ਜਸਟਿਨ ਟਰੂਡੋ 2018 ਵਿੱਚ ਭਾਰਤ ਦੌਰੇ ਦੌਰਾਨ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਵੀ ਗਏ ਸਨ
ਜਸਟਿਨ ਟਰੂਡੋ ਜਦੋਂ ਸਾਲ 2015 ਵਿੱਚ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ਵਿੱਚ ਇਹ ਕਿਹਾ ਸੀ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਭਾਰਤ ਦੀ ਮੋਦੀ ਸਰਕਾਰ ਤੋਂ ਜ਼ਿਆਦਾ ਸਿੱਖ ਮੰਤਰੀ ਹਨ।
ਉਸ ਵੇਲੇ ਟਰੂਡੋ ਨੇ ਕੈਬਨਿਟ ਵਿੱਚ ਚਾਰ ਸਿੱਖਾਂ ਨੂੰ ਸ਼ਾਮਲ ਕੀਤਾ ਸੀ, ਇਹ ਕੈਨੇਡਾ ਦੀ ਸਿਆਸਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ।
ਫ਼ਿਲਹਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉੱਥੋਂ ਦੀ ਸੰਸਦ ਵਿੱਚ ਦਿੱਤੇ ਇੱਕ ਬਿਆਨ ਤੋਂ ਬਾਅਦ ਭਾਰਤ ਦੇ ਨਾਲ ਕੈਨੇਡਾ ਦੇ ਰਿਸ਼ਤੇ ਗੰਭੀਰ ਸੰਕਟ ਵੱਲ ਵਧਦੇ ਦਿਖ ਰਹੇ ਹਨ।
ਜਸਟਿਨ ਟਰੂਡੋ ਨੇ 11 ਸਤੰਬਰ ਨੂੰ ਸੰਸਦ ਵਿੱਚ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਸੀ, ਜਿਸ ਮਗਰੋਂ ਦੋਵਾਂ ਦੇਸ਼ਾਂ ਨੇ ਆਪਣੇ ਸਿਖਰਲੇ ਕੂਟਨੀਤਕਾਂ ਨੂੰ ਦੇਸ ਛੱਡਣ ਲਈ ਕਿਹਾ ਸੀ।
ਕੈਨੇਡਾ ਦੇ ਨਾਲ ਭਾਰਤ ਦੇ ਰਿਸ਼ਤਿਆਂ ਵਿੱਚ ਖਾਲਿਸਤਾਨ ਦੇ ਕਾਰਨ ਕਈ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ, ਪਰ ਇਸ ਤੋਂ ਪਹਿਲਾਂ ਕਦੇ ਇਹ ਇੰਨਾ ਅੱਗੇ ਨਹੀਂ ਵਧੇ ਸੀ ਕਿ ਸੰਸਦ ਵਿੱਚ ਤਣਾਅ ਦਾ ਜ਼ਿਕਰ ਹੋਵੇ।
ਹਾਲਾਂਕਿ, ਜਦੋਂ-ਜਦੋਂ ਕੈਨੇਡਾ ਦੇ ਸਿੱਖਾਂ ਦੇ ਵਿੱਚ ਟਰੂਡੋ ਦੀ ਪ੍ਰਸਿੱਧੀ ਦੀ ਗੱਲ ਹੁੰਦੀ ਹੈ ਤਾਂ ਸਵਾਲ ਖਾਲਿਸਤਾਨ ਸਮਰਥਕਾਂ ਪ੍ਰਤੀ ਉਨ੍ਹਾਂ ਦੇ ਨਰਮ ਰੁਖ਼ ਉੱਤੇ ਵੀ ਕੀਤੇ ਜਾਂਦੇ ਹਨ।
ਭਾਰਤ ਸਰਕਾਰ ਲੰਬੇ ਸਮੇਂ ਤੋਂ ਕੈਨੇਡਾ ਨੂੰ ਖਾਲਿਸਤਾਨੀ ਵੱਖਵਾਦੀਆਂ ਉੱਤੇ ਕਾਰਵਾਈ ਕਰਨ ਲਈ ਕਹਿੰਦੀ ਰਹੀ ਹੈ।
ਭਾਰਤ ਦਾ ਇਹ ਮੰਨਣਾ ਹੈ ਕਿ ਟਰੂਡੋ ਸਰਕਾਰ ਆਪਣੇ ਵੋਟ ਬੈਂਕ ਦੀ ਸਿਆਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਲਿਸਤਾਨ ਉੱਤੇ ਨਰਮ ਹਨ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੀ ਇਹ ਦਾਅਵਾ ਕਰ ਚੁੱਕੇ ਹਨ।
ਆਓ ਇੱਕ ਨਜ਼ਰ ਜਸਟਿਨ ਟਰੂਡੋ ਦੇ ਹੁਣ ਤੱਕ ਦੇ ਸਫ਼ਰ ਅਤੇ ਇਸ ਵਿੱਚ ਕੈਨੇਡਾ ਦੇ ਸਿੱਖਾਂ ਦੀ ਖ਼ਾਸ ਭੂਮਿਕਾ ਉੱਤੇ ਮਾਰਦੇ ਹਾਂ।
ਟਰੂਡੋ ਲਈ ਸਿੱਖ ਕਿਉਂ ਜ਼ਰੂਰੀ?
ਐੱਨਡੀਪੀ ਆਗੂ ਜਗਮੀਤ ਸਿੰਘ ਆਪਣੀ ਪਤਨੀ ਨਾਲ
ਜਸਟਿਨ ਟਰੂਡੋ ਮਹਿਜ਼ 44 ਸਾਲ ਦੀ ਉਮਰ ਵਿੱਚ ਪਹਿਲੀ ਵਾਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ। ਸਾਲ 2019 ਵਿੱਚ ਉਹ ਮੁੜ ਪ੍ਰਧਾਨ ਮੰਤਰੀ ਬਣੇ ਪਰ ਉਸ ਵੇਲੇ ਤੱਕ ਉਨ੍ਹਾਂ ਦੀ ਪ੍ਰਸਿੱਧੀ ਬਹੁਤ ਘੱਟ ਚੁੱਕੀ ਸੀ।
ਸਾਲ 2019 ਦੀਆਂ ਚੋਣਾਂ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਦੀਆਂ 20 ਸੀਟਾਂ ਘੱਟ ਗਈਆਂ ਸਨ।
ਪਰ ਇਨ੍ਹਾਂ ਚੋਣਾਂ ਵਿੱਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ 24 ਸੀਟਾਂ ਮਿਲੀਆਂ ਸਨ।
2020 ਵਿੱਚ ਕੋਰੋਨਾ ਮਹਾਮਾਰੀ ਆਈ। ਟਰੂਡੋ ਦੀ ਲਿਬਰਲ ਪਾਰਟੀ ਨੂੰ ਭਰੋਸਾ ਸੀ ਕਿ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਹਾਊਸ ਆਫ ਕਾਮਨਸ (ਕੈਨੇਡਾ ਦੀ ਸੰਸਦ ਦਾ ਹੇਠਲਾ ਸਦਨ) ਵਿੱਚ ਉਨ੍ਹਾਂ ਨੂੰ ਆਸਾਨੀ ਨਾਲ ਬਹੁਮਤ ਮਿਲ ਜਾਵੇਗੀ।
2021 ਵਿੱਚ ਕਰਵਾਈਆਂ ਗਈਆਂ ਚੋਣਾਂ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਦੇ ਹਿੱਸੇ 158 ਸੀਟਾਂ ਆਈਆਂ ਸਨ, ਜਦਕਿ ਐਨਡੀਪੀ ਨੂੰ 24 ਸੀਟਾਂ ਮਿਲੀਆਂ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ, ਜਗਮੀਤ ਸਿੰਘ ਪਾਰਟੀ ਦੇ ਆਗੂ ਬਣਨ ਤੋਂ ਪਹਿਲਾਂ ਖਾਲਿਸਤਾਨ ਦੀਆਂ ਰੈਲੀਆਂ ਵਿੱਚ ਸ਼ਾਮਲ ਹੁੰਦੇ ਰਹੇ ਹਨ।
‘ਟ੍ਰਿਬਿਊਨ ਇੰਡੀਆ’ ਨੇ ਇੱਕ ਖ਼ਬਰ ਵਿੱਚ ਸਥਿਤੀ ਦਾ ਜ਼ਿਕਰ ਕਰਦੇ ਹੋਏ ਮਾਹਰਾਂ ਦੇ ਹਵਾਲੇ ਨਾਲ ਲਿਖਿਆ ਹੈ।
“ਟਰੂਡੋ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਲਈ ਜਗਮੀਤ ਸਿੰਘ ਦਾ ਸਮਰਥਨ ਬਹੁਤ ਜ਼ਰੂਰੀ ਹੋ ਗਿਆ ਸੀ। ਸ਼ਾਇਦ ਇਹ ਵੀ ਇੱਕ ਵੱਡੀ ਵਜ੍ਹਾ ਹੈ ਕਿ ਟਰੂਡੋ ਸਿੱਖਾਂ ਨੂੰ ਨਾਰਾਜ਼ ਕਰਨ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ ਸੀ।’’
“ਟਰੂਡੋ ਇੱਕ ਅਜਿਹੀ ਸਰਕਾਰ ਚਲਾ ਰਹੇ ਹਨ, ਜਿਸ ਕੋਲ ਬਹੁਮਤ ਨਹੀਂ ਹੈ ਪਰ ਜਗਮੀਤ ਸਿੰਘ ਦਾ ਸਮਰਥਨ ਹਾਸਲ ਹੈ, ਸਿਆਸਤ ਵਿੱਚ ਬਣੇ ਰਹਿਣ ਲਈ ਟਰੂਡੋ ਨੂੰ ਜਗਮੀਤ ਸਿੰਘ ਦੀ ਲੋੜ ਹੈ। ਜਗਮੀਤ ਸਿੰਘ ਨੂੰ ਹੁਣ ਟਰੂਡੋ ਦੇ ਅਜਿਹੇ ਭਰੋਸੇਯੋਗ ਸਹਿਯੋਗੀ ਦੇ ਤੌਰ ‘ਤੇ ਦੇਖਿਆ ਜਾਂਦਾ ਹੈ, ਜੋ ਹਰ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੋਵੇ।”
ਕੈਨੇਡਾ ਦੀ ਆਬਾਦੀ ਵਿੱਚ ਸਿੱਖ 2.1 ਫ਼ੀਸਦੀ ਹਿੱਸੇਦਾਰੀ ਰੱਖਦੇ ਹਨ। ਪਿਛਲੇ 20 ਸਾਲਾਂ ਵਿੱਚ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਦੁੱਗਣੀ ਹੋਈ ਹੈ। ਇਸ ਵਿੱਚੋਂ ਬਹੁਤੇ ਪੰਜਾਬ ਵਿੱਚੋਂ ਸਿੱਖਿਆ, ਕੰਮ ਅਤੇ ਨੌਕਰੀ ਜਿਹੇ ਕਾਰਨਾਂ ਕਰਕੇ ਪਹੁੰਚੇ ਹਨ।
ਹੁਣ ਸਵਾਲ ਇਹ ਹੈ ਕਿ ਘੱਟਗਿਣਤੀ ਸਿੱਖ ਕੈਨੇਡਾ ਦੀ ਸਿਆਸਤ ਦਾ ਅਹਿਮ ਹਿੱਸਾ ਕਿਉਂ ਹਨ।
ਦੀ ਇੱਕ ਰਿਪੋਰਟ ਵਿੱਚ ਮਾਹਰਾਂ ਨੇ ਕਿਹਾ ਹੈ, “ਸਿੱਖਾਂ ਦੀ ਇੱਕ ਖ਼ਾਸੀਅਤ ਹੈ ਕਿ ਇੱਕ ਭਾਈਚਾਰੇ ਦੇ ਤੌਰ ਉੱਤੇ ਉਹ ਇੱਕਜੁੱਟ ਹਨ, ਉਨ੍ਹਾਂ ਵਿੱਚ ਇਕੱਠੇ ਹੋ ਕੇ ਕੰਮ ਕਰਨ ਦਾ ਹੁਨਰ ਹੈ, ਉਹ ਮਿਹਨਤੀ ਹਨ ਅਤੇ ਪੂਰੇ ਦੇਸ਼ ਵਿੱਚ ਗੁਰਦੁਆਰਿਆਂ ਦੀ ਜ਼ਬਰਦਸਤ ਨੈੱਟਵਰਕਿੰਗ ਦੇ ਜ਼ਰੀਏ ਉਹ ਫੰਡ ਵੀ ਜੋੜ ਲੈਂਦੇ ਹਨ, ਫੰਡ ਇੱਕ ਅਜਿਹਾ ਪਹਿਲੂ ਹੈ ਜੋ ਸਿੱਖਾਂ ਅਤੇ ਗੁਰਦੁਆਰਿਆਂ ਨੂੰ ਕਿਸੇ ਵੀ ਕੈਨੇਡਾਈ ਸਿਆਸਤਦਾਨਾ ਦੇ ਲਈ ਸਪੋਰਟ ਸਿਸਟਮ ਬਣਾ ਦਿੰਦਾ ਹੈ।”
‘ਵੈਨਕੂਵਰ ਸਨ’ ਵਿੱਚ ਕੁਝ ਸਾਲ ਪਹਿਲਾਂ ਡਫ਼ਲਸ ਟਾਡ ਨੇ ਇੱਕ ਲੇਖ ਲਿਖਿਆ।
ਇਸ ਅਨੁਸਾਰ, “ਵੈਨਕੂਵਰ, ਟੋਰੰਟੋ ਅਤੇ ਕੈਲਗਰੀ ਦੇ ਵੱਡੇ ਗੁਰਦੁਆਰਿਆਂ ਵਿੱਚ ਸਿੱਖਾਂ ਦਾ ਜਿਹੜਾ ਧੜਾ ਜਿੱਤਦਾ ਹੈ, ਉਹ ਅਕਸਰ ਆਪਣੇ ਪੈਸਿਆਂ ਤੇ ਪ੍ਰਭਾਵ ਦੀ ਵਰਤੋਂ ਕਰਕੇ ਕੁਝ ਲਿਬਰਲ ਅਤੇ ਐਨਡੀਪੀ ਵੱਲੋਂ ਚੋਣਾਂ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦਾ ਸਮਰਥਨ ਕਰਦਾ ਹੈ।”
ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਬਾਰੇ ਵਾਸ਼ਿੰਗਟਨ ਪੋਸਟ ਨੇ ਇੱਕ ਲੇਖ ਛਾਪਿਆ ਹੈ, ਜਿਸ ਵਿੱਚ ਯੂਨੀਵਰਸਿਟੀ ਆਫ ਕੈਲਗਰੀ ਵਿੱਚ ਰਿਲੀਜਨ ਡਿਪਾਰਟਮੈਂਟ ਵਿੱਚ ਪੜ੍ਹਾਉਣ ਵਾਲੇ ਹਰਜੀਤ ਸਿੰਘ ਗਰੇਵਾਲ ਨੇ ਕੈਨੇਡਾ ਸਿੱਖਾਂ ਦੀ ਪਸੰਦ ਹੋਣ ਦੇ ਪਿੱਛੇ ਦੀ ਵਜ੍ਹਾ ਦੱਸੀ ਹੈ।
ਉਹ ਕਹਿੰਦੇ ਹਨ, “ਭਾਰਤ-ਪਾਕਿਸਤਾਨ ਵਿੱਚ 1947 ਦੀ ਵੰਡ ਮਗਰੋਂ ਜੋ ਅਸਥਿਰਤਾ ਆਈ ਹੈ, ਉਸ ਨੇ ਪੰਜਾਬ ਦੇ ਸਿੱਖਾਂ ਨੂੰ ਕੈਨੇਡਾ ਜਾਣ ਲਈ ਮਜਬੂਰ ਕੀਤਾ, ਹਾਲਾਂਕਿ ਸਿੱਖ ਬ੍ਰਿਟੇਨ, ਆਸਟ੍ਰੇਲੀਆ, ਅਤੇ ਅਮਰੀਕਾ ਜਾ ਕੇ ਵੀ ਵਸੇ ਪਰ ਉਨ੍ਹਾਂ ਦੀ ਵੱਡੀ ਆਬਾਦੀ ਕੈਨੇਡਾ ਪਹੁੰਚੀ, ਕਿਉਂਕਿ ਇੱਥੋਂ ਦੀਆਂ ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਵਿੱਚ ਕੋਈ ਫ਼ਰਕ ਨਹੀਂ ਲੱਗਾ।”
ਅੱਜ ਕੈਨੇਡਾ ਦੇ ਸਮਾਜ ਤੇ ਸਿਆਸਤ ਵਿੱਚ ਸਿੱਖਾਂ ਦੀ ਅਹਿਮ ਭੂਮਿਕਾ ਹੈ। ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਪ੍ਰਧਾਨ ਜਗਮੀਤ ਸਿੰਘ ਸਿੱਖ ਹਨ। ਉਹ ਭਾਰਤ ਵਿੱਚ ਸਿੱਖਾਂ ਦੇ ਨਾਲ ਵਤੀਰੇ ਉੱਤੇ ਕਈ ਵਾਰ ਖੁੱਲ੍ਹ ਕੇ ਬੋਲਦੇ ਰਹੇ ਹਨ।
ਦੇ ਅਨੁਸਾਰ ਆਪਣੇ ਬਿਆਨਾਂ ਦੇ ਕਾਰਨ ਹੀ ਜਗਮੀਤ ਸਿੰਘ ਨੂੰ ਸਾਲ 2013 ਵਿੱਚ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਗਿਆ।
‘ਟਰੂਡੋ ਆਗੂ ਬਣਨ ਲਈ ਪੈਦਾ ਹੋਏ ਹਨ’
ਜਸਟਿਨ ਟਰੂਡੋ ਆਪਣੇ ਪਿਤਾ ਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਪਿਅਰ ਟਰੂਡੋ ਨਾਲ ਬਚਪਨ ਸਮੇਂ
ਜਸਟਿਨ ਟਰੂਡੋ ਜਦੋਂ ਸਿਰਫ਼ ਚਾਰ ਮਹੀਨਿਆਂ ਦੇ ਸਨ ਤਾਂ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਇਹ ਭਵਿੱਖਵਾਣੀ ਕੀਤੀ ਸੀ ਕਿ ਇਹ ਬੱਚਾ ਇੱਕ ਦਿਨ ਆਪਣੇ ਪਿਤਾ ਦੀਆਂ ਪੈੜਾਂ ਉੱਤੇ ਤੁਰੇਗਾ।
ਸਾਲ 1972 ਦੀ ਗੱਲ ਹੈ, ਜਦੋਂ ਕੈਨੇਡਾ ਦੇ ਅਧਿਕਾਰਤ ਦੌਰੇ ਉੱਤੇ ਸਨ, ਇਸ ਦੌਰਾਨ ਗਾਲਾ ਡਿਨਰ ਦੇ ਮੌਕੇ ਉਨ੍ਹਾਂ ਨੇ ਆਪਣੇ ਕੈਨੇਡਾਈ ਹਮਰੁਤਬਾ ਨੂੰ ਕਿਹਾ, “ਅੱਜ ਰਾਤ ਹੁਣ ਅਸੀਂ ਕੋਈ ਰਸਮੀ ਗੱਲ ਨਹੀਂ ਕਰਾਂਗੇ, ਮੈਂ ਇਹ ਜਾਮ ਕੈਨੇਡਾ ਦੇ ਭਵਿੱਖ ਦੇ ਨਾਂ ਕਰਦਾ ਹਾਂ, ਜਸਟਿਨ ਪਿਅਰ ਟਰੂਡੋ ਦੇ ਨਾਂਅ ਕਰਦਾ ਹਾਂ।”
ਸਿਆਸਤ ਤੋਂ ਦੂਰ ਲੰਘਿਆ ਜਸਟਿਨ ਦਾ ਬਚਪਨ
ਜਸਟਿਨ ਟਰੂਡੋ ਦਾ ਵਧੇਰੇ ਬਚਪਨ ਸਿਆਸਤ ਤੋਂ ਦੂਰ ਰਿਹਾ। ਉਨ੍ਹਾਂ ਨੇ ਮਕਗਿਲ ਯੂਨੀਵਰਸਿਟੀ ਅਤੇ ਫੇਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆਂ ਤੋਂ ਪੜ੍ਹਾਈ ਕੀਤੀ ਅਤੇ ਫਿਰ ਅਧਿਆਪਕ ਬਣੇ।
ਸਾਲ 1998 ਵਿੱਚ ਜਸਟਿਨ ਟਰੂਡੋ ਦੇ ਛੋਟੇ ਭਰਾ ਮਾਈਕਲ ਦੀ ਬ੍ਰਿਟਿਸ਼ ਕੋਲੰਬੀਆਂ ਵਿੱਚ ਬਰਫ਼ ਦੀਆਂ ਢਿੱਗਾਂ ਹੇਠ ਆਉਣ ਨਾਲ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਨੇ ਲੋਕਾਂ ਦਾ ਧਿਆਨ ਖਿੱਚਿਆ, ਦਰਅਸਲ ਉਹ ਇਸ ਤੋਂ ਬਾਅਦ ਐਵਲਾਂਚ ਸੇਫ਼ਟੀ ਦੇ ਬੁਲਾਰੇ ਬਣ ਗਏ।
ਇਸ ਤੋਂ ਦੋ ਸਾਲ ਬਾਅਦ ਜਦੋਂ ਉਨ੍ਹਾਂ ਦੇ ਪਿਤਾ ਦੀ 80 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਤਾਂ ਟਰੂਡੋ ਨੇ ਕੌਮੀ ਟੈਲੀਵਿਜ਼ਨ ਉੱਤੇ ਭਾਸ਼ਣ ਦਿੱਤਾ। ਉਨ੍ਹਾਂ ਦੇ ਇਸ ਭਾਸ਼ਣ ਨੂੰ ਕਾਫੀ ਸਰਾਹਿਆ ਗਿਆ ਅਤੇ ਉਸ ਵੇਲੇ ਕਈ ਲੋਕਾਂ ਨੂੰ ਉਨ੍ਹਾਂ ਦੇ ਅੰਦਰ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਦੀ ਝਲਕ ਵੀ ਦਿਖੀ।
ਸਿਆਸੀ ਸਫ਼ਰ ਦੀ ਸ਼ੁਰੂਆਤ
ਸਾਲ 2008 ਵਿੱਚ ਜਸਟਿਨ ਟਰੂਡੋ
ਜਸਟਿਨ ਟਰੂਡੋ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਸਿਆਸਤ ਵਿੱਚ ਸਰਗਰਮ ਹੋਏ। ਉਹ ਸਾਲ 2008 ਵਿੱਚ ਪਹਿਲੀ ਵਾਰੀ ਸੰਸਦ ਮੈਂਬਰ ਚੁਣੇ ਗਏ।
ਸ਼ੁਰੂ ਤੋਂ ਹੀ ਲਿਬਰਲ ਪਾਰਟੀ ਨੂੰ ਜਸਟਿਨ ਟਰੂਡੋ ਵਿੱਚ ਇੱਕ ਨੇਤਾ ਦਿਖਿਆ। ਟਰੂਡੋ 2011 ਵਿੱਚ ਫਿਰ ਸੰਸਦ ਮੈਂਬਰ ਚੁਣੇ ਗਏ।
ਲਿਬਰਲ ਪਾਰਟੀ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਖ਼ਾਹਿਸ਼ ਕਈ ਵਾਰੀ ਅਧੂਰੀ ਰਹਿਣ ਤੋਂ ਬਾਅਦ ਟਰੂਡੋ ਨੇ 2012 ਵਿੱਚ ਪਾਰਟੀ ਲੀਡਰਸ਼ਿਪ ਦੇ ਲਈ ਚੋਣ ਲੜਨ ਦਾ ਆਪਣਾ ਇਰਾਦਾ ਸਾਫ਼ ਕਰ ਦਿੱਤਾ।
ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਘੱਟ ਤਜੁਰਬਾ ਹੋਣ ਦੇ ਕਾਰਨ ਉਨ੍ਹਾ ਦੀ ਆਲੋਚਨਾ ਕਰਦੇ ਰਹੇ। ਇਹੀ ਆਲੋਚਨਾ ਉਨ੍ਹਾਂ ਨੂੰ ਆਮ ਚੋਣਾਂ ਤੋਂ ਪਹਿਲਾਂ ਵੀ ਝੱਲਣੀ ਪਈ, ਪਰ ਟਰੂਡੋ ਨੇ ਕਾਫੀ ਫ਼ਰਕ ਨਾਲ ਆਮ ਚੋਣਾਂ ਜਿੱਤੀਆਂ।
ਭਾਰਤ ਸਰਕਾਰ ਨਾਲ ਪਹਿਲਾਂ ਵੀ ਰਿਹਾ ਤਣਾਅ
ਜਸਟਿਨ ਟਰੂਡੋ 2018 ਵਿੱਚ ਪਰਿਵਾਰ ਨਾਲ ਭਾਰਤ ਫੇਰੀ ਦੌਰਾਨ ਆਗਰਾ ਦੇ ਤਾਜ ਮਹਿਲ ਵੀ ਗਏ ਸਨ
ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ, ਜਸਟਿਨ ਟਰੂਡੋ 2018 ਵਿੱਚ ਪਹਿਲੀ ਵਾਰੀ ਭਾਰਤ ਦੇ ਸੱਤ ਦਿਨਾਂ ਦੇ ਦੌਰੇ ਉੱਤੇ ਆਏ ਤਾਂ ਉਦੋਂ ਵੀ ਕਾਫੀ ਵਿਵਾਦ ਹੋਇਆ ਸੀ। ਉਦੋਂ ਵਿਦੇਸ਼ੀ ਮੀਡੀਆ ਨੇ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਸੀ ਕਿ ਟਰੂਡੋ ਦੇ ਸਵਾਗਤ ਵਿੱਚ ਭਾਰਤ ਨੇ ਢਿੱਲ੍ਹ ਵਿਖਾਈ ਸੀ।
ਮੀਡੀਆ ਰਿਪਰੋਟਾਂ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਅਜਿਹਾ ਸਿੱਖ ਵੱਖਵਾਦੀਆਂ ਨਾਲ ਕੈਨੇਡਾ ਦੀ ਹਮਦਰਦੀ ਦੇ ਕਾਰਨ ਕੀਤਾ। ਇਸ ਦੌਰੇ ਉੱਤੇ ਜਸਟਿਨ ਟਰੂਡੋ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵੀ ਗਏ ਸਨ।
2018 ਵਿੱਚ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਤਿੰਨ ਮੰਤਰੀ ਸਨ। ਇਨ੍ਹਾਂ ਮੰਤਰੀਆਂ ਵਿੱਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਲ ਸਨ।
ਸੱਜਣ ਹੁਣ ਵੀ ਟਰੂਡੋ ਦੀ ਕੈਬਨਿਟ ਵਿੱਚ ਹਨ ਅਤੇ ਉਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਭਾਰਤ ਸਮੇਤ ਕਿਸੇ ਵੀ ਦੇਸ਼ ਦੀ ਦਖ਼ਲਅੰਦਾਜੀ ਕੈਨੇਡਾ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨੂੰ 2017 ਵਿੱਚ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨ ਸਮਰਥਕ ਕਿਹਾ ਸੀ। ਹਾਲਾਂਕਿ ਸੱਜਣ ਨੇ ਅਮਰਿੰਦਰ ਸਿੰਘ ਦੇ ਇਸ ਦਾਅਵੇ ਨੂੰ ਬਕਵਾਸ ਦੱਸਿਆ ਸੀ।
ਭਾਰਤ ਨੂੰ ਉਦੋਂ ਵੀ ਠੀਕ ਨਹੀਂ ਲੱਗਾ ਸੀ ਜਦੋਂ ਓਂਟਾਰੀਓ ਅਸੈਂਬਲੀ ਨੇ ਭਾਰਤ ਵਿੱਚ 1984 ਦੇ ਸਿੱਖ ਕਤਲੇਆਮ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਸੀ।
ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਦੀ ਯੋਜਨਾ ਸੁਤੰਤਰ ਪੰਜਾਬ ਦੇ ਲਈ ਇੱਕ ਰੈਫਰੈਂਡਮ ਕਰਵਾਉਣ ਦੀ ਰਹੀ ਹੈ।
ਪਹਿਲਾਂ ਵੀ ਵਿਵਾਦਾਂ ਵਿੱਚ ਰਹੇ ਹਨ ਟਰੂਡੋ
ਸ਼ੀ ਜਿਨਪਿੰਗ ਅਤੇ ਜਸਟਿਨ ਟਰੂਡੋ
ਜਸਟਿਨ ਟਰੂਡੋ 2015 ਵਿੱਚ ਕੈਨੇਡਾ ਵਿੱਚ ‘ਅਸਲ ਬਦਲਾਅ’ ਜਿਹੇ ਕਈ ਅਗਾਂਹਵਧੂ ਵਾਅਦਿਆਂ ਨਾਲ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਸਨ।
ਕੈਨੇਡਾ ਦੇ ਦੋ ਦਰਜਨ ਤੋਂ ਵੱਧ ਸੁਤੰਤਰ ਮਾਹਰਾਂ ਨੇ ਮੰਨਿਆ ਕਿ ਆਪਣੇ ਪਹਿਲੇ ਕਾਰਜਕਾਲ ਵਿੱਚ ਟਰੂਡੋ ਨੇ 93 ਫ਼ੀਸਦੀ ਵਾਅਦਿਆਂ ਨੂੰ ਅੰਸ਼ਕ ਤੌਰ ਉੱਤੇ ਜਾਂ ਪੂਰੀ ਤਰ੍ਹਾਂ ਨਿਭਾਇਆ ਸੀ।
ਜਸਟਿਨ ਟਰੂਡੋ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੇ ਡੌਨਲਡ ਟਰੰਪ ਦਾ ਮਜ਼ਾਕ ਉਡਾਇਆ ਅਤੇ ਇਹ ਕੈਮਰੇ ਵਿੱਚ ਰਿਕਾਰਡ ਹੋ ਗਿਆ, ਜਵਾਬ ਵਿੱਚ ਟਰੰਪ ਨੇ ਟਰੂਡੋ ਨੂੰ ‘ਪਾਖੰਡੀ’ ਦੱਸ ਦਿੱਤਾ।
ਇਸ ਤੋਂ ਕੁਝ ਮਹੀਨੇ ਬਾਅਦ ਜਦੋਂ ਮੀਡੀਆ ਨੇ ਉਨ੍ਹਾਂ ਕੋਲੋਂ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਅਮਰੀਕਾ ਵਿੱਚ ਉਸ ਵੇਲੇ ਹੋ ਰਹੇ ਪ੍ਰਦਰਸ਼ਨ ਉੱਤੇ ਕੋਈ ਸਵਾਲ ਕੀਤਾ ਤਾਂ ਟਰੂਡੋ 20 ਸਕਿੰਟ ਤੋਂ ਵੀ ਵੱਧ ਸਮੇਂ ਤੱਕ ਚੁੱਪ ਰਹੇ, ਇਹ ਵੀਡੀਓ ਬਹੁਤ ਵਾਇਰਲ ਹੋਇਆ।
ਪਿਛਲੇ ਸਾਲ ਬਾਲੀ ਵਿੱਚ ਹੋਏ ਜੀ-20 ਸੰਮੇਲਨ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਜਸਟਿਨ ਟਰੂਡੋ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ। ਜਿਸ ਵਿੱਚ ਦੋਵਾਂ ਦੇ ਵਿੱਚ ਮਾਮੂਲੀ ਤਕਰਾਰ ਹੁੰਦੀ ਦਿਖੀ।
ਅੰਗਰੇਜ਼ੀ ਭਾਸ਼ਾ ਵਿੱਚ ਸ਼ੀ ਜਿਨਪਿੰਗ ਦੇ ਅਨੁਵਾਦਕ ਨੂੰ ਇਹ ਕਹਿੰਦਿਆਂ ਸੁਣਿਆ ਗਿਆ, “ਸਾਡੇ ਵਿੱਚ ਜੋ ਵੀ ਚਰਚਾ ਹੋਈ ਉਹ ਅਖ਼ਬਾਰਾਂ ਵਿੱਚ ਲੀਕ ਹੋ ਗਈ, ਇਹ ਠੀਕ ਨਹੀਂ ਹੈ ਅਤੇ ਗੱਲਬਾਤ ਦਾ ਇਹ ਕੋਈ ਤਰੀਕਾ ਨਹੀਂ ਸੀ।”
“ਜੇ ਤੁਸੀਂ ਸੱਚੇ ਹੋ, ਤਾਂ ਸਾਨੂੰ ਇੱਕ-ਦੂਜੇ ਦੇ ਨਾਲ ਸਨਮਾਨਯੋਗ ਤਰੀਕੇ ਨਾਲ ਸੰਵਾਦ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਨਤੀਜਾ ਕੀ ਹੋਵੇਗਾ।”
ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਰਾਮ ਨਾਲ ਜਵਾਬ ਦਿੰਦੇ ਦਿਖਦੇ ਹਨ, “ਕੈਨੇਡਾ ਵਿੱਚ ਅਸੀਂ ਸੁਤੰਤਰ ਅਤੇ ਖੁੱਲ੍ਹੀ ਗੱਲਬਾਤ ਵਿੱਚ ਯਕੀਨ ਰੱਖਦੇ ਹਾਂ ਅਤੇ ਅਸੀਂ ਅਜਿਹਾ ਅੱਗੇ ਵੀ ਜਾਰੀ ਰੱਖਾਂਗੇ।”
ਕੋਰੋਨਾ ਮਹਾਮਾਰੀ ਟਰੂਡੋ ਦੀ ਸਭ ਤੋਂ ਵੱਡੀ ਪ੍ਰੀਖਿਆ ਰਹੀ। ਕੈਨੇਡਾ ਲਈ ਇਹ 18 ਮਹੀਨੇ ਬੇਹੱਦ ਮੁਸ਼ਕਲ ਭਰੇ ਸਨ।
ਜਦੋਂ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਚੋਣਾ ਕਰਵਾਈਆਂ ਤਾਂ ਇਹ ਮੰਨਿਆ ਗਿਆ ਕਿ ਕੈਨੇਡਾ ਹੁਣ ਬੀਤੀਆਂ ਗੱਲਾਂ ਤੋਂ ਅੱਗੇ ਲੰਘ ਗਿਆ ਹੈ। ਪਰ ਇਨ੍ਹਾਂ ਚੋਣਾਂ ਦੇ ਨਤੀਜੇ ਲਿਬਰਲ ਪਾਰਟੀ ਦੇ ਲਈ ਝਟਕਾ ਸਾਬਤ ਹੋਏ। ਜੇ ਉਨ੍ਹਾਂ ਨੂੰ ਜਗਮੀਤ ਸਿੰਘ ਦਾ ਸਮਰਥਨ ਨਾ ਮਿਲਦਾ ਤਾਂ ਟਰੂੋਡ ਦੇ ਸਿਆਸੀ ਭਵਿੱਖ ਉੱਤੇ ਖਤਰਾ ਖੜ੍ਹਾ ਹੋ ਸਕਦਾ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੈਨੇਡਾ ਵਿੱਚ ਭਾਰਤੀ ਸਫ਼ਾਰਤਖਾਨੇ ਦੀ ਵੀਜ਼ਾ ਸਰਵਿਸ ਬੰਦ ਹੋਣ ਨਾਲ ਕੀ ਹੋਵੇਗਾ - 7 ਸਵਾਲਾਂ ਦੇ ਜਵਾਬ
NEXT STORY