"ਉਮੀਦ ਸੀ ਕਿ ਜਦੋਂ ਮਿਸਬਾਹ-ਉਲ-ਹੱਕ ਦੀ ਅਗਵਾਈ ਵਿੱਚ ਸ਼ਾਹਿਦ ਅਫ਼ਰੀਦੀ ਅਤੇ ਕਾਮਰਾਨ ਅਕਮਲ ਆਪਣੇ ਪੁਰਾਣੇ ਵਿਰੋਧੀ ਇਰਫ਼ਾਨ ਪਠਾਨ, ਹਰਭਜਨ ਸਿੰਘ, ਮੁਹੰਮਦ ਕੈਫ਼, ਸੁਰੇਸ਼ ਰੈਨਾ ਅਤੇ ਹੋਰਾਂ ਦਾ ਸਾਹਮਣਾ ਕਰਨਗੇ, ਤਾਂ ਅਮਰੀਕਾ ਵਿੱਚ ਲੋਕਾਂ ਨੂੰ ਕੁਝ ਸ਼ਾਨਦਾਰ ਕ੍ਰਿਕਟ ਦੇਖਣ ਨੂੰ ਮਿਲੇਗੀ।"
ਇਹ ਹਨ ਸੰਯੁਕਤ ਰਾਜ ਅਮਰੀਕਾ (ਅਮਰੀਕਾ) ''ਚ ਆਯੋਜਿਤ ਟੀ-ਟੈੱਨ ਮਾਸਟਰਸ ਕ੍ਰਿਕਟ ਲੀਗ ਦੀ ਨਿਊਯਾਰਕ ਵਾਰੀਅਰਜ਼ ਟੀਮ ਦੇ ਪਾਕਿਸਤਾਨੀ-ਅਮਰੀਕੀ ਮਾਲਕ ਮੁਹੰਮਦ ਕਾਮਰਾਨ ਅਵਾਨ, ਜਿਨ੍ਹਾਂ ਨੇ ਇਸ ਬਾਰੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਟੂਰਨਾਮੈਂਟ ''ਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ''ਚੋਂ ਜ਼ਿਆਦਾਤਰ ਖਿਡਾਰੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਇਨ੍ਹਾਂ ਖਿਡਾਰੀਆਂ ਵਿੱਚ 10 ਭਾਰਤੀ ਖਿਡਾਰੀ ਵੀ ਹਿੱਸਾ ਲੈ ਰਹੇ ਹਨ ਜੋ 2011 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ।
ਇਹ ਲੀਗ 18 ਅਗਸਤ ਤੋਂ ਸ਼ੁਰੂ ਹੋਈ ਹੈ ਅਤੇ ਇਸ ਦਾ ਫਾਈਨਲ 27 ਅਗਸਤ ਨੂੰ ਹੋਵੇਗਾ। ਉਦਘਾਟਨੀ ਮੈਚ ਵਿੱਚ ਵੀ ਭਾਰਤ ਤੇ ਪਾਕਿਸਤਾਨ ਦੇ ਫਿਲਮੀ ਸਿਤਾਰੇ ਪਹੁੰਚੇ ਸਨ ਅਤੇ ਫਾਈਨਲ ਮੁਕਾਬਲੇ ਲਈ ਵੀ ਪਾਕਿਸਤਾਨ ਅਤੇ ਭਾਰਤ ਦੇ ਫਿਲਮੀ ਸਿਤਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ।
ਮਾਸਟਰ ਲੀਗ ਵਿੱਚ ਛੇ ਟੀਮਾਂ ਦੇ ਮਾਲਕ ਅਮਰੀਕਾ, ਬੰਗਲਾਦੇਸ਼ ਅਤੇ ਭਾਰਤ ਤੋਂ ਹਨ। ਨਿਊਯਾਰਕ ਵਾਰੀਅਰਜ਼ ਇਕਲੌਤੀ ਫ੍ਰੈਂਚਾਇਜ਼ੀ ਹੈ ਜਿਸ ਦੇ ਦੋ ਭਾਰਤੀ ਅਤੇ ਦੋ ਪਾਕਿਸਤਾਨੀ ਮਾਲਕ ਹਨ।
ਇਨ੍ਹਾਂ ਭਾਰਤੀ ਅਤੇ ਪਾਕਿਸਤਾਨੀ ਮਾਲਕਾਂ ਦੀ ਦੋਸਤੀ ਅਤੇ ਵਪਾਰਕ ਸਾਂਝ ਦੀ ਕਹਾਣੀ ਦੋ ਚਾਰ ਸਾਲ ਪਹਿਲਾਂ ਨਹੀਂ, ਸਗੋਂ ਇਸ ਸਦੀ ਦੇ ਸ਼ੁਰੂ ਵਿੱਚ ਸ਼ੁਰੂ ਹੁੰਦੀ ਹੈ।
''ਪਿਤਾ ਜੀ ਨੇ ਆਪਣੀ ਬਚਤ ''ਚੋਂ ਦਿੱਤੇ ਸਨ 1800 ਡਾਲਰ''
ਮੁਹੰਮਦ ਕਾਮਰਾਨ ਅਵਾਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪਾਕਿਸਤਾਨ ਤੋਂ ਅਕਾਊਂਟੈਂਸੀ ਦੀ ਪੜ੍ਹਾਈ ਕੀਤੀ ਅਤੇ ਫਿਰ ਕੁਝ ਸਮਾਂ ਵਾਹ ਕੈਂਟ ਵਿੱਚ ਨੌਕਰੀ ਕੀਤੀ।
ਉਨ੍ਹਾਂ ਨੇ ਕਿਹਾ, "ਇਸ ਦੌਰਾਨ ਮੈਨੂੰ ਅਮਰੀਕਾ ਦਾ ਵੀਜ਼ਾ ਮਿਲ ਗਿਆ ਅਤੇ ਮੈਂ ਅਮਰੀਕਾ ਚਲਾ ਗਿਆ। ਸ਼ੁਰੂ ਵਿੱਚ ਮੁਸ਼ਕਲਾਂ ਆਈਆਂ ਪਰ ਜਲਦੀ ਹੀ ਮੈਨੂੰ ਇੱਕ ਅਕਾਊਂਟੈਂਸੀ ਫਰਮ ਵਿੱਚ ਨੌਕਰੀ ਮਿਲ ਗਈ। ਇਸ ਨੌਕਰੀ ਦੌਰਾਨ ਮੈਂ ਪ੍ਰੀਤ ਕਮਲ, ਗੁਰਮੀਤ ਸਿੰਘ ਦੇ ਸੰਪਰਕ ਵਿੱਚ ਆਇਆ, ਜਦਕਿ ਹਸਨੈਨ ਬਾਜਵਾ ਨਾਲ ਸਾਡਾ ਸਬੰਧ ਪੰਜ ਸਾਲ ਪਹਿਲਾਂ ਬਣਿਆ ਸੀ।"
ਉੱਥੇ, ਪ੍ਰੀਤ ਕਮਲ ਭਾਰਤ ਦੇ ਪੰਜਾਬ ਸੂਬੇ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੇ ਪਿਤਾ ਅਮਰੀਕਾ ਵਿੱਚ ਬਿਜ਼ਨੈੱਸ ਕਰਦੇ ਹਨ।
ਉਹ ਕਹਿੰਦੀ ਹੈ, "ਜਦੋਂ ਮੈਂ ਬੱਚੀ ਸੀ ਤਾਂ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਅਮਰੀਕਾ ਵਿੱਚ ਸੱਦ ਲਿਆ ਸੀ। ਮੈਂ ਅਮਰੀਕਾ ਵਿੱਚ ਅਕਾਊਂਟੈਂਸੀ ਦੀ ਪੜ੍ਹਾਈ ਕੀਤੀ ਹੈ। ਇਸ ਦੌਰਾਨ ਮੈਂ ਵੱਖ-ਵੱਖ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ।"
ਪ੍ਰੀਤ ਕਮਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇੱਕ ਅਕਾਊਂਟੈਂਟ ਕੰਪਨੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਪਹਿਲਾ ਸੰਪਰਕ ਮੁਹੰਮਦ ਕਾਮਰਾਨ ਅਵਾਨ ਨਾਲ ਹੋਇਆ।
"ਉਸ ਨੇ ਮੇਰੇ ਤੋਂ ਪਹਿਲਾਂ ਉੱਥੇ ਕੰਮ ਕੀਤਾ ਸੀ। ਪਹਿਲੇ ਦਿਨ ਉਸ ਨੇ ਮੇਰੀ ਬਹੁਤ ਮਦਦ ਕੀਤੀ। ਉਹੀ ਪਹਿਲਾ ਦਿਨ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਕ ਸ਼ਾਨਦਾਰ ਵਿਅਕਤੀ ਦੇ ਸੰਪਰਕ ਵਿੱਚ ਆਈ ਹਾਂ। ਫਿਰ ਹੁਣ ਉਹ ਸੰਪਰਕ ਬਹੁਤ ਚੰਗੀ ਦੋਸਤੀ ਅਤੇ ਵਪਾਰਕ ਰਿਸ਼ਤੇ ਵਿੱਚ ਬਦਲ ਗਿਆ ਹੈ।"
ਇਹਨਾਂ ਵਿੱਚੋਂ ਇੱਕ ਨਾਮ ਗੁਰਮੀਤ ਸਿੰਘ ਵੀ ਹੈ, ਉਹ ਵੀ ਭਾਰਤ ਦੇ ਪੰਜਾਬ ਸੂਬੇ ਦੇ ਵਸਨੀਕ ਹਨ। ਉਹ 21 ਸਾਲ ਦੀ ਉਮਰ ਵਿੱਚ ਪੜ੍ਹਾਈ ਲਈ ਅਮਰੀਕਾ ਆਏ ਸਨ।
ਉਨ੍ਹਾਂ ਨੇ ਆਪਣੇ ਬਾਰੇ ਦੱਸਦਿਆਂ ਕਿਹਾ, "ਮੈਨੂੰ ਮੇਰੇ ਚਾਚੇ ਨੇ ਸਪਾਂਸਰ ਕੀਤਾ ਸੀ। ਮੇਰੇ ਪਿਤਾ ਜੀ ਭਾਰਤ ਵਿੱਚ ਇੱਕ ਸਰਕਾਰੀ ਕਰਮਚਾਰੀ ਸਨ। ਜਦੋਂ ਮੈਂ ਅਮਰੀਕਾ ਆ ਰਿਹਾ ਸੀ ਤਾਂ ਟਿਕਟ ਲੈਣ ਤੋਂ ਇਲਾਵਾ ਉਨ੍ਹਾਂ ਨੇ ਮੈਨੂੰ ਅਠਾਰਾਂ ਸੌ ਡਾਲਰ ਦਿੱਤੇ ਅਤੇ ਕਿਹਾ ਕਿ ਮੇਰੇ ਕੋਲ ਇਹੀ ਹੈ।"
ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਸਰਕਾਰੀ ਨੌਕਰੀ ਦੀ ਤਨਖ਼ਾਹ ਸਿਰਫ 1800 ਡਾਲਰ ਸੀ। ਜਦੋਂ ਉਹ ਅਮਰੀਕਾ ਆਏ ਤਾਂ ਉਨ੍ਹਾਂ ਨੂੰ ਆਪਣਾ ਖਰਚਾ ਖ਼ੁਦ ਚੁੱਕਣਾ ਪਿਆ।
ਇਸੇ ਕਰਕੇ ਉਹ ਯੂਨੀਵਰਸਿਟੀ ਦੇ ਨਾਲ-ਨਾਲ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਸਨ। "ਮੈਨੂੰ ਲੱਗਦਾ ਹੈ ਕਿ ਉਸ ਵੇਲੇ ਮੈਂ 24 ਘੰਟਿਆਂ ਵਿੱਚੋਂ ਤਿੰਨ, ਚਾਰ ਘੰਟੇ ਸੌਂਦਾ ਸੀ।"
- ਇਸ ਟੀ-ਟੈੱਨ ਮਾਸਟਰ ਲੀਗ ਵਿੱਚ ਛੇ ਟੀਮਾਂ ਹਨ।
- ਜਿਨ੍ਹਾਂ ਦੇ ਮਾਲਕ ਅਮਰੀਕਾ, ਬੰਗਲਾਦੇਸ਼ ਅਤੇ ਭਾਰਤ ਤੋਂ ਹਨ।
- ਨਿਊਯਾਰਕ ਵਾਰੀਅਰਜ਼ ਇਕਲੌਤੀ ਫ੍ਰੈਂਚਾਇਜ਼ੀ ਹੈ ਜਿਸ ਦੇ ਦੋ ਭਾਰਤੀ ਅਤੇ ਦੋ ਪਾਕਿਸਤਾਨੀ ਮਾਲਕ ਹਨ।
- ਇਨ੍ਹਾਂ ਵਿੱਚ ਮੁਹੰਮਦ ਕਾਮਰਾਨ ਅਵਾਨ ਤੇ ਹਸਨੈਨ ਬਾਜਵਾ ਪਾਕਿਸਤਾਨ ਪੰਜਾਬ ਤੋਂ ਹਨ।
- ਪ੍ਰੀਤ ਕਮਲ ਅਤੇ ਗੁਰਮੀਤ ਸਿੰਘ ਭਾਰਤੀ ਪੰਜਾਬ ਤੋਂ ਹਨ।
- ਇਹ ਲੀਗ 18 ਅਗਸਤ ਤੋਂ ਸ਼ੁਰੂ ਹੋਈ ਹੈ ਅਤੇ ਇਸ ਦਾ ਫਾਈਨਲ 27 ਅਗਸਤ ਨੂੰ ਹੋਵੇਗਾ।
- ਉਦਘਾਟਨੀ ਅਤੇ ਫਾਈਨਲ ਮੁਕਾਬਲਿਆਂ ਲਈ ਪਾਕਿਸਤਾਨ ਅਤੇ ਭਾਰਤ ਦੇ ਫਿਲਮੀ ਸਿਤਾਰਿਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
''ਸਾਨੂੰ ਕੁਝ ਬਿਹਤਰ ਕਰਨਾ ਪਵੇਗਾ''
ਪ੍ਰੀਤ ਕਮਲ ਵਾਂਗ ਹੀ ਗੁਰਮੀਤ ਸਿੰਘ ਦਾ ਵੀ ਕਹਿਣਾ ਹੈ ਕਿ ਪੜ੍ਹਾਈ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਨੌਕਰੀ ਉਸੇ ਕੰਪਨੀ ਵਿੱਚ ਅਕਾਊਂਟੈਂਟ ਵਜੋਂ ਸੀ ਜਿੱਥੇ ਮੁਹੰਮਦ ਕਾਮਰਾਨ ਅਵਾਨ ਪਹਿਲਾਂ ਹੀ ਨੌਕਰੀ ਕਰਦੇ ਸਨ।
ਗੁਰਮੀਤ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਪਹਿਲਾ ਸੰਪਰਕ ਦਫ਼ਤਰ ਵਿੱਚ ਕਾਮਰਾਨ ਭਾਈ ਨਾਲ ਹੋਇਆ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਕਾਮਰਾਨ ਭਾਈ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਅਸੀਂ ਦੋ ਵੱਖ-ਵੱਖ ਦੇਸ਼ਾਂ ਦੇ ਹਾਂ ਜਾਂ ਉਹ ਮੁਸਲਮਾਨ ਹਨ ਅਤੇ ਮੈਂ ਸਿੱਖ ਹਾਂ, ਸਾਡੇ ਵਿੱਚ ਇੱਕ ਅਜਿਹਾ ਰਿਸ਼ਤਾ ਬਣ ਗਿਆ ਜਿਸ ਨੂੰ ਛੋਟੇ ਭਰਾ ਤੇ ਵੱਡੇ ਭਰਾ ਦਾ ਕਹਿੰਦਾ ਹਾਂ।"
ਉਨ੍ਹਾਂ ਨੇ ਕਿਹਾ ਕਿ ਨੌਕਰੀ ਦੌਰਾਨ “ਮੈਂ ਅਕਸਰ ਕਹਿੰਦਾ ਹੁੰਦਾ ਸੀ ਕਿ ਮੈਨੂੰ ਚੰਗੀ ਨੌਕਰੀ ਚਾਹੀਦੀ ਹੈ। ਜਿਸ ''ਤੇ ਕਾਮਰਾਨ ਭਾਈ ਨੇ ਕਹਿੰਦੇ, ਸਬਰ ਰੱਖੋ, ਅਸੀਂ ਮਿਲ ਕੇ ਕੁਝ ਕਰਾਂਗੇ।"
"ਪ੍ਰੀਤ ਵੀ ਕਹਿੰਦੀ ਸੀ ਕਿ ਸਾਨੂੰ ਕੁਝ ਬਿਹਤਰ ਕਰਨਾ ਪਵੇਗਾ। ਇਸ ਦੌਰਾਨ ਅਸੀਂ ਇਹੀ ਸੋਚਦੇ ਰਹੇ ਕਿ ਕੀ ਕਰਨਾ ਚਾਹੀਦਾ, ਕੀ ਹੋ ਸਕਦਾ ਹੈ।"
ਕਾਮਰਾਨ ਭਾਈ ਅਕਸਰ ਇਸ ਬਾਰੇ ਗੱਲ ਕਰਦੇ ਰਹਿੰਦੇ ਸਨ। ਉਨ੍ਹਾਂ ਦੀ ਰਾਇ ਬਹੁਤ ਸਪੱਸ਼ਟ ਸੀ ਕਿ ''ਸਾਨੂੰ ਆਪ ਹੀ ਕੁਝ ਕਰਨਾ ਚਾਹੀਦਾ ਹੈ।''
ਗੁਰਮੀਤ ਸਿੰਘ ਕਹਿੰਦੇ ਹਨ, “ਸਾਡੇ ਤਿੰਨਾਂ ਲਈ ਇੱਕ ਸਮੱਸਿਆ ਇਹ ਸੀ ਕਿ ਜਦੋਂ ਅਸੀਂ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤਾਂ ਮੁਸ਼ਕਲਾਂ ਆਈਆਂ। ਬਸ ਇਸ ਬਾਰੇ ਸੋਚਦੇ ਰਹੋ ਅਤੇ ਦੇਖੋ ਕਿ ਤੁਸੀਂ ਕੀ ਲੈ ਸਕਦੇ ਹੋ।"
"ਸਾਡੇ ਵਿਚਾਲੇ ਇੱਕ ਸਮਝੌਤਾ ਹੋਇਆ ਸੀ ਕਿ ਅੰਤਮ ਫ਼ੈਸਲਾ ਕਾਮਰਾਨ ਭਾਈ ਨੇ ਲੈਣਾ ਹੈ ਅਤੇ ਸਾਨੂੰ ਉਸ ਦੀ ਪਾਲਣਾ ਕਰਨੀ ਪਵੇਗੀ।"
ਪ੍ਰੀਤ ਕਮਲ ਨੇ ਕਿਹਾ, "ਬਹੁਤ ਸੋਚਣ ਤੋਂ ਬਾਅਦ ਅਸੀਂ ਫ਼ੈਸਲਾ ਲਿਆ ਅਤੇ ਫਿਰ ਇੱਕ ਦਿਨ ਨੌਕਰੀ ਛੱਡ ਦਿੱਤੀ ਤੇ ਆਪਣੀ ਅਕਾਉਂਟੈਂਸੀ ਕੰਪਨੀ ਬਣਾਈ।"
''400 ਦਾ ਸਟਾਫ ਕੰਮ ਕਰਦਾ ਹੈ''
ਗੁਰਮੀਤ ਸਿੰਘ ਦਾ ਕਹਿਣਾ ਹੈ, "ਕਾਮਰਾਨ ਭਾਈ ਸਾਡੇ ਤੋਂ ਸੀਨੀਅਰ ਸਨ। ਪ੍ਰੀਤ ਅਤੇ ਮੈਂ ਦਫਤਰ ਵਿਚ ਬੈਠੇ ਹੁੰਦੇ ਸੀ ਜਦਕਿ ਕਾਮਰਾਨ ਭਾਈ ਵੱਖ-ਵੱਖ ਗਾਹਕਾਂ ਨਾਲ ਗੱਲਬਾਤ ਕਰਦੇ ਸਨ।"
"ਸਾਨੂੰ ਪਹਿਲਾ ਕੰਮ ਮਿਲਣ ਵਿੱਚ ਸ਼ਾਇਦ ਤਿੰਨ ਮਹੀਨੇ ਲੱਗ ਗਏ। ਇਹ ਵੀ ਕਾਮਰਾਨ ਭਾਈ ਕਰਕੇ ਹੀ ਸੰਭਵ ਹੋਇਆ, ਜੋ ਸਾਡੇ ਤੋਂ ਸੀਨੀਅਰ ਸਨ ਅਤੇ ਲੋਕ ਉਨ੍ਹਾਂ ਨੂੰ ਜਾਣਦੇ ਸਨ।"
ਪ੍ਰੀਤ ਕਮਲ ਕਹਿੰਦੀ ਹੈ, "ਅਸੀਂ ਸ਼ੁਰੂ ਤੋਂ ਹੀ ਆਪਣੇ ਕੰਮ ''ਤੇ ਧਿਆਨ ਕੇਂਦਰਿਤ ਕੀਤਾ, ਮਿਆਰੀ ਸੇਵਾ ਪ੍ਰਦਾਨ ਕੀਤੀ, ਜਿਸ ਦੇ ਨਤੀਜੇ ਵਜੋਂ ਇੱਕ ਤੋਂ ਬਾਅਦ ਇੱਕ ਗਾਹਕ ਅਤੇ ਦੋ ਗਾਹਕ ਤੋਂ ਦੂਜੇ ਤੋਂ ਬਾਅਦ ਤੀਜਾ ਗਾਹਕ ਆਉਣ ਲੱਗਾ ਤੇ ਦੋ, ਤਿੰਨ ਸਾਲਾਂ ਵਿੱਚ ਅਸੀਂ ਇੱਕ ਅਕਾਊਂਟ ਬਿਜ਼ਨੈੱਸ ਬਣਾ ਲਿਆ। ਇੱਕ ਚੰਗੀ ਕੰਪਨੀ ਬਣ ਗਈ।"
ਮੁਹੰਮਦ ਕਾਮਰਾਨ ਅਵਾਨ ਕਹਿੰਦੇ ਹਨ, "ਜਦੋਂ ਅਸੀਂ ਅਕਾਊਂਟੈਂਸੀ ਦੀ ਕੰਪਨੀ ਸ਼ੁਰੂ ਕੀਤੀ ਸੀ ਤਾਂ ਸਾਡੇ ਤਿੰਨਾਂ ਦੇ ਕੁਝ ਟੀਚੇ ਸਨ। ਜ਼ਾਹਿਰ ਹੈ ਕਿ ਅਮਰੀਕਾ ਆਉਣ ਤੋਂ ਬਾਅਦ ਬਿਹਤਰ ਜ਼ਿੰਦਗੀ ਅਤੇ ਚੰਗਾ ਕਾਰੋਬਾਰ ਸਾਡਾ ਟੀਚਾ ਸੀ।
"ਅਮਰੀਕਾ ਵਿੱਚ ਕਾਮਿਆਂ ਲਈ ਬਹੁਤ ਮੌਕੇ ਹਨ। ਅਸੀਂ ਵੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਜਿਸ ਦਾ ਫ਼ਲ ਸਾਨੂੰ ਮਿਲਿਆ। ਪਹਿਲਾਂ ਅਸੀਂ ਸਿਰਫ਼ ਅਕਾਉਂਟੈਂਟ ਵਜੋਂ ਕੰਮ ਕਰਦੇ ਸੀ। ਪਰ ਇਸ ਨਾਲ ਅਸੀਂ ਕੰਮ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ।"
ਉਨ੍ਹਾਂ ਨੇ ਕਿਹਾ, "ਸਮੇਂ ਦੇ ਨਾਲ ਅਸੀਂ ਪ੍ਰਾਪਰਟੀ, ਰੈਸਟੋਰੈਂਟ, ਸਟੋਰ, ਹੋਟਲ ਅਤੇ ਹੋਰ ਕਾਰੋਬਾਰ ਕਰਨ ਲੱਗੇ। ਜਦੋਂ ਅਸੀਂ ਅਕਾਊਂਟਸ ਕੰਪਨੀ ਸ਼ੁਰੂ ਕੀਤੀ, ਸਾਡੇ ਕੋਲ ਸਿਰਫ਼ ਦੋ ਕਰਮਚਾਰੀ ਸਨ। ਪਰ ਅੱਜ ਸਾਡੇ ਕੋਲ 400 ਲੋਕਾਂ ਦਾ ਸਟਾਫ ਹੈ ਜੋ ਵੱਖ-ਵੱਖ ਕੰਮਾਂ ਨੂੰ ਦੇਖ ਰਿਹਾ ਹੈ। ਇਹ ਤਾਂ ਹੀ ਸੰਭਵ ਸੀ ਕਿਉਂਕਿ ਅਸੀਂ ਕੁਝ ਨਿਯਮ ਤੈਅ ਕੀਤੇ ਹੋਏ ਸਨ।"
''ਜੇ ਅਸੀਂ ਅੱਗੇ ਵਧਣਾ ਹੈ ਤਾਂ ਸਾਨੂੰ ਮਿਲ ਕੇ ਤੁਰਨਾ ਪਵੇਗਾ''
ਉਨ੍ਹਾਂ ਦੇ ਚੌਥੇ ਸਾਥੀ ਅਤੇ ਦੋਸਤ ਹਸਨੈਨ ਬਾਜਵਾ ਹਨ।
ਹਸਨੈਨ ਬਾਜਵਾ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਹਿਣ ਵਾਲੇ ਹਨ। ਉਹ ਕਰੀਬ ਪੰਜ ਸਾਲ ਪਹਿਲਾਂ ਅਮਰੀਕਾ ਚਲੇ ਗਏ ਸਨ। ਪਾਕਿਸਤਾਨ ਵਿੱਚ ਉਹ ਹੋਟਲ ਉਦਯੋਗ ਨਾਲ ਜੁੜੇ ਹੋਏ ਸਨ।
ਉਹ ਕਹਿੰਦੇ ਹਨ, "ਜਦੋਂ ਮੈਂ ਅਮਰੀਕਾ ਗਿਆ ਸੀ ਤਾਂ ਵਿਚਾਰ ਆਇਆ ਕਿ ਹੋਟਲ ਇੰਡਸਟਰੀ ''ਚ ਕੰਮ ਕਰਾਂਗਾ। ਇਸ ਦੇ ਲਈ ਮੈਨੂੰ ਮਾਰਗਦਰਸ਼ਨ ਦੀ ਲੋੜ ਸੀ।"
"ਮੈਂ ਕਾਮਰਾਨ ਭਾਈ ਦੇ ਸੰਪਰਕ ਵਿੱਚ ਆਇਆ। ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਦੇਖਿਆ ਕਿ ਇੱਕ ਪਾਕਿਸਤਾਨੀ ਅਤੇ ਦੋ ਭਾਰਤੀ ਮਿਲ ਕੇ ਬਹੁਤ ਵਧੀਆ ਕਾਰੋਬਾਰ ਕਰ ਰਹੇ ਸਨ। ਦੂਸਰੀ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਨੇ ਮੈਨੂੰ ਮੇਰੇ ਕੰਮ ਵਿਚ ਬਹੁਤ ਵਧੀਆ ਮਾਰਗਦਰਸ਼ਨ ਦਿੱਤਾ।"
ਹਸਨੈਨ ਬਾਜਵਾ ਦਾ ਕਹਿਣਾ ਹੈ, "ਇਸ ਮੌਕੇ ਉਨ੍ਹਾਂ ਤਿੰਨਾਂ ਨਾਲ ਮੇਰੀ ਦੋਸਤੀ ਹੋ ਗਈ। ਫਿਰ ਇੱਕ ਸਮੇਂ ਤੈਅ ਹੋਇਆ ਕਿ ਅਸੀਂ ਵੀ ਇਕੱਠੇ ਹੋਟਲ ਦਾ ਕਾਰੋਬਾਰ ਕਰਾਂਗੇ।"
“ਉਨ੍ਹਾਂ ਨਾਲ ਮੇਰਾ ਰਿਸ਼ਤਾ ਪੰਜ ਸਾਲਾਂ ਤੋਂ ਬਹੁਤ ਸਫ਼ਲ ਰਿਹਾ ਹੈ। ਅਸੀਂ ਕਈ ਫਰੈਂਚਾਇਜ਼ੀ ਬਣਾਈਆਂ ਹਨ ਜਦੋਂ ਕਿ ਉਹ ਤਿੰਨੋਂ ਕਈ ਸਾਲਾਂ ਤੋਂ ਜੁੜੇ ਹੋਏ ਹਨ।
ਮੁਹੰਮਦ ਕਾਮਰਾਨ ਅਵਾਨ ਦਾ ਕਹਿਣਾ ਹੈ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਅਤੇ ਹਸਨੈਨ ਮੁਸਲਮਾਨ ਹਾਂ ਜਦਕਿ ਗੁਰਮੀਤ ਸਿੰਘ ਅਤੇ ਪ੍ਰੀਤ ਹਿੰਦੂ ਹਨ ਜਾਂ ਅਸੀਂ ਦੋ ਪਾਕਿਸਤਾਨੀ ਹਾਂ ਅਤੇ ਉਹ ਭਾਰਤੀ ਹਨ।"
"ਅਸਲ ਚੀਜ਼ ਹੈ ਮਨੁੱਖਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਤੇ ਇਕ ਦੂਜੇ ਪ੍ਰਤੀ ਸਹਿਣਸ਼ੀਲਤਾ। ਅਸੀਂ ਚਾਰੇ ਇੱਕ ਦੂਜੇ ਪ੍ਰਤੀ ਇਮਾਨਦਾਰ ਹਾਂ, ਇੱਕ ਦੂਜੇ ਦੇ ਵਿਚਾਰਾਂ, ਰਾਏ ਅਤੇ ਹਰ ਚੀਜ਼ ਦਾ ਸਤਿਕਾਰ ਕਰਦੇ ਹਾਂ।"
"ਸਾਡੇ ਚਾਰਾਂ ਦਾ ਵਿਕਾਸ ਸਾਡੇ ਚਾਰਾਂ ਨਾਲ ਜੁੜਿਆ ਹੋਇਆ ਹੈ। ਸਾਨੂੰ ਅੱਗੇ ਵਧਣ ਲਈ ਇਕੱਠਿਆਂ ਚੱਲਣਾ ਪਵੇਗਾ।"
14 ਅਤੇ 15 ਅਗਸਤ ਨੂੰ ਇੱਕ ਦੂਜੇ ਨੂੰ ਵਧਾਈ ਦਿੱਤੀ
ਗੁਰਮੀਤ ਸਿੰਘ ਕਹਿੰਦੇ ਹਨ, "ਅਸਲ ਵਿੱਚ ਅਸੀਂ ਇੱਕੋ ਹੀ ਹਾਂ। ਪੰਜਾਬ ਤਾਂ ਪੰਜਾਬ ਹੀ ਹੈ ਭਾਵੇਂ ਇਸ ਦਾ ਕੁਝ ਹਿੱਸਾ ਪਾਕਿਸਤਾਨ ਜਾਂ ਭਾਰਤ ਵਿੱਚ ਹੀ ਕਿਉਂ ਨਾ ਹੋਵੇ।"
"ਸਾਡੀਆਂ ਆਦਤਾਂ, ਜੀਵਨ ਢੰਗ ਇੱਕੋ ਜਿਹਾ ਹੈ। ਇਸ ਦੇ ਨਾਲ ਹੀ ਜਦੋਂ ਇਹ ਤੈਅ ਹੋ ਜਾਂਦਾ ਹੈ ਕਿ ਭਾਵੇਂ ਧਰਮ ਅਤੇ ਕੋਈ ਵੀ ਦੇਸ਼ ਹੋਵੇ, ਮਨੁੱਖਤਾ ਨੂੰ ਤਰਜੀਹ ਦੇਣੀ ਹੈ।"
"ਇੱਕ ਦੂਜੇ ਦਾ ਖ਼ਿਆਲ ਰੱਖਣਾ, ਇੱਕ-ਦੂਜੇ ਲਈ ਕੁਰਬਾਨੀਆਂ ਦੇਣੀਆਂ, ਫਿਰ ਜਿਵੇਂ-ਜਿਵੇਂ ਸਾਡੀ ਦੋਸਤੀ ਅਤੇ ਵਪਾਰ ਵਧਦਾ ਗਿਆ, ਗੱਲਾਂ ਵਧਦੀਆਂ ਗਈਆਂ। ਲੋਕ ਸਾਡੇ ਚਾਰਾਂ ਦੀ ਦੋਸਤੀ ਅਤੇ ਕਾਰੋਬਾਰ ਤੋਂ ਈਰਖਾ ਕਰਦੇ ਹਨ।"
ਉਨ੍ਹਾਂ ਨੇ ਕਿਹਾ, "ਸਾਡੇ ਰੈਸਟੋਰੈਂਟ ਦਿੱਲੀ ਦਾ ਬਟਰ ਚਿਕਨ ਕੜ੍ਹਾਈ ਅਤੇ ਗੁਜਰਾਂਵਾਲਾ, ਦੋਵੇਂ ਹੀ ਤਰ੍ਹਾਂ ਦੇ ਭੋਜਨ ਪਰੋਸਦੇ ਹਨ। ਇਸ ਤਰ੍ਹਾਂ ਸਾਡਾ ਜੀਵਨ ਚੱਲ ਰਿਹਾ ਹੈ। ਜੋ ਹੁਣ ਇੱਕ ਦੂਜੇ ਤੋਂ ਬਿਨਾਂ ਪੂਰਾ ਨਹੀਂ ਹੁੰਦਾ।"
ਮੁਹੰਮਦ ਕਾਮਰਾਨ ਅਵਾਨ ਦਾ ਕਹਿਣਾ ਹੈ, "ਅਸੀਂ ਚਾਰੇ ਕ੍ਰਿਕਟ ਦੇ ਸ਼ੌਕੀਨ ਹਾਂ। ਹੁਣ, ਇਹ ਮੈਚ ਬਹੁਤ ਘੱਟ ਹੁੰਦੇ ਹਨ, ਪਰ ਜਦੋਂ ਵੀ ਇਹ ਹੁੰਦੇ ਹਨ, ਅਸੀਂ ਆਮ ਤੌਰ ''ਤੇ ਉਨ੍ਹਾਂ ਨੂੰ ਇਕੱਠੇ ਦੇਖਦੇ ਹਾਂ।"
"ਮੈਂ ਪਾਕਿਸਤਾਨ ਦੇ ਕਿਸੇ ਵੀ ਛੱਕੇ, ਚੋਕੇ, ਗੇਂਦਬਾਜ਼ਾਂ ਨੂੰ ਵਿਕਟ ਲੈਣ ਲਈ ਰੌਲਾ ਪਾਉਂਦਾ ਹਾਂ, ਇਸ ਲਈ ਉਹ ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹੁੰਦੇ ਹਨ।"
ਉਨ੍ਹਾਂ ਨੇ ਕਿਹਾ, "ਲੱਗਦਾ ਹੈ ਅਸੀਂ ਇੱਕ ਦਫਤਰ ਜਾਂ ਇੱਕ ਕਮਰੇ ਵਿੱਚ ਤਿੰਨ ਜਾਂ ਚਾਰ ਲੋਕ ਹਾਂ। ਦੋ ਭਾਰਤ ਦਾ ਸਮਰਥਨ ਕਰ ਰਹੇ ਹਨ ਅਤੇ ਦੋ ਪਾਕਿਸਤਾਨ ਦਾ ਸਮਰਥਨ ਕਰਦੇ ਹਨ।"
ਇਹ ਚਾਰੇ ਮੈਚ ਦਾ ਬਹੁਤ ਆਨੰਦ ਲੈਂਦੇ ਹਨ, ਹੱਥ ਵੀ ਮਿਲਾਉਂਦੇ ਹਨ। ਜੇਕਰ ਕੋਈ ਮੈਚ ਜਿੱਤ ਜਾਂਦਾ ਹੈ ਤਾਂ ਜਿੱਤਣ ਵਾਲੀ ਟੀਮ ਦੇ ਦੋਵੇਂ ਸਮਰਥਕ ਹਾਰਨ ਵਾਲੀ ਟੀਮ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਕਹਿੰਦੇ ਹਨ ਕਿ ਸ਼ਾਇਦ ਅਗਲੀ ਵਾਰ ਤੁਹਾਡੀ ਟੀਮ ਜਿੱਤੇ ਅਤੇ ਹਾਰਨ ਵਾਲੀ ਟੀਮ ਦੇ ਸਮਰਥਕ ਜੇਤੂ ਟੀਮ ਦੇ ਸਮਰਥਕਾਂ ਨੂੰ ਵਧਾਈ ਦਿੰਦੇ ਹਨ।
ਮੁਹੰਮਦ ਕਾਮਰਾਨ ਅਵਾਨ ਨੇ ਕਿਹਾ, "14 ਅਤੇ 15 ਅਗਸਤ ਪਹਿਲਾਂ ਹੀ ਲੰਘ ਗਿਆ ਹੈ। ਇਸ ਮੌਕੇ ਪ੍ਰੀਤ ਅਤੇ ਗੁਰਮੀਤ ਨੇ ਮੈਨੂੰ ਅਤੇ ਹਸਨੈਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਸੀਂ ਵੀ ਦੋਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।"
''ਕ੍ਰਿਕਟ ਫਰੈਂਚਾਇਜ਼ੀ ਸਾਡੀ ਜ਼ਿੰਦਗੀ ਦੀ ਕਹਾਣੀ ਹੈ''
ਮੁਹੰਮਦ ਕਾਮਰਾਨ ਅਵਾਨ ਦਾ ਕਹਿਣਾ ਹੈ ਕਿ ਜਦੋਂ ਅਮਰੀਕਾ ਵਿੱਚ ਕ੍ਰਿਕਟ ਲੀਗ ਦਾ ਐਲਾਨ ਹੋਇਆ ਤਾਂ "ਅਸੀਂ ਬਹੁਤ ਉਤਸ਼ਾਹਿਤ ਸੀ।"
ਕ੍ਰਿਕਟ ਨੂੰ ਉਪ-ਮਹਾਂਦੀਪ ਅਤੇ ਯੂਰਪ ਦੇ ਕੁਝ ਦੇਸ਼ਾਂ ਵਿੱਚ ਬਹੁਤ ਦਿਲਚਸਪੀ ਨਾਲ ਦੇਖਿਆ ਅਤੇ ਖੇਡਿਆ ਜਾਂਦਾ ਹੈ। ਪਰ ਇਹ ਅਮਰੀਕਾ ਵਿੱਚ ਇੰਨਾ ਮਸ਼ਹੂਰ ਨਹੀਂ ਹੈ, ਉੱਥੋਂ ਦੇ ਮੂਲ ਭਾਈਚਾਰਿਆਂ ਵਿੱਚ ਇਸ ਪ੍ਰਤੀ ਬਹੁਤ ਘੱਟ ਦਿਲਚਸਪੀ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਚਾਰਾਂ ਨੇ ਉਸ ਸਮੇਂ ਫ਼ੈਸਲਾ ਕੀਤਾ ਸੀ ਕਿ ਅਸੀਂ ਇਕ ਫ੍ਰੈਂਚਾਇਜ਼ੀ ਵੀ ਖਰੀਦਾਂਗੇ ਅਤੇ ਇਸ ਫ੍ਰੈਂਚਾਇਜ਼ੀ ਵਿਚ ਪਾਕਿਸਤਾਨ ਅਤੇ ਭਾਰਤ ਦੇ ਖਿਡਾਰੀਆਂ ਨੂੰ ਲਿਆਵਾਂਗੇ।"
“ਦੇਖੋ, ਪਾਕਿਸਤਾਨੀ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੌਕਾ ਨਹੀਂ ਦਿੱਤਾ ਜਾਂਦਾ ਅਤੇ ਪਾਕਿਸਤਾਨ ਸੁਪਰ ਲੀਗ ਵਿੱਚ ਭਾਰਤੀ ਖਿਡਾਰੀਆਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਇਹ ਦੋਵੇਂ ਕ੍ਰਿਕਟ ਦੀ ਦੁਨੀਆ ਦੇ ਵੱਡੇ ਟੂਰਨਾਮੈਂਟ ਹਨ।"
"ਜੇਕਰ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਦੋਵਾਂ ਈਵੈਂਟਾਂ ''ਚ ਮੌਕਾ ਮਿਲਦਾ ਹੈ ਤਾਂ ਇਹ ਦੋਵੇਂ ਹੋਰ ਵੀ ਵੱਡੇ ਬਣ ਸਕਦੇ ਹਨ ਅਤੇ ਦੋਵਾਂ ਦੇਸ਼ਾਂ ''ਚ ਕ੍ਰਿਕਟ ਦੀ ਹੋਰ ਪ੍ਰਤਿਭਾ ਵੀ ਉਭਰ ਸਕਦੀ ਹੈ।"
ਮੁਹੰਮਦ ਕਾਮਰਾਨ ਅਵਾਨ ਨੇ ਕਿਹਾ, "ਸਾਡਾ ਟੀਚਾ ਅਮਰੀਕਾ ''ਚ ਕ੍ਰਿਕਟ ਨੂੰ ਉਤਸ਼ਾਹਿਤ ਕਰਨਾ ਹੈ। ਅਸੀਂ ਸੋਚਿਆ ਸੀ ਕਿ ਅਸੀਂ ਪਾਕਿਸਤਾਨੀ ਅਤੇ ਭਾਰਤੀ ਕ੍ਰਿਕਟ ਸੁਪਰਸਟਾਰਾਂ ਨੂੰ ਇਕੱਠੇ ਲਿਆਵਾਂਗੇ।"
"ਅਸੀਂ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਨੂੰ ਇੱਕੋ ਟੀਮ ਵਿੱਚ ਖਿਡਾਉਂਦੇ ਹਾਂ, ਜਿਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਸਕਾਰਾਤਮਕ ਸੰਦੇਸ਼ ਜਾਵੇਗਾ।"
ਉਨ੍ਹਾਂ ਕਿਹਾ, "ਇਸ ਲੀਗ ਦਾ ਡਰਾਫਟ ਅਜਿਹਾ ਸੀ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ ਸੀ।"
"ਪਾਕਿਸਤਾਨ ਤੋਂ ਸੱਤ ਖਿਡਾਰੀ ਲਏ ਗਏ ਹਨ ਜਦਕਿ ਭਾਰਤ ਤੋਂ ਦੋ ਖਿਡਾਰੀ ਸ਼ਾਮਲ ਕੀਤੇ ਜਾ ਸਕਦੇ ਹਨ। ਹੁਣ ਅਗਲੇ ਸਾਲ ਅਸੀਂ ਦੋਵਾਂ ਦੇਸ਼ਾਂ ਦੇ ਸੁਪਰਸਟਾਰਾਂ ਨੂੰ ਇੱਕ ਟੀਮ ਵਿੱਚ ਲਿਆ ਸਕਾਂਗੇ।"
"ਪਰ ਜਦੋਂ ਵੀ ਰਵਾਇਤੀ ਵਿਰੋਧੀ ਸ਼ਾਹਿਦ ਅਫਰੀਦੀ ਅਤੇ ਹਰਭਜਨ ਸਿੰਘ, ਇਰਫਾਨ ਪਠਾਨ ਅਤੇ ਕਾਮਰਾਨ ਅਕਮਲ ਇੱਕ-ਦੂਜੇ ਦਾ ਸਾਹਮਣਾ ਕਰਦੇ ਹਨ, ਤਾਂ ਇਹ ਦੇਖਣਾ ਸ਼ਾਨਦਾਰ ਕ੍ਰਿਕਟ ਹੋਵੇਗਾ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਆਖ਼ਰੀ ਸਿੱਖ ਸ਼ਾਸਕ ਦਲੀਪ ਸਿੰਘ ਦੀ ਧੀ ਸੋਫ਼ੀਆ ਜਦੋਂ ਪੰਜਾਬ ਆਈ ਤਾਂ ਕੁਝ ਲੋਕ ਦੇਖ ਕੇ ਰੋ ਪੈਂਦੇ ਸਨ
NEXT STORY