ਕੈਨੇਡਾ ਰਹਿੰਦੇ ਪੰਜਾਬੀ ਕਲਾਕਾਰ ਸ਼ੁਭ ਦਾ ਭਾਰਤ ਵਿੱਚ ਪਹਿਲਾ ਸੰਗੀਤਕ ਟੂਰ ਰੱਦ ਹੋਣ ਤੋਂ ਬਾਅਦ ਹੁਣ ਹੋਰ ਪੰਜਾਬੀ ਕਲਾਕਾਰਾਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕਈ ਯੂਜ਼ਰਾਂ ਵੱਲੋਂ ਏਪੀ ਢਿੱਲੋਂ, ਗੈਰੀ ਸੰਧੂ, ਗਿੱਪੀ ਗਰੇਵਾਲ, ਜੈਜ਼ੀ ਬੀ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸਮੇਤ ਹੋਰ ਪੰਜਾਬੀ ਕਲਾਕਾਰਾਂ ਦੇ ਬਾਈਕਾਟ ਕਰਨ ਬਾਰੇ ਲਿਖਿਆ ਜਾ ਰਿਹਾ ਹੈ।
ਕਈ ਯੂਜ਼ਰਾਂ ਵੱਲੋਂ ਸ਼ੁਭ ਅਤੇ ਹੋਰ ਪੰਜਾਬੀ ਕਲਾਕਾਰਾਂ ਨੂੰ ‘ਖਾਲਿਸਤਾਨ’ ਨਾਲ ਵੀ ਜੋੜਿਆ ਜਾ ਰਿਹਾ ਜਿਸ ਮਗਰੋਂ ਕਈ ਸ਼ਖਸੀਅਤਾਂ ਅਤੇ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਸ਼ੁਭ ਦੀ ਹਮਾਇਤ ਅਤੇ ਅਜਿਹੀ ਧਾਰਨਾ ਨਾ ਚਲਾਉਣ ਬਾਰੇ ਕਿਹਾ ਗਿਆ ਹੈ।
ਸ਼ੁਭ ਦਾ ਭਾਰਤ ’ਚ ਸੰਗੀਤਕ ਟੂਰ 23 ਸਤੰਬਰ ਤੋਂ ਸ਼ੁਰੂ ਹੋਣਾ ਸੀ, ਪਰ ਭਾਰਤੀ ਜਨਤਾ ਯੂਵਾ ਮੋਰਚਾ ਨਾਲ ਜੁੜੇ ਕਾਰਕੁੰਨਾ ਅਤੇ ਸੋਸ਼ਲ ਮੀਡੀਆ ਉੱਤੇ ਵਿਰੋਧ ਕਾਰਨ ਇਹ ਟੂਰ ਰੱਦ ਹੋ ਗਿਆ।
ਹਰਦੀਪ ਸਿੰਘ ਨਿੱਝਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ) ਦੇ ਪ੍ਰਧਾਨ ਸਨ
ਗਾਇਕ ਸ਼ੁਭ ਕੈਨੇਡਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਵੀ ਤਣਾਅ ਵਧਿਆ ਨਜ਼ਰ ਆ ਰਿਹਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਦੇ ਖਦਸ਼ੇ ਪ੍ਰਗਟ ਕੀਤੇ ਗਏ ਹਨ। ਹਾਲਾਂਕਿ ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ‘ਬੇਬੁਨਿਆਦ’ ਦੱਸਿਆ ਹੈ।
ਭਾਰਤ ਨੇ ਕਿਹਾ ਹੈ ਕਿ ਕੈਨੇਡਾ ਨੂੰ ਉਨ੍ਹਾਂ ਦੀ ਧਰਤੀ ਉੱਤੇ ਹੋ ਰਹੀਆਂ ਭਾਰਤ-ਵਿਰੋਧੀ ਗਤੀਵਿਧੀਆਂ ਖਿਲਾਫ਼ ਕਦਮ ਚੁੱਕਣੇ ਚਾਹੀਦੇ ਹਨ।
ਦੋਵਾਂ ਮੁਲਕਾਂ ਵੱਲੋਂ ਇੱਕ-ਦੂਜੇ ਦੇ ਕੂਟਨੀਤਕਾਂ ਨੂੰ ਵੀ ਮੁਲਕ ਛੱਡ ਦੇਣ ਨੂੰ ਕਿਹਾ ਗਿਆ ਸੀ।
ਭਾਰਤ ਨੇ ਵੀਰਵਾਰ 21 ਸਤੰਬਰ ਤੋਂ ਕੈਨੇਡਾ ਦੇ ਨਾਗਰਿਕਾਂ ਲਈ ਭਾਰਤੀ ਵੀਜ਼ੇ ਉੱਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ।
ਇਸੇ ਵਿਚਾਲੇ ਗਾਇਕ ਸ਼ੁਭ ਦੀ ਇੱਕ ਪੋਸਟ ਵਾਇਰਲ ਹੋਈ ਜਿਸ ਵਿੱਚ ਉਨ੍ਹਾਂ ਨੇ ਇੱਕ ਕਥਿਤ ਤੌਰ ਉੱਤੇ ਵਿਵਾਦਿਤ ਨਕਸ਼ਾ ਸ਼ੇਅਰ ਕੀਤਾ ਹੋਇਆ ਸੀ।
ਸ਼ੁਭ ਬਾਰੇ ਵਿਵਾਦ ਕਿਵੇਂ ਸ਼ੁਰੂ ਹੋਇਆ
ਸ਼ੁਭ ਵੱਲੋਂ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ‘ਵਿਵਾਦਤ ਨਕਸ਼ੇ ਵਾਲੀ ਤਸਵੀਰ’ 2023 ਦੇ ਮਾਰਚ ਮਹੀਨੇ ਵਿੱਚ ਪਾਈ ਗਈ ਸੀ।
ਇਹ ਉਹ ਸਮਾਂ ਸੀ ਜਿਸ ਸਮੇਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਵਿੱਚ ਕਈ ਥਾਵਾਂ ‘ਤੇ ਇੰਟਰਨੈੱਟ ਬੰਦ ਕੀਤਾ ਗਿਆ ਸੀ।
ਸ਼ੁਭ ਨੇ ਵਿਦੇਸ਼ ਰਹਿੰਦੇ ਅਮਨਦੀਪ ਸਿੰਘ ਨਾਂਅ ਦੇ ਕਲਾਕਾਰ ਵੱਲੋਂ ਬਣਾਏ ਨਕਸ਼ੇ ਦੀ ਤਸਵੀਰ ਸਾਂਝੀ ਕੀਤੀ ਸੀ। ਅਮਨਦੀਪ ਸਿੰਘ ਨੇ ਇਸ ਤਸਵੀਰ ਬਾਰੇ ਮੁਆਫੀ ਵੀ ਮੰਗੀ ਸੀ।
ਇਹ ਨਕਸ਼ਾ ਪਾਉਣ ਕਾਰਨ ਸ਼ੁਭ ਦੀ ਕਾਫੀ ਆਲੋਚਨਾ ਹੋਈ।
ਸ਼ੁਭ ਨੇ ਵੀਰਵਾਰ 21 ਸਤੰਬਰ ਨੂੰ ਇਸ ਬਾਰੇ ਆਪਣੇ ਸਪਸ਼ਟੀਕਰਨ ਦਿੰਦਿਆਂ ਲਿਖਿਆ ਸੀ, "ਮੇਰੀ ਸਟੋਰੀ ''ਤੇ ਉਸ ਪੋਸਟ ਨੂੰ ਦੁਬਾਰਾ ਸਾਂਝਾ ਕਰਨ ਦਾ ਮੇਰਾ ਇਰਾਦਾ ਸਿਰਫ਼ ਪੰਜਾਬ ਲਈ ਅਰਦਾਸ ਕਰਨਾ ਸੀ ਕਿਉਂਕਿ ਸੂਬੇ ਭਰ ਵਿੱਚ ਬਿਜਲੀ ਅਤੇ ਇੰਟਰਨੈਟ ਬੰਦ ਹੋਣ ਦੀਆਂ ਖਬਰਾਂ ਸਨ।"
"ਇਸ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀ ਅਤੇ ਯਕੀਨਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮੇਰਾ ਇਰਾਦਾ ਨਹੀਂ ਸੀ।"
ਸ਼ੁਭ ਦੀ ਪਹਿਲੀ ਪ੍ਰਤਿਕਿਰਿਆ ਤੇ ਲੋਕਾਂ ਵੱਲੋਂ ਹੌਂਸਲਾ
ਸ਼ੁਭ ਵੱਲੋਂ ਭਾਰਤ ਵਿੱਚ ‘ਸਟਿਲ ਰੋਲਿਨ’ ਟੂਰ ਰੱਦ ਹੋਣ ਬਾਰੇ ਗਈ।
ਜਿਸ ਵਿੱਚ ਉਨ੍ਹਾਂ ਕਿਹਾ, “ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਰਾਰ ਦੇਣ ਤੋਂ ਬਚੋ।”
ਸ਼ੁਭ ਦੀ ਪ੍ਰਤੀਕਿਰਿਆ ਤੋਂ ਬਾਅਦ ਏਪੀ ਢਿੱਲੋਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਾਜ਼ਾ ਮਾਹੌਲ ਬਾਰੇ ਆਪਣੀ ਗੱਲ ਕਹੀ ਹੈ।
ਕਿਸਾਨ ਅੰਦੋਲਨ ਦੌਰਾਨ ਆਪਣੀਆਂ ਟਿੱਪਣੀਆਂ ਕਰਕੇ ਵਿਵਾਦਾਂ ਵਿੱਚ ਆਉਣ ਵਾਲੀ ਬਾਲੀਵੁੱਡ ਕਲਾਕਾਰ ਕੰਗਨਾ ਰਾਣੌਤ ਨੇ ਵੀ ਇਸੇ ਦੌਰਾਨ ਖਾਲਿਸਤਾਨ ਅਤੇ ਸਿੱਖ ਭਾਈਚਾਰੇ ਬਾਰੇ ਲਿਖਿਆ ਹੈ।
ਸ਼ੁਭ ਵੱਲੋਂ ਆਪਣੇ ਭਾਰਤ ਦੇ ਟੂਰ ਰੱਦ ਹੋਣ ਤੋਂ ਬਾਅਦ ਪਹਿਲੀ ਪ੍ਰਤਿਕਿਰਿਆ ਵਾਲੀ ਇੰਸਟਾਗ੍ਰਾਮ ਪੋਸਟ ਉੱਤੇ ਅਣਗਿਣਤ ਲੋਕਾਂ ਵੱਲੋਂ ਉਨ੍ਹਾਂ ਦੀ ਹਮਾਇਤ ਵਿੱਚ ਲਿਖਿਆ ਗਿਆ। ਉਨ੍ਹਾਂ ਨੇ ਸ਼ੁਭ ਨੂੰ ਆਪਣਾ ਉਤਸ਼ਾਹ ਬਰਕਾਰ ਰੱਖਣ ਲਈ ਕਿਹਾ।
ਕਿਵੇਂ ਸ਼ੁਭ ਦਾ ਵਿਰੋਧ ਸ਼ੁਰੂ ਹੋਇਆ
ਭਾਰਤੀ ਜਨਤਾ ਯੂਵਾ ਮੋਰਚਾ ਦੇ ਪ੍ਰਧਾਨ ਤਜਿੰਦਰ ਸਿੰਘ ਟਿਵਾਣਾ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇਵੇਂਦਰ ਫ਼ਡਣਵੀਸ ਨਾਲ
ਦਰਅਸਲ ਸ਼ੁਭ ਵੱਲੋਂ ‘ਵਿਵਾਦਤ ਨਕਸ਼ੇ’ ਵਾਲੀ ਪੋਸਟ ਤੋਂ ਬਾਅਦ ਹੀ ਕਈ ਤੱਤਾਂ ਵੱਲੋਂ ਸ਼ੁਭ ਦਾ ਵਿਰੋਧ ਹੋ ਰਿਹਾ ਸੀ ਅਤੇ ਜਦੋਂ ਸ਼ੁਭ ਦੇ ਭਾਰਤ ਵਿੱਚ ਪਹਿਲੇ ਸੰਗੀਤਕ ਟੂਰ ਦਾ ਐਲਾਨ ਹੋਇਆ ਤਾਂ ਇਹ ਤੱਤ ਵਿਰੋਧ ਵਿੱਚ ਹੋਰ ਸਰਗਰਮ ਹੋ ਗਏ।
ਇਹਨਾਂ ਤੱਤਾਂ ਵਿੱਚ ਸਭ ਤੋਂ ਸਰਗਰਮ ਮੁੰਬਈ ਸਥਿਤ ਭਾਰਤੀ ਜਨਤਾ ਯੂਵਾ ਮੋਰਚਾ ਦੇ ਪ੍ਰਧਾਨ ਤਜਿੰਦਰ ਸਿੰਘ ਟਿਵਾਣਾ ਅਤੇ ਪਾਰਟੀ ਦੇ ਕਾਰਕੁੰਨ ਸਨ।
16 ਸਤੰਬਰ ਨੂੰ ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਭਾਰਤੀ ਜਨਤਾ ਯੂਵਾ ਮੋਰਚਾ ਦੇ ਮੁੰਬਈ ਸਥਿਤ ਪ੍ਰਧਾਨ ਤਜਿੰਦਰ ਸਿੰਘ ਟਿਵਾਣਾ ਨੇ ਕਿਹਾ, "ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਦੁਸ਼ਮਣ ਖ਼ਾਲਿਸਤਾਨੀਆਂ ਦੀ ਇੱਥੇ ਕੋਈ ਥਾਂ ਨਹੀਂ ਹੈ।"
ਇਸ ਤੋਂ ਇਲਾਵਾ ਭਾਰਤੀ ਜਨਤਾ ਯੂਵਾ ਮੋਰਚਾ ਦੇ ਕਾਰਕੁੰਨਾਂ ਨੇ ਮੁੰਬਈ ਵਿੱਚ ਰੋਸ-ਮੁਜ਼ਾਹਰਾ ਵੀ ਕੀਤਾ ਅਤੇ ਸ਼ੁਭ ਦੇ ਟੂਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ੁਭ ਦੇ ਪੋਸਟਰ ਵੀ ਪਾੜੇ।
ਬੁੱਧਵਾਰ 20 ਸਤੰਬਰ ਨੂੰ ਔਨਲਾਈਨ ਟਿਕਟਿੰਗ ਪਲੇਟਫਾਰਮ ‘ਬੁੱਕ ਮਾਏ ਸ਼ੋਅ’ ਦਾ ਵੀ ਐਲਾਨ ਸਾਹਮਣੇ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕੈਨੇਡਾ-ਅਧਾਰਿਤ ਕਲਾਕਾਰ ਸ਼ੁਭਨੀਤ ਸਿੰਘ ਉਰਫ ਸ਼ੁਭ ਦੇ 23 ਸਤੰਬਰ ਤੋਂ ਬੈਂਗਲੁਰੂ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ।
‘ਜੋ ਸਿੱਧੂ ਨਾਲ ਹੋਇਆ, ਉਹੀ ਸ਼ੁਭ ਨਾਲ ਵੀ’
ਸਟੋਰੀ ਵਿੱਚ ਕਿਹਾ ਗਿਆ, “ਇਹ ਅਫ਼ਸੋਸ ਦੀ ਗੱਲ ਹੈ ਕਿ ਅਜਿਹਾ ਹੀ ਸ਼ੁਭ ਨਾਲ ਹੋ ਰਿਹਾ ਹੈ’’
ਸ਼ੁਭ ਦੇ ਆਲੇ ਦੁਆਲੇ ਚੱਲ ਰਹੇ ਵਿਵਾਦ ਤੋਂ ਬਾਅਦ ਮਰਹੂਮ ਕਲਾਕਾਰ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੰਸਟਾ ਸਟੋਰੀ ਵਿੱਚ ਆਪਣੀ ਗੱਲ ਰੱਖੀ ਗਈ ਹੈ। ਇਸ ਇੰਸਟਾ ਸਟੋਰੀ ਵਿੱਚ ਮੌਜੂਦਾ ਹਾਲਾਤਾਂ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ।
ਇਸ ਸਟੋਰੀ ਵਿੱਚ ਲਿਖਿਆ ਗਿਆ ਹੈ, “ਪਿਛਲੇ ਹਫ਼ਤਿਆਂ ਵਿੱਚ ਸਿੱਖ ਭਾਈਚਾਰੇ ਵਿੱਚ ਚਿੰਤਾ ਵੱਧ ਰਹੀ ਹੈ। ਇਹ ਬਹੁਤ ਦੁੱਖ ਭਰੀ ਗੱਲ ਹੈ ਕਿ ਪੰਜਾਬੀਆਂ ਕੋਲੋਂ ਵਾਰ-ਵਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਦੇਸ਼ ਭਗਤੀ ਸਾਬਤ ਕਰਨ। ਭਾਰਤ ਵਿੱਚ ਇੱਕ ਘੱਟਗਿਣਤੀ ਹੋਣਾ ਬਹੁਤ ਚੁਣੌਤੀਪੂਰਨ ਹੈ।’’
“ਇਹ ਅਫ਼ਸੋਸ ਦੀ ਗੱਲ ਹੈ ਕਿ ਅਜਿਹਾ ਹੀ ਸ਼ੁਭ ਨਾਲ ਹੋ ਰਿਹਾ ਹੈ। ਇੱਕ ਚੰਗੀ ਮਨਸ਼ਾ ਨਾਲ ਪਾਈ ਗਈ ਇੱਕੋ ਇੰਸਟਾ ਸਟੋਰੀ ਨੇ ਅਚਾਨਕ ਹੀ ਪੂਰੇ ਦੇਸ਼ ਵਿੱਚ ਨਫ਼ਰਤ ਨੂੰ ਉਬਾਲਾ ਦੇ ਦਿੱਤਾ ਹੈ। ਇਹ ਇੱਕ ਸਵਾਲ ਖੜ੍ਹਾ ਕਰਦਾ ਹੈ ਕਿ ਕਿਉਂ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਗਾਇਕਾਂ ਨੂੰ ਹੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਚੁੱਪ ਕਰਵਾਇਆ ਜਾਂਦਾ ਹੈ।”
“ਸਾਨੂੰ ਆਪਣੇ ਦੇਸ਼ ਭਾਰਤ ਨਾਲ ਬਹੁਤ ਪਿਆਰ ਹੈ ਪਰ ਦੂਜੇ ਪਾਸਿਓਂ ਸਾਨੂੰ ਜਵਾਬ ਵਿੱਚ ਇਹ ਭਾਵਨਾਵਾਂ ਨਹੀਂ ਮਿਲਦੀਆਂ।”
ਕੈਨੇਡਾ ਦੇ ਸਿਆਸਤਦਾਨ ਜਗਮੀਤ ਸਿੰਘ ਨੇ ਵੀ ਕੀਤਾ ਕੁਮੈਂਟ
ਕੈਨੇਡਾ ਦੀ ਰਾਜਨੀਤਿਕ ਧਿਰ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਵੀ ਇੰਸਟਾਗ੍ਰਾਮ ਉੱਤੇ ਸ਼ੁਭ ਦੀ ਪੋਸਟ ਥੱਲੇ ਕੁਮੈਂਟ ਰਾਹੀਂ ਹਮਾਇਤ ਪ੍ਰਗਟਾਈ ਹੈ।
ਇਸ ਕੁਮੈਂਟ ਦੀ ਤਸਵੀਰ ਨੂੰ ਵੀ ਸ਼ੁਭ ਦੇ ਵਿਰੋਧ ਵਿੱਚ ਵਰਤਿਆ ਜਾ ਰਿਹਾ ਹੈ।
ਜਗਮੀਤ ਸਿੰਘ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਹਰਜੀਤ ਸਿੰਘ ਨਿੱਝਰ ਦੇ ਕਤਲ ਦਾ ਨਿਆਂ ਦਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਬਾਰੇ ਕਿਹਾ ਸੀ।
ਪੰਜਾਬ ਦੇ ਸਿਆਸੀ ਆਗੂਆਂ ਨੇ ਕੀ ਕਿਹਾ ?
ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਆਗੂਆਂ ਨੇ ਸਾਰੇ ਪੰਜਾਬੀਆਂ ਨੂੰ ਖਾਲਿਸਤਾਨ ਨਾਲ ਨਾ ਜੋੜਨ ਬਾਰੇ ਲਿਖਿਆ ਹੈ।
ਸ਼ੁਭ ਵੱਲੋਂ ਮਾਮਲੇ ਬਾਰੇ ਆਪਣਾ ਪੱਖ ਰੱਖਣ ਤੋਂ ਬਾਅਦ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਖਿਆ, “ਕਾਂਗਰਸ ਪਾਰਟੀ ਖਾਲਿਸਤਾਨ ਦੇ ਵਿਚਾਰ ਦਾ ਪੁਰਜ਼ੋਰ ਵਿਰੋਧ ਕਰਦੀ ਰਹੀ ਹੈ ਅਤੇ ਰਾਸ਼ਟਰ ਵਿਰੋਧੀ ਤਾਕਤਾਂ ਦੇ ਵਿਰੋਧ ਵਿੱਚ ਲੜਦੀ ਰਹੀ ਹੈ, ਮੈਂ ਸ਼ੁਭ ਜਿਹੇ ਉਨ੍ਹਾਂ ਨੌਜਵਾਨਾਂ ਜੋ ਪੰਜਾਬ ਬਾਰੇ ਬੋਲਦੇ ਹਨ, ਉਨ੍ਹਾਂ ਉੱਤੇ ਰਾਸ਼ਟਰ ਵਿਰੋਧੀ ਹੋਣ ਦੀ ਲੇਬਲਿੰਗ ਦਾ ਸਖ਼ਤ ਵਿਰੋਧ ਕਰਦਾ ਹਾਂ।”
“ਸਾਨੂੰ ਪੰਜਾਬੀਆਂ ਨੂੰ ਸਾਡੇ ਰਾਸ਼ਟਰ ਪ੍ਰੇਮ ਬਾਰੇ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ, ਕੁਝ ਤਾਕਤਾਂ ਵੱਲੋਂ ਪੰਜਾਬੀਆਂ ਨੂੰ ਕਮਜ਼ੋਰ ਕਰਨ ਲਈ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ ਇਹ ਪ੍ਰਚਾਰ ਬਹੁਤ ਨਿੰਦਣਯੋਗ ਹੈ। ਸਾਡੇ ਨੌਜਵਾਨਾਂ ਦੇ ਅਕਸ ਨੂੰ ਵਿਗਾੜਨ ਵਾਲੇ ਅਜਿਹੀਆਂ ਹੀਣ ਭਾਵਨਾ ਵਾਲੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ।”
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਕਿਹਾ ਸੀ, “ਸਿੱਖ ਇੱਕ ਰਾਸ਼ਟਰਵਾਦੀ ਕੌਮ ਹਨ, ਇਹ ਜੋ ਪ੍ਰਚਾਰ ਪਿਛਲੇ ਦਿਨਾਂ ਤੋਂ ਹੋ ਰਿਹਾ ਹੈ ਇਸ ਦਾ ਬਹੁਤ ਮਾੜਾ ਪ੍ਰਭਾਵ ਹੋ ਰਿਹਾ ਹੈ।”
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਬੁਲਾਰੇ ਨੇ ਵੀ ਸ਼ੁਭ ਦੀ ਹਮਾਇਤ ਵਿੱਚ ਐਕਸ ਅਕਾਊਂਟ ਉੱਤੇ ਲਿਖਿਆ ਅਤੇ ਤਸਵੀਰ ਪੋਸਟ ਕੀਤੀ।
ਸ਼ੁਭ ਦੇ ਵਿਰੋਧ ਵਿੱਚ ਕੀ ਲਿਖਿਆ ਜਾ ਰਿਹਾ ਹੈ
ਜੋ ਕਰ ਨਾਂਅ ਦੇ ਅਕਾਊਂਟ ਨੇ ਏਪੀ ਢਿੱਲੋਂ ਅਤੇ ਸ਼ੁਭ ਦੇ ਬਾਈਕਾਟ ਦਾ ਸੱਦਾ ਦੇਣ ਵਾਲੀ ਵੀਡੀਓ ਪਾਈ ਹੈ।
ਕਈ ਯੂਜ਼ਰਾਂ ਵੱਲੋਂ ਸ਼ੁਭ ਦੇ ਗੀਤਾਂ ਦੇ ਬਾਈਕਾਟ ਦੀ ਗੱਲ ਕਹੀ ਗਈ
ਐਕਸ ਅਕਾਊਂਟ ਉੱਤੇ ਨਾਂ ਵਾਲੇ ਯੂਜ਼ਰ ਨੇ ਲਿਖਿਆ, “ਹੈਲੋ ਜੀਓ ਸਾਵਨ ਅਤੇ ਸਪੋਟੀਫਾਈ, ਕਿਰਪਾ ਕਰੇ ਆਪਣੇ ਪਲੇਟਫਾਰਮ ਤੋਂ ਸ਼ੁਭ ਦਾ ਹਰੇਕ ਗੀਤ ਹਟਾ ਲਓ।”
“ਸ਼ੁਭ ਵੱਲੋਂ ਭਾਰਤ ਦਾ ਗਲਤ ਨਕਸ਼ਾ ਪਾਇਆ ਗਿਆ, ਜਿਸ ਵਿੱਚ ਜੰਮੂ ਕਸ਼ਮੀਰ, ਉੱਤਰ ਪੂਰਬ ਅਤੇ ਪੰਜਾਬ ਨਹੀਂ ਸੀ।”
ਇੱਕ ਹੋਰ ਐਕਸ ਯੂਜ਼ਰ ਰੋਜ਼ੀ ਨੇ ਲਿਖਿਆ, “ਕੋਈ ਮੁਆਫੀ ਨਹੀਂ। ਸ਼ੁਭ ਬੱਸ ਆਪਣੇ ਪੁਰਖਿਆਂ ਅਤੇ ਗੁਰੂਆਂ ਪਿੱਛੇ ਲੁੱਕ ਰਹੇ ਹਨ ਜਿਸ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਆਪਣੇ ਆਪ ਨੂੰ ਇੱਕ ਪੀੜਤ ਵਜੋਂ ਪੇਸ਼ ਕਰ ਰਹੇ ਹਨ।”
ਕਈ ਪੋਸਟਾਂ ਵਿੱਚ ਸ਼ੁਭ ਨੂੰ ਇੰਸਟਾਗ੍ਰਾਮ ਉੱਤੇ ਫੋਲੋਅ ਕਰਨ ਵਾਲੇ ਕ੍ਰਿਕਟਰਾਂ ਅਤੇ ਕਲਾਕਾਰਾਂ ਦੇ ਵਿਰੋਧ ਵਿੱਚ ਲਿਖਿਆ ਗਿਆ ਹੈ।
ਸਿੱਖ ਭਾਈਚਾਰੇ ਨੂੰ ਖ਼ੁਦ ਨੂੰ ਖਾਲਿਸਤਾਨੀਆਂ ਤੋਂ ਵੱਖ ਕਰਨਾ ਚਾਹੀਦਾ ਹੈ - ਕੰਗਨਾ ਰਣੌਤ
ਇਸੇ ਵਿਚਾਲੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣਾ ਬਿਆਨ ਸਾਂਝਾ ਕਰ ਦਿੱਤਾ।
ਕੰਗਨਾ ਰਾਣੌਤ ਨੇ ਆਪਣੇ , “ਸਿੱਖ ਭਾਈਚਾਰੇ ਨੂੰ ਆਪਣੇ ਆਪ ਨੂੰ ਖਾਲਿਸਤਾਨੀਆਂ ਤੋਂ ਵੱਖ ਕਰਨਾ ਚਾਹੀਦਾ ਹੈ ਅਤੇ ਹੋਰ ਸਿੱਖਾਂ ਨੂੰ ਅਖੰਡ ਭਾਰਤ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਹੈ।’’
‘‘ਜਿਸ ਤਰੀਕੇ ਨਾਲ ਸਿੱਖ ਭਾਈਚਾਰੇ ਵੱਲੋਂ ਮੇਰਾ ਬਾਈਕਾਟ ਕੀਤਾ ਜਾਂਦਾ ਹੈ ਅਤੇ ਕਿਵੇਂ ਉਹ ਮੇਰੀਆਂ ਫ਼ਿਲਮਾਂ ਦੇ ਵਿਰੋਧ ਵਿੱਚ ਹਿੰਸਕ ਵਿੱਰੋਧ ਪ੍ਰਦਰਸ਼ਨ ਕਰਦੇ ਹਨ, ਕਿਉਂਕਿ ਮੈਂ ਖਾਲਿਸਤਾਨੀ ਅੱਤਵਾਦੀਆਂ ਵਿਰੁੱਧ ਬੋਲੀ, ਇਹ ਇੱਕ ਚੰਗਾ ਫ਼ੈਸਲਾ ਨਹੀਂ ਹੈ ਅਤੇ ਚੰਗਾ ਸੰਕੇਤ ਨਹੀਂ ਹੈ।’’
‘‘ਖਾਲਿਸਤਾਨੀ ਅੱਤਵਾਦ ਉਨ੍ਹਾਂ ਦੇ ਅਕਸ ਨੂੰ ਮਾੜਾ ਬਣਾਉਂਦਾ ਹੈ ਅਤੇ ਸਾਰੇ ਭਾਈਚਾਰੇ ਦੀ ਭਰੋਸੇਯੋਗਤਾ ਅਤੇ ਧਾਰਨਾ ਨੂੰ ਖਰਾਬ ਕਰਦਾ ਹੈ।”
ਪਿਆਰ ਵੰਡੋ, ਨਫ਼ਰਤ ਨਹੀਂ - ਏਪੀ ਢਿੱਲੋਂ
ਏਪੀ ਢਿੱਲੋਂ ਨੇ ਸ਼ੁਭ ਦੀ ਪ੍ਰਤੀਕਿਰਿਆ ਤੋਂ ਬਾਅਦ ਆਪਣੀ ਇੰਸਟਾ ਸਟੋਰੀ ਉੱਤੇ ਲਿਖਿਆ, “ਮੈਂ ਸਮਾਜ ਵਿੱਚ ਚੱਲ ਰਹੇ ਉਭਾਰਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਮੈਨੂੰ ਇਹ ਸਪਸ਼ਟ ਹੈ ਕਿ ਮੈਂ ਜੋ ਵੀ ਕਰਾਂ ਜਾਂ ਕਹਾਂ ਇਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਅਤੇ ਕੋਈ ਨਾ ਕੋਈ, ਕਿਤੇ ਨਾ ਕਿਤੇ ਬਿਰਤਾਂਤ ਦਾ ਆਪਣੀ ਮਰਜ਼ੀ ਮੁਤਾਬਕ ਮਤਲਬ ਕੱਢੇਗਾ ਜੋ ਹੋਰ ਪਾੜਾ ਪਾਏਗਾ।”
ਉਨ੍ਹਾਂ ਅੱਗੇ ਲਿਖਿਆ, “ਇੱਕ ਕਲਾਕਾਰ ਵਜੋਂ ਆਪਣੀ ਕਲਾ ਉੱਤੇ ਧਿਆਨ ਦੇਣਾ ਅਤੇ ਪਿਆਰ ਕਰਨਾ ਤਕਰੀਬਨ ਅਸੰਭਵ ਹੋ ਗਿਆ ਹੈ।”
“ਮੈਂ ਸਾਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਇਹ ਉਸ ਹੱਦ ਤੱਕ ਪਹੁੰਚ ਗਿਆ ਹੈ ਜਿੱਥੇ ਹਰੇਕ ਕਦਮ ਬਾਰੇ ਦੋ ਜਾਂ ਤਿੰਨ ਵਾਰੀ ਸੋਚਣਾ ਪੈਂਦਾ ਹੈ, ਕਿਉਂਕਿ ਇਹ ਡਰ ਰਹਿੰਦਾ ਹੈ ਕਿ ਇਹ ਅਣਜਾਣੇ ਵਿੱਚ ਹੋਰ ਵੰਡੀਆਂ ਨਾ ਪਾ ਦੇਣ।’’
“ਰਾਜਨੀਤਿਕ ਅਤੇ ਹੋਰ ਧਿਰਾਂ ਲਗਾਤਾਰ ਸਾਡੇ ਜਨਤਕ ਅਕਸ ਨੂੰ ਆਪਣੇ ਏਜੰਡੇ ਲਈ ਵਰਤਦੀਆਂ ਹਨ, ਜਦਕਿ ਅਸੀਂ ਸਿਰਫ਼ ਅਜਿਹੀ ਕਲਾਕਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਲੋਕਾਂ ਨੂੰ ਵਿਅਕਤੀਗਤ ਪੱਧਰ ਉੱਤੇ ਕਿਸੇ ਵੀ ਰੰਗ, ਨਸਲ, ਧਰਮ, ਕੌਮੀਅਤ, ਜਾਂ ਲਿੰਗ ਦੇ ਭੇਦ ਤੋਂ ਮਦਦ ਕਰੇ।”
ਪੰਜਾਬੀ ਗਾਇਕ ਇੱਕ-ਦੂਜੇ ਲਈ ਨਹੀਂ ਖੜ੍ਹਦੇ – ਗੈਰੀ ਸੰਧੂ
ਉਧਰ ਯੂਕੇ ਰਹਿੰਦੇ ਪੰਜਾਬੀ ਕਲਾਕਾਰ ਗੈਰੀ ਸੰਧੂ ਨੇ ਸਨੈਪਚੈਟ ਉੱਤੇ ਸਾਂਝੀ ਕੀਤੀ ਆਪਣੀ ਵੀਡੀਓ ਵਿੱਚ ਕਿਹਾ, “ਮੇਰੇ ਉੱਤੇ 295 ਦੇ ਪਰਚੇ ਪਏ, ਮੈਂ ਅਤੇ ਮੇਰੇ ਨਾਲ ਦੇ ਤੇ ਮੇਰੇ ਮਾਪਿਆਂ ਨੇ ਤਕਲੀਫ਼ ਝੱਲੀ, ਪਰ ਕੋਈ ਨਹੀਂ ਖੜ੍ਹਿਆ। ਰਣਜੀਤ ਬਾਵਾ, ਕੰਵਰ ਗਰੇਵਾਲ ਉਨ੍ਹਾਂ ਨਾਲ ਕੌਣ ਖੜ੍ਹਿਆ?”
“ਵੈਸੇ ਵੀ ਅਸੀਂ ਛੋਟਾ ਜਿਹਾ ਪਰਿਵਾਰ ਹਾਂ ਸਾਨੂੰ ਇੱਕ ਦੂਜੇ ਲਈ ਖੜ੍ਹਨਾ ਚਾਹੀਦਾ, ਬਾਕੀ ਗਲਤ ਤਾਂ ਕੋਈ ਨਹੀਂ ਹੁੰਦਾ, ਕੋਈ ਨਾ ਕੋਈ ਕਾਰਨ ਬਣ ਜਾਂਦਾ ਹੈ, ਕੋਈ ਵੀ ਗਲਤੀ ਕਰ ਸਕਦਾ ਹੈ ਦੁਨੀਆਂ ਵਿੱਚ।”
ਕਿਸਾਨ ਅੰਦੋਲਨ ਦੌਰਾਨ ਵੀ ਕਲਾਕਾਰਾਂ ਨੂੰ ਬਣਾਇਆ ਗਿਆ ਸੀ ਨਿਸ਼ਾਨਾ
ਦਿੱਲੀ ਦੇ ਸਿੰਘੂ ਬਾਰਡਰ ਦੀ ਕਿਸਾਨ ਅੰਦੋਲਨ ਵੇਲੇ ਦੀ ਤਸਵੀਰ
2020-2021 ਵਿੱਚ ਪੰਜਾਬ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲਿਆ ਅੰਦੋਲਨ ਜਦੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਪਹੁੰਚਿਆਂ ਤਾਂ ਉਸ ਦੌਰਾਨ ਵੀ ਇਸ ਦੀ ਹਮਾਇਤ ਵਿੱਚ ਬੋਲਣ ਅਤੇ ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਦਿਲਜੀਤ ਦੋਸਾਂਝ ਰਣਜੀਤ ਬਾਵਾ, ਕੰਵਰ ਗਰੇਵਾਲ ਅਤੇ ਸਿੱਧੂ ਮੂਸੇਵਾਲਾ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਸੋਸ਼ਲ ਮੀਡੀਆ ਉੱਤੇ ਨਿਸ਼ਾਨਾ ਬਣਾਇਆ ਗਿਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਾਰਤ-ਕੈਨੇਡਾ ਮਸਲਾ: ਸਰਕਾਰ ਦੇ ਵੀਜ਼ਾ ਬਾਰੇ ਲਏ ਫੈਸਲੇ ਦਾ ਕੈਨੇਡਾ ''ਚ ਰਹਿ ਰਹੇ ਭਾਰਤੀ ਸਟੂਡੈਂਟਸ ''ਤੇ...
NEXT STORY