ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ‘ਇੰਡੀਆ’ ਗਠਜੋੜ ਦੇ ਅਹਿਮ ਹਿੱਸੇਦਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਪੰਜਾਬ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ।
ਕੌਮੀ ਮੰਚ ਉੱਤੇ ਦੋਹਾਂ ਪਾਰਟੀਆਂ ਦੇ ਆਗੂ ਇੱਕ ਮੰਚ ਉੱਤੇ ਨਜ਼ਰ ਆਉਂਦੇ ਹਨ ਤਾਂ ਪੰਜਾਬ ਵਿੱਚ ਦੋਵਾਂ ਵਿਚਾਲੇ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਦੋਵੇਂ ਹੀ ਪਾਰਟੀਆਂ ਦੇ ਆਗੂ ਪੰਜਾਬ ਵਿੱਚ ਇੱਕ ਦੂਜੇ ਨਾਲ ਗਠਜੋੜ ਤੋਂ ਫਿਲਹਾਲ ਇਨਕਾਰ ਕਰ ਰਹੇ ਹਨ।
ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੰਜਾਬ ਵਿੱਚ ਦੋਹਾਂ ਹੀ ਪਾਰਟੀਆਂ ਦਾ ਸਿਆਸੀ ਭਵਿੱਖ ਕੀ ਹੋਵੇਗਾ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ।
ਪੰਜਾਬ ਕਾਂਗਰਸ ਦੇ ਆਗੂਆਂ ਦੇ ਵੱਖੋ-ਵੱਖਰੇ ਸੁਰ
ਆਮ ਆਦਮੀ ਪਾਰਟੀ (ਆਪ) ਨਾਲ 2024 ਦੀਆਂ ਲੋਕ ਸਭਾ ਚੋਣਾਂ ਇਕੱਠੇ ਲੜਨ ਲਈ ਗਠਜੋੜ ਬਾਰੇ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਸਾਰੇ ਵਿਵਾਦ ਖ਼ਤਮ ਕਰਨ ਅਤੇ ਪਾਰਟੀ ਹਾਈ ਕਮਾਂਡ ਦਾ ਕਹਿਣਾ ਮੰਨਣ ਦੀ ਅਪੀਲ ਕੀਤੀ ਹੈ।
ਆਪਣੇ ਟਵੀਟ ਵਿੱਚ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ਪਾਰਟੀ ਜੋ ਵੀ ਫ਼ੈਸਲਾ ਲਵੇਗੀ ਉਹ ਸੁਪਰੀਮ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ ਸਵਾਰਥ ਦੀ ਸਿਆਸਤ ਨੂੰ ਤਿਆਗਣਾ ਹੋਵੇਗਾ।
ਦੂਜੇ ਪਾਸੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਗਠਜੋੜ ਦੇ ਹੱਕ ਵਿੱਚ ਨਹੀਂ ਹਨ।
ਬਾਜਵਾ ਟਵੀਟ ਰਾਹੀਂ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੰਜਾਬ ਕਾਂਗਰਸ ਆਗਾਮੀ ਆਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦੇ ਮੂਡ ਵਿੱਚ ਨਹੀਂ ਹੈ।
ਬਾਜਵਾ ਨੇ ਲਿਖਿਆ ਹੈ, "ਪਿਛਲੇ 18 ਮਹੀਨਿਆਂ ਤੋਂ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਕਾਂਗਰਸ ਨਾਲ ਗਠਜੋੜ ਕਰਨ ਨੂੰ ਲੈ ਕੇ ਬੇਤਾਬ ਹੈ।"
ਉਨ੍ਹਾਂ ਆਖਿਆ ਕਿ ਪੰਜਾਬ ਕਾਂਗਰਸ ਦੇ ਕਿਸੇ ਵੀ ਆਗੂ ਨੇ ‘ਆਪ’ ਨਾਲ ਗਠਜੋੜ ਬਾਰੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਅਤੇ ਮੀਡੀਆ ਵਿੱਚ ਜੋ ਕੁਝ ਵੀ ਆ ਰਿਹਾ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਹੀ ਜਾਰੀ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸੂਬੇ ਵਿੱਚੋਂ ਆਪਣੀ ਸਿਆਸੀ ਜ਼ਮੀਨ ਗੁਆ ਚੁੱਕੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜਨ ਦੀ ਤਿਆਰੀਆਂ ਵਿੱਚ ਜੁਟੀ ਹੋਈ ਹੈ।
ਉਨ੍ਹਾਂ ਦਾ ਕਹਿਣਾ ਹੈ, "ਹਾਈਕਮਾਨ ਵੱਲੋਂ ਉਨ੍ਹਾਂ ਨੂੰ ਸੂਬੇ ਵਿੱਚ ਕਿਸੇ ਦੂਜੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਸਬੰਧੀ ਕੋਈ ਵੀ ਆਦੇਸ਼ ਨਹੀਂ ਦਿੱਤਾ।"
ਅਨਮੋਲ ਗਗਨ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ
ਗਠਜੋੜ ਨੂੰ ਲੈ ਕੇ ‘ਆਪ’ ਦੀ ਰਾਇ
ਪੰਜਾਬ ਦੀ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਅਨਮੋਲ ਗਗਨ ਮਾਨ ਨੇ ਕਿਹਾ ਹੈ, "ਸੂਬੇ ਵਿੱਚ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ‘ਤੇ ਆਮ ਆਦਮੀ ਪਾਰਟੀ ਇਕੱਲੀ ਚੋਣ ਲੜੇਗੀ ਅਤੇ ਜਿੱਤ ਹਾਸਲ ਕਰੇਗੀ।"
ਕੈਬਨਿਟ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਕੌਮੀ ਪੱਧਰ ‘ਤੇ ਸਭ ਦਾ ਇਕੱਠੇ ਹੋਣਾ ਜ਼ਰੂਰੀ ਹੈ ਪਰ ਪੰਜਾਬ ਵਿੱਚ ਕਾਂਗਰਸ ਨਾਲ ਪਾਰਟੀ ਦਾ ਕੋਈ ਗਠਜੋੜ ਨਹੀਂ ਹੋਵੇਗਾ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਕਾਂਗਰਸ ਨਾਲ ਮਿਲ ਚੋਣ ਲੜਨ ਤੋਂ ਨਾ ਇਨਕਾਰ ਕੀਤਾ ਹੈ ਅਤੇ ਨਾ ਹੀ ਹਾਂ ਕੀਤੀ।
ਉਨ੍ਹਾਂ ਆਖਿਆ, "ਆਪ ਨੇ ਪੰਜਾਬ ਵਿੱਚ ਆਪਣੇ ਦਮ ਉੱਤੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਅਸੀਂ ਸਰਕਾਰ ਬਣਾਉਣੀਆਂ ਵੀ ਜਾਣਦੇ ਹਾਂ ਅਤੇ ਚਲਾਉਣੀਆਂ ਵੀ।"
''ਆਪ'' ਅਤੇ ਕਾਂਗਰਸ ਦੇ ਪੰਜਾਬ ਵਿੱਚ ਕੀ ਹਨ ਸਮੀਕਰਨ
ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਕਾਂਗਰਸ ਸੂਬੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ।
ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਗਠਨ ਕੀਤਾ ਹੈ।
ਚੋਣਾਂ ਦੌਰਾਨ ਵੀ ''ਆਪ'' ਦਾ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਨਾਲ ਹੀ ਸੀ। ਚੋਣਾਂ ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਨਾ ਸਿਰਫ਼ ਕਾਂਗਰਸ ਆਗੂਆਂ ਅਤੇ ਸਾਬਕਾ ਮੰਤਰੀਆਂ ਖ਼ਿਲਾਫ਼ ਕਾਰਵਾਈ ਕੀਤੀ ਬਲਕਿ ਉਸ ਵਿੱਚ ਕਈਆਂ ਨੂੰ ਜੇਲ੍ਹ ਵੀ ਭੇਜਿਆ।
ਇਸ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਣ ਪ੍ਰਮੁੱਖ ਹਨ।
ਇੱਥੋਂ ਤੱਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵੀ ਪੰਜਾਬ ਵਿਜੀਲੈਂਸ ਪੁੱਛਗਿੱਛ ਕਰ ਚੁੱਕੀ ਹੈ।
ਜੇਕਰ 2019 ਦੀਆਂ ਆਮ ਚੋਣ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 13 ਸੀਟਾਂ ਵਿੱਚੋਂ ਕਾਂਗਰਸ 8 ਸੀਟਾਂ, ਬੀਜੇਪੀ 2 ਸੀਟਾਂ, ਸ਼੍ਰੋਮਣੀ ਅਕਾਲੀ ਦਲ 2 ਅਤੇ ਆਮ ਆਦਮੀ ਪਾਰਟੀ 1 ਸੀਟ ਉੱਤੇ ਕਾਬਜ਼ ਹੈ।
ਸਿਆਸੀ ਜਾਣਕਾਰਾਂ ਦੀ ਰਾਇ
ਪੰਜਾਬ ਵਿੱਚ ਦੋਹਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਗਠਜੋੜ ਨੂੰ ਲੈ ਕੇ ਪਏ ਰੱਫੜ ਬਾਰੇ ਬੀਬੀਸੀ ਨੇ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਮੁਹੰਮਦ ਖ਼ਾਲਿਦ ਨਾਲ ਗੱਲਬਾਤ ਕੀਤੀ।
ਪ੍ਰੋਫੈਸਰ ਖ਼ਾਲਿਦ ਮੁਤਾਬਕ, "ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਹਰਾ ਕੇ ਸੱਤਾ ਵਿੱਚ ਆਈ ਹੈ। ਇਸ ਤਰ੍ਹਾਂ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੀਆਂ ਵੋਟਾਂ ਨੂੰ ਖੋਰਾ ਲਗਾਉਣ ਦਾ ਕੰਮ ਕੀਤਾ।"
"ਅਜਿਹੇ ਵਿੱਚ ਜੇਕਰ ਦੋਹਾਂ ਪਾਰਟੀਆਂ ਦਾ ਗਠਜੋੜ ਹੁੰਦਾ ਹੈ ਤਾਂ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੀ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਕਾਂਗਰਸ ਦੇ ਕਈ ਆਗੂ ਜਾਂ ਤਾਂ ਪਾਰਟੀ ਛੱਡ ਸਕਦੇ ਹਨ ਅਤੇ ਜਾਂ ਫਿਰ ਚੋਣਾਂ ਤੋਂ ਲਾਂਭੇ ਹੋ ਕੇ ਘਰ ਬੈਠ ਸਕਦੇ ਹਨ।"
ਉਹ ਅੱਗੇ ਆਖਦੇ ਹਨ, "ਪਰ ਇਸ ਦੇ ਬਾਵਜੂਦ ਦੋਹਾਂ ਪਾਰਟੀਆਂ ਵਿੱਚ ਅੰਤਿਮ ਫ਼ੈਸਲਾ ਕੇਂਦਰੀ ਲੀਡਰਸ਼ਿਪ ਤੈਅ ਕਰੇਗੀ ਜਿਸ ਦੀ ਤਰਜ਼ਮਾਨੀ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕਰ ਚੁੱਕੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਫ਼ਾਇਦਾ ਤੀਜੀ ਧਿਰ ਖ਼ਾਸ ਤੌਰ ਉੱਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ ਪੰਜਾਬ ਵਿੱਚ ਹੋ ਸਕਦਾ ਹੈ।"
ਪ੍ਰੋਫੈਸਰ ਖ਼ਾਲਿਦ ਮੁਤਾਬਕ, "ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਹਰਾ ਕੇ ਸੱਤਾ ਵਿੱਚ ਆਈ ਹੈ। ਇਸ ਤਰ੍ਹਾਂ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੀਆਂ ਵੋਟਾਂ ਨੂੰ ਖੋਰਾ ਲਗਾਉਣ ਦਾ ਕੰਮ ਕੀਤਾ।"
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਰਿਟਾਇਰਡ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਦੋਹਾਂ ਪਾਰਟੀਆਂ ਕੋਲ ਆਗੂਆਂ ਦੀ ਕਮੀ ਹੈ। ਖ਼ਾਸ ਤੌਰ ਉੱਤੇ ਆਮ ਆਦਮੀ ਪਾਰਟੀ ਕੋਲ ਤਾਂ ਆਗੂਆਂ ਦੀ ਕਿੱਲਤ ਜ਼ਿਆਦਾ ਹੈ।
ਉਨ੍ਹਾਂ ਆਖਿਆ, "ਭਗਵੰਤ ਮਾਨ ਦੇ ਲੋਕ ਸਭਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਸਿਫ਼ਰ ਹੋ ਗਈ ਸੀ। ਜਿਸ ਵਿਅਕਤੀ ਨੇ ਜਲੰਧਰ ਜ਼ਿਮਨੀ ਚੋਣ ਜਿੱਤੀ ਹੈ ਉਹ ਵੀ ਕਾਂਗਰਸ ਤੋਂ ਹੀ ਆਮ ਆਦਮੀ ਪਾਰਟੀ ਵਿੱਚ ਗਿਆ ਹੈ।"
ਉਨ੍ਹਾਂ ਆਖਿਆ ਕਿ ਇਹ ਸਪਸ਼ਟ ਹੈ ਕਿ ‘ਇੰਡੀਆ’ ਗਠਜੋੜ ਵਿੱਚ ਜੇਕਰ ਕੋਈ ਪਾਰਟੀ ਲੀਡ ਉੱਤੇ ਰਹੇਗੀ ਤਾਂ ਉਹ ਹੈ ਕਾਂਗਰਸ।
ਉਨ੍ਹਾਂ ਮੁਤਾਬਕ ਲੋਕ ਆਮ ਆਦਮੀ ਪਾਰਟੀ ਨੂੰ ਖੇਤਰੀ ਪੱਧਰ ਉੱਤੇ ਜ਼ਿਆਦਾ ਪਸੰਦ ਕਰਦੇ ਹਨ ਜਦਕਿ ਕਾਂਗਰਸ ਨੂੰ ਕੌਮੀ ਪੱਧਰ ਉੱਤੇ।
ਉਨ੍ਹਾਂ ਦਾ ਕਹਿਣਾ ਹੈ, "ਆਪ ਦਾ ਆਧਾਰ ਦਿੱਲੀ, ਪੰਜਾਬ ਵਿੱਚ ਹੈ ਜਦਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਕਈ ਸੂਬਿਆਂ ਵਿੱਚ ਹਨ।"
"ਕਾਂਗਰਸ ਦੇ ਕਈ ਆਗੂ ਇਸ ਸਮੇਂ ਹਾਸ਼ੀਏ ਉੱਤੇ ਚੱਲ ਰਹੇ ਹਨ। ਇਸ ਵਿੱਚੋਂ ਕਈ ਆਗੂ ਤਾਂ ਮੌਜੂਦਾ ਲੋਕ ਸਭਾ ਮੈਂਬਰ ਹਨ ਜਿਨ੍ਹਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਚੁੱਪ ਵੱਟੀ ਹੋਈ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੇਬੀਸੀ: 4 ਸਾਲਾਂ ਤੱਕ ਤਿਆਰੀ ਕਰਕੇ ਕਰੋੜਪਤੀ ਬਣੇ ਖਾਲੜਾ ਪਿੰਡ ਦੇ ਜਸਕਰਨ ਹੁਣ ਇਸ ਟੀਚੇ ਦੀ ਤਿਆਰੀ ਵਿੱਚ...
NEXT STORY