚੋਂ ਬਾਹਰ ਚਲੀ ਗਈ ਕਿਉਂਕਿ ਇਹ ਉਹ ਸਮਾਂ ਨਹੀਂ ਸੀ ਜਦੋਂ ਮੈਂ ਅਜਿਹੇ ਪੁਰਖਿਆਂ ਦੇ ਬਣਾਏ ਹੋਏ ਨਿਯਮਾਂ ਨਾਲ ਲੜ ਸਕਦੀ।
ਔਰਤਾਂ ਦੀਆਂ ਗੱਲਾਂ ਦਾ ਅਸਰ
ਮੇਰੇ ਮਾਤਾ-ਪਿਤਾ ਨੇ ਕੇਅਰਟੇਕਰ ਦੇ ਬਿਆਨ ''ਤੇ ਇਤਰਾਜ਼ ਕੀਤਾ ਅਤੇ ਮੈਨੂੰ ਕਮਰੇ ਵਿੱਚ ਵਾਪਸ ਆਉਣ ਲਈ ਕਿਹਾ। ਪਰ ਔਰਤ ਦੀਆਂ ਗੱਲਾਂ ਦਾ ਇੰਨਾ ਬੁਰਾ ਪ੍ਰਭਾਵ ਪਿਆ ਕਿ ਮੈਂ ਉਹ ਕਰ ਹੀ ਨਹੀਂ ਸਕੀ।
ਹਾਲਾਂਕਿ, ਇੰਨਾ ਹੀ ਨਹੀਂ ਸੀ, ਜਦੋਂ ਲੋਕਾਂ ਨੇ ਮੇਰੀ ਦਾਦੀ ਨੂੰ ਫਰਸ਼ ''ਤੇ ਲਿਟਾਉਣ ਲਈ ਚੁੱਕਿਆ, ਤਾਂ ਉਹ ਚਾਦਰ ਫਟ ਗਈ। ਦੇਖਭਾਲ ਕਰਨ ਵਾਲੀ ਔਰਤ ਮੇਰੇ ਕੋਲ ਆਈ ਅਤੇ ਉਸ ਨੇ ਮੈਨੂੰ ਕਿਹਾ, ''ਕਿਉਂਕਿ ਮੈਂ ਉਨ੍ਹਾਂ ਛੋਹਿਆ ਸੀ ਇਸ ਲਈ ਉਨ੍ਹਾਂ ਨੂੰ ਲੈ ਕੇ ਜਾ ਰਹੇ ਵਿਅਕਤੀਆਂ ਵਿੱਚੋਂ ਇੱਕ ਦਾ ਸੰਤੁਲਨ ਹਿੱਲ ਗਿਆ।''
ਮੈਨੂੰ ਵਿਸ਼ਵਾਸ਼ ਹੀ ਨਹੀਂ ਹੋਇਆ ਕਿ ਮੈਂ ਕੀ ਸੁਣ ਰਹੀ ਹਾਂ। ਉਹ ਮੈਨੂੰ ਕਹਿ ਰਹੀ ਸੀ ਕਿ ਸਿਰਫ਼ ਮੇਰੇ ਹੱਥ ਲਗਾਉਣ ਨਾਲ ਮੇਰੀ ਦਾਦੀ ਦੀ ਅਗਲੇਰੀ ਜ਼ਿੰਦਗੀ ਸਰਾਪਿਤ ਹੋ ਸਕਦੀ ਹੈ।
ਮੇਰੇ ਕੋਲ ਸ਼ਬਦ ਹੀ ਨਹੀਂ ਬਚੇ ਕਿ ਕੁਝ ਬੋਲ ਸਕਾਂ। ਜੋ ਕੁਝ ਵੀ ਹੋ ਰਿਹਾ ਸੀ ਉਸ ਨਾਲ ਮੇਰਾ ਜੀਅ ਭਰ ਆਇਆ। ਮੈਂ ਆਪਣੇ ਆਪ ਨੂੰ ਇਹ ਨਹੀਂ ਸਮਝਾ ਸਕੀ ਕਿ ਉਹ ਗ਼ਲਤ ਬੋਲ ਰਹੀ ਹੈ ਜਾਂ ਉਸ ਨੂੰ ਮੇਰੇ ਅਤੇ ਮੇਰੀ ਦਾਦੀ ਦੇ ਰਿਸ਼ਤੇ ਬਾਰੇ ਪਤਾ ਨਹੀਂ ਹੈ।
ਮੈਂ ਉਸ ਪਰਿਵਾਰ ਨਾਲ ਸਬੰਧ ਰੱਖਦੀ ਸੀ, ਜਿੱਥੇ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਸਮਝਿਆ ਜਾਂਦਾ ਸੀ। ਅਸੀਂ ਦੋਵੇਂ ਭੈਣ-ਭਰਾ ਜੋ ਵੀ ਕਰਨਾ ਚਾਹੁੰਦੇ ਸੀ, ਉਸ ਵਿੱਚ ਸਾਡੇ ਮਾਪਿਆਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ।
ਮੇਰੀ ਦਾਦੀ ਨੇ ਵੀ ਸਾਡੇ ਨਾਲ ਕਦੇ ਕੋਈ ਵਿਤਕਰਾ ਨਹੀਂ ਕੀਤਾ ਸੀ।
ਫਿਰ ਕਿਸੇ ਅਜਨਬੀ ਨੂੰ ਇਹ ਕਹਿੰਦਿਆਂ ਹੋਇਆਂ ਸੁਣਨਾ ਕਿ ਮੈਨੂੰ ਮੇਰੀ ਦਾਦੀ ਦੇ ਸਰੀਰ ਨੂੰ ਨਹੀਂ ਛੂਹਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਸਰਾਪਿਤ ਹੋ ਜਾਣਗੇ। ਇਹ ਕਿਸੇ ਦੋਹਰੀ ਮਾਰ ਵਾਂਗ ਹੈ।
ਮਜ਼ਬੂਤ ਔਰਤਾਂ
ਮੈਨੂੰ ਨਾ ਕਿਸੇ ਅਜਿਹੇ ਦੀ ਮੌਤ ਦਾ ਸੰਤਾਪ ਹੰਢਾਉਣਾ ਪਿਆ, ਜਿਸ ਨੂੰ ਕਿ ਮੈਂ ਬਚਪਨ ਤੋਂ ਹੀ ਬੇਪਨਾਹ ਪਿਆਰ ਕਰਦੀ ਸੀ ਬਲਕਿ ਮੈਨੂੰ ਉਸ ਵੇਲੇ ਪਿਤਾ-ਪੁਰਖੀ ਧਾਰਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ।
ਬਚਪਨ ਤੋਂ ਹੀ ਮੇਰੇ ਆਲੇ-ਦੁਆਲੇ ਮਜ਼ਬੂਤ ਔਰਤਾਂ ਰਹੀਆਂ ਸਨ। ਮੇਰੀ ਮਾਂ, ਮੇਰੀ ਨਾਨੀ ਅਤੇ ਦਾਦੀ, ਮੇਰੇ ਲਈ ਸਦਾ ਹੀ ਪ੍ਰੇਰਨਾ ਸਰੋਤ ਰਹੇ ਹਨ।
ਮੇਰੀ ਦਾਦੀ ਨੇ ਆਪਣੀ ਜਵਾਨੀ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ। ਲੋਕਾਂ ਦੇ ਕਹਿਣ ਦੇ ਬਾਵਜੂਦ ਉਨ੍ਹਾਂ ਮੁੜ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਲਿਆ ਸੀ ਅਤੇ ਉਹ ਫ਼ੈਸਲੇ ''ਤੇ ਕਾਇਮ ਰਹੇ।
ਹਰਸ਼ਿਤਾ ਦੀ ਦਾਦੀ ਸਕੂਲ ਦੇ ਪ੍ਰਿੰਸੀਪਲ ਵੀ ਰਹੇ ਸਨ
ਉਹ ਅੱਗੇ ਪੜ੍ਹਨਾ ਚਾਹੁੰਦੇ ਸਨ, ਉਨ੍ਹਾਂ ਆਪਣੀ ਪੜ੍ਹਾਈ ਜਾਰੀ ਰੱਖੀ। ਉਨ੍ਹਾਂ ਦੀ ਸਖ਼ਤ ਮਿਹਨਤ ਉਸ ਵੇਲੇ ਰੰਗ ਲਿਆਈ ਸੀ ਜਦੋਂ ਉਹ ਸਕੂਲ ਦੇ ਪ੍ਰਿੰਸੀਪਲ ਬਣੇ ਸਨ।
ਉਨ੍ਹਾਂ ਦੇ ਬੱਚੇ ਨਹੀਂ ਸਨ ਪਰ ਉਹ ਮੇਰੇ ਪਿਤਾ ਨੂੰ ਆਪਣੇ ਪੁੱਤ ਵਾਂਗ ਹੀ ਪਿਆਰ ਕਰਦੇ ਸਨ, ਜੋ ਉਨ੍ਹਾਂ ਦੀ ਭੈਣ ਦੇ ਬੇਟੇ ਸਨ।
ਮੌਤ ਨਾਲ ਕਈ ਸਵਾਲ ਖੜ੍ਹੇ ਹੋ ਗਏ
ਅਸੀਂ ਉਨ੍ਹਾਂ ਨੂੰ ''ਵੱਡੇ ਦਾਦੀ ਜੀ'' ਕਿਹਾ ਕਰਦੇ ਸੀ। ਉਹ ਇੱਕ ਮਜ਼ਬੂਤ ਔਰਤੀ ਸਨ, ਜਿਨ੍ਹਾਂ ਦੀ ਖੁਸ਼ੀ ਮਰਦਾਂ ''ਤੇ ਨਿਰਭਰ ਨਹੀਂ ਸੀ।
ਉਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਵੀ ਅਤੇ ਉਸ ਯੁੱਗ ਵਿੱਚ ਕੰਮਕਾਜੀ ਔਰਤ ਦੀ ਮਿਸਾਲ ਪੇਸ਼ ਕੀਤੀ ਜਦੋਂ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਸੀ।
ਪਰ ਉਨ੍ਹਾਂ ਦੀ ਮੌਤ ਨਾਲ ਕਈ ਸਵਾਲ ਖੜ੍ਹੇ ਹੋ ਗਏ। ਅੰਤਿਮ ਸੰਸਕਾਰ ਕਰਦੇ ਸਮੇਂ ਪੁਰਸ਼ਾਂ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਪਰ ਕੀ ਇਹ ਉਹ ਚੀਜ਼ ਹੈ ਜਿਸ ਨੇ ਮੇਰੀ ਦਾਦੀ ਨੂੰ ਨਾਰੀਵਾਦੀ ਹੋਣ ਦੀ ਮਨਜ਼ੂਰੀ ਦਿੱਤੀ? ਜਦੋਂ ਮੈਂ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਛੋੋਹ ਸਕਦੀ ਸੀ ਤਾਂ ਉਨ੍ਹਾਂ ਦੇ ਮਰਨ ਵੇਲੇ ਉਨ੍ਹਾਂ ਨੂੰ ਛੋਹਣ ''ਚ ਕੀ ਹਰਜ਼ ਸੀ?
ਹਰਸ਼ਿਤਾ ਨੂੰ ਦਾਦੀ ਦੀ ਮੌਤ ਨੇ ਤੋੜ ਕੇ ਰੱਖ ਦਿੱਤਾ
ਜਦੋਂ ਮੈਂ ਉਨ੍ਹਾਂ ਨਾਲ ਹਸਪਤਾਲ ਵਿੱਚ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ ਤਾਂ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਮੈਂ ਧੀ ਹਾਂ ਜਾਂ ਪੁੱਤਰ। ਤਾਂ ਉਨ੍ਹਾਂ ਦੇ ਮਰਨ ਤੋਂ ਤੁਰੰਤ ਬਾਅਦ ਚੀਜ਼ਾਂ ਕਿਵੇਂ ਬਦਲ ਗਈਆਂ?
ਮੈਨੂੰ ਯਾਦ ਹੈ ਕਿ ਮੈਂ ਅਤੇ ਮੇਰੇ ਮਾਪੇ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਗੰਗਾ ਜਲ ਛਿੜਕਦੇ ਸੀ। ਮੇਰੇ ਮਾਪਿਆਂ ਨੇ ਮੈਨੂੰ ਕਦੇ ਕੁਝ ਕਰਨ ਤੋਂ ਨਹੀਂ ਰੋਕਿਆ ਕਿਉਂਕਿ ਉਹ ਜਾਣਦੇ ਸਨ ਕਿ ਮੈਂ ਉਨ੍ਹਾਂ ਨਾਲ ਕਿੰਨਾ ਪਿਆਰ ਕਰਦੀ ਸੀ।
ਪਰ ਹਾਲਾਤ ਉਦੋਂ ਬਦਲ ਗਏ ਜਦੋਂ ਹੋਰ ਲੋਕ ਆ ਗਏ ਸਨ।
ਇਸ ਦੇ ਨਾਲ ਹੀ ਮੈਨੂੰ ਯਾਦ ਆਇਆ ਕਿ ਜਦੋਂ ਮੇਰੀ ਨਾਨੀ ਦੀ ਮੌਤ ਹੋਈ ਸੀ ਤਾਂ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੀਆਂ ਔਰਤਾਂ ਨੇ ਮੈਨੂੰ ਅਤੇ ਮੇਰੇ ਰਿਸ਼ਤੇਦਾਰੀ ''ਚ ਲਗਦੀਆਂ ਭੈਣਾਂ ਨੂੰ ਸ਼ਮਸਾਨ ਘਾਟ ਜਾਣ ਤੋਂ ਰੋਕਿਆ ਅਤੇ ਕਿਹਾ ਕਿ ਘਰੇ ਰਹਿ ਕੇ ਘਰ ਸਾਫ ਕਰੋ।
ਦਾਦੀ ਦੀ ਮੌਤ ਨਾਲ ਹਰਸ਼ਿਤਾ ਦੇ ਮਨ ਵਿੱਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ
ਮੇਰੀ ਮਾਂ ਅਤੇ ਮੇਰੇ ਮਾਮੀ ਨੇ ਤੈਅ ਕੀਤਾ ਕਿ ਅਸੀਂ ਤਿੰਨੇ ਸ਼ਮਸ਼ਾਨ ਘਾਟ ਜਾਵਾਂਗੇ। ਜੇਕਰ ਅਜਿਹਾ ਨਾ ਹੁੰਦਾ ਤਾਂ ਅਸੀਂ ਆਪਣੇ ਨਾਨੀ ਦੇ ਅੰਤਿਮ ਸੰਸਕਾਰ ਨੂੰ ਵੀ ਨਹੀਂ ਦੇਖ ਸਕਦੇ ਸੀ।
ਜਦੋਂ ਮੈਂ ਸਵਾਲ ਪੁੱਛਿਆ ਕਿ ਮਾਪਿਆਂ ਦੇ ਅੰਤਿਮ ਸੰਸਕਾਰ ਲਈ ਸਿਰਫ਼ ਪੁੱਤਰ ਹੀ ਕਿਉਂ ਜਾਂਦੇ ਹਨ ਤਾਂ ਮੈਨੂੰ ਵੱਖ-ਵੱਖ ਜਵਾਬ ਮਿਲੇ ਪਰ ਕੋਈ ਸੰਤੁਸ਼ਟੀਜਨਕ ਨਹੀਂ ਸੀ।
ਕਈ ਥਾਵਾਂ ''ਤੇ ਔਰਤਾਂ ਨੂੰ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਹੁੰਦੀ।
ਕੀ ਲੋਕ ਕੁੜੀ ਨਾਲੋਂ ਪੁੱਤ ਦੀ ਕਾਮਨਾ ਇਸੇ ਲਈ ਕਰਦੇ ਹਨ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਕੋਈ ਹੋਵੇ? ਕੀ ਇਹ ਮੌਤ ਤੋਂ ਬਾਅਦ ਸੱਚਮੁੱਚ ਸ਼ਾਂਤੀ ਨੂੰ ਯਕੀਨੀ ਬਣਾਉਂਦਾ ਹੈ? ਕੀ ਰੱਬ ਸੱਚਮੁੱਚ ਆਪਣੇ ਬਣਾਏ ਹੋਏ ਦੋ ਲਿੰਗਾਂ ਵਿੱਚ ਫਰਕ ਕਰਦਾ ਹੈ?
ਜਦੋਂ ਕੋਈ ਆਪਣਾ ਚਲਾ ਜਾਂਦਾ ਹੈ ਤਾਂ ਉਸ ਦੇ ਕਮਰੇ ਬਾਰੇ ਸੋਚੋ, ਜੋ ਸਦਾ ਲਈ ਖਾਲੀ ਹੋ ਜਾਂਦਾ ਹੈ, ਉਨ੍ਹਾਂ ਦੀ ਆਵਾਜ਼ ਮੁੜ ਕਦੇ ਨਹੀਂ ਗੂੰਜਦੀ ਅਤੇ ਉਨ੍ਹਾਂ ਦਾ ਅਹਿਸਾਸ ਕਦੇ ਨਹੀਂ ਲੱਭਦਾ।
ਹੋ ਸਕਦਾ ਹੈ ਕਿ ਮੇਰੀ ਦਾਦੀ ਨੂੰ ਇੱਕ ਆਖ਼ਰੀ ਵਾਰ ਛੂਹਣਾ ਅਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਦਾ ਹਿੱਸਾ ਬਣਨਾ ਮੈਨੂੰ ਇਸ ਸਭ ਕਾਸੇ ''ਤੋਂ ਨਿਕਲਣ ਲਈ ਮਦਦ ਕਰਦਾ।
ਮੈਨੂੰ ਇੱਕ ਗੱਲ ਦਾ ਪੱਕਾ ਯਕੀਨ ਹੈ ਕਿ ਮੇਰੀ ਦਾਦੀ ਉਸ ਵੇਲੇ ਜੇਕਰ ਹੋਸ਼ ਵਿੱਚ ਹੁੰਦੀ, ਤਾਂ ਉਹ ਮੈਨੂੰ ਉਨ੍ਹਾਂ ਨੂੰ ਛੂਹਣ ਨਾ ਦੇਣ ਲਈ ਸਾਰਿਆਂ ਨੂੰ ਝਿੜਕ ਦਿੰਦੀ।
(ਸੀਰੀਜ਼ ਪ੍ਰੋਡੀਊਸਰ - ਦਿਵਿਆ ਆਰਿਆ ਤੇ ਖੁਸ਼ਬੂ ਸੰਧੂ)
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨਾਭਾ ਜੇਲ੍ਹ ਬਰੇਕ: ਕਿਸ ਤਰ੍ਹਾਂ ਬਣੀ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿੱਚੋਂ ਆਪਣੇ ਸਾਥੀ ਛੁਡਵਾਉਣ ਦੀ...
NEXT STORY