ਸੰਸਦ ਹੋਵੇ ਜਾਂ ਸੜਕ, ਵਿਨਾਇਕ ਦਾਮੋਦਰ ਸਾਵਰਕਰ ਦਾ ਨਾਮ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ਵਿੱਚ ਰਹਿੰਦਾ ਹੈ।
ਇਹ ਚਰਚਾ ਸਾਵਰਕਰ ਦੇ ਜਨਮ ਦੀ 140ਵੀਂ ਵਰ੍ਹੇਗੰਢ ਮੌਕੇ ‘ਤੇ ਭਾਰਤ ਦੀ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਵੇਲੇ ਵੀ ਚੱਲੀ ਸੀ।
ਸਾਵਰਕਰ ਉੱਤੇ ਬਹਿਸ ਉਦੋਂ ਵੀ ਸ਼ੁਰੁ ਹੋਈ ਜਦੋਂ ਮਾਣਹਾਨੀ ਦੇ ਕੇਸ ਵਿੱਚ ਮੁਆਫ਼ੀ ਮੰਗਣ ਦੇ ਸਵਾਲ ਉੱਤੇ ਰਾਹੁਲ ਗਾਂਧੀ ਨੇ ਕਿਹਾ ਸੀ, “ਮੇਰਾ ਨਾਮ ਸਾਵਰਕਰ ਨਹੀਂ ਹੈ, ਮੇਰਾ ਨਾਮ ਗਾਂਧੀ ਹੈ, ਗਾਂਧੀ ਕਿਸੇ ਕੋਲੋਂ ਮੁਆਫ਼ੀ ਨਹੀਂ ਮੰਗਦਾ।”
ਸੱਤਾਧਾਰੀ ਭਾਜਪਾ ਦੇ ਲਈ ਸਾਵਰਕਰ ‘ਵੀਰ’ ਹਨ, ਆਦਰਸ਼ ਸ਼ਖ਼ਸੀਅਤ ਹਨ ਅਤੇ ਹਿੰਦੁਤਵ ਦੇ ਸਭ ਤੋਂ ਵੱਡੇ ਸਿਧਾਂਤਕਾਰ ਹਨ।
‘ਇੰਡੀਆ’ ਗੱਠਜੋੜ ਦੇ ਅਹਿਮ ਸਹਿਯੋਗੀ ਊਧਵ ਠਾਕਰੇ ਦੀ ਸ਼ਿਵਸੇਨਾ ਲਈ ਵੀ ਸਾਵਰਕਰ ਬਹੁਤ ਸਨਮਾਨਤ ਸ਼ਖ਼ਸੀਅਤ ਹਨ।
ਦੂਜੇ ਪਾਸੇ ਕਾਂਗਰਸ ਸਾਵਰਕਰ ਨੂੰ ਪਸੰਦ ਨਹੀਂ ਕਰਦੀ, ਜਿਸ ਦੇ ਕਈ ਵੱਡੇ ਇਤਿਹਾਸਕ ਅਤੇ ਵਿਚਾਰਕ ਕਾਰਨ ਹਨ, ਕਾਂਗਰਸ ਵਾਰ-ਵਾਰ ਇਹ ਯਾਦ ਦਿਵਾਉਂਦੀ ਹੈ ਕਿ ਉਨ੍ਹਾਂ ਨੇ ਅੰਗਰੇਜ਼ੀ ਹਕੂਮਤ ਤੋਂ ਕਈ ਵਾਰੀ ਮੁਆਫ਼ੀ ਮੰਗੀ ਸੀ।
28 ਮਈ ਯਾਨਿ ਸਾਵਰਕਰ ਦੀ ਜਨਮ ਵਰ੍ਹੇਗੰਢ ਦੇ ਮੌਕੇ ਉੱਤੇ ਫ਼ਿਲਮ ‘ਸਵਤੰਤਰ ਵੀਰ ਸਾਵਰਕਰ’ ਦਾ ਟੀਜ਼ਰ ਜਾਰੀ ਹੋਇਆ
ਸਾਵਰਕਰ ਉੱਤੇ ਫ਼ਿਲਮ ‘ਸਵਤੰਤਰ ਵੀਰ ਸਾਵਰਕਰ’
28 ਮਈ ਯਾਨਿ ਸਾਵਰਕਰ ਦੀ ਜਨਮ ਵਰ੍ਹੇਗੰਢ ਦੇ ਮੌਕੇ ਉੱਤੇ ਫ਼ਿਲਮ ‘ਸਵਤੰਤਰ ਵੀਰ ਸਾਵਰਕਰ’ ਦਾ ਟੀਜ਼ਰ ਜਾਰੀ ਹੋਇਆ। ਇਸ ਬਾਇਓਪਿਕ ਵਿੱਚ ਸਾਵਰਕਰ ਦੀ ਭੂਮਿਕਾ ਵਿੱਚ ਰਣਦੀਪ ਹੁੱਡਾ ਹਨ ਅਤੇ ਫ਼ਿਲਮ ਡਾਇਰੈਕਟਰ ਵੀ ਉਹ ਆਪ ਹੀ ਹਨ।
ਬਾਇਓਪਿਕ ਦੇ ਟੀਜ਼ਰ ਵਿੱਚ ਸੁਣਾਈ ਦਿੰਦਾ ਹੈ, “ਆਜ਼ਾਦੀ ਦੀ ਲੜਾਈ 90 ਸਾਲ ਚੱਲੀ ਪਰ ਇਹ ਲੜਾਈ ਕੁਝ ਲੋਕਾਂ ਨੇ ਹੀ ਲੜੀ ਸੀ, ਬਾਕੀ ਸਭ ਤਾਂ ਸੱਤਾ ਦੇ ਭੁੱਖੇ ਸਨ।”
ਗਾਂਧੀ ਦੇ ਕਤਲ ਦੇ ਮਾਮਲੇ ਵਿੱਚ ਸਾਵਰਕਰ ਉੱਤੇ ਵੀ ਇਲਜ਼ਾਮ ਲੱਗੇ ਸਨ, ਹਾਲਾਂਕਿ ਸਬੂਤਾਂ ਦੀ ਘਾਟ ਹੋਣ ਕਰਕੇ ਜੱਜ ਨੇ ਸਾਵਰਕਰ ਨੂੰ ਬਰੀ ਕਰ ਦਿੱਤਾ ਸੀ।
ਵੱਖ-ਵੱਖ ਮੁੱਦਿਆਂ ਉੱਤੇ ਗਾਂਧੀ ਦਾ ਵਿਰੋਧ ਕੋਈ ਨਵੀਂ ਗੱਲ ਨਹੀਂ ਹੈ, ਪਰ ਗਾਂਧੀ ਨੂੰ ਮਾਰਨ ਵਾਲੇ ਨੱਥੂਰਾਮ ਗੋਡਸੇ ਨੂੰ ‘ਦੇਸ਼ਭਗਤ’ ਬਣਾਉਣ ਦਾ ਰੁਝਾਨ ਨਵਾਂ ਹੈ। ਇਸ ਸਿਲਸਿਲੇ ਵਿੱਚ ਭਾਜਪਾ ਵੱਲੋਂ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਦਾ ਬਿਆਨ ਦਿਲਚਸਪ ਹੈ ਜਿਸ ਲਈ ਪ੍ਰਧਾਨਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ “ਦਿਲੋਂ ਮੁਆਫ਼ ਨਹੀਂ ਕਰ ਸਕਣਗੇ।”
ਇਸੇ ਦੀ ਅਗਲੀ ਲੜੀ ਵਿੱਚ ਫ਼ਿਲਮ ‘ਸਵਤੰਤਰ ਵੀਰ ਸਾਵਰਕਰ’ ਦੇ ਟੀਜ਼ਰ ਵਿੱਚ ਕਿਹਾ ਗਿਆ ਹੈ, “ਗਾਂਧੀ ਜੀ ਬੁਰੇ ਨਹੀਂ ਸਨ ਪਰ ਜੇਕਰ ਉਹ ਆਪਣੀ ਅਹਿੰਸਾਵਾਦੀ ਸੋਚ ਉੱਤੇ ਅੜੇ ਨਾ ਰਹਿੰਦੇ ਤਾਂ ਭਾਰਤ 35 ਸਾਲ ਪਹਿਲਾਂ ਹੀ ਆਜ਼ਾਦ ਹੋ ਜਾਂਦਾ।”
ਇੰਨਾ ਹੀ ਨਹੀਂ, ‘ਸਵਤੰਤਰ ਵੀਰ ਸਾਵਰਕਰ’ ਦੇ ਟੀਜ਼ਰ ਵਿੱਚ ਲਿਖਿਆ ਹੈ, ‘ਸਾਵਰਕਰ ਉਹ ਵਿਅਕਤੀ ਸਨ, ਜਿਨ੍ਹਾਂ ਨੇ ਭਗਤ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਖੁਦੀਰਾਮ ਬੋਸ ਨੂੰ ਪ੍ਰੇਰਿਤ ਕੀਤਾ ਸੀ।”
ਰਣਦੀਪ ਹੁੱਡਾ ਨੇ ਸਾਵਰਕਰ ਦਾ ਟੀਜ਼ਰ ਜਾਰੀ ਕਰਦੇ ਹੋਏ ਲਿਖਿਆ, “ਦਿ ਮੋਸਟ ਵਾਂਟਡ ਇੰਡੀਅਨ ਬਾਏ ਦਿ ਬ੍ਰਿਟਿਸ਼। ਨੇਤਾ ਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ ਅਤੇ ਖੁਦੀਰਾਮ ਬੋਸ ਜਿਹੇ ਕ੍ਰਾਂਤੀਕਾਰੀਆਂ ਦੇ ਪ੍ਰੇਰਣਾਸਰੋਤ ਵੀਰ ਸਾਵਰਕਰ ਕੌਣ ਸਨ? ਉਨ੍ਹਾਂ ਦੀ ਸੱਚੀ ਕਹਾਣੀ ਦੇਖੋ।”
ਇਸ ਟੀਜ਼ਰ ਵਿੱਚ ਕੀਤੇ ਗਏ ਦਾਅਵਿਆਂ ਤੋਂ ਬਾਅਦ ਇਹ ਸਵਾਲ ਉੱਠਿਆ ਸੀ ਕਿ ਕੀ ਵਾਕਈ ਖੁਦੀਰਾਮ ਬੋਸ, ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਸਾਵਰਕਰ ਤੋਂ ਪ੍ਰਭਾਵਿਤ ਸਨ?
ਤੱਥ ਕੀ ਹਨ ਅਤੇ ਸਾਵਰਕਾਰ ਨਾਲ ਜੁੜੇ ਇਨ੍ਹਾਂ ਦਾਅਵਿਆਂ ਉੱਤੇ ਇਤਿਹਾਸਕਾਰਾਂ ਦਾ ਕੀ ਕਹਿਣਾ ਹੈ? ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ।
ਭਗਤ ਸਿੰਘ ਅਤੇ ਸਾਵਰਕਰ ਕਦੇ ਨਹੀਂ ਮਿਲੇ
ਸਾਵਰਕਰ ਨੂੰ 1910 ਵਿੱਚ ਨਾਸਿਕ ਦੇ ਕਲੈਕਟਰ ਐੱਮਟੀ ਜੈਕਸਨ ਦੇ ਕਤਲ ਸਮੇਤ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁਕੱਦਮੇ ਤੋਂ ਬਾਅਦ ਉਨ੍ਹਾਂ ਨੂੰ ਅੰਡਮਾਨ ਦੀ ਸੈਲੂਲਰ ਜੇਲ੍ਹ ਯਾਨਿ ਕਾਲਾ ਪਾਣੀ ਭੇਜ ਦਿੱਤਾ ਗਿਆ ਸੀ।
ਭਗਤ ਸਿੰਘ ਉੱਤੇ ਕਈ ਕਿਤਾਬਾਂ ਲਿਖ ਚੁੱਕੇ ਪ੍ਰੋਫ਼ੈਸਰ ਚਮਨ ਲਾਲ ਫ਼ਿਲਮ ਦੇ ਟੀਜ਼ਰ ਵਿੱਚ ਕੀਤੇ ਗਏ ਦਾਅਵਿਆਂ ਨੂੰ ਖ਼ਾਰਜ ਕਰਦੇ ਹਨ।
ਪ੍ਰੋਫ਼ੈਸਰ ਚਮਨ ਲਾਲ ਕਹਿੰਦੇ ਹਨ, “ਸਾਵਰਕਰ ਅਤੇ ਭਗਤ ਸਿੰਘ ਦੀ ਇੱਕ-ਦੂਜੇ ਨਾਲ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਉਹ ਉਨ੍ਹਾਂ ਤੋਂ ਪ੍ਰੇਰਿਤ ਸਨ, ਇਹ ਗੱਲ ਬਿਲਕੁਲ ਸਹੀ ਹੈ ਕਿ ਉਨ੍ਹਾਂ ਨੇ 1924 ਵਿੱਚ ਇੱਕ ਲੇਖ ਵਿੱਚ ਸਾਵਰਕਰ ਦਾ ਜ਼ਿਕਰ ਜ਼ਰੂਰ ਕੀਤਾ ਸੀ।"
"ਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਲੇਖ ਵਿੱਚ ਉਨ੍ਹਾਂ ਨੇ ਸਿਰਫ਼ ਸਾਵਰਕਰ ਦਾ ਹੀ ਨਹੀਂ, ਬਲਕਿ ਦੁਨੀਆਂ ਦੇ ਤਮਾਮ ਦੇਸ਼ ਭਗਤਾਂ ਅਤੇ ਕ੍ਰਾਂਤੀਕਾਰੀਆਂ ਦਾ ਨਾਮ ਸਨਮਾਨ ਨਾਲ ਲਿਆ ਸੀ, ਇਸ ਵਿੱਚ ਲੇਨਿਨ ਅਤੇ ਗੈਰੀਬਾਲਡੀ ਦੇ ਨਾਲ ਸਾਵਰਕਰ ਦਾ ਨਾਂ ਵੀ ਹੈ।”
ਇਸਦੇ ਵਿਰੋਧ ਵਿੱਚ ‘ਵੀਰ ਸਾਵਰਕਰ: ਦਿ ਮੈਨ ਹੂ ਕੁਡ ਹੈਵ ਪ੍ਰੀਵੈਂਟਡ ਪਾਰਟੀਸ਼ਨ’ (ਉਹ ਵਿਅਕਤੀ ਜੋ ਵੰਡ ਟਾਲ ਸਕਦਾ ਸੀ) ਦੇ ਲੇਖਕ ਉਦੇ ਮਾਹੂਰਕਰ ਟੀਜ਼ਰ ਵਿੱਚ ਕੀਤੇ ਦਾਅਵਿਆਂ ਨੂੰ ਸਹੀ ਠਹਿਰਾਉਂਦੇ ਹਨ।
ਮਾਹੂਰਕਰ ਕਹਿੰਦੇ ਹਨ, “ਇਸ ਗੱਲ ਦੇ ਕਾਫੀ ਸਬੂਤ ਹਨ ਕਿ ਉਹ ਪ੍ਰਭਾਵਿਤ ਸਨ, ਭਾਵੇਂ ਉਨ੍ਹਾਂ ਦੇ ਲੇਖ ਹੋਣ ਜਾਂ ਫਿਰ ਜੇਲ੍ਹ ਵਿੱਚ ਉਨ੍ਹਾਂ ਦੇ ਕੋਲ ਸਾਵਰਕਰ ਦੀ ਕਿਤਾਬ ‘1857’ ਦਾ ਹੋਣਾ ਹੋਵੇ।”
ਮਾਹੂਰਕਰ ਅਤੇ ਪ੍ਰੋਫ਼ੈਸਰ ਚਮਨ ਲਾਲ ਜਿਸ ਲੇਖ ਦੀ ਗੱਲ ਕਰ ਰਹੇ ਹਨ, ਭਗਤ ਸਿੰਘ ਨੇ ਉਹ ਲੇਖ ਸਾਲ 1924 ਵਿੱਚ ਲਿਖਿਆ ਸੀ।
ਭਗਤ ਸਿੰਘ ਦਾ ਇਹ ਲੇਖ ਬਲਵੰਤ ਸਿੰਘ (ਉਪਨਾਮ) ਦੇ ਨਾਂ ਹੇਠ ਕਲਕੱਤਾ ਤੋਂ ਛਪਦੇ ਹਫ਼ਤਾਵਾਰੀ ‘ਮਤਵਾਲਾ’ ਦੇ ਦੋ ਅੰਕਾਂ ਵਿੱਚ ‘ਵਿਸ਼ਵਪ੍ਰੇਮ’ ਸਿਰਲੇਖ ਹੇਠ ਛਪਿਆ ਸੀ।
ਇਸੇ ਲੇਖ ਵਿੱਚ ਭਗਤ ਸਿੰਘ ਨੇ ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ ਸਮੇਤ ਹੋਰ ਲੋਕਾਂ ਦਾ ਜ਼ਿਕਰ ਕੀਤਾ ਹੈ।
ਜੇਲ੍ਹ ਡਾਇਰੀ ਅਤੇ ਸਾਵਰਕਰ ਦੀ ਕਿਤਾਬ
ਭਗਤ ਸਿੰਘ ਜੇਲ੍ਹ ਵਿੱਚ ਵੀ ਬਹੁਤ ਪੜ੍ਹਦੇ ਸਨ ਅਤੇ ਇਸ ਗੱਲ ਦੀ ਤਸਦੀਕ ਉਨ੍ਹਾਂ ਦੇ ਜੇਲ੍ਹ ਦੇ ਨੋਟ ਕਰਦੇ ਹਨ।
ਫ੍ਰੇਡਰਿਕ ਐਂਗਲਸ, ਬਰਟੈਂਡ ਰਸਲ, ਵਲਾਦਿਮੀਰ ਲੇਨਿਨ, ਕਾਰਲ ਮਾਰਕਸ, ਵਿਕਟਰ ਹਊਗੋ, ਫ਼ਿਓਦੋਰ ਦੋਸਤੋਵੋਸਕੀ ਦੀਆਂ ਕਿਤਾਬਾਂ ਦੇ ਨਾਲ ਸਾਵਰਕਰ ਦੀ ਕਿਤਾਬ, ‘ਹਿੰਦੂ ਪਦ-ਪਾਦਸ਼ਾਹੀ’ ਦੀਆਂ ਵੀ ਕੁਝ ਪੰਕਿਤੀਆਂ ਉਨ੍ਹਾਂ ਦੇ ਨੋਟਸ ਵਿੱਚ ਸ਼ਾਮਲ ਸਨ।
ਭਗਤ ਸਿੰਘ ਨੇ ਇਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਦੀਆਂ ਕੁਝ ਪੰਕਤੀਆਂ ਆਪਣੀ ਨੋਟ ਬੁੱਕ ਵਿੱਚ ਲਿਖੀਆਂ ਸਨ। ਇਨ੍ਹਾਂ ਪੰਕਤੀਆਂ ਦੇ ਅੱਗੇ-ਪਿੱਛੇ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਲਿਖੀ।
1857 ਦੀ ਆਜ਼ਾਦੀ ਦੀ ਲੜਾਈ ਨੂੰ ਲੈ ਕੇ ਲਿਖੀ ਸਾਵਰਕਰ ਦੀ ਕਿਤਾਬ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਦੇ ਸਾਥੀਆਂ ਨੇ ਇਸ ਕਿਤਾਬ ਨੂੰ ਛਪਵਾ ਕੇ ਇਸ ਦੀਆਂ ਕਾਪੀਆਂ ਵੀ ਵੰਡੀਆਂ ਸਨ।
ਸਾਵਰਕਰ ਦੀ ਇਹ ਕਿਤਾਬ ਪਹਿਲਾਂ ਮਰਾਠੀ ਵਿੱਚ ਆਈ ਸੀ, ਜਿਸ ਦਾ ਨਾਂ ਹੈ, 1857 ਦਾ ਸਵਾਤੰਤਰਯ ਸਮਰ’: ਇਹ ਕਿਤਾਬ 1909 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸ ਨੂੰ ਪਹਿਲੀ ਅਜਿਹੀ ਕਿਤਾਬ ਕਿਹਾ ਜਾਂਦਾ ਹੈ, ਜਿਸ ਵਿੱਚ 1857 ਦੇ ਵਿਦਰੋਹ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਸੀ।
ਸਾਵਰਕਰ ਨੂੰ 1910 ਵਿੱਚ ਨਾਸਿਕ ਦੇ ਕਲੈਕਟਰ ਐੱਮਟੀ ਜੈਕਸਨ ਦੇ ਕਤਲ ਸਮੇਤ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ
ਚਮਨ ਲਾਲ ਕਹਿੰਦੇ ਹਨ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਕੋਲ ਵੀ ਉਹ ਕਿਤਾਬ ਪਹੁੰਚੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਕਿਤਾਬ ਦਾ ਹਿੰਦੀ ਵਿੱਚ ਤਰਜਮਾ ਕਰਵਾ ਕੇ ਆਪੇ ਯਤਨਾਂ ਨਾਲ ਲੁਕਵੇਂ ਰੂਪ ਵਿੱਚ ਛਾਪੀ ਅਤੇ ਉਹ ਕਿਤਾਬ ਵੀ ਵੰਡੀ ਸੀ।
ਉਨ੍ਹਾਂ ਦਾ ਕਹਿਣਾ ਹੈ, “ਭਗਤ ਸਿੰਘ ਜਦੋਂ 1929-31 ਦੇ ਵਿੱਚ ਜੇਲ੍ਹ ਵਿੱਚ ਸਨ ਤਾਂ ਉਸ ਵਿੱਚ ਸਾਵਰਕਰ ਦਾ ਇੱਕ ਵਾਰੀ ਵੀ ਜ਼ਿਕਰ ਨਹੀਂ ਕਰਦੇ, ਸਾਰਾ ਜ਼ਿਕਰ ਉਹ ਲੇਨਿਨ ਅਤੇ ਦੂਜੇ ਕਮਿਊਨਿਸਟ ਆਗੂਆਂ ਦਾ ਕਰਦੇ ਹਨ, ਉਦੋਂ ਤੱਕ ਉਹ ਪੂਰੀ ਤਰ੍ਹਾ ਖ਼ੁਦ ਨੂੰ ਕਮਿਊਨਿਸਟ ਦੇ ਰੂਪ ਵਿੱਚ ਪੇਸ਼ ਕਰਨ ਲੱਗੇ ਸਨ।"
"ਉਹ ਕਿਤਾਬ ਉਨ੍ਹਾਂ ਨੇ ਇਸ ਲਈ ਛਾਪੀ ਸੀ ਕਿਉਂਕਿ ਇਸ ਵਿੱਚ 1857 ਦੇ ਸੰਘਰਸ਼ ਦਾ ਵਿਸਥਾਰ ਵਿੱਚ ਵਰਨਣ ਹੈ।”
ਹਾਲਾਂਕਿ ਮਾਹੂਰਕਰ ਦਾ ਕਹਿਣਾ ਹੈ ਕਿ ਭਗਤ ਸਿੰਘ ਅਤੇ ਸਾਵਰਕਰ ਨੂੰ ਅਲਗ-ਅਲਗ ਸਾਂਚਿਆਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਮੁਤਾਬਕ ਇਸ ਵਿੱਚ ਸਭ ਤੋਂ ਵੱਡਾ ਤਰਕ ਇਹ ਦਿੱਤਾ ਜਾਂਦਾ ਹੈ ਕਿ ਭਗਤ ਸਿੰਘ ਫਾਂਸੀ ਉੱਤੇ ਚੜ੍ਹ ਗਏ ਅਤੇ ਸਾਵਰਕਰ ਨੇ ਮੁਆਫ਼ੀ ਮੰਗ ਲਈ, ਜਦਕਿ ਸੱਚਾਈ ਇਹ ਹੈ ਦੋਵਾਂ ਹੀ ਕ੍ਰਾਂਤੀਕਾਰੀਆਂ ਦੀ ਰਣਨੀਤੀ ਅਲਗ-ਅਲਗ ਸੀ।
‘ਸਾਵਰਕਰ ਅਤੇ ਭਗਤ ਸਿੰਘ, ਦੋ ਬਿਲਕੁਲ ਅਲਗ ਵਿਚਾਰ’
ਸਾਵਰਕਰ ਉੱਤੇ ਡੂੰਘਾਂ ਅਧਿਐਨ ਕਰ ਚੁੱਕੇ ਪੱਤਰਕਾਰ ਅਤੇ ਲੇਖਕ ਨਿਰੰਜਨ ਟਾਕਲੇ ਦਾ ਕਹਿਣਾ ਹੈ, “ਸਾਵਰਕਰ ਦੇ ਜੀਵਨ ਦਾ ਪਹਿਲਾ ਹਿੱਸਾ ਰੁਮੈਂਟਿਕ ਰਿਵੋਲਿਊਸ਼ਨਰੀ ਦਾ ਹੈ, ਜਿਸ ਵਿੱਚ ਉਹ ਵਲਾਇਤੀ ਕੱਪੜਿਆਂ ਦੀ ਹੋਲੀ ਬਾਲਦੇ ਹਨ, 1857 ਉੱਤੇ ਕਿਤਾਬ ਲਿਖਦੇ ਹਨ, ਜਿਸ ਵਿੱਚ ਇੱਕ ਤਰ੍ਹਾਂ ਨਾਲ ਉਹ ਸੈਕਊਲਰਿਜ਼ਮ ਦੀ ਗੱਲ ਕਰਦੇ ਹਨ ਪਰ ਆਪਣੀ ਜ਼ਿੰਦਗੀ ਦੇ ਦੂਜੇ ਹਿੱਸੇ ਵਿੱਚ ਉਨ੍ਹਾਂ ਦਾ ਰੂਪ ਬਿਲਕੁਲ ਅਲੱਗ ਹੈ।”
ਵਿਨਾਇਕ ਦਾਮੋਦਰ ਸਾਵਰਕਰ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਵਿੱਚ ਕੀ ਅੰਤਰ ਹੈ।
ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਹੇ ਸ਼ਮਸ-ਉੱਲ-ਇਸਲਾਮ ਕਹਿੰਦੇ ਹਨ, “ਭਗਤ ਸਿੰਘ ਅਤੇ ਸਾਵਰਕਰ ਦੀ ਵਿਚਾਰਧਾਰਾ ਵਿੱਚ ਜ਼ਮੀਨ-ਆਸਮਾਨ ਦਾ ਅੰਤਰ ਹੈ, ਇਨ੍ਹਾਂ ਦੋਵਾਂ ਵਿੱਚ ਕੋਈ ਸੰਬੰਧ ਨਹੀਂ ਹੈ, ਭਗਤ ਸਿੰਘ ਸਾਰੇ ਧਰਮਾਂ ਵਿੱਚ ਏਕਤਾ ਦੀ ਗੱਲ ਕਰ ਰਹੇ ਸਨ ਜਦਕਿ ਸਾਵਰਕਰ ਦੀ ਪੂਰੀ ਵਿਚਾਰਧਾਰਾ ਹਿੰਦੂ ਸਰਵਉੱਚਤਾ ਦੀ ਹੈ।”
ਸਾਵਰਕਰ ਹੀ ਉਹ ਵਿਅਕਤੀ ਸਨ, ਜਿਨ੍ਹਾਂ ਨੇ ਪਹਿਲੀ ਵਾਰੀ ਹਿੰਦੁਤਵ ਨੂੰ ਇੱਕ ਰਾਜਨੀਤਕ ਵਿਚਾਰਧਾਰਾ ਦੇ ਵਾਂਗ ਦੱਸਿਆ।
ਪ੍ਰੋਫ਼ੈਸਰ ਸ਼ਮਸ-ਉੱਲ-ਇਸਲਾਮ ਨੇ ਦੱਸਿਆ, “ਸਾਵਰਕਰ ਨੇ ਹਿੰਦੁਤਵ ਨੂੰ ਇਸ ਤਰੀਕੇ ਨਾਲ ਪਰਿਭਾਸ਼ਤ ਕੀਤਾ ਹੈ ਕਿ ਮੁਸਲਮਾਨ ਅਤੇ ਇਸਾਈ ਇਸ ਦੇਸ਼ ਦਾ ਹਿੱਸਾ ਨਹੀਂ ਹਨ, ਉਨ੍ਹਾਂ ਦੇ ਮੁਤਾਬਕ, ਹਿੰਦੁਸਤਾਨ (ਹਿੰਦੂਸਥਾਨ) ਉਸਦਾ ਹੈ ਜਿਸਦੀ ਪਿੱਤਰਭੂਮੀ, ਮਾਤਰਭੂਮੀ ਅਤੇ ਪਵਿੱਤਰ ਭੂਮੀ ਇੱਥੇ ਹੀ ਹੋਵੇ।”
ਪਵਿੱਤਰਭੂਮੀ ਦਾ ਮਤਲਬ ਤੀਰਥ ਅਸਥਾਨਾਂ ਤੋਂ ਹੈ, ਸਾਵਰਕਰ ਦਾ ਤਰਕ ਹੈ ਕਿ ਜਿਨ੍ਹਾਂ ਲੋਕਾਂ ਦੇ ਤੀਰਥ ਅਸਥਾਨ ਭਾਰਤ ਵਿੱਚ ਨਹੀਂ, ਬਲਕਿ ਭਾਰਤ ਤੋਂ ਬਾਹਰ ਹਨ, ਉਨ੍ਹਾਂ ਦੀ ਭਾਰਤ ਵਿੱਚ ਸ਼ਰਧਾ ਸ਼ੱਕੀ ਹੈ, ਕਿਉਂਕਿ ਉਹ ਉਸ ਭੂਮੀ ਦਾ ਸਨਮਾਨ ਕਰਨਗੇ ਜਿੱਥੇ ਉਨ੍ਹਾਂ ਦੇ ਤੀਰਥ ਹਨ।”
ਉਹ ਕਹਿੰਦੇ ਹਨ, “ਭਗਤ ਸਿੰਘ ਮਿਹਨਤਕਸ਼ਾਂ ਦੇ ਸ਼ਾਸਨ ਦੇ ਬਾਰੇ ਵਿੱਚ ਗੱਲ ਕਰਦੇ ਸਨ, ਜਦਕਿ ਸਾਵਰਕਰ ਹਿੰਦੂਆਂ ਦਾ ਰਾਜ ਚਾਹੁੰਦੇ ਸੀ।”
ਸੁਭਾਸ਼ ਚੰਦਰ ਬੋਸ ਨਾਲ ਸਾਵਰਕਰ ਦੀ ਮੁਲਾਕਾਤ
ਯੂਰਪ ਦੇ ਕਈ ਦੇਸ਼ਾਂ ਦੀ ਯਾਤਰਾ ਤੋਂ ਬਾਅਦ 1936 ਵਿੱਚ ਸੁਭਾਸ਼ ਚੰਦਰ ਬੋਸ ਭਾਰਤ ਆਏ ਸਨ।
ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਵਿਏਨਾ ਵਿੱਚ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਭਾਰਤ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ, ਪਰ ਉਹ ਇਸ ਨੂੰ ਅਣਸੁਣਿਆ ਕਰ ਦਿੰਦੇ ਹਨ ਅਤੇ ਭਾਰਤ ਪਹੁੰਚਦੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ।
ਜੇਲ੍ਹ ਤੋਂ ਛੁੱਟਣ ਤੋਂ ਬਾਅਦ 1938 ਵਿੱਚ ਗੁਜਰਾਤ ਦੇ ਸੂਰਤ ਦੇ ਹਰਿਪੁਰਾ ਵਿੱਚ ਬੋਸ ਕਾਂਗਰਸ ਦੇ ਪ੍ਰਧਾਨ ਚੁਣੇ ਗਏ, 1939 ਵਿੱਚ ਉਹ ਫਿਰ ਪ੍ਰਧਾਨ ਬਣੇ ਪਰ ਕਾਂਗਰਸ ਦੇ ਅੰਦਰੂਨੀ ਮਤਭੇਦ ਵਧਣ ਉੱਤੇ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ।
ਇਹ ਉਹ ਦੌਰ ਸੀ ਜਦੋਂ ਬੋਸ ਦੂਜੇ ਸੰਸਾਰ ਯੁੱਧ ਦੇ ਚਲਦਿਆਂ ਇਹ ਮੰਨਣ ਲੱਗੇ ਸੀ ਕਿ ਯੂਰਪ ਦੇ ਸੰਕਟ ਦਾ ਫਾਇਦਾ ਚੁੱਕ ਕੇ ਆਜ਼ਾਦੀ ਹਾਸਲ ਕੀਤੀ ਜਾ ਸਕਦੀ ਹੈ, ਪਰ ਕਾਂਗਰਸ ਦੇ ਅੰਦਰ ਇਸ ਗੱਲ ਨੂੰ ਲੈ ਕੇ ਇਕਜੁੱਟਤਾ ਨਹੀਂ ਸੀ।
ਸੁਭਾਸ਼ ਚੰਦਰ ਬੋਸ ਨੇ ਆਪਣੀ ਕਿਤਾਬ ‘ਦਿ ਇੰਡੀਆ ਸਟ੍ਰਗਲ’ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਸ ਦੌਰਾਨ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਵਿੱਚ ਲੰਬੀ ਗੱਲਬਾਤ ਹੁੰਦੀ ਸੀ।
ਉਹ ਮਹਾਤਮਾ ਗਾਂਧੀ ਨੂੰ ਇਸ ਗੱਲ ਦੇ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਯੂਰਪ ਦੇ ਸੰਕਟ ਦੇ ਵਿੱਚ ਆਜ਼ਾਦੀ ਦੀ ਮਜ਼ਬੂਤ ਲੜਾਈ ਦੇਸ਼ ਭਰ ਵਿੱਚ ਦੇਸ਼ ਦੇ ਬਾਹਰ ਵੀ ਛੇੜੀ ਜਾਵੇ।
ਇਸ ਦੌਰਾਨ ਉਹ ਮੁਸਲਿਮ ਲੀਗ ਦੇ ਪ੍ਰਧਾਨ ਜਿਨਾਹ ਅਤੇ ਹਿੰਦੂ ਮਹਾਸਭਾ ਦੇ ਪ੍ਰਧਾਨ ਸਾਵਰਕਰ ਨੂੰ ਵੀ ਮਿਲੇ ਸੀ।
ਸੁਭਾਸ਼ ਚੰਦਰ ਬੋਸ ਦੀ ਇਸ ਕਿਤਾਬ ਦੇ ਪੇਜ ਨੰਬਰ 343 ਉੱਤੇ ਜ਼ਿਕਰ ਹੈ, “ਮਿਸਟਰ ਜਿਨਾਹ ਉਨ੍ਹਾਂ ਦਿਨਾਂ ਵਿੱਚ ਸਿਰਫ਼ ਅੰਗਰੇਜ਼ਾਂ ਦੀ ਮਦਦ ਨਾਲ ਪਾਕਿਸਤਾਨ ਬਣਾਉਣ ਦੀ ਯੋਜਨਾ ਬਾਰੇ ਸੋਚ ਰਹੇ ਸੀ, ਕਾਂਗਰਸ ਦੇ ਨਾਲ ਰਲ ਕੇ ਅੰਗਰੇਜ਼ਾਂ ਦੇ ਖ਼ਿਲਾਫ਼ ਇੱਕ ਸਾਂਝੀ ਲੜਾਈ ਛੇੜਨ ਦੀ ਗੱਲ ਉਨ੍ਹਾਂ ਨੂੰ ਵੱਧ ਪ੍ਰਭਾਵਿਤ ਨਹੀਂ ਕਰ ਰਹੀ ਸੀ।”
ਵਿਨਾਇਕ ਦਾਮੋਦਰ ਸਾਵਰਕਰ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਵਿੱਚ ਕੀ ਅੰਤਰ ਹੈ
ਬੋਸ ਨੇ ਇਸ ਬੈਠਕ ਵਿੱਚ ਉਨ੍ਹਾਂ ਨੂੰ ਇੱਥੋਂ ਤੱਕ ਸਲਾਹ ਦਿੱਤੀ ਸੀ ਕਿ ਜੇਕਰ ਇਹ ਲੜਾਈ ਜਿੱਤ ਲਈ ਜਾਵੇ ਤਾਂ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਤੱਕ ਬਣ ਸਕਦੇ ਹਨ।
ਇਸੇ ਕਿਤਾਬ ਵਿੱਚ ਉਹ ਸਾਵਰਕਰ ਦੇ ਬਾਰੇ ਵਿੱਚ ਲਿਖਦੇ ਹਨ, “ਮਿਸਟਰ ਸਾਵਰਕਰ ਅੰਤਰਾਸ਼ਟਰੀ ਹਾਲਾਤਾਂ ਤੋਂ ਬੇਖ਼ਬਰ ਦਿਖੇ ਅਤੇ ਉਹ ਸਿਰਫ਼ ਇਹ ਸੋਚ ਰਹੇ ਸਨ ਕਿ ਕਿਵੇਂ ਹਿੰਦੂ, ਭਾਰਤ ਵਿੱਚ ਬ੍ਰਿਟੇਨ ਦੀ ਫੌਜ ਵਿੱਚ ਸ਼ਾਮਲ ਹੋ ਕੇ ਮਿਲਟਰੀ ਟ੍ਰੇਨਿੰਗ ਹਾਸਲ ਕਰ ਸਕਦੇ ਹਨ।”
ਇਸ ਕਿਤਾਬ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਹਨ ਕਿ ਬੋਸ ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਇਸ ਨਤੀਜੇ ਉੱਤੇ ਪਹੁੰਚਣ ਦੇ ਲਈ ਮਜਬੂਰ ਸਨ ਕਿ ਮੁਸਲਿਮ ਲੀਗ ਜਾਂ ਹਿੰਦੁ ਮਹਾਸਭਾ ਕੋਲੋਂ ਕੁਝ ਵੀ ਉਮੀਦ ਨਹੀਂ ਕੀਤੀ ਜਾ ਸਕਦੀ।
ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਸੁਭਾਸ਼ ਚੰਦਰ ਬੋਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ, ਜਿੱਥੋਂ ਉਹ ਇੱਕ ਪਠਾਨ ਦਾ ਰੂਪ ਵਟਾ ਕੇ ਜਨਵਰੀ 1941 ਦੀ ਇੱਕ ਰਾਤ ਨੂੰ ਘਰੋਂ ਨਿਕਲੇ ਅਤੇ ਕਈ ਦੇਸ਼ਾਂ ਦੀ ਸਰਹੱਦ ਪਾਰ ਕਰਦੇ ਹੋਏ ਜਪਾਨ ਪਹੁੰਚ ਗਏ।
ਕੀ ਸਾਵਰਕਰ ਤੋਂ ਪ੍ਰਭਾਵਿਤ ਸਨ ਬੋਸ?
ਸਾਵਰਕਰ: ਕਾਲਾਪਾਣੀ ਅਤੇ ਉਸ ਤੋਂ ਬਾਅਦ’ ਕਿਤਾਬ ਦੇ ਲੇਖਕ ਅਸ਼ੋਕ ਕੁਮਾਰ ਪਾਂਡੇ ਕਹਿੰਦੇ ਹਨ, “ਸੁਭਾਸ਼ ਚੰਦਰ ਬੋਸ ਜਦੋਂ ਜਪਾਨ ਵਿੱਚ ਸਨ ਤਾਂ ਉਨ੍ਹਾਂ ਨੇ ਆਪਣੇ ਇੱਕ ਭਾਸ਼ਣ ਵਿੱਚ ਸਾਵਰਕਰ ਅਤੇ ਜਿਨਾਹ ਦੋਵਾਂ ਦਾ ਵਿਰੋਧ ਕੀਤਾ ਸੀ।"
"ਭਾਰਤ ਵਿੱਚ ਵੀ ਉਨ੍ਹਾਂ ਨੇ ਦੋਵਾਂ ਨਾਲ ਮੁਲਾਕਤ ਕਰਕੇ ਫਿਰਕੂਵਾਦ ਦਾ ਰਸਤਾ ਛੱਡਣ ਦੇ ਲਈ ਕਿਹਾ ਸੀ, ਇਸ ਲਈ ਕਿਤੋਂ ਵੀ ਸੁਭਾਸ਼ਚੰਦਰ ਬੋਸ ਦੇ ਸਾਵਰਕਰ ਤੋਂ ਪ੍ਰਭਾਵਤ ਹੋਣ ਦੀ ਗੱਲ ਸਹੀ ਨਹੀਂ ਹੈ।”
ਪਬਲਿਕੇਸ਼ਨ ਡਿਵੀਜ਼ਨ ਨੇ ਸੁਭਾਸ਼ ਚੰਦਰ ਬੋਸ ਦੇ ਭਾਸ਼ਣਾਂ ਨੂੰ ਇਕੱਠਾ ਕਰਕੇ, ‘ਸਿਲੈਕਟਡ ਸਪੀਚੇਸ ਆਫ ਸੁਭਾਸ਼ ਚੰਦਰ ਬੋਸ’ ਨਾਂ ਹੇਠ ਛਾਪਿਆ ਹੈ।
31 ਅਗਸਤ, 1942 ਨੂੰ ਆਜ਼ਾਦ ਹਿੰਦ ਰੇਡੀਓ ਦੇ ਸੁਭਾਸ਼ ਚੰਦਰ ਬੋਸ ਦਾ ਇੱਕ ਭਾਸ਼ਣ ਪ੍ਰਸਾਰਿਤ ਕੀਤਾ ਸੀ, ਇਹ ਭਾਸ਼ਣ ‘ਦਿ ਕਵਿੱਟ ਇੰਡੀਆ ਮੂਵਮੈਂਟ’ ਦੇ ਬਾਰੇ ਵਿੱਚ ਹੈ।
ਉਸ ਵਿੱਚ ਉਨ੍ਹਾਂ ਨੇ ਕਿਹਾ ਸੀ, “ਇੱਕ ਪਾਸੇ ਤਾਂ ਭਾਰਤ ਵੀ ਇਹ ਅੰਦੋਲਨ ਅੱਗ ਦੇ ਵਾਂਗੂ ਫੈਲ ਰਿਹਾ ਹੈ, ਦੂਜੇ ਪਾਸੇ ਅੰਤਰ-ਰਾਸ਼ਟਰੀ ਪੱਧਰ ਉੱਤੇ ਵੀ ਭਾਰਤ ਦੇ ਪੱਖ ਵਿੱਚ ਰਾਏ ਬਣ ਰਹੀ ਹੈ।”
ਉਹ ਇਸ ਵਿੱਚ ਜਿਨਾਹ ਅਤੇ ਸਾਵਰਕਰ ਨੂੰ ਇੱਕ ਬੇਨਤੀ ਕਰਦੇ ਹਨ, “ਮੈਂ ਮਿਸਟਰ ਜਿਨਾਹ ਅਤੇ ਮਿਸਟਰ ਸਾਵਰਕਰ ਸਮੇਤ ਉਨ੍ਹਾਂ ਸਾਰਿਆਂ ਆਗੂਆਂ ਨੂੰ ਬੇਨਤੀ ਕਰਨੀ ਚਾਹਾਂਗਾ, ਜੋ ਹਾਲੇ ਵੀ ਬ੍ਰਿਟੇਨ ਨਾਲ ਸਮਝੌਤਾ ਕਰਨ ਬਾਰੇ ਸੋਚਦੇ ਹਨ, ਕੱਲ ਬ੍ਰਿਟਿਸ਼ ਸਾਮਰਾਜ ਨਹੀਂ ਬਚੇਗਾ।”
ਉਨ੍ਹਾਂ ਨੇ ਕਿਹਾ, “ਉਹ ਸਭ ਲੋਕ, ਸਮੂਹ ਅਤੇ ਪਾਰਟੀਆਂ ਜੋ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋ ਰਹੀਆਂ ਹਨ ਉਨ੍ਹਾਂ ਲਈ ਕੱਲ ਦੇ ਭਾਰਤ ਵਿੱਚ ਇੱਕ ਸਨਮਾਨਤ ਥਾਂ ਹੋਵੇਗੀ।”
ਲੇਖਕ ਉਦੇ ਮਾਹੂਰਕਰ ਦੱਸਦੇ ਹਨ ਕਿ ਸੁਭਾਸ਼ ਚੰਦਰ ਬੋਸ ਜਦੋਂ ਬਾਹਰ ਗਏ ਅਤੇ ਹਥਿਆਰਬੰਦ ਮੁਹਿੰਮ ਨੁੰ ਅੱਗੇ ਵਧਾਉਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਰਾਸ ਬਿਹਾਰੀ ਬੋਸ ਜੋ ਜਪਾਨ ਹਿੰਦੂ ਮਹਾਸਭਾ ਦੇ ਮੁਖੀ ਸਨ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ।
ਮਾਹੂਰਕਰ ਦਾਅਵਾ ਕਰਦੇ ਹਨ, “ਸੁਭਾਸ਼ ਚੰਦਰ ਬੋਸ ਨੂੰ ਬਾਹਰ ਜਾਣ ਦੀ ਸਲਾਹ ਦੇਣ ਵਾਲੇ ਲੋਕਾਂ ਵਿੱਚੋਂ ਇੱਕ ਸਾਵਰਕਰ ਵੀ ਸਨ, ਇਸਦਾ ਜ਼ਿਕਰ ਸਾਵਰਕਰ ਨੇ 1952 ਵਿੱਚ ‘ਅਭਿਨਵ ਭਾਰਤ’ ਦੇ ਇੱਕ ਪ੍ਰੋਗਰਾਮ ਦੀ ਸਟੇਜ ਉੱਤੇ ਕੀਤਾ ਸੀ।”
ਸੁਭਾਸ਼ ਚੰਦਰ ਬੋਸ ਦੇ ਰਿਸ਼ਤੇ ਵਿੱਚ ਪੋਤੇ ਅਤੇ ਸਾਮਾਜਿਕ-ਰਾਜਨੀਤਕ ਟਿੱਪਣੀਕਾਰ ਚੰਦਰਕੁਮਾਰ ਬੋਸ ਨੇ ਕਿਹਾ ਕਿ ਫ਼ਿਲਮ ਇਤਿਹਾਸਕ ਤੱਥਾਂ ਦੇ ਨਾਲ ਛੇੜਛਾੜ ਕਰ ਰਹੀ ਹੈ
ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ ਕੀ ਕਹਿੰਦੇ ਹਨ?
ਇਸ ਫ਼ਿਲਮ ਦਾ ਟੀਜ਼ਰ ਜਾਰੀ ਹੋਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇ ਵਿੱਚ ਪੋਤੇ ਅਤੇ ਸਾਮਾਜਿਕ-ਰਾਜਨੀਤਕ ਟਿੱਪਣੀਕਾਰ ਚੰਦਰਕੁਮਾਰ ਬੋਸ ਨੇ ਕਿਹਾ ਕਿ ਫ਼ਿਲਮ ਇਤਿਹਾਸਕ ਤੱਥਾਂ ਦੇ ਨਾਲ ਛੇੜਛਾੜ ਕਰ ਰਹੀ ਹੈ।
ਉਹ ਕਹਿੰਦੇ ਹਨ ਕਿ ਸੁਭਾਸ਼ ਚੰਦਰ ਬੋਸ ਸਾਵਰਕਰ ਤੋਂ ਪ੍ਰੇਰਿਤ ਨਹੀਂ ਸਨ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, “ਆਜ਼ਾਦੀ ਦੀ ਲੜਾਈ ਵਿੱਚ ਜੋ ਵੀ ਸ਼ਾਮਲ ਸੀ ਜਾਂ ਜੋ ਵੀ ਸ਼ਾਮਲ ਹੋਣਾ ਚਾਹੁੰਦਾ ਸੀ, ਬੋਸ ਉਸ ਨਾਲ ਗੱਲ ਕਰਦੇ ਸੀ ਪਰ ਹਿੰਦੂ ਮਹਾਸਭਾ ਅਤੇ ਬੋਸ ਦੀ ਵਿਚਾਰਧਾਰਾ ਇੱਕ ਦੂਜੇ ਤੋਂ ਬਿਲਕੁਲ ਉਲਟ ਹਨ।”
ਚੰਦਰਕੁਮਾਰ ਬੋਸ ਦੱਸਦੇ ਹਨ, “ਸੁਭਾਸ਼ ਚੰਦਰ ਬੋਸ ਦੇ ਰਾਜਨੀਤਕ ਵਿਚਾਰ ਸੈਕੂਲਰ ਸਨ, ਉਹ ਕਾਲੀ ਭਗਤ ਸਨ, ਉਹ ਸਵਾਮੀ ਵਿਵੇਕਾਨੰਦ ਦੇ ਵਿਦਿਆਰਥੀ ਵੀ ਸਨ ਪਰ ਉਹ ਧਰਮ ਅਤੇ ਰਾਜਨੀਤੀ ਨੂੰ ਅਲਗ-ਅਲਗ ਰੱਖਦੇ ਹਨ।"
"ਜਦਕਿ ਹਿੰਦੂ ਮਹਾਸਭਾ ਹਿੰਦੁਤਵ ਦੀ ਵਿਚਾਰਧਾਰਾਂ ਵਿੱਚ ਵਿਸ਼ਵਾਸ ਕਰਦੀ ਹੈ, ਜੋ ਸਾਵਰਕਰ ਦੀ ਵਿਚਾਰਧਾਰਾ ਹੈ ਅਤੇ ਜੋ ਸਿਆਮਾ ਪ੍ਰਸਾਦ ਮੁਖਰਜੀ ਦੀ ਵਿਚਾਰਧਾਰਾ ਹੈ, ਉਹ ਅਲਗ ਹਨ, ਪਰ ਸੁਭਾਸ਼ ਚੰਦਰ ਬੋਸ ਨਾਲ ਉਨ੍ਹਾਂ ਦਾ ਕੋਈ ਮੇਲ ਨਹੀਂ ਹੈ।”
ਚੰਦਰ ਕੁਮਾਰ ਬੋਸ ਕਹਿੰਦੇ ਹਨ ਕਿ ਸਾਵਰਕਰ ਆਜ਼ਾਦੀ ਘੁਲਾਟੀਏ ਸਨ ਅਤੇ ਉਨ੍ਹਾਂ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ, ਉਨ੍ਹਾਂ ਨੇ ਆਪਣੇ ਤਰੀਕੇ ਨਾਲ ਇਸ ਵਿੱਚ ਯੋਗਦਾਨ ਦਿੱਤਾ, ਉਨ੍ਹਾਂ ਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ ਅਤੇ ਇਸ ਲਈ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾਂਦੀ ਹੈ।
ਚੰਦਰਕੁਮਾਰ ਬੋਸ ਕਹਿੰਦੇ ਹਨ ਕਿ ਸਾਵਰਕਰ ਦੀ ਜ਼ਿੰਦਗੀ ਨੂੰ ਦਿਖਾਉਣ ਲਈ ਸੁਭਾਸ਼ ਚੰਦਰ ਬੋਸ ਨੂੰ ਜੋੜਨਾ ਸਹੀ ਨਹੀਂ ਹੈ। ਅਜਿਹਾ ਕਰਕੇ ਸਾਵਰਕਰ ਦਾ ਹੀ ਨਿਰਾਦਰ ਕੀਤਾ ਜਾ ਰਿਹਾ।
ਉਹ ਕਹਿੰਦੇ ਹਨ, “ਸਹੀ ਇਤਿਹਾਸ ਦਿਖਾਓ, ਗ਼ਲਤ ਇਤਿਹਾਸ ਦਿਖਾਉਣ ਨਾਲ ਭਾਰਤ ਦੀ 140 ਕਰੋੜ ਜਨਤਾ ਤੁਹਾਡੇ ਖ਼ਿਲਾਫ਼ ਚਲੀ ਜਾਵੇਗੀ।”
ਫ਼ਿਲਮ ਇਹ ਦਾਅਵਾ ਵੀ ਕਰਦੀ ਹੈ ਕਿ ਖੁਦੀਰਾਮ ਬੋਸ ਵੀ ਸਾਵਰਕਰ ਤੋਂ ਪ੍ਰਭਾਵਤ ਸਨ।
ਖੁਦੀਰਾਮ ਬੋਸ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਘੱਟ ਉਮਰ ਵਿੱਚ ਸ਼ਹਾਦਤ ਦੇਣ ਵਾਲਿਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਮੁਜ਼ੱਫ਼ਰਪੁਰ ਵਿੱਚ ਇੱਕ ਬਰਤਾਨਵੀ ਜੱਜ ਦੇ ਕਤਲ ਦੀ ਸਾਜਿਸ਼ ਰਚੀ ਸੀ ਪਰ ਇਸ ਹਮਲੇ ਵਿੱਚ ਹੋਰ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ 11 ਅਗਸਤ 1908 ਨੂੰ ਫਾਂਸੀ ਦੇ ਦਿੱਤੀ ਗਈ, ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ 18 ਸਾਲਾਂ ਦੀ ਸੀ।
ਨਿਰੰਜਨ ਟਾਕਲੇ ਕਹਿੰਦੇ ਹਨ, “ਇਹ ਫ਼ਿਲਮ ਦਾਅਵਾ ਕਰਦੀ ਹੈ ਕਿ ਖੁਦੀਰਾਮ ਬੋਸ ਸਾਵਰਕਰ ਤੋਂ ਪ੍ਰੇਰਿਤ ਸਨ, ਜਦਕਿ ਸੱਚਾਈ ਇਹ ਹੈ ਕਿ ਖੁਦੀਰਾਮ ਬੋਸ ਦੀ 1908 ਵਿੱਚ ਮੌਤ ਹੋ ਗਈ। ਸਾਵਰਕਾਰ ਨੂੰ ਲੋਕ ਉਨ੍ਹਾਂ ਦੀ ਪਹਿਲੀ ਕਿਤਾਬ ‘1857 ਤੋਂ ਬਾਅਦ’ ਤੋਂ ਜਾਣਨ ਲੱਗੇ ਸਨ, ਉਹ ਕਿਤਾਬ ਆਈ ਹੈ 1910 ਵਿੱਚ, ਤਾਂ ਉਨ੍ਹਾਂ ਦੇ ਸਾਵਰਕਰ ਤੋਂ ਪ੍ਰਭਾਵਿਤ ਹੋਣ ਦਾ ਕੋਈ ਤੁੱਕ ਨਹੀਂ ਬਣਦਾ।”
ਟਾਕਲੇ ਪੁੱਛਦੇ ਹਨ, “ਬੋਸ ਨੇ ਗਾਂਧੀ ਅਤੇ ਨਹਿਰੂ ਦੇ ਨਾਂ ਉੱਤੇ ਤਾਂ ਆਜ਼ਾਦ ਹਿੰਦ ਫੌਜ ਦੇ ਬ੍ਰਿਗੇਡ ਦਾ ਨਾਂ ਰੱਖਿਆ ਪਰ ਸਾਵਰਕਰ ਦੇ ਨਾਂ ਉੱਤੇ ਕਿੱਥੇ ਰੱਖਿਆ ?”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪ੍ਰਧਾਨ ਮੰਤਰੀ ਨਰਿੰਦਰ ਮੋਦੀ 80 ਫੀਸਦ ਭਾਰਤੀਆਂ ਦੀ ਪਹਿਲੀ ਪਸੰਦ - ਪਿਊ ਰਿਸਰਚ ਵਿੱਚ ਦਾਅਵਾ
NEXT STORY