ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਓਡੀਸ਼ਾ ਵਿੱਚ ਰੇਲ ਹਾਦਸੇ ਲਈ ਇਲੈੱਕਟ੍ਰਾਨਿਕ ਇੰਟਰਲੌਕਿੰਗ ਸਿਸਟਮ ਵਿੱਚ ਸਿਗਨਲ ਦੀ ਖਰਾਬੀ ਜ਼ਿੰਮੇਵਾਰ ਹੈ।
ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਰੇਲਵੇ ਸੁਰੱਖਿਆ ਕਮਿਸ਼ਨਰ ਨੇ ਘਟਨਾ ਦੀ ਜਾਂਚ ਕੀਤੀ ਹੈ। ਰਿਪੋਰਟ ਜਲਦ ਹੀ ਉਪਲੱਬਧ ਹੋਵੇਗੀ। ਹਾਲਾਂਕਿ, ਅਸੀਂ ਹਾਦਸੇ ਦੇ ਮੁੱਢਲੇ ਕਾਰਨਾਂ ਦੀ ਪਛਾਣ ਕਰ ਲਈ ਹੈ।''''
''''ਅਸੀਂ ਇਸ ਲਈ ਜ਼ਿੰਮੇਵਾਰ ਵਿਅਕਤੀ ਦੀ ਵੀ ਪਛਾਣ ਕਰ ਲਈ ਹੈ। ਫਿਲਹਾਲ ਅਸੀਂ ਰੇਲਵੇ ਟਰੈਕ ਨੂੰ ਬਹਾਲ ਕਰਨ ’ਤੇ ਧਿਆਨ ਦੇ ਰਹੇ ਹਾਂ।’’
ਇਹ ਇਲੈੱਕਟ੍ਰਾਨਿਕ ਇੰਟਰਲੌਕਿੰਗ ਸਿਸਟਮ ਕੀ ਹੈ? ਹਾਦਸੇ ਲਈ ਇਹ ਕਿਵੇਂ ਜ਼ਿੰਮੇਵਾਰ ਸੀ?
ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੋਕ ਲੱਭ ਰਹੇ ਹਨ। ਆਓ ਇਸ ਬਾਰੇ ਜਾਣਦੇ ਹਾਂ।
ਇਲੈੱਕਟ੍ਰਾਨਿਕ ਇੰਟਰਲੌਕਿੰਗ ਕੀ ਹੈ?
ਇਲੈੱਕਟ੍ਰਾਨਿਕ ਇੰਟਰਲੌਕਿੰਗ (ਈਆਈ) ਉਨ੍ਹਾਂ ਤਕਨੀਕਾਂ ਵਿੱਚੋਂ ਇੱਕ ਹੈ, ਜੋ ਰੇਲ ਗੱਡੀਆਂ ਨੂੰ ਸਿਗਨਲ ਦੇਣ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ।
ਇਹ ਇੱਕ ਰੇਲਗੱਡੀ ਨੂੰ ਦੂਜੀ ਨਾਲ ਟਕਰਾਏ ਬਿਨਾਂ ਰੇਲ ਗੱਡੀਆਂ ਦੇ ਸੁਰੱਖਿਅਤ ਲਾਂਘੇ ਵਿੱਚ ਸਹਾਇਤਾ ਕਰਦੀ ਹੈ। ਇਹ ਤਕਨੀਕ ਇਹ ਯਕੀਨੀ ਬਣਾਉਂਦੀ ਹੈ ਕਿ ਇੱਕ ਵਾਰ ਵਿੱਚ ਇੱਕ ਟਰੈਕ ''ਤੇ ਇੱਕ ਤੋਂ ਵੱਧ ਰੇਲ ਗੱਡੀਆਂ ਨਾ ਚੱਲਣ।
ਇਹ ਤਕਨੀਕ ਇੱਕ ਰੇਲਗੱਡੀ ਦੇ ਸਿਗਨਲ ਨੂੰ ਦੂਜੀ ਨਾਲ ਤਾਲਮੇਲ ਬਿਠਾਉਣ ਵਿੱਚ ਮਦਦ ਕਰਦੀ ਹੈ।
ਇਸ ਤਰ੍ਹਾਂ ਇੱਕ ਖਾਸ ਰੂਟ ''ਤੇ ਸਾਰੀਆਂ ਰੇਲ ਗੱਡੀਆਂ ਨੂੰ ਤਾਲਮੇਲ ਵਿੱਚ ਸੁਰੱਖਿਅਤ ਢੰਗ ਨਾਲ ਚੱਲਣ ਵਿੱਚ ਸਹਾਇਤਾ ਕਰਦੀ ਹੈ।
ਇਹ ਪ੍ਰਣਾਲੀ ਕਿਸੇ ਰੇਲਗੱਡੀ ਨੂੰ ਉਦੋਂ ਹੀ ਲੰਘਣ ਦਾ ਸੰਕੇਤ ਦਿੰਦੀ ਹੈ ਜਦੋਂ ਇਹ ਪੁਸ਼ਟੀ ਕਰ ਲੈਂਦੀ ਹੈ ਕਿ ਟਰੈਕ ਸੁਰੱਖਿਅਤ ਹੈ ਅਤੇ ਉਸ ਖਾਸ ਟਰੈਕ ''ਤੇ ਕੋਈ ਹੋਰ ਰੇਲਗੱਡੀ ਨਹੀਂ ਚੱਲ ਰਹੀ।
ਇਹ ਨਾਲ ਰੇਲ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਜਾਂ ਹੋਰ ਸੰਭਾਵਿਤ ਹਾਦਸਿਆਂ ਦੀਆਂ ਸੰਭਾਵਨਾਵਾਂ ਨੂੰ ਕਾਫੀ ਘੱਟ ਕਰਨ ਵਿੱਚ ਮਦਦ ਕਰਦੀ ਹੈ।
ਕੁੱਲ ਮਿਲਾ ਕੇ ਇਸ ਤਕਨੀਕ ਨਾਲ ਰੇਲਵੇ ਸਿਸਟਮ ਦੀ ਸੁਰੱਖਿਆ ਬਿਹਤਰ ਹੁੰਦੀ ਹੈ।
ਇਹ ਕਿਵੇਂ ਕੰਮ ਕਰਦੀ ਹੈ?
ਇਲੈੱਕਟ੍ਰਾਨਿਕ ਇੰਟਰਲੌਕਿੰਗ ਵਿੱਚ ਇਲੈੱਕਟ੍ਰਾਨਿਕ ਕੰਟਰੋਲ ਸਿਸਟਮ ਅਤੇ ਕੰਪਿਊਟਰ ਸ਼ਾਮਲ ਹੁੰਦੇ ਹਨ। ਉਹ ਲਗਾਤਾਰ ਰੇਲ ਗੱਡੀਆਂ ਦੀ ਆਵਾਜਾਈ ''ਤੇ ਨਜ਼ਰ ਰੱਖਦੇ ਹਨ।
ਪੁਰਾਣੇ ਸਮੇਂ ਵਿੱਚ ਰੇਲਵੇ ਇਹ ਯਕੀਨੀ ਬਣਾਉਣ ਲਈ ਕਿ ਰੇਲ ਗੱਡੀਆਂ ਸਹੀ ਤਾਲਮੇਲ ਨਾਲ ਚੱਲ ਰਹੀਆਂ ਹਨ, ਕਰਮਚਾਰੀ ਰੌਡ ਅਤੇ ਲੀਵਰਾਂ ਨਾਲ ਹੱਥੀਂ ਕੰਮ ਕਰਦੇ ਸਨ। ਰੇਲ ਗੱਡੀ ਜਿਸ ਟਰੈਕ ''ਤੇ ਚੱਲ ਰਹੀ ਹੁੰਦੀ, ਉਸ ਦੀ ਪਟੜੀ ਬਦਲਣ ਲਈ ਉਹ ਹੱਥਾਂ ਨਾਲ ਰੌਡ ਅਤੇ ਲੀਵਰ ਖਿੱਚਦੇ ਅਤੇ ਦਬਾਉਂਦੇ ਸਨ।
ਜਦਕਿ, ਇਲੈੱਕਟ੍ਰਾਨਿਕ ਇੰਟਰਲੌਕਿੰਗ ਸਿਸਟਮ ਵਿੱਚ ਜ਼ਿਆਦਾਤਰ ਫੈਸਲੇ ਸਾਫਟਵੇਅਰ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ।
ਇਸ ਮਕਸਦ ਲਈ ਸੈਂਸਰ ਅਤੇ ਫੀਡਬੈਕ ਡਿਵਾਈਸਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਤੀਜੇ ਵਜੋਂ, ਕਿਸੇ ਵੀ ਰੇਲਗੱਡੀ ਦੀ ਆਵਾਜਾਈ ਦੇ ਅਸਲ ਸਮੇਂ ਬਾਰੇ ਸਟੀਕ ਪਤਾ ਲਗਾਇਆ ਜਾ ਸਕਦਾ ਹੈ।
ਇਹ ਸਿਸਟਮ ਆਪਣੇ ਇਨਪੁਟ ਡੇਟਾ ਨੂੰ ਸਿਗਨਲਾਂ, ਟਰੈਕ ਸਰਕਟਾਂ ਅਤੇ ਹੋਰ ਡੇਟਾ ਪੁਆਇੰਟਾਂ ਤੋਂ ਪ੍ਰਾਪਤ ਕਰਦਾ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਇਸ ਇਲੈੱਕਟ੍ਰਾਨਿਕ ਇੰਟਰਲੌਕਿੰਗ ਸਿਸਟਮ ਵਿੱਚ ਖਰਾਬੀ ਦੀ ਵਜ੍ਹਾ ਨਾਲ ਇਹ ਹਾਦਸਾ ਵਾਪਰਿਆ ਹੈ।
ਹਾਲਾਂਕਿ, ਤਕਨੀਕ ਦੇ ਕਿਸ ਹਿੱਸੇ ਵਿੱਚ ਸਮੱਸਿਆ ਆਈ, ਇਹ ਜਾਂਚਣਾ ਅਜੇ ਬਾਕੀ ਹੈ।
ਰੇਲ ਹਾਦਸੇ ਬਾਰੇ ਮੁੱਖ ਗੱਲਾਂ:-
ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ
ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ
ਹੁਣ ਤੱਕ ਮੌਤਾਂ - 275
ਕੁੱਲ ਜ਼ਖ਼ਮੀਂ - ਲਗਭਗ 1000
ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।
100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।
200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।
ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।
ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।
ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।
ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।
ਭਾਰਤੀ ਰੇਲਵੇ ਇਸ ਇੰਟਰਲੌਕਿੰਗ ਤਕਨੀਕ ਦੇ ਨਾਲ ਐਕਸਲ ਕਾਊਂਟਰ (ਏਸੀ) ਅਤੇ ਆਟੋਮੈਟਿਕ ਬਲਾਕ ਸਿਗਨਲਿੰਗ ਸਿਸਟਮ ਵੀ ਲਗਾਉਂਦਾ ਹੈ।
ਐਕਸਲ ਕਾਊਂਟਰ (ਏਸੀ) ਤਕਨੀਕ ਖਾਸ ਇਲੈੱਕਟ੍ਰਾਨਿਕ ਉਪਕਰਨਾਂ ''ਤੇ ਆਧਾਰਿਤ ਹੋ ਕੇ ਕੰਮ ਕਰਦੀ ਹੈ। ਇਸ ਦਾ ਉਪਯੋਗ ਇਹ ਪਛਾਣਨ ਲਈ ਕੀਤਾ ਜਾਂਦਾ ਹੈ ਕਿ ਕੀ ਚੁਣੇ ਹੋਏ ਟਰੈਕ ''ਤੇ ਕੋਈ ਹੋਰ ਰੇਲਗੱਡੀ ਮੌਜੂਦ ਹੈ ਜਾਂ ਨਹੀਂ।
ਆਟੋਮੈਟਿਕ ਬਲਾਕ ਸਿਗਨਲਿੰਗ (ਏਬੀਐੱਸ) ਤਕਨੀਕ ਟਰੈਕ ਨੂੰ ਕਈ ਬਲਾਕਾਂ ਵਿੱਚ ਵੰਡਦੀ ਹੈ। ਇੱਕ ਬਲਾਕ ''ਤੇ ਸਿਰਫ਼ ਇੱਕ ਰੇਲਗੱਡੀ ਮੌਜੂਦ/ਚੱਲਣੀ ਚਾਹੀਦੀ ਹੈ। ਇਸ ਸੂਚਨਾ ਦੇ ਆਧਾਰ ''ਤੇ ਸਿਗਨਲ ਚਲਾਏ ਜਾਂਦੇ ਹਨ।
ਇਹ ਤਕਨੀਕਾਂ ਮਨੁੱਖੀ ਗਲਤੀ ਅਤੇ ਮਨੁੱਖੀ ਦਖਲਅੰਦਾਜ਼ੀ ਨੂੰ ਘੱਟ ਕਰਨ ਵਿੱਚ ਮਦਦਗਾਰ ਹਨ।
ਓਡੀਸ਼ਾ ''ਚ ਰੇਲ ਹਾਦਸਾ ਲੂਪ ਲਾਈਨ ''ਤੇ ਚੱਲ ਰਹੀ ਕੋਰੋਮੰਡਲ ਐਕਸਪ੍ਰੈੱਸ ਕਾਰਨ ਵਾਪਰਿਆ। ਇਸ ਲੂਪ ਲਾਈਨ ''ਤੇ ਪਹਿਲਾਂ ਹੀ ਇੱਕ ਮਾਲ ਗੱਡੀ ਖੜ੍ਹੀ ਸੀ।
ਕੋਰੋਮੰਡਲ ਐਕਸਪ੍ਰੈੱਸ 126 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੇ ਹੋਏ ਇਸ ਮਾਲ ਗੱਡੀ ਨਾਲ ਟਕਰਾ ਗਈ ਅਤੇ ਪਟੜੀ ਤੋਂ ਉਤਰ ਗਈ।
ਇਹ ਲੂਪ ਲਾਈਨ ਕੀ ਹੈ ਜਿਸ ''ਤੇ ਕੋਰੋਮੰਡਲ ਐਕਸਪ੍ਰੈੱਸ ਚਲੀ ਗਈ ਸੀ? ਇਨ੍ਹਾਂ ਲੂਪ ਲਾਈਨਾਂ ਦਾ ਕੀ ਕੰਮ ਹੈ?
ਲੂਪ ਲਾਈਨ ਕੀ ਹੈ?
ਰੇਲਵੇ ਸਟੇਸ਼ਨਾਂ ਦੇ ਨੇੜੇ ਮੁੱਖ ਲਾਈਨਾਂ ਨੂੰ ਜੋੜਨ ਲਈ ਵਾਧੂ ਪਟੜੀਆਂ ਵਿਛਾਈਆਂ ਜਾਂਦੀਆਂ ਹਨ। ਇਸ ਨਾਲ ਰੇਲਵੇ ਸਟੇਸ਼ਨਾਂ ''ਤੇ ਜ਼ਿਆਦਾ ਟਰੇਨਾਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ।
ਦੂਜੇ ਪਾਸੇ, ਇਹ ਵਾਧੂ ਟਰੈਕ ਹੋਰ ਰੇਲ ਗੱਡੀਆਂ ਨੂੰ ਰਸਤਾ ਦੇਣ ਵਿੱਚ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ। ਇਹ ਲੂਪ ਲਾਈਨਾਂ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ''ਤੇ ਮੇਨ ਲਾਈਨ ਨਾਲ ਜਾ ਕੇ ਜੁੜਦੀਆਂ ਹਨ।
ਆਮ ਤੌਰ ''ਤੇ ਇੱਕ ਲੂਪ ਲਾਈਨ ਦੀ ਲੰਬਾਈ 750 ਮੀਟਰ ਹੁੰਦੀ ਹੈ। ਇੱਕ ਰੇਲਗੱਡੀ ਦੇ ਸਾਰੇ ਡੱਬਿਆਂ ਦੇ ਨਾਲ-ਨਾਲ ਦੋ ਇੰਜਣ ਵਾਲੇ ਡੱਬਿਆਂ ਨੂੰ ਲੂਪ ਲਾਈਨ ''ਤੇ ਖੜ੍ਹਾ ਕੀਤਾ ਜਾ ਸਕਦਾ ਹੈ।
ਭਾਰਤੀ ਰੇਲਵੇ 1500 ਮੀਟਰ ਲੰਬਾਈ ਵਾਲੀਆਂ ਲੂਪ ਲਾਈਨਾਂ ਵਿਛਾਉਣ ਨੂੰ ਤਰਜੀਹ ਦੇ ਰਿਹਾ ਹੈ।
ਇਸ ਦਾ ਮਤਲਬ ਇਹ ਹੈ ਕਿ ਸਰਕਾਰ ਮੌਜੂਦਾ ਲਾਈਨਾਂ ਨਾਲੋਂ ਦੁੱਗਣੀ ਲੰਬਾਈ ਦੀਆਂ ਲੂਪ ਲਾਈਨਾਂ ਵਿਛਾਉਣ ਦੀ ਯੋਜਨਾ ਬਣਾ ਰਹੀ ਹੈ।
‘ਟੱਕਰ ਤੋਂ ਬਚਣ ਵਾਲੀ ਕਵਚ ਪ੍ਰਣਾਲੀ’ ਕੀ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ''ਕਵਚ'' ਤਕਨੀਕ ਉਪਲੱਬਧ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ। ਇਹ ਕਵਚ ਤਕਨੀਕ ਕੀ ਹੈ?
ਰੇਲਾਂ ਦੇ ਆਪਸੀ ਟਕਰਾਅ ਤੋਂ ਬਚਾਅ ਪ੍ਰਣਾਲੀ (ਟੀਸੀਏਐੱਸ) ਨੂੰ ਹੁਣ ਕਵਚ ਕਿਹਾ ਜਾਂਦਾ ਹੈ। ਇਹ ਤਕਨੀਕ 2011-12 ਵਿੱਚ ਸ਼ੁਰੂ ਕੀਤੀ ਗਈ ਸੀ।
ਇਸ ਤਕਨੀਕ ਦੇ ਹਿੱਸੇ ਦੇ ਰੂਪ ਵਿੱਚ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਯੰਤਰ ਨੂੰ ਰੇਲਗੱਡੀਆਂ, ਰੇਲ ਸਿਗਨਲ ਪ੍ਰਣਾਲੀਆਂ ਅਤੇ ਟਰੈਕਾਂ ਨਾਲ ਜੋੜਿਆ ਜਾਂਦਾ ਹੈ।
ਉਹ ਅਲਟਰਾ ਹਾਈ ਰੇਡੀਓ ਫ੍ਰੀਕੁਐਂਸੀ ਰਾਹੀਂ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਉਹ ਰੇਲਗੱਡੀ ਦੀਆਂ ਬਰੇਕਾਂ ਨੂੰ ਕੰਟਰੋਲ ਕਰਦੇ ਹਨ। ਉਹ ਇੰਜਣਾਂ ਪਾਇਲਟਾਂ ਨੂੰ ਵੀ ਅਲਰਟ ਕਰਦੇ ਹਨ।
ਇਸ ਤਕਨੀਕ ਵਿੱਚ ਰੇਲਗੱਡੀ ਦੀ ਆਵਾਜਾਈ ਦੇ ਅਸਲ ਸਮੇਂ ਦੀ ਜਾਣਕਾਰੀ ਲਗਾਤਾਰ ਰਿਫਰੈੱਸ਼ ਹੁੰਦੀ ਰਹਿੰਦੀ ਹੈ। ਜੇਕਰ ਲੋਕੋ ਪਾਇਲਟ ਸਿਗਨਲ ਜੰਪ ਕਰਦਾ ਹੈ, ਤਾਂ ਇਹ ਲੋਕੋ ਪਾਇਲਟ ਨੂੰ ਤੁਰੰਤ ਅਲਰਟ ਕਰ ਦਿੰਦੀ ਹੈ।
ਜ਼ਿਆਦਾਤਰ ਰੇਲ ਹਾਦਸੇ ਅਜਿਹੀ ਸਿਗਨਲ ਜੰਪਿੰਗ ਦੇ ਕਾਰਨ ਹੁੰਦੇ ਹਨ।
ਸਟੀਕ ਜਾਣਕਾਰੀ ਦੇ ਨਾਲ ਰੇਲ ਹਾਦਸਿਆਂ ਨੂੰ ਕੰਟਰੋਲ ਕਰਨ ਵਾਲਾ ਇਹ ਸਿਸਟਮ ਹਾਵੜਾ-ਚੇਨਈ ਲਾਈਨ ''ਤੇ ਅਜੇ ਤੱਕ ਨਹੀਂ ਲਗਾਇਆ ਗਿਆ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
ਓਡੀਸ਼ਾ ਰੇਲ ਹਾਦਸਾ : ਮੁਰਦਾਘਰ ਦੇ ਬਾਹਰ ''ਹਾਕ ਪੈਣ'' ਦੀ ਉਡੀਕ ਕਰਦੇ ਲੋਕ - ਅੱਖ਼ੀਂ ਡਿੱਠਾ ਹਾਲ
NEXT STORY