ਐੱਨਆਈਏ ਨੇ ਗੈਂਗਸਟਰਾਂ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਕਥਿਤ ਸਬੰਧਾਂ ਬਾਬਤ ਦਾਇਰ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ
"ਪੰਜਾਬ ਵਿੱਚ ਅਪਰਾਧ ਅਤੇ ਦਹਿਸ਼ਤਗਰਦੀ ਦੇ ਇਤਿਹਾਸ ਦਾ ਅਜਿਹਾ ਪਲ, ਜਿਸ ਨੂੰ ਵੱਡਾ ਮੋੜ ਕਿਹਾ ਜਾ ਸਕਦਾ ਹੈ। ਉਹ 2015 ਵਿੱਚ ਬਰਗਾੜੀ ਮੋਰਚਾ(ਅੰਦੋਲਨ) ਅਤੇ 2016 ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਸੀ।"
ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਗੈਂਗਸਟਰਾਂ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਕਥਿਤ ਸਬੰਧਾਂ ਬਾਬਤ ਦਾਇਰ ਚਾਰਜਸ਼ੀਟ ਵਿੱਚ ਇਹ ਦਾਅਵਾ ਕੀਤਾ ਹੈ।
ਬੀਬੀਸੀ ਪੰਜਾਬੀ ਨੇ ਇਸ ਚਾਰਜਸ਼ੀਟ ਦੀ ਕਾਪੀ ਦੇਖੀ ਹੈ, ਜਿਸ ਵਿੱਚ ਦਿੱਤੇ ਗਏ ਕੁਝ ਅਹਿਮ ਤੱਥਾਂ ਅਤੇ ਕੀਤੇ ਗਏ ਦਾਅਵਿਆਂ ਬਾਬਤ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਕੁਝ ਮਹੀਨੇ ਪਹਿਲਾਂ ਦਾਇਰ ਕੀਤੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, “ਬਰਗਾੜੀ ਮੋਰਚਾ 2015 ਵਿੱਚ ਫਰੀਦਕੋਟ ਜ਼ਿਲ੍ਹੇ ''ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸ਼ੁਰੂ ਹੋਇਆ ਸੀ।''''
''''ਉਸ ਤੋਂ ਬਾਅਦ ਅੰਦੋਲਨਕਾਰੀਆਂ ''ਤੇ ਪੁਲਿਸ ਬਲ ਦੀ ਵਰਤੋਂ ਨੇ ਗਰਮਦਲੀਆਂ ਨੂੰ ‘ਪਬਲਿਕ ਸਪੇਸ’ ਯਾਨੀ ‘ਪੰਜਾਬ ਵਿੱਚ ਅਧਾਰ’ ਮੁਹੱਈਆ ਕਰਵਾਇਆ ਸੀ।”
ਕੀ ਹੈ ਬਰਗਾੜੀ, ਬੇਅਦਬੀ ਕੇਸ?
12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪੱਤਰੇ ਖਿਲਰੇ ਹੋਏ ਮਿਲੇ ਸਨ।
ਇਹ ਪੱਤਰੇ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸਨ।
ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਜਿਸ ਦੀ ਅਗਵਾਈ ਤਤਕਾਲੀ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖੱਟੜਾ ਕਰ ਰਹੇ ਸਨ।
ਇਸ ਟੀਮ ਨੇ 7 ਡੇਰਾ ਸਿਰਸਾ ਸਮਰਥਕਾਂ ਨੂੰ ਜੂਨ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਨ੍ਹਾਂ ਵਿੱਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ, ਸ਼ਕਤੀ ਸਿੰਘ, ਸੁਖਜਿੰਦਰ ਅਤੇ ਹੋਰ ਡੇਰਾ ਪ੍ਰੇਮੀ ਕਥਿਤ ਤੌਰ ਉੱਤੇ ਸ਼ਾਮਲ ਸਨ।
ਬਿੱਟੂ ਨੂੰ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਸੀ ਜਦਕਿ ਇੱਕ ਹੋਰ ਮੁਲਜ਼ਮ ਪਰਦੀਪ ਸਿੰਘ ਦਾ ਪਿਛਲੇ ਸਾਲ ਕੋਟਕਪੂਰਾ ਵਿੱਚ ਕਤਲ ਕਰ ਦਿੱਤਾ ਗਿਆ।
‘ਕੌਮ ਵਾਸਤੇ ਕੰਮ ਕਰਨ ਦੀ ਆੜ’
ਐੱਨਆਈਏ ਦੀ ਚਾਰਜਸ਼ੀਟ ਵਿੱਚ ਅੱਗੇ ਕਿਹਾ ਗਿਆ ਹੈ, "ਕੌਮ ਵਸਤੇ ਕੰਮ" ਦੀ ਆੜ ਵਿੱਚ ਵਿਦੇਸ਼ਾਂ ਵਿਚਲੇ ਪ੍ਰੋ-ਖਾਲਿਸਤਾਨ ਐਲੀਮੈਂਟਸ (ਪੀ.ਕੇ.ਈ) ਦੇ ਸਮਰਥਨ ਨਾਲ ਕਈ ਗਰਮਦਲੀਏ ਸਿੱਖ ਆਗੂਆਂ ਨੇ ਬਰਗਾੜੀ ਦੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਸੀ।''''
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, “ਖਾਲਿਸਤਾਨ ਸਮਰਥਕਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਅਤੇ ਸੂਬੇ ਵਿੱਚ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੀ ਸ਼ਾਂਤੀ ਅਤੇ ਏਕਤਾ ਨੂੰ ਭੰਗ ਕਰਨ ਲਈ ਆਪਣੀਆਂ ਨਾਪਾਕ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ।"
“ਇਨ੍ਹਾਂ ਪੀ.ਕੇ.ਈਜ਼ ਨੇ “ਕੌਮ ਦੇ ਦੁਸ਼ਮਣ” ਦੀ ਆੜ ਵਿੱਚ ਆਪਣੇ ਨਿਸ਼ਾਨਿਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਬੇਗੁਨਾਹ ਲੋਕਾਂ ਨੂੰ ਕੱਟੜਪੰਥੀ ਬਣਾ ਕੇ, ਉਨ੍ਹਾਂ ਨੇ ਬਰਗਾੜੀ ਮੋਰਚੇ ਅਤੇ ਅਜਿਹੇ ਹੋਰ ਸਥਾਨਾਂ ''ਤੇ ਇਕੱਠੇ ਹੋਏ ਲੋਕਾਂ ਦੇ ਵੱਡੇ ਪੂਲ ਨੂੰ ਸੂਬੇ ਭਰ ਵਿੱਚ ਦਹਿਸ਼ਤੀ ਗਤੀਵਿਧੀਆਂ ਲਈ ਵਰਤਣਾ ਸ਼ੁਰੂ ਕਰ ਦਿੱਤਾ।"
“ਕਈ ਜਾਚਾਂ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ''ਚੋਂ ਜ਼ਿਆਦਾਤਰ ਲੋਕ ਬਰਗਾੜੀ ਮੋਰਚੇ ਤੋਂ ਬਾਅਦ ਗਰਮਦਲੀਏ ਬਣ ਗਏ ਸਨ।"
ਚਾਰਜਸ਼ੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖਾਲਿਸਤਾਨੀ ਸਮਰਥਕਾਂ ਨੂੰ ਇੱਕ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਨੂੰ "ਨਵੇਂ ਕਾਡਰ, ਜੋ ਵਿਦੇਸ਼ਾਂ ਵਿਚਲੇ ਖਾੜਕੂਆਂ ਦੇ ਹੁਕਮਾਂ ''ਤੇ ਕਤਲੇਆਮ ਨੂੰ ਅੰਜਾਮ ਦੇਣ ਲਈ ਤਿਆਰ ਸਨ, ਕੋਲ ਅੱਤਵਾਦੀ ਗਤੀਵਿਧੀਆਂ ਜਿਵੇਂ ਕਿ ਹਥਿਆਰਾਂ ਦੀ ਸਪਲਾਈ, ਸਿਖਲਾਈ ਅਤੇ ਇਸ ਦੇ ਪ੍ਰਬੰਧਨ, ਵਾਹਨ, ਪਨਾਹ ਆਦਿ ਲਈ ਲੌਜਿਸਟਿਕ ਸਹਾਇਤਾ ਅਤੇ ਤਜਰਬਾ ਨਹੀਂ ਸੀ।"
ਸੰਕੇਤਕ ਤਸਵੀਰ
ਸਮੱਸਿਆ ਦਾ ਹੱਲ ਕਿਵੇਂ ਕੀਤਾ!
ਚਾਰਜਸ਼ੀਟ ਦੇ ਅਨੁਸਾਰ, “ਇਸ ਮਨਸੂਬੇ ਨੂੰ ਪੂਰਾ ਕਰਨ ਲਈ, ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਦੇ ਖੁਦ-ਮੁਖਤਿਆਰ ਮੁਖੀ ਹਰਮੀਤ ਸਿੰਘ ਪੀ.ਐੱਚ.ਡੀ. (ਜੋ ਪਾਕਿਸਤਾਨ ਵਿੱਚ ਸੀ ਤੇ ਬਾਅਦ ਵਿਚ ਮਾਰੇ ਗਏ) ਨੂੰ ਖਤਰਨਾਕ ਗੈਂਗਸਟਰ ਧਰਮਿੰਦਰ ਸਿੰਘ ਉਰਫ ਗੁਗਨੀ (ਜੋ ਲੁਧਿਆਣਾ ਜੇਲ ਵਿੱਚ ਬੰਦ ਸੀ) ਨੇ ਸੰਪਰਕ ਕੀਤਾ ਸੀ।''''
''''ਉਸ ਨੇ “ਕੌਮ ਲਈ” ਸੰਘਰਸ਼ ਦਾ ਵਾਸਤਾ ਦੇ ਕੇ ਹਥਿਆਰ ਹਾਸਲ ਕਰਨ ਲਈ ਇਹ ਸੰਪਰਕ ਸਾਧਿਆ ਸੀ।”
ਚਾਰਜਸ਼ੀਟ ਦੇ ਦਾਅਵੇ ਮੁਤਾਬਕ ਇਲਜ਼ਾਮ ਹੈ, “ਧਰਮਿੰਦਰ ਸਿੰਘ ਉਰਫ ਗੁਗਨੀ ਨੇ ਹਰਦੀਪ ਸਿੰਘ ਉਰਫ ਸ਼ੇਰਾ ਅਤੇ ਰਮਨਦੀਪ ਸਿੰਘ ਉਰਫ ਕੈਨੇਡੀਅਨ ਨੂੰ ਹਥਿਆਰ ਮੁਹੱਈਆ ਕਰਵਾਏ ਸਨ।''''
''''ਜਿਨ੍ਹਾਂ ਨੇ ਸਾਬਕਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਸਮੇਤ ਵਿਸ਼ੇਸ਼ ਭਾਈਚਾਰਿਆਂ ਦੇ ਪ੍ਰਮੁੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਇੱਕ ਨਵੀਂ ਕਿਸਮ ਦੀ ਦਹਿਸ਼ਤੀ ਜੰਗ ਸ਼ੁਰੂ ਕੀਤੀ।”
ਜਗਦੀਸ਼ ਗਗਨੇਜਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਆਗੂ ਸਨ ਅਤੇ ਕਤਲ ਕੀਤੇ ਜਾਣ ਸਮੇਂ ਪੰਜਾਬ ਦੇ ਮੀਤ ਪ੍ਰਧਾਨ ਸਨ।
ਗਗਨੇਜਾ ਦੇ ਕਤਲ ਦੇ ਨਾਲ-ਨਾਲ ਸ਼ਿਵ ਸੈਨਾ ਆਗੂ ਦੁਰਗਾ ਦਾਸ ਗੁਪਤਾ, ਅਮਿਤ ਸ਼ਰਮਾ, ਆਰਐੱਸਐੱਸ ਆਗੂ ਰਵਿੰਦਰ ਗੋਸਾਈਂ ਤੇ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੇ ਕਤਲ ਕੀਤੇ। ਇਨ੍ਹਾਂ ਨੇ ਹੀ ਕਥਿਤ ਤੌਰ ਉੱਤੇ ਆਰਐੱਸਐੱਸ ਦੀ ਸ਼ਾਖਾ ''ਤੇ ਹਮਲਾ ਕੀਤਾ ਸੀ।
ਅੱਗੇ ਚਾਰਜਸ਼ੀਟ ਕਹਿੰਦੀ ਹੈ ਕਿ 1995 ਵਿੱਚ ਖਾੜਕੂਵਾਦ ਦੇ ਖਾਤਮੇ ਤੋਂ ਬਾਅਦ ਪੰਜਾਬ ਵਿੱਚ ਇੰਨੇ ਵੱਡੇ ਪੱਧਰ ''ਤੇ ਟਾਰਗੇਟ ਕਿਲਿੰਗ ਪਹਿਲੀ ਵਾਰ ਦੇਖਣ ਨੂੰ ਮਿਲੀਆਂ ਹਨ।
ਸੰਕੇਤਕ ਤਸਵੀਰ
ਨਾਭਾ ਜੇਲ੍ਹ ਬ੍ਰੇਕ ਨੇ ਗਠਜੋੜ ਨੂੰ ‘ਮਜ਼ਬੂਤ’ ਕੀਤਾ
ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ, "ਸਫ਼ਲ ਅੱਤਵਾਦੀ-ਗੈਂਗਸਟਰ ਗਠਜੋੜ, ਜੋ ਧਰਮਿੰਦਰ ਉਰਫ਼ ਗੁਗਨੀ ਅਤੇ ਹਰਮੀਤ ਸਿੰਘ ਉਰਫ਼ ਪੀਐੱਚਡੀ ਨਾਲ ਸ਼ੁਰੂ ਹੋਇਆ ਸੀ, ਨਵੰਬਰ 2016 ਵਿੱਚ ਸਨਸਨੀਖੇਜ਼ ''ਨਾਭਾ ਹਾਈ ਸਕਿਓਰਿਟੀ ਜੇਲ੍ਹ ਬ੍ਰੇਕ'' ਦੁਆਰਾ ਹੋਰ ਮਜ਼ਬੂਤ ਹੋ ਗਿਆ।"
“ਜੇਲ ਬਰੇਕ ਅੱਤਵਾਦੀ-ਗੈਂਗਸਟਰ ਐਸੋਸੀਏਸ਼ਨ ਦਾ ਸਫ਼ਲ ਪ੍ਰਗਟਾਵਾ ਸੀ। ਜਿਸ ਨਾਲ ਦੋ ਖਤਰਨਾਕ ਖਾੜਕੂਆਂ – ਕੇਐੱਲਐੱਫ਼ ਦੇ ਮੁਖੀ ਹਰਮਿੰਦਰ ਸਿੰਘ ਉਰਫ ਮਿੰਟੂ, ਕੇਐੱਲਐੱਫ਼ ਦੇ ਖਾੜਕੂ ਕਸ਼ਮੀਰ ਸਿੰਘ ਗਲਵੱਦੀ ਅਤੇ ਚਾਰ ਗੈਂਗਸਟਰ ਫਰਾਰ ਹੋਏ ਸਨ।”
“ਇਨ੍ਹਾਂ ਦੀ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਅਤੇ ਅਮਨਦੀਪ ਸਿੰਘ ਉਰਫ ਅਮਨ ਢੋਟੀਆਂ ਸਣੇ 15 ਹੋਰ ਗੈਂਗਸਟਰਾਂ ਨੇ ਮਦਦ ਕੀਤੀ ਸੀ।”
ਇਸ ਵਿੱਚ ਅੱਗੇ ਕਿਹਾ ਗਿਆ ਹੈ, “ਜੇਲ੍ਹ ਬਰੇਕ ਦੌਰਾਨ ਇਨ੍ਹਾਂ ਗੈਂਗਸਟਰਾਂ ਦੁਆਰਾ ਦਿਖਾਈ ਗਈ ਯੋਜਨਾਬੰਦੀ ਅਤੇ ਅਮਲ ਦੇ ਨਾਲ-ਨਾਲ ਲੌਜਿਸਟਿਕ ਸਮਰੱਥਾ ਨੇ ਅੱਤਵਾਦੀ ਸੰਗਠਨਾਂ ਨੂੰ ਪ੍ਰਭਾਵਿਤ ਕੀਤਾ।''''
''''ਜਿਨ੍ਹਾਂ ਨੇ ਬਾਅਦ ਵਿੱਚ ਇਸ ਸਮਰੱਥਾ ਦੀ ਵਰਤੋਂ ਪੰਜਾਬ ਅਤੇ ਦੇਸ ਦੇ ਹੋਰ ਹਿੱਸਿਆਂ ਵਿੱਚ ਗੜਬੜ ਪੈਦਾ ਕਰਨ ਦੇ ਆਪਣੇ ਏਜੰਡੇ ਨੂੰ ਪੂਰਾ ਕਰਨ ਲਈ ਕੀਤੀ। ਇਸ ਜੇਲ੍ਹ ਬ੍ਰੇਕ ਦਾ ਮਾਸਟਰ ਮਾਈਂਡ ਗੈਂਗਸਟਰ ਤੋਂ ਖਾੜਕੂ ਬਣਿਆ ਰਮਨਜੀਤ ਸਿੰਘ ਉਰਫ ਰੋਮੀ (ਜਿਸਨੂੰ ਹਾਂਗਕਾਂਗ ਵਿੱਚ ਨਜ਼ਰਬੰਦ ਕੀਤਾ ਗਿਆ) ਸੀ।
ਗੁਰਪਤਵੰਤ ਸਿੰਘ ਪੰਨੂ
ਗੁਰਪਤਵੰਤ ਪੰਨੂ ਦੀ ਭੂਮਿਕਾ
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, “ਗੁਰਪਤਵੰਤ ਸਿੰਘ ਪੰਨੂ ਸਿੱਖਸ ਫਾਰ ਜਸਟਿਸ ਦੇ ਆਗੂ ਹਨ, ਉਹ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਖਾਲਿਸਤਾਨੀ ਵੱਖਵਾਦੀ ਦੇ ਤੌਰ ਉੱਤੇ ਭਾਰਤ ਵਿੱਚ ਅੱਤਵਾਦੀ ਨਾਮਜ਼ਦ ਕੀਤੇ ਗਏ ਹਨ। ਗੁਰਪਤਵੰਤ ਪੰਨੂ ਨੇ ਰਮਨਜੀਤ ਸਿੰਘ ਉਰਫ ਰੋਮੀ ਨੂੰ ਹਾਂਗਕਾਂਗ ਵਿੱਚ ਅਦਾਲਤੀ ਮੁਕੱਦਮੇ ਲਈ ਹਰ ਤਰ੍ਹਾਂ ਦੀ ਮਦਦ ਅਤੇ ਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।”
ਟਾਰਗੈੱਟ ਕਿਲਿੰਗ ਅਤੇ ਨਾਭਾ ਜੇਲ ਬ੍ਰੇਕ ਤੋਂ ਬਾਅਦ ਅੱਤਵਾਦੀ-ਗੈਂਗਸਟਰ ਗਠਜੋੜ ਦੇ ਨਤੀਜੇ ਵਜੋਂ ਖਾੜਕੂਆਂ ਨੇ ਕਤਲ ਅਤੇ ਕਤਲੇਆਮ ਦੀਆਂ ਕੋਸ਼ਿਸ਼ਾਂ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।
ਐੱਨਆਈਏ ਦੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਾਂਚ ਏਜੰਸੀਆਂ ਨੇ ਅਣਥੱਕ ਕੋਸ਼ਿਸ਼ਾਂ ਤੋਂ ਬਾਅਦ ਇਨ੍ਹਾਂ ਟਾਰਗੈੱਟ ਕਿਲਿੰਗਜ਼ ਦੀਆਂ ਸਾਰੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ ਹੈ।
“ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਸ਼ੂਟਰ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜਾਬ ਖੇਤਰ ਦੇ ਸਨ ਅਤੇ ਮੁੱਖ ਸਾਜ਼ਿਸ਼ਕਰਤਾ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਸਨ।''''
''''ਨਿਸ਼ਾਨੇਬਾਜ਼ਾਂ ਦੀ ਪਛਾਣ ਗੁਪਤ ਰੱਖਣ ਲਈ, ਅਜਿਹੇ ਨਿਸ਼ਾਨੇਬਾਜ਼ਾਂ ਅਤੇ ਕਾਤਲਾਂ ਨੂੰ ਭਰਤੀ ਕੀਤਾ ਗਿਆ ਸੀ, ਜੋ ਨਾ ਤਾਂ ਖੇਤਰ ਵਿੱਚ ਜਾਣੇ ਜਾਂਦੇ ਸਨ ਅਤੇ ਨਾ ਹੀ ਉਨ੍ਹਾਂ ਨੂੰ ਨਿਸ਼ਾਨਾਂ ਬਣਾਏ ਗਏ ਵਿਅਕਤੀਆਂ ਦੇ ਪਿਛੋਕੜ ਬਾਰੇ ਪਤਾ ਸੀ।”
ਚਾਰਜਸ਼ੀਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਦੂਜੇ ਸੂਬਿਆਂ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿਚਲਾ ਗੈਂਗਸਟਰ ਸਿੰਡੀਕੇਟ ਇਸ ਢੰਗ-ਤਰੀਕੇ ਲਈ ਵਰਤਿਆ ਗਿਆ ਹੈ।
“ਉਹੀ ਅਣਪਛਾਤੇ ਨਿਸ਼ਾਨੇਬਾਜ਼ਾਂ ਦੀ ਲੋੜ ਦੂਜੇ ਸੂਬਿਆਂ ਵਿਚਲੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀ ਦਹਿਸ਼ਤਗਰਦ ਸਿੰਡੀਕੇਟ ਆਗੂਆਂ ਦੁਆਰਾ ਵੀ ਕੀਤੀ ਗਈ ਸੀ, ਕਿਉਂਕਿ ਉਨ੍ਹਾਂ ਨੇ ਵੀ ਸਰਵਉੱਚਤਾ ਦੀ ਲੜਾਈ ਵਿੱਚ ਆਪਣੇ ਪ੍ਰਭਾਵ ਦੇ ਖੇਤਰ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ।”
“ਇਸ ਤੋਂ ਇਲਾਵਾ, 2015-16 ਤੋਂ ਬਾਅਦ ਬਹੁਤ ਸਾਰੇ ਨਵੇਂ ਗੈਂਗ ਲੀਡਰ ਸਨ, ਜਿਨ੍ਹਾਂ ਨੇ ਆਪਣਾ ਪ੍ਰਭਾਵ ਪ੍ਰਗਟਾਣਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਹੈਰੀ ਚੱਠਾ, ਸੁੱਖ ਭਿਖਾਰੀਵਾਲ, ਲੱਕੀ ਪਟਿਆਲ, ਸੁਖਪ੍ਰੀਤ ਬੁੱਢਾ, ਸੰਪਤ ਨਹਿਰਾ, ਬਿੰਨੀ ਗੁਰਜਰ, ਅਰਸ਼ ਡਾਲਾ, ਭੂਪੀ ਰਾਣਾ ਆਦਿ।”
ਸੰਕੇਤਕ ਤਸਵੀਰ
ਕੈਨੇਡਾ ਲਈ ਟਿਕਟ
ਐੱਨਆਈਏ ਦੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਟਿਕਟ ਅਪਰਾਧ ਕਰਨ ਦੇ ਵਾਅਦੇ ਵਜੋਂ ਕੰਮ ਕਰਦੀ ਹੈ।
ਇਸ ਵਿੱਚ ਕਿਹਾ ਗਿਆ ਹੈ, “ਗੈਂਗ ਦੇ ਸਾਰੇ ਮੈਂਬਰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਿਰਦੇਸ਼ਾਂ ''ਤੇ ਕੰਮ ਕਰਦੇ ਹਨ। ਗਿਰੋਹ ਦਾ ਮੁਖੀ ਲਾਰੈਂਸ ਬਿਸ਼ਨੋਈ ਕਿਸੇ ਵੀ ਅਪਰਾਧਿਕ ਗਤੀਵਿਧੀ ਲਈ ਗੈਂਗ ਦੇ ਸਾਰੇ ਮੈਂਬਰਾਂ ਨੂੰ ਵਿਸ਼ੇਸ਼ ਭੂਮਿਕਾਵਾਂ ਸੌਂਪਦਾ ਹੈ।”
ਇਨ੍ਹਾਂ ਗਰੋਹਾਂ ਦੇ ਸਰਗਰਮ ਖੇਤਰਾਂ ਬਾਰੇ ਗੱਲ ਕਰਦੇ ਹੋਏ, ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, “ਮੌਜੂਦਾ ਸਮੇਂ ਵਿੱਚ, ਇਹ ਸੰਗਠਿਤ ਸਿੰਡੀਕੇਟ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਸਰਗਰਮ ਹਨ।''''
ਜਿਨ੍ਹਾਂ ਵਿੱਚ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਅਤੇ ਯੂ.ਪੀ.। ਸੰਗਠਿਤ ਅਪਰਾਧਾਂ ਵਿੱਚ ਕੰਟਰੈਕਟ ਕਿਲਿੰਗ, ਗੋਲੀਬਾਰੀ, ਜਬਰੀ ਵਸੂਲੀ, ਪ੍ਰੋਟੈਕਸ਼ਨ ਮਨੀ ਰੈਕੇਟ, ਬੰਦੂਕ ਚਲਾਉਣਾ, ਹਾਈਵੇਅ ਅਤੇ ਬੈਂਕ-ਡਕੈਤੀਆਂ, ਜ਼ਮੀਨ ਹੜੱਪਣ ਆਦਿ ਵਿੱਚ ਸ਼ਾਮਲ ਹਨ।
ਪਰ ਨੌਜਵਾਨ ਉਨ੍ਹਾਂ ਲਈ ਕੰਮ ਕਰਨ ਲਈ ਕਿਉਂ ਅਤੇ ਕਿਵੇਂ ਸਹਿਮਤ ਹੁੰਦੇ ਹਨ?
ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ, “ਪੈਸੇ, ਕੱਪੜਿਆਂ ਅਤੇ ਆਪਣੇ ਮਨੋਰੰਜਨ ਤੇ ਮੌਜ-ਮਸਤੀ ਦੀਆਂ ਗਤੀਵਿਧੀਆਂ ਲਈ ਪੈਸੇ ਤੋਂ ਇਲਾਵਾ, ਖਾੜਕੂ ਆਗੂਆਂ ਨੇ ਗੈਂਗਜ਼ ਨੂੰ ਸੰਗਠਿਤ ਕੀਤਾ, ਨਵੇਂ ਰੰਗਰੂਟਾਂ ਨੂੰ ਕੈਨੇਡਾ ਜਾਂ ਜਿਸ ਦੇਸ਼ ਵਿੱਚ ਉਹ ਰਹਿਣਾ ਚਾਹੁੰਦੇ ਹਨ, ਉਥੋਂ ਦੀ ਟਿਕਟ ਦੁਆਉਣ ਬਦਲੇ ਅਪਰਾਧ ਕਰਨ ਲਈ ਮਜਬੂਰ ਕੀਤਾ ਜਾਂ ਲੁਭਾਇਆ।''''
ਜੇਲ੍ਹਾਂ ਵਿੱਚੋਂ ਹੁੰਦੇ ਅਪਰਾਧ
ਜੇਲ੍ਹਾਂ ਵਿੱਚੋਂ ਚੱਲ ਰਹੇ ਅਪਰਾਧ ਬਾਰੇ ਵੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ।
“ਗੈਂਗ ਦੇ ਜ਼ਿਆਦਾਤਰ ਮੁੱਖ ਮੈਂਬਰ ਸਲਾਖਾਂ ਪਿੱਛੇ ਹਨ, ਪਰ ਉਨ੍ਹਾਂ ਵਿੱਚੋਂ ਕੁਝ ਅਜੇ ਵੀ ਜੇਲ੍ਹਾਂ ਦੇ ਅੰਦਰ ਅਤੇ ਜੇਲ੍ਹ ਤੋਂ ਬਾਹਰ ਹੋਰ ਗੈਂਗਸਟਰਾਂ ਨਾਲ ਗਠਜੋੜ ਕਰਕੇ ਗੈਂਗ ਚਲਾਉਂਦੇ ਹਨ।”
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸਟੀਕ ਮਿਸਾਲ ਦੱਸਦਿਆਂ, ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਜੇਲ੍ਹਾਂ ਵਿੱਚੋਂ ਕਾਰਵਾਈ “ਇੰਨੀ ਆਸਾਨ ਹੈ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾਬੰਦੀ ਅਤੇ ਅੰਜਾਮ ਦੇਣ ਦੌਰਾਨ, ਮੁਲਜ਼ਮ ਛੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਨ।''''
ਤਿਹਾੜ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ, ਫਿਰੋਜ਼ਪੁਰ ਜੇਲ੍ਹ ਵਿੱਚ ਮਨਪ੍ਰੀਤ ਉਰਫ਼ ਮੰਨਾ, ਸਪੈਸ਼ਲ ਜੇਲ੍ਹ ਬਠਿੰਡਾ ਵਿੱਚ ਸਾਰਜ ਸਿੰਘ ਉਰਫ਼ ਮੰਟੂ, ਮਾਨਸਾ ਜੇਲ੍ਹ ਵਿੱਚ ਮਨਮੋਹਨ ਸਿੰਘ ਉਰਫ਼ ਮੋਹਣਾ ਨੇ ਸਿੱਧੂ ਮੂਸੇਵਾਲਾ ਦਾ ਜੇਲ੍ਹ ਵਿੱਚੋਂ ਕਤਲ ਕਰਵਾਇਆ।
ਇਹ ਸਾਰੇ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਉਹ ਆਪ ਕੈਨੇਡਾ ਵਿੱਚ ਰਹਿੰਦਾ ਹੈ।
ਉਸ ਨੇ ਜੇਲ੍ਹ ਵਿੱਚ ਬੰਦ ਸਾਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਖਰਕਾਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਤੋਂ ਤੁਰੰਤ ਬਾਅਦ ਸ਼ੂਟਰਾਂ ਨੂੰ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਕੰਮ ਸੌਂਪਿਆ।
ਮਹੱਤਵਪੂਰਨ ਕਤਲ
ਐੱਨਆਈਏ ਦੀ ਚਾਰਜਸ਼ੀਟ ਅਨੁਸਾਰ ਗੈਂਗਸਟਰ ਸਿੰਡੀਕੇਟ ਦੁਆਰਾ ਸਾਂਝੇ ਤੌਰ ''ਤੇ ਕੀਤੇ ਗਏ ਅਹਿਮ ਕਤਲ:
- 22 ਅਕਤੂਬਰ 2020 ਨੂੰ ਮਲੋਟ ਜ਼ਿਲ੍ਹੇ ਦੇ ਪਿੰਡ ਔਲਖ ਵਿੱਚ ਰਣਜੀਤ ਸਿੰਘ ਉਰਫ਼ ਰਾਣਾ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਕਥਿਤ ਤੌਰ ਉੱਤੇ ਗੋਲਡੀ ਬਰਾੜ ਦੇ ਦਿਸ਼ਾ ਨਿਰਦੇਸ਼ਾਂ ''ਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੀਤਾ ਗਿਆ।
- 18 ਫਰਵਰੀ 2021 ਨੂੰ ਗੁਰਲਾਲ ਪਹਿਲਵਾਨ (ਕਾਂਗਰਸੀ ਆਗੂ) ਦਾ ਫਰੀਦਕੋਟ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਕਥਿਤ ਤੌਰ ਉੱਤੇ ਕਤਲ ਕਰਵਾ ਦਿੱਤਾ ਸੀ।
- 22 ਜੂਨ, 2021 ਨੂੰ, ਕਾਲਾ ਜਥੇੜੀ (ਬਿਸ਼ਨੋਈ ਗੈਂਗ ਦੇ ਮੈਂਬਰ) ਨੇ ਹਰਵੇਲ ਸਿੰਘ ਉਰਫ ਰਵੇਲਾ ''ਤੇ “ਹਮਲਾ ਕਰਨ ਲਈ ਹਰਿਆਣਾ ਤੋਂ ਸ਼ੂਟਰ ਭੇਜੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਹਮਲਾਵਰ ਨੂੰ ਮਾਰ ਦਿੱਤਾ ਅਤੇ ਦੂਜੇ ਨੂੰ ਗ੍ਰਿਫ਼ਤਾਰ ਕਰ ਲਿਆ।”
- 3 ਅਗਸਤ, 2021 ਨੂੰ ਅੰਮ੍ਰਿਤਸਰ ਵਿੱਚ ਰਣਬੀਰ ਸਿੰਘ ਉਰਫ ਰਾਣਾ ਕੰਦੋਵਾਲੀਆ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਤੇਜਵੀਰ ਸਿੰਘ ਤੇ ਅਰੁਣ ਕੁਮਾਰ ਨੂੰ ਜ਼ਖਮੀ ਕਰ ਦਿੱਤਾ ਗਿਆ।
- “ਜੱਗੂ ਭਗਵਾਨਪੁਰੀਆ ਦੇ ਹੁਕਮਾਂ ਉੱਤੇ ਦਿਵਯਾਂਸ਼ੂ ਫੈਜ਼ਾਬਾਦ ਅਤੇ ਦੀਪਕ ਝੱਜਰ ਉਰਫ ਸੁਰਖਪੁਰ ਨੇ ਅੰਜਾਮ ਦਿੱਤਾ ਸੀ।”
ਐੱਨਆਈਏ ਦੇ ਥੀਸਿਜ਼ ਉੱਤੇ ਪ੍ਰਤੀਕਰਮ
ਐੱਨਆਈਏ ਦੀ ਚਾਰਜਸ਼ੀਟ ਵਿੱਚ ਕੀਤੇ ਗਏ ਦਾਅਵਿਆਂ ਤੇ ਬਰਗਾੜੀ ਮੋਰਚੇ ਨੂੰ ਗਰਮਦਲੀਆਂ ਲਈ ਜ਼ਮੀਨ ਦੇਣ ਦਾ ਅਧਾਰ ਬਣਨ ਬਾਰੇ ਬੀਬੀਸੀ ਪੰਜਾਬੀ ਨੇ ਸਿੱਖ ਮਸਲਿਆਂ ਦੇ ਜਾਣਕਾਰ ਅਤੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਨਵਕਿਰਨ ਸਿੰਘ ਨਾਲ ਗੱਲ ਕੀਤੀ।
ਨਵਕਿਰਨ ਸਿੰਘ ਕਹਿੰਦੇ ਹਨ, “ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਸ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਕਾਨੂੰਨੀ ਸਜ਼ਾਵਾਂ ਦੁਆਉਣ ਲਈ ਲੋਕ ਸੰਘਰਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਲਾਂਭੇ ਕੀਤਾ ਗਿਆ ਤਾਂ ਹੀ ਇਹ ਮਸਲਾ ਭੜਕਿਆ ਸੀ।”
“ਮੈਂ ਸਮਝਦਾ ਹਾਂ ਕਿ ਸਿੱਖਾਂ ਦੇ ਬਹੁਤ ਸਾਰੇ ਮਸਲੇ ਹਨ, ਭਾਰਤ ਸਰਕਾਰ ਨੂੰ ਉਨ੍ਹਾਂ ਨਾਲ ਨਿਪਟਣ ਲਈ ਸਿੱਖ ਲੀਡਰਸ਼ਿਪ ਨਾਲ ਬੈਠਣਾ ਚਾਹੀਦਾ ਹੈ ਅਤੇ ਗੱਲਬਾਤ ਕਰਨੀ ਚਾਹੀਦੀ ਹੈ।”
“ਸਿੱਖਾਂ ਨੂੰ 36 ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵਾਅਦੇ ਕਰਕੇ ਪੂਰੇ ਨਹੀਂ ਕੀਤੇ। ਇਹ ਸਮਾਂ ਹੈ ਕਿ ਸਰਕਾਰ ਸਿੱਖਾਂ ਦੇ ਨੁਮਾਇੰਦਿਆਂ ਨਾਲ ਬੈਠੇ ਅਤੇ ਗੱਲ ਕਰੇ।”
ਨਵਕਿਰਨ ਸਿੰਘ ਨੇ ਕਿਹਾ ਕਿ ਐੱਨਆਈਏ ਜੋ ਥੀਸਿਜ਼ ਦੱਸ ਰਿਹਾ ਹੈ, ਉਹ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਹੋ ਸਕਦਾ ਹੈ।
ਕਿਉਂਕਿ ਗੁਰਮੀਤ ਰਾਮ ਰਹੀਮ ਨੂੰ ਮਾਰਨ ਦੀ ਕੋਸ਼ਿਸ਼ ਤਾਂ ਪਹਿਲਾਂ ਵੀ ਹੋਈ ਸੀ। ਜਦੋਂ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ ਅਤੇ ਐੱਫ਼ਆਈਆਰ ਦਰਜ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਈ ਤਾਂ ਉਸ ਤੋਂ ਬਾਅਦ ਇਹ ਘਟਨਾ ਹੋਈ ਸੀ।
“ਬਰਗਾੜੀ ਮੋਰਚੇ ਤੋਂ ਪਹਿਲਾਂ ਵੀ ਘਟਨਾਵਾਂ ਹੁੰਦੀ ਰਹੀਆਂ ਹਨ। ਇਸ ਮਾਹੌਲ ਪਿੱਛੇ ਬਹੁਤ ਸਾਰੇ ਕਾਰਨ ਹਨ, ਜਿਸ ਕਾਰਨ ਲੋਕਾਂ ਵਿੱਚ ਨਰਾਜ਼ਗੀ ਹੈ ਅਤੇ ਜਦੋਂ ਉਹ ਸੰਘਰਸ਼ ਕਰਦੇ ਹਨ, ਤਾਂ ਉਨ੍ਹਾਂ ਤੱਤਾਂ ਨੂੰ ਮੌਕਾ ਮਿਲ ਜਾਂਦਾ ਹੈ, ਜੋ ਮੁਲਕ ਦੇ ਵਿਰੋਧੀ ਹਨ।"
"ਪਰ ਸਵਾਲ ਇਹ ਹੈ ਕਿ ਸਰਕਾਰ ਅਜਿਹਾ ਮੌਕਾ ਦਿੰਦੀ ਹੀ ਕਿਉਂ ਹੈ, ਸਿੱਖਾਂ ਨਾਲ ਉਨ੍ਹਾਂ ਦੇ ਮਸਲਿਆਂ ਬਾਰੇ ਗੱਲਬਾਤ ਕਿਉਂ ਨਹੀਂ ਕੀਤੀ ਜਾਂਦੀ।”
ਨਵਕਿਰਨ ਕਹਿੰਦੇ ਹਨ ਕਿ ਹੁਣ ਵੀ ਮੀਡੀਆ ਰਾਹੀ ਸਿੱਖਾਂ ਨੂੰ ਜਿਵੇਂ ਬਦਨਾਮ ਕੀਤਾ ਜਾ ਰਿਹਾ ਹੈ, ਜਾਂ ਜੋ ਕੁਝ ਹੋ ਰਿਹਾ ਹੈ, ਉਹ ਵੀ ਮਸਲੇ ਦਾ ਹੱਲ ਨਹੀਂ ਹੈ। ਕੁਝ ਕੁ ਭਾਜਪਾ ਜਾਂ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਹੀ ਸਿੱਖ ਨਹੀਂ ਹਨ।
ਵੱਡੀ ਗਿਣਤੀ ਹੈ, ਜੋ ਮਸਲਿਆਂ ਉੱਤੇ ਨਿਆਂ ਨਾ ਮਿਲਣ ਕਾਰਨ ਨਿਰਾਸ਼ ਹਨ, ਉਨ੍ਹਾਂ ਨਾਲ ਬੈਠ ਕੇ ਗੱਲਬਾਤ ਹੋਈ ਚਾਹੀਦੀ ਹੈ, ਤਾਂ ਹੀ ਕੋਈ ਸਥਾਈ ਹੱਲ ਨਿਕਲ ਸਕੇਗਾ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਲੋਕ ਸੜਕਾਂ ''ਤੇ ਉਤਰ ਆਏ ਸਨ ਅਤੇ ਪ੍ਰਦਰਸ਼ਨ ਹੋਏ
ਬੇਅਦਬੀ ਕਾਂਡ- ਕਦੋਂ ਕੀ ਹੋਇਆ?
1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ।
25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ।
12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
14 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ ''ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।
ਇਸੇ ਦਿਨ ਬਹਿਬਲ ਕਲਾਂ ਵਿੱਚ ਬੇਅਦਬੀ ਖਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ਉੱਤੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੋਤ ਹੋ ਗਈ ।
ਇਸ ਮਾਮਲੇ ਨਾਲ ਜੁੜੇ ਇੱਕ ਮੁਲਜ਼ਮ ਮਹਿੰਦਰ ਬਿੱਟੂ ਦਾ ਜੂਨ 2019 ਵਿੱਚ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।
18 ਅਕਤੂਬਰ 2015 - ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ।
26 ਅਕਤੂਬਰ 2015 - ਪੰਜਾਬ ਸਰਕਾਰ ਵੱਲੋਂ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ।
30 ਜੂਨ 2016 -ਪੰਜਾਬ ਸਰਕਾਰ ਵੱਲੋਂ ਕਾਇਮ ਕੀਤੇ ਗਏ ਜ਼ੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
14 ਅਪ੍ਰੈਲ 2017- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਿਠਾਇਆ।
30 ਜੂਨ 2017 - ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
28 ਅਗਸਤ 2018 - ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਰੱਖੀ ਗਈ।
10 ਸਤੰਬਰ 2018 - ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਦ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਕਾਇਮ ਕੀਤੀ ਗਈ।
9 ਦਸੰਬਰ 2018 - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਰਗਾੜੀ ਦਾ ਇਹ ਮੋਰਚਾ ਖ਼ਤਮ ਹੋਇਆ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪਾਕਿਸਤਾਨ: ਬਲੋਚਿਸਤਾਨ ਵਿੱਚ ਬੰਬ ਧਮਾਕਾ, ਘੱਟੋ-ਘੱਟ 50 ਲੋਕਾਂ ਦੀ ਮੌਤ, ਕਈ ਜ਼ਖਮੀ
NEXT STORY