ਹਰ ਅੱਧੇ ਘੰਟੇ ਵਿੱਚ ਤਿੰਨ ਮਿੰਟ ਦੀ ਚਹਿਲਕਦਮੀ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਘੱਟ ਹੁੰਦਾ ਹੈ।
ਇਹ ਗੱਲ ਬ੍ਰਿਟੇਨ ''ਚ ਇੱਕ ਛੋਟੇ ਸਮੂਹ ''ਤੇ ਕੀਤੀ ਗਈ ਖੋਜ ''ਚ ਸਾਹਮਣੇ ਆਈ ਹੈ।
ਡਾਇਬਟੀਜ਼ ਚੈਰਿਟੀ ਕਾਨਫਰੰਸ ਵਿੱਚ ਜਾਰੀ ਕੀਤੀ ਗਈ ਇਸ ਖੋਜ ਅਨੁਸਾਰ, ਸੱਤ ਘੰਟੇ ਦੇ ਦਰਮਿਆਨ ਹਰ ਅੱਧੇ ਘੰਟੇ ਦੇ ਅੰਤਰਾਲ ''ਤੇ ਤਿੰਨ ਮਿੰਟ ਦੀ ਚਹਿਲਕਦਮੀ ਕਰਨ ਨਾਲ ਡਾਇਬਟੀਜ਼-1 ਦੇ ਮਰੀਜ਼ਾਂ ਦੇ ਬਲੱਡ ਸ਼ੂਗਰ ਦੇ ਪੱਧਰ ਵਿੱਚ ਗਿਰਾਵਟ ਦੇਖੀ ਗਈ ਹੈ। ਇਹ ਖੋਜ ਕੁੱਲ 32 ਮਰੀਜ਼ਾਂ ''ਤੇ ਕੀਤੀ ਗਈ ਹੈ।
ਡਾਇਬੀਟੀਜ਼ ਯੂਕੇ ਦਾ ਕਹਿਣਾ ਹੈ ਕਿ ਇਹ ''ਐਕਟੀਵਿਟੀ ਸਨੈਕ'' ਵਾਕਈ ਤਬਦੀਲੀ ਲਿਆ ਸਕਦੇ ਹਨ ਅਤੇ ਇਸ ''ਤੇ ਤੁਹਾਨੂੰ ਕੋਈ ਖ਼ਰਚਾ ਵੀ ਨਹੀਂ ਕਰਨਾ ਪੈਂਦਾ।
ਇੱਕ ਅੰਦਾਜ਼ੇ ਮੁਤਾਬਕ, ਬ੍ਰਿਟੇਨ ਵਿੱਚ ਤਕਰੀਬਨ ਚਾਰ ਲੱਖ ਲੋਕ ਟਾਈਪ-1 ਡਾਇਬਟੀਜ਼ ਤੋਂ ਪ੍ਰਭਾਵਿਤ ਹਨ।
ਜਦੋਂ ਸਰੀਰ ਦਾ ਇਮਿਊਨ ਸਿਸਟਮ ਪੈਨਕ੍ਰੀਆਜ਼ ਦੇ ਇਨਸੁਲਿਨ ਪੈਦਾ ਕਰਨ ਵਾਲੇ ਸੈੱਲਾਂ ''ਤੇ ਹਮਲਾ ਕਰਦਾ ਹੈ, ਤਾਂ ਇਸ ਸਥਿਤੀ ਵਿੱਚ ਪੈਨਕ੍ਰੀਆਜ਼ ਇਨਸੁਲਿਨ ਪੈਦਾ ਕਰਨ ਵਿੱਚ ਅਸਮਰੱਥ ਹੁੰਦਾ ਹੈ ਅਤੇ ਸਰੀਰ ਟਾਈਪ 1 ਡਾਇਬਟੀਜ਼ ਤੋਂ ਪੀੜਤ ਹੋ ਜਾਂਦਾ ਹੈ।
ਇਨਸੁਲਿਨ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਨਿਯੰਤਰਿਤ ਕਰਦਾ ਹੈ। ਇਨਸੁਲਿਨ ਦੀ ਕਮੀ ਕਾਰਨ ਖੂਨ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਇਸ ਸਥਿਤੀ ਤੋਂ ਬਚਣ ਲਈ ਨਿਯਮਤ ਅੰਤਰਾਲਾਂ ''ਤੇ ਨਕਲੀ ਇਨਸੁਲਿਨ ਲੈਣਾ ਪੈਂਦਾ ਹੈ।
ਜੇਕਰ ਲੰਬੇ ਅੰਤਰਾਲ ਤੱਕ ਖੂਨ ''ਚ ਸ਼ੂਗਰ ਦੀ ਮਾਤਰਾ ਘੱਟ ਰਹਿੰਦੀ ਹੈ ਤਾਂ ਮਰੀਜ਼ ਨੂੰ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਇਸ ਵਿੱਚ ਕਿਡਨੀ ਫੇਲ੍ਹ ਹੋਣਾ, ਅੱਖਾਂ ਦੀ ਰੋਸ਼ਨੀ ਜਾਣਾ ਅਤੇ ਦਿਲ ਦਾ ਦੌਰਾ ਸ਼ਾਮਲ ਹੈ।
ਡਾਇਬਟੀਜ਼ ਯੂਕੇ ਵਿੱਚ ਖੋਜ ਦੀ ਮੁਖੀ ਡਾਕਟਰ ਐਲਿਜ਼ਾਬੈਥ ਰੌਬਰਟਸਨ ਕਹਿੰਦੇ ਹਨ ਕਿ ਟਾਈਪ 1 ਡਾਇਬਟੀਜ਼ ਵਾਲੇ ਲੋਕਾਂ ਲਈ ਰੋਜ਼ਾਨਾ ਆਪਣੇ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਨਿਯੰਤਰਿਤ ਕਰਦੇ ਰਹਿਣਾ ਇੱਕ ਥਕਾਊ ਕੰਮ ਹੈ।
ਉਹ ਕਹਿੰਦੇ ਹਨ, "ਇਹ ਬਹੁਤ ਹੀ ਉਤਸ਼ਾਹਜਨਕ ਹੈ ਕਿ ਇਹ ਖੋਜਾਂ ਦਰਸਾਉਂਦੀਆਂ ਹਨ ਕਿ ਸਰਲ ਅਤੇ ਵਿਹਾਰਕ ਤਬਦੀਲੀਆਂ ਕਰਨ ਨਾਲ- ਜਿਵੇਂ ਕਿ ਤੁਰਦੇ-ਫਿਰਦੇ ਫ਼ੋਨ ''ਤੇ ਗੱਲ ਕਰਨਾ ਜਾਂ ਨਿਯਮਤ ਅੰਤਰਾਲ ''ਤੇ ਆਪਣੀ ਸੀਟ ਤੋਂ ਉੱਠਣ ਲਈ ਰੀਮਾਈਂਡਰ ਸੈੱਟ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ''ਤੇ ਇੰਨਾਂ ਵਿਆਪਕ ਅਸਰ ਹੋ ਸਕਦਾ ਹੈ।"
"ਅਸੀਂ ਇਸ ਦੇ ਲੰਬੇ ਸਮੇਂ ਲਈ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ ਲਈ ਅੱਗੇ ਹੋਰ ਖੋਜ ਕਰਨ ਲਈ ਉਤਸ਼ਾਹਿਤ ਹਾਂ।"
ਯੂਨੀਵਰਸਿਟੀ ਆਫ ਸੰਡਰਲੈਂਡ ਨਾਲ ਜੁੜੇ ਅਤੇ ਇਸ ਖੋਜ ਦੇ ਪ੍ਰਮੁੱਖ ਖੋਜਕਰਤਾ ਡਾਕਟਰ ਮੈਥਿਊ ਕੈਂਪਬੈੱਲ ਦਾ ਕਹਿਣਾ ਹੈ ਕਿ ਉਹ ਇਸ ਨਿਮਨ ਪੱਧਰ ਦੀ ਗਤੀਵਿਧੀ ਦੇ ਨਤੀਜੇ ਤੋਂ ਹੈਰਾਨ ਹਨ।
ਉਹ ਕਹਿੰਦੇ ਹਨ ਹੈ ਕਿ ਟਾਈਪ 1 ਡਾਇਬਟੀਜ਼ ਵਾਲੇ ਲੋਕਾਂ ਲਈ ''ਐਕਟੀਵਿਟੀ ਸਨੈਕਿੰਗ'' ਇੱਕ ਵੱਡੀ ਤਬਦੀਲੀ ਦੀ ਸ਼ੁਰੂਆਤ ਹੋ ਸਕਦੀ ਹੈ ਅਤੇ ਉਹ ਅੱਗੇ ਜ਼ਿਆਦਾ ਨਿਯਮਤ ਸਰੀਰਕ ਕਸਰਤ ਕਰ ਸਕਦੇ ਹਨ। ਦੂਜੇ ਲੋਕਾਂ ਲਈ, ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਰੱਖਣ ਦਾ ਇਹ ਇੱਕ ਆਸਾਨ ਤਰੀਕਾ ਹੋ ਸਕਦਾ ਹੈ।
ਟਾਈਪ 1 ਡਾਇਬਟੀਜ਼ ਦੀਆਂ ਮੁੱਖ ਗੱਲਾਂ
- ਇਹ ਪੂਰੀ ਜ਼ਿੰਦਗੀ ਬਣਿਆ ਰਹਿੰਦਾ ਹੈ
- ਇਹ ਖਾਣ ਦੀਆਂ ਆਦਤਾਂ ਜਾਂ ਡਾਇਟ ਦੇ ਕਾਰਨ ਨਹੀਂ ਹੁੰਦਾ
- ਇਸਦਾ ਪੂਰਾ ਇਲਾਜ ਨਹੀਂ ਹੈ ਅਤੇ ਇਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ
ਟਾਈਪ 2 ਡਾਇਬਟੀਜ਼ ਬਾਰੇ ਮੁੱਖ ਗੱਲਾਂ
- ਜ਼ਿਆਦਾਤਰ ਮਾਮਲਿਆਂ ਵਿੱਚ ਟਾਈਪ 2 ਡਾਇਬਟੀਜ਼ ਜ਼ਿਆਦਾ ਸ਼ੁਗਰ ਅਤੇ ਮੋਟਾਪੇ ਵਾਲੀਆਂ ਚੀਜ਼ਾਂ ਜ਼ਿਆਦਾ ਖਾਣ ਅਤੇ ਕਸਰਤ ਨਾ ਕਰਨ ਨਾਲ ਹੁੰਦਾ ਹੈ
- ਕੁਝ ਮਾਮਲਿਆਂ ਵਿੱਚ ਇਹ ਵੱਖ-ਵੱਖ ਕਾਰਨਾਂ ਕਰਕੇ ਵੀ ਹੁੰਦਾ ਹੈ
- ਇਸ ਦਾ ਪੂਰਾ ਇਲਾਜ ਸੰਭਵ ਨਹੀਂ ਹੈ। ਇਸ ਨਾਲ ਵੀ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ
ਇਸ ਸ਼ੁਰੂਆਤੀ ਪੜਾਅ ਦੇ ਟ੍ਰਾਇਲ ਵਿੱਚ ਟਾਈਪ-1 ਡਾਇਬਟੀਜ਼ ਤੋਂ ਪੀੜਤ 32 ਲੋਕਾਂ ਨੇ ਦੋ ਦਿਨਾਂ ਤੱਕ ਸੱਤ ਘੰਟੇ ਬੈਠਣ ਅਤੇ ਅੱਧੇ ਘੰਟੇ ਦੇ ਨਿਯਮਤ ਅੰਤਰਾਲ ''ਤੇ ਚਹਿਲਕਦਮੀ ਦਾ ਅਭਿਆਸ ਕੀਤਾ।
ਇੱਕ ਸੈਸ਼ਨ ਵਿੱਚ, ਉਨ੍ਹਾਂ ਨੇ ਨਿਯਮਤ ਅੰਤਰਾਲਾਂ ''ਤੇ ਚਹਿਲਕਦਮੀ ਬ੍ਰੇਕ ਲਿਆ ਅਤੇ ਦੂਜੇ ਸੈਸ਼ਨ ਵਿੱਚ, ਉਹ ਲਗਾਤਾਰ ਬੈਠੇ ਰਹੇ।
ਹਰ ਸੈਸ਼ਨ ਦੀ ਸ਼ੁਰੂਆਤ ਤੋਂ 48 ਘੰਟਿਆਂ ਲਈ ਉਨ੍ਹਾਂ ਦੇ ਬਲੱਡ ਸ਼ੂਗਰ ਦੇ ਪੱਧਰਾਂ ਦੀ ਨਿਯਮਤ ਤੌਰ ''ਤੇ ਨਿਗਰਾਨੀ ਕੀਤੀ ਜਾਂਦੀ ਸੀ। ਇਸ ਦੌਰਾਨ ਸਾਰਿਆਂ ਨੇ ਇੱਕੋ ਜਿਹਾ ਭੋਜਨ ਖਾਧਾ ਅਤੇ ਇਨਸੁਲਿਨ ਦੀ ਮਾਤਰਾ ਵਿੱਚ ਕੋਈ ਬਦਲਾਅ ਨਹੀਂ ਕੀਤਾ।
48 ਘੰਟਿਆਂ ਤੱਕ ਚੱਲੇ ਇਸ ਅਧਿਐਨ ਵਿੱਚ ਦੇਖਿਆ ਗਿਆ ਕਿ ਨਿਯਮਤ ਅੰਤਰਾਲਾਂ ''ਤੇ ਚਹਿਲਕਦਮੀ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਰਿਹਾ (6.9 ਐੱਮਐੱਮਓ ਪ੍ਰਤੀ ਲੀਟਰ) ਜਦਕਿ ਲਗਾਤਾਰ ਬੈਠਣ ਦੌਰਾਨ ਇਹ 8.2 ਐੱਮਐੱਮਓਐੱਲ ਪ੍ਰਤੀ ਲੀਟਰ ਸੀ।
ਡਾਕਟਰ ਕੈਂਪਬੈਲ ਦਾ ਕਹਿਣਾ ਹੈ ਕਿ ਉਹ ਇਸ ਲੰਬੇ ਅੰਤਰਾਲ ਦੇ ਫਾਇਦਿਆਂ ਨੂੰ ਸਮਝਣ ਲਈ ਹੋਰ ਖੋਜ ਕਰਨ ਦੀ ਉਮੀਦ ਰੱਖਦੇ ਹਨ।
ਉਹ ਕਹਿੰਦੇ ਹਨ, "ਅਸਲੀਅਤ ਇਹ ਹੈ ਕਿ ਲੋਕਾਂ ਨੂੰ ਵੱਧ ਚਹਿਲਕਦਮੀ ਕਰਨ ਲਈ ਉਤਸਾਹਿਤ ਕਰਨਾ ਦਾ ਇਹ ਸਰਲ ਤਰੀਕਾ ਬਹੁਤ ਵੱਡੀ ਆਬਾਦੀ ਨੂੰ ਲਾਭ ਪਹੁੰਚਾ ਸਕਦਾ ਹੈ।"
ਸ਼ੂਗਰ ਕੀ ਹੈ?
ਜਦੋਂ ਸਾਡਾ ਸਰੀਰ ਖੂਨ ਵਿੱਚ ਮੌਜੂਦ ਸ਼ੂਗਰ ਦੀ ਮਾਤਰਾ ਨੂੰ ਜਜ਼ਬ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ, ਤਾਂ ਇਹ ਸਥਿਤੀ ਸ਼ੂਗਰ ਨੂੰ ਜਨਮ ਦਿੰਦੀ ਹੈ।
ਦਰਅਸਲ, ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਸਾਡਾ ਸਰੀਰ ਕਾਰਬੋਹਾਈਡ੍ਰੇਟਸ ਨੂੰ ਤੋੜ ਕੇ ਗਲੂਕੋਜ਼ ਵਿੱਚ ਬਦਲਦਾ ਹੈ।
ਇਸ ਤੋਂ ਬਾਅਦ, ਪੈਨਕ੍ਰੀਆਜ਼ ਤੋਂ ਇਨਸੁਲਿਨ ਨਾਮ ਦਾ ਇੱਕ ਹਾਰਮੋਨ ਨਿਕਲਦਾ ਹੈ, ਜੋ ਸਾਡੇ ਸਰੀਰ ਦੇ ਸੈੱਲਾਂ ਨੂੰ ਗਲੂਕੋਜ਼ ਨੂੰ ਜਜ਼ਬ ਕਰਨ ਲਈ ਕਹਿੰਦਾ ਹੈ।
ਇਸ ਨਾਲ ਸਾਡੇ ਸਰੀਰ ਵਿੱਚ ਊਰਜਾ ਪੈਦਾ ਹੁੰਦੀ ਹੈ।
ਪਰ ਜਦੋਂ ਇਨਸੁਲਿਨ ਦਾ ਪ੍ਰਵਾਹ ਰੁਕ ਜਾਂਦਾ ਹੈ, ਤਾਂ ਸਾਡੇ ਸਰੀਰ ਵਿੱਚ ਗਲੂਕੋਜ਼ ਦੀ ਮਾਤਰਾ ਵਧਣ ਲੱਗਦੀ ਹੈ।
ਟਾਈਪ 1, ਟਾਈਪ 2 ਡਾਇਬਟੀਜ਼ ਕੀ ਹੈ?
ਡਾਇਬਟੀਜ਼ ਦੀਆਂ ਕਈ ਕਿਸਮਾਂ ਹਨ ਪਰ ਟਾਈਪ 1, ਟਾਈਪ 2 ਅਤੇ ਗੈਸਟੇਸ਼ਨਲ ਸ਼ੂਗਰ ਨਾਲ ਸਬੰਧਤ ਕੇਸ ਵਧੇਰੇ ਮਿਲਦੇ ਹਨ।
ਟਾਈਪ 1 ਡਾਇਬਟੀਜ਼ ਵਿੱਚ, ਤੁਹਾਡੇ ਪੈਨਕ੍ਰੀਆਜ਼ ਵਿੱਚ ਹਾਰਮੋਨ ਇਨਸੁਲਿਨ ਪੈਦਾ ਹੋਣਾ ਬੰਦ ਹੋ ਜਾਂਦਾ ਹੈ। ਇਸ ਕਾਰਨ ਸਾਡੇ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਵਧਣ ਲੱਗਦੀ ਹੈ।
ਅਜੇ ਤੱਕ ਵਿਗਿਆਨੀ ਇਹ ਪਤਾ ਲਗਾਉਣ ਵਿੱਚ ਸਫ਼ਲ ਨਹੀਂ ਹੋ ਸਕੇ ਕਿ ਅਜਿਹਾ ਕਿਉਂ ਹੁੰਦਾ ਹੈ। ਪਰ ਇਸ ਨੂੰ ਖ਼ਾਨਦਾਨੀ ਅਤੇ ਵਾਇਰਲ ਇਨਫੈਕਸ਼ਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਇਸ ਤੋਂ ਪੀੜਤ ਲਗਭਗ 10 ਫੀਸਦੀ ਲੋਕ ਟਾਈਪ 1 ਡਾਇਬਟੀਜ਼ ਤੋਂ ਪੀੜਤ ਹਨ।
ਦੂਜੇ ਪਾਸੇ, ਟਾਈਪ 2 ਡਾਇਬਟੀਜ਼ ਵਿੱਚ, ਪੈਨਕ੍ਰੀਆਜ਼ ਵਿੱਚ ਲੋੜ ਮੁਤਾਬਕ ਇਨਸੁਲਿਨ ਪੈਦਾ ਨਹੀਂ ਹੁੰਦਾ ਜਾਂ ਹਾਰਮੋਨ ਸਹੀ ਢੰਗ ਨਾਲ ਕੰਮ ਨਹੀਂ ਕਰਦਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

ਸੁਡਾਨ: ਫੌਜ ਅਤੇ ਅਰਧ ਸੈਨਿਕ ਬਲਾਂ ਦੀ ਆਪਸੀ ਖਾਨਾਜੰਗੀ ਦੌਰਾਨ ਸੈਂਕੜੇਂ ਮੌਤਾਂ ਦਾ ਜ਼ਿੰਮੇਵਾਰ ਕੌਣ
NEXT STORY