ਮੋਰੱਕੋ ਵਿੱਚ ਲੰਘੇ ਸ਼ੁੱਕਰਵਾਰ ਨੂੰ ਆਏ ਭੂਚਾਲ ਤੋਂ ਬਾਅਦ ਹੁਣ ਤੱਕ 2,800 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਇਸ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਸੀ, ਜੋ ਕਿ 2019 ਵਿੱਚ ਅਮਰੀਕੀ ਸੂਬੇ ਕੈਲੀਫੋਰਨੀਆ ਵਿੱਚ ਆਏ ਭੂਚਾਲ ਤੋਂ ਘੱਟ ਹੈ।
ਫਿਰ ਵੀ 7.1 ਤੀਬਰਤਾ ਦੇ ਉਸ ਭੂਚਾਲ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਸੀ ਅਤੇ ਨਾ ਹੀ ਉੱਥੋਂ ਦੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਹੋਇਆ ਸੀ।
ਬਹੁਤ ਸਾਰੇ ਕਾਰਕ ਹੁੰਦੇ ਹਨ ਜੋ ਇਹ ਦੱਸਦੇ ਹਨ ਕਿ ਮੌਤਾਂ ਅਤੇ ਤਬਾਹੀ ਦੇ ਮਾਮਲੇ ਵਿੱਚ ਭੂਚਾਲ ਕਿੰਨੇ ਗੰਭੀਰ ਹਨ।
ਇੱਥੇ ਅਸੀਂ ਅਜਿਹੇ ਹੀ ਕੁਝ ਕਾਰਕਾਂ ਦੀ ਗੱਲ ਕਰ ਰਹੇ ਹਾਂ-
ਭੂਚਾਲ ਦੀ ਤੀਬਰਤਾ ਅਤੇ ਮਿਆਦ
ਭੂਚਾਲਾਂ ਨੂੰ ਮੋਮੈਂਟ ਮੈਗਨੀਟਿਊਡ ਸਕੇਲ (Mw) ਦੇ ਪੈਮਾਨੇ ''ਤੇ ਮਾਪਿਆ ਜਾਂਦਾ ਹੈ। ਇਸ ਤੋਂ ਪਹਿਲਾਂ ਭੂਚਾਲ ਨੂੰ ਰਿਕਟਰ ਸਕੇਲ ''ਤੇ ਮਾਪਿਆਂ ਜਾਂਦਾ ਸੀ, ਪਰ ਹੁਣ ਉਸ ਤਰੀਕੇ ਨੂੰ ਪੁਰਾਣਾ ਅਤੇ ਘੱਟ ਭਰੋਸੇਯੋਗ ਮੰਨਿਆ ਜਾਂਦਾ ਹੈ।
2.5 ਜਾਂ ਇਸ ਤੋਂ ਘੱਟ ਤੀਬਰਤਾ ਦੇ ਝਟਕੇ ਨੂੰ ਆਮ ਤੌਰ ''ਤੇ ਮਹਿਸੂਸ ਨਹੀਂ ਕੀਤਾ ਜਾ ਸਕਦਾ, ਪਰ ਯੰਤਰਾਂ ਦੁਆਰਾ ਇਨ੍ਹਾਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ।
5 ਦੀ ਤੀਬਰਤਾ ਤੱਕ ਦੇ ਭੂਚਾਲ ਮਹਿਸੂਸ ਕੀਤੇ ਜਾਂਦੇ ਹਨ ਅਤੇ ਮਾਮੂਲੀ ਨੁਕਸਾਨ ਕਰਦੇ ਹਨ।
ਮੋਰੱਕੋ ਵਿੱਚ 6.8 ਦੀ ਤੀਬਰਤਾ ਵਾਲੇ ਭੂਚਾਲ ਨੂੰ ਮੱਧਮ ਤੋਂ ਮਜ਼ਬੂਤ ਵਜੋਂ ਪਰਿਭਾਸ਼ਿਤ ਕੀਤਾ ਜਾਵੇਗਾ ਅਤੇ ਦੱਖਣੀ ਤੁਰਕੀ ਵਿੱਚ ਇਸ ਸਾਲ ਫਰਵਰੀ ਵਿੱਚ 7.8 ਦੀ ਤੀਬਰਤਾ ਵਾਲੇ ਭੂਚਾਲ ਨੂੰ ਵੱਡੇ ਭੂਚਾਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
8 ਦੀ ਤੀਬਰਤਾ ਤੋਂ ਉੱਪਰ ਦੇ ਭੂਚਾਲ ਨੂੰ ''ਗ੍ਰੇਟ'' (ਬਹੁਤ ਵੱਡੇ ਭੂਚਾਲ) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਜੋ ਕਿ ਵਿਨਾਸ਼ਕਾਰੀ ਨੁਕਸਾਨ ਦਾ ਕਾਰਨ ਬਣਦਾ ਹੈ ਅਤੇ ਇਸ ਦੇ ਕੇਂਦਰ ਵਿੱਚ ਭਾਈਚਾਰਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ।
ਇਸ ਦੀ ਤੀਬਰਤਾ ਦੇ ਨਾਲ-ਨਾਲ, ਭੂਚਾਲ ਦੀ ਲੰਬਾਈ (ਭਾਵ ਝਟਕੇ ਕਿੰਨੀ ਦੇਰ ਮਹਿਸੂਸ ਕੀਤੇ ਗਏ) ਇਸ ਦੇ ਪ੍ਰਭਾਵ ਨੂੰ ਹੋਰ ਵਧਾ ਸਕਦੇ ਹਨ।
ਪੈਸੀਫਿਕ ਨਾਰਥਵੈਸਟ ਸਿਸਮਿਕ ਨੈੱਟਵਰਕ ਮੁਤਾਬਕ, "ਜਿੱਥੇ ਛੋਟੇ ਭੂਚਾਲਾਂ ਦੇ ਝਟਕੇ ਆਮ ਤੌਰ ''ਤੇ ਸਿਰਫ਼ ਕੁਝ ਸਕਿੰਟਾਂ ਤੱਕ ਰਹਿੰਦੇ ਹਨ, ਮੱਧਮ ਤੋਂ ਵੱਡੇ ਭੂਚਾਲਾਂ, ਜਿਵੇਂ ਕਿ 2004 ''ਚ ਸੁਮਾਤਰਾ ਦਾ ਭੂਚਾਲ, ਦੌਰਾਨ ਜ਼ੋਰਦਾਰ ਝਟਕੇ ਕੁਝ ਮਿੰਟ ਤੱਕ ਰਹਿ ਸਕਦੇ ਹਨ।"
- ਲੰਘੇ ਸ਼ੁੱਕਰਵਾਰ ਨੂੰ ਮੋਰੱਕੋ ਵਿੱਚ ਆਏ ਭੂਚਾਲ ਨੇ ਜਨ-ਜੀਵਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ
- ਇਹ ਭੂਚਾਲ 6.8 ਦੀ ਤੀਬਰਤਾ ਦਾ ਸੀ ਅਤੇ ਸਭ ਤੋਂ ਜ਼ਿਆਦਾ ਮੌਤਾਂ ਮਾਰਾਕੇਸ਼ ਦੇ ਦੱਖਣ ਵਾਲੇ ਸੂਬਿਆਂ ਵਿੱਚ ਹੋਈਆਂ ਹਨ
- ਅਧਿਕਾਰੀਆਂ ਮੁਤਾਬਕ, ਹੁਣ ਤੱਕ 2800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖ਼ਮੀ ਹੋਏ ਹਨ
- ਭੂਚਾਲ ਕਾਰਨ ਇੱਥੋਂ ਦੇ ਲਗਭਗ 600 ਸਕੂਲ ਵੀ ਤਬਾਹ ਹੋ ਗਏ ਹਨ
- ਫਿਲਹਾਲ ਲੋਕ ਸੜਕਾਂ ਅਤੇ ਅਸਥਾਈ ਟੈਂਟਾਂ ਵਿੱਚ ਰਹਿ ਰਹੇ ਹਨ ਅਤੇ ਬਚਾਅ ਕਾਰਜ ਜਾਰੀ ਹਨ
ਭੂਚਾਲ ਦਾ ਕੇਂਦਰ ਧਰਤੀ ਤੋਂ ਕਿੰਨੀ ਹੇਠਾਂ
ਪਰ ਭੂਚਾਲ ਦੀ ਸਮਾਂ ਸੀਮਾ ਹੀ ਇੱਕ ਮਹੱਤਵਪੂਰਨ ਕਾਰਕ ਨਹੀਂ ਹੈ, ਧਰਤੀ ਵਿੱਚ ਉਹ ਸਥਾਨ ਜਿੱਥੇ ਭੂਚਾਲ ਸ਼ੁਰੂ ਹੁੰਦਾ ਹੈ, ਉਹ ਵੀ ਬਹੁਤ ਮਹੱਤਵਪੂਰਨ ਹੈ।
ਮੋਰੱਕੋ ਭੂਚਾਲ ਦੇ ਮਾਮਲੇ ਵਿੱਚ, ਇਹ ਫੋਕਲ ਪੁਆਇੰਟ ਧਰਤੀ ਦੀ ਸਤਹ ਤੋਂ ਲਗਭਗ 18 ਕਿਲੋਮੀਟਰ ਹੇਠਾਂ ਸੀ। ਇਹ ਮਾਊਂਟ ਐਵਰੈਸਟ ਦੀ ਉਚਾਈ ਤੋਂ ਲਗਭਗ ਦੁੱਗਣਾ ਹੈ, ਪਰ ਭੂ-ਵਿਗਿਆਨਕ ਮਾਪਦੰਡ ਇਸ ਨੂੰ ਡੂੰਘਾ ਨਹੀਂ ਮੰਨਦੇ।
ਪੋਰਟਸਮਾਊਥ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਜਵਾਲਾਮੁਖੀ ਵਿਗਿਆਨੀ ਅਤੇ ਭੂ-ਵਿਗਿਆਨੀ ਡਾਕਟਰ ਕਾਰਮੇਨ ਸੋਲਾਨਾ ਨੇ ਬੀਬੀਸੀ ਨੂੰ ਦੱਸਿਆ, "ਇਹ ਭੂਚਾਲ ਮੁਕਾਬਲਤਨ ਘੱਟ ਡੂੰਘਾ ਸੀ। ਇਸ ਦਾ ਮਤਲਬ ਹੈ ਕਿ ਊਰਜਾ ਅਤੇ ਝਟਕੇ ਨੂੰ ਖ਼ਤਮ ਕਰਨ ਲਈ ਉੱਪਰ ਧਰਤੀ ਘੱਟ ਸੀ। ਇਸ ਲਈ ਝਟਕੇ ਜ਼ਿਆਦਾ ਸ਼ਕਤੀਸ਼ਾਲੀ ਮਹਿਸੂਸ ਹੋਣਗੇ।"
ਇਸ ਦੇ ਉਲਟ, 11 ਸਤੰਬਰ ਨੂੰ ਇੰਡੋਨੇਸ਼ੀਆ ਦੇ ਦੂਰ-ਦੁਰਾਡੇ ਉੱਤਰੀ ਮਲੂਕੂ ਸੂਬੇ ਵਿੱਚ ਆਏ 6.2 ਤੀਬਰਤਾ ਦੇ ਭੂਚਾਲ ਦੀ ਡੂੰਘਾਈ 168 ਕਿਲੋਮੀਟਰ ਸੀ। ਇੱਥੋਂ ਕਿਸੇ ਮੌਤ ਦੀ ਸੂਚਨਾ ਨਹੀਂ ਮਿਲੀ।
ਰਾਹਤ ਕਰਮੀ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ
ਦਿਨ ਦਾ ਸਮਾਂ ਵੀ ਹੈ ਅਹਿਮ
ਮੋਰੱਕੋ ''ਚ ਆਇਆ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 11.11 ਵਜੇ ਆਇਆ ਸੀ। ਸਮਾਂ ਵੀ ਇਸ ਗੱਲ ਦਾ ਅਹਿਮ ਕਾਰਕ ਹੁੰਦਾ ਹੈ ਕਿ ਭੂਚਾਲ ਕਿੰਨਾ ਖ਼ਤਰਨਾਕ ਸਾਬਿਤ ਹੋਵੇਗਾ।
ਡਾਕਟਰ ਸਾਲਾਨਾ ਕਹਿੰਦੇ ਹਨ, "ਜਦੋਂ ਲੋਕ ਸੁੱਤੇ ਹੋਏ ਸਨ ਤਾਂ ਬਹੁਤ ਸਾਰੀਆਂ ਇਮਾਰਤਾਂ ਤਬਾਹ ਹੋ ਗਈਆਂ ਹੋਣਗੀਆਂ।"
ਭੂਚਾਲਾਂ ਦੌਰਾਨ ਮਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਲੋਕ ਇਮਾਰਤਾਂ ਦੇ ਢਹਿ ਜਾਣ ਨਾਲ ਮਾਰੇ ਜਾਂਦੇ ਹਨ, ਅਸਲ ਵਿੱਚ ਭੂਚਾਲ ਵਿਗਿਆਨੀਆਂ ਦੀ ਇੱਕ ਆਮ ਕਹਾਵਤ ਹੈ ਕਿ "ਭੂਚਾਲ ਲੋਕਾਂ ਨੂੰ ਨਹੀਂ ਮਾਰਦਾ, ਇਮਾਰਤਾਂ ਮਾਰਦੀਆਂ ਹਨ।"
ਇਸ ਲਈ ਭੂਚਾਲ ਜੋ ਦਿਨ ਵੇਲੇ ਆਉਂਦੇ ਹਨ, ਜਦੋਂ ਘੱਟ ਲੋਕ ਇਮਾਰਤਾਂ ਅੰਦਰ ਹੁੰਦੇ ਹਨ ਤਾਂ ਆਮ ਤੌਰ ''ਤੇ ਮੌਤਾਂ ਦੀ ਗਿਣਤੀ ਘੱਟ ਹੁੰਦੀ ਹੈ।
ਵਾਹਨ ਮਲਬੇ ਹੇਠਾਂ ਦੱਬੇ ਗਏ
ਇਮਾਰਤ ਦੀ ਉਸਾਰੀ ਵੀ ਅਹਿਮ
ਅਜਿਹੇ ਘਰ ਬਣਾਉਣਾ ਸੰਭਵ ਹੈ ਜੋ ਵਧੇਰੇ ਗੰਭੀਰ ਭੂਚਾਲਾਂ ਨੂੰ ਛੱਡ ਕੇ ਆਮ ਭੂਚਾਲਾਂ ਦਾ ਸਾਹਮਣਾ ਕਰ ਸਕਦੇ ਹਨ। ਅਜਿਹਾ ਕਰਨ ਲਈ, ਇਮਾਰਤਾਂ ਨੂੰ ਜਿੰਨਾ ਸੰਭਵ ਹੋ ਸਕੇ ਭੂਚਾਲ ਦੀ ਊਰਜਾ ਨੂੰ ਜਜ਼ਬ ਕਰਨਾ ਪੈਂਦਾ ਹੈ।
ਜਾਪਾਨ ਨੂੰ ਯੂਐੱਸ ਭੂ-ਵਿਗਿਆਨਕ ਸਰਵੇਖਣ (ਯੂਐੱਸਜੀਐੱਸ) ਅਨੁਸਾਰ ਦੁਨੀਆਂ ਦਾ ਸਭ ਤੋਂ ਵੱਧ ਭੂਚਾਲ ਸੰਭਾਵੀ ਦੇਸ਼ ਦੱਸਿਆ ਗਿਆ ਹੈ। ਇਸ ਦੇਸ਼ ਨੇ ਭੂਚਾਲ ਰੋਧੀ ਇਮਾਰਤਾਂ ਦੇ ਨਿਰਮਾਣ ਵਿੱਚ ਮੋਹਰੀ ਕੰਮ ਕੀਤਾ ਹੈ।
ਟੋਕੀਓ ਯੂਨੀਵਰਸਿਟੀ ਦੇ ਇੱਕ ਢਾਂਚਾਗਤ ਇੰਜੀਨੀਅਰ ਅਤੇ ਐਸੋਸੀਏਟ ਪ੍ਰੋਫੈਸਰ ਜੂਨ ਸੈਤੋ ਕਹਿੰਦੇ ਹਨ, "ਜਦੋਂ ਢਾਂਚਾ (ਭੂਚਾਲ ਤੋਂ) ਸਾਰੀ ਊਰਜਾ ਨੂੰ ਜਜ਼ਬ ਕਰ ਸਕਦਾ ਹੈ, ਤਾਂ ਇਹ ਢਹੇਗਾ ਨਹੀਂ।"
ਇਹ ਮੁੱਖ ਤੌਰ ''ਤੇ ਸਿਸਮਿਕ ਆਈਸੋਲੇਸ਼ਨ ਨਾਮਕ ਪ੍ਰਕਿਰਿਆ ਵਿੱਚ ਵਾਪਰਦਾ ਹੈ। ਇਮਾਰਤਾਂ ਜਾਂ ਢਾਂਚਿਆਂ ਨੂੰ ਭੁਚਾਲ ਦੀ ਗਤੀ ਦਾ ਟਾਕਰਾ ਕਰਨ ਲਈ ਬੇਅਰਿੰਗ ਜਾਂ ਝਟਕਿਆਂ ਨੂੰ ਸੋਖਣ ਵਾਲੇ ਬੇਸ ''ਤੇ ਤਿਆਰ ਕੀਤਾ ਜਾਂਦਾ ਹੈ।
ਇਸ ਦੇ ਲਈ ਕਈ ਵਾਰ ਰਬੜ ਦੇ 30-50 ਸੈਂਟੀਮੀਟਰ ਮੋਟੇ ਬਲਾਕ ਜਾਂ ਸ਼ੌਕ ਆਬਜ਼ਰਵਰ ਵੀ ਇਸਤੇਮਾਲ ਕੀਤੇ ਜਾਂਦੇ ਹਨ।
ਪਰ ਇਸ ਕਿਸਮ ਦੀ ਬੇਸ ਆਈਸੋਲੇਸ਼ਨ ਮਹਿੰਗੀ ਹੈ, ਅਤੇ ਉਸਾਰੀ ਦਾ ਬਜਟ, ਇਸ ਲਈ ਜ਼ਰੂਰੀ ਸਮੱਗਰੀ - ਦੁਨੀਆਂ ਭਰ ਵਿੱਚ ਵੱਡੇ ਪੱਧਰ ''ਤੇ ਵੱਖ-ਵੱਖ ਹੁੰਦੀ ਹੈ।
ਮੋਰੱਕੋ ਦੇ ਦੂਰ-ਦੁਰਾਡੇ ਦੇ ਹਿੱਸੇ ਵਿੱਚ ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਬਹੁਤ ਸਾਰੀਆਂ ਇਮਾਰਤਾਂ ਮਿੱਟੀ-ਇੱਟਾਂ ਜਾਂ ਕੱਚੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਸਨ, ਜੋ ਕਿ ਭਾਰੀ ਭੂਚਾਲ ਦਾ ਸਾਹਮਣਾ ਨਹੀਂ ਕਰ ਸਕਦੀਆਂ ਸਨ।
ਇਸ ਤੋਂ ਇਲਾਵਾ ਉੱਚੀਆਂ ਇਮਾਰਤਾਂ, ਜਿਨ੍ਹਾਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਲੋਕ ਰਹਿੰਦੇ ਹੋਣ, ਉਹ ਵੀ ਤਬਾਹਕੁਨ ਮੌਤਾਂ ਦਾ ਕਾਰਨ ਬਣ ਸਕਦੀਆਂ ਹਨ।
ਤੁਰਕੀ ਵਿੱਚ ਇਸੇ ਸਾਲ ਫਰਵਰੀ ਮਹੀਨੇ ''ਚ ਆਏ ਭੂਚਾਲ ਦੌਰਾਨ ਬਹੁਤ ਸਾਰੀਆਂ ਇਮਾਰਤਾਂ ਦੇ ਢਹਿ ਜਾਣ ਤੋਂ ਬਾਅਦ ਬਹੁਤ ਸਾਰੇ ਤੁਰਕੀ ਲੋਕਾਂ ਨੇ ਇਮਾਰਤਾਂ ਦੇ ਮਾੜੇ ਮਿਆਰਾਂ ਦੀ ਆਲੋਚਨਾ ਕੀਤੀ।
ਖ਼ਾਸ ਤੌਰ ''ਤੇ ਇਮਾਰਤਾਂ ਸਬੰਧੀ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਸਫ਼ਲਤਾ ਦਾ ਮੁੱਦਾ ਵੀ ਚੁੱਕਿਆ ਗਿਆ।
ਹਾਲਾਂਕਿ, ਇਹ ਭੂਚਾਲ ਸ਼ਕਤੀਸ਼ਾਲੀ ਸੀ, ਪਰ ਮਾਹਰਾਂ ਦਾ ਕਹਿਣਾ ਹੈ ਕਿ ਸਹੀ ਢੰਗ ਨਾਲ ਬਣੀਆਂ ਇਮਾਰਤਾਂ ਸਹੀ ਸਲਾਮਤ ਬਚ ਸਕਦੀਆਂ ਸਨ।
ਯੂਨੀਵਰਸਿਟੀ ਕਾਲਜ ਲੰਡਨ ਦੇ ਐਮਰਜੈਂਸੀ ਯੋਜਨਾਬੰਦੀ ਅਤੇ ਪ੍ਰਬੰਧਨ ਦੇ ਮਾਹਰ ਪ੍ਰੋਫੈਸਰ ਡੇਵਿਡ ਅਲੈਗਜ਼ੈਂਡਰ ਨੇ ਕਿਹਾ, "ਇਸ ਭੂਚਾਲ ਦੀ ਵੱਧ ਤੋਂ ਵੱਧ ਤੀਬਰਤਾ ਖ਼ਤਰਨਾਕ ਸੀ ਪਰ ਇੰਨਾਂ ਵੀ ਨਹੀਂ ਕਿ ਚੰਗੀ ਤਰ੍ਹਾਂ ਬਣੀਆਂ ਇਮਾਰਤਾਂ ਨੂੰ ਤਬਾਹ ਕਰ ਸਕੇ।"
"ਜ਼ਿਆਦਾਤਰ ਥਾਵਾਂ ''ਤੇ ਝਟਕੇ ਉੁੱਤਲੇ ਪੱਧਰ ਤੋਂ ਘੱਟ ਸਨ, ਇਸ ਲਈ ਅਸੀਂ ਢਹਿ-ਢੇਰੀ ਹੋ ਗਈਆਂ ਹਜ਼ਾਰਾਂ ਇਮਾਰਤਾਂ ਤੋਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਲਗਭਗ ਸਾਰੀਆਂ ਹੀ ਭੂਚਾਲ ਦੇ ਹਿਸਾਬ ਨਾਲ ਸਹੀ ਤਰੀਕੇ ਨਾਲ ਨਹੀਂ ਬਣੀਆਂ ਸਨ।
ਮਲਬੇ ਨੇੜੇ ਪ੍ਰਾਰਥਨਾ ਕਰਦਾ ਇੱਕ ਵਿਅਕਤੀ
ਆਬਾਦੀ ਦੀ ਘਣਤਾ
ਜੁਲਾਈ 2021 ਵਿੱਚ ਅਲਾਸਕਾ ਦੀਪ ਦੇ ਨੇੜੇ ਇੱਕ ਵੱਡਾ 8.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਪਰ ਬਹੁਤ ਸੰਭਵ ਹੈ ਕਿ ਤੁਹਾਨੂੰ ਇਸ ਬਾਰੇ ਕੋਈ ਚੇਤਾ ਨਹੀਂ ਹੋਵੇਗਾ।
ਚਿਗਨਿਕ ਭੂਚਾਲ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸੱਤਵਾਂ ਸਭ ਤੋਂ ਵੱਡਾ ਭੂਚਾਲ ਮੰਨਿਆ ਜਾਂਦਾ ਹੈ, ਪਰ ਇਸ ਨੇ ਨਾ ਤਾਂ ਕਿਸੇ ਦੀ ਜਾਨ ਲਈ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ। ਕਾਰਨ? ਇਹ ਕਿਸੇ ਵੀ ਵੱਡੇ ਆਬਾਦੀ ਵਾਲੇ ਖੇਤਰ ਤੋਂ ਬਹੁਤ ਦੂਰ ਅਤੇ ਮੁਕਾਬਲਤਨ ਇੱਕ ਡੂੰਘਾ ਭੂਚਾਲ ਸੀ।
ਇਸ ਦੇ ਉਲਟ, ਜਨਵਰੀ 2010 ਵਿੱਚ ਹੈਤੀ ਦੀ 7.0 ਦੀ ਤੀਬਰਤਾ ਵਾਲੇ ਭੂਚਾਲ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਮੌਤਾਂ ਅਤੇ ਭਾਰੀ ਤਬਾਹੀ ਹੋਈ। ਇੱਕ ਅਨੁਮਾਨ ਮੁਤਾਬਕ, ਇਸ ਵਿੱਚ 2,50,00 ਤੋਂ ਵੱਧ ਲੋਕ ਮਾਰੇ ਗਏ, ਲਗਭਗ 3,00,000 ਜ਼ਖਮੀ ਹੋਏ ਅਤੇ 15 ਲੱਖ ਤੋਂ ਵੱਧ ਬੇਘਰ ਹੋ ਗਏ।
ਰਾਜਧਾਨੀ ਪੋਰਟ-ਓ-ਪ੍ਰਿੰਸ ''ਤੇ ਭੂਚਾਲ ਦਾ ਵਧੇਰੇ ਪ੍ਰਭਾਵ ਰਿਹਾ, ਜਿੱਥੇ ਆਬਾਦੀ ਬਹੁਤ ਜ਼ਿਆਦਾ ਸੀ, ਪ੍ਰਤੀ ਵਰਗ ਕਿਲੋਮੀਟਰ 27,000 ਤੋਂ ਵੱਧ ਲੋਕ।
ਭੂਚਾਲ ਨਾਲ ਤਬਾਏ ਹੋਏ ਘਰ
ਮਿੱਟੀ ਦੀ ਕਿਸਮ
ਭੁਚਾਲ ਤੋਂ ਬਚਣ ਦੀ ਸਾਡੀ ਸੰਭਾਵਨਾ ਇਸ ਗੱਲ ''ਤੇ ਵੀ ਨਿਰਭਰ ਕਰਦੀ ਹੈ ਕਿ ਸਾਡੇ ਪੈਰਾਂ ਹੇਠਲੀ ਜ਼ਮੀਨ ਕਿੰਨੀ ਠੋਸ ਹੈ।
ਜੇਕਰ ਮਿੱਟੀ ਵਿੱਚ ਜ਼ਮੀਨੀ ਪੱਧਰ ''ਤੇ ਜਾਂ ਇਸ ਦੇ ਨੇੜੇ ਪਾਣੀ ਮੌਜੂਦ ਹੈ, ਤਾਂ ਯੂਐੱਸਜੀਸੀ ਮੁਤਾਬਕ, ਅਜਿਹੇ ਸਮੇਂ ਲਿਕਵੀਫੈਕਸ਼ਨ ਨਾਮਕ ਪ੍ਰਕਿਰਿਆ ਕਾਰਨ ਅਜਿਹੀ ਸਤ੍ਹਾ ਭੂਚਾਲ ਦੇ ਤੇਜ਼ ਝਟਕਿਆਂ ਨੂੰ ਝੱਲਣ ਦੇ ਘੱਟ ਸਮਰੱਥ ਹੋਵੇਗੀ।
ਅਜਿਹਾ ਉਦੋਂ ਹੁੰਦਾ ਹੈ ਜਦੋਂ ਸਮੱਗਰੀ ਜਾਂ ਸਤ੍ਹਾ ਜੋ ਆਮ ਤੌਰ ''ਤੇ ਠੋਸ ਹੁੰਦੀ ਹੈ, ਤਰਲ ਦੀ ਤਰ੍ਹਾਂ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਨਾਲ ਭੂਚਾਲਾਂ ਕਾਰਨ ਹੋਣ ਵਾਲੀ ਤਬਾਹੀ ਹੋਰ ਜ਼ਿਆਦਾ ਵਧ ਜਾਂਦੀ ਹੈ, ਜਿਵੇਂ ਕਿ ਜਾਪਾਨ ਵਿੱਚ 1964 ਦੇ ਨੀਗਾਟਾ ਭੂਚਾਲ ਵੇਲੇ ਹੋਇਆ ਸੀ।
ਇਸ ਦੇ ਉਲਟ, ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਵਿੱਚ 50,000 ਤੋਂ ਵੱਧ ਲੋਕ ਮਾਰੇ ਗਏ ਸਨ, ਪਰ ਏਰਜ਼ਿਨ ਸ਼ਹਿਰ, ਜੋ ਕਿ ਭੂਚਾਲ ਦੇ ਕੇਂਦਰ ਤੋਂ ਸਿਰਫ਼ 80 ਕਿਲੋਮੀਟਰ ਦੂਰ ਹੈ ਮੋਟੇ ਤੌਰ ''ਤੇ ਸੁਰੱਖਿਅਤ ਬਚ ਗਿਆ ਸੀ।
ਇਸ ਕਸਬੇ ਵਿੱਚੋਂ ਕਿਸੇ ਦੀ ਮੌਤ ਨਹੀਂ ਹੋਈ ਅਤੇ ਇੱਕ ਵੀ ਇਮਾਰਤ ਨਹੀਂ ਢਹੀ, ਜਦਕਿ ਆਲੇ-ਦੁਆਲੇ ਦੇ ਸ਼ਹਿਰ ਤਬਾਹ ਹੋ ਗਏ ਸਨ।
ਭੂ-ਵਿਗਿਆਨੀ ਕਹਿੰਦੇ ਹਨ ਕਿ ਏਰਜ਼ਿਨ ਨੂੰ ਇਸ ਦੀ ਬੈੱਡਰੌਕ ਪਰਤ ਅਤੇ ਸਖ਼ਤ ਜ਼ਮੀਨ ਦੀ ਇੱਕ ਸੁਰੱਖਿਆ ਪਰਤ ਨੇ ਬਚਾ ਲਿਆ ਸੀ, ਜਿਸ ਨੇ ਝਟਕਿਆਂ ਨੂੰ ਸਹਿ ਲਿਆ ਸੀ।
ਐਮਰਜੈਂਸੀ ਦੀ ਤਿਆਰੀ
ਕੁਦਰਤੀ ਆਫ਼ਤ ਲਈ ਪਹਿਲਾਂ ਤੋਂ ਕੀਤੀ ਤਿਆਰੀ ਜਾਨਾਂ ਬਚਾਉਣ ਵਿੱਚ ਇੱਕ ਪ੍ਰਮੁੱਖ ਕਾਰਕ ਹੋ ਸਕਦੀ ਹੈ।
ਜਾਪਾਨ ਦੇ ਸਕੂਲਾਂ ਵਿੱਚ ਸਾਲ ਵਿੱਚ ਦੋ ਵਾਰ ਭੂਚਾਲ ਸਬੰਧੀ ਡ੍ਰਿੱਲ ਕਰਵਾਈ ਜਾਂਦੀ ਹੈ ਅਤੇ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਭੂਚਾਲ ਸਮੇਂ ਜੇ ਉਹ ਘਰ ਵਿੱਚ ਹੋਣ, ਬਾਹਰ ਹੋਣ ਜਾਂ ਵਾਹਨ ਵਿੱਚ ਹੋਣ ਤਾਂ ਕੀ ਕਰਨ।
ਇਸੇ ਤਰ੍ਹਾਂ, ਤਾਈਵਾਨ ਵੀ ਐਮਰਜੈਂਸੀ ਟੀਮਾਂ ਦੀ ਯੋਗਤਾ ਨੂੰ ਪਰਖਣ ਲਈ ਦੇਸ਼ ਵਿਆਪੀ ਭੂਚਾਲ ਡ੍ਰਿੱਲਾਂ ਕਰਵਾਉਂਦਾ ਹੈ।
ਪਰ ਅਜਿਹੇ ਅਭਿਆਸ ਬਹੁਤ ਸਾਰੇ ਦੇਸ਼ਾਂ ਵਿੱਚ ਨਹੀਂ ਕਰਵਾਏ ਜਾਂਦੇ, ਖ਼ਾਸ ਤੌਰ ''ਤੇ ਉਨ੍ਹਾਂ ਦੇਸ਼ਾਂ ਵਿੱਚ ਜੋ ਅਜਿਹੀਆਂ ਆਫ਼ਤਾਂ ਦਾ ਘੱਟ ਹੀ ਸਾਹਮਣਾ ਕਰਦੇ ਹਨ।
ਐਮਰਜੈਂਸੀ ਰਿਸਪਾਂਸ ਦੀ ਗਤੀ ਅਤੇ ਆਕਾਰ ਵੀ ਅਹਿਮ ਹੈ। ਹਾਲਾਂਕਿ ਕੁਝ ਮਾਮਲਿਆਂ ਵਿੱਚ ਜਿਵੇਂ ਤੁਰਕੀ ਦੇ ਭੂਚਾਲ ਤੋਂ ਦਸ ਦਿਨਾਂ ਬਾਅਦ ਵੀ ਲੋਕਾਂ ਨੂੰ ਮਲਬੇ ਵਿੱਚੋਂ ਜ਼ਿੰਦਾ ਬਾਹਰ ਕੱਢਿਆ ਜਾ ਰਿਹਾ ਸੀ, ਬਹੁਤ ਸਾਰੇ ਮਾਮਲਿਆਂ ਵਿੱਚ ਜਖ਼ਮੀ ਅਤੇ ਫਸੇ ਹੋਏ ਲੋਕ ਇੰਨੇ ਲੰਬੇ ਸਮੇਂ ਤੱਕ ਜ਼ਿੰਦਾ ਨਹੀਂ ਬਚਦੇ।
ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਹਾਲਾਤਾਂ ਵਿੱਚ ਤੇਜ਼ੀ ਨਾਲ ਰਾਹਤ ਕਾਰਜ ਸ਼ੁਰੂ ਕੀਤੇ ਜਾਣ ਅਤੇ ਢਾਂਚੇ ਨੂੰ ਪਹਿਲਾਂ ਤੋਂ ਮਜ਼ਬੂਤ ਬਣਾਇਆ ਜਾਵੇ।
ਹਾਲ ਹੀ ਵਿੱਚ ਮੋਰੱਕੋ ''ਚ ਆਏ ਭੂਚਾਲ ਵਿੱਚ ਦੂਰ-ਦੁਰਾਡੇ ਦੇ ਕਈ ਇਲਾਕਿਆਂ ਤੱਕ ਮਦਦ ਸਿਰਫ਼ ਇਸ ਲਈ ਨਹੀਂ ਪਹੁੰਚ ਸਕੀ ਕਿਉਂਕਿ ਸੜਕਾਂ ਆਦਿ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਨ।
ਉੱਥੋਂ ਦੇ ਕੁਝ ਪਿੰਡਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਤੱਕ ਨਾਮ-ਮਾਤਰ ਦੀ ਵੀ ਮਦਦ ਨਹੀਂ ਪਹੁੰਚੀ।
ਇਸ ਦੇ ਨਾਲ ਹੀ, ਮੋਰੱਕੋ ਦੀ ਸਰਕਾਰ ਦੀ ਵੀ ਆਲੋਚਨਾ ਹੋਈ ਹੈ, ਜਿਸ ਨੇ ਅੰਤਰ-ਰਾਸ਼ਟਰੀ ਮਦਦ ਦੀ ਪੇਸ਼ਕਸ਼ ਪ੍ਰਤੀ ਢਿੱਲਾ ਰੁੱਖ ਅਪਣਾਇਆ।
ਹੋਰ ਪ੍ਰਭਾਵ
ਭੂਚਾਲ ਤੋਂ ਬਾਅਦ ਢਹਿ-ਢੇਰੀ ਇਮਾਰਤਾਂ ਹੀ ਸਿਰਫ਼ ਮੌਤ ਦਾ ਕਾਰਨ ਨਹੀਂ ਹੁੰਦੀਆਂ। ਸਗੋਂ ਸਮੁੰਦਰੀ ਤੱਟ ਨੇੜੇ ਰਹਿੰਦੀ ਆਬਾਦੀ ਵੀ ਵਧੇਰੇ ਖ਼ਤਰੇ ਵਿੱਚ ਹੁੰਦੀ ਹੈ ਕਿਉਂਕਿ ਉੱਥੇ ਸੁਨਾਮੀ ਆਉਣ ਦੀ ਸੰਭਾਵਨਾ ਰਹਿੰਦੀ ਹੈ।
ਸੁਮਾਤਰਾ ਦੇ ਸਿਰੇ ''ਤੇ ਬੰਦਾ ਏਸੇਹ ਨੇੜੇ, ਹਿੰਦ ਮਹਾਸਾਗਰ ਅੰਦਰ ਇੱਕ 9.1 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਹੀ 2004 ਦੀ ਏਸ਼ੀਅਨ ਸੁਨਾਮੀ ਆਈ ਸੀ।
ਭੂਚਾਲ ਅਤੇ ਉਸ ਤੋਂ ਬਾਅਦ ਆਈਆਂ ਤਬਾਹਕੁੰਨ ਲਹਿਰਾਂ ਨੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਲਗਭਗ 2,30,000 ਲੋਕਾਂ ਦੀ ਜਾਨ ਲੈ ਲਈ ਸੀ। ਇਹ ਲਹਿਰਾਂ ਇੰਨੀਆਂ ਸ਼ਕਤੀਸ਼ਾਲੀ ਸਨ ਕਿ ਉਨ੍ਹਾਂ ਨੇ ਦੂਰ ਅਫ਼ਰੀਕਾ ਵਿੱਚ ਹਿੰਦ ਮਹਾਸਾਗਰ ਦੇ ਦੂਜੇ ਪਾਸੇ ਵੀ ਜਾਨਾਂ ਲੈ ਲਈਆਂ ਸਨ।
ਪਹਾੜੀ ਖੇਤਰਾਂ ਵਿੱਚ, ਭੂਚਾਲ ਕਾਰਨ ਜ਼ਮੀਨ ਖਿਸਕ ਸਕਦੀ ਹੈ, ਜਿਸ ਕਾਰਨ ਘਰ ਬਰਬਾਦ ਹੋ ਸਕਦੇ ਹਨ ਅਤੇ ਰਾਹਤ ਕਾਰਜਾਂ ਵਿੱਚ ਦੇਰੀ ਹੋ ਸਕਦੀ ਹੈ।
2015 ਵਿੱਚ, ਨੇਪਾਲ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ ਲਗਭਗ 9,000 ਲੋਕਾਂ ਦੀ ਮੌਤ ਹੋ ਗਈ ਸੀ।
ਭੂ-ਵਿਗਿਆਨੀਆਂ ਦਾ ਕਹਿਣਾ ਹੈ ਕਿ ਭੂਚਾਲ ਕਾਰਨ ਪ੍ਰਭਾਵਿਤ ਖੇਤਰ ਵਿੱਚ ਜ਼ਮੀਨ ਖਿਸਕਣ ਦੇ 3,000 ਤੋਂ ਵੱਧ ਮਾਮਲੇ ਦਰਜ ਹੋਏ ਸਨ।
1906 ਦੇ ਸਾਨ ਫਰਾਂਸਿਸਕੋ ਭੂਚਾਲ ਦੌਰਾਨ ਸਿਰਫ 20 ਤੋਂ 25 ਸਕਿੰਟਾਂ ਲਈ ਝਟਕੇ ਆਏ ਸਨ ਪਰ ਇਹ ਇੰਨੇ ਜ਼ਬਰਦਸਤ ਸਨ ਕਿ ਸ਼ਹਿਰ ਦੀਆਂ ਗੈਸ ਅਤੇ ਪਾਣੀ ਪਾਈਪਾਂ ਫਟ ਗਈਆਂ ਸਨ।
ਗੈਸ ਲੀਕ ਹੋਣ ਕਾਰਨ ਕਈ ਥਾਵਾਂ ''ਤੇ ਅੱਗ ਲੱਗ ਗਈ ਅਤੇ ਪਾਣੀ ਦੀ ਘਾਟ ਕਾਰਨ ਅੱਗ ਬੁਝਾਉਣਾ ਮੁਸ਼ਕਲ ਹੋ ਗਿਆ, ਜਿਸ ਨਾਲ 3,000 ਤੋਂ ਵੱਧ ਲੋਕ ਮਾਰੇ ਗਏ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨਾਭਾ ਦੇ ਰਾਜਾ ਰਿਪੁਦਮਨ ਸਿੰਘ ਦੀ ਕਹਾਣੀ: ਰਾਜ ਗੁਆ ਲਿਆ ਪਰ ਅਕਾਲੀਆਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ
NEXT STORY