ਇਮਰਾਨ ਖ਼ਾਨ
ਜਿਨ੍ਹਾਂ ਭੈਣਾਂ ਤੇ ਭਰਾਵਾਂ ਨੇ ਪੰਜਾਬੀ ਦੇ ਦੋ ਚਾਰ ਸ਼ੇਅਰ ਈ ਸੁਣੇ ਨੇ, ਉਨ੍ਹਾਂ ਨੂੰ ਵੀ ਮੀਆਂ ਮੁਹੰਮਦ ਬਖ਼ਸ਼ ਦਾ ਇਹ ਸ਼ੇਅਰ ਜ਼ਰੂਰ ਯਾਦ ਹੋਵੇਗਾ ਬਈ:
ਫਸ ਗਈ ਜਾਨ ਸ਼ਿਕੰਜੇ ਅੰਦਰ ਜਿਉਂ ਬੇਲਣ ਵਿੱਚ ਗੰਨਾ
ਰੌਹ ਨੂੰ ਕਹਿ ਹੁਣ ਰਵ੍ਹੇ ਮੁਹੰਮਦ ਹੁਣ ਜੇ ਰਵ੍ਹੇ ਤੇ ਮੰਨਾ
ਪਾਕਿਸਤਾਨ ਦੀ ਜਾਨ ਵੀ ਕੁਛ ਐਸੇ ਈ ਸ਼ਿਕੰਜੇ ਵਿੱਚ ਫਸ ਗਈ ਏ।
ਇੱਕ ਪਾਸੇ ਇਮਰਾਨ ਖਾਨ ਤੇ ਉਹਦੇ ਆਸ਼ਕ ਨੇ ਜਿਹੜੇ ਆਂਹਦੇ ਨੇ ਬਈ ਅਗਰ ਖਾਨ ਨਹੀਂ ਤੇ ਅਸੀਂ ਸਾਰਾ ਕੁਛ ਸਾੜ ਕੇ ਸੁਆਹ ਕਰ ਦਿਆਂਗੇ।
ਦੂਸਰੇ ਪਾਸੇ ਸਾਰੇ ਉਹ ਨੇ ਜਿਹੜੇ ਆਂਹਦੇ ਨੇ ਕਿ ਸਾਨੂੰ ਹਰ ਬੇਇੱਜ਼ਤੀ ਕਬੂਲ ਏ, ਬਸ ਖਾਨ ਨੂੰ ਵਾਪਸ ਨਹੀਂ ਆਉਣ ਦੇਣਾ।
ਖਾਨ ਨੇ ਐਸਾ ਵਖ਼ਤ ਪਾਇਆ ਬਈ ਸਾਰੀ ਉਮਰ ਜਮਹੂਰੀਅਤ ਦੀ ਮਾਲਾ ਜਪਣ ਆਲੇ ਵੀ ਆਂਹਦੇ ਨੇ ਕਿ ਇਲੈੱਕਸ਼ਨ ਬਾਅਦ ਵਿੱਚ ਦੇਖਾਂਗੇ, ਪਹਿਲੇ ਖਾਨ ਦਾ ਕੁਛ ਕਰੋ।
ਇਹਨੂੰ ਜੇਲ੍ਹ ਸੁੱਟੋ, ਇਹਨੂੰ ਡਿਸਕੁਆਲੀਫਾਈ ਕਰੋ। ਇਹ ਬੜਾ ਬੜਬੋਲਾ ਐ, ਇਹ ਦੋਗਲਾ ਐ। ਨਾ ਖੇਡਦਾ, ਨਾ ਕਿਸੇ ਨੂੰ ਖੇਡਣ ਦਿੰਦਾ ਤ ਜੇ ਇਹ ਪੁੱਛੋ ਬਈ ਜੇ ਏਡਾ ਈ ਭੈੜਾ ਏ ਤਾਂ ਇਲੈੱਕਸ਼ਨ ਕਰਵਾ ਕੇ ਦੇਖ ਲਓ। ਐਹ ਘੋੜਾ, ਐਹ ਘੋੜੇ ਦਾ ਮੈਦਾਨ, ਆਪੇ ਪਤਾ ਲੱਗ ਜਾਏਗਾ।
ਅੱਗੋਂ ਜਵਾਬ ਆਉਂਦਾ ਬਈ ਨਵਾਜ਼ ਸ਼ਰੀਫ਼ ਨੂੰ ਵੀ ਤਾਂ ਡਿਸਕੁਆਲੀਫਾਈ ਕੀਤਾ ਸੀ, ਜੇਲ੍ਹ ਵੀ ਭੇਜਿਆ ਸੀ ਤੇ ਜ਼ਰਦਾਰੀ ਸਾਹਬ ਦਾ ਤਾਂ ਘਰ ਈ ਜੇਲ੍ਹ ਹੁੰਦਾ ਸੀ।
ਇਮਰਾਨ ਖ਼ਾਨ ਦੇ ਸਮਰਥਕ ਉਨ੍ਹਾਂ ਦੇ ਘਰ ਨੇੜੇ ਇਕੱਠੇ ਹੋਏ
ਇਹ ਖਾਨ ਇੱਥੋਂ ਕਿਹੜਾ ਏਡਾ ਲਾਡਲਾ ਆ ਗਿਆ ਬਈ ਇਹ ਘਰ ਬੈਠਾ ਈ ਬਾਦਸ਼ਾਹ ਬਣਿਆ ਰਵ੍ਹੇ।
ਇਹ ਉਸ ਤਰ੍ਹਾਂ ਦੀ ਗੱਲ ਏ ਕਿ ਵੱਡੇ ਭਰਾ ਨੂੰ ਕੁੱਟ ਪਈ ਹੋਵੇ, ਉਹਨੂੰ ਆਖੇ ਇਹ ਛੋਟੇ ਨੂੰ ਵੀ ਕੁੱਟੋ, ਨਹੀਂ ਤਾਂ ਮੈਂ ਤੁਹਾਨੂੰ ਅੱਬਾ ਮੰਨਣਾ ਈ ਨਹੀਂ।
ਹੁਣ ਇੱਥੇ ਇਹ ਦੱਸਣ ਦੀ ਲੋੜ ਨਹੀਂ ਬਈ ਸਾਡਾ ਅੱਬਾ ਹੈ ਕਿਹੜਾ।
ਪਾਕਿਸਾਨ ਫੌਜ ਨਾਲ ਪਿਆਰ ਦੀ ਸਿੱਖਿਆ
ਸਾਨੂੰ ਬਚਪਨ ਤੋਂ ਪਾਕ ਫੌਜ ਨਾਲ ਪਿਆਰ ਸਿਖਾਇਆ ਜਾਂਦਾ ਐ, ਮਾਂ ਪਿਓ ਨੂੰ ਸਲਾਮ ਕਰਨਾ ਆਵੇ ਨਾ ਆਵੇ, ਅਸੀਂ ਪਾਕ ਫੌਜ ਨੂੰ ਬਚਪਨ ਤੋਂ ਹੀ ਸਲਾਮ ਕਰਦੇ ਆਏ ਆਂ।
ਥੋੜ੍ਹਾ ਜਿਹਾ ਪਹਿਲੇ ਤੱਕ ਸਾਡੇ ਸਾਰਿਆਂ ਦਾ ਅੱਬਾ ਜਨਰਲ ਬਾਜਵਾ ਸੀ, ਉਹਨੂੰ ਬੜੀ ਮੁਸ਼ਕਿਲ ਨਾਲ ਘਰ ਭੇਜਿਆ ਏ।
ਨਾਲ ਪਤਾ ਨਹੀਂ ਕਿੰਨੇ ਪਲਾਟ ਤੇ ਕਿੰਨੇ ਮੁਰੱਬੇ ਜ਼ਮੀਨ ਦਿੱਤੀ ਏ, ਇਸ ਉਮੀਦ ਵਿੱਚ ਬਈ ਰਿਟਾਇਰ ਹੋ ਕੇ ਘਰ ਚੁੱਪ ਕਰ ਕੇ ਬੈਠ ਜਾਏਗਾ।
ਉਹ ਅੱਜ ਹਰ ਦੂਸਰੇ ਦਿਨ ਕਿਸੇ ਨੂੰ ਇੰਟਰਵਿਉ ਦੇ ਕੇ ਆਂਹਦਾ ਕਿ ਬਈ ‘‘ਇਮਰਾਨ ਖਾਨ ਕੋ ਸ਼ਾਇਦ ਲਾਇਆ ਤੋਂ ਮੈਂ ਹੀ ਥਾ, ਲੇਕਿਨ ਏਹ ਬੜਾ ਨਾਲਾਇਕ ਔਰ ਝੂਠਾ ਨਿਕਲਾ।’’
ਲਾਹੌਰ ਅਦਾਲਤ ਬਾਹਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ
ਹੁਣ ਬਾਜਵਾ ਸਾਹਬ ਪਤਾ ਨਹੀਂ ਪਹਿਲੇ ਝੂਠ ਮਾਰਦੇ ਸਨ ਯਾ ਹੁਣ ਝੂਠ ਮਾਰਦੇ ਨੇ।
ਉੱਤੋ ਜਨਰਲ ਬਾਜਵਾ ਨੇ ਆਪਣੀ ਬੇਇੱਜ਼ਤੀ ਪੂਰੀ ਫੌਜ ਦੇ ਗਲ ਪਾ ਛੱਡੀ ਏ।
ਹੁਣ ਹਾਲ ਇਹ ਐ ਬਈ ਫੌਜ ਦਾ ਜਿਹੜਾ ਤੁਆਲਕਾਤੇ ਆਮਦਾਦਾਰ ਹੈ ਜਿਹਨੂੰ ਆਈਸੀਪੀਆਰ ਆਂਹਦੇ ਨੇ, ਉਹ ਸੋਸ਼ਲ ਮੀਡੀਆ ’ਤੇ ਅਸਲਾਮਾਲੇਕਮ ਵੀ ਆਖ ਦੇਵੇ ਤਾਂ ਅੱਗੋਂ ਐਨੀਆਂ ਗਾਲ੍ਹਾਂ ਪੈਂਦੀਆਂ ਨੇ ਜਿੰਨੀਆਂ ਕਿ ਕਿਸੇ ਸਾਡੇ ਦੁਸ਼ਮਣ ਨੇ ਵੀ ਨਹੀਂ ਦਿੱਤੀਆਂ ਹੋਣੀਆਂ।
ਬੰਦਾ ਇਹ ਵੀ ਸੋਚਦਾ ਐ ਬਈ ਜਵਾਨਾਂ ਨੂੰ ਇਹ ਗਾਲ੍ਹਾਂ ਸਿਖਾਈਆਂ ਕਿਹਨੇ ਨੇ।
ਫਿਰ ਖਿਆਲ ਆਉਂਦਾ ਏ ਬਈ ਆਈਸੀਪੀਆਰ ਨੇ ਆਪ ਈ ਵਰਕਸ਼ਾਪਾਂ ਕਰਾ-ਕਰਾ ਕੇ ਇਨ੍ਹਾਂ ਨੂੰ ਇਹ ਗਾਲ੍ਹਾਂ ਸਿਖਾਈਆਂ ਸਨ।
ਸਾਡੇ ਜਰਨੈਲ ਬੜੇ ਚਾਵਾਂ ਨਾਲ ਇਮਰਾਨ ਖਾਨ ਨੂੰ ਲੈ ਕੇ ਆਏ ਸਨ, ਹੁਣ ਜਦੋਂ ਇਮਰਾਨ ਖਾਨ ਆਂਹਦਾ ਐ ਕਿ ਏਸ ਦਫ਼ਾ ਮੈਂ ਆਪਣੇ ਜ਼ੋਰ ’ਤੇ ਆਸਾਂ ਤੇ ਸਾਰਿਆਂ ਨੂੰ ਭੜਥੂ ਪੈ ਜਾਂਦਾ ਬਈ ਖਾਨ ਦੁਬਾਰਾ ਆ ਗਿਆ, ਪਤਾ ਨਹੀਂ ਸਾਡੇ ਨਾਲ ਕੀ ਕਰਸੀ।
ਸਾਡੇ ਕੁਛ ਪੁਰਾਣੇ ਯਾਰ ਨੇ, ਉਹ ਜ਼ਿੰਦਗੀ ਦੇ ਹਰ ਮਸਲੇ ਦੀ ਮਿਸਾਲ ਪੁਰਾਣੀ ਫਿਲਮ ‘ਹੀਰ ਰਾਂਝਾ’ ਦੇ ਕਿਸੇ ਡਾਇਲਾਗ ਤੋਂ ਕੱਢ ਲੈਂਦੇ ਨੇ।
ਜਿਹੜੀਆਂ ਸੱਧਰਾਂ ਨਾਲ ਸਾਡੇ ਜਨਰਲ ਇਮਰਾਨ ਖਾਨ ਨੂੰ ਲਿਆਏ ਸਨ, ਫਿਲਮ ਵਿੱਚ ਇਵੇਂ ਹੀ ਸੈਦਾ ਖੇੜਾ ਹੀਰ ਨੂੰ ਵਿਆਹ ਕੇ ਲਿਆਇਆ ਸੀ।
ਫਿਰ ਕਹਿੰਦਾ ਫਿਰਦਾ ਸੀ ਬਈ ਅਸੀਂ ਤੈਨੂੰ ਸੌ ਤੋਲੇ ਸੋਨਾ ਪਾ ਛੱਡਿਆ, ਤੇ ਤੂੰ ਸਾਨੂੰ ਆਂਦੇ ਈ ਵਖ਼ਤ ਪਾ ਛੱਡਿਆ।
ਰੋਜ਼ਿਆਂ ਦਾ ਮਹੀਨਾ ਆ ਗਿਐ, ਸੁਣਿਆ ਇਹਦੇ ਵਿੱਚ ਬੜੇ ਬੜੇ ਗੁਨਾਹਗਾਰ ਬਖ਼ਸ਼ੇ ਜਾਂਦੇ ਨੇ, ਤੇ ਖਾਨ ਦੇ ਕਹਿਰ ਤੋਂ ਡਰੋ ਤੇ ਮਾਫ਼ੀਆਂ ਮੰਗੋ ਤੇ ਮੀਆਂ ਮੁਹੰਮਦ ਬਖ਼ਸ਼ ਦੀ ਇਹ ਅਰਜ਼ ਵੀ ਸੁਣ ਲਓ,
ਬਈ:
ਫਜ਼ਲ ਕਰੇਂ ਤੇ ਬਖ਼ਸ਼ੇ ਜਾਵਣ ਮੈਂ ਜਿਹੇ ਮੂੰਹ ਕਾਲੇ
ਅਦਲ ਕਰੇਂ ਤੇ ਥਰ-ਥਰ ਕੰਬਣ ਉੱਚੀਆਂ ਸ਼ਾਨਾਂ ਵਾਲੇ।
ਰੱਬ ਰਾਖਾ!
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਰਾਹੁਲ ਗਾਂਧੀ ਕੋਲ ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕਾਨੂੰਨੀ ਰਸਤਾ ਕੀ ਰਹਿ ਗਿਆ ਹੈ
NEXT STORY