ਉੱਤਰੀ ਇਰਾਕ ਦੇ ਕਰਾਕੋਸ਼ ਵਿੱਚ ਇੱਕ ਵਿਆਹ ਵਿੱਚ ਭਿਆਨਕ ਅੱਗ ਲੱਗਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਇਹ ਅੱਗ ਅਲ-ਹੈਥਮ ਬੈਂਕੁਇਟ ਹਾਲ ਵਿੱਚ ਲੱਗੀ ਸੀ।
ਮੌਕੇ ‘ਤੇ ਮੌਜੂਦ ਗਵਾਹਾਂ ਨੇ ਬੀਬੀਸੀ ਨੂੰ ਇੱਥੇ ਵਾਪਰੇ ਹੌਲਨਾਕ ਮੰਜ਼ਰ ਬਾਰੇ ਦੱਸਿਆ।
19 ਸਾਲਾ ਘਾਲੀ ਨਸੀਮ ਅੱਗ ਵਾਲੀ ਥਾਂ ਤੋਂ ਸਿਰਫ ਕੁਝ ਹੀ ਮੀਟਰ ਦੂਰ ਸਨ, ਜਦੋਂ ਮੰਗਲਵਾਰ ਸ਼ਾਮ ਨੂੰ ਅੱਗ ਲੱਗ ਗਈ।
ਉਹ ਅੱਗ ਵਿੱਚ ਫਸੇ ਆਪਣੇ ਪੰਜ ਦੋਸਤਾਂ ਨੂੰ ਬਾਹਰ ਕੱਢਣ ਲਈ ਗਏ ਸਨ।
ਉਨ੍ਹਾਂ ਦੱਸਿਆ, “ਦਰਵਾਜ਼ੇ ਜਾਮ ਸੀ ਇਸ ਲਈ ਅਸੀਂ ਜ਼ੋਰ ਨਾਲ ਧੱਕਾ ਮਾਰ ਕੇ ਇਸ ਨੂੰ ਖੋਲ੍ਹਿਆ, ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਅੱਗ ਦੀਆਂ ਲਾਟਾਂ ਹਾਲ ਵਿੱਚੋਂ ਬਾਹਰ ਆਉਣ ਲੱਗੀਆਂ।”
“ਏਦਾਂ ਲੱਗਾ ਜਿਵੇਂ ਨਰਕ ਦੇ ਦਰਵਾਜ਼ੇ ਖੁੱਲ੍ਹ ਗਏ ਹੋਣ।”
“ਤਾਪਮਾਨ ਸਹਿਣਯੋਗ ਨਹੀਂ ਸੀ, ਏਨੀ ਤਪਸ਼ ਸੀ ਕਿ ਮੈਂ ਦੱਸ ਨਹੀ ਸਕਦਾ।”
''ਮੈਂ ਬਾਥਰੂਮ ਵਿੱਚ 26 ਮ੍ਰਿਤਕ ਦੇਹਾਂ ਦੇਖੀਆਂ''
ਅੱਗ ਵਿੱਚ ਤਕਰੀਬਨ 115 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਲੋਕ ਜਖਮੀ ਹੋ ਗਏ। ਇਹ ਅੱਗ ਉਦੋਂ ਲੱਗੀ ਜਦੋਂ ਲਾੜਾ ਅਤੇ ਲਾੜੀ ਨੱਚ ਰਹੇ ਸਨ।
ਇਹ ਹਾਲੇ ਸਪਸ਼ਟ ਨਹੀਂ ਹੈ ਕਿ ਲਾੜਾ ਅਤੇ ਲਾੜੀ ਦੀ ਜਾਨ ਬੱਚ ਸਕੀ ਹੈ ਜਾਂ ਨਹੀਂ।
ਨਸੀਮ ਨੇ ਦੱਸਿਆ ਕਿ ਦ੍ਰਿਸ਼ ਬਹੁਤ ਦਰਦਨਾਕ ਸਨ।
ਫੋਨ ਉੱਤੇ ਗੱਲ ਕਰਦਿਆਂ ਨਸੀਮ ਨੇ ਦੱਸਿਆ ਕਿ, “ਮੈਂ ਅੱਗ ਤੋਂ ਦੂਰ ਭੱਜਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕਿਆ।
“ਜਦੋਂ ਅੱਗ ਬੁਝਾਉਣ ਵਾਲੇ ਅਧਿਕਾਰੀ ਪਹੁੰਚੇ, ਮੈਂ ਆਪਣੇ ਦੋਸਤਾਂ ਨੂੰ ਲੱਭਣ ਲਈ ਹਾਲ ਅੰਦਰ ਗਿਆ, ਮੈਂ ਬਾਥਰੂਮ ਵਿੱਚ 26 ਮ੍ਰਿਤਕ ਦੇਹਾਂ ਦੇਖੀਆਂ। ਇੱਕ 12 ਸਾਲ ਦੀ ਕੁੜੀ ਕੋਨੇ ਵਿੱਚ ਬੁਰੀ ਤਰ੍ਹਾਂ ਨਾਲ ਝੁਲਸੀ ਹੋਈ ਪਈ ਸੀ।''''
ਇਰਾਕ ਦੇ ਲੋਕ ਸੁਰੱਖਿਆ ਵਿਭਾਗ ਦੇ ਬੁਲਾਰੇ, ਗਾਦਤ ਅਬਦੁਲ ਰਹਿਮਾਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਅੱਗ ਹਾਲ ਦੇ ਅੰਦਰ ਪਟਾਕੇ ਚਲਾਉਣ ਕਾਰਨ ਵਾਪਰੀ।
ਉਨ੍ਹਾਂ ਦੱਸਿਆ ਕਿ ਹਾਲ ਵਿੱਚ ਜਲਣਸ਼ੀਲ ਚੀਜ਼ਾਂ ਹੋਣ ਕਰਕੇ ਅੱਗ ਤੇਜ਼ੀ ਨਾਲ ਵੱਧ ਗਈ।
ਕਰਾਕੋਸ਼ ਵਿੱਚ ਵੱਡੀ ਗਿਣਤੀ ਵਿੱਚ ਇਸਾਈ ਲੋਕ ਰਹਿੰਦੇ ਹਨ।
ਨਸੀਮ ਦਾ ਮੰਨਣਾ ਹੈ ਕਿ ਸੰਕਟ ਵੇਲੇ ਬਾਹਰ ਨਿਕਲਣ ਲਈ ਰਾਹ ਨਾ ਹੋਣ ਕਾਰਨ ਹਾਲਾਤ ਹੋਰ ਵਿਗੜ ਗਏ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਮਹਿਮਾਨਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਮੁੱਖ ਦਰਵਾਜ਼ੇ ਉੱਤੇ ਭੀੜ ਹੋ ਗਈ।
‘ਪਲਾਂ ਵਿੱਚ ਤਬਾਹੀ’
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤ ਸੁਰੱਖਿਅਤ ਹਨ।
ਉਨ੍ਹਾਂ ਦੇ ਇੱਕ ਦੋਸਤ, 17 ਸਾਲਾ ਟੋਮੀ ੳਦੈ ਬਾਹਰ ਨਿਕਲਣ ਲਈ ਬਣੇ ਦਰਵਾਜ਼ੇ ਕੋਲ ਹੀ ਖੜ੍ਹੇ ਸਨ। ਉਹ ਛੇਤੀ ਹੀ ਬਾਹਰ ਨਿਕਲ ਗਏ ਅਤੇ ਉਨ੍ਹਾਂ ਦੀ ਜਾਨ ਬੱਚ ਗਈ।
ਉਨ੍ਹਾਂ ਦੱਸਿਆ, “ਮੈਂ ਛੱਤ ਵਿੱਚੋਂ ਧੂਆਂ ਬਾਹਰ ਨਿਕਲਦਾ ਵੇਖਿਆ ਅਤੇ ਮੈਂ ਭੱਜ ਕੇ ਬਾਹਰ ਨਿਕਲ ਗਿਆ।”
“ਸਾਰੀ ਥਾਂ ਬੱਸ ਪੰਜ ਮਿੰਟਾਂ ਵਿੱਚ ਹੀ ਤਬਾਹ ਹੋ ਗਈ।”
ਬੁੱਧਵਾਰ ਨੂੰ 50 ਦੇਹਾਂ ਨੂੰ ਦਫ਼ਨਾਇਆ ਗਿਆ, ਬਾਕੀ ਰਹਿੰਦੀਆਂ ਦੇਹਾਂ ਨੂੰ ਅਗਲੇ ਦਿਨ ਦਫ਼ਨਾਇਆ ਜਾਵੇਗਾ। ਹਾਲੇ ਵੀ ਬਹੁਤ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਰਹੇ ਹਨ।
''ਮੇਰੀ ਧੀ ਦਾ 98 ਫੀਸਦ ਸਰੀਰ ਝੁਲਸਿਆ ਹੋਇਆ ਸੀ''
ਜਦੋਂ ਅੱਗ ਲੱਗੀ ਤਾਂ ਗ਼ਜ਼ਵਨ ਆਪਣੀ 33 ਸਾਲਾ ਪਤਨੀ, 4 ਸਾਲਾ ਪੁੱਤ ਅਤੇ 13 ਸਾਲਾ ਧੀ ਨਾਲੋਂ ਵਿੱਛੜ ਗਏ।
ਗ਼ਜ਼ਵਨ ਦੀ ਭੈਣ ਈਸਨ ਨੇ ਬੀਬੀਸੀ ਨੂੰ ਦੱਸਿਆ, “ਉਨ੍ਹਾਂ ਦੀ ਧੀ ਜਦੋਂ ਹਾਲ ਵਿੱਚੋਂ ਬਾਹਰ ਆਈ ਤਾਂ 98 ਫੀਸਦ ਸਰੀਰ ਝੁਲਸਿਆ ਹੋਇਆ ਸੀ।”
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਰਾ ਹਸਪਤਾਲਾਂ ਵਿੱਚ ਆਪਣੇ ਪਰਿਵਾਰ ਨੂੰ ਲੱਭਣ ਲਈ ਭਟਕ ਰਿਹਾ ਹੈ।
ਹਸਪਤਾਲਾਂ ''ਚ ਭਿਆਨਕ ਮੰਜ਼ਰ
ਮੋਸੂਲ ਵਿੱਚ ਅੱਗ ਦੇ ਜਖਮਾਂ ਲਈ ਵਿਸ਼ੇਸ਼ ਡਾਕਟਰੀ ਕੇਂਦਰ ਵਿੱਚ ਡਾ. ਵਾਦ ਸਲੇਮ ਨੇ ਦੱਸਿਆਂ ਕਿ ਜਖਮੀ ਲੋਕਾਂ ਵਿੱਚੋਂ 60 ਫੀਸਦ ਲੋਕ ਬੁਰੀ ਤਰ੍ਹਾਂ ਝੁਲਸੇ ਹੋਏ ਹਨ।
“ਬਹੁਤ ਲੋਕਾਂ ਦੇ ਮੂੰਹ, ਛਾਤੀ ਅਤੇ ਹੱਥ ਝੁਲਸੇ ਹੋਏ ਹਨ।”
ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਜਖਮੀ ਹੋਏ ਹਨ।
ਹਸਪਤਾਲ ਵਿੱਚ ਮੁੱਖ ਨਰਸ ਵਜੋਂ ਤੈਨਾਤ ਇਸਰਾ ਮੁਹੰਮਦ ਨੇ ਪੂਰੀ ਰਾਤ ਜਖਮੀਆਂ ਦਾ ਇਲਾਜ ਕੀਤਾ। ਉਨ੍ਹਾਂ ਬੀਬੀਸੀ ਨੁੰ ਦੱਸਿਆ ਕਿ ਉਨ੍ਹਾਂ ਨੇ ਕੁਲ 200 ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਦਿੱਤੀ।
“ਜੋ ਮੈਂ ਵੇਖਿਆ ਬਹੁਤ ਮੁਸ਼ਕਲ ਸੀ।”
“ਮੈਂ ਅਜਿਹੇ ਲੋਕਾਂ ਨੂੰ ਵੀ ਵੇਖਿਆ ਜਿਨ੍ਹਾਂ ਦਾ 90 ਫੀਸਦ ਸਰੀਰ ਝੁਲਸ ਚੁੱਕਾ ਸੀ।”
ਉਨ੍ਹਾਂ ਦੱਸਿਆ ਕਿ ਤਕਰੀਬਨ 50 ਬੱਚਿਆਂ ਨੂੰ ਹਸਪਤਾਲ ਪਹੁੰਚਦਿਆਂ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਦਵਾਈਆਂ ਅਤੇ ਹੋਰ ਇੰਤਜ਼ਾਮਾਂ ਦੀ ਘਾਟ ਸੀ ਅਤੇ ਇੰਨੀ ਵੱਡੀ ਗਿਣਤੀ ਵਿੱਚ ਆਏ ਮਰੀਜ਼ਾਂ ਦਾ ਇਲਾਜ ਕਰਨਾ ਮੁਸ਼ਕਲ ਹੋ ਰਿਹਾ ਸੀ।
“ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿਹੋ ਜਿਹਾ ਮਹਿਸੂਸ ਕਰ ਰਹੀਂ ਹਾਂ, ਮੈਂ ਅਜਿਹੇ ਤਿੰਨ ਪਰਿਵਾਰਾਂ ਬਾਰੇ ਜਾਣਦੀ ਹਾਂ ਜਿਨ੍ਹਾਂ ਦਾ ਸਾਰਾ ਪਰਿਵਾਰ ਹੀ ਅੱਗ ਵਿੱਚ ਖ਼ਤਮ ਹੋ ਗਿਆ।”
“ਸਥਾਨਕ ਭਾਈਚਾਰੇ ਵਿੱਚ ਬਹੁਤ ਉਦਾਸੀ ਹੈ, ਸਿਰਫ ਨਿਨੇਵੇਹ ਸੂਬੇ ਵਿੱਚ ਹੀ ਨਹੀਂ ਬਲਕਿ ਪੂਰੇ ਇਰਾਕ ਵਿੱਚ, ਸਾਰਾ ਦੇਸ ਉਦਾਸ ਹੈ।”
ਡਾਲੀਆ ਹੈਦਰ ਵੱਲੋਂ ਐਡੀਸ਼ਨਲ ਰਿਪੋਰਟਿੰਗ
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕਾਂਗਰਸ ਆਗੂ ਸੁਖਪਾਲ ਖਹਿਰਾ ਤੜਕਸਾਰ ਗ੍ਰਿਫ਼ਤਾਰ, ਜਾਣੋ 8 ਸਾਲ ਪੁਰਾਣੇ ਕਿਸ ਮਾਮਲੇ ''ਚ ਹੋਈ ਕਾਰਵਾਈ
NEXT STORY