"ਮੈਂ ਪਹਿਲਾਂ ਪੰਜਾਬ ਆਉਣ ਤੋਂ ਡਰਦੀ ਸੀ ਪਰ ਇੱਥੇ ਆ ਕੇ ਮੇਰਾ ਸਾਰਾ ਡਰ ਨਿਕਲ ਗਿਆ ਹੈ।"
"ਜੇ ਕੇ.ਪੀ.ਐੱਸ.ਗਿੱਲ ਨਾਇਕ ਦੀ ਭੂਮਿਕਾ ਨਿਭਾਉਣ ਤਾਂ ਮੈਂ ਉਨ੍ਹਾਂ ਦੀ ਨਾਇਕਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ।"
ਮਰਹੂਮ ਸ਼੍ਰੀਦੇਵੀ ਦੇ ਇਹ ਬਿਆਨ ਮਾਰਚ 1993 ਵਿੱਚ ਪੰਜਾਬ ਦੀਆਂ ਅਖ਼ਬਾਰਾਂ ਵਿੱਚ ਛਪੇ ਸਨ।
ਇਸ ਖ਼ਬਰ ਅਜੀਤ ਅਖ਼ਬਾਰ ਵਿੱਚ ਸੁਰਖ਼ੀ ਸੀ: ''ਗਿੱਲ ਨੂੰ ਆਖ਼ਰ ਸੁਪਨਿਆਂ ਦੀ ਰਾਣੀ ਮਿਲ ਹੀ ਗਈ''।
ਇਸ ਸੁਰਖ਼ੀ ਦੇ ਉਸ ਵੇਲੇ ਕਈ ਮਾਅਨੇ ਨਿਕਲਦੇ ਸਨ। ਸ਼ੋਭਾ ਡੇਅ ਨੇ ਪੱਚੀ ਅਪ੍ਰੈਲ 1993 ਦੇ ਇੰਡੀਅਨ ਐਕਸਪ੍ਰੈੱਸ ਵਿੱਚ ਕਟਾਖਸ਼ ਕੀਤਾ ਸੀ ਕਿ ਸ਼੍ਰੀਦੇਵੀ ਦੇ ਕੇ.ਪੀ.ਐੱਸ. ਗਿੱਲ ਦੀ ਫ਼ਿਲਮ ਵਿੱਚ ਨਾਇਕਾ ਬਣਨ ਦੀ ਖ਼ਬਰ ਸਾਡੇ ਮੁਲਕ ਖ਼ਿਲਾਫ਼ ਕਿਸੇ ਵਿਦੇਸ਼ੀ ਖ਼ੁਫ਼ੀਆ ਏਜੰਸੀ ਦੀ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ।
ਚੰਡੀਗੜ ਸ਼ੂਟਿੰਗ ਲਈ ਆਈ ਸੀ ਸ਼੍ਰੀਦੇਵੀ
ਆਪਣੀ ਮੌਤ ਤੋਂ ਤਕਰੀਬਨ ਛੱਬੀ ਸਾਲ ਪਹਿਲਾਂ ਸ਼੍ਰੀਦੇਵੀ ਪੰਜਾਬ ਪੁਲਿਸ ਦੇ ਖਾੜਕੂ ਲਹਿਰ ਖ਼ਿਲਾਫ਼ ਸਰਕਾਰੀ ਦਾਬੇ ਦਾ ਚਿਹਰਾ ਬਣੀ ਸੀ।
ਅਹਿਮ ਖਾੜਕੂ ਜਥੇਬੰਦੀਆਂ ਦੇ ਫ਼ੈਸਲਾਕੁਨ ਨੁਕਸਾਨ ਤੋਂ ਬਾਅਦ ਪੰਜਾਬ ਪੁਲਿਸ ਗਾਇਕੀ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਰਾਹੀਂ ਸਰਕਾਰ ਆਪਣੀ ਜਿੱਤ ਦਾ ਐਲਾਨ ਕਰ ਰਹੀ ਸੀ।
ਪੰਜਾਬ ਵਿੱਚ ਅਮਨ ਦੇ ਪਰਤ ਆਉਣ ਅਤੇ ਲੋਕਾਂ ਵਿੱਚ ਇਸ ਗੱਲ ਦੇ ਅਹਿਸਾਸ ਨੂੰ ਜਗਾਉਣ ਲਈ ਪੰਜਾਬ ਪੁਲਿਸ ਦੀ ਸਰਪ੍ਰਸਤੀ ਵਿੱਚ ਗਾਇਕੀ ਦੇ ਅਖਾੜੇ ਲੱਗ ਰਹੇ ਸਨ।
ਸ਼੍ਰੀਦੇਵੀ ਚੰਡੀਗੜ੍ਹ ਵਿੱਚ ਸਾਵਨ ਕੁਮਾਰ ਦੀ ਫ਼ਿਲਮ ''ਚਾਂਦ ਕਾ ਟੁਕੜਾ'' ਦੀ ਸ਼ੂਟਿੰਗ ਲਈ ਆਈ ਸੀ ਅਤੇ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਸਲਮਾਨ ਖ਼ਾਨ, ਸ਼ਤਰੂਘਨ ਸਿਨਹਾ ਅਤੇ ਅਨੁਪਮ ਖੇਰ ਨੇ ਨਿਭਾਏ ਸਨ।
ਚੰਡੀਗੜ੍ਹ ਵਿੱਚ ਸ਼੍ਰੀਦੇਵੀ ਨੇ ਉਪਰੋਕਤ ਬਿਆਨ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇ.ਪੀ.ਐੱਸ. ਗਿੱਲ ਦੀ ਮਹਿਮਾਨ ਨਵਾਜ਼ੀ ਵਿੱਚ ਚੋਣਵੇਂ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਵਿੱਚ ਦਿੱਤੇ ਸਨ।
ਖਾੜਕੂ ਦੇਖਦੇ ਸੀ ਸ਼੍ਰੀਦੇਵੀ ਦੀਆਂ ਫਿਲਮਾਂ
ਇਸੇ ਚੰਡੀਗੜ੍ਹ ਦੇ ਤਕਰੀਬਨ ਦੂਜੇ ਪਾਸੇ ਬੁੜੈਲ ਕੇਂਦਰੀ ਜੇਲ੍ਹ ਹੈ। ਇਸ ਜੇਲ੍ਹ ਵਿੱਚ ਕੈਦ ਖਾੜਕੂ ਸ਼੍ਰੀਦੇਵੀ ਦੀਆਂ ਫ਼ਿਲਮਾਂ ਦੇਖਦੇ ਰਹੇ ਸਨ। ਪੰਜਾਬ ਸੰਕਟ ਦੀ ਖ਼ੂਨੀ ਲੜਾਈ ਦੌਰਾਨ ਦੋਵੇਂ ਧਿਰਾਂ ਵਿੱਚ ਸ਼੍ਰੀਦੇਵੀ ਦੇ ਕਦਰਦਾਨ ਰਹੇ ਸਨ।
ਸੰਨ 1987 ਤੋਂ 1990 ਤੱਕ ਜੇਲ੍ਹਬੰਦ ਰਹੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨ ਸੁਰਿੰਦਰ ਸਿੰਘ ਕ੍ਰਿਸ਼ਨਪੁਰਾ ਨੂੰ ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਪੁੱਤਰ ਨੇ ਸੁਣਾਈ।
ਕ੍ਰਿਸ਼ਨਪੁਰਾ ਦੇ ਮੂੰਹੋਂ ਅੱਭੜਵਾਹੇ ਨਿਕਲਿਆ, "ਸ਼੍ਰੀਦੇਵੀ ਨਹੀਂ ਮਰ ਸਕਦੀ।" ਕ੍ਰਿਸ਼ਨਪੁਰਾ ਨੂੰ ਯਾਦ ਹੈ ਕਿ ਉਨ੍ਹਾਂ ਨੇ ਬੁੜੈਲ ਜੇਲ੍ਹ ਵਿੱਚ ਵੀ.ਸੀ.ਆਰ. ਨਾਲ ਟੈਲੀਵਿਜ਼ਨ ਉੱਤੇ ਸ਼੍ਰੀਦੇਵੀ ਦੀ ਫ਼ਿਲਮ ''ਰੂਪ ਕੀ ਰਾਣੀ ਚੋਰੋਂ ਕਾ ਰਾਜਾ'' ਦੇਖੀ ਸੀ।
ਅਹਿਮ ਖਾੜਕੂਆਂ ਨੂੰ ਮਾਰਨ ਜਾਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਅਪਰੇਸ਼ਨ ''ਹੀਲਿੰਗ ਟੱਚ'' ਸ਼ੁਰੂ ਕੀਤਾ ਸੀ।
ਕੇਪੀਐੱਸ ਦਾ ''ਅਕਸ''
ਉਨ੍ਹਾਂ ਦਿਨਾਂ ਵਿੱਚ ਕੇ.ਪੀ.ਐੱਸ.ਗਿੱਲ ਦੀਆਂ ਤਿੰਨ ਤਰ੍ਹਾਂ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪਦੀਆਂ ਸਨ।
ਇੱਕ ਉਨ੍ਹਾਂ ਦੀ ਪੰਜਾਬ ਵਿੱਚ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕਰਦਿਆਂ ਜਾਂ ਖਾੜਕੂਆਂ ਦੇ ਪੀੜਤਾਂ ਨੂੰ ਮੁਆਵਜ਼ਾ ਦਿੰਦਿਆਂ ਦੀ ਤਸਵੀਰ ਹੁੰਦੀ ਸੀ।
ਦੂਜੀ ਖੁੱਲ੍ਹੀ ਜੀਪ ਵਿੱਚ ਮਾਰਚ ਪਾਸਟ ਦੀ ਸਲਾਮੀ ਲੈਣ ਦੀ ਤਸਵੀਰ ਹੁੰਦੀ ਸੀ।
ਤੀਜੀ ਪੰਜਾਬ ਤੋਂ ਬਾਹਰ ਕਿਤੇ ਸਨਮਾਨ ਲੈਣ ਦੀ ਤਸਵੀਰ ਹੁੰਦੀ ਸੀ। ਇਸ ਤੋਂ ਇਲਾਵਾ ਖਾੜਕੂਆਂ ਦੇ ਹਥਿਆਰ ਸੁੱਟਣ ਜਾਂ ਅਸਲੇ ਦੀਆਂ ਖੇਪਾਂ ਫੜੇ ਜਾਣ ਦੀਆਂ ਖ਼ਬਰਾਂ ਨਾਲ ਵੀ ਉਨ੍ਹਾਂ ਦੀਆਂ ਤਸਵੀਰਾਂ ਹੁੰਦੀਆਂ ਸਨ।
ਇਸ ਤਰ੍ਹਾਂ ਦੇ ਮਾਹੌਲ ਵਿੱਚ ਸ਼੍ਰੀਦੇਵੀ ਨਾਲ ਕੇ.ਪੀ.ਐੱਸ. ਗਿੱਲ ਦੀ ਤਸਵੀਰ ਛਪਣਾ ਵੀ ਬਾਕੀ ਤਸਵੀਰਾਂ ਵਾਲਾ ਹੀ ਕਾਰਜ ਸਿਰੇ ਚੜ੍ਹਾਉਂਦਾ ਸੀ।
ਸਾਰੀਆਂ ਤਸਵੀਰਾਂ ਦੇ ਨਾਇਕ ਕੇ.ਪੀ.ਐੱਸ. ਗਿੱਲ ਸਨ ਅਤੇ ਇਸ ਤਸਵੀਰ ਵਿੱਚ ਨਾਇਕਾ ਵੀ ਸੀ।
ਟਾਈਮਜ਼ ਆਫ਼ ਇੰਡੀਆ ਨੇ 8 ਮਾਰਚ 1993 ਨੂੰ ਲਿਖਿਆ ਸੀ, "ਉਸ (ਕੇ.ਪੀ.ਐੱਸ.ਗਿੱਲ) ਦੀ ''ਕਾਰਗੁਜ਼ਾਰੀ'' ਅਤੇ ਉਸ (ਸ਼੍ਰੀਦੇਵੀ) ਦੀ ਅਦਾਕਾਰੀ ਨੇ ਉਨ੍ਹਾਂ ਨੂੰ ਇੱਕ-ਦੂਜੇ ਦੇ ਪ੍ਰਸੰਸਕ ਬਣਾ ਦਿੱਤਾ ਹੈ।" ਇਸ ਖ਼ਬਰ ਵਿੱਚ ''ਇਨਕਾਉਂਟਰ'' ਸ਼ਬਦ ਇੱਕ ਪਾਸੇ ਮੁਲਾਕਾਤ ਦੀ ਬਾਤ ਪਾਉਂਦਾ ਸੀ ਅਤੇ ਦੂਜੇ ਪਾਸੇ ''ਪੁਲਿਸ ਮੁਕਾਬਲੇ'' ਯਾਦ ਕਰਵਾਉਂਦਾ ਸੀ।
ਇਹੋ ਖੇਡ ਪੰਜਾਬੀ ਟ੍ਰਿਬਿਊਨ ਨੇ ਸੱਤ ਮਾਰਚ ਦੇ ਅਖ਼ਬਾਰ ਵਿੱਚ ''ਮੁੱਠਭੇੜ'' ਸ਼ਬਦ ਰਾਹੀਂ ਖੇਡੀ ਸੀ।ਪੁਲਿਸ ਦੀ ਸਭਿਆਚਾਰਕ ਮਸ਼ਕ ਕੇ.ਪੀ.ਐੱਸ. ਗਿੱਲ ਨੂੰ ਨਾਇਕ ਬਣਾ ਰਹੀ ਸੀ। ਸ਼੍ਰੀਦੇਵੀ ਦਾ ਅਦਾਕਾਰ ਵਜੋਂ ਲੋਕਾਂ ਦੇ ਦਿਲੋਂ-ਦਿਮਾਗ਼ ਵਿੱਚ ਨਾਇਕਾ ਦਾ ਅਕਸ ਬਣਿਆ ਹੋਇਆ ਸੀ।
ਇਸ ਨਾਇਕਾ ਨਾਲ ਬੈਠੇ ਕੇ.ਪੀ.ਐੱਸ. ਗਿੱਲ ਦਾ ਨਾਇਕ ਵਜੋਂ ਅਕਸ ਉਘਾੜਨ ਦਾ ਕੰਮ ਸ਼੍ਰੀਦੇਵੀ ਦੇ ਬਿਆਨ ਕਰਦੇ ਹਨ। ਜਦੋਂ ਕੇ.ਪੀ.ਐੱਸ. ਗਿੱਲ ਕਹਿੰਦੇ ਕਿ ਉਨ੍ਹਾਂ ਨੇ ਸ਼੍ਰੀਦੇਵੀ ਦੀਆਂ ਫ਼ਿਲਮਾਂ ਵੀਹ-ਵੀਹ ਵਾਰ ਦੇਖੀਆਂ ਹਨ ਤਾਂ ਉਨ੍ਹਾਂ ਦਾ ਸਖ਼ਤ ਪੁਲਿਸ ਅਫ਼ਸਰ ਵਾਲਾ ਅਕਸ ਵੀ ਕੁਝ ਮੁਲਾਇਮ ਹੋ ਜਾਂਦਾ ਹੈ।
ਸੰਨ 2004 ਤੋਂ 2007 ਤੱਕ ਡੀ.ਜੀ.ਪੀ. ਦੇ ਅਹੁਦੇ ਉੱਤੇ ਤਾਇਨਾਤ ਰਹੇ ਜੀ.ਐੱਸ. ਔਜਲਾ ਨੇ ਤਤਕਾਲੀ ਮਾਹੌਲ ਬਾਬਤ ਬੀਬੀਸੀ ਨੂੰ ਦੱਸਿਆ, "ਉਸ ਵੇਲੇ ਲੋਕਾਂ ਦਾ ਭਰੋਸਾ ਬਹਾਲ ਕਰਨ ਅਤੇ ਫ਼ਿਜ਼ਾ ਵਿੱਚ ਤਬਦੀਲੀ ਦਾ ਸੁਨੇਹਾ ਭਰਨ ਲਈ ਪੁਲਿਸ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੇ ਨਾਲ ਜੋੜਿਆ ਅਤੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ।"
ਜੀ.ਐੱਸ. ਔਜਲਾ ਨੂੰ ਪੁਲਿਸ ਦੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਵਾਲੇ ਕਈ ਗਾਇਕਾਂ ਦੇ ਨਾਮ ਯਾਦ ਹਨ ਪਰ ਉਹ ਸ਼੍ਰੀਦੇਵੀ ਬਾਬਤ ਕਹਿੰਦੇ ਹਨ, "ਮੈਨੂੰ ਸ਼੍ਰੀਦੇਵੀ ਬਾਬਤ ਕੁਝ ਯਾਦ ਨਹੀਂ ਪਰ ਪੁਲਿਸ ਨੇ ਕਲਾਕਾਰਾਂ ਰਾਹੀਂ ਲੋਕਾਂ ਨੂੰ ਅਮਨ ਦੀ ਬਹਾਲੀ ਦਾ ਸੁਨੇਹਾ ਦੇਣ ਲਈ ਮੁਹਿੰਮ ਜ਼ਰੂਰ ਚਲਾਈ ਸੀ।"
ਰਾਜਨੀਤੀ ਸ਼ਾਸਤਰ ਦੇ ਕਾਲਜ ਅਧਿਆਪਕ ਡਾ. ਤਗਿੰਦਰ ਇਸ ਤਸਵੀਰ ਦੀ ਰਮਜ਼ ਇਸ ਤਰ੍ਹਾਂ ਫੜਦੇ ਹਨ, "ਸ਼੍ਰੀਦੇਵੀ ਉਸ ਵੇਲੇ ਭਾਵੇਂ ਰਸਮੀ ਤੌਰ ਉੱਤੇ ਪੁਲਿਸ ਦੀ ਮੁਹਿੰਮ ਦਾ ਹਿੱਸਾ ਨਾ ਹੋਵੇ ਪਰ ਅਖ਼ਬਾਰ ਦੀ ਖ਼ਬਰ ਅਤੇ ਤਸਵੀਰ ਸਰਕਾਰੀ ਸਭਿਆਚਾਰਕ ਮੁਹਿੰਮ ਦੇ ਚੌਖਟੇ ਵਿੱਚ ਪੂਰੀ ਉੱਤਰਦੀ ਸੀ।
''ਸ਼੍ਰੀਦੇਵੀ ਰਾਸ਼ਟਰਵਾਦੀ ਕਲਾਕਾਰ''
ਪੰਜਾਬੀ ਦੇ ਕਵੀ ਗੁਰਭਜਨ ਗਿੱਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਉਸ ਸਮਾਗਮ ਵਿੱਚ ਦਰਸ਼ਕ ਵਜੋਂ ਹਾਜ਼ਰ ਸਨ ਜਿਸ ਦੇ ਸਰਪ੍ਰਸਤ ਕੇ.ਪੀ.ਐੱਸ. ਗਿੱਲ ਸਨ, ਮੁੱਖ ਮਹਿਮਾਨ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਨ ਅਤੇ ਕਲਾਕਾਰ ਸ਼੍ਰੀਦੇਵੀ ਸੀ।
ਗੁਰਭਜਨ ਗਿੱਲ ਨੇ ਬੀਬੀਸੀ ਨੂੰ ਦੱਸਿਆ, "ਸ਼੍ਰੀਦੇਵੀ ਨੇ ਸਾਦੇ ਜਿਹੇ ਸ਼ਬਦਾਂ ਵਿੱਚ ਪੰਜਾਬ ਵਿੱਚ ਅਮਨ ਦੀ ਬਹਾਲੀ ਦਾ ਸੁਆਗਤ ਕੀਤਾ ਸੀ ਅਤੇ ਲੋਕਾਂ ਨੂੰ ਮਿਲ ਜੁੱਲ ਕੇ ਰਹਿਣ ਦੀ ਬੇਨਤੀ ਕੀਤੀ ਸੀ।"
ਉਸ ਸਮਾਗਮ ਦੇ ਪ੍ਰਬੰਧਕਾਂ ਵਿੱਚ ਕਾਂਗਰਸੀ ਕਾਰਕੁਨ ਅਮਰਜੀਤ ਸਿੰਘ ਟਿੱਕਾ, ਸੂਬਾ ਜਰਨਲ ਸਕੱਤਰ, ਸ਼ਾਮਿਲ ਸਨ, "ਸ਼੍ਰੀਦੇਵੀ ਰਾਸ਼ਟਰਵਾਦੀ ਕਲਾਕਾਰ ਸੀ ਅਤੇ ਉਹ ਪੂਰਾ ਖ਼ਤਰਾ ਸਹੇੜ ਕੇ ਲੁਧਿਆਣੇ ਆਈ ਸੀ।"
ਇੰਡੀਆ ਟੂਡੇ ਦੇ ਪੱਤਰਕਾਰ ਰਮੇਸ਼ ਵਿਨਾਇਕ ਨੇ ਮਈ 31, 1993 ਦੇ ਆਪਣੇ ਲੇਖ ਵਿੱਚ ਬੰਦੂਕਾਂ ਦੀ ਥਾਂ ਪੰਜਾਬ ਵਿੱਚ ਤੂੰਬੀਆਂ ਵੱਜਣ ਦੀ ਦਲੀਲ ਇਸ ਤਰ੍ਹਾਂ ਦਿੱਤੀ ਹੈ, "ਸੂਬਾ ਸਰਕਾਰ ਨੇ ਸਮਝ ਲਿਆ ਹੈ ਕਿ ਲੋਕਾਂ ਨੂੰ ਸਰਕਾਰੀ ਸਮਾਗਮਾਂ ਵਿੱਚ ਲਿਆਉਣ ਲਈ ਲੋਕ-ਕਲਾਵਾਂ ਮਿਕਨਾਤੀਸੀ ਖਿੱਚ ਰੱਖਦੀਆਂ ਹਨ। ਕੁਝ ਮਹੀਨੇ ਪਹਿਲਾਂ ਸਰਕਾਰੀ ਸਰਪ੍ਰਸਤੀ ਹੇਠ ਲੱਗੇ ਮਕਬੂਲ ਗਾਇਕਾਂ ਦੇ ਅਖਾੜੇ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ ਸਨ ਕਿ ਹੁਣ ਹਾਲਾਤ ਬਦਲ ਗਏ ਹਨ।"
ਇਸੇ ਲੇਖ ਵਿੱਚ ਸਭਿਆਚਾਰਕ ਮਾਮਲਿਆਂ ਦੇ ਤਤਕਾਲੀ ਨਿਰਦੇਸ਼ਕ ਜੇ.ਐੱਸ. ਬੀਰ ਦਾ ਬਿਆਨ ਦਰਜ ਹੈ, "ਇਨ੍ਹਾਂ ਅਖਾੜਿਆਂ ਤੋਂ ਲੋਕਾਂ ਦੇ ਰੌਂਅ ਅਤੇ ਖਾੜਕੂ ਲਹਿਰ ਦੀ ਹਾਲਤ ਦਾ ਅੰਦਾਜ਼ਾ ਹੁੰਦਾ ਹੈ।"
ਸ਼੍ਰੀਦੇਵੀ ਹੁਕਮਰਾਨ ਤੇ ਬਾਗ਼ੀ ਦੇ ਵਿਚਕਾਰ ਵਿਚਰੀ
ਸੁਰਿੰਦਰ ਸਿੰਘ ਕ੍ਰਿਸ਼ਨਪੁਰਾ ਆਪਣੇ ਸਾਥੀਆਂ ਅਤੇ ਕੇ.ਪੀ.ਐੱਸ.ਗਿੱਲ ਦੇ ਸ਼੍ਰੀਦੇਵੀ ਬਾਬਤ ਝੁਕਾਅ ਵਿੱਚ ਫ਼ਰਕ ਕਰਦੇ ਹਨ, "ਸਿੰਘਾਂ ਨੂੰ ਸ਼੍ਰੀਦੇਵੀ ਦੀ ਅਦਾਕਾਰੀ ਪਸੰਦ ਸੀ ਪਰ ਕੇ.ਪੀ.ਐੱਸ.ਗਿੱਲ ਦਾ ਸੁਭਾਅ ਕੁਝ ਹੋਰ ਤਰ੍ਹਾਂ ਦਾ ਸੀ …।"
ਕ੍ਰਿਸ਼ਨਪੁਰਾ ਇਸ ਤੋਂ ਬਾਅਦ ਅੰਦਾਜ਼ਿਆਂ ਅਤੇ ਕਿਆਸਿਆਂ ਭਰੀ ਚੁੱਪ ਧਾਰ ਲੈਂਦੇ ਹਨ।
ਉਹ ਆਪਣੀ ਚੁੱਪ ਨੂੰ ਤੋੜ ਕੇ ਕਹਿੰਦੇ ਹਨ, "ਉਹ ਸਾਡੀ ਚੜ੍ਹਾਈ ਦਾ ਸਮਾਂ ਸੀ ਅਤੇ ਹੁਣ ਮਾਹੌਲ ਬਦਲ ਗਿਆ।"
ਸ਼੍ਰੀਦੇਵੀ ਦਾ ਹੁਕਮਰਾਨ ਅਤੇ ਬਾਗ਼ੀ ਦੇ ਵਿਚਕਾਰ ਵਿਚਰਨਾ ਸਿਰਫ਼ ਪੰਜਾਬ ਤੱਕ ਮਹਿਦੂਦ ਨਹੀਂ ਹੈ।
ਜਦੋਂ ਪਾਕਿਸਤਾਨ ਵਿੱਚ ਫ਼ੌਜੀ ਤਾਨਾਸ਼ਾਹ ਜ਼ਿਆ ਉੱਲ ਹੱਕ ਨੇ ਭਾਰਤੀ ਫ਼ਿਲਮਾਂ ਦੇਖਣ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਤਾਂ ਕਰਾਚੀ ਦੇ ਵਿਦਿਆਰਥੀ ਹੋਸਟਲਾਂ ਵਿੱਚ ਬਗ਼ਾਵਤ ਦੀ ਨਿਸ਼ਾਨੀ ਵਜੋਂ ਸ਼੍ਰੀਦੇਵੀ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਸਨ ਅਤੇ ਖਿੜਕੀਆਂ-ਬਾਰੀਆਂ ਖੋਲ੍ਹ ਕੇ ਉਸ ਦੀਆਂ ਫ਼ਿਲਮਾਂ ਦੇਖੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ:
ਸ਼ਾਇਦ ਇਸੇ ਲਈ ਸ਼੍ਰੀਦੇਵੀ ਦੀ ਮੌਤ ਦਾ ਸੋਗ ਹੱਦਾਂ-ਬੰਨ੍ਹਿਆ ਤੋਂ ਛਲਕ ਪਿਆ ਹੈ। ਵੁਸਤੁੱਲਾਹ ਖ਼ਾਨ ਦੀ ਲਿਖਤ ਇਹੋ ਸੁਝਾਉਂਦੀ ਜਾਪਦੀ ਹੈ ਕਿ ਸ਼੍ਰੀਦੇਵੀ ਦੇ ''ਰੂਪ ਕੀ ਰਾਣੀ …'' ਹੋਣ ਬਾਬਤ ਕੋਈ ਬਹਿਸ ਨਹੀਂ ਹੈ ਪਰ ''ਚੋਰੋਂ ਕਾ ਰਾਜਾ'' ਦੇ ਅਰਥ ਸਮੇਂ-ਸਥਾਨ ਨਾਲ ਬਦਲਦੇ ਰਹਿਣੇ ਹਨ।
(ਇਹ ਮੂਲ ਲੇਖ 2018 ਵਿੱਚ ਛਪਿਆ ਸੀ)
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਖਾੜੀ ਮੁਲਕਾਂ ''ਚ ਕੁੜੀਆਂ ਦੇ ਫਸਣ ਦੇ ਮਸਲੇ ਦਾ ਹੱਲ ਇਹ ਹੋ ਸਕਦਾ ਹੈ - ਐੱਸਪੀਐੱਸ ਓਬਰਾਏ
NEXT STORY