ਕਰਨਾਟਕ ਪੁਲਿਸ ਨੇ 1965 ਵਿੱਚ ਦੋ ਮੱਝਾਂ ਅਤੇ ਇੱਕ ਕੱਟਾ ਚੋਰੀ ਕਰਨ ਦੇ ਇਲਜ਼ਾਮ ਵਿੱਚ ਇੱਕ 78 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗਣਪਤੀ ਵਿੱਠਲ ਵਾਗੋਰੇ ਨੂੰ 58 ਸਾਲ ਪਹਿਲਾਂ ਚੋਰੀ ਦੇ ਇੱਕ ਮਾਮਲੇ ਵਿੱਚ ਇੱਕ ਵਿਅਕਤੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਉਸ ਦੀ ਉਮਰ 20 ਸਾਲ ਸੀ।
ਪੁਲਿਸ ਨੇ ਦੱਸਿਆ ਕਿ ਉਸ ਸਮੇਂ ਉਸ ਨੂੰ ਜ਼ਮਾਨਤ ''ਤੇ ਰਿਹਾਅ ਕਰ ਦਿੱਤਾ ਗਿਆ ਸੀ ਪਰ ਫਿਰ ਉਹ ਗਾਇਬ ਹੋ ਗਿਆ ਅਤੇ ਉਸ ਦਾ ਪਤਾ ਨਹੀਂ ਲੱਗ ਸਕਿਆ।
ਇਸ ਮਾਮਲੇ ਦੇ ਸਹਿ-ਮੁਲਜ਼ਮ ਦੀ 2006 ਵਿੱਚ ਮੌਤ ਹੋ ਗਈ ਸੀ।
ਜਦੋਂ ਮੁੜ ਗ੍ਰਿਫ਼ਤਾਰੀ ਹੋਈ
ਜਦੋਂ ਵਾਗੋਰੇ ਨੂੰ 58 ਸਾਲਾਂ ਬਾਅਦ ਮੁੜ ਗ੍ਰਿਫਤਾਰ ਕੀਤਾ ਗਿਆ, ਤਾਂ ਪਿਛਲੇ ਹਫ਼ਤੇ ਇੱਕ ਅਦਾਲਤ ਨੇ ਉਸ ਦੇ ਬੁਢਾਪੇ ਨੂੰ ਦੇਖਦੇ ਹੋਏ, ਜ਼ਮਾਨਤ ''ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
ਇਹ ਮਾਮਲਾ ਕਾਫ਼ੀ ਸਾਲਾਂ ਤੋਂ ਲਟਕਦਾ ਆ ਰਿਹਾ ਸੀ। ਪਰ ਇਹ ਮਾਮਲਾ ਕੁਝ ਹਫ਼ਤੇ ਪਹਿਲਾਂ ਉਸ ਵੇਲੇ ਮੁੜ ਸਾਹਮਣੇ ਆਇਆ, ਜਦੋਂ ਪੁਲਿਸ ਲੰਬਿਤ ਜਾਂਚ ਦੀਆਂ ਪੁਰਾਣੀਆਂ ਫਾਈਲਾਂ ਨੂੰ ਘੋਖ ਰਹੀ ਸੀ।
ਇਸ ਤੋਂ ਬਾਅਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਲਿਆ ਗਿਆ। ਚੋਰੀ ਦੀ ਇਹ ਘਟਨਾ ਕਰਨਾਟਕ ਦੇ ਬਿਦਰ ਜ਼ਿਲ੍ਹੇ ਵਿੱਚ ਵਾਪਰੀ ਸੀ। ਪਰ ਵਾਗੋਰੇ ਗੁਆਂਢੀ ਮਹਾਰਾਸ਼ਟਰ ਦੇ ਇੱਕ ਪਿੰਡ ਦਾ ਵਸਨੀਕ ਸੀ।
ਪੁਲਿਸ ਦਾ ਕਹਿਣਾ ਹੈ ਕਿ ਵਾਗੋਰੇ ਅਤੇ ਇੱਕ ਹੋਰ ਵਿਅਕਤੀ ਕ੍ਰਿਸ਼ਨ ਚੰਦਰ ਨੇ 1965 ਵਿੱਚ ਚੋਰੀ ਦੀ ਗੱਲ ਕਬੂਲ ਕੀਤੀ ਸੀ।
ਇਸ ਤੋਂ ਬਾਅਦ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਗਈ।
ਪਰ ਉਨ੍ਹਾਂ ਦੀ ਰਿਹਾਈ ਤੋਂ ਬਾਅਦ, ਦੋਵਾਂ ਵਿਅਕਤੀਆਂ ਨੇ ਸੰਮਨ ਅਤੇ ਵਾਰੰਟਾਂ ਦਾ ਜਵਾਬ ਦੇਣਾ ਬੰਦ ਕਰ ਦਿੱਤਾ।
ਕਿਵੇਂ ਹੋਈ ਗ੍ਰਿਫ਼ਤਾਰੀ
ਬਿਦਰ ਤੋਂ ਪੁਲਿਸ ਟੀਮਾਂ ਕਰਨਾਟਕ ਅਤੇ ਮਹਾਰਾਸ਼ਟਰ ਦੇ ਪਿੰਡਾਂ ਵਿੱਚ ਭੇਜੀਆਂ ਗਈਆਂ ਸਨ, ਜਿੱਥੇ ਦੋਵੇਂ ਵਿਅਕਤੀ ਖੇਤੀਬਾੜੀ ਮਜ਼ਦੂਰ ਵਜੋਂ ਕੰਮ ਕਰਦੇ ਸਨ, ਪਰ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।
ਇਹ ਕੇਸ ਪਿਛਲੇ ਮਹੀਨੇ ਹੀ ਮੁੜ ਖੋਲ੍ਹਿਆ ਗਿਆ ਸੀ।
ਬਿਦਰ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਚੇਨਾਬਾਸਵੰਨਾ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਮੇਰੇ ਸਾਥੀ ਨੇ ਉਮਰਗਾ ਪਿੰਡ ਦੇ ਲੋਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ।" ਵਾਗੋਰੇ ਨੂੰ 1965 ਵਿੱਚ ਉਮਰਗਾ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁੱਛਗਿੱਛ ਦੌਰਾਨ ਪੁਲਿਸ ਨੂੰ ਇਕ ਬਜ਼ੁਰਗ ਔਰਤ ਮਿਲੀ। ਪੁਲਿਸ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਉਹ ਘਟਨਾ ਯਾਦ ਸੀ।
ਉਨ੍ਹਾਂ ਦੱਸਿਆ, “ਜਦੋਂ ਅਸੀਂ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਸਾਨੂੰ ਦੱਸਿਆ ਕਿ ਵਾਗੋਰ ਜ਼ਿੰਦਾ ਸੀ।
ਉਕਤ ਔਰਤ ਨੇ ਦੱਸਿਆ ਕਿ ਉਹ ਮਹਾਰਾਸ਼ਟਰ ਦੇ ਨਾਂਦੇੜ ਜ਼ਿਲੇ ਦੇ ਠਕਲਗਾਓਂ ''ਚ ਮਿਲ ਸਕਦਾ ਹੈ। ਪੰਜ ਦਹਾਕਿਆਂ ਵਿੱਚ ਪੁਲਿਸ ਨੂੰ ਮਿਲਿਆ ਇਹ ਸਭ ਤੋਂ ਵੱਡਾ ਸੁਰਾਗ ਸੀ।
ਜਦੋਂ ਪੁਲਿਸ ਟੀਮ ਨੂੰ ਉਥੇ ਭੇਜਿਆ ਗਿਆ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਵਾਗੋਰੇ ਸਥਾਨਕ ਮੰਦਰ ਵਿੱਚ ਰਹਿ ਰਿਹਾ ਸੀ।
ਵਾਗੋਰੇ ਨੇ ਪੁਲਿਸ ਕੋਲ ਮੰਨਿਆ ਕਿ ਡਰ ਕਾਰਨ ਉਸ ਨੇ ਅਦਾਲਤ ਵਿੱਚ ਜਾਣਾ ਬੰਦ ਕਰ ਦਿੱਤਾ ਸੀ।
ਇਸ ਤੋਂ ਬਾਅਦ ਉਸ ਨੂੰ ਕਰਨਾਟਕ ਲਿਆਂਦਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਲੀਗਲ ਏਡ ਸੁਸਾਇਟੀ ਦੀ ਤਰਫੋਂ ਵਕੀਲਾਂ ਨੇ ਉਨ੍ਹਾਂ ਦੀ ਨੁਮਾਇੰਦਗੀ ਕੀਤੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

10 ਸਾਲਾ ਬੱਚੀ ਦੇ ਕਤਲ ਦਾ ਕੀ ਹੈ ਮਾਮਲਾ, ਜਿਸ ਦੇ ਘਿਨਾਉਣੇਪਣ ਨੇ ਪੂਰਾ ਯੂਕੇ ਹਿਲ਼ਾ ਕੇ ਰੱਖ ਦਿੱਤਾ
NEXT STORY