ਯੂਕੇ ਦੇ ਡਰਬੀ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਕਬੱਡੀ ਮੈਚ ਦੌਰਾਨ ਹੋਈ ਹਿੰਸਾ ਕਾਰਨ ਭਗਦੜ ਮੱਚ ਗਈ ਅਤੇ ਇਸ ਘਟਨਾ ਵਿੱਚ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋਏ ਸਨ।
ਇਹ ਹਿੰਸਾ ਗੁਰੂ ਅਰਜਨ ਦੇਵ ਗੁਰਦੁਆਰਾ ਕਬੱਡੀ ਕਲੱਬ, ਡਰਬੀ ਦੇ ਮੈਚ ਦੌਰਾਨ ਹੋਈ।
ਘਟਨਾ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਸੋਮਵਾਰ ਨੂੰ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਕਬੱਡੀ ਮੈਚ ਏਲਵਾਸਟਨ ਲੇਨ, ਅਲਵਾਸਟਨ ਵਿਖੇ ਹੋ ਰਿਹਾ ਸੀ। ਸਥਾਨਕ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਐਤਵਾਰ ਸ਼ਾਮ ਨੂੰ ਤਕਰੀਬਨ ਚਾਰ ਵਜੇ ਮਿਲੀ।
ਡਰਬੀਸ਼ਾਇਰ ਪੁਲਿਸ ਮੁਤਾਬਕ, ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਦੀ ਉਮਰ 24, 28, 30 ਅਤੇ 38 ਸਾਲ ਹੈ।
ਐਲੇਕਸ ਸਮਿੱਥ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਚਾਰ ਵਿਅਕਤੀਆਂ ਨੂੰ ਹਥਿਆਰ ਰੱਖਣ ਅਤੇ ਹਿੰਸਕ ਘਟਨਾ ਨੂੰ ਅੰਜਾਮ ਦੇਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਘਟਨਾ ਤੋਂ ਬਾਅਦ, ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਵਿੱਚ ਵੱਡੇ ਪੱਧਰ ਉੱਤੇ ਪੁਲਿਸ ਤੈਨਾਤ ਕੀਤੀ ਗਈ।
ਪੁਲਿਸ ਕੋਲ ਕੀ ਜਾਣਕਾਰੀ
ਡਰਬੀ ਪੁਲਿਸ ਦੇ ਚੀਫ ਸੁਪਰੀਟੈਂਡੈਂਟ ਏਮਾ ਅਲਡਰਡ ਨੇ ਦੱਸਿਆ, “ਸਾਨੂੰ ਇਸ ਘਟਨਾ ਬਾਰੇ ਆਨਲਾਈਨ ਸ਼ੇਅਰ ਕੀਤੀਆਂ ਜਾ ਰਹੀਆਂ ਵੀਡੀੳਜ਼ ਦੀ ਜਾਣਕਾਰੀ ਹੈ, ਅਸੀਂ ਇਸ ਸੰਬੰਧੀ ਆਪਣੀ ਪੜਤਾਲ ਕਰ ਰਹੇ ਹਾਂ, ਜੇਕਰ ਕਿਸੇ ਕੋਲ ਵੀ ਇਸ ਸਬੰਧੀ ਹੋਰ ਫੂਟੇਜ ਹੈ ਤਾਂ ਉਹ ਸਾਨੂੰ ਭੇਜ ਦੇਣ ਤਾਂ ਜੋ ਜਾਂਚ ਜਾਰੀ ਰੱਖੀ ਜਾ ਸਕੇ।”
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੁਲਿਸ ਨੇ ਦੱਸਿਆ ਕਿ ਗੋਲੀਆਂ ਚੱਲਣ ਅਤੇ ਤਲਵਾਰ ਲਹਿਰਾਉਣ ਦੀਆਂ ਰਿਪੋਰਟਾਂ ਫੈਲਣ ਤੋਂ ਬਾਅਦ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਫੁਟੇਜ ਵਿੱਚ ਵੱਡੇ ਪੱਧਰ ਉੱਤੇ ਭਜਦੌੜ ਮਚੀ ਹੋਈ ਨਜ਼ਰ ਆਉਂਦੀ ਹੈ।
ਇਸ ਫੂਟੇਜ ਵਿੱਚ ਲੋਕਾਂ ਦੇ ਹੱਥਾਂ ਵਿੱਚ ਹਥਿਆਰ ਵੀ ਨਜ਼ਰ ਆ ਰਹੇ ਹਨ।
ਪੁਲਿਸ ਨੇ ਕਿਹਾ ਕਿ ਸਥਾਨਕ ਭਾਈਚਾਰੇ ਨੂੰ ਭਰੋਸਾ ਦੇਣ ਲਈ ਪੁਲਿਸ ਅਫਸਰ ਤੈਨਾਤ ਹਨ ਅਤੇ ਜੇਕਰ ਕਿਸੇ ਕੋਲ ਇਸ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਉਨ੍ਹਾਂ ਨੂੰ ਜਾਣਕਾਰੀ ਦੇ ਸਕਦੇ ਹਨ।
ਸੋਨੀਆ ਕਟਾਰੀਆ ਅਤੇ ਜੈਕ ਟਾਇਮਨ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖਮੀ ਹੋਏ ਜਿਨ੍ਹਾਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਨ੍ਹਾਂ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੈ।
ਸਥਾਨਕ ਆਗੂਆਂ ਅਤੇ ਲੋਕਾਂ ਨੇ ਕੀ ਦੱਸਿਆ
ਡਰਬੀ ਸਿਟੀ ਕਾਊਂਸਲ ਦੇ ਆਗੂ ਬੈਗੀ ਸ਼ੰਕਰ ਨੇ ਕਿਹਾ ਕਿ ਸਥਾਨਕ ਅਧਿਕਾਰੀ ਇਸ ਘਟਨਾ ਨੂੰ ਲੈ ਕੇ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਨ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਹੈ।
ਸਥਾਨਕ ਵਸਨੀਕ, ਜੋ ਨੇੜੇ ਹੀ ਰਹਿ ਰਹੇ ਸਨ, ਨੇ ਬੀਬੀਸੀ ਰੇਡੀੳ ਡਰਬੀ ਨੂੰ ਦੱਸਿਆ ਕਿ ਇਹ ਇੱਕ ਖੇਡ ਮੁਕਾਬਲਾ ਸੀ, ਜਿਸ ਵਿੱਚ ਲੋਕ ਟਿਕਟਾਂ ਲੈ ਕੇ ਆਏ ਸਨ।
ਉਨ੍ਹਾਂ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਕਿਹਾ ਕਿ, ''''ਪੁਲਿਸ ਦੀਆਂ ਗੱਡੀਆਂ ਘੰਟਿਆਂ ਤੱਕ ਆਉਂਦੀਆਂ ਰਹੀਆਂ, ਐਂਬੂਲੈਂਸ, ਡੌਗ ਯੁਨਿਟ ਅਤੇ ਘੱਟੋ-ਘੱਟ ਹੋਰ ਚਾਲ਼ੀ ਕਾਰਾਂ ਆਈਆਂ।''''
ਉਨ੍ਹਾਂ ਦੱਸਿਆ, “ਅਸੀਂ ਬਹੁਤ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚੋਂ ਬਾਹਰ ਆਉਂਦਿਆਂ ਦੇਖਿਆ। ਕੁਝ ਲੋਕਾਂ ਨਾਲ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਦਾ ਇੱਕ ਸਮੂਹ ਜਿਨ੍ਹਾਂ ਨੂੰ ਆਉਣ ਦਾ ਸੱਦਾ ਨਹੀਂ ਦਿੱਤਾ ਗਿਆ ਸੀ, ਪ੍ਰੋਗਰਾਮ ਵਿੱਚ ਦਾਖਲ ਹੋਇਆ ਅਤੇ ਉਨ੍ਹਾਂ ਕੋਲ ਹਥਿਆਰ ਸਨ।”
ਇੱਕ ਹੋਰ ਸਥਾਨਕ ਵਸਨੀਕ ਜੋ ਉਸ ਵੇਲੇ ਜਿੰਮ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ, ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਪੁਲਿਸ ਦੀਆਂ ਕੁਝ ਗੱਡੀਆਂ ਨੂੰ ਹਾਰਵੇ ਰੋਡ ਉੱਤੇ ਅਲਵਾਸਟਨ ਵੱਲ ਜਾਂਦੇ ਵੇਖਿਆ।
ਉਨ੍ਹਾਂ ਦੱਸਿਆ, "ਮੈਂ ਜਦੋਂ ਘਰ ਆਇਆ ਤਾਂ ਹੋਰ ਸਾਇਰਨ ਸੁਣਾਈ ਦਿੱਤੇ ਅਤੇ ਫਿਰ ਉੱਪਰ ਹੈਲੀਕਾਪਟਰ ਵੀ ਆਉਂਦਾ ਵੇਖਿਆ।"
''''ਫਿਰ ਪੁਲਿਸ ਦੀਆਂ ਹੋਰ ਗੱਡੀਆਂ ਜਿਹੜੀਆਂ ਕਿ ਸ਼ਾਇਦ ਆਰਮਡ ਰਿਸਪੌਂਸ ਵਹੀਕਲ ਸਨ, ਚਰਚ ਸਟ੍ਰੀਟ ਵੱਲ ਜਾ ਰਹੀਆਂ ਸਨ। ਮੈਂ ਪਿਛਲੇ ਕਈ ਸਾਲਾਂ ਬਾਅਦ ਐਨੀ ਪੁਲਿਸ ਵੇਖੀ।''''
''''ਸਾਨੂੰ ਯਕੀਨ ਨਹੀਂ ਹੋ ਰਿਹਾ" - ਪ੍ਰਬੰਧਕ
ਇੰਗਲਿਸ਼ ਕਬੱਡੀ ਫੈਡੇਸ਼ਨ ਤੋਂ ਕੁਲਬਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਹੈਰਾਨ ਹਨ।
ਉਨਾਂ ਕਿਹਾ, "ਅਸੀਂ ਚਾਹੁੰਦੇ ਸੀ ਕਿ ਇਹ ਇੱਕ ਚੰਗਾ ਖੇਡ ਮੁਕਾਬਲਾ ਹੋਵੇ, ਤੇ ਇਹ ਸੀ ਵੀ। ਸਾਨੂੰ ਯਕੀਨ ਹੀ ਨਹੀਂ ਹੋਇਆ।''''
ਪੰਜਾਬ ਟਾਈਮਜ਼ ਵਿੱਚ ਕੰਮ ਕਰਦੇ ਮਾਈਕ ਸਿੰਘ, ਜਿਨ੍ਹਾਂ ਦਾ ਦਫਤਰ ਘਟਨਾ ਵਾਲੀ ਥਾਂ ਦੇ ਨੇੜੇ ਹੈ ਨੇ ਦੱਸਿਆ ਕਿ ਉਨ੍ਹਾਂ ਨੇ ਹਲਚਲ ਸੁਣੀ ਅਤੇ 40 ਤੋਂ 50 ਜਵਾਨ, ਜਿਨ੍ਹਾਂ ਨੇ ਮਾਸਕ ਪਹਿਨੇ ਹੋਏ ਸਨ, ਬਾਹਰ ਵੱਲ ਭੱਜ ਰਹੇ ਸਨ।''''
ਉਨ੍ਹਾਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਇੱਥੇ ਛੇ-ਸੱਤ ਸਾਲਾਂ ਤੋਂ ਕੋਈ ਕਬੱਡੀ ਮੈਚ ਹੋਇਆ ਹੈ, ਸਾਨੂੰ ਬਹੁਤ ਨਿਰਾਸ਼ਾ ਹੈ ਕਿ ਇਸ ਘਟਨਾ ਨੇ ਇਸ ਮੈਚ ਨੂੰ ਖਰਾਬ ਕਰ ਦਿੱਤਾ।"
ਇੰਗਲੈਂਡ ਕਬੱਡੀ ਫੈਡਰੇਸ਼ਨ ਬਾਰੇ ਕੀ ਪਤਾ ਹੈ
ਇੰਗਲੈਂਡ ਕਬੱਡੀ ਫੈਡਰੇਸ਼ਨ, ਯੂਕੇ ਸਰਕਲ ਸਟਾਈਲ ਕਬੱਡੀ, ਨੈਸ਼ਨਲ ਸਟਾਈਲ ਕਬੱਡੀ ਅਤੇ ਹੋਰ ਏਸ਼ੀਆਈ ਖੇਡਾਂ ਦੇ ਪ੍ਰਸਾਰ ਦਾ ਕੰਮ ਕਰਦੀ ਹੈ। ਇਸ ਨਾਲ ਤਕਰੀਬਨ 16 ਕਲੱਬ ਜੁੜੇ ਹੋਏ ਹਨ ਜਿਨ੍ਹਾਂ ਵਿੱਚੋਂ ਗੁਰੁ ਅਰਜੁਨ ਦੇਵ ਗੁਰਦੁਆਰਾ ਕਬੱਡੀ ਕਲੱਬ, ਡਰਬੀ ਵੀ ਇੱਕ ਹੈ।
ਇਹ ਸੰਸਥਾ ਯੂਕੇ ਵਿੱਚ ਰਜਿਸਟਰਡ ਹੈ ਅਤੇ ਇਸ ਵੱਲੋਂ ਬਰੈਡਫੋਰਡ, ਹੇਅਸ, ਡਰਬੀ, ਟੈਲਫੋਰਡ, ਸਲੋਅ ਵਿੱਚ ਕਬੱਡੀ ਮੈਚ ਕਰਵਾਏ ਜਾ ਰਹੇ ਹਨ।
ਫੈਡਰੇਸ਼ਨ ਦੀ ਵੈਬਸਾਈਟ ਮੁਤਾਬਕ, ਇਸ ਦੀ ਐਗਜ਼ੈਕਟਿਵ ਕਮੇਟੀ ਦੇ ਦਸ ਮੈਂਬਰ ਹਨ। ਜੋਗਿੰਦਰ ਸਿੰਘ ਇਸ ਦੇ ਵਾਈਸ ਚੇਅਰਮੈਨ ਹਨ ਅਤੇ ਸੇਰਾ ਸਿੰਘ ਔਲਖ ਇਸ ਦੇ ਖ਼ਜ਼ਾਨਚੀ ਹਨ।
ਇਸ ਟੂਰਨਾਮੈਂਟ ਵਿੱਚ ਇੰਗਲੈਂਡ ਭਰ ਤੋਂ ਕਬੱਡੀ ਦੇ ਮਾਹਰ ਖਿਡਾਰੀ ਸ਼ਾਮਲ ਹੋਏ ਸਨ ਤੇ ਕਈ ਹਜ਼ਾਰ ਲੋਕ ਇਨ੍ਹਾਂ ਮੈਚਾਂ ਨੂੰ ਦੇਖਣ ਆਏ ਸਨ।
ਪੀਟੀਆਈ ਮੁਤਾਬਕ, ਲੋਕਲ ਡਰਬੀ ਟੀਮ - ਗੁਰੁ ਅਰਜਨ ਦੇਵ ਗੁਰਦੁਆਰਾ ਕਬੱਡੀ ਕਲੱਬ ਖੇਡਾਂ ਨਾਲ 30 ਸਾਲਾਂ ਤੋਂ ਜੁੜਿਆ ਹੋਇਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚੰਦਰਯਾਨ-3 ਦੇ ਚੰਨ ਉੱਤੇ ਉਤਰਨ ਦੇ ਆਖ਼ਰੀ 15 ਮਿੰਟ ਕਿਉਂ ਜ਼ਰੂਰੀ ਹਨ
NEXT STORY