ਪੋਸਟ ਮਾਰਟਮ ਰਿਪੋਰਟ ਮੁਤਾਬਕ, ਸਾਰਾ ਸ਼ਰੀਫ ਨੂੰ "ਬਹੁਤ ਸਾਰੀਆਂ ਅਤੇ ਗੰਭੀਰ ਸੱਟਾਂ" ਲੱਗੀਆਂ ਸਨ
ਸਰੀ ਦੇ ਵੋਕਿੰਗ ਵਿਚ 10 ਅਗਸਤ ਨੂੰ ਆਪਣੇ ਘਰ ਅੰਦਰ 10 ਸਾਲਾ ਸਾਰਾ ਨਾਮ ਦੀ ਬੱਚੀ ਮਰੀ ਹੋਈ ਮਿਲੀ।
ਇਸ ਤੋਂ ਇੱਕ ਦਿਨ ਪਹਿਲਾਂ ਉਸ ਦੇ ਪਿਤਾ, ਮਤਰੇਈ ਮਾਂ ਅਤੇ ਅੰਕਲ ਸਣੇ ਉਸ ਦੇ ਹੋਰ ਇੱਕ ਤੋਂ ਤੇਰ੍ਹਾਂ ਸਾਲ ਦੀ ਉਮਰ ਤੱਕ ਦੇ ਭੈਣ-ਭਰਾਵਾਂ ਸਮੇਤ ਯੂਕੇ ਛੱਡ ਕੇ ਚਲੇ ਗਏ ਸੀ।
ਪੋਸਟ-ਮਾਰਟਮ ਰਿਪੋਰਟ ਵਿੱਚ ਪਤਾ ਲੱਗਿਆ ਕਿ ਸਾਰਾ ਨੂੰ ਕਾਫ਼ੀ ਜ਼ਿਆਦਾ ਅਤੇ ਗੰਭੀਰ ਸੱਟਾਂ ਲੱਗੀਆਂ ਸੀ।
ਸਾਰਾ ਦੇ ਪਿਤਾ ਉਰਫ਼ਾਨ ਸ਼ਰੀਫ, ਮਤਰੇਈ ਮਾਂ ਬੇਨਾਸ਼ ਬਾਤੂਲ ਅਤੇ ਉਨ੍ਹਾਂ ਦਾ ਭਰਾ ਫ਼ੈਸਲ ਮਲਿਕ ਬੱਚਿਆਂ ਸਮੇਤ 9 ਅਗਸਤ ਨੂੰ ਯੂਕੇ ਛੱਡ ਗਏ ਸਨ।
ਸਾਰਾ ਆਪਣੇ ਪਿਤਾ, ਉਨ੍ਹਾਂ ਦੀ ਪਤਨੀ, ਆਪਣੇ ਅੰਕਲ ਅਤੇ ਪੰਜ ਭੈਣ-ਭਰਾਵਾਂ ਨਾਲ ਸਰੀ ਵਿਚ ਵੀ ਰਹਿੰਦੀ ਸੀ।
ਸਾਰਾ ਸ਼ਰੀਫ ਦੀ ਮਾਂ ਅਤੇ ਨਾਨੀ ਕਹਿੰਦੇ ਹਨ ਕਿ ਉਨ੍ਹਾਂ ਨੇ ਮੁਰਦਾਘਰ ਵਿੱਚ ਬੜੀ ਮੁਸ਼ਕਲ ਨਾਲ ਸਾਰਾ ਨੂੰ ਪਛਾਣਿਆ, ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਸੀ।
ਮਾਂ ਓਲਗਾ ਸ਼ਰੀਫ ਨੇ ਕਿਹਾ, “ਉਸ ਦੀ ਇੱਕ ਗੱਲ਼ ਸੁੱਜੀ ਹੋਈ ਸੀ ਅਤੇ ਦੂਜੀ ਜ਼ਖ਼ਮਾਂ ਨਾਲ ਭਰੀ ਸੀ। ਹੁਣ ਵੀ, ਮੈਂ ਜਦੋਂ ਅੱਖਾਂ ਬੰਦ ਕਰਦੀ ਹਾਂ ਤਾਂ ਦੇਖ ਸਕਦੀ ਹਾਂ ਕਿ ਮੇਰੀ ਬੱਚੀ ਕਿਸ ਤਰ੍ਹਾਂ ਦਿਸਦੀ ਸੀ।”
ਉਰਫਾਨ ਸ਼ਰੀਫ, ਬੇਨਾਸ਼ ਬਤੂਲ ਅਤੇ ਫੈਜ਼ਲ ਮਲਿਕ
ਹੁਣ ਤੱਕ ਕੀ-ਕੀ ਹੋਇਆ
8 ਅਗਸਤ – ਸਾਰਾ ਦੇ ਪਿਤਾ ਉਰਫਾਨ ਸ਼ਰੀਫ ਨੇ ਪਾਕਿਸਤਾਨ ਲਈ ਵਨ-ਵੇ ਟਿਕਟਾਂ ਬੁੱਕ ਕੀਤੀਆਂ
9 ਅਗਸਤ - ਸ਼ਰੀਫ, ਉਸ ਦੀ ਪਤਨੀ ਬੇਨਾਸ਼ ਬਤੂਲ ਅਤੇ ਉਸ ਦੇ ਭਰਾ ਫੈਜ਼ਲ ਮਲਿਕ ਨੇ ਸਾਰਾ ਦੇ ਪੰਜ ਭੈਣ-ਭਰਾਵਾਂ ਨਾਲ ਇਸਲਾਮਾਬਾਦ ਲਈ ਯਾਤਰਾ ਕੀਤੀ
10 ਅਗਸਤ – ਸਾਰੇ ਜਣੇ ਪਾਕਿਸਤਾਨ ਪਹੁੰਚੇ, ਸਰੀ ਪੁਲਿਸ ਨੂੰ ਵੋਕਿੰਗ ਵਿੱਚ ਸਾਰਾ ਦੀ ਲਾਸ਼ ਮਿਲੀ। ਮੰਨਿਆ ਜਾਂਦਾ ਹੈ ਕਿ ਤਿੰਨ ਬਾਲਗ਼ ਅਤੇ ਪੰਜ ਬੱਚੇ ਜੇਹਲਮ ਸ਼ਹਿਰ ਗਏ ਸਨ ਜਿੱਥੇ ਉਹ ਕੁਝ ਦਿਨ ਰੁਕੇ ਸਨ।
15 ਅਗਸਤ – ਪਾਕਿਸਤਾਨ ਨੂੰ ਇੰਟਰਪੋਲ ਤੋਂ ਉਨ੍ਹਾਂ ਨੂੰ ਲੱਭਣ ਲਈ ਬੇਨਤੀ ਮਿਲੀ ਪਰ ਉਹ ਉਨ੍ਹਾਂ ਨੂੰ ਲੱਭਣ ਵਿੱਚ ਅਸਮਰੱਥ ਰਹੇ।
6 ਸਤੰਬਰ – ਉਰਫ਼ਾਨ ਸ਼ਰੀਫ ਅਤੇ ਬੇਨਾਸ਼ ਬਤੂਲ ਨੇ ਇੱਕ ਵੀਡੀਓ ਬੀਬੀਸੀ ਨੂੰ ਭੇਜਿਆ ਗਿਆ। ਸ਼ਰੀਫ ਇਸ ਵਿੱਚ ਬੋਲਦੇ ਨਹੀਂ ਹਨ ਪਰ ਬਤੂਲ ਨੇ ਸਾਰਾ ਦੀ ਮੌਤ ਨੂੰ "ਘਟਨਾ" ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਯੂਕੇ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਤਿਆਰ ਹਨ।
9 ਸਤੰਬਰ - ਦੋ ਆਦਮੀਆਂ ਨੇ ਸਿਆਲਕੋਟ ਤੋਂ ਯੂਕੇ ਵਾਪਸ ਜਾਣ ਲਈ ਸ਼ਰੀਫ, ਬਤੂਲ ਅਤੇ ਮਲਿਕ ਲਈ ਜਹਾਜ਼ ਦੀਆਂ ਟਿਕਟਾਂ ਖਰੀਦੀਆਂ।
11 ਸਤੰਬਰ - ਪਾਕਿਸਤਾਨ ਵਿੱਚ ਪੁਲਿਸ ਨੇ ਜੇਹਲਮ ਵਿੱਚ ਉਰਫ਼ਾਨ ਦੇ ਪਿਤਾ ਦੇ ਘਰ ਪੰਜ ਬੱਚਿਆਂ ਦਾ ਪਤਾ ਲਗਾਇਆ
13 ਸਤੰਬਰ - ਸਾਰਾ ਦੇ ਪਿਤਾ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਭਰਾ ਦੁਬਈ ਰਾਹੀਂ ਪਾਕਿਸਤਾਨ ਤੋਂ ਯੂਕੇ ਪਹੁੰਚੇ। ਜਿੱਥੇ ਤਿੰਨਾਂ ਨੂੰ ਉਰਫਾਨ ਸ਼ਰੀਫ (41), ਬੇਨਾਸ਼ ਬਤੂਲ (29) ਅਤੇ ਫੈਜ਼ਲ ਮਲਿਕ (28) ਨੂੰ ਜਹਾਜ਼ ਤੋਂ ਉਤਰਨ ਤੋਂ ਤੁਰੰਤ ਬਾਅਦ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਸਾਰਾ ਦੀ ਮਾਂ ਨੇ ਕੀ ਕਿਹਾ
ਪੌਲੈਂਡ ਦੇ ਟੈਲੀਵਿਜ਼ਨ ਚੈਨਲ ਟੀਵੀਐੱਨ ‘ਤੇ ਪ੍ਰੋਗਰਾਮ ਓਵਾਗਾ ਵਿੱਚ ਓਲਗਾ ਸ਼ਰੀਫ ਨੇ ਦੱਸਿਆ ਕਿ 2015 ਵਿੱਚ ਉਹ ਉਰਫ਼ਾਨ ਸ਼ਰੀਫ ਤੋਂ ਵੱਖ ਹੋ ਗਈ ਸੀ। ਪਹਿਲਾਂ ਸਾਰਾ ਅਤੇ ਉਸ ਦਾ ਵੱਡਾ ਭਰਾ ਉਸ ਦੇ ਨਾਲ ਹੀ ਰਹਿੰਦੇ ਸੀ ਪਰ 2019 ਵਿੱਚ ਫੈਮਿਲੀ ਕੋਰਟ ਨੇ ਉਸ ਨੂੰ ਪਿਤਾ ਨਾਲ ਰਹਿਣ ਲਈ ਕਹਿ ਦਿੱਤਾ ਸੀ।
ਓਲਗਾ ਸ਼ਰੀਫ ਮੂਲ ਰੂਪ ਵਿੱਚ ਪੌਂਲੈਂਡ ਦੀ ਹੈ ਪਰ ਹੁਣ ਯੂਕੇ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ-ਪਹਿਲਾਂ ਤਾਂ ਉਹ ਆਪਣੇ ਦੋਹਾਂ ਬੱਚਿਆਂ ਨੂੰ ਰੈਗੁਲਰ ਮਿਲ ਲੈਂਦੀ ਸੀ, ਪਰ ਫਿਰ ਹਾਲਾਤ ਔਖੇ ਹੋ ਗਏ ਸਨ।
ਉਨ੍ਹਾਂ ਨੇ ਟੀਵੀਐੱਨ ਨੂੰ ਦੱਸਿਆ, “ਉਨ੍ਹਾਂ ਦੀ ਮਤਰੇਈ ਮਾਂ ਨੇ ਮੈਨੂੰ ਲਿਖਿਆ ਕਿ ਮੈਂ ਉੱਥੇ ਨਾ ਆਇਆ ਕਰਾਂ ਕਿਉਂਕਿ ਬੱਚੇ ਮੈਨੂੰ ਦੇਖਣਾ ਨਹੀਂ ਚਾਹੁੰਦੇ।"
“ਜੋ ਬੱਚੇ ਕਦੇ ਖੁਸ਼ ਸਨ ਅਤੇ ਇਸ ਗੱਲ ‘ਤੇ ਬਹਿਸ ਕਰਦੇ ਸੀ ਕਿ ਕੌਣ ਪਹਿਲਾਂ ਮੇਰੇ ਨਾਲ ਗੱਲ ਕਰੇਗਾ, ਅਚਾਨਕ ਉਹ ਮੇਰੇ ਨਾਲ ਫ਼ੋਨ ‘ਤੇ ਵੀ ਗੱਲ ਨਹੀਂ ਕਰਨਾ ਚਾਹੁੰਦੇ ਸੀ ਤੇ ਮੈਨੂੰ ਭੱਦੇ ਨਾਵਾਂ ਨਾਲ ਬੁਲਾ ਰਹੇ ਸੀ।”
ਇਹ ਸਪੱਸ਼ਟ ਨਹੀਂ ਕਿ ਇਹ ਕਦੋਂ ਹੋਇਆ ਅਤੇ ਬੇਨਾਸ਼ ਬਾਤੂਲ ਦਾ ਪੱਖ ਜਾਨਣ ਲਈ ਬੀਬੀਸੀ ਦਾ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਓਲਗਾ ਦੀ ਮਾਂ, ਸਾਈਲਵੀਆ ਕੂਰਜ਼ ਨੇ ਕਿਹਾ ਕਿ ਓਲਗਾ ਚਾਹੁੰਦੀ ਹੈ ਕਿ ਉਸ ਦਾ ਬੇਟਾ ਉਸ ਨੂੰ ਵਾਪਸ ਕਰ ਦਿੱਤਾ ਜਾਵੇ।
“ਓਲਗਾ ਚਾਹੇਗੀ ਕਿ ਉਸ ਦਾ ਬੇਟਾ ਉਸ ਦੇ ਨਾਲ ਰਹਿ ਸਕੇ। ਉਹ ਅਤੇ ਅਸੀਂ ਸਾਰੇ ਉਸ ਦਾ ਬੇਟਾ ਵਾਪਸ ਲੈਣਾ ਚਾਹੁੰਦੇ ਹਾਂ।”
“ਮੇਰਾ ਦੋਹਤਾ 13 ਸਾਲ ਦਾ ਹੈ। ਆਖ਼ਰ, ਉਹ ਜਾਣਦਾ ਹੋਏਗਾ ਕਿ ਸਾਰਾ ਦੇ ਨਾਲ ਨੌਂ ਅਗਸਤ ਨੂੰ ਕਿਉਂ ਨਹੀਂ ਗਈ।”
ਸਾਰਾ ਸ਼ਰੀਫ 10 ਅਗਸਤ ਨੂੰ ਵੋਕਿੰਗ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ
ਡਰ ਕਾਰਨ ਪਾਕਿਸਤਾਨ ਗਏ
ਓਲਗਾ ਨੇ ਕਿਹਾ ਕਿ ਉਰਫਾਨ ਸ਼ਰੀਫ ਨਾਲ ਵਿਆਹ ਤੋਂ ਬਾਅਦ, ਉਸ ਨਾਲ ਬੁਰਾ ਵਿਵਹਾਰ ਹੋਇਆ। ਬੀਬੀਸੀ ਨੇ ਪੱਖ ਜਾਨਣ ਲਈ ਉਰਫ਼ਾਨ ਸ਼ਰੀਫ਼ ਨਾਲ ਰਾਬਤਾ ਨਹੀਂ ਬਣਾ ਸਕਿਆ।
ਛੇ ਸਤੰਬਰ ਨੂੰ, ਉਰਫ਼ਾਨ ਸ਼ਰੀਫ ਅਤੇ ਬੇਨਾਸ਼ ਬਾਤੂਲ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਬਾਤੂਲ ਕਹਿ ਰਹੇ ਹਨ ਕਿ ਉਹ ਤਸ਼ਦੱਦ ਅਤੇ ਮਾਰੇ ਜਾਣ ਦੇ ਡਰੋਂ ਲੁਕਣ ਲਈ ਪਾਕਿਸਤਾਨ ਚਲੇ ਗਏ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ ਅਤੇ ਉਹ ਯੂਕੇ ਦੀਆਂ ਅਥਾਰਟੀਜ਼ ਨੂੰ ਸਹਿਯੋਗ ਕਰਨ ਲਈ ਰਾਜ਼ੀ ਹਨ।
ਵੀਡੀਓ ਵਿਚ ਉਰਫਾਨ ਸ਼ਰੀਫ ਨਹੀਂ ਬੋਲ ਰਹੇ ਹਨ ਅਤੇ ਬੇਨਾਸ਼ ਬਾਤੂਲ ਇੱਕ ਕਾਪੀ ਤੋਂ ਦੇਖ ਕੇ ਬੋਲ ਰਹੇ ਹਨ।
ਸਾਰਾ ਦੀ ਮੌਤ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਉਹ ਲੋਕਾਂ ਦੇ ਸਾਹਮਣੇ ਆਏ ਸਨ।
ਉਰਫ਼ਾਨ ਸ਼ਰੀਫ ਦੇ ਪਿਤਾ ਮੁਹੰਮਦ ਸ਼ਰੀਫ ਨੇ ਬੀਬੀਸੀ ਨੂੰ ਦੱਸਿਆ ਕਿ ਪੰਜੇ ਬੱਚੇ 10 ਅਗਸਤ ਤੋਂ ਪਾਕਿਸਤਾਨ ਵਿੱਚ ਉਨ੍ਹਾਂ ਦੇ ਘਰ ਹੀ ਸਨ। ਮੰਗਲਵਾਰ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਉਨ੍ਹਾਂ ਨੂੰ ਸਰਕਾਰੀ ਚਾਈਲਡ ਕੇਅਰ ਵਿੱਚ ਭੇਜ ਦਿੱਤਾ ਗਿਆ, ਹਾਲਾਂਕਿ ਅਦਾਲਤ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਦੋਂ ਤੱਕ ਬੱਚੇ ਉੱਥੇ ਰਹਿਣਗੇ।
ਸਥਾਨਕ ਇਮਾਮ ਨੇ ਕਿਹਾ ਕਿ ਇਸ ਮੌਤ ਨਾਲ ਭਾਈਚਾਰਾ ਸਦਮੇ ਵਿੱਚ ਹੈ। ਸ਼ਾਹ ਜਹਾਨ ਮਸਜਿਦ ਦੇ ਇਮਾਮ ਹਾਫਿਜ਼ ਹਾਸ਼ਮੀ ਨੇ ਕਿਹਾ ਸੀ ਕਿ ਉਹ ਪਿਛਲੇ ਦਿਨਾਂ ਵਿੱਚ ਸੌਂ ਵੀ ਨਹੀਂ ਸਕੇ ਹਨ।
ਉਨ੍ਹਾਂ ਨੇ ਬੀਬੀਸੀ ਰੇਡੀਓ ਸਰੀ ਨੂੰ ਦੱਸਿਆ, “ਅਸੀਂ ਬਹੁਤ ਸਦਮੇ ਵਿੱਚ ਹਾਂ ਅਤੇ ਉਦਾਸ ਹਾਂ। ਯਕੀਨ ਨਹੀਂ ਹੁੰਦਾ ਕਿ ਇੱਕ ਮਾਸੂਮ ਬੱਚੇ ਨਾਲ ਅਜਿਹਾ ਵੀ ਹੋ ਸਕਦਾ ਹੈ।”
"ਸਾਨੂੰ ਮੌਤ ਦੇ ਹਾਲਾਤ ਬਾਰੇ ਪਤਾ ਨਹੀਂ ਹੈ, ਇਸ ਲਈ ਅਸੀਂ ਬੱਚੀ ਦੀ ਆਤਮਾ ਦੀ ਸ਼ਾਂਤੀ ਦੀ ਦੁਆ ਕਰਦੇ ਹਾਂ। ਦੁਆ ਕਰਦੇ ਹਾਂ ਕਿ ਉਸ ਦੀ ਮੌਤ ਦਾ ਸੱਚ ਸਾਹਮਣੇ ਆ ਸਕੇ।"
ਮਾਪਿਆਂ ਨੂੰ ਏਅਰਪੋਰਟ ''ਤੇ ਕੀਤਾ ਗ੍ਰਿਫ਼ਤਾਰ
ਬੁੱਧਵਾਰ ਨੂੰ ਸ਼ੱਕ ਦੇ ਅਧਾਰ ’ਤੇ ਉਰਫ਼ਾਨ ਸ਼ਰੀਫ, ਉਸ ਦੀ ਪਤਨੀ ਬੇਨਾਸ਼ ਬਾਤੂਲ ਅਤੇ ਭਰਾ ਫ਼ੈਸਲ ਮਲਿਕ ਪਾਕਿਸਤਾਨ ਤੋਂ ਵਾਇਆ ਦੁਬਈ ਯੂਕੇ ਪਰਤਣ ‘ਤੇ ਗਾਟਵਿਕ ਏਅਰਪੋਰਟ ‘ਤੇ ਗ੍ਰਿਫ਼ਤਾਰ ਕਰ ਲਏ ਗਏ ਹਨ।
ਸਰੀ ਪੁਲਿਸ ਨੇ ਕਿਹਾ ਹੈ, “ਸਾਰਾ ਦੀ ਮਾਂ ਓਲਗਾ ਸ਼ਰੀਫ ਨੂੰ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।"
ਬੁੱਧਵਾਰ ਨੂੰ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ, ''ਸਨ ਨਿਊਜ਼ਪੇਪਰ'' ਨੂੰ ਦਿੱਤੇ ਇੰਟਰਵਿਊ ਵਿੱਚ ਓਲਗਾ ਨੇ ਕਿਹਾ, “ਇਹ ਰਾਹਤ ਦੀ ਗੱਲ ਹੈ ਅਤੇ ਮੈਨੂੰ ਇੰਨੀ ਜਲਦੀ ਅਜਿਹਾ ਹੋਣ ਦੀ ਉਮੀਦ ਨਹੀਂ ਸੀ।”
ਓਲਗਾ ਨੇ ਕਿਹਾ, “ਮੈਂ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਮੋਢਿਆਂ ਤੋਂ ਇੱਕ ਭਾਰ ਚੁੱਕਿਆ ਗਿਆ ਹੈ ਪਰ ਦਰਦ ਦਾ ਅਹਿਸਾਸ ਹਾਲੇ ਲੰਬਾ ਸਮਾਂ ਚੱਲੇਗਾ।
ਸਰੀ ਪੁਲਿਸ ਨੇ ਕੇਸ ਦੀ ਜਾਂਚ ਨੂੰ ਅਤਿ ਤੇਜ਼, ਚੁਣੌਤੀ ਭਰੀ ਅਤੇ ਗੁੰਝਲਦਾਰ ਦੱਸਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮਰੀਕਾ: ਪੁਲਿਸ ਦੀ ਗੱਡੀ ਨਾਲ ਮਾਰੀ ਗਈ ਜਾਨ੍ਹਵੀ ਕੰਦੂਲਾ ਕੌਣ ਸੀ, ਮੌਤ ਬਾਰੇ ਪੁਲਿਸ ਅਫ਼ਸਰ ਦੇ ਵੀਡੀਓ...
NEXT STORY