ਮਹਿਕ ਬੁਖ਼ਾਰੀ
ਮਹਿਕ ਬੁਖ਼ਾਰੀ ਇੱਕ ਉੱਭਰਦੀ ਹੋਈ ਟਿੱਕਟੌਕ ਸਟਾਰ ਸਨ, ਜਿਨ੍ਹਾਂ ਨੂੰ ਆਪਣੀ ਮਾਂ ਦਾ ਪੂਰਾ ਸਾਥ ਮਿਲਦਾ ਸੀ। ਪਰ ਫਿਰ ਉਨ੍ਹਾ ਦੀ ਜ਼ਿੰਦਗੀ ’ਚ ਕੁਝ ਅਜਿਹਾ ਵਾਪਰਿਆ, ਜਿਸ ਨੇ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ।
ਇਹ ਕਹਾਣੀ ਧੋਖਾਧੜੀ ਅਤੇ ਬਲੈਕਮੇਲਿੰਗ ਤੋਂ ਹੁੰਦੇ ਹੋਏ ਕਤਲ ਤੱਕ ਜਾ ਪਹੁੰਚੀ।
ਬ੍ਰਿਟੇਨ ਦੇ ਸ਼ਹਿਰ ਸਟੋਕ ਆਨ ਟ੍ਰੇਂਟ ਦੀ ਵਸਨੀਕ ਮਹਿਕ ਨੇ ਯੂਨੀਵਰਸਿਟੀ ਛੱਡ ਕੇ ਸੋਸ਼ਲ ਮੀਡੀਆ ਨੂੰ ਹੀ ਆਪਣੇ ਕਰੀਅਰ ਵੱਜੋਂ ਚੁਣਿਆ ਅਤੇ ਆਪਣਾ ਸਾਰਾ ਧਿਆਨ ਇਸ ’ਤੇ ਹੀ ਕੇਂਦਰਿਤ ਕਰ ਦਿੱਤਾ।
ਉਨ੍ਹਾਂ ਦਾ ਇਹ ਫੈਸਲਾ ਸਹੀ ਵੀ ਸਾਬਤ ਹੋਇਆ। ਮਹਿਕ ਦੇ ਤਕਰੀਬਨ ਇੱਕ ਲੱਖ ਫਾਲੋਅਰਜ਼ ਹਨ। ਉਹ ਦੇਸ਼ ਭਰ ’ਚ ਪਾਰਟੀਆਂ ਅਤੇ ਉਦਘਾਟਨ ਸਮਾਗਮਾਂ ’ਚ ਬ੍ਰਾਂਡ ਪ੍ਰਮੋਸ਼ਨ ਦੇ ਜ਼ਰੀਏ ਵਾਧੂ ਪੈਸੇ ਕਮਾਉਣ ਲੱਗ ਪਏ।
ਉਹ ਆਪਣੀ ਮਾਂ ਅਨਸਰੀਨ, ਜੋ ਕਿ ਉਨ੍ਹਾਂ ਦੀਆ ਵੀਡੀਓਜ਼ ’ਚ ਆਮ ਹੀ ਵੇਖੇ ਜਾਂਦੇ ਸਨ, ਨਾਲ ਆਪਣੇ ਵਧੀਆ ਸਬੰਧਾਂ ’ਤੇ ਵੀ ਮਾਣ ਮਹਿਸੂਸ ਕਰਦੇ ਸਨ।
ਪਰ ਜਦੋਂ ਅਨਸਰੀਨ 21 ਸਾਲਾ ਸਾਕਿਬ ਹੁਸੈਨ ਨੂੰ ਮਿਲੇ ਤਾਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿੰਨਾ ਦਾ ਅੰਤ ਇੱਕ ਹਾਦਸੇ ’ਤੇ ਜਾ ਕੇ ਖ਼ਤਮ ਹੋਇਆ। ਬਾਅਦ ’ਚ ਦੋਵੇਂ ਮਾਂਵਾਂ-ਧੀਆਂ ਇੱਕ ਦੁਹਰੇ ਕਤਲਕਾਂਡ ’ਚ ਦੋਸ਼ੀ ਸਾਬਤ ਹੋਈਆਂ।
ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮਹਿਕ 31 ਸਾਲ 8 ਮਹੀਨੇ ਕੈਦ ’ਚ ਰਹਿਣਗੇ ਜਦਕਿ ਅਨਸਰੀਨ 26 ਸਾਲ 9 ਮਹੀਨੇ ਦੀ ਜੇਲ੍ਹ ਕੱਟਣਗੇ।
ਅਨਸਰੀਨ ਅਤੇ ਸਾਕਿਬ ਦੀ ਦੋਸਤੀ ਜੋ ਕਿ ਬਾਅਦ ’ਚ ਦੁਸ਼ਮਣੀ ’ਚ ਬਦਲ ਗਈ
ਮਹਿਕ ਬੁਖ਼ਾਰੀ ਅਤੇ ਉਨਾਂ ਦੀ ਮਾਂ ਅਨਸਰੀਨ
2019 ’ਚ ਅਨਸਰੀਨ ਅਤੇ ਸਾਕਿਬ ਵਿਚਾਲੇ ਇੱਕ ਵੀਡੀਓ ਐਪ ‘ਆਜ਼ਰ’ ਰਾਹੀਂ ਗੱਲਬਾਤ ਸ਼ੁਰੂ ਹੋਈ ਸੀ।
ਫਿਰ ਉਨ੍ਹਾਂ ਦੋਵਾਂ ਨੇ ਇੱਕ-ਦੂਜੇ ਨਾਲ ਆਪਣੇ ਫੋਨ ਨੰਬਰ ਸਾਂਝੇ ਕੀਤੇ ਅਤੇ ਲਗਭਗ ਰੋਜ਼ਾਨਾ ਹੀ ਦੋਵੇਂ ਗੱਲਬਾਤ ਕਰਦੇ ਸਨ। ਉਤਰਾਅ-ਚੜ੍ਹਾਅ ਦੇ ਨਾਲ ਇਹ ਰਿਸ਼ਤਾ ਤਿੰਨ ਸਾਲ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ।
ਲੀਸਟਰਸ਼ਰ ਪੁਲਿਸ ਨਾਲ ਜੁੜੇ ਡੇਟ ਇੰਸਪੈਕਟਰ ਮਾਰਕ ਪੈਰਿਸ਼ ਨੇ ਦੱਸਿਆ ਕਿ ਸਾਕਿਬ ਵੱਲੋਂ ਦਿਲਚਸਪੀ ਵਿਖਾਉਣ ਤੋਂ ਬਾਅਦ ਅਨਸਰੀਨ ਵੀ ਉਸ ਵੱਲ ਆਕਰਸ਼ਿਤ ਹੋ ਗਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਦੋਵੇਂ ਕਈ ਵਾਰ ਹੋਟਲ, ਰੈਸਟੋਰੈਂਟ ਅਤੇ ਲਾਉਂਜ ’ਚ ਮਿਲੇ ਸਨ। ਪਰ 2021 ’ਚ ਦੋਵਾਂ ਦੇ ਸਬੰਧਾਂ ’ਚ ਤਣਾਅ ਆ ਗਿਆ। ਅਨਸਰੀਨ ਸਬੰਧ ਖ਼ਤਮ ਕਰਨਾ ਚਾਹੁੰਦੇ ਸਨ, ਜਿਸ ਕਰਕੇ ਸਾਕਿਬ ਬਹੁਤ ਪਰੇਸ਼ਾਨ ਸਨ।
ਸਾਕਿਬ ਨੇ ਇਸ ਸਥਿਤੀ ਤੋਂ ਬਾਹਰ ਆਉਣ ਲਈ ਅਨਸਰੀਨ ਨੂੰ ਗੁਜ਼ਰਿਸ਼ ਕੀਤੀ ਕਿ ਉਹ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰ ਲੈਣ ਭਾਵ ਉਸ ਨਾਲ ਸਬੰਧ ਖ਼ਤਮ ਨਾ ਕਰਨ। ਪਰ ਮਾਮਲਾ ਸੁਧਰਨ ਦੀ ਥਾਂ ਹੋਰ ਵਿਗੜ ਗਿਆ ਅਤੇ ਫਿਰ ਸਾਕਿਬ ਨੇ ਧਮਕੀ ਦਿੱਤੀ ਕਿ ਉਹ ਉਨ੍ਹਾਂ ਦੇ ਨਿੱਜੀ ਵੀਡੀਓਜ਼ ਉਨ੍ਹਾਂ ਦੇ ਪਹਿਲੇ ਪਤੀ ਨੂੰ ਭੇਜ ਦੇਣਗੇ।
ਉਸ ਸਾਲ ਦੇ ਅਖੀਰ ’ਚ ਅਨਸਰੀਨ ਨੇ ਆਪਣੀ ਧੀ ਮਹਿਕ ਨੂੰ ਇਸ ਬਾਰੇ ਸਭ ਕੁਝ ਦੱਸ ਦਿੱਤਾ।
ਪਰ ਇਸ ਬਲੈਕਮੇਲਿੰਗ ਵਿਰੁੱਧ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਉਣ ਦੀ ਥਾਂ ’ਤੇ ਮਹਿਕ ਨੇ ਖੁਦ ਹੀ ਇਸ ਮਾਮਲੇ ਨੂੰ ਨਜਿੱਠਣ ਦਾ ਫੈਸਲਾ ਕੀਤਾ।
ਇੰਸਪੈਕਟਰ ਮਾਰਕ ਪੈਰਿਸ਼ ਨੇ ਦੱਸਿਆ, “ਸਾਕਿਬ ਦੇ ਪਰਿਵਾਰ ਨੂੰ ਜਾਣਨ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਮੈਂ ਸਾਕਿਬ ਨੂੰ ਰੋਕ ਲੈਂਦਾ।”
ਉਨ੍ਹਾਂ ਕਿਹਾ ਕਿ ਜੇਕਰ ਬੁਖ਼ਾਰੀ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਹੁੰਦੀ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੋਣਾ ਸੀ ਅਤੇ ਮਾਮਲਾ ਕਦੇ ਵੀ ਇਸ ਮੋੜ ’ਤੇ ਨਹੀਂ ਪਹੁੰਚਣਾ ਸੀ।
ਹਮਲੇ ਦੀ ਸਾਜਿਸ਼ ਅਤੇ ਕਤਲ
ਅਨਸਰੀਨ ਅਤੇ ਸਾਕਿਬ
ਆਪਣੀ ਮਾਂ ਦੀ ਮਦਦ ਲਈ ਮਹਿਕ ਆਪਣੇ ਇੱਕ ਕਾਰ ਮਕੈਨਿਕ ਦੋਸਤ ਰੇਹਾਨ ਕਾਰਵਾਨ ਕੋਲ ਗਏ।
ਇਸਤਗਾਸਾ ਪੱਖ ਦਾ ਕਹਿਣਾ ਸੀ ਕਿ ਆਕਸਫੋਰਡ ਨਾਲ ਸਬੰਧ ਰੱਖਣ ਵਾਲੇ ਸਾਕਿਬ ਹੁਸੈਨ ਨੂੰ ਅਨਸਰੀਨ ਨਾਲ ਮੁਲਾਕਾਤ ਦਾ ‘ਲਾਲਚ’ ਦੇ ਕੇ ਬੁਲਾਇਆ ਗਿਆ ਸੀ।
ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਅਨਸਰੀਨ ’ਤੇ ਜੋ 3 ਹਜ਼ਾਰ ਪੌਂਡ ਖਰਚ ਕੀਤੇ ਸਨ, ਉਹ ਉਨ੍ਹਾਂ ਨੂੰ ਵਾਪਸ ਦਿੱਤੇ ਜਾਣਗੇ। ਸਾਕਿਬ ਅਕਸਰ ਹੀ ਉਸ ਰਕਮ ਦਾ ਤਾਅਨਾ ਮਾਰਦੇ ਹੁੰਦੇ ਸਨ।
ਰੇਹਾਨ ਨੇ ਆਪਣੇ ਕਰੀਬੀ ਦੋਸਤ ਰਈਸ ਜਮਾਲ ਅਤੇ ਉਨ੍ਹਾਂ ਦੇ ਕਜ਼ਨ ਅਮੀਰ ਜਮਾਲ ਅਤੇ ਹੋਰ ਦੋਸਤਾਂ ਦੀ ਮਦਦ ਲਈ। ਦੂਜੇ ਦੋਸਤਾਂ ’ਚ ਨਤਾਸ਼ਾ ਅਖ਼ਤਰ, ਸਨਾਫ਼ ਮੁਸਤਫ਼ਾ ਅਤੇ ਮੁਹੰਮਦ ਪਟੇਲ ਸ਼ਾਮਲ ਹਨ।
11 ਫਰਵਰੀ, 2022 ਨੂੰ ਇਹ ਸਮੂਹ ਲੀਸਟਰ ’ਚ ਇੱਕ ਟੇਸਕੋ ਸੁਪਰਮਾਰਕਿਟ ਵਿਖੇ ਪਹੁੰਚਿਆ ਅਤੇ ਸਾਕਿਬ ਦਾ ਇੰਤਜ਼ਾਰ ਕਰਨ ਲੱਗਿਆ। ਇਸ ਸਾਜਿਸ਼ ਦਾ ਮਕਸਦ ਸਾਕਿਬ ’ਤੇ ਅਚਾਨਕ ਹਮਲਾ ਕਰਨਾ ਸੀ।
ਸਾਕਿਬ ਅਤੇ ਹਾਸ਼ਿਮ ਦੇ ਕਤਲ ਦੇ ਦੋਸ਼ੀ
ਆਪਣੇ ਜੱਦੀ ਸ਼ਹਿਰ ਬੇਨਬਰੀ ’ਚ ਸਾਕਿਬ ਲੀਸਟਰ ਜਾਣ ਲਈ ਕਿਸੇ ਤੋਂ ਕਾਰ ਲੈਣ ਦਾ ਯਤਨ ਕਰ ਰਹੇ ਸਨ।
ਸ਼ਾਕਿਬ ਨੇ ਆਪਣੇ ਦੋਸਤ-ਮਿੱਤਰਾਂ ਤੋਂ ਪੁੱਛਿਆ ਅਤੇ ਹਾਸ਼ਿਮ ਏਜਾਜ਼ੂਦੀਨ ਨਾਮ ਦੇ ਦੋਸਤ ਨੇ ਆਪਣੀ ਕਾਰ ਰਾਹੀਂ ਉਨ੍ਹਾਂ ਨੂੰ ਉੱਥੇ ਲੈ ਕੇ ਜਾਣ ਦੀ ਹਾਮੀ ਭਰ ਦਿੱਤੀ।
ਮਾਰਕ ਪੈਰਿਸ਼ ਅਨੁਸਾਰ, “ਹਾਸ਼ਿਮ ਨੂੰ ਕੁਝ ਨਹੀਂ ਪਤਾ ਸੀ ਕਿ ਹੋ ਕੀ ਰਿਹਾ ਹੈ। ਉਹ ਤਾਂ ਬਤੌਰ ਦੋਸਤ ਸਿਰਫ ਰਾਤ ਦੇ ਸਮੇਂ ਸਾਕਿਬ ਨੂੰ ਲੀਸਟਰ ਲੈ ਜਾਣ ਲਈ ਤਿਆਰ ਹੋਏ ਸਨ। ਉਹ ਤਾਂ ਇਸ ਪੂਰੇ ਮਾਮਲੇ ਤੋਂ ਅਣਜਾਣ ਸਨ।”
“ਉਹ ਮੁਲਜ਼ਮਾਂ ’ਚੋਂ ਕਿਸੇ ਨੂੰ ਵੀ ਨਹੀਂ ਜਾਂਦੇ ਸਨ। ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਕਿ ਅਸਲ ’ਚ ਹੋ ਕੀ ਰਿਹਾ ਹੈ ਅਤੇ ਕੁਝ ਹੱਦ ਤੱਕ ਸ਼ਾਇਦ ਉਹ ਇੱਕਲੇ ਅਜਿਹੇ ਵਿਅਕਤੀ ਸਨ, ਜੋ ਕਿ ਗਲਤ ਸਮੇਂ ’ਤੇ ਗਲਤ ਥਾਂ ’ਤੇ ਮੌਜੂਦ ਸਨ।”
ਸ਼ਾਕਿਬ ਅਤੇ ਹਾਸ਼ਿਮ ਰਾਤ ਦੇ 1:17 ਮਿੰਟ ’ਤੇ ਟੇਸਕੋ ਕਾਰ ਪਾਰਕ ਵਿਖੇ ਪਹੁੰਚੇ। ਕੁਝ ਦੇਰ ਉਡੀਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਨਕ ਲੱਗ ਗਈ ਸੀ ਕਿ ਕੁਝ ਤਾਂ ਗੜਬੜ ਹੈ।
ਉਹ ਤੁਰੰਤ ਉਸ ਜਗ੍ਹਾ ਤੋਂ ਨਿਕਲੇ ਪਰ ਹੁਣ ਦੋ ਕਾਰਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਇੱਕ ਕਾਰ ’ਚ ਰਈਸ ਅਤੇ ਦੂਜੀ ’ਚ ਰੇਹਾਨ ਸਨ।
ਸਾਕਿਬ ਦੀ 999 ’ਤੇ ਕਾਲ
ਮੁਕੱਦਮੇ ਦੌਰਾਨ ਦੱਸਿਆ ਗਿਆ ਕਿ ਮਹਿਕ ਅਤੇ ਅਨਸਰੀਨ ਰੇਹਾਨ ਵਾਲੀ ਕਾਰ ’ਚ ਬੈਠੇ ਸਨ।
ਮਾਰਕ ਪੈਰਿਸ਼ ਅਨੁਸਾਰ, “ਪੁਲਿਸ ਨੂੰ ਫੋਨ ਰਿਕਾਰਡ ਤੋਂ ਇਹ ਪਤਾ ਲੱਗਿਆ ਹੈ ਕਿ ਉਸ ਸਮੇਂ ਮਹਿਕ ਨੇ ਸਾਕਿਬ ਨੂੰ ਫੋਨ ਕੀਤਾ ਸੀ ਅਤੇ ਦੋਵਾਂ ਦਰਮਿਆਨ ਬਹਿਸ ਵੀ ਹੋਈ ਸੀ। ਸਾਨੂੰ ਇਹ ਤਾਂ ਨਹੀਂ ਪਤਾ ਕਿ ਦੋਵਾਂ ਵਿਚਾਲੇ ਕੀ ਗੱਲ ਹੋਈ ਪਰ ਇਹ ਸਾਫ਼ ਹੈ ਕਿ ਦੋਵਾਂ ਨੇ ਇੱਕ ਦੂਜੇ ਨੂੰ ਚੰਗਾ-ਮੰਦਾ ਬੋਲਿਆ ਸੀ।”
ਇਸ ਫੋਨ ਕਾਲ ਤੋਂ ਇੱਕ ਮਿੰਟ ਬਾਅਦ ਹੀ ਸਾਕਿਬ ਨੇ 999 ’ਤੇ ਫੋਨ ਕੀਤਾ।
ਉਨ੍ਹਾਂ ਨੇ ਅਪਰੇਟਰ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਕੇ ਸੜਕ ਤੋਂ ਲਾਹੁਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਕਾਲ ਤਕਰੀਬਨ ਪੰਜ ਮਿੰਟ ਤੱਕ ਚੱਲਦੀ ਰਹੀ। ਸਾਕਿਬ ਅਤੇ ਹਾਸ਼ਿਮ ਨੇ ਪਿੱਛਾ ਕਰਨ ਵਾਲਿਆਂ ਤੋਂ ਬਚਣ ਲਈ ਡਬਲ ਕੈਰੇਜਵੇਅ ’ਤੇ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਲਾਲ ਬੱਤੀ ’ਤੇ ਵੀ ਨਾ ਰੁੱਕੇ।
ਮਾਰਕ ਪੈਰਿਸ਼ ਅਨੁਸਾਰ, “ਪਹਿਲੀ ਗੱਲ ਜੋ ਉਨ੍ਹਾਂ ਨੇ ਕਹੀ ਕਿ ਉਨ੍ਹਾਂ ਦਾ ਰਾਹ ਰੋਕਿਆ ਜਾ ਰਿਹਾ ਹੈ। ਫੁਟੇਜ ’ਚ ਵੀ ਸਪੱਸ਼ਟ ਤੌਰ ’ਤੇ ਵੇਖਿਆ ਜਾ ਸਕਦਾ ਹੈ ਕਿ ਕਾਰ ਨੂੰ ਇੱਕ ਦੂਜੀ ਕਾਰ ਨਾਲ ਬਲਾਕ ਕੀਤਾ ਜਾ ਰਿਹਾ ਹੈ, ਜੋ ਕਿ ਅੱਗੇ ਤੋਂ ਬ੍ਰੇਕ ਮਾਰਨ ਅਤੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।”
ਉਨ੍ਹਾਂ ਅਨੁਸਾਰ ਸਾਕਿਬ ਆਪਣੇ ਦੋਸਤ ਹਾਸ਼ਿਮ ਨੂੰ ਕਹਿੰਦੇ ਹਨ, “ਸੈਂਡ ਇੱਟ ਸੈਂਡ ਇੱਟ।” ਇਹ ਹਾਸ਼ਿਮ ਲਈ ਇੱਕ ਸੰਕੇਤ ਸੀ ਕਿ ਉਹ ਕਾਰ ਨੂੰ ਭਜਾਉਣ ਅਤੇ ਉੱਥੋਂ ਨਿਕਲਣ।
ਮਾਰਕ ਅੱਗੇ ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੇ ਡਰ ਬਾਰੇ ਸਾਫ਼ ਤੌਰ ’ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਹ ਲਾਲ ਬੱਤੀ ’ਤੇ ਵੀ ਰੁਕੇ ਬਿਨ੍ਹਾਂ ਹੀ ਅੱਗੇ ਵਧ ਗਏ, ਫਿਰ ਵੀ ਉਨ੍ਹਾਂ ਦੀ ਕਾਰ ਦਾ ਪਿੱਛਾ ਜਾਰੀ ਰਿਹਾ ਸੀ।
ਸਾਕਿਬ ਅਤੇ ਹਾਸ਼ਿਮ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ’ਚ ਚਲਾਈ ਗਈ 999 ’ਤੇ ਕੀਤੀ ਕਾਲ ਨੂੰ ਮੀਡੀਆ ’ਚ ਪ੍ਰਸਾਰਿਤ ਨਾ ਕਰਨ ਦੀ ਅਪੀਲ ਕੀਤੀ ਹੈ।
‘‘ਮੈਂ ਮਰਨ ਵਾਲਾ ਹਾਂ’’
ਸ਼ਾਕਿਬ ਅਤੇ ਹਾਸ਼ਿਮ ਦੀ ਕਾਰ ਦਾ ਪਿੱਛਾ ਕਰਦੀਆਂ ਕਾਰਾਂ
ਉਸ ਫੋਨ ਕਾਲ ਦੇ ਆਖਰੀ ਸ਼ਬਦ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਸਨ। ਫੋਨ ਲਾਈਨ ’ਤੇ ਖ਼ਾਮੋਸ਼ੀ, ਚੁੱਪ ਛਾ ਜਾਂਦੀ ਹੈ ਅਤੇ ਫਿਰ ਅਪਰੇਟਰ ਸਾਕਿਬ ਤੋਂ ਪੁੱਛਦਾ ਹੈ ਕਿ ਤੁਸੀਂ ਅਜੇ ਵੀ ਲਾਈਨ ’ਤੇ ਹੋ?
ਮਾਰਕ ਪੈਰਿਸ ਅਨੁਸਾਰ ਹੁਣ ਇਹ ਫੋਨ ਕਾਲ ਇੱਕ ਭਾਵਨਾਤਮਕ ਅਤੇ ਪਰੇਸ਼ਾਨ ਕਰਨ ਵਾਲੀ ਕਾਲ ’ਚ ਤਬਦੀਲ ਹੋ ਜਾਂਦੀ ਹੈ ਅਤੇ ਤੁਸੀਂ ਸੁਣ ਸਕਦੇ ਹੋ ਕਿ ਉਹ ਲੋਕ ਬਿਲਕੁਲ ਸਾਕਿਬ ਦੇ ਪਿੱਛੇ ਪਹੁੰਚ ਚੁੱਕੇ ਸਨ ਅਤੇ ਫਿਰ ਚੀਕਾਂ ਸੁਣਾਈ ਦੇਣ ਲੱਗੀਆਂ ਅਤੇ ਫਿਰ ਚੁੱਪ ਪਸਰ ਗਈ।
ਧਿਆਨ ਰਹੇ ਕਿ ਜਿਊਰੀ ਨੂੰ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਸਾਕਿਬ ਹੁਸੈਨ ਵੱਲੋਂ ਪੁਲਿਸ ਨੂੰ ਕੀਤੀ ਗਈ ਇਸ ਕਾਲ ਦੀ ਰਿਕਾਰਡਿੰਗ ਵੀ ਸੁਣਾਈ ਗਈ ਸੀ।
ਆਪਣੀ ਜ਼ਿੰਦਗੀ ਦੇ ਆਖਰੀ ਪਲਾ ’ਚ ਸਾਕਿਬ ਨੇ ਪੁਲਿਸ ਹੈਲਪਲਾਈਨ ਨੰਬਰ ’ਤੇ ਕਾਲ ਕਰਕੇ ਦੱਸਿਆ ਕਿ ਮਾਸਕ ਪਹਿਨੇ ਹੋਏ ਲੋਕ ਦੋ ਕਾਰਾਂ ’ਚ ਉਨ੍ਹਾਂ ਦੀ ਕਾਰ ਦਾ ਪਿੱਛਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਕੇ ਸੜਕ ਤੋਂ ਉਤਾਰਨ ਦਾ ਯਤਨ ਕਰ ਰਹੇ ਹਨ।
ਫੋਨ ਕਾਲ ’ਚ ਪਰੇਸ਼ਾਨ ਸਾਕਿਬ ਹੁਸੈਨ ਵਾਰ-ਵਾਰ ਅਪਰੇਟਰ ਨੂੰ ਕਹਿ ਰਹੇ ਹਨ, “ਉਹ ਲੋਕ ਮੇਰਾ ਪਿੱਛਾ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਚਿਹਰੇ ਮਾਸਕ ਨਾਲ ਢੱਕੇ ਹੋਏ ਹਨ। ਉਹ ਮੈਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ।”
ਉਨ੍ਹਾਂ ਨੇ ਇਹ ਵੀ ਕਿਹਾ, “ਮੈਂ ਮਰਨ ਵਾਲਾ ਹਾਂ। ਪਲੀਜ਼ ਸਰ , ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ। ਉਹ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਰਹੇ ਹਨ। ਬਹੁਤ ਤੇਜ਼ੀ ਨਾਲ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ਮੈਂ ਮਰਨ ਵਾਲਾ ਹਾਂ।”
ਕਾਲ ਕੱਟੇ ਜਾਣ ਤੋਂ ਪਹਿਲਾਂ ਇੱਕ ਜ਼ੋਰਦਾਰ ਚੀਕ ਵੀ ਸੁਣਾਈ ਦਿੰਦੀ ਹੈ।
ਰਾਤ ਦੇ ਤਕਰੀਬਨ 1:30 ਵਜੇ ਤੋਂ ਬਾਅਦ ਇੱਕ ਰਿਕਵਰੀ ਡਰਾਈਵਰ ਇਸ ਹਾਈਵੇਅ ’ਤੇ ਸਫ਼ਰ ਕਰ ਰਿਹਾ ਸੀ। ਉਸ ਨੇ ਵੇਖਿਆ ਕਿ ਇੱਕ ਦਰੱਖਤ ਦੇ ਨਜ਼ਦੀਕ ਇੱਕ ਕਾਰ ਸੜ੍ਹ ਰਹੀ ਹੈ। ਇਹ ਮਹਿਸੂਸ ਕਰਨ ਤੋਂ ਬਾਅਦ ਕਿ ਕਿਸੇ ਨੇ ਵੀ ਪੁਲਿਸ ਨੂੰ ਨਹੀਂ ਬੁਲਾਇਆ ਹੈ, ਉਸ ਨੇ ਆਪਣੇ ਟਰੱਕ ਨਾਲ ਸੜਕ ਨੂੰ ਬੰਦ ਕਰ ਦਿੱਤਾ।
ਪੁਲਿਸ ਅਧਿਕਾਰੀ ਕਰੀਬ 10 ਮਿੰਟ ਬਾਅਦ ਹਾਦਸੇ ਵਾਲੀ ਥਾਂ ’ਤੇ ਪਹੁੰਚੇ। ਫਾਇਰ ਫਾਈਟਰਜ਼ ਵੀ ਕੁਝ ਹੀ ਸਮੇਂ ’ਚ ਉੱਥੇ ਪਹੁੰਚ ਗਏ ਸਨ।
ਅੱਗ ਬੁਝਾਉਣ ਤੋਂ ਬਾਅਦ ਪੁਲਿਸ ਅਧਿਕਾਰੀਆਂ ’ਚੋਂ ਇੱਕ ਨੇ ਕਾਰ ’ਚ ਦੋ ਲੋਕਾਂ ਦੀਆਂ ਲਾਸ਼ਾਂ ਵੇਖੀਆਂ।
ਪੁਲਿਸ ਅਧਿਕਾਰੀ ਅਨੁਸਾਰ ਦੂਜੇ ਪਾਸੇ ਮਹਿਕ ਨੇ ਔਡੀ ਕਾਰ ਖੁਦ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਨਤਾਸ਼ਾ ਉਸ ਦੇ ਨਾਲ ਦੀ ਸੀਟ ’ਤੇ ਬੈਠ ਗਈ।
ਫਿਰ ਉਹ ਜ਼ਮੀਨਦੋਜ਼ ਹੋਣ ਲਈ ਵਾਪਸ ਲੀਸਟਰ ਲਈ ਰਵਾਨਾ ਹੋਏ। ਵਾਪਸੀ ਮੌਕੇ ਉਹ ਸੜ ਰਹੇ ਮਲਬੇ ਕੋਲੋਂ ਵੀ ਲੰਘੇ।
ਇੰਸਪੈਕਟਰ ਮਾਰਕ ਪੈਰਿਸ
ਇਸ ਤੋਂ ਬਾਅਦ ਕੀ ਹੋਇਆ?
ਜਦੋਂ ਉਹ ਸ਼ਹਿਰ ਪਹੁੰਚੇ ਤਾਂ ਉਹ ਸੋਟਨ ਪਲੇਸ ਦੇ ਇਲਾਕੇ ’ਚ ਦਾਖਲ ਹੋਏ। ਹੁਣ ਉਹ ਸੁਰੱਖਿਅਤ ਥਾਂ ’ਤੇ ਪਹੁੰਚ ਚੁੱਕੇ ਸਨ। ਉਨ੍ਹਾਂ ਦੇ ਸਾਥੀਆਂ ਨੇ ਕਾਰਾਂ ’ਚੋਂ ਬਾਹਰ ਨਿਕਲ ਕੇ ਸੜਕਾਂ ’ਤੇ ਟਹਿਲਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੂੰ ਸੀਸੀਟੀਵੀ ਰਾਹੀਂ ਰਾਤ ਦੇ ਲਗਭਗ 2 ਵਜੇ ਵੱਖ-ਵੱਖ ਥਾਵਾਂ ’ਤੇ ਫਰਵਰੀ ਦੀ ਸਰਦੀ ’ਚ ਘੁੰਮਦੇ-ਫਿਰਦੇ ਵੇਖਿਆ ਗਿਆ।
ਫੁਟੇਜ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਇਹ ਤਾਂ ਨਹੀਂ ਪਤਾ ਲੱਗਿਆ ਕਿ ਉਹ ਉੱਥੇ ਕਰ ਕੀ ਰਹੇ ਸਨ, ਪਰ ਇਹ ਸਮਝ ਜ਼ਰੂਰ ਆ ਗਈ ਕਿ ਉਹ ਆਪਣੇ ਕੀਤੇ ਕਾਰੇ ’ਤੇ ਪਰਦਾ ਪਾਉਣ ਦੀ ਕੋਸ਼ਿਸ ਕਰ ਰਹੇ ਸਨ।
ਉਸ ਤੋਂ ਬਾਅਦ ਕੁਝ ਨੂੰ ਪੈਦਲ ਅਤੇ ਕੁਝ ਨੂੰ ਕਾਰ ਜ਼ਰੀਏ ਘਰ ਛੱਡ ਦਿੱਤਾ ਗਿਆ।
ਨਤਾਸ਼ਾ ਜੋ ਕਿ ਕਾਰ ਦੀ ਮਾਲਕਨ ਸੀ, ਵਾਪਸ ਬਰਮਿੰਘਮ ’ਚ ਆਪਣੇ ਘਰ ਲਈ ਰਵਾਨਾ ਹੋ ਗਈ। ਮਹਿਕ ਅਤੇ ਉਨ੍ਹਾਂ ਦੀ ਮਾਂ ਅਨਸਰੀਨ ਸਟੋਕ ਆਨ ਟ੍ਰੇਂਟ ਦੇ ਉੱਤਰੀ ਇਲਾਕੇ ਵੱਲ ਚਲੇ ਗਏ।
ਇਧਰ ਲੀਸਟਰਸ਼ਰ ਪੁਲਿਸ ਕੁਝ ਅਜਿਹਾ ਜਾਣਦੀ ਸੀ, ਜਿਸ ਤੋਂ ਉਹ ਗਰੁੱਪ ਅਣਜਾਣ ਸੀ।
ਸਾਕਿਬ ਦੀ 999 ਕਾਲ ਜਾਂਚਕਰਤਾਵਾਂ ਤੱਕ ਪਹੁੰਚ ਗਈ ਸੀ ਅਤੇ ਉਨ੍ਹਾਂ ਨੇ ਆਟੋਮੈਟਿਕ ਨੰਬਰ ਪਲੇਟ ਪਛਾਣ ਕਰਨ ਵਾਲੇ ਕੈਮਰਿਆਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਨੇ ਅਲਰਟ ਜਾਰੀ ਕੀਤਾ ਅਤੇ ਵੈਸਟ ਮਿਡਲੈਂਡਜ਼ ’ਚ ਦੋ ਅਧਿਕਾਰੀਆਂ ਨੇ ਨਤਾਸ਼ਾ ਦੀ ਕਾਰ ਦਾ ਪਤਾ ਲਗਾ ਲਿਆ।
ਉਨ੍ਹਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਬਾਅਦ ’ਚ ਨਤਾਸ਼ਾ ਨੂੰ ਇੱਕ ਪੈਟਰੋਲ ਸਟੇਸ਼ਨ ’ਤੇ ਦਬੋਚ ਲਿਆ। ਇਸ ਤੋਂ ਪਹਿਲਾਂ ਨਤਾਸ਼ਾ ਨੇ ਘਬਰਾਹਟ ’ਚ ਰਈਸ ਨੂੰ ਫੋਨ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ’ਚ ਲੈ ਲਿਆ ਗਿਆ।
ਸਾਕਿਬ ਤੇ ਹਾਸ਼ਿਮ ਦੀ ਸੜੀ ਹੋਈ ਕਾਰ
ਜਦੋਂ ਪੁਲਿਸ ਨੇ ਮਹਿਕ ਦੇ ਘਰ ‘ਤੇ ਦਿੱਤੀ ਦਸਤਕ
8 ਵਜੇ ਤੋਂ ਕੁਝ ਦੇਰ ਬਾਅਦ ਮਹਿਕ ਅਤੇ ਅਨਸਰੀਨ ਗੱਲਬਾਤ ਦੀ ਆਵਾਜ਼ ਕਰਕੇ ਉੱਠ ਗਏ। ਉਸ ਸਮੇਂ ਪੁਲਿਸ ਮਹਿਕ ਦੇ ਭਰਾ ਅਤੇ ਪਿਤਾ ਤੋਂ ਪੁੱਛਗਿੱਛ ਕਰ ਰਹੇ ਸਨ।
ਉਸ ਸਮੇਂ ਮਹਿਕ ਨੇ ਵੇਖਿਆ ਕਿ ਰਈਸ ਉਨ੍ਹਾਂ ਨੂੰ ਵਾਰ-ਵਾਰ ਫੋਨ ਕਰ ਰਹੇ ਹਨ। ਰਈਸ ਇਹ ਜਾਣਦੇ ਸਨ ਕਿ ਪੁਲਿਸ ਨੇ ਨਤਾਸ਼ਾ ਨੂੰ ਹਿਰਾਸਤ ’ਚ ਲੈ ਲਿਆ ਹੈ।
ਜਦੋਂ ਪੁਲਿਸ ਘਰ ਦੇ ਮਰਦ ਮੈਂਬਰਾਂ ਨਾਲ ਗੱਲਬਾਤ ਕਰ ਰਹੀ ਸੀ ਤਾਂ ਮਹਿਕ ਨੇ ਰਈਸ ਨੂੰ ਫੋਨ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਕਮਰੇ ’ਚ ਮੌਜੂਦ ਆਪਣੀ ਮਾਂ ਨੂੰ ਇੱਕ ਟੈਕਸਟ ਸੰਦੇਸ਼ ਭੇਜਿਆ। ਉਸ ’ਚ ਦੱਸਿਆ ਗਿਆ ਸੀ ਕਿ ਉਹ ਅਧਿਕਾਰੀਆਂ ਨੂੰ ਕੀ ਕਹਿਣਗੇ।
ਮਹਿਕ ਨੇ ਪੁਲਿਸ ਨੂੰ ਝੂਠ ਬੋਲਿਆ ਅਤੇ ਕਿਹਾ ਕਿ ਉਸ ਹਾਦਸੇ ਵਾਲੀ ਰਾਤ ਉਹ ਇੱਕ ਸੋਸ਼ਲ ਮੀਡੀਆ ਪ੍ਰੋਗਰਾਮ ਦੇ ਲਈ ਨਾਟਿੰਘਮ ਜਾ ਰਹੇ ਸਨ।
ਬਾਅਦ ’ਚ ਦੋਵੇਂ ਮਾਂਵਾਂ-ਧੀਆਂ ਨੂੰ ਗ੍ਰਿਫਤਾਰ ਕਰਕੇ ਲੀਸਟਰ ਦੇ ਇੱਕ ਪੁਲਿਸ ਥਾਣੇ ’ਚ ਲਿਜਾਇਆ ਗਿਆ।
ਮਹਿਕ ਨੇ ਪੁਲਿਸ ਹਿਰਾਸਤ ਦੌਰਾਨ ਵੀ ਝੂਠ ਬੋਲਿਆ
ਪੁਲਿਸ ਹਿਰਾਸਤ ਦੌਰਾਨ ਵੀ ਮਹਿਕ ਨੇ ਝੂਠੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਉਸ ਰਾਤ ਕਿੱਥੇ ਕੀ ਕਰ ਰਹੇ ਸਨ।
ਪਰ ਜਦੋਂ ਪੁਲਿਸ ਨੇ ਸਾਕਿਬ ਦੀ 999 ਵਾਲੀ ਕਾਲ ਚਲਈ ਤਾਂ ਉਹ ਹੈਰਾਨ ਰਹਿ ਗਏ।
ਹਾਰ ਮੰਨਣ ਦੀ ਬਜਾਏ ਉਹ ਖੁਦ ਰੋ ਪਈ ਅਤੇ ਕਿਹਾ ਕਿ ਸਾਕਿਬ ਬਹੁਤ ਝੂਠ ਬੋਲਦਾ ਹੈ ਅਤੇ ਤੱਥਾਂ ਅਤੇ ਘਟਨਾਵਾਂ ਨੂੰ ਤੋੜ- ਮਰੋੜ ਕੇ ਪੇਸ਼ ਕਰਦਾ ਹੈ।
ਮਹਿਕ ਅਤੇ ਅਨਸਰੀਨ ਬੁਖ਼ਾਰੀ ਸਮੇਤ ਹੋਰ 6 ਲੋਕਾਂ ’ਤੇ ਬਾਅਦ ’ਚ ਕਤਲ ਦੇ ਇਲਜ਼ਾਮ ਆਇਦ ਕੀਤੇ ਗਏ।
ਉਨ੍ਹਾਂ ’ਚੋਂ ਇੱਕ ਮੁਹੰਮਦ ਪਟੇਲ ਹਨ, ਜਿੰਨ੍ਹਾਂ ਨੂੰ ਬਾਅਦ ’ਚ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਪੁਲਿਸ ਅੱਗੇ ਸਾਰੀ ਕਹਾਣੀ ਬਿਆਨ ਕੀਤੀ ਅਤੇ ਦੱਸਿਆ ਕਿ ਉਸ ਰਾਤ ਪਿੱਛਾ ਕਰਨ ਦੇ ਨਾਲ-ਨਾਲ ਹੋਰ ਕੀ ਹੋਇਆ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਉਨਹਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸਾਕਿਬ ਦੀ ਕਾਰ ਨੂੰ ਟੱਕਰ ਮਾਰਨ ਬਾਰੇ ਪਿੱਛਾ ਕਰਨ ਦੌਰਾਨ ਰੇਹਾਨ ਅਤੇ ਰਈਸ ਦੀ ਫੋਨ ’ਤੇ ਆਪਸ ’ਚ ਗੱਲਬਾਤ ਹੋਈ ਸੀ।
ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲੈ ਜਾਂਦੀ ਪੁਲਿਸ
ਅਦਾਲਤ ’ਚ ਵਹੇ ਹੰਝੂ
ਸ਼ੁਕਰਵਾਰ, 4 ਅਗਸਤ 2023 ਦੇ ਤੀਜੇ ਪਹਿਰ 18 ਮਹੀਨੇ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਹੁਸੈਨ ਅਤੇ ਹਾਸ਼ਿਮ ਦੋਵਾਂ ਦੇ ਪਰਿਵਾਰਾਂ ਨੂੰ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਸੀ।
ਜਿਊਰੀ ਨੇ 28 ਘੰਟਿਆਂ ਤੋਂ ਵੱਧ ਸਮੇਂ ਤੱਕ ਇਸ ਮਾਮਲੇ ’ਚ ਬਹਿਸ ਕੀਤੀ।
ਉਸ ਦਿਨ ਦੇ ਸ਼ੁਰੂ ’ਚ ਮਹਿਕ ਲੀਸਟਰ ਕਰਾਊਨ ਕੋਰਟ ਦੇ ਬਾਹਰ ਪੱਤਰਕਾਰਾਂ ਨੂੰ ਵੇਖ ਕੇ ਹੱਸੀ ਅਤੇ ਉਨ੍ਹਾਂ ਨੇ ਹੱਥ ਹਿਲਾਇਆ।
ਪਰ ਇਹ ਆਤਮ ਵਿਸ਼ਵਾਸ ਜ਼ਿਆਦਾ ਸਮੇਂ ਤੱਕ ਨਾ ਟਿੱਕ ਸਕਿਆ। ਜਦੋਂ ਜਿਊਰੀ ਨੇ ਮਾਂ-ਧੀ ਨੂੰ ਦੁਹਰੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਤਾਂ ਉਹ ਰੋ ਪਏ।
ਮਹਿਕ ਅਤੇ ਅਨਸਰੀਨ ਬੁਖ਼ਾਰੀ ਤੋਂ ਇਲਾਵਾ ਇਸ ਮਾਮਲੇ ’ਚ ਰੇਹਾਨ ਕਾਰਵਾਨ ਅਤੇ ਰਈਸ ਜਮਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਗੈਰ ਇਰਾਦਤਨ ਕਤਲ ਦੇ ਜੁਰਮ ’ਚ ਜਿੰਨ੍ਹਾਂ 3 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ’ਚ ਅਮੀਰ ਜਮਾਲ, ਨਤਾਸ਼ਾ ਅਖ਼ਤਰ ਅਤੇ ਸਨਾਫ਼ ਗੁਲ ਮੁਸਤਫ਼ਾ ਸ਼ਾਮਲ ਹਨ।
ਨਤਾਸ਼ਾ ਨੂੰ 11 ਸਾਲ, ਅਮੀਰ ਨੂੰ 14 ਸਾਲ 8 ਮਹੀਨੇ ਅਤੇ ਸਨਾਫ਼ ਗੁਲ ਮੁਸਤਫ਼ਾ ਨੂੰ 14 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਪੀੜਤ ਪਰਿਵਾਰ
ਫੈਸਲੇ ਤੋਂ ਬਾਅਦ ਸਾਕਿਬ ਦੇ ਕਜ਼ਨ ਆਦਿਲ ਬਹਾਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮੋੜ ਤੱਕ ਪਹੁੰਚਣ ਲਈ ਉਨ੍ਹਾਂ ਦੇ ਪਰਿਵਾਰ ਨੂੰ ਕਿਹੜੇ ਦੁੱਖ-ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਉਹ ਹਰ ਰੋਜ਼ ਉਨ੍ਹਾਂ ਨੂੰ ਯਾਦ ਕਰਦੇ ਹਨ।
“ਜਦੋਂ ਅਸੀਂ ਅਦਾਲਤ ’ਚ ਬੈਠੈ ਸੀ ਅਤੇ ਜੱਜ ਨੇ ਕਿਹਾ ਕਿ ਜਿਊਰੀ ਇੱਕ ਫੈਸਲੇ ’ਤੇ ਪਹੁੰਚ ਗਈ ਹੈ ਤਾਂ ਉਸ ਸਮੇਂ ਮੇਰਾ ਦਿਲ ਟੁੱਟਿਆ ਮਹਿਸੂਸ ਕਰ ਰਿਹਾ ਸੀ।”
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਉਸ ਨੂੰ ਵਾਪਸ ਲਿਆਉਣ ਲਈ ਕੁਝ ਵੀ ਕਰਾਂਗਾ।
ਦੂਜੇ ਪਾਸੇ ਹਾਸ਼ਿਮ ਦੀ ਯਾਦ ’ਚ ਆਯੋੋਜਿਤ ਇੱਕ ਫੁੱਟਬਾਲ ਟੂਰਨਾਮੈਂਟ ’ਚ ਉਨ੍ਹਾਂ ਦੇ ਦੋਵੇਂ ਵੱਡੇ ਭਰਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਸਨਾਤਨ ਧਰਮ ਕੀ ਹੈ ਅਤੇ ਇਸ ਦਾ ਹਿੰਦੂਵਾਦ ਨਾਲ ਕੀ ਸਬੰਧ ਹੈ, ਕੀ ਕਹਿੰਦੇ ਹਨ ਮਾਹਰ
NEXT STORY