ਪੰਜਾਬ ਦੇ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ਼ਿਆ ਹੋਇਆ ਹੈ।
ਇੱਥੇ 10 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਸੂਬੇ ਦੀ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਲ਼ਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਸ ਵੇਲੇ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਜਿੱਤ ਹੋਈ ਸੀ ਤਾਂ ਪਹਿਲੀ ਵਾਰ ਸਰਕਾਰ ਬਣਾਉਣ ਵਾਲੀ ਪਾਰਟੀ ਨੇ 117 ਵਿਚੋਂ 92 ਸੀਟਾਂ ਹਾਸਲ ਕੀਤੀਆਂ ਸਨ।
ਇਹਨਾਂ ਚੋਣਾਂ ਵਿੱਚ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ 5 ਅਤੇ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਜਿਤੀਆਂ।
ਕਾਂਗਰਸ ਦਾ ਜਲੰਧਰ ਵਿੱਚ ਇੰਨਾ ਦਬਦਬਾ ਰਿਹਾ ਹੈ ਕਿ ਆਖ਼ਰੀ ਵਾਰ ਲੋਕ ਸਭਾ ਚੋਣ ਜਿੱਤਣ ਵਾਲੇ ਗੈਰ-ਕਾਂਗਰਸੀ ਇੰਦਰ ਕੁਮਾਰ ਗੁਜਰਾਲ ਸਨ, ਜੋ ਕਿ 25 ਸਾਲ ਪੁਰਾਣੀ ਗੱਲ ਹੈ।
ਉਸ ਤੋਂ ਮਗਰੋਂ ਲਗਾਤਾਰ 5 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਹੀ ਜਿੱਤ ਦਰਜ ਕੀਤੀ ਹੈ। ਪਿਛਲੇ 10 ਸਾਲ ਤੋਂ ਪਾਰਟੀ ਦੇ ਸੰਤੋਖ ਸਿੰਘ ਚੌਧਰੀ ਇੱਥੋਂ ਸੰਸਦ ਮੈਂਬਰ ਸਨ।
ਸੰਤੋਖ ਸਿੰਘ ਚੌਧਰੀ ਦੀ ਇਸੇ ਸਾਲ 14 ਜਨਵਰੀ 2023 ਨੂੰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਅਚਾਨਕ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ ਸੀ। ਜਿਸ ਕਾਰਨ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ।
ਕਾਂਗਰਸ ਪਾਰਟੀ ਨੇ ਇਸ ਵਾਰ ਵੀ ਚੌਧਰੀ ਪਰਿਵਾਰ ਉੱਤੇ ਹੀ ਭਰੋਸਾ ਪ੍ਰਗਟਾਇਆ ਹੈ, ਪਾਰਟੀ ਨੇ ਮਰਹੂਮ ਚੌਧਰੀ ਸੰਤੋਖ਼ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਪਾਰਟੀ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਸੰਤੌਖ ਚੌਧਰੀ ਦੀ ਪਤਨੀ ਨਾਲ ‘ਹਮਦਰਦੀ’ ਤੇ ਸੀਐੱਮ ਮਾਨ ਦੇ ਵਾਅਦੇ
ਸਵਾਲ ਇਹ ਉੱਠਦਾ ਹੈ ਕਿ ਕੀ ਕਾਂਗਰਸ ਦੇ ਗੜ੍ਹ ਵਿੱਚ ਕੋਈ ਪਾਰਟੀ ਉਸ ਨੂੰ ਟੱਕਰ ਦੇ ਸਕਦੀ ਹੈ? ਖ਼ਾਸ ਤੌਰ ’ਤੇ, ਉਸ ਵੇਲੇ ਜਦੋਂ ਕਰਮਜੀਤ ਦੇ ਨਾਲ ਉਨ੍ਹਾਂ ਦੇ ਪਤੀ ਦੀ ਮੌਤ ਕਾਰਨ ਲੋਕਾਂ ਦੀ ‘ਹਮਦਰਦੀ’ ਵੀ ਹੋ ਸਕਦੀ ਹੈ।
ਮੈਂ ਜਲੰਧਰ ਵਿੱਚ ਵੇਖਿਆ ਕਿ ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਕਾਂਗਰਸ ਦੇ ਸਾਹਮਣੇ ਜੀਅ-ਜਾਨ ਨਾਲ ਮੈਦਾਨ ਵਿੱਚ ਡਟੀਆਂ ਹੋਈਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਦੋਵਾਂ ਨੇ ਆਪਣੀ ਪਾਰਟੀ ਲਈ ਪੂਰੀ ਤਾਕਤ ਝੋਕੀ ਹੋਈ ਹੈ। ਦੋਵੇਂ ਲਗਾਤਾਰ ਰੋਡ ਸ਼ੋਅ ਕਰ ਰਹੇ ਹਨ।
ਪੰਜਾਬ ਦੇ ਸਾਰੇ ਮੰਤਰੀ, ਵਿਧਾਇਕ ਤੇ ਰਾਜ ਸਭਾ ਮੈਂਬਰਾਂ ਸਣੇ ਪਾਰਟੀ ਦੇ ਦਿੱਲੀ-ਪੰਜਾਬ ਦੇ ਆਗੂ ਪ੍ਰਚਾਰ ਵਿੱਚ ਡਟੇ ਹੋਏ ਹਨ।
ਪ੍ਰਚਾਰ ਦੌਰਾਨ ਭਗਵੰਤ ਮਾਨ ਤਾਂ ਲੋਕਾਂ ਨੂੰ ਸਾਫ਼ ਕਹਿ ਰਹੇ ਹਨ ਕਿ ਅਗਲੀਆਂ ਚੋਣਾਂ ਲਈ 11 ਮਹੀਨੇ ਦਾ ਸਮਾਂ ਬਚਿਆ ਹੈ। “ਤੁਸੀਂ ਸਾਨੂੰ ਇੱਕ ਵਾਰੀ ਮੌਕਾ ਦੇ ਦਿਓ। ਜੇ ਉਮੀਦਾਂ ਉੱਤੇ ਖਰੇ ਨਾ ਉੱਤਰੇ ਤਾਂ ਸਾਨੂੰ ਬਾਹਰ ਕਰ ਦੇਣਾ।”
''ਇਨਕਲਾਬ ਜ਼ਿੰਦਾਬਾਦ'', ''ਭਾਰਤ ਮਾਤਾ ਦੀ ਜੈ'' ਅਤੇ ''ਜੋ ਬੋਲੇ ਸੋ ਨਿਹਾਲ'' ਦੇ ਨਾਅਰਿਆਂ ਵਿਚਾਲੇ ਭਗਵੰਤ ਮਾਨ ਲੋਕਾਂ ਨੂੰ ਕਹਿੰਦੇ ਹਨ- ''ਆਪ'' ਉਮੀਦਵਾਰ ਨੂੰ ਚੁਣਨ ਨਾਲ ਜਲੰਧਰ ''ਚ ਵਿਕਾਸ ਦੀ ਪ੍ਰਕਿਰਿਆ ਹੋਰ ਤੇਜ਼ ਹੋਵੇਗੀ।
‘’ਇੱਥੋਂ ਦੇ ਰਾਜ ਸਭਾ ਵਿੱਚ ਪਹਿਲਾਂ ਹੀ ਤਿੰਨ ਸੰਸਦ ਮੈਂਬਰ ਹਨ ਅਤੇ ਜੇਕਰ ਸੁਸ਼ੀਲ ਰਿੰਕੂ ਵੀ ਸੰਸਦ ਮੈਂਬਰ (ਲੋਕ ਸਭਾ) ਬਣ ਜਾਂਦੇ ਹਨ ਤਾਂ ਜਲੰਧਰ ਦਾ ਵਿਕਾਸ ਹੋਰ ਤੇਜ਼ ਹੋਵੇਗਾ।‘’
‘ਆਪ’ ਦਾ ਪ੍ਰਚਾਰ ਅਤੇ ਮੁੱਦੇ
ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਉਹ ਇਸ ਚੋਣ ਲਈ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਤੋਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ, ''''ਅਸੀਂ ਪੰਜਾਬ ਸਰਕਾਰ ਦੇ ਪਿਛਲੇ ਸਾਲ ਦੌਰਾਨ ਕੀਤੇ ਕੰਮਾਂ ਉੱਤੇ ਵੋਟ ਮੰਗ ਰਹੇ ਹਾਂ, ਜਿਵੇਂ ਜ਼ੀਰੋ ਬਿਜਲੀ ਬਿੱਲ, ਮੁਹੱਲਾ ਕਲੀਨਿਕ ਅਤੇ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਪੰਜਾਬ ਸਰਕਾਰ ਦੇ ਹੋਰ ਕੰਮ।''''
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਰੋਧੀ ਧਿਰ ਤਾਂ ਲਗਾਤਾਰ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਕੁਝ ਘਟਨਾਵਾਂ ਤਾਂ ਹੋਈਆਂ ਹਨ ਪਰ ਪੰਜਾਬ ਸਰਕਾਰ ਅਤੇ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਮਾਹੌਲ ਨੂੰ ਸੰਭਾਲਿਆ ਹੈ।
“ਜਿਵੇਂ ਅਜਨਾਲਾ ਕਾਂਡ ਹੋਇਆ ਪਰ ਪੁਲਿਸ ਨੇ ਬਿਨਾਂ ਕਿਸੇ ਹਿੰਸਕ ਵਾਰਦਾਤ ਤੇ ਚੌਕਸ ਹੋ ਕੇ ਕੰਮ ਕੀਤਾ ਹੈ। ਇਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।”
ਰਿੰਕੂ ਸਣੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿੱਥੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਖ਼ਤ ਕਾਰਵਾਈ ਕਰਨ ਦੇ ਦਾਅਵੇ ਕਰ ਰਹੀ ਹੈ, ਉੱਥੇ ਮਰਹੂਮ ਗਾਇਕ ਦੀ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਜਲੰਧਰ ਵਿੱਚ ਸਰਕਾਰ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ।
ਬਲਕੌਰ ਸਿੰਘ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਕਿਸੇ ਵੀ ਪਾਰਟੀ ਨੂੰ ਵੋਟ ਕਰਨ ਪਰ ਆਮ ਆਦਮੀ ਪਾਰਟੀ ਨੂੰ ਨਹੀਂ। ਭਾਵੇਂ ਕਿ ਉਹ ਇਹ ਵੀ ਕਹਿੰਦੇ ਹਨ ਕਿ ਸੀਐੱਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਉਨ੍ਹਾਂ ਦਾ ਕੋਈ ਨਿੱਜੀ ਰੌਲ਼ਾ ਨਹੀਂ ਹੈ, ਪਰ ਇਹ ਲੜਾਈ ਨਿਆਂ ਲ਼ਈ ਹੈ। ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਵਿੱਚ ਆਉਣਾ ਪਿਆ ਹੈ।
ਮੂਸੇਵਾਲਾ ਦੇ ਪਿਛਲੇ ਸਾਲ 26 ਮਈ ਨੂੰ ਹੋਏ ਕਤਲ ਤੋਂ ਇਲਾਵਾ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਅਤੇ ਕੁਝ ਹੋਰ ਕਤਲਾਂ ਅਤੇ ਵਾਰਦਾਤਾਂ ਦੀ ਵੀ ਗੱਲ ਕਰਦੇ ਹਨ ਤੇ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕਦੇ ਹਨ।
ਭਾਜਪਾ ਦਾ ਜ਼ੋਰ
ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ ਨੂੰ ਵੱਡਾ ਮੁੱਦਾ ਬਣਾ ਰਹੀਆਂ ਹਨ।
ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਅਟਵਾਲ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਆਖਿਆ ਕਿ “ਪੰਜਾਬ ’ਚ ਇਸ ਵੇਲੇ ਡਰ ਦਾ ਮਾਹੌਲ ਹੈ ਤੇ ਲੋਕ ਸਮਝ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਥਿਤੀ ਨੂੰ ਨਹੀਂ ਸੰਭਾਲ ਸਕਦੀ। ਲੋਕ ਮੋਦੀ ਤੇ ਯੋਗੀ ਦੀ ਸਥਿਰ ਸਰਕਾਰ ਚਾਹੁੰਦੇ ਹਨ, ਜੋ ਭਾਜਪਾ ਹੀ ਦੇ ਸਕਦੀ ਹੈ।”
ਜੀਟੀ ਰੋਡ ਜਲੰਧਰ ਉੱਤੇ ਕਈ ਹੋਟਲ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਤੀਵਿਧੀਆਂ ਦੋ ਹੋਟਲਾਂ ਵਿੱਚ ਵੇਖੀਆਂ ਜਾ ਸਕਦੀਆਂ ਹਨ। ਕਈ ਆਗੂ ਅੰਦਰ ਬਾਹਰ ਆਉਂਦੇ ਦਿਸਦੇ ਰਹਿੰਦੇ ਹਨ। ਅੰਦਰ ਮੀਟਿੰਗਾਂ ਵੀ ਹੁੰਦੀਆਂ ਹਨ ਤੇ ਰਣਨੀਤੀ ਵੀ ਘੜੀ ਜਾਂਦੀ ਹੈ।
ਇੱਕ ਹੋਟਲ ਵਿੱਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਰੁਕੇ ਹਨ ਤੇ ਬਾਹਰ ਪੂਰਾ ਕਾਫ਼ਲਾ ਰਹਿੰਦਾ ਹੈ।
ਕੁਝ ਹੀ ਗਜ ਦੂਰ ਦੂਜੇ ਹੋਟਲ ਵਿੱਚ ਭਾਜਪਾ ਦੇ ਆਗੂ ਰੁਕੇ ਹੋਏ ਹਨ। ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਅਨੁਰਾਗ ਠਾਕੁਰ, ਗੁਜਰਾਤ ਤੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਵਰਗੇ ਕਈ ਨੇਤਾ ਮੀਟਿੰਗਾਂ ਕਰਦੇ ਨਜ਼ਰ ਆਉਂਦੇ ਹਨ।
ਕਈ ਪੁਰਾਣੇ ਕਾਂਗਰਸੀ ਜਿਵੇਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਜ ਕੁਮਾਰ ਵੇਰਕਾ, ਆਦਿ ਵੀ ਭਾਜਪਾ ਦੇ ਪ੍ਰਚਾਰ ਵਿਚ ਜੁਟੇ ਹਨ।
ਉਹ ਪੰਜਾਬ ਸਰਕਾਰ ਦੀ 14 ਮਹੀਨੇ ਦੀ ਕਥਿਤ ਨਾਕਾਮੀ ਦੀ ਵੀ ਗੱਲ ਕਰਦੇ ਹਨ ਤੇ ਜਲੰਧਰ ਦੇ ਉਦਯੋਗਪਤੀਆਂ ਨਾਲ ਵਾਅਦਾ ਕਰਦੇ ਹਨ ਕਿ ਭਾਜਪਾ ਹੀ ਇੱਥੇ ਅਸਲੀ ਤਰੱਕੀ ਕਰਵਾ ਸਕਦੀ ਹੈ।
ਇੱਥੋਂ ਦੇ ਸਿੱਖਾਂ ਨੂੰ ਵੀ ਉਹ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੇ ਹੋਰ ਕੰਮਾਂ ਦੀ ਯਾਦ ਦਿਵਾਉਂਦੇ ਹਨ ਤੇ ਭਾਜਪਾ ਉੱਤੇ ਭਰੋਸਾ ਕਰਨ ਦੀ ਅਪੀਲ ਕਰਦੇ ਹਨ।
ਜਲੰਧਰ ਲੋਕ ਸਭਾ ਹਲਕੇ ਬਾਰੇ ਖਾਸ ਗੱਲਾਂ:
ਕੁੱਲ ਵਿਧਾਨ ਸਭਾ ਹਲਕੇ: 9; ਰਾਖਵੇਂ: 4
- ਫਿਲੌਰ (ਐੱਸਸੀ)
- ਨਕੋਦਰ
- ਸ਼ਾਹਕੋਟ
- ਕਰਤਾਰਪੁਰ (ਐੱਸਸੀ)
- ਜਲੰਧਰ ਪੱਛਮੀ (ਐੱਸਸੀ)
- ਜਲੰਧਰ ਕੇਂਦਰੀ
- ਜਲੰਧਰ ਉੱਤਰੀ
- ਜਲੰਧਰ ਛਾਉਣੀ
- ਆਦਮਪੁਰ (ਐੱਸਸੀ)
ਵਿਧਾਨ ਸਭਾ ਚੋਣਾਂ : 2022
ਕਾਂਗਰਸ: 5
''ਆਪ'': 4
ਵੋਟਰਾਂ ਦੀ ਗਿਣਤੀ
- ਕੁੱਲ ਵੋਟਰ: 16,21,800;
- ਪੁਰਸ਼: 8,44,904;
- ਔਰਤਾਂ: 7,76,855;
- ਹੋਰ: 41
- ਸ਼ਹਿਰੀ ਆਬਾਦੀ: 52.93%
- ਪੇਂਡੂ ਆਬਾਦੀ :47.07 %
- ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਲਗਭਗ 32 ਫੀਸਦ ਹੈ।
- ਐੱਸਸੀ ਦੋਆਬੇ ਦੀ ਆਬਾਦੀ ਦਾ 45 ਫ਼ੀਸਦ ਹੈ।
- ਕੁੱਲ ਉਮੀਦਵਾਰ: 19
- ਮਰਦ: 15
- ਔਰਤਾਂ: 4
ਪਿਛਲੇ ਲੋਕ ਸਭ ਮੈਂਬਰ
2019: ਸੰਤੋਖ ਸਿੰਘ ਚੌਧਰੀ (ਕਾਂਗਰਸ)
2014: ਸੰਤੋਖ ਸਿੰਘ ਚੌਧਰੀ (ਕਾਂਗਰਸ)
2009: ਮਹਿੰਦਰ ਸਿੰਘ ਕੇਪੀ (ਕਾਂਗਰਸ)
‘ਇਕਜੁੱਟ’ ਕਾਂਗਰਸ
ਉੱਧਰ ਕਾਂਗਰਸ ਇਸ ਸੀਟ ਨੂੰ ਮੁੜ ਜਿੱਤਣ ਦੀ ਕੋਸ਼ਿਸ਼ ਵਿੱਚ ਹੈ, ਕਿਉਂਕਿ ਇਹ ਸੀਟ ਪਿਛਲੇ ਕਈ ਸਾਲਾਂ ਤੋਂ ਪਾਰਟੀ ਕੋਲ ਚਲੀ ਆ ਰਹੀ ਹੈ।
ਕਾਂਗਰਸ ਪਾਰਟੀ, ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਦੌਰਾਨ ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ‘ਹਮਦਰਦੀ’ ਦੀ ਲਹਿਰ ''ਤੇ ਸਵਾਰ ਹੋਣ ਦੀ ਵੀ ਉਮੀਦ ਕਰ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
ਕਰਮਜੀਤ ਕੌਰ ਨੇ ਜਿਸ ਵੇਲੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ, ਉਸ ਵੇਲੇ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਸਣੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਸਨ।
ਨਵਜੋਤ ਸਿੱਧੂ ਵੀ ਹਲਕੇ ਵਿੱਚ ਲਗਾਤਾਰ ਰੈਲੀਆਂ ਕਰ ਰਹੇ ਹਨ।
ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਗੁਰਜੀਤ ਸਿੰਘ ਵੀ ਚੋਣ ਪ੍ਰਚਾਰ ਕਰ ਰਹੇ ਸੀਨੀਅਰ ਨੇਤਾਵਾਂ ਵਿੱਚ ਸ਼ਾਮਲ ਹਨ।
ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਜਿਹੜੀਆਂ ਗੱਲਾਂ ਕਰਕੇ ਲੋਕਾਂ ਕੋਲੋਂ ਵੋਟਾਂ ਮੰਗ ਰਹੀ ਹੈ, ਉਹ ਤਾਂ ਮੁੱਦੇ ਹੀ ਨਹੀਂ ਹਨ।
“ਇਥੋਂ ਦੇ ਲੋਕ ਸਾਡੇ ਪਰਿਵਾਰ ਨਾਲ, ਸਾਡੀ ਪਾਰਟੀ ਨਾਲ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੇ ਸਾਡਾ ਕੰਮ ਵੀ ਵੇਖਿਆ ਹੈ ਤੇ ਕੁਰਬਾਨੀਆਂ ਵੀ। ਹਰ ਪਾਰਟੀ ਦਾ ਚੰਗਾ ਮਾੜਾ ਸਮਾਂ ਆਉਂਦਾ ਹੈ ਤੇ ਲੋਕ ਵੇਖ ਚੁੱਕੇ ਹਨ, ਜੋ ਬਦਲਾਅ ਦੀ ਗੱਲ ‘ਆਪ’ ਨੇ ਕੀਤੀ ਸੀ ਅਜਿਹਾ ਕੁਝ ਨਹੀਂ ਹੋਇਆ। ”
ਪ੍ਰਚਾਰ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਗੱਲ
ਅਕਾਲੀ-ਬਸਪਾ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਲੋਕਾਂ ਨੂੰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਦਵਾਉਂਦੇ ਹਨ ਤੇ ਉਨ੍ਹਾਂ ਦੇ ਕੀਤੇ ਕੰਮਾਂ ਦੀ ਵੀ।
ਉਹ ਕਹਿੰਦੇ ਹਨ, “ਉਨ੍ਹਾਂ ਨੇ ਕਦੇ ਵੱਖਵਾਦ ਦੀ ਸਿਆਸਤ ਨਹੀਂ ਕੀਤੀ ਤੇ ਹਮੇਸ਼ਾ ਹਿੰਦੂ-ਸਿੱਖ ਭਾਈਚਾਰਕ ਸਾਂਝ ਦੀ ਗੱਲ ਕੀਤੀ।‘’
ਉਹ ਤੁਲਨਾ ਵੀ ਕਰਦੇ ਹਨ ਕਿ ਭਗਵੰਤ ਮਾਨ ਨੇ ਤਾਂ ਅਜੇ ਕੁਝ ਮਹੀਨੇ ਹੀ ਸੱਤਾ ਵੇਖੀ ਹੈ ਤੇ ਕਈ ਚੀਜ਼ਾਂ ਸਾਹਮਣੇ ਆਈਆਂ ਹਨ, ਪਰ ਬਾਦਲ ਸਾਬ੍ਹ ਪੰਜ ਵਾਰ ਮੁੱਖ ਮੰਤਰੀ ਬਣੇ।
25 ਅਪ੍ਰੈਲ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ।
ਡਾ. ਸੁਖਵਿੰਦਰ ਸੁੱਖੀ ਮੌਜੂਦਾ ਪੰਜਾਬ ਸਰਕਾਰ ਉੱਤੇ ਇਲਜ਼ਾਮ ਲਾਉਂਦੇ ਹਨ ਕਿ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਿੱਚ ਫ਼ੇਲ੍ਹ ਰਹੀ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਕਾਰਨ ਕਈ ਦਿਨ ਚੋਣ ਮੈਦਾਨ ਵਿੱਚੋਂ ਗੈਰ ਹਾਜ਼ਰ ਰਹਿਣ ਤੋਂ ਬਾਅਦ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਤੇ ਸੀਨੀਅਰ ਅਕਾਲੀ ਆਗੂ ਮੁੜ ਮੈਦਾਨ ਵਿੱਚ ਡਟ ਗਏ ਹਨ।
ਭਾਵੇਂ ਕਿ ਬਾਦਲ ਦੀ ਮੌਤ ਕਾਰਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਜਲੰਧਰ ਚੋਣ ਹਲਕੇ ਤੋਂ ਦੂਰ ਵੀ ਰਹਿਣਾ ਪਿਆ। ਸੁਖਬੀਰ ਆਪਣੇ ਪ੍ਰਚਾਰ ਦੌਰਾਨ ਬਾਦਲ ਦੇ ਕੰਮਾਂ ਗਿਣਾਉਣ ਅਤੇ ਅਕਾਲੀ ਤੇ ਬਹੁਜਨ ਸਮਾਜ ਪਾਰਟੀ ਦੇ ਕਾਡਰ ਨੂੰ ਇਕਜੁਟ ਕਰਨ ਉੱਤੇ ਧਿਆਨ ਕ੍ਰੇਂਦਿਤ ਕਰ ਰਹੇ ਹਨ।
ਰੁਜ਼ਗਾਰ ਦਾ ਸਵਾਲ
ਉਮੀਦਵਾਰ ਕਈ ਮੁੱਦੇ ਚੁੱਕਦੇ ਹਨ ਪਰ ਆਮ ਲੋਕਾਂ ਉਨ੍ਹਾਂ ਮੁੱਦਿਆਂ ਦੀ ਗੱਲ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਸਿੱਧਾ ਫ਼ਰਕ ਪੈਂਦਾ ਹੈ।
ਜਿਵੇਂ ਕਰਤਾਰਪੁਰ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਕਿ ਰੁਜ਼ਗਾਰ ਪੈਦਾ ਕੀਤੇ ਜਾਣ ਤਾਂ ਜੋ ਲੋਕ ਬਾਹਰ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਨਾ ਹੋਣ।
ਇੱਕ ਸ਼ਖ਼ਸ ਅਮਰਜੀਤ ਸਿੰਘ ਨੇ ਦੱਸਿਆ ਕਿ ਸਾਰੇ ਨੌਜਵਾਨ ਦਸਵੀਂ ਕਰਦੇ ਹੀ ਕੈਨੇਡਾ ਤੇ ਅਮਰੀਕਾ ਦੇ ਸੁਪਨੇ ਵੇਖਣ ਲੱਗ ਜਾਂਦੇ ਹਨ। ਫੇਰ ਪੰਜਾਬ ਵਿਚ ਕੌਣ ਰਹੇਗਾ? ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਇੱਥੇ ਰਹਿ ਕੇ ਕਰਨਾ ਵੀ ਕੀ ਹੈ ? ਨੌਜਵਾਨਾਂ ਨੇ ਨਸ਼ੇ ਹੀ ਕਰਨੇ ਕਿਉਂਕਿ ਉਹ ਤਾਂ ਕਿਸੇ ਪਾਰਟੀ ਨੇ ਰੋਕਣੇ ਨਹੀਂ।
ਭੋਗਪੁਰ ਵਿੱਚ ਇੱਕ ਮਹਿਲਾ ਬਲਜੀਤ ਕੌਰ ਦਾ ਵੀ ਕੁਝ ਅਜਿਹਾ ਹੀ ਕਹਿਣਾ ਸੀ। ਸਾਡੇ ਬੱਚੇ ਪੜ੍ਹ ਲਿਖ ਕੇ ਵੀ ਕਿਸੇ ਕੰਮ ਨਹੀਂ ਲਗ ਸਕਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕੁਝ ਕਰਨ ਕਿ ਬੱਚੇ ਕਿਸੇ ਕੰਮ ਲੱਗਣ।
ਜਲੰਧਰ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ
ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਲਗਭਗ 32 ਫੀਸਦ ਹੈ, ਜੋ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਹੈ। ਜ਼ਿਆਦਾਤਰ ਅਨੁਸੂਚਿਤ ਜਾਤੀਆਂ (SC) ਆਬਾਦੀ ਦੋਆਬੇ ਵਿੱਚ ਕੇਂਦਰਿਤ ਹੈ, ਜੋ ਕਿ ਆਬਾਦੀ ਦਾ 45 ਫ਼ੀਸਦ ਹੈ।
ਐੱਸਸੀ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਆਸੀ ਜਥੇਬੰਦੀਆਂ ਜ਼ਿਮਨੀ ਚੋਣ ਲਈ ਆਪਣੀਆਂ ਮੁਹਿੰਮਾਂ ਦੌਰਾਨ ਦਲਿਤਾਂ ਦੇ ਮੁੱਦਿਆਂ ਦਾ ਪ੍ਰਮੁੱਖਤਾ ਨਾਲ ਜ਼ਿਕਰ ਕਰ ਰਹੀਆਂ ਹਨ ।
ਇਨ੍ਹਾਂ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫੰਡਾਂ ਦੀ ਕਥਿਤ ਗੜਬੜੀ ਵੀ ਸ਼ਾਮਲ ਹੈ।
ਡੇਰਿਆਂ ਦਾ ਪ੍ਰਭਾਵ
ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਡੇਰਿਆਂ ਦੇ ਗੇੜੇ ਲਾ ਰਹੇ ਹਨ ਅਤੇ ‘ਗੁਰੂਆਂ’ ਅੱਗੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਲਾਈਨਾਂ ਲਾ ਰਹੇ ਹਨ।
ਸੰਸਦੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਭਗ 100 ਦੇ ਕਰੀਬ ਵੱਡੇ ਅਤੇ ਛੋਟੇ ‘ਡੇਰੇ’ ਸਥਿਤ ਹਨ। ਪ੍ਰਮੁੱਖ ਡੇਰਿਆਂ ਵਿੱਚ ਡੇਰਾ ਸੱਚਖੰਡ ਬੱਲਾਂ ਸ਼ਾਮਲ ਹੈ।
ਮੈਂ ਨੂਰਮਹਿਲ ਵਿੱਚ ਆਸ਼ੂਤੋਸ਼ ਦੁਆਰਾ ਸਥਾਪਿਤ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਿੱਚ ਇੱਕ ਮੁੱਖ ਉਮੀਦਵਾਰ ਨੂੰ ਮਿਲਿਆ। ਉਨ੍ਹਾਂ ਨੇ ਉੱਥੇ ਇੰਚਾਰਜ ਨਾਲ ਕਰੀਬ ਦੋ ਘੰਟੇ ਬਿਤਾਏ।
ਉਮੀਦਵਾਰ ਦੇ ਪੀਏ ਨੇ ਮੈਨੂੰ ਦੱਸਿਆ ਕਿ ਉਹ ਪਹਿਲਾਂ ਹੀ ਕਰੀਬ 30 ਡੇਰਿਆਂ ''ਤੇ ਜਾ ਚੁੱਕੇ ਹਨ।
ਇਹ ਪੁੱਛੇ ਜਾਣ ''ਤੇ ਕਿ ਕੀ ਉਨ੍ਹਾਂ ਨੇ ਸਮਰਥਨ ਦਾ ਕੋਈ ਭਰੋਸਾ ਦਿੱਤਾ ਹੈ, ਉਨ੍ਹਾਂ ਕਿਹਾ ਕਿ ਉਹ ਹਰ ਉਮੀਦਵਾਰ ਲਈ ਅਜਿਹਾ ਕਰਦੇ ਹਨ।
“ਡੇਰੇ ਆਪਣੇ ਸਮਰਥਕਾਂ ਨੂੰ ਇਹ ਨਹੀਂ ਦੱਸਦੇ ਕਿ ਵੋਟ ਕਿਸ ਨੂੰ ਕਰਨੀ ਹੈ, ਸਗੋਂ ਇਹ ਸੰਦੇਸ਼ ਸੂਖਮ ਤਰੀਕੇ ਨਾਲ ਦਿੱਤਾ ਜਾਂਦਾ ਹੈ।”
ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਭਾਵੇਂ ਕਿਸੇ ਦੀ ਸਰਕਾਰ ਬਣਨੀ ਜਾਂ ਡਿਗਣੀ ਨਾ ਹੋਵੇ ਪਰ ਇਸ ਨੂੰ ਅਗਲੇ ਸਾਲ ਹੋਣ ਵਾਲੀ ਲੋਕ ਸਭਾ ਚੋਣਾ ਤੋਂ ਪਹਿਲਾਂ ‘ਵਾਰਮ-ਅਪ’ ਜਾਂ ਤਿਆਰੀ ਵਜੋਂ ਜ਼ਰੂਰ ਵੇਖਿਆ ਜਾ ਰਿਹਾ ਹੈ।
‘ਆਪ’ ਲਈ ਇਹ ਸਾਖ ਦੀ ਵੀ ਲੜਾਈ ਹੈ, ਜੋ ਪਿਛਲੇ ਸਾਲ ਸੰਗਰੂਰ ਦੀ ਜ਼ਿਮਨੀ ਚੋਣ ਹਾਰ ਗਈ ਸੀ। ਸੰਗਰੂਰ ਦੀ ਲੋਕ ਸਭਾ ਸੀਟ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ।
ਪਿਛਲੇ ਸਾਲ ਜੂਨ ਮਹੀਨੇ ਵਿੱਚ ਉੱਥੇ ਚੋਣਾਂ ਹੋਈਆਂ ਸਨ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਚੋਣਾਂ ਨੇ ਜਿੱਤ ਹਾਸਲ ਕੀਤੀ ਸੀ।
ਐਨੇ ਵੱਡੇ ਹੁੰਗਾਰੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਭਗਵੰਤ ਮਾਨ ਦੀ ਇਹ ਸੀਟ ਹਾਰਨਾ ਆਮ ਆਦਮੀ ਪਾਰਟੀ ਲਈ ਆਪਣਾ ਆਪ ਵਿੱਚ ਇੱਕ ਵੱਡਾ ਧੱਕਾ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਪਾਕਿਸਤਾਨ: ਈਸ਼ਨਿੰਦਾ ਦੇ ਇਲਜ਼ਾਮ ''ਚ ਮਸਜਿਦ ਦੇ ਇਮਾਮ ਦੀ ਭੀੜ ਵੱਲੋਂ ਕੁੱਟਮਾਰ ਮਗਰੋਂ ਮੌਤ, ਈਸ਼ਨੰਦਾ ਕੀ...
NEXT STORY