ਜੀ-20 ਸੰਮੇਲਨ ਲਈ ਦੁਨੀਆਂ ਦੇ ਮੋਹਰੀ ਮੁਲਕਾਂ ਦੇ ਮੁਖੀ ਭਾਰਤ ਆ ਰਹੇ ਹਨ। ਇਹ ਸੰਮੇਲਨ 8, 9 ਅਤੇ 10 ਸਤੰਬਰ ਨੂੰ ਹੋ ਰਿਹਾ ਹੈ, ਜਿਸ ਵਿੱਚ ਦੁਨੀਆਂ ਦੇ 19 ਦੇਸ਼ਾਂ ਸਣੇ, ਯੂਰਪੀ ਯੂਨੀਅਨ ਦੇ ਦੇਸ਼ ਸ਼ਾਮਿਲ ਹੋ ਰਹੇ ਹਨ।
ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਇੱਕ ਦਸੰਬਰ 2022 ਤੋਂ 30 ਨਵੰਬਰ 2023 ਤੱਕ ਲਈ ਮਿਲੀ ਹੈ।
ਭਾਰਤ ਨੇ ਇਸ ਸਾਲ ਸੰਮੇਲਨ ਦੀ ਥੀਮ ਰੱਖੀ ਹੈ, ‘ਵਸੁਧੈਵ ਕੁਟੰਬਕਮ’- ਜਿਸ ਦਾ ਮਤਲਬ ਹੈ, ‘ਇੱਕ ਧਰਤੀ, ਇੱਕ ਪਰਿਵਾਰ ਤੇ ਇੱਕ ਭਵਿੱਖ’।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇਸਾਂ ਦੇ ਗਰੁੱਪ ਦੀ ਪ੍ਰਧਾਨਗੀ ਦੇ ਭਾਰਤ ਲਈ ਫਾਇਦੇ ਗਿਣਵਾਉਂਦੇ ਹੋਏ ਕਿਹਾ ਸੀ, “ਜੀ-20 ਦੇਸਾਂ ਦੀ ਪ੍ਰਧਾਨਗੀ ਪੂਰੇ ਦੇਸ ਦੀ ਹੈ। ਇਹ ਮੌਕਾ ਹੈ ਕਿ ਭਾਰਤ ਬਾਰੇ ਪੂਰੀ ਦੁਨੀਆਂ ਨੂੰ ਦੱਸਿਆ ਜਾ ਸਕੇ।''''
''''ਪੂਰੀ ਦੁਨੀਆਂ ਦੀ ਉਤਸੁਕਤਾ ਤੇ ਧਿਆਨ ਭਾਰਤ ਦੀ ਪ੍ਰਧਾਨਗੀ ਵੱਲ ਹੈ। ਇਹ ਪ੍ਰਧਾਨਗੀ ਭਾਰਤ ਵਿੱਚ ਸੈਰ-ਸਪਾਟੇ ਅਤੇ ਸਥਾਨਕ ਅਰਥਚਾਰੇ ਲਈ ਨਵੇਂ ਮੌਕੇ ਲੈ ਕੇ ਆਵੇਗੀ।”
ਭਾਰਤ ''ਚ ਜੀ-20 ਸੰਮੇਲਨ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਤੇ ਹਰ ਰੋਜ਼ ਕੌਮੀ ਰਾਜਧਾਨੀ ਦਿੱਲੀ ਦੀ ਖੂਬਸੂਰਤੀ, ਸਜਾਵਟ, ਸਾਫ਼-ਸਫ਼ਾਈ ਤੇ ਸੁਰੱਖਿਆ ਪ੍ਰਬੰਧਾਂ ਆਦਿ ਦੀਆਂ ਖ਼ਬਰਾਂ ਤੇ ਦ੍ਰਿਸ਼ ਮੀਡੀਆ ਅਤੇ ਸੋਸ਼ਲ ਮੀਡੀਆ ''ਤੇ ਦੇਖਣ ਨੂੰ ਮਿਲ ਰਹੇ ਹਨ।
ਇਸ ਸਭ ਦੇ ਵਿਚਕਾਰ ਭਾਰਤ ''ਚ ਜੀ-20 ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਹੋਰ ਮੁੱਦੇ ''ਤੇ ਵੀ ਚਰਚਾ ਹੋ ਰਹੀ ਹੈ।
ਰਿਪੋਰਟਾਂ ਹਨ ਕਿ ਭਾਰਤੀ ਰਾਜਧਾਨੀ ਦਿੱਲੀ ਨੂੰ ਖ਼ੂਬਸੂਰਤ ਦਿਖਾਉਣ ਲਈ ਸ਼ਹਿਰ ਵਿੱਚ ਕੁਝ ਥਾਵਾਂ ''ਤੇ ਝੁੱਗੀਆਂ-ਝੌਂਪੜੀਆਂ ਤੋੜੀਆਂ ਗਈਆਂ ਹਨ।
ਅੰਤਰਰਾਸ਼ਟਰੀ ਮੀਡੀਆ ''ਚ ਕਈ ਅਜਿਹੀਆਂ ਰਿਪੋਰਟਾਂ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਦੇ ਤੋਂ ਪਹਿਲਾਂ ਦਿੱਲੀ ਵਿੱਚ ਝੁੱਗੀਆਂ-ਝੌਂਪੜੀਆਂ ਵਾਲੀਆਂ ਬਸਤੀਆਂ ''ਤੇ ਬੁਲਡੋਜ਼ਰ ਚਲਾਇਆ ਗਿਆ ਹੈ, ਕਈ ਬਸਤੀਆਂ ਨੂੰ ਰੰਗੀਨ ਪਰਦਿਆਂ ਨਾਲ ਢਕ ਦਿੱਤਾ ਗਿਆ ਅਤੇ ਇੱਥੋਂ ਤੱਕ ਕਿ ਅਵਾਰਾ ਕੁੱਤਿਆਂ ਨੂੰ ਵੀ ਫੜ੍ਹਿਆ ਗਿਆ ਹੈ।
ਆਓ ਜਾਣਦੇ ਹਾਂ ਕਿ ਅੰਤਰਰਾਸ਼ਟਰੀ ਮੀਡੀਆ ਵਿੱਚ ਇਸ ਬਾਰੇ ਕੀ-ਕੀ ਰਿਪੋਰਟਾਂ ਛਪ ਰਹੀਆਂ ਹਨ ਅਤੇ ਭਾਰਤ ਸਰਕਾਰ ਨੇ ਇਸ ਉੱਤੇ ਕੀ ਜਵਾਬ ਦਿੱਤਾ ਹੈ...
ਲਗਭਗ 300,000 ਰੇਹੜੀ-ਫੜੀ ਵਾਲਿਆਂ ਨੂੰ ਹਟਾਇਆ - ਦਿ ਗਾਰਡੀਅਨ
ਦਿ ਗਾਰਡੀਅਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦਿੱਲੀ ਦੀਆਂ ਸੜਕਾਂ ਅਤੇ ਅੰਡਰਪਾਸਾਂ ਹੇਠਾਂ ਰਹਿੰਦੇ ਗਰੀਬ ਪਰਿਵਾਰ ਹੁਣ ਇਨ੍ਹਾਂ ਥਾਵਾਂ ਤੋਂ ਚਲੇ ਗਏ ਹਨ।
ਇਸ ਦੇ ਨਾਲ ਅਕਸਰ ਹੀ ਸੜਕਾਂ ਤੇ ਗਲ਼ੀਆਂ ''ਚ ਨਜ਼ਰ ਆਉਂਦੇ ਕੁੱਤੇ ਵੀ ਨਜ਼ਰ ਨਹੀਂ ਆ ਰਹੇ।
ਰਿਪੋਰਟ ਮੁਤਾਬਕ, ਕੇਂਦਰੀ ਸ਼ਹਿਰ ਦੀਆਂ ਮੁੱਖ ਸੜਕਾਂ ਨੇੜਿਓਂ ਝੁੱਗੀ-ਝੌਂਪੜੀਆਂ ਅਤੇ ਗੈਰ-ਅਧਿਕਾਰਿਤ ਰਿਹਾਇਸ਼ਾਂ ''ਤੇ ਬੋਲਡੋਜ਼ਰ ਚਲਾ ਦਿੱਤਾ ਗਿਆ ਹੈ ਅਤੇ ਲਗਭਗ 300,000 ਰੇਹੜੀ-ਫੜੀ ਵਾਲਿਆਂ ਨੂੰ ਵੀ ਹਟਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਥਾਂ ਫੁੱਲ ਬੂਟੇ ਸਜਾ ਦਿੱਤੇ ਗਏ ਹਨ।
ਖ਼ਬਰ ਵਿੱਚ ਕਿਹਾ ਗਿਆ ਹੈ ਕਿ ਆਉਂਦੇ ਦਿਨਾਂ ਵਿੱਚ, ਮੁੱਖ ਸਥਾਨਾਂ ਦੇ ਬਾਹਰ ਕਈ ਲੋਕ ਤੈਨਾਤ ਰਹਿਣਗੇ ਅਤੇ ਲੰਗੂਰਾਂ ਦੀਆਂ ਅਵਾਜ਼ਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਜਾਨਵਰ, ਖਾਸ ਕਰਕੇ ਬਾਂਦਰ ਹਾਈ ਪ੍ਰੋਫਾਈਲ ਮਹਿਮਾਨਾਂ ਨੂੰ ਪ੍ਰੇਸ਼ਾਨ ਨਾ ਕਰਨ।
ਬਸਤੀਆਂ ਨੂੰ ਸਫੇਦ ਅਤੇ ਹਰੇ ਪਰਦਿਆਂ ਨਾਲ ਢਕਿਆ ਗਿਆ - ਦਿ ਨਿਊ ਯਾਰਕ ਟਾਈਮਜ਼
ਇਸੇ ਤਰ੍ਹਾਂ ਦਿ ਨਿਊ ਯਾਰਕ ਟਾਈਮਜ਼ ਲਿਖਦਾ ਹੈ ਕਿ ਇਸ ਵੱਡੇ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ, ਭਾਰਤ ਨੇ ਮਹਿਮਾਨਾਂ ਦੇ ਆਰਾਮ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ।
ਇਸ ਰਿਪੋਰਟ ਵਿੱਚ ਜਿਥੇ ਡੇਂਗੂ ਆਦਿ ਦੀ ਰੋਕਥਾਮ ਲਈ ਕੀਤੇ ਉਪਰਾਲਿਆਂ ਦੀ ਗੱਲ ਕੀਤੀ ਗਈ ਹੈ, ਉੱਥੇ ਨਾਲ ਹੀ ਅਜਿਹੀਆਂ ਵੀਡੀਓਜ਼ ਦੀ ਗੱਲ ਵੀ ਕੀਤੀ ਹੈ, ਜਿਨ੍ਹਾਂ ਵਿੱਚ ਅਵਾਰਾ ਕੁੱਤਿਆਂ ਨੂੰ ਬੇਰਹਿਮੀ ਨਾਲ ਘੜੀਸਣ ਦੇ ਦਾਅਵੇ ਹਨ।
ਨਿਊ ਯਾਰਕ ਟਾਈਮਜ਼ ਮੁਤਾਬਕ, ਭਾਰਤ ਸਰਕਾਰ ਨੇ ਦਿੱਲੀ ਵਿੱਚ ਝੁੱਗੀਆਂ-ਝੌਂਪੜੀਆਂ ਤੇ ਗੈਰ-ਕਾਨੂੰਨੀ ਇਮਾਰਤਾਂ ਆਦਿ ਨੂੰ ਢਾਹ ਦਿੱਤਾ ਹੈ, ਜਦਕਿ ਮੁੰਬਈ ਤੇ ਵਿਸ਼ਾਖਾਪਟਨਮ ਵਿੱਚ ਬਸਤੀਆਂ ਨੂੰ ਸਫੇਦ ਅਤੇ ਹਰੇ ਪਰਦਿਆਂ ਨਾਲ ਢਕ ਦਿੱਤਾ ਗਿਆ ਹੈ।
ਸਮਾਜਿਕ ਕਾਰਕੁਨਾਂ ਦੁਆਰਾ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਸਰਕਾਰ ''ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਜੀ20 ਨੂੰ ਇੱਕ ਹਥਿਆਰ ਵਜੋਂ ਵਰਤਿਆ ਹੈ ਤਾਂ ਜੋ ਆਮ ਲੋਕਾਂ ਦੀ "ਮੁੱਢਲੀ ਰੋਜ਼ੀ-ਰੋਟੀ ਅਤੇ ਅਧਿਕਾਰਾਂ ਨੂੰ ਖੋਹਿਆ ਜਾ ਸਕੇ"।
ਹਾਲਾਂਕਿ ਨਿਊ ਯਾਰਕ ਟਾਈਮਜ਼ ਦੀ ਇਸੇ ਰਿਪੋਰਟ ਵਿੱਚ ਭਾਜਪਾ ਦੇ ਬੁਲਾਰੇ, ਟੌਮ ਵਡੱਕਨ ਦੇ ਜਵਾਬ ਬਾਰੇ ਵੀ ਦੱਸਿਆ ਗਿਆ ਹੈ।
ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਬੁਲਡੋਜ਼ਰ ਵਾਲੀ ਇਸ ਕਾਰਵਾਈ ਦਾ ਜੀ-20 ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਸਰਕਾਰ ਬੇਘਰਾਂ ਨੂੰ ਘਰ ਮੁੱਹਈਆ ਕਰਾਉਣ ਵਿੱਚ ਵੀ ਲੱਗੀ ਹੋਈ ਹੈ।
ਅਖ਼ਬਾਰ ਨੇ ਅਜਿਹੀ ਹੀ ਬਸਤੀ ਦੇ ਇੱਕ ਵਸਨੀਕ ਤੇ ਦਿਹਾੜੀਦਾਰ ਮਜ਼ਦੂਰੀ ਕਰਨ ਦਾ ਹਵਾਲਾ ਵੀ ਦਿੱਤਾ ਹੈ। ਜੋ ਇੱਕ ਤਸਵੀਰ ਦਿਖਾਉਂਦੇ ਹਨ, ਜਿਸ ਵਿਚ ਉਹ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਸਾਹਮਣੇ ਮੋਦੀ ਨਾਲ ਆਪਣੀ ਤਸਵੀਰ ਦਿਖਾਉਂਦੇ ਹਨ।
ਉਹ ਕਹਿੰਦੇ ਹਨ, ''''ਸਾਲ ਦੀ ਸ਼ੁਰੂਆਤ ਵਿੱਚ, ਸਥਾਨਕ ਮਿਊਂਸੀਪਲ ਚੋਣਾਂ ਤੋਂ ਇੱਕਦਮ ਪਹਿਲਾਂ ਭਾਜਪਾ ਦੇ ਕੁਝ ਵਰਕਰ ਸੋਨੂੰ ਇੱਕ ਬੱਸ ''ਚ ਭਰ ਕੇ ਲੈ ਗਏ ਅਤੇ ਕਿਹਾ ਕਿ ਚੋਣਾਂ ਤੋਂ ਬਾਅਦ ਸਾਨੂੰ ਇਹ ਘਰ ਦਿੱਤੇ ਜਾਣਗੇ।''''
''''ਫਿਰ ਸਾਨੂੰ ਪ੍ਰਧਾਨ ਮੰਤਰੀ ਮੋਦੀ ਦੇ ਇੱਕ ਕਟ-ਆਊਟ ਨਾਲ ਤਸਵੀਰ ਖਿਚਵਾਉਣ ਲਈ ਕਿਹਾ। ਹੁਣ ਸਾਡੇ ਘਰਾਂ ਨੂੰ ਢਾਹ ਦਿੱਤਾ ਗਿਆ ਹੈ, ਪਰ ਉਹ ਘਰ ਕਿੱਥੇ ਹਨ, ਜਿਨ੍ਹਾਂ ਦਾ ਵਾਅਦਾ ਸਾਡੇ ਨਾਲ ਕੀਤਾ ਗਿਆ ਸੀ?''''
ਇਸ ਦਾ ਉਦੇਸ਼ ਜੀ-20 ਲਈ ਇਲਾਕੇ ਨੂੰ ਖੂਬਸੂਰਤ ਦਿਖਾਉਣਾ - ਰਾਈਟਰਜ਼
ਖ਼ਬਰ ਏਜੰਸੀ ਰਾਈਟਰਜ਼ ਨੇ ਵੀ ਇਸ ਪੂਰੇ ਮੁੱਦੇ ''ਤੇ ਇੱਕ ਵੱਡੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰਿਪੋਰਟ ਵਿੱਚ ਏਜੰਸੀ ਨੇ ਉਨ੍ਹਾਂ ਥਾਵਾਂ ਦੀ ਜਾਣਕਾਰੀ ਦਿੱਤੀ ਹੈ, ਜਿੱਥੇ ਬੁਲਡੋਜ਼ਰ ਵਾਲੀ ਕਾਰਵਾਈ ਹੋਈ ਹੈ।
ਇਸ ਦੇ ਨਾਲ ਹੀ ਏਜੰਸੀ ਨੇ ਕੁਝ ਲੋਕਾਂ ਦੇ ਹਵਾਲੇ ਵੀ ਆਪਣੀ ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤੇ ਹਨ।
ਰਿਪੋਰਟ ਕਹਿੰਦੀ ਹੈ ਕਿ ਜੀ-20 ਸਮਾਗਮ ਵਾਲੀ ਥਾਂ ਤੋਂ ਲਗਭਗ 500 ਮੀਟਰ ਦੀ ਦੂਰੀ ''ਤੇ ਜਨਤਾ ਕੈਂਪ ਇਲਾਕੇ ਦੇ ਲੋਕਾਂ ਨੂੰ ਉਮੀਦ ਸੀ ਕਿ ਇਸ ਸਮਾਗਮ ਦਾ ਉਨ੍ਹਾਂ ਨੂੰ ਵੀ ਫਾਇਦਾ ਹੋਵੇਗਾ ਪਰ ਉਨ੍ਹਾਂ ਨੂੰ ਤਾਂ ਬੇਘਰ ਹੀ ਕਰ ਦਿੱਤਾ ਗਿਆ।
ਰਾਈਟਰਜ਼ ਮੁਤਾਬਕ, ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਰਹਿੰਦੇ ਲੋਕਾਂ ਦੇ ਘਰ ਢਾਹੇ ਜਾ ਰਹੇ ਹਨ ਅਤੇ ਇਸ ਦਾ ਉਦੇਸ਼ ਜੀ-20 ਲਈ ਇਲਾਕੇ ਨੂੰ ਖੂਬਸੂਰਤ ਦਿਖਾਉਣ ਹੈ।
ਇੱਥੇ ਧਰਮਿੰਦਰ ਕੁਮਾਰ, ਖੁਸ਼ਬੂ ਦੇਵੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦਾ ਵੀ ਜ਼ਿਕਰ ਹੈ, ਜਿਨ੍ਹਾਂ ਦਾ ਘਰ ਵੀ ਇਸ ਕਾਰਵਾਈ ਦੀ ਮਾਰ ਹੇਠ ਆ ਗਿਆ।
ਹਾਲਾਂਕਿ, ਸਰਕਾਰ ਮੁਤਾਬਕ ਇਹ ਕਾਰਵਾਈ ਗੈਰ-ਕਾਨੂੰਨੀ ਇਮਾਰਤਾਂ ''ਤੇ ਕੀਤੀ ਗਈ ਹੈ ਅਤੇ ਇਹ ਪਹਿਲਾਂ ਤੋਂ ਹੋ ਰਹੀ ਹੈ।
ਰਾਈਟਰਜ਼ ਦੀ ਇਸ ਖ਼ਬਰ ਨੂੰ ਪਾਕਿਸਤਾਨ ਦੇ ਅਖ਼ਬਾਰ ਡਾਨ ਨੇ ਵੀ ਪ੍ਰਕਾਸ਼ਿਤ ਕੀਤਾ ਹੈ।
ਜੀ-20 ਗਰੁੱਪ ਬਾਰੇ ਖ਼ਾਸ ਗੱਲਾਂ:
- ਜੀ-20 ਗਰੁੱਪ ਦੀ ਸਥਾਪਨਾ 1999 ਵਿੱਚ ਹੋਈ ਸੀ।
- ਜੀ-20 ਮੈਂਬਰ ਦੇਸਾਂ ਦੀ ਕੁੱਲ ਜੀਡੀਪੀ ਦੁਨੀਆਂ ਦੀ 85 ਫੀਸਦ ਜੀਡੀਪੀ ਦੇ ਬਰਾਬਰ ਹੈ।
- ਸਾਲ 2009 ਵਿੱਚ ਇਸ ਨੂੰ ‘ਕੌਮਾਂਤਰੀ ਆਰਥਿਕ ਸਹਿਯੋਗ ਦਾ ਪ੍ਰੀਮੀਅਮ ਫੋਰਮ’ ਕਰਾਰ ਦਿੱਤਾ ਗਿਆ।
- ਜੀ-20 ਦੇਸ਼ਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ 9-10 ਸਤੰਬਰ ਨੂੰ ਹੋਵੇਗੀ।
- ਸਾਲ 2024 ਲਈ ਜੀ-20 ਗਰੁੱਪ ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਦਿੱਤੀ ਗਈ ਹੈ।
ਗਰੀਬਾਂ ਨੂੰ ਲੁਕਾਉਣ ਦੀ ਕੋਸ਼ਿਸ਼ - ਫ੍ਰੀ ਪ੍ਰੈੱਸ ਜਰਨਲ
ਇਸੇ ਤਰ੍ਹਾਂ ਫ੍ਰੀ ਪ੍ਰੈੱਸ ਜਰਨਲ ਦੀ ਰਿਪੋਰਟ ਕਹਿੰਦੀ ਹੈ ਕਿ ਜੀ-20 ਦੇ ਚੱਲਦਿਆਂ ਭਾਰਤ ਸਰਕਾਰ ਰਾਸ਼ਟਰੀ ਰਾਜਧਾਨੀ ਦੇ ਸਾਰੇ ਨਿਰਮਾਣ ਅਧੀਨ ਕੰਮਾਂ ਅਤੇ ਗਰੀਬ ਇਲਾਕਿਆਂ ਨੂੰ ਗ੍ਰੀਨ ਨੈੱਟ ਨਾਲ ਢਕ ਦਿੱਤਾ ਹੈ।
ਰਿਪੋਰਟ ਦਾ ਦਾਅਵਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਵਿਦੇਸ਼ੀ ਆਗੂਆਂ ਅਤੇ ਮਹਿਮਾਨਾਂ ਤੋਂ ਅਜਿਹੀਆਂ ਥਾਵਾਂ ਨੂੰ ਲੁਕਾਇਆ ਜਾ ਸਕੇ।
ਰਿਪੋਰਟ ਇਹ ਵੀ ਕਹਿੰਦੀ ਹੈ ਕਿ ਸਰਕਾਰ ਰਾਸ਼ਟਰੀ ਰਾਜਧਾਨੀ ਵਿੱਚ ਗਰੀਬਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਨੂੰ ਲੈ ਕੇ ਲੋਕ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
ਝੁੱਗੀ-ਝੌਂਪੜੀਆਂ ਨੂੰ ਲੋਹੇ ਦੀਆਂ ਵੱਡੀਆਂ ਚਾਦਰਾਂ ਨਾਲ ਢੱਕਿਆ ਗਿਆ ਹੈ, ਜਿਨ੍ਹਾਂ ''ਤੇ ਕਲਾਕਾਰੀ ਕੀਤੀ ਗਈ ਹੈ।
ਦਿੱਲੀ ਹਵਾਈ ਅੱਡੇ ਅਤੇ ਸਮਾਗਮ ਵਾਲੀ ਥਾਂ ਦੇ ਵਿਚਕਾਰ ਜਿਹੜੀਆਂ ਝੁੱਗੀਆਂ-ਝੌਂਪੜੀਆਂ ਪੈਂਦੀਆਂ ਹਨ, ਉਨ੍ਹਾਂ ''ਤੇ ਪਰਦਾ ਪਾ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ, ਅਜਿਹੀਆਂ ਖਬਰਾਂ ਹਨ ਕਿ ਰਾਸ਼ਟਰੀ ਰਾਜਧਾਨੀ ਦੇ ਸੁੰਦਰੀਕਰਨ ਦੇ ਨਾਂ ਹੇਠ ਕਈ ਲੋਕਾਂ ਨੂੰ ਇਲਾਕੇ ਤੋਂ ਉਜਾੜ ਦਿੱਤਾ ਗਿਆ ਹੈ।
ਘਰਾਂ ''ਤੇ ਚੱਲੇ ਬੁਲਡੋਜ਼ਰ - ਸੀਐਨਐਨ
ਸੀਐਨਐਨ ਆਪਣੀ ਰਿਪੋਰਟ ''ਚ 56 ਸਾਲਾ ਜਯੰਤੀ ਦੇਵੀ ਦੀ ਕਹਾਣੀ ਦੱਸਦਾ ਹੈ।
ਰਿਪੋਰਟ ਮੁਤਾਬਕ, ਆਪਣੇ ਘਰ ਦਾ ਬਚਿਆ-ਖੁਚਿਆ ਸਮਾਂ ਸੰਭਾਲਦੇ ਹੋਏ ਜਯੰਤੀ ਦੇਵੀ ਕਹਿੰਦੇ ਹਨ,''''ਅਸੀਂ ਬਹੁਤ ਡਰੇ ਹੋਏ ਸੀ। ਉਨ੍ਹਾਂ ਨੇ ਸਭ ਕੁਝ ਤਬਾਹ ਕਰ ਦਿੱਤਾ। ਸਾਡੇ ਕੋਲ ਕੁਝ ਵੀ ਨਹੀਂ ਬਚਿਆ।''''
ਰਿਪੋਰਟ ਦੱਸਦੀ ਹੈ ਕਿ ਪਿਛਲੇ 30 ਸਾਲਾਂ ਤੋਂ ਜਯੰਤੀ ਦੇਵੀ ਦਾ ਘਰ ਇੱਕ ਖੁੱਲ੍ਹੇ ਸੀਵਰੇਜ ਦੇ ਨਾਲੇ ਦੇ ਕੋਲ ਸੀ, ਜੋ ਪ੍ਰਗਤੀ ਮੈਦਾਨ ਕੰਪਲੈਕਸ ਦੇ ਸਾਹਮਣੇ ਹੈ। ਇਸੇ ਪ੍ਰਗਤੀ ਮੈਦਾਨ ਵਿੱਚ ਜੀ-20 ਦੇ ਸਮਾਗਮ ਹੋਣੇ ਹਨ।
ਇਸ ਰਿਪੋਰਟ ਵਿੱਚ ਤੁਗਲਕਾਬਾਦ ਇਲਾਕੇ ਵਿੱਚ ਵੀ ਇਮਾਰਤਾਂ ਢਾਹੇ ਜਾਣ ਦੀ ਜਾਣਕਾਰੀ ਹੈ।
ਭਾਰਤ ਸਰਕਾਰ ਦਾ ਕੀ ਹੈ ਜਵਾਬ
ਰਾਜਧਾਨੀ ਦਿੱਲੀ ਵਿੱਚ ਝੁੱਗੀਆਂ-ਬਸਤੀਆਂ ''ਤੇ ਚੱਲ ਰਹੀ ਕਾਰਵਾਈ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਹ ਸਭ ਕਾਰਵਾਈ ਪਹਿਲਾਂ ਤੋਂ ਚੱਲ ਰਹੀ ਹੈ ਅਤੇ ਇਸ ਦਾ ਜੀ-20 ਨਾਲ ਕੁਝ ਲੈਣਾ-ਦੇਣਾ ਨਹੀਂ ਹੈ।
ਸਰਕਾਰ ਦਾ ਪੱਖ ਹੈ ਕਿ ਇਹ ਕਾਰਵਾਈ ਸ਼ਹਿਰ ਵਿੱਚ ਕਈ ਥਾਵਾਂ ''ਤੇ ਗ਼ੈਰ-ਕਾਨੂੰਨੀ ਨਿਰਮਾਣ ''ਤੇ ਕੀਤੀ ਗਈ ਹੈ ਅਤੇ ਇਸ ਦਾ ਉਦੇਸ਼ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣਾ ਹੈ।
ਖ਼ਬਰ ਏਜੰਸੀ ਰਾਈਟਰਜ਼ ਮੁਤਾਬਕ, ਜੁਲਾਈ ਵਿੱਚ ਹਾਊਸਿੰਗ ਅਤੇ ਅਰਬਨ ਅਫੇਅਰਜ਼ ਮਾਮਲਿਆਂ ਦੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ਸੰਸਦ ਨੂੰ ਦੱਸਿਆ ਸੀ ਕਿ ਰਾਸ਼ਟਰੀ ਰਾਜਧਾਨੀ ਵਿੱਚ 1 ਅਪ੍ਰੈਲ ਤੋਂ 27 ਜੁਲਾਈ ਦੇ ਵਿਚਕਾਰ 49 ਵਾਰ ਬੁਲਡੋਜ਼ਰ ਵਾਲੀ ਕਾਰਵਾਈ ਕੀਤੀ ਗਈ, ਜਿਸ ਵਿੱਚ ਲਗਭਗ 230 ਏਕੜ ਸਰਕਾਰੀ ਜ਼ਮੀਨ ਨੂੰ ਖਾਲੀ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ, ''''ਜੀ-20 ਸਮਿਟ ਲਈ ਖੂਬਸੂਰਤੀ ਨੂੰ ਵਧਾਉਣ ਦੇ ਉਦੇਸ਼ ਨਾਲ ਕਿਸੇ ਵੀ ਘਰ ਨੂੰ ਨਹੀਂ ਤੋੜਿਆ ਗਿਆ।''''
ਪੀਆਈਬੀ ਦਾ ਫੈਕਟ ਚੈਕ
ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਨੇ ਕੁਝ ਦਾਅਵਿਆਂ ਨੂੰ ਝੂਠਾ ਵੀ ਕਰਾਰ ਦਿੱਤਾ ਹੈ।
ਆਪਣੇ ਅਧਿਕਾਰਿਤ ਐਕਸ ਅਕਾਊਂਟ ''ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਪੀਆਈਬੀ ਨੇ ਉਸ ਤਸਵੀਰ ਨੂੰ ਸਾਂਝਾ ਕੀਤਾ ਜਿਸ ਵਿੱਚ ਕਿਸੇ ਬਸਤੀ ਵਾਲੇ ਇਲਾਕੇ ਨੂੰ ਹਰੇ ਪਰਦੇ ਨਾਲ ਢਕਿਆ ਹੋਇਆ ਦਿਖਾਇਆ ਗਿਆ ਹੈ।
ਪੀਆਈਬੀ ਨੇ ਕਿਹਾ ਹੈ ਕਿ ਇਸ ਤਸਵੀਰ ਨੂੰ ਸੋਸ਼ਲ ਮੀਡੀਆ ''ਤੇ ਇਹ ਕਹਿ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਇਹ ਜੀ-20 ਸੰਮੇਲਨ ਦੌਰਾਨ ਦਿੱਲੀ ਦੀ ਹੈ, ਪਰ ਇਹ ਜਾਣਕਾਰੀ ਗਲਤ ਹੈ।
ਪੀਆਈਬੀ ਮੁਤਾਬਕ, ''''ਇਹ ਇੱਕ ਪੁਰਾਣੀ ਤਸਵੀਰ ਹੈ, ਜੋ ਮੁੰਬਈ ਦੀ ਹੈ ਨਾ ਕਿ ਦਿੱਲੀ ਦੀ।''''
ਇਸ ਦੇ ਨਾਲ ਹੀ ਪੀਆਈਬੀ ਨੇ ਸੀਐਨਐਨ ਦੀ ਰਿਪੋਰਟ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੂੰ ਵੀ ਫੇਕ ਜਾਣਕਾਰੀ ਕਰਾਰ ਦਿੱਤਾ।
ਯੂਨਿਟ ਨੇ ਲਿਖਿਆ, ''''ਸੀਐਨਐਨ ਦੀ, ਜੀ-20 ਮੌਕੇ ਦਿੱਲੀ ਵਿੱਚ ਨਜ਼ਾਇਜ ਕਬਜ਼ਿਆਂ ਬਾਰੇ ਇਹ ਰਿਪੋਰਟ ਗੁਮਰਾਹ ਕਰਨ ਵਾਲੀ ਹੈ।''''
''''ਇਨਕਰੋਚਮੈਂਟ ਦੀ ਕਾਰਵਾਈ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਹੈ ਅਤੇ ਤੁਗਲਕਾਬਾਦ ਇਲਾਕੇ ਵਿੱਚ ਇਮਾਰਤਾਂ ਢਾਹੇ ਜਾਣ ਦਾ ਜੀ-20 ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਤਾਂ ਸਮਾਗਮ ਵਾਲੀ ਥਾਂ ਦੇ ਨੇੜੇ ਵੀ ਨਹੀਂ ਹੈ।''''

''ਮੈਂ ਮਰ ਜਾਵਾਂਗੀ, ਪਰ ਭੱਜਾਂਗੀ ਨਹੀ...''ਹਾਈਜੈਕਰਾਂ ਹੱਥੋਂ 300 ਤੋਂ ਵੱਧ ਜਾਨਾਂ ਬਚਾਉਣ ਵਾਲੀ ਨੀਰਜਾ...
NEXT STORY