ਆਸਟ੍ਰੇਲੀਆ ਦੀ ਪੱਤਰਕਾਰ ਚੇਂਗ ਲੀ ਚੀਨ ਦੀ ਜੇਲ੍ਹ ਵਿੱਚ ਬੰਦ ਹਨ।
ਉਨ੍ਹਾਂ ਦੇ ਪਾਰਟਨਰ ਨਿਕ ਕੋਇਲੇ ਚੇਂਗ ਬਾਰੇ ਗੱਲ ਕਰਦਿਆਂ ਕੁਝ ਭਾਵੁਕ ਹੋ ਜਾਂਦੇ ਹਨ। ਉਹ ਕਹਿੰਦੇ ਹਨ, “ਨਜ਼ਰਬੰਦੀ ਵਿੱਚ ਇੱਕ ਹਜ਼ਾਰ ਦਿਨ ਬਹੁਤ ਲੰਬਾ ਸਮਾਂ ਹੁੰਦਾ ਹੈ।”
ਜੋ ਕਿ ਚੀਨ ਦੀ ਜੇਲ੍ਹ ਵਿੱਚ ਹੈ। ਚੇਂਗ ਖ਼ਿਲਾਫ਼ ਇਲਜ਼ਾਮਾਂ ਬਾਰੇ ਡੀਟੇਲ ਜਾਣਕਾਰੀ ਹਾਲੇ ਵੀ ਇੱਕ ਰਾਜ਼ ਹੈ ਅਤੇ ਉਸ ਨੂੰ ਹਾਲੇ ਸਜ਼ਾ ਸੁਣਾਈ ਨਹੀਂ ਗਈ ਹੈ।
ਚੇਂਗ ਦੇ ਹੋਰ ਦੋਸਤਾਂ ਅਤੇ ਪਰਿਵਾਰ ਦੀ ਤਰ੍ਹਾਂ, ਕੋਇਲੇ ਨੂੰ ਵੀ ਕੋਈ ਜਾਣਕਾਰੀ ਨਹੀਂ ਕਿ ਉਨ੍ਹਾਂ ਨੇ ਅਜਿਹਾ ਕੀ ਕੀਤਾ ਹੋਏਗਾ ਜਿਸ ਬਦਲੇ ਉਨ੍ਹਾਂ ਨਾਲ ਅਜਿਹਾ ਵਤੀਰਾ ਹੋ ਰਿਹਾ ਹੈ।
ਉਹ ਬੀਬੀਸੀ ਨਾਲ ਗੱਲ ਕਰਦਿਆਂ ਕਹਿੰਦੇ ਹਨ, “ਮੈਂ ਚੀਨ ਵਿੱਚ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਇਸ ਸਥਿਤੀ ਨਾਲ ਛੇਤੀ ਤੋਂ ਛੇਤੀ ਨਜਿੱਠਣ ਬਾਰੇ ਕਹਾਂਗਾ।”
ਚੇਂਗ ਲੀ ਨੂੰ ਅਚਾਨਕ ਗ੍ਰਿਫ਼ਤਾਰ ਕੀਤਾ ਗਿਆ
ਚੇਂਗ ਲੀ ਚੀਨ ਦੇ ਸੀਜੀਟੀਐੱਨ ਟੀਵੀ ਚੈਨਲ ਵਿੱਚ ਬਿਜ਼ਨਸ ਰਿਪੋਰਟਰ ਵਜੋਂ ਕੰਮ ਕਰਦੇ ਸਨ।
13 ਅਗਸਤ, 2020 ਨੂੰ ਅਚਾਨਕ ਸਟੇਟ ਦੇ ਸਕਿਉਰਟੀ ਅਫ਼ਸਰਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਬਾਅਦ ਵਿੱਚ ਉਨ੍ਹਾਂ ਉੱਤੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਦੀ ਖ਼ੁਫ਼ੀਆ ਜਾਣਕਾਰੀ ਬਾਹਰ ਸਾਂਝੇ ਕਰਨ ਦੇ ਇਲਜ਼ਾਮ ਲਗਾਏ ਗਏ ਸਨ।
ਪਹਿਲੇ ਛੇ ਮਹੀਨੇ ਉਨ੍ਹਾਂ ਨੂੰ ਕੈਦ ਵਿੱਚ ਇਕੱਲਿਆਂ ਨੂੰ ਰੱਖਿਆ ਗਿਆ ਸੀ ਜਿੱਥੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਸੇ ਵਕੀਲ ਨਾਲ ਵੀ ਸੰਪਰਕ ਨਾ ਕਰਨ ਦਿੱਤਾ ਗਿਆ।
ਛੇ ਮਹੀਨੇ ਬਾਅਦ ਹੀ ਉਨ੍ਹਾਂ ਨੂੰ ਬਾਕੀ ਕੈਦੀਆਂ ਨਾਲ ਰੱਖਿਆ ਗਿਆ ਸੀ। ਚੇਂਗ ਲੀ ਦਾ ਮੁਕੱਦਮਾ ਮਾਰਚ 2022 ਤੋਂ ਇੱਕ ਬੰਦ ਕਮਰੇ ਵਿੱਚ ਚੱਲ ਰਿਹਾ ਹੈ।
ਇੱਥੋਂ ਤੱਕ ਕਿ ਆਸਟ੍ਰੇਲੀਆ ਦੇ ਚੀਨ ਵਿੱਚ ਰਾਜਦੂਤ ਗ੍ਰਾਹਾਮ ਫ਼ਲੇਚਰ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।
ਪਰ ਉਨ੍ਹਾਂ ਦੇ ਮਾਮਲੇ ਵਿੱਚ ਸਜ਼ਾ ਸੁਣਾਏ ਜਾਣਾ ਵਾਰ-ਵਾਰ ਟਾਲਿਆ ਗਿਆ ਹੈ।
ਉਨ੍ਹਾਂ ਦਾ ਜਿੱਥੇ ਮੁਕੱਦਮਾ ਚੱਲਿਆ, ਬੀਜਿੰਗ ਦੀ ਉਸ ਅਦਾਲਤ ਨਾਲ ਬੀਬੀਸੀ ਨੇ ਫ਼ੋਨ ਜ਼ਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ।
ਰਿਹਾਈ ਦੀਆਂ ਨਾਕਾਮ ਕੋਸ਼ਿਸ਼ਾਂ
ਚੀਨ-ਆਸਟ੍ਰੇਲੀਆ ਚੈਂਬਰ ਆਫ਼ ਕਾਮਰਸ ਦੇ ਸਾਬਕਾ ਚੀਫ਼ ਐਗਜ਼ਿਕਿਉਟਿਵ ਕੋਇਲੇ, ਹੁਣ ਬੀਜਿੰਗ ਤੋਂ ਜਾ ਚੁੱਕੇ ਹਨ ਪਰ ਲੀ ਦੀ ਰਿਹਾਈ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਕੋਇਲੇ ਕਹਿੰਦੇ ਹਨ, “ਚੀਨ ਦੇ ਆਸਟ੍ਰੇਲੀਆ ਲਈ ਰਾਜਦੂਤ ਸ਼ੀਆਓ ਕੀਆਨ ਨੇ ਜਨਵਰੀ ਵਿੱਚ ਉਮੀਦ ਜਤਾਈ ਸੀ ਕਿ ਜਿੰਨੀ ਜਲਦੀ ਸੰਭਵ ਹੋ ਸਕਿਆ ਕੋਈ ਹੱਲ ਨਿਕਲੇਗਾ, ਪਰ ਉਸ ਤੋਂ ਪੰਜ ਮਹੀਨੇ ਬਾਅਦ ਵੀ, ਅਸੀਂ ਉਡੀਕ ਹੀ ਕਰ ਰਹੇ ਹਾਂ।”
ਇੱਕ ਹੋਰ ਆਸਟ੍ਰੇਲੀਆ ਵਾਸੀ ਯਾਂਗ ਹੇਂਗਜੁਨ ਜਿਨ੍ਹਾਂ ’ਤੇ ਦੇਸ਼ ਦੀ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਦੇ ਇਲਜ਼ਾਮ ਲੱਗੇ ਸਨ, ਉਨ੍ਹਾਂ ਦੇ ਮਾਮਲੇ ਵਿੱਚ ਵੀ ਸਜ਼ਾ ਸੁਣਾਏ ਜਾਣਾ ਵਾਰ-ਵਾਰ ਟਾਲਿਆ ਸੀ।
ਚੀਨ ਵਿੱਚ ‘ਸਟੇਟ ਸੀਕ੍ਰੇਟ’ ਇੱਕ ਅਜਿਹਾ ਕੰਸੈਪਟ ਹੈ ਜਿਸ ਲਈ ਸਰਕਾਰ ਜੋ ਚਾਹੇ ਸਜ਼ਾ ਨਿਰਧਾਰਿਤ ਕਰ ਸਕਦੀ ਹੈ ਤੇ ਇਸ ਨੂੰ ਕਿਸੇ ਲਈ ਪ੍ਰਭਾਸ਼ਿਤ ਕੀਤੇ ਜਾਣਾ ਵੀ ਔਖਾ ਹੈ।
ਚੇਂਗ ਲੀ ਨੂੰ ਬਿਨ੍ਹਾਂ ਜ਼ੁਲਮ ਦੱਸਿਆ ਹਿਰਾਸਤ ’ਚ ਲਿਆ ਗਿਆ
- ਆਸਟ੍ਰੇਲੀਆ ਦੀ ਪੱਤਰਕਾਰ ਚੇਂਗ ਲੀ ਨੂੰ ਚੀਨ ਵਿੱਚ 13 ਅਗਸਤ, 2020 ਵਿੱਚ ਹਿਰਾਸਤ ਵਿੱਚ ਲਿਆ ਗਿਆ
- ਚੀਨ ਨੇ ਇਲਜ਼ਾਮ ਲਗਾਇਆ ਕਿ ਲੀ ਨੇ ਗੁਪਤ ਜਾਣਕਾਰੀ ਦੇਸ਼ ਤੋਂ ਬਾਹਰ ਸਾਂਝੀ ਕੀਤੀ ਹੈ
- ਲੀ ਦੇ ਪਾਰਟਰਨ ਕੋਇਲੇ ਚੇਂਗ ਨੇ ਉਨ੍ਹਾਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਕੀਤੀਆਂ
- 6 ਮਹੀਨੇ ਤੱਕ ਚੇਂਗ ਨੂੰ ਜੇਲ੍ਹ ਵਿੱਚ ਇਕੱਲਿਆ ਰੱਖਿਆ ਗਿਆ
- ਚੇਂਗ ਲੀ ਦਾ ਮੁਕੱਦਮਾ ਮਾਰਚ 2022 ਤੋਂ ਇੱਕ ਬੰਦ ਕਮਰੇ ਵਿੱਚ ਚੱਲ ਰਿਹਾ ਹੈ।
- ਮਾਮਲੇ ਵਿੱਚ ਸਜ਼ਾ ਸੁਣਾਏ ਜਾਣਾ ਵਾਰ-ਵਾਰ ਟਾਲਿਆ ਗਿਆ ਹੈ।
ਚੀਨ ਲਈ ਵੀ ਅਜਿਹੀਆਂ ਗ੍ਰਿਫ਼ਤਾਰੀਆਂ ਚੁਣੌਤੀ ਸਾਬਤ ਹੋ ਸਕਦੀਆਂ ਹਨ
ਜੋ ਦੇਸ਼ ਸਖ਼ਤ ਕੋਵਿਡ ਲੌਕਡਾਊਨ ਤੋਂ ਬਾਅਦ, ਕੌਮਾਂਤਰੀ ਕਾਰੋਬਾਰੀ ਨਿਵੇਸ਼ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਲਈ ਲੰਬੇ ਸਮੇਂ ਤੱਕ ਵਿਦੇਸ਼ੀਆਂ ਨੂੰ ਨਜ਼ਰਬੰਦ ਰੱਖਣਾ, ਇੱਕ ਚੁਣੌਤੀ ਸਾਬਤ ਹੋ ਰਿਹਾ ਹੈ।
ਦੋ ਕੈਨੇਡਾ ਵਾਸੀਆਂ, ਮਿਸ਼ੈਲ ਕੋਵਰਿਜ ਅਤੇ ਮਿਸ਼ੈਲ ਸਪਾਵਰ ਨੂੰ 2018 ਤੋਂ 2021 ਤੱਕ ‘ਹੋਸਟੇਜ ਡਿਪਲੋਮੇਸੀ’ ਦੇ ਇਲਜ਼ਾਮਾਂ ਤਹਿਤ, ਹਵਾਈ ਦੇ ਚੀਫ਼ ਫ਼ਾਇਨੈਂਸ਼ੀਅਲ ਅਫ਼ਸਰ ਮੇਂਗ ਵਾਂਨਜ਼ੋਊ ਦੀ ਹਵਾਲਗੀ ਪ੍ਰਕਿਰਿਆ ਬਦਲੇ ਹਿਰਾਸਤ ਵਿੱਚ ਲਿਆ ਗਿਆ ਸੀ।
ਮੇਂਗ ਖ਼ਿਲਾਫ਼ ਹਵਾਲਗੀ ਬੇਨਤੀ ਰੱਦ ਕੀਤੇ ਜਾਣ ਦੇ ਘੰਟਿਆਂ ਬਾਅਦ ਦੋਵਾਂ ਕੈਨੇਡਾ ਨਾਗਰਿਕਾਂ ਨੂੰ ਰਿਹਾਅ ਕੀਤਾ ਗਿਆ ਸੀ।
ਛੇ ਹਫ਼ਤੇ ਪਹਿਲਾਂ, ਇੱਕ ਫ਼ਾਰਮਾਸਿਉਟਿਕਲ ਕੰਪਨੀ ਦੇ ਜਪਾਨੀ ਐਗਜ਼ਿਕਿਉਟਿਵ ਨੂੰ ਨਜ਼ਰਬੰਦ ਕੀਤਾ ਗਿਆ ਸੀ ਅਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ’ਤੇ ਜਾਸੂਸੀ ਕਰਨ ਦਾ ਸ਼ੱਕ ਹੈ।
ਪਿਛਲੇ ਸਾਲਾਂ ਵਿੱਚ, ਚੀਨ ’ਚ ਸਥਿਤ ਕੌਮਾਂਤਰੀ ਕਾਰਪੋਰੇਟ ਰਿਸਰਚ ਫ਼ਰਮਾਂ ’ਤੇ ਵੀ ਛਾਪੇ ਮਾਰੇ ਗਏ ਹਨ।
ਕਈ ਕਹਿੰਦੇ ਹਨ ਕਿ ਵਿਦੇਸ਼ੀ ਨਿਵੇਸ਼ਕ ਚੀਨ ਵਿੱਚ ਰਹਿਣ ਦਾ ਖਤਰਾ ਮੁੱਲ ਲੈ ਰਹੇ ਹਨ ਪਰ ਇਹ ਵੀ ਮਹਿਸੂਸ ਕਰਦੇ ਹਨ ਕਿ ਇੱਥੋਂ ਦੀ ਵੱਡੀ ਘਰੇਲੂ ਮੰਡੀ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਆਸਟ੍ਰੇਲੀਆ ਅਤੇ ਚੀਨ ਵਿਚਕਾਰ ਪਿਛਲੇ ਕੁਝ ਸਾਲ ਉਤਰਾਅ-ਚੜ੍ਹਾਅ ਵਾਲੇ ਰਹੇ ਹਨ। ਬੀਜਿੰਗ ਨੇ ਆਸਟ੍ਰੇਲੀਆ ਦੀ ਵਾਈਨ, ਜੌਂ ਅਤੇ ਝੀਂਗੇ(ਲੌਬਸਟਰ) ’ਤੇ ਪਾਬੰਦੀਆਂ ਲੱਗਾ ਦਿੱਤੀਆਂ ਹਨ।
ਇਸ ਸਭ ਦੇ ਵਿਚਕਾਰ ਚੇਂਗ ਲੀ ਦੇ ਮਾਮਲੇ ਨੇ ਕਾਫ਼ੀ ਧਿਆਨ ਖਿੱਚਿਆ ਹੈ।
ਨਜ਼ਰਬੰਦ ਵਿਦੇਸ਼ੀ ਨਾਗਰਿਕਾਂ ਨਾਲ ਪੱਖਪਾਤ
ਇਹ ਵੀ ਸਾਹਮਣੇ ਆਇਆ ਹੈ ਕਿ ਸਾਲਾਂ ਤੋਂ ਨਜ਼ਰਬੰਦੀ ਵਿੱਚ ਜੋ ਲੋਕ ਬੰਦ ਹਨ, ਉਨ੍ਹਾਂ ਵਿੱਚੋਂ ਜਿਨ੍ਹਾਂ ਕੋਲ ਵਿਦੇਸ਼ੀ ਪਾਸਪੋਰਟ ਹੈ, ਚੀਨੀ ਪਿਛੋਕੜ ਵਾਲੇ ਵਿਦੇਸ਼ੀਆਂ ਦੇ ਮੁਕਾਬਲੇ, ਉਨ੍ਹਾਂ ਨਾਲ ਸਖ਼ਤ ਸਲੂਕ ਕੀਤਾ ਜਾਂਦਾ ਹੈ।
ਹੋ ਸਕਦਾ ਹੈ ਕਿ ਚੀਨ ਦੀ ਸਰਕਾਰ ਸੋਚਦੀ ਹੋਵੇ ਕਿ ਚੀਨੀ ਮੂਲ ਦੀ ਹੋਣ ਕਰਕੇ ਆਸਟ੍ਰੇਲੀਆ ਚੇਂਗ ਲੀ ਬਾਰੇ ਘੱਟ ਚਿੰਤਾ ਦਿਖਾਏਗਾ, ਪਰ ਅਜਿਹਾ ਨਹੀਂ ਹੋਇਆ।
ਜਦੋਂ ਉਨ੍ਹਾਂ ਨੂੰ ਫੜਿਆ ਗਿਆ ਸੀ, ਉਸ ਸਮੇਂ ਉਨ੍ਹਾਂ ਦੇ ਬੱਚੇ ਨੌਂ ਅਤੇ ਗਿਆਰਾਂ ਸਾਲਾਂ ਦੇ ਸਨ।
ਲੀ ਦੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਬੱਚੇ ਆਪਣੀ ਮਾਂ ਨੂੰ ਮਿਲੇ। ਇਸ ਗੱਲ ਨੇ ਵੀ ਹੋਰ ਦੇਸ਼ਾਂ ਦਾ ਧਿਆਨ ਖਿੱਚਿਆ ਹੈ।
ਨਿਕ ਕੋਇਲੇ ਕਹਿੰਦੇ ਹਨ, “ਨਿਰਪੱਖ ਆਸਟ੍ਰੇਲੀਅਨ, ਉਹ ਭਾਵੇਂ ਕਾਰੋਬਾਰੀ ਹੋਣ, ਸਿਆਸਤਦਾਨ ਜਾਂ ਆਮ ਲੋਕ ਹੋਣ, ਜਿਉਂ ਦੀ ਤਿਉਂ ਸਥਿਤੀ ਨੂੰ ਸਵੀਕਾਰ ਨਹੀਂ ਕਰਦੇ।”
ਚੀਨ ਦਾ ਰਵੱਈਆ
ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਸਬੰਧੀ ਆਲਮੀ ਚਿੰਤਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇੱਕ ਪ੍ਰੈਸ ਕਾਨਫਰੰਸ ਵਿੱਚ, ਬੁਲਾਰੇ ਵਾਂਗ ਵੇਨਬਿਨ ਨੇ ਕਿਹਾ, “ਚੇਂਗ ਲੀ ਦੇ ਕਾਨੂੰਨੀ ਹੱਕ ਸੁਰੱਖਿਅਤ ਰੱਖਦਿਆਂ, ਚੀਨ ਦੇ ਕਾਨੂੰਨੀ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਨਜਿੱਠਿਆ ਹੈ।”
ਲੀ ਦੀ ਨਜ਼ਰਬੰਦੀ ਦੇ ਦੋ ਸਾਲ ਬੀਤਣ ਤੋਂ ਬਾਅਦ, ਕਿਹਾ ਗਿਆ ਕਿ ਜਲਦੀ ਹੀ ਫ਼ੈਸਲਾ ਆਏਗਾ।
ਹਾਲਾਂਕਿ, ਉਸ ਤੋਂ ਬਾਅਦ ਉਨ੍ਹਾਂ ਦੇ ਗੁਪਤ ਮੁਕੱਦਮੇ ਨੂੰ ਚਲਦਿਆਂ ਵੀ ਇੱਕ ਸਾਲ ਹੋ ਚੁੱਕਿਆ ਹੈ ਪਰ ਹਾਲੇ ਤੱਕ ਇਸ ਬਾਰੇ ਕੋਈ ਫ਼ੈਸਲਾ ਨਹੀਂ ਆਇਆ ਹੈ।
ਚੀਨ ਵਿੱਚ ਕਿਸੇ ਅਪਰਾਧ ਦੇ ਇਲਜ਼ਾਮ ਲੱਗਣ ਦਾ ਅਰਥ ਤਕਰੀਬਨ ਕੇਸ ਹਾਰਨਾ ਹੀ ਹੁੰਦਾ ਹੈ।
ਅਧਿਕਾਰਿਕ ਅੰਕੜਿਆਂ ਮੁਤਾਬਕ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਦਰ ਸੌ ਫ਼ੀਸਦੀ ਦੇ ਨੇੜੇ ਹੈ। ਅਜਿਹੇ ਕੇਸਾਂ ਵਿੱਚ ਵਕੀਲ ਅਤੇ ਸਮਰਥਕ ਸਜ਼ਾ ਘੱਟ ਕਰਾਉਣ ਲਈ ਜੋ ਕਰ ਸਕਦੇ ਹਨ, ਕਰਦੇ ਹਨ ਪਰ ਨਤੀਜੇ ਨਿਰਾਸ਼ਾਜਨਕ ਹੀ ਰਹਿੰਦੇ ਹਨ।
ਜਦੋਂ ਵਿਦੇਸ਼ੀਆਂ ਦੀ ਗੱਲ ਹੁੰਦੀ ਹੈ, ਤਾਂ ਸਰਕਾਰ ਹੋਰਨਾਂ ਦੇਸ਼ਾਂ ਤੋਂ ਆਪਣੇ ਨਾਗਰਿਕ ਰਿਹਾਅ ਕਰਵਾਉਣ ਲਈ ਗੱਲਬਾਤ ਦੀ ਕੋਸ਼ਿਸ਼ ਕਰਦੀ ਹੈ। ਇਸ ਵਿੱਚ ਕਈ ਵਾਰ ਸੌਦੇਬਾਜ਼ੀ ਵੀ ਸ਼ਾਮਲ ਹੁੰਦੀ ਹਨ।
ਚੀਨ ਸਰਕਾਰ ਇਸ ਸਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਬੀਜਿੰਗ ਦੌਰਾ ਚਾਹੁੰਦੀ ਹੈ ਤਾਂ ਕਿ ਰਿਸ਼ਤਿਆਂ ਵਿੱਚ ਸੁਧਾਰ ਨੂੰ ਰਸਮੀ ਰੂਪ ਦਿੱਤਾ ਜਾ ਸਕੇ।
ਆਸਟ੍ਰੇਲੀਆ ਵੱਲੋਂ ਇਹ ਦੌਰਾ ਕਰਨ ਬਦਲੇ ਚੇਂਗ ਲੀ ਅਤੇ ਯਾਂਗ ਹੇਂਗਜੁਨ ਦੇ ਕੇਸ ਨੂੰ ਸੌਦੇਬਾਜ਼ੀ ਲਈ ਵਰਤਿਆ ਜਾ ਸਕਦਾ ਹੈ। ਯਾਨੀ ਇਨ੍ਹਾਂ ਦੇ ਕੇਸ ਆਸਟ੍ਰੇਲੀਆ ਦੇ ਪੱਖ ਵਿੱਚ ਹੋਣ ਦੀ ਸ਼ਰਤ ’ਤੇ ਦੌਰੇ ਨੂੰ ਹਾਂ ਕੀਤੀ ਜਾ ਸਕਦੀ ਹੈ।
ਆਸਟ੍ਰੇਲੀਅਨ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੇ ਕਈ ਮੌਕਿਆਂ ’ਤੇ ਇਨ੍ਹਾਂ ਕੇਸਾਂ ਦਾ ਮਸਲਾ ਚੁੱਕਿਆ ਹੈ।
ਪਿਛਲੇ ਹਫ਼ਤੇ ਜਦੋਂ ਅਲਬਾਨੀਜ਼ ਲੰਡਨ ਵਿੱਚ ਤਾਜਪੋਸ਼ੀ ਸਮਾਰੋਹ ਲਈ ਗਏ ਹੋਏ ਸਨ, ਤਾਂ ਇੱਕ ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ, “ਸਾਡੀ ਚੀਨ ਬਾਰੇ ਸਥਿਤੀ ਉਸਾਰੂ ਰਹੀ ਹੈ ਅਤੇ ਵਪਾਰ ਵਿੱਚ ਰੁਕਾਵਟਾਂ ਦੂਰ ਹੋਣੀਆਂ ਚਾਹੀਦੀਆਂ ਹਨ।”
“ਰਾਸ਼ਟਰਪਤੀ ਸ਼ੀ ਨੂੰ ਸਿੱਧੇ ਤੌਰ ’ਤੇ ਕਿਹਾ ਹੈ ਕਿ ਚੇਂਗ ਲੀ ਵਰਗੇ ਆਸਟ੍ਰੇਲੀਅਨ ਨਾਗਰਿਕਾਂ ਨੂੰ ਬਣਦਾ ਇਨਸਾਫ਼ ਮਿਲਣਾ ਚਾਹੀਦਾ ਹੈ , ਜੋ ਹਾਲ ਦੀ ਘੜੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ।”
ਉਨ੍ਹਾਂ ਵੱਲੋਂ ਸ਼ੀ ਜਿਨਪਿੰਗ ਨੂੰ ਸਿੱਧੇ ਤੌਰ ’ਤੇ ਸੰਬੋਧਨ ਹੋਣ ਨੇ ਬੀਜਿੰਗ ਦਾ ਧਿਆਨ ਜ਼ਰੂਰ ਖਿੱਚਿਆ ਹੋਵੇਗਾ।
ਚੇਂਗ ਲੀ ਦਾ ਜ਼ਿਆਦਾਤਰ ਕਰੀਅਰ ਉਨ੍ਹਾਂ ਦੇ ਜਨਮ ਥਾਂ ਚੀਨ ਵਿੱਚ ਬੀਤਿਆ ਅਤੇ ਜਿੱਥੋਂ ਉਨ੍ਹਾਂ ਦੇ ਪਰਿਵਾਰ ਨੇ ਪਰਵਾਸ ਕੀਤਾ ਯਾਨੀ ਆਸਟ੍ਰੇਲੀਆ ਜਾ ਰਹਿਣ ਲੱਗੇ।
ਉਨ੍ਹਾਂ ਕਦੇ ਨਹੀਂ ਸੀ ਚਾਹਿਆ ਕਿ ਉਨ੍ਹਾਂ ਦੇ ਮਾਮਲੇ ਨਾਲ ਚੀਨ ਅਤੇ ਆਸਟ੍ਰੇਲੀਆ ਦੇ ਸਬੰਧਾਂ ਵਿੱਚ ਕੋਈ ਖਟਾਸ ਆਵੇ।
ਜੇਲ੍ਹ ਵਿੱਚੋਂ ਆਸਟ੍ਰੇਲੀਆਈ ਡਿਪਲੋਮੈਟਸ ਨਾਲ ਮਹੀਨੇ ਵਿੱਚ ਅੱਧੇ ਘੰਟੇ ਦੀਆਂ ਮੁਲਾਕਾਤਾਂ ਦੌਰਾਨ ਚੇਂਗ ਵੱਲੋਂ ਜੋ ਸੰਦੇਸ਼ ਆ ਸਕੇ, ਉਨ੍ਹਾਂ ਵਿੱਚ ਇੱਕ ਚੀਜ਼ ਹਾਵੀ ਰਹੀ। ਇਹ ਕਿ ਉਹ ਆਪਣੇ ਬੱਚਿਆਂ ਨੂੰ ਕਿੰਨਾ ਯਾਦ ਕਰ ਰਹੀ ਹੈ ਅਤੇ ਉਨ੍ਹਾਂ ਤੋਂ ਦੂਰ ਹੋਣਾ ਚੇਂਗ ਲਈ ਕਿੰਨਾ ਦਰਦਨਾਇਕ ਹੈ।
ਨਿੱਕ ਕੋਇਲੇ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ, ਜੋ ਹੁਣ 11 ਅਤੇ 14 ਸਾਲ ਦੇ ਹਨ, ਆਸਟ੍ਰੇਲੀਆ ਵਿੱਚ ਆਪਣੀ ਮਾਂ ਬਿਨ੍ਹਾਂ ਰਹਿ ਰਹੇ ਹਨ। “ਮੈਂ ਲੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਖ਼ਾਤਰ, ਜਲਦੀ ਤੋਂ ਜਲਦੀ ਕਿਸੇ ਹੱਲ ਦੀ ਉਮੀਦ ਕਰਦਾ ਹਾਂ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਨੰਗਲ ਵਿੱਚ ਗੈਸ ਲੀਕ ਹੋਣ ਨਾਲ ਦਰਜਨਾਂ ਬੱਚੇ ਬਿਮਾਰ, ਘਟਨਾ ਤੇ ਹਾਲਾਤ ਬਾਰੇ ਜੋ ਪਤਾ ਲੱਗਿਆ
NEXT STORY