ਲੀਡਰ ਜਨਰਲ ਮੁਹੰਮਦ ਹਮਦਾਂ ਡਾਗਾਲੋ ਹਨ ਜਿਨ੍ਹਾਂ ਨੂੰ ਹੇਮੇਡਟੀ ਵਜੋਂ ਵੀ ਜਾਣਿਆ ਜਾਂਦਾ ਹੈ
ਸੁਡਾਨ ਦੀ ਰਾਜਧਾਨੀ ਖਾਰਤੂਮ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੀ ਲੜਾਈ, ਇੱਥੋਂ ਦੀ ਮਿਲਟਰੀ ਲੀਡਰਸ਼ਿਪ ਵਿੱਚ ਸੱਤਾ ਨੂੰ ਲੈ ਕੇ ਚੱਲ ਰਹੀ ਅੰਦਰੂਨੀ ਖਿੱਚੋਤਾਣ ਦਾ ਨਤੀਜਾ ਹੈ।
ਇਹ ਝੜਪਾਂ ਇੱਥੋਂ ਦੀ ਸੈਨਾ ਅਤੇ ਰੈਪਿਡ ਸਪੋਰਟ ਫੋਰਸ ਵਜੋਂ ਜਾਣੇ ਜਾਂਦੇ ਅਰਧ-ਸੈਨਿਕ ਬਲਾਂ ਵਿਚਕਾਰ ਹੋ ਰਹੀਆਂ ਹੈ।
ਸੁਡਾਨ ਕਿੱਥੇ ਹੈ ?
ਸੁਡਾਨ ਉੱਤਰ-ਪੂਰਬ ਅਫ਼ਰੀਕਾ ਵਿੱਚ ਸਥਿਤ ਹੈ ਅਤੇ 19 ਲੱਖ ਵਰਗ ਕਿਲੋਮੀਟਰ ਖੇਤਰ ਨਾਲ ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ।
ਇਹ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ। ਇੱਥੋਂ ਦੇ 460 ਲੱਖ ਲੋਕ ਔਸਤਨ ਸਲਾਨਾ 750 ਡਾਲਰ ਪ੍ਰਤੀ ਵਿਅਕਤੀ ਦੀ ਆਮਦਨ ਨਾਲ ਗੁਜ਼ਾਰਾ ਕਰਦੇ ਹਨ।
ਸੁਡਾਨ ਦੀ ਵਧੇਰੇ ਅਬਾਦੀ ਮੁਸਲਿਮ ਹੈ ਅਤੇ ਦੇਸ਼ ਦੀ ਅਧਿਕਾਰਤ ਭਾਸ਼ਾ ਅਰਬੀ ਅਤੇ ਅੰਗਰੇਜ਼ੀ ਹਨ।
ਜਨਰਲ ਅਬਦੇਲ ਫਤਾਹ ਅਲ-ਬੁਰਹਾਨ, ਜੋ ਕਿ ਸੈਨਾ ਦੇ ਮੁਖੀ ਹਨ ਅਤੇ ਰਾਸ਼ਟਰਪਤੀ ਵਜੋਂ ਦੇਸ਼ ਦੀ ਕਮਾਨ ਉਨ੍ਹਾਂ ਦੇ ਹੱਥ ਹੈ
ਸੁਡਾਨ ਵਿੱਚ ਕੌਣ ਕਿਸ ਨਾਲ ਲੜ ਰਿਹਾ ਹੈ?
ਸਾਲ 2021 ਦੇ ਤਖ਼ਤਾ ਪਲਟ ਤੋਂ ਲੈ ਕੇ, ਸੁਡਾਨ ਨੂੰ ਦੋ ਫ਼ੌਜੀ ਅਫ਼ਸਰਾਂ ਦੀ ਅਗਵਾਈ ਵਾਲੀ ਕਾਊਂਸਲ ਆਫ ਜਨਰਲਜ਼ ਚਲਾ ਰਹੀ ਹੈ। ਇਹ ਅਫ਼ਸਰ ਤਾਜ਼ਾ ਵਿਵਾਦ ਦਾ ਕੇਂਦਰ ਵੀ ਹਨ।
- ਜਨਰਲ ਅਬਦੇਲ ਫਤਾਹ ਅਲ-ਬੁਰਹਾਨ, ਜੋ ਕਿ ਸੈਨਾ ਦੇ ਮੁਖੀ ਹਨ ਅਤੇ ਰਾਸ਼ਟਰਪਤੀ ਵਜੋਂ ਦੇਸ਼ ਦੀ ਕਮਾਨ ਉਨ੍ਹਾਂ ਦੇ ਹੱਥ ਹੈ।
- ਉਨ੍ਹਾਂ ਦੇ ਡਿਪਟੀ ਵਜੋਂ ਰੈਪਿਡ ਸਪੋਰਟ ਫੋਰਸ ਦੇ ਲੀਡਰ ਜਨਰਲ ਮੁਹੰਮਦ ਹਮਦਾਂ ਡਾਗਾਲੋ ਹਨ ਜਿਨ੍ਹਾਂ ਨੂੰ ਹੇਮੇਡਟੀ ਵਜੋਂ ਵੀ ਜਾਣਿਆ ਜਾਂਦਾ ਹੈ।
ਉਨ੍ਹਾਂ ਨੇ ਦੇਸ਼ ਦੀ ਦਿਸ਼ਾ ਨਾਲ ਅਸਹਿਮਤੀ ਜ਼ਾਹਿਰ ਕੀਤੀ ਅਤੇ ਨਾਗਰਿਕ ਰਾਜ ਵੱਲ ਕਦਮ ਦੀ ਪੇਸ਼ਕਸ਼ ਕੀਤੀ।
ਅਸਲ ਮਸਲਾ ਬਣਿਆ ਅਰਧ-ਸੈਨਿਕ ਬਲ ਆਰਐੱਸਐੱਫ ਦੇ ਆਰਮੀ ਵਿੱਚ ਰਲੇਵੇਂ ਦੀ ਯੋਜਨਾ ਨਾਲ ਅਤੇ ਇਸ ਸਵਾਲ ਨਾਲ ਕਿ ਨਵੀਂ ਫੋਰਸ ਦੀ ਅਗਵਾਈ ਕੌਣ ਕਰੇਗਾ।
ਸੁਡਾਨ ਵਿੱਚ ਲੜਾਈ ਸ਼ੁਰੂ ਕਿਉਂ ਹੋਈ ?
ਕਈ ਦਿਨਾਂ ਦੇ ਤਣਾਅ ਤੋਂ ਬਾਅਦ ਗੋਲੀਬਾਰੀ 15 ਅਪ੍ਰੈਲ ਨੂੰ ਸ਼ੁਰੂ ਹੋਈ। ਤਣਾਅ ਆਰਐੱਸਐੱਫ ਦੇ ਮੈਂਬਰਾਂ ਨੂੰ ਦੇਸ਼ ਵਿੱਚ ਮੁੜ ਤੈਨਾਤ ਕਰਨ ਨੂੰ ਲੈ ਕੇ ਸੀ, ਕਿਉਂਕਿ ਇਸ ਕਦਮ ਨੂੰ ਸੈਨਾ ਨੇ ਆਪਣੇ ਲਈ ਖ਼ਤਰੇ ਵਜੋਂ ਦੇਖਿਆ।
ਉਮੀਦ ਸੀ ਕਿ ਗੱਲਬਾਤ ਰਾਹੀਂ ਸਥਿਤੀ ਨਾਲ ਨਜਿੱਠਿਆ ਜਾ ਸਕੇਗਾ, ਪਰ ਅਜਿਹਾ ਨਹੀਂ ਹੋਇਆ।
ਇਹ ਵਿਵਾਦ ਹੈ ਕਿ ਪਹਿਲਾ ਫ਼ਾਇਰ ਕਿਸ ਨੇ ਕੀਤਾ ਪਰ ਦੇਸ਼ ਦੇ ਕਈ ਹਿੱਸਿਆਂ ਵਿੱਚ ਇਹ ਲੜਾਈ ਤੇਜ਼ੀ ਨਾਲ ਵਧ ਗਈ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਇਸ ਲੜਾਈ ਵਿੱਚ ਚਾਰ ਸੌ ਤੋਂ ਵੱਧ ਨਾਗਰਿਕਾਂ ਦੀ ਜਾਨ ਚਲੀ ਗਈ ਹੈ।
ਨਾਗਰਿਕ ਇਸ ਵਿੱਚ ਕਿਵੇਂ ਫਸ ਗਏ ?
ਇਹ ਲੜਾਈ ਵਧੇਰੇ ਸ਼ਹਿਰੀ ਖੇਤਰਾਂ ਵਿੱਚ ਹੋ ਰਹੀ ਹੈ ਅਤੇ ਨਾਗਰਿਕ ਇਸ ਦੇ ਪੀੜਤ ਬਣ ਰਹੇ ਹਨ।
ਚੰਗੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਆਰਐੱਸਐੱਫ ਦੇ ਬੇਸ ਕਿੱਥੇ ਹਨ, ਪਰ ਜਾਪਦਾ ਹੈ ਕਿ ਉਨ੍ਹਾਂ ਦੇ ਲੜਾਕੇ ਸੰਘਣੀ ਅਬਾਦੀ ਵਾਲੇ ਖੇਤਰਾਂ ਵਿੱਚ ਦਾਖ਼ਲ ਹੋ ਗਏ ਹਨ।
ਸੁਡਾਨ ਦੀ ਹਵਾਈ ਸੈਨਾ ਨੇ ਛੇ ਮਿਲੀਅਨ ਤੋਂ ਵੱਧ ਅਬਾਦੀ ਵਾਲੀ ਇੱਥੋਂ ਦੀ ਰਾਜਧਾਨੀ ਵਿੱਚ ਹਵਾਈ ਹਮਲੇ ਕੀਤੇ, ਜਿਸ ਵਿੱਚ ਨਾਗਰਿਕਾਂ ਦੀ ਜਾਨ ਗਈ ਹੋ ਸਕਦੀ ਹੈ।
ਕਈ ਵਾਰ ਸੀਜ਼ਫਾਇਰ ਦਾ ਐਲਾਨ ਵੀ ਹੋਇਆ ਤਾਂ ਜੋ ਲੋਕਾਂ ਨੂੰ ਇਸ ਲੜਾਈ ਤੋਂ ਬਚਣ ਦਾ ਮੌਕਾ ਦਿੱਤਾ ਜਾਵੇ, ਪਰ ਅਸਲ ਵਿੱਚ ਅਜਿਹਾ ਦੇਖਿਆ ਨਹੀਂ ਗਿਆ।
ਰੈਪਿਡ ਸਪੋਰਟ ਫੋਰਸ ਕੀ ਹੈ ?
ਆਰਐੱਸਐੱਫ ਸਾਲ 2013 ‘ਚ ਹੋਂਦ ਵਿੱਚ ਲਿਆਂਦੀ ਗਈ ਸੀ। ਉਦੋਂ ਤੋਂ ਜਨਰਲ ਡਾਗਾਲੋ ਨੇ ਸ਼ਕਤੀਸ਼ਾਲੀ ਫੋਰਸ ਬਣਾਈ ਹੈ ਜਿਸ ਨੇ ਯਮਨ ਅਤੇ ਲੀਬੀਆ ਦੇ ਝਗੜਿਆਂ ਵਿਚ ਦਖ਼ਲ ਦਿੱਤਾ।
ਜਨਰਲ ਡਾਗਾਲੋ ਨੇ ਸੁਡਾਨ ਦੀਆਂ ਕੁਝ ਸੋਨੇ ਦੀਆਂ ਖਦਾਣਾਂ ‘ਤੇ ਕੰਟਰੋਲ ਕਰਕੇ ਆਰਥਿਕ ਹਿਤ ਵੀ ਵਿਕਸਿਤ ਕੀਤੇ।
ਆਰਐੱਸਐੱਫ ’ਤੇ ਮਨੁੱਖੀ ਅਧਿਕਾਰਾਂ ਦੀ ਉਲ਼ੰਘਣਾ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਜੂਨ 2019 ਵਿੱਚ 120 ਤੋਂ ਵੱਧ ਪ੍ਰਦਰਸ਼ਨਕਾਰੀਆਂ ਦਾ ਕਤਲੇਆਮ ਵੀ ਇਨ੍ਹਾਂ ਇਲਜ਼ਾਮਾਂ ਵਿੱਚ ਸ਼ਾਮਲ ਹੈ।
ਸੈਨਾ ਤੋਂ ਬਾਹਰ ਇੰਨੀ ਤਾਕਤਵਰ ਫੋਰਸ ਨੂੰ ਦੇਸ਼ ਵਿੱਚ ਅਸਥਿਰਤਾ ਦੇ ਧੁਰੇ ਵਜੋਂ ਦੇਖਿਆ ਜਾਂਦਾ ਰਿਹਾ ਹੈ।
ਮਿਲਟਰੀ ਕੋਲ ਸੁਡਾਨ ਦੀ ਕਮਾਨ ਕਿਉਂ ਹੈ ?
ਇਹ ਲੜਾਈ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਹੇ ਓਮਰ ਅਲ-ਬਸ਼ੀਰ ਨੂੰ 2019 ਵਿੱਚ ਸੱਤਾ ਤੋਂ ਲਾਹੇ ਜਾਣ ਦੇ ਬਾਅਦ ਤੋਂ ਚੱਲ ਰਹੇ ਤਣਾਅ ਦੀ ਤਾਜ਼ਾ ਘਟਨਾ ਹੈ। ਓਮਰ ਅਲ-ਬਸ਼ੀਰ ਨੇ 1989 ਦੇ ਤਖ਼ਤਾਪਲਟ ਬਾਅਦ ਕਮਾਨ ਸੰਭਾਲੀ ਸੀ।
ਉਨ੍ਹਾਂ ਦੇ ਤਿੰਨ ਦਹਾਕਿਆਂ ਤੋਂ ਵੀ ਲੰਬੇ ਰਾਜ ਤੋਂ ਛੁਟਕਾਰਾ ਪਾਉਣ ਲਈ ਲੋਕ ਸੜਕਾਂ ‘ਤੇ ਉਤਰ ਪਰਦਰਸ਼ਨ ਕਰ ਲੱਗੇ ਸੀ ਅਤੇ ਇੱਥੋਂ ਦੀ ਸੈਨਾ ਨੇ ਓਮਰ ਅਲ-ਬਸ਼ੀਰ ਨੂੰ ਕੁਰਸੀ ਤੋਂ ਲਾਹੁਣ ਲਈ ਤਖ਼ਤਾਪਲਟ ਕਰ ਦਿੱਤਾ ਸੀ।
ਪਰ ਨਾਗਰਿਕ ਲਗਾਤਾਰ ਲੋਕਤੰਤਰ ਲਿਆਉਣ ਦੀ ਮੁਹਿੰਮ ਚਲਾਉਂਦੇ ਰਹੇ।
ਫਿਰ ਜੁਆਇੰਟ ਮਿਲਟਰੀ-ਨਾਗਰਿਕ ਸਰਕਾਰ ਦੀ ਸਥਾਪਨਾ ਹੋਈ ਪਰ ਉਸ ਨੂੰ ਅਕਤੂਬਰ 2021 ਦੇ ਤਖ਼ਤਾਪਲਟ ਦੌਰਾਨ ਸੱਤਾ ਤੋਂ ਲਾਹ ਦਿੱਤਾ ਗਿਆ। ਉਸ ਵੇਲੇ ਜਨਰਲ ਬੁਰਹਾਨ ਹੱਥ ਕਮਾਨ ਆਈ ਅਤੇ ਉਦੋਂ ਤੋਂ ਜਨਰਲ ਬੁਰਹਾਨ ਅਤੇ ਜਨਰਲ ਡਾਗਾਲੋ ਵਿਚਕਾਰ ਦੁਸ਼ਮਣੀ ਡੂੰਘੀ ਹੁੰਦੀ ਗਈ।
ਪਿਛਲੇ ਦਸੰਬਰ ਵਿੱਚ ਵਾਪਸ ਨਾਗਰਿਕਾਂ ਦੇ ਹੱਥ ਵਿਚ ਸੱਤਾ ਦੇਣ ਲਈ ਢਾਂਚੇ ‘ਤੇ ਸਹਿਮਤੀ ਬਣੀ ਪਰ ਇਸ ਨੂੰ ਅੰਤਿਮ ਰੂਪ ਦੇਣ ਵਿੱਚ ਸਫ਼ਲਤਾ ਨਾ ਮਿਲੀ।
ਦੋਹੇਂ ਧਿਰਾਂ ਚਾਹੁੰਦੀਆਂ ਕੀ ਹਨ ?
ਜਨਰਲ ਡਾਗਾਲੋ ਨੇ ਕਈ ਟਵੀਟ ਕਰਕੇ ਕਿਹਾ ਹੈ ਕਿ ਜਨਰਲ ਬੁਰਹਾਨ ਦੀ ਸਰਕਾਰ ‘ਕੱਟੜਪੰਥੀ ਇਸਲਾਮੀ’ ਸੀ ਜਦਕਿ ਆਰਐੱਸਐੱਫ ਸੁਡਾਨ ਦੇ ਲੋਕਾਂ ਲਈ ਲੜ ਰਹੀ ਹੈ ਤਾਂ ਕਿ ਲੋਕਤਾਂਤਰਿਕ ਢਾਂਚਾ ਸੁਨਿਸ਼ਚਿਤ ਕੀਤਾ ਜਾ ਸਕੇ ਜਿਸ ਨੂੰ ਇੱਥੋਂ ਦੇ ਲੋਕ ਲੰਬੇ ਸਮੇਂ ਤੋਂ ਤਰਸ ਰਹੇ ਹਨ।
ਆਰਐੱਸਐੱਫ ਦੇ ਬੇਰਹਿਮੀ ਭਰੇ ਟਰੈਕ ਰਿਕਾਰਡ ਕਰਕੇ ਕਈ ਲੋਕ ਜਨਰਲ ਡਾਗਾਲੋ ਦੀਆਂ ਇਨ੍ਹਾਂ ਗੱਲਾਂ ‘ਤੇ ਯਕੀਨ ਨਹੀਂ ਕਰ ਪਾ ਰਹੇ।
ਜਨਰਲ ਬੁਰਹਾਨ ਨੇ ਕਿਹਾ ਹੈ ਕਿ ਉਹ ਨਾਗਰਿਕ ਰਾਜ ਵੱਲ ਮੁੜਨ ਦੇ ਵਿਚਾਰ ਨੂੰ ਸਮਰਥਨ ਦਿੰਦੇ ਹਨ ਪਰ ਉਹ ਇੱਕ ਚੁਣੀ ਹੋਈ ਸਰਕਾਰ ਹੱਥ ਹੀ ਸੱਤਾ ਦੇਣਗੇ।
ਸ਼ੱਕ ਹਨ ਕਿ ਦੋਹੇਂ ਜਨਰਲ ਹੀ ਆਪੋ-ਆਪਣੀ ਸੱਤਾ ਨਹੀਂ ਛੱਡਣਾ ਚਾਹੁੰਦੇ ਅਤੇ ਕੁਰਸੀ ਨਾਲ ਜੁੜੇ ਪ੍ਰਭਾਵ ਅਤੇ ਦੌਲਤ ਨੂੰ ਛੱਡਣ ਦੀ ਇੱਛਾ ਨਹੀਂ ਰੱਖਦੇ।
ਦੂਜੇ ਦੇਸ਼ ਕੀ ਕਰ ਰਹੇ ਹਨ ?
ਡਰ ਹੈ ਕਿ ਲੜਾਈ ਦੇਸ਼ ਦੇ ਹੋਰ ਟੁਕੜੇ ਕਰ ਸਕਦੀ ਹੈ, ਹੋਰ ਵੀ ਬੁਰੇ ਸਿਆਸੀ ਝਟਕੇ ਆ ਸਕਦੇ ਹਨ।
ਮੁੜ ਨਾਗਰਿਕ ਰਾਜ ਦੀ ਬਹਾਲੀ ਦੀ ਕੋਸ਼ਿਸ਼ ਵਿੱਚ ਭੂਮਿਕਾ ਨਿਭਾ ਰਹੇ ਡਿਪਲੋਮੈਟ ਕੋਸ਼ਿਸ਼ ਕਰ ਰਹੇ ਹਨ ਦੋਹੇਂ ਜਨਰਲ ਗੱਲਬਾਤ ਜ਼ਰੀਏ ਮਸਲਾ ਨਿਬੇੜਨ।
ਜਿਵੇਂ ਹੀ ਲੜਾਈ ਸ਼ੁਰੂ ਹੋਈ, ਤਾਂ ਕੀਨੀਆ, ਦੱਖਣੀ ਸੁਡਾਨ ਅਤੇ ਡਿਰਬਾਊਟੀ ਦੇ ਰਾਸ਼ਟਰਪਤੀ ਨੂੰ ਖਾਰਤੂਮ ਵਿੱਚ ਭੇਜਣ ‘ਤੇ ਸਹਿਮਤੀ ਹੋਈ, ਪਰ ਇਹ ਮਿਸ਼ਨ ਸਿਰੇ ਨਹੀਂ ਚੜ੍ਹਿਆ।
ਯੂਕੇ, ਯੂਐੱਸ ਅਤੇ ਯੂਰਪੀਅਨ ਯੂਨੀਅਨ ਨੇ ਵੀ ਸੀਜ਼ਫਾਇਰ ਅਤੇ ਇਸ ਸੰਕਟ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਸੱਦਾ ਦਿੱਤਾ ਹੈ। ਕਈ ਦੇਸ਼ ਹੁਣ ਇੱਥੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਆਸੀ ਜ਼ਿੰਦਗੀ ’ਤੇ ਕਿਤਾਬ ਕਿਉਂ ਨਹੀਂ ਲਿਖੀ, ਆਪਣੀ ਗੱਲ ਮਨਵਾਉਣ ਲਈ ਉਹ...
NEXT STORY