"ਪਹਿਲਾਂ ਤਾਂ ਇਹ ਲਫਜ਼ ਵਰਤਣਾ ਬੰਦ ਕਰ ਦੇਣ ਕਿ ਗੁਰਬਾਣੀ ਵੇਚਦੇ, ਗੁਰਬਾਣੀ ਨੂੰ ਕੋਈ ਨਹੀਂ ਵੇਚ ਸਕਦਾ ਇਹ ਤਾਂ ਧੁਰ ਕੀ ਬਾਣੀ ਹੈ। ਇਹ ਤੌਹੀਨ ਹੈ। ਮੈਂ ਸਾਵਧਾਨ ਕਰ ਦਿਆਂ ਕਿ ਅਜਿਹੇ ਲਫਜ਼ ਨਾਲ ਵਰਤੇ ਜਾਣ।"
"ਲਫਜ਼ ਚੰਗੇ ਵਰਤਣੇ ਚਾਹੀਦੇ ਹਨ , ਸਮਝਦਾ ਹਾਂ ਕਿ ਇਸ ਪਿੱਛੇ ਉਦੇਸ਼ ਕੀ ਹੈ ਪਰ ਅਸੀਂ ਸ਼ਹਿ ਵਿੱਚ ਆਉਣ ਵਾਲੇ ਨਹੀਂ, ਗੁਰੂ ਦੀ ਰਜ਼ਾ ਵਿੱਚ ਰਹਿਣ ਵਾਲੇ ਹਾਂ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖ਼ਾਤਬ ਹੁੰਦਿਆਂ ਕੀਤਾ।
ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਬਿਆਨ ਆ ਰਹੇ ਹਨ।
ਜਿਸ ਵਿੱਚ ਉਹ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਕਿਸੇ ਇੱਕ ਟੀਵੀ ਚੈਨਲ ਨੂੰ ਨਾ ਦੇ ਕੇ ਸਾਰਿਆਂ ਨੂੰ ਦੇਣ ਦੀ ਮੰਗ ਕਰ ਰਹੇ ਹਨ।
ਇਸ ਤੋਂ ਪਹਿਲਾਂ ਸਾਲ 2022 ਵਿੱਚ ਵੀ ਭਗਵੰਤ ਮਾਨ ਨੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਦੇਣ ਦੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਵੀ ਇੱਕ ਬਿਆਨ ਜਾਰੀ ਕਰਕੇ ਆਖਿਆ ਸੀ ਕਿ ਮੁੱਖ ਮੰਤਰੀ ਸਰਕਾਰ ਦੇ ਕੰਮਾਂ ਵੱਲ ਧਿਆਨ ਦੇਣ ਨਾ ਕਿ ਸਿਆਸਤ ਕਰਨ।
ਭਗਵੰਤ ਮਾਨ ਨੇ ਕੀ ਕਿਹਾ ਸੀ?
ਮੁੱਖ ਮੰਤਰੀ ਭਗਵੰਤ ਮਾਨ ਨੇ 22 ਅਪ੍ਰੈਲ ਨੂੰ ਦਿੜ੍ਹਬਾ ਵਿਖੇ ਇੱਕ ਸਮਾਗ਼ਮ ਦੌਰਾਨ ਮੁੜ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਗੁਰਬਾਣੀ ਇੱਕੋ ਚੈਨਲ ''ਤੇ ਕਿਉਂ ਆਉਂਦੀ ਹੈ, ਬਾਕੀਆਂ ''ਤੇ ਕਿਉਂ ਨਹੀਂ।
ਉਨ੍ਹਾਂ ਨੇ ਕਿਹਾ, "ਇਹ ਇਨ੍ਹਾਂ ਦੇ ਆਪਣੇ ਬਾਦਲਾਂ ਦੇ ਚੈਨਲ ''ਤੇ ਹੀ ਕਿਉਂ ਆਉਂਦੀ ਹੈ। ਅਮਰੀਕਾ-ਕੈਨੇਡਾ ਵਿੱਚ ਇਹ ਸਭ ਤੋਂ ਮਹਿੰਗਾ ਚੈਨਲ ਹੈ। ਉੱਥੇ ਪੀਟੀਸੀ ਲਗਵਾਉਣ ਲਈ ਬਹੁਤ ਜ਼ਿਆਦਾ ਡਾਲਰ ਦੇਣੇ ਪੈਂਦੇ ਹਨ ਕਿਉਂਕਿ ਗੁਰਬਾਣੀ ਨਾਲ ਲੋਕਾਂ ਦੀ ਸ਼ਰਧਾ ਹੈ।"
"ਮੈਂ ਕਿਹਾ ਕਿ ਇਹ ਸਾਰੇ ਚੈਨਲਾਂ ਲਈ ਹੋਣੀ ਚਾਹੀਦੀ ਹੈ, ਭਾਵੇਂ ਜਿਹੜਾ ਮਰਜ਼ੀ ਕਰੇ। ਮੈਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿੰਦੇ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਨਾ ਦਿਓ। ਮੈਂ ਕਿਹਾ ਜੇ ਬਾਦਲਾਂ ਦੇ ਚੈਨਲਾਂ ਤੋਂ ਗੁਰਬਾਣੀ ਦੇ ਕਬਜ਼ੇ ਨੂੰ ਛੁਡਾਉਣ ਦੀ ਕੋਈ ਗੱਲ ਕਰੇ ਤਾਂ ਧਾਰਮਿਕ ਮਾਮਲਿਆਂ ''ਚ ਦਖ਼ਲ...।"
"ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਹੈ ਇਹ ਸਿਆਸਤ ਵਿੱਚ ਦਖ਼ਲ ਕਿਉਂ ਦਿੰਦੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਜਲੰਧਰ ਜਾ ਕੇ ਅਕਾਲੀ ਦਲ ਲਈ ਵੋਟ ਮੰਗੇ ਤਾਂ ਉਹ ਨਿੱਜੀ ਫ਼ੈਸਲਾ... ਅਸੀਂ ਕਿਹਾ ਕਿ ਸਾਰਾ ਪੈਸਾ ਸਰਕਾਰ ਲਗਾ ਦੇਵੇਗੀ। ਇਹ ਕੌਣ ਹਨ ਗੁਰਬਾਣੀ ਦੇ ਰਾਈਟ ਪੀਟੀਸੀ ਨੂੰ ਦੇਣ ਵਾਲੇ।"
ਭਗਵੰਤ ਮਾਨ ਨੇ ਐਤਵਾਰ ਨੂੰ ਇਸ ਤੋਂ ਪਹਿਲਾਂ ਇੱਕ ਟਵੀਟ ਕਰਕੇ ਇਹ ਗੱਲ ਆਖੀ ਸੀ।
ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਲਿਖਿਆ, "ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਦਾ ਹੱਕ ਸਿਰਫ਼ ਇੱਕ ਖ਼ਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਹਨ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫ਼ਤ ਅਧਿਕਾਰ ਮਿਲਣੇ ਚਾਹੀਦੇ ਹਨ। ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖਰਚਾ ਕਰਨ ਨੂੰ ਤਿਆਰ ਹੈ।"
ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਐਤਵਾਰ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਬਿਆਨ ਦੇ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਪੈਸਿਆਂ ਦੀ ਲੋੜ ਨਹੀਂ ਹੈ।
ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਖੇਪ ਵਿੱਚ ਮੀਡੀਆ ਸਾਹਮਣੇ ਆਪਣੀ ਗੱਲ ਰੱਖੀ ਹੈ।
ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਮੈਂ ਦੇਖ ਰਿਹਾ, ਜਿਨ੍ਹਾਂ ਨੂੰ ਨਹੀਂ ਬੋਲਣਾ ਚਾਹੀਦਾ ਉਹ ਵੀ ਬੋਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਖ਼ਾਲਸੇ ਦੀਆਂ ਦੋ ਮਜ਼ਬੂਤ ਸੰਪ੍ਰਦਾਵਾਂ ਹਨ।"
"ਸ਼ਾਇਦ ਉਹ ਸਮਝਦੇ ਹਨ ਕਿ ਅਕਾਲੀ ਦਲ ਉਨ੍ਹਾਂ ਨੇ ਕਮਜ਼ੋਰ ਕਰ ਦਿੱਤਾ ਤੇ ਹੁਣ ਉਨ੍ਹਾਂ ਦੇ ਉਵੇਸਲੇ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ''ਤੇ ਨਿਕਲ ਰਹੇ ਹਨ।"
ਧਾਮੀ ਨੇ ਭਗਵੰਤ ਮਾਨ ''ਤੇ ਨਿਸ਼ਾਨਾ ਸਾਧਦਿਆਂ ਕਿਹਾ, "ਕਦੇ ਕਿਹਾ ਜਾਂਦਾ ਗੋਲਕਾਂ ''ਚ ਪੈਸੇ ਪਾਉਣੇ ਬੰਦ ਕਰ ਦਿਓ ਤੇ ਕਦੇ ਕਹਿੰਦੇ ਹਨ ਇਹ ਤੋਤੇ ਹਨ ਅਤੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮਾਨ ਸਾਬ੍ਹ ਕੀ ਤੁਸੀਂ ਦਿੱਲੀ ਵਾਲਿਆਂ ਦੇ ਤੋਤੇ ਹੋ?"
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਇੱਕ ਵਿੱਡੀ ਸੰਸਥਾ ਹੈ ਅਤੇ ਇਸ ਦਾ ਸਾਰਾ ਕਾਰਜ ਨਿਯਮ ਮੁਤਾਬਕ ਹੁੰਦਾ ਹੈ ਅਤੇ ਨਿਯਮਾਂ ''ਤੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈ।
ਪਰ ਬੋਲਣ ਵੇਲੇ ਸ਼ਬਦਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ, "ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਾ ਵੀ ਮੈਂਬਰ ਹੈ। ਸਾਡਾ ਮੀਰੀ-ਪੀਰੀ ਵਾਲਾ ਸਿਧਾਂਤ ਹੈ ਅਸੀਂ ਹੁਣ ਦਿੱਲੀ ਵਾਲਿਆਂ ਨੂੰ ਪੁੱਛ ਕੇ ਸਿਆਸਤ ਨਹੀਂ ਕਰਨੀ... ਤੁਹਾਡਾ ਯਤਨ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਖੇਰੂੰ-ਖੇਰੂੰ ਕਰੀਏ ਤੇ ਇਹ ਗੱਲ ਬਿਲਕੁਲ ਠੀਕ ਨਹੀਂ।"
"ਆਪਣੀ ਸੀਮਾ ਵਿੱਚ ਰਹਿ ਕੇ ਗੱਲ ਕਰੋ ਤੇ ਬੋਲੀ ਸੁਚੱਜੀ ਬੋਲੀ ਬੋਲਣੀ ਚਾਹੀਦੀ ਹੈ। ਪੰਜਾਬ ਦਾ ਮੁੱਖ ਮੰਤਰੀ ਜਦੋਂ ਬੋਲਦਾ ਹੈ ਤੇ ਉਸ ਦੇ ਬੋਲਾਂ ਤਾਂ ਮੁੱਲ ਹੁੰਦਾ ਹੈ।"
ਜਲਦ ਖੁੱਲ੍ਹਣਗੇ ਟੈਂਡਰ
ਐੱਸਜੀਪੀਸੀ ਪ੍ਰਧਾਨ ਧਾਮੀ ਨੇ ਪੀਟੀਸੀ ਨੂੰ ਅਧਿਕਾਰ ਮਿਲਣ ਬਾਰੇ ਗੱਲ ਕਰਦਿਆਂ ਅੱਗੇ ਕਿਹਾ, "ਮੈਂ ਤੁਹਾਨੰ ਦੱਸਣਾ ਚਾਹੁੰਦਾ ਹਾਂ ਕਿ ਪੀਟੀਸੀ ''ਤੇ ਲੋਕਾਂ ਲਈ ਇਹ ਮੁਫ਼ਤ ਚੱਲ ਰਿਹਾ। ਪੀਟੀਸੀ ਚੈਨਲ ਵਾਲੇ ਸਾਨੂੰ ਪੈਸੇ ਦਿੰਦੇ ਹਨ ਅਤੇ ਦਰਸ਼ਕ ਇਸ ਨੂੰ ਮੁਫ਼ਤ ਦੇਖਦੇ ਹਨ। ਸਿਰਫ਼ ਕੇਬਲ ਜਾਂ ਡਿਸ਼ ਦਾ ਕਨੈਕਸ਼ਨ ਲੈਣ ਲਈ ਹੀ ਪੈਸੇ ਦਿੱਤੇ ਜਾਂਦੇ ਹਨ ਅਤੇ ਉਹ ਸਿਰਫ਼ ਪੀਟੀਸੀ ਨਹੀਂ ਹੈ ਬਲਕਿ ਹੋਰ ਵੀ ਕਈ ਚੈਨਲ ਹੁੰਦੇ ਹਨ।"
"ਇਸ ਕਰਕੇ ਲੋਕਾਂ ਨੂੰ ਭੁਲੇਖਾ ਪਾਇਆ ਜਾ ਰਿਹਾ ਹੈ ਗੁਰਬਾਣੀ ਨੂੰ ਵੇਚਿਆ ਜਾ ਰਿਹਾ ਹੈ। ਅਸੀਂ ਗੁਰਬਾਣੀ ਨੂੰ ਬਿਲਕੁਲ ਨਹੀਂ ਵੇਚ ਰਹੇ। ਸਾਡੇ ਆਪਣੇ ਵੀ ਯਤਨ ਜਾਰੀ ਹਨ।"
ਧਾਮੀ ਨੇ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਇਕਰਾਰਨਾਮਾ ਪੀਟੀਸੀ ਨਾਲ 2023 ਵਿੱਚ ਖ਼ਤਮ ਹੋ ਜਾਣਾ ਤੇ ਅਗਾਂਹ ਅਖ਼ਬਾਰ ਵਿੱਚ ਖੁੱਲ੍ਹਾ ਟੈਂਡਰ ਦਿੱਤਾ ਜਾਵੇਗਾ।
ਧਾਮੀ ਨੇ ਅੱਗੇ ਕਿਹਾ, "ਫਿਰ ਜਿਹੜਾ ਮਰਜ਼ੀ ਟੈਂਡਰ ਭਰ ਸਕਦਾ ਪਰ ਸ਼ਰਤ ਇਹ ਹੈ ਕਿ ਦੁਨੀਆਂ ਦੇ ਕੋਨੇ-ਕੋਨੇ ''ਚ ਇਸ ਦਾ ਪ੍ਰਸਾਰਣ ਹੋਣਾ ਚਾਹੀਦਾ ਹੈ। ਉਸ ਦੀਆਂ ਬਾਕੀ ਸ਼ਰਤਾਂ ਲਈ ਮੈਂ ਸਬ ਕਮੇਟੀ ਬਣਾ ਦਿੱਤੀ ਹੈ।"
ਐਕਸਕਲੂਸਿਵ ਰਾਈਟਸ ਦਾ ਜ਼ਿਕਰ ਕਰਦਿਆਂ ਧਾਮੀ ਨੇ ਕਿਹਾ, "ਇਹ ਰਾਈਟ ਇੱਕ ਨੂੰ ਦਿੱਤੇ ਜਾਂਦੇ ਹਨ, ਜਿਸ ਨਾਲ ਇਕਰਾਰਨਾਮਾ ਹੋਵੇ ਤੇ ਉਹ ਅੱਗੇ ਟੀਵੀ ਚੈਨਲਾਂ ਨੂੰ ਲਿੰਕ ਦਿੰਦਾ ਹੈ। ਜੇ ਅਸੀਂ 50 ਟੀਵੀ ਚੈਨਲਾਂ ਨੂੰ ਅਧਿਕਾਰ ਦੇ ਦਈਏ ਤਾਂ ਮੈਨੂੰ ਲੱਗਦਾ ਕਿ ਸੱਚਖੰਡ ਵਿੱਚ ਤਾਂ ਕੋਈ ਮੱਥਾ ਹੀ ਨਹੀਂ ਟੇਕ ਸਕੇਗਾ।"
ਧਾਮੀ ਨੇ ਅੱਗੇ ਕਿਹਾ, "ਕਈ ਵਾਰ ਅੱਗੇ ਲਿੰਕਸ ਦਿੱਤੇ ਜਾਂਦੇ ਹਨ ਤੇ ਉਹ ਗੁਰਬਾਣੀ ਦੇ ਪ੍ਰਸਾਰਣ ਦੌਰਾਨ ਐਡਸ ਚਲਾਉਂਦੇ ਹਨ ਅਤੇ ਮੈਨੂੰ ਫੌਨ ਆਉਂਦੇ ਹਨ ਕਿ ਹੁਣ ਗੁਰਬਾਣੀ ਦਾ ਇਹ ਹਾਲ ਹੋਵੇਗਾ।"
"ਜਿਸ ਨੇ ਗੁਰਬਾਣੀ ਚਲਾਉਣੀ ਉਹ ਲਿੰਕ ਲੈ ਲਵੇ ਪਰ ਉਸ ਵਿੱਚ ਇਸ਼ਤਿਹਾਰ ਦੇਣੇ ਸ਼ੋਭਾ ਨਹੀਂ ਦਿੰਦੇ।"
ਕਦੋਂ ਸ਼ੁਰੂ ਹੋਇਆ ਗੁਰਬਾਣੀ ਦਾ ਲਾਈਵ ਪ੍ਰਸਾਰਣ
ਇਸ ਦੌਰਾਨ ਧਾਮੀ ਨੇ ਲਾਈਵ ਗੁਰਬਾਣੀ ਦੇ ਪ੍ਰਸਾਰਣ ਬਾਰੇ ਬੋਲਦਿਆਂ ਕੁਝ ਜਾਣਕਾਰੀ ਵੀ ਸਾਂਝੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲੀ ਵਾਰ 1998 ਵਿੱਚ ਗੁਰਬਾਣੀ ਦੇ ਲਾਈਵ ਪ੍ਰਸਾਰਣ ਦਾ ਯਤਨ ਕੀਤਾ ਗਿਆ ਅਤੇ ਸਭ ਤੋਂ ਪਹਿਲਾਂ ਅਧਿਕਾਰ ਪੰਜਾਬੀ ਵਰਲਡ ਟੀਵੀ ਨੂੰ ਦਿੱਤੇ ਗਏ, ਜੋ ਪੂਰਾ ਨਾ ਕਰ ਸਕੇ ਅਤੇ 1999 ਵਿੱਚ ਛੱਡ ਕੇ ਚਲੇ ਗਏ।
ਇਸ ਮਗਰੋਂ ਯੂਕੇ ਖਾਲਸਾ ਵਰਲਡ ਟੀਵੀ ਨੌਰਥ ਇੰਡੀਅਨ ਟੈਲੀਵਿਜ਼ਨ ਲਿਮੀਟਡ ਨਾਲ ਇਕਰਾਰਨਾਮਾ ਹੋਇਆ ਪਰ ਉਨ੍ਹਾਂ ਨੇ ਲਾਈਵ ਕਰਨ ਵਿੱਚ ਅਸਮਰੱਥਾ ਜ਼ਾਹਰ ਕੀਤੀ ਤੇ ਉਹ ਇਕਰਾਰਨਾਮਾ ਖ਼ਤਮ ਹੋ ਗਿਆ।
ਧਾਮੀ ਨੇ ਦੱਸਿਆ, "ਸਤੰਬਰ 2000 ਵਿੱਚ ਈਟੀਸੀ ਵਾਲਿਆਂ ਨਾਲ ਸਾਡਾ ਇਕਰਾਰਨਾਮਾ ਹੋਇਆ ਤੇ ਉਨ੍ਹਾਂ ਸਾਨੂੰ 50 ਲੱਖ ਰੁਪਏ ਸਾਲ ਦੇਣੇ ਸੀ। ਪਰ ਇਹ ਵੀ ਸਫ਼ਲ ਨਹੀਂ ਹੋ ਸਕੇ।"
"ਆਖ਼ਰ ਵਿੱਚ ਫਿਰ ਜੀ ਨੈਕਸਟ ਮੀਡੀਆ ਨੇ ਸਾਡਾ ਤਬਾਦਲਾ ਕਰ ਕੇ ਪੀਟੀਸੀ ਵਿੱਚ ਤਬਦੀਲ ਕਰ ਦਿੱਤਾ। ਇਹ ਸਫ਼ਰ ਸਾਲ 2007 ਵਿੱਚ ਸਾਡਾ ਪੀਟੀਸੀ ਨਾਲ ਸ਼ੁਰੂ ਹੋਇਆ।"
"2012 ਵਿੱਚ 11 ਸਾਲ ਦਾ ਇਸ ਦਾ ਇੱਕ ਨਵਾਂ ਇਕਰਾਰਨਾਮਾ ਸਾਡੇ ਨਾਲ ਹੋਇਆ ਅਤੇ ਇਹ 2023 ਤੱਕ ਹੈ।"
ਧਾਮੀ ਮੁਤਾਬਕ, "ਪੀਟੀਸੀ ਨੇ ਸਾਨੂੰ 2012 ਵਿੱਚ ਇੱਕ ਕਰੋੜ ਰੁਪਏ ਸਾਲ ਦਾ ਦੇਣਾ ਸ਼ੁਰੂ ਕੀਤਾ ਅਤੇ ਇਸ ਵਿੱਚ ਸਲਾਨਾ 10 ਫੀਸਦ ਵਾਧੇ ਦੀ ਪੇਸ਼ਕਸ਼ ਵੀ ਰੱਖੀ ਗਈ ਸੀ ਅਤੇ ਅੱਜ ਉਹ ਰਾਸ਼ੀ 2 ਕਰੋੜ ਰੁਪਏ ਸਾਲਾਨਾ ਬਣ ਗਈ ਹੈ।"
ਧਾਮੀ ਮੁਤਾਬਕ, "ਉਦੋਂ ਤੋਂ ਹੀ ਪੀਟੀਸੀ ਲਗਾਤਾਰ ਲਾਈਵ ਪ੍ਰਸਾਰਣ ਕਰ ਰਹੇ ਹਨ। ਇਸ ਤੋਂ ਇਲਾਵਾ ਸਾਡਾ ਕੋਈ ਸਮਾਗ਼ਮ ਹੋਵੇ, ਵਿਦਿਅਕ, ਦਿਵਾਨ ਹਾਲ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਸਮਾਗ਼ਮ, ਕਿਸੇ ਵੀ ਗੁਰਦੁਆਰੇ ਉਹ ਸਾਡੇ ਕੋਲੋਂ ਕੋਈ ਪੈਸਾ ਨਹੀਂ ਲੈਂਦੇ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

27 ਤੋਂ 76 ਸਾਲ ਤੱਕ ਦੀਆਂ ਔਰਤਾਂ ਨੂੰ ਇੱਥੇ ਵਿਆਹ ਦੀ ਉਡੀਕ, ਕਿਉਂ ਰਹਿ ਜਾਂਦੀਆਂ ਨੇ ਅਣਵਿਆਹੀਆਂ
NEXT STORY