ਵਿਗਿਆਨੀਆਂ ਨੂੰ ਗੁਜਰਾਤ ਵਿੱਚ ਇੱਕ ਕਬਰਿਸਤਾਨ ਮਿਲਿਆ ਹੈ ਜੋ ਦੁਨੀਆਂ ਦੀਆਂ ਸਭ ਤੋਂ ਮੁੱਢਲੀਆਂ ਸੱਭਿਅਤਾਵਾਂ ਵਿੱਚੋਂ ਇੱਕ ਨਾਲ ਸਬੰਧਤ ਹੋ ਸਕਦਾ ਹੈ।
ਇਸ ਰਿਪੋਰਟ ਜ਼ਰੀਏ ਇਸ ਥਾਂ ਤੋਂ ਮਿਲੇ ਸੰਕੇਤਾਂ ਦੀ ਜਾਂਚ ਕਰਕੇ ਸਭ ਤੋਂ ਪ੍ਰਾਚੀਨ ਭਾਰਤੀ ਲੋਕਾਂ ਦੇ ਜੀਵਨ-ਮਰਨ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਗਈ।
ਸਾਲ 2019 ਵਿੱਚ ਸਾਇੰਸਦਾਨਾਂ ਨੇ ਕੱਛ ਦੇ ਦੂਰ-ਦੁਰਾਡੇ, ਬਹੁਤ ਮਾਮੂਲੀ ਅਬਾਦੀ ਵਾਲੇ ਇੱਕ ਪਿੰਡ ਵਿੱਚ ਰੇਤ ਦੇ ਇੱਕ ਟਿੱਲੇ ਦੀ ਖੁਦਾਈ ਸ਼ੁਰੂ ਕੀਤੀ। ਗੁਜਰਾਤ ਦਾ ਇਹ ਪਿੰਡ ਪਾਕਿਸਤਾਨ ਤੋਂ ਬਹੁਤ ਦੂਰ ਨਹੀਂ ਹੈ। ਉਦੋਂ ਉਨ੍ਹਾਂ ਨੂੰ ਰੱਤੀ ਭਰ ਵੀ ਅੰਦੇਸ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਕੀ ਮਿਲਣ ਵਾਲਾ ਹੈ।
ਕੇਰਲ ਯੂਨੀਵਰਸਿਟੀ ਤੋਂ ਇੱਕ ਪੁਰਾਤੱਤਵ ਵਿਗਿਆਨੀ ਰਾਜੇਸ਼ ਐੱਸਵੀ ਨੇ ਖੋਜ-ਕਾਰਜਾਂ ਦੀ ਅਗਵਾਈ ਕੀਤੀ।
ਉਨ੍ਹਾਂ ਨੇ ਦੱਸਿਆ, “ਜਦੋਂ ਅਸੀਂ ਖੁਦਾਈ ਸ਼ੁਰੂ ਕੀਤੀ ਤਾਂ ਸੋਚਿਆ ਕਿ ਇਹ ਕੋਈ ਪ੍ਰਾਚੀਨ ਵਸੋਂ ਹੈ। ਇੱਕ ਹਫ਼ਤੇ ਦੇ ਅੰਦਰ ਹੀ ਅਸੀਂ ਸਮਝ ਗਏ ਕਿ ਇਹ ਕੋਈ ਕਬਰਿਸਤਾਨ ਹੈ।”
500 ਸਾਲਾਂ ਤੱਕ ਵਰਤੋਂ ਵਿੱਚ ਰਿਹਾ ਹੋਵੇਗਾ ਕਬਰਿਸਤਾਨ
40 ਏਕੜ ਵਿੱਚ ਫੈਲੀ ਇਸ ਥਾਂ ਦੀ ਖੁਦਾਈ ਦੇ ਤਿੰਨ ਗੇੜ ਹੋ ਚੁੱਕੇ ਹਨ, ਜਿਸ ਵਿੱਚ 150 ਤੋਂ ਜ਼ਿਆਦਾ ਦੇਸੀ-ਵਿਦੇਸ਼ੀ ਸਾਇੰਸਦਾਨ ਸ਼ਾਮਲ ਸਨ। ਸਾਇੰਸਦਾਨਾਂ ਦੀ ਰਾਇ ਹੈ ਕਿ ਇੱਥੇ ਸਿੰਧੂ ਘਾਟੀ ਸੱਭਿਅਤਾ ਨਾਲ ਸਬੰਧਤ 500 ਤੋਂ ਵਧੇਰੇ ਕਬਰਾਂ ਹਨ।
ਸਿੰਧੂ ਘਾਟੀ ਸੱਭਿਅਤਾ ਦੁਨੀਆਂ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਹੈ। ਹੁਣ ਤੱਕ 200 ਦੇ ਕਰੀਬ ਕਬਰਾਂ ਪੁੱਟੀਆਂ ਜਾ ਚੁੱਕੀਆਂ ਹਨ।
ਕੋਈ 5300 ਸਾਲ ਪਹਿਲਾਂ ਵਜੂਦ ਵਿੱਚ ਰਹੀ ਇਸ ਅਬਾਦੀ ਨੂੰ ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ ਹੈ। ਮੌਜੂਦਾ ਪਾਕਿਸਤਾਨ ਵਿੱਚ ਸਥਿਤ ਹੜੱਪਾ ਹੀ ਉਹ ਪਹਿਲਾ ਸ਼ਹਿਰ ਹੈ ਜਿੱਥੇ ਇਸ ਸੱਭਿਅਤਾ ਦੇ ਸਭ ਤੋਂ ਪਹਿਲਾਂ ਨਿਸ਼ਾਨ ਮਿਲੇ ਸਨ।
ਇਸ ਸੱਭਿਅਤਾ ਦੇ ਬਾਸ਼ਿੰਦੇ ਕਿਸਾਨੀ ਤੋਂ ਕਾਰੋਬਾਰ ਤੱਕ ਦੇ ਪੇਸ਼ਿਆਂ ਵਿੱਚ ਲੱਗੇ ਹੋਏ ਸਨ। ਉਨ੍ਹਾਂ ਦਾ ਨਗਰ ਕੰਧਾਂ ਨਾਲ ਘਿਰਿਆ ਹੋਇਆ ਸੀ। ਉਨ੍ਹਾਂ ਦੇ ਘਰ ਪੱਕੀਆਂ ਇੱਟਾਂ ਦੇ ਬਣੇ ਹੋਏ ਸਨ।
ਸੱਭਿਅਤਾ ਦੀਆਂ ਸ਼ੁਰੂਆਤੀ ਥੇਹਾਂ (ਮਲਬਾ) ਮਿਲਣ ਤੋਂ ਬਾਅਦ ਹੁਣ ਤੱਕ ਭਾਰਤ ਅਤੇ ਪਾਕਿਸਤਾਨ ਵਿੱਚ ਸਾਇੰਸਦਾਨ ਇਸ ਨਾਲ ਜੁੜੀਆਂ 2000 ਥੇਹਾਂ ਲੱਭ ਚੁੱਕੇ ਹਨ।
ਸਾਇੰਸਦਾਨਾਂ ਦੀ ਰਾਇ ਹੈ ਕਿ ਕਾਠੀਆ ਪਿੰਡ ਕੋਲ ਮਿਲਿਆ ਇਹ ਵਿਸ਼ਾਲ ਕਬਰਿਸਤਾਨ “ਪੂਰਬ-ਸ਼ਹਿਰੀ” ਕਾਲ ਦਾ ਸਭ ਤੋਂ ਵੱਡਾ ਕਬਰਿਸਤਾਨ ਹੈ, ਜਿਸ ਬਾਰੇ ਪਤਾ ਲੱਗ ਸਕਿਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਰੀਬ 500 ਸਾਲਾਂ ਤੱਕ ਵਰਤੋਂ ਵਿੱਚ ਰਿਹਾ ਹੋਵੇਗਾ। ਇਸ ਦਾ ਸਮਾਂ 3200 ਬੀਸੀ ਤੋਂ 2600 ਬੀਸੀ ਨਿਰਧਾਰਿਤ ਕੀਤਾ ਗਿਆ ਹੈ।
ਇੱਥੇ ਮਿਲੀਆਂ ਸਭ ਤੋਂ ਪ੍ਰਾਚੀਨ ਕਬਰਾਂ ਲਗਭਗ 46,00 ਸਾਲ ਪੁਰਾਣੀਆਂ ਹਨ।
ਕਬਰਾਂ ਵਿੱਚੋਂ ਕੀ ਕੁਝ ਮਿਲਿਆ ਹੈ?
ਇਸ ਖੁਦਾਈ ਦੌਰਾਨ ਹੁਣ ਤੱਕ ਇੱਕ ਹੀ ਮੁਕੰਮਲ ਨਰ ਪਿੰਜਰ ਅਤੇ ਅੰਸ਼ਿਕ ਇਨਸਾਨੀ ਅਵਸ਼ੇਸ਼ ਜਿਵੇਂ- ਖੋਪੜੀ ਦੇ ਹਿੱਸੇ, ਹੱਡੀਆਂ ਅਤੇ ਦੰਦ ਵੀ ਮਿਲੇ ਹਨ।
ਕਬਰਾਂ ਵਿੱਚੋਂ ਕਲਾ ਦੇ ਵੀ ਵੰਨ-ਸੁਵੰਨੇ ਨਮੂਨੇ ਮਿਲੇ ਹਨ। 100 ਤੋਂ ਜ਼ਿਆਦਾ ਚੂੜੀਆਂ ਅਤੇ ਸਿੱਪੀਆਂ ਤੋਂ ਬਣੇ 27 ਮਣਕੇ। ਚੀਨੀ ਮਿੱਟੀ ਦੇ ਮਰਤਬਾਨ, ਕੌਲੀਆਂ, ਪਲੇਟਾਂ, ਭਾਂਡੇ, ਛੋਟੇ ਜੱਗ, ਬੀਕਰ, ਮਿੱਟੀ ਦੇ ਭਾਂਡੇ, ਪਾਣੀ ਦੇ ਮੱਗੇ ਅਤੇ ਜਾਰ, ਬੋਤਲਾਂ ਵਗੈਰਾ ਮਿਲੀਆਂ ਹਨ।
ਇਨ੍ਹਾਂ ਤੋਂ ਇਲਾਵਾ ਛੋਟੇ-ਮੋਟੇ ਖਜ਼ਾਨੇ ਜਿਨ੍ਹਾਂ ਵਿੱਚ ਲਾਜਵਰਤ (ਲੈਪਿਸ ਲਾਊਜ਼ੀ) ਦੇ ਕੀਮਤੀ ਪੱਥਰ ਦੇ ਬਣੇ ਮਣਕੇ ਸਨ, ਉਹ ਵੀ ਮਿਲੇ ਹਨ।
ਕਬਰਾਂ ਦੀਆਂ ਅਨੂਠੀਆਂ ਵਿਸ਼ੇਸ਼ਤਾਵਾਂ ਹਨ। ਜਿਵੇਂ ਬਲੂਆ-ਪੱਥਰ ਨਾਲ ਚਿਣੀਆਂ ਕੰਧਾਂ। ਕਬਰਾਂ ਵੱਖੋ-ਵੱਖ ਦਿਸ਼ਾਵਾਂ ਵੱਲ ਹਨ। ਕੁਝ ਕਬਰਾਂ ਆਂਡੇ ਦੇ ਅਕਾਰ ਦੀਆਂ ਹਨ ਜਦਕਿ ਬਾਕੀ ਵਰਗ ਦੇ ਰੂਪ ਵਿੱਚ ਹਨ।
ਛੋਟੀਆਂ ਕਬਰਾਂ ਵੀ ਹਨ ਜਿਨ੍ਹਾਂ ਵਿੱਚ ਬੱਚੇ ਦਫ਼ਨ ਸਨ। ਮੁਰਦਿਆਂ ਨੂੰ ਜ਼ਿਆਦਾਤਰ ਸਿੱਧੇ ਲਿਟਾਇਆ ਗਿਆ ਹੈ। ਜ਼ਿਆਦਾਤਰ ਹੱਡੀਆਂ ਤੇਜ਼ਾਬੀ ਮਿੱਟੀ ਕਾਰਨ ਘੁਲ ਗਈਆਂ ਹਨ।
ਐਲਬੀਅਨ ਕਾਲਜ, ਮਿਸ਼ੀਗਨ ਵਿੱਚ ਮਨੁੱਖੀ ਵਿਕਾਸ ਦੇ ਪ੍ਰੋਫ਼ੈਸਰ ਬਰੈਡ ਚੇਜ਼ ਮੁਤਾਬਕ, “ਵਿਗਿਆਨਕ ਤੌਰ ’ਤੇ ਇਹ ਬਹੁਤ ਮਹੱਤਵਪੂਰਨ ਲੱਭਤ ਹੈ।”
ਚੇਜ਼ ਅੱਗੇ ਦੱਸਦੇ ਹਨ, “ਹੁਣ ਤੱਕ ਪੂਰਬ-ਸ਼ਹਿਰੀ ਕਾਲ ਦੇ ਕਈ ਕਬਰਿਸਤਾਨ ਗੁਜਰਾਤ ਵਿੱਚ ਮਿਲ ਚੁੱਕੇ ਹਨ ਪਰ ਇਹ ਸਾਰਿਆਂ ਤੋਂ ਵੱਡਾ ਹੈ।''''
''''ਇਸ ਤੋਂ ਵਿਗਿਆਨੀਆਂ ਨੂੰ ਉਸ ਕਾਲ ਅਤੇ ਉਸ ਵੇਲ਼ੇ ਦੇ ਲੋਕਾਂ ਬਾਰੇ ਹੋਰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਮਿਲੇਗੀ। ਇਸ ਨਾਲ ਬਾਕੀ ਛੋਟੇ ਕਬਰਿਸਤਾਨਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਜਾ ਸਕੇਗਾ।”
ਸਿੰਧੂ ਘਾਟੀ ਵਿੱਚ ਮੁਰਦੇ ਕਿਵੇਂ ਦਫ਼ਨਾਉਂਦੇ ਸਨ?
ਪੱਛਮੀ ਪੰਜਾਬ (ਪਾਕਿਸਤਾਨ ਵਾਲੇ ਪਾਸੇ) ਵਿੱਚ ਮਿਲੇ ਕਬਰਿਸਤਾਨਾਂ ਤੋਂ ਇਸ ਬਾਰੇ ਕੁਝ ਸੰਕੇਤ ਮਿਲਦੇ ਹਨ ਕਿ ਸਿੰਧੂ ਘਾਟੀ ਵਿੱਚ ਮੁਰਦਿਆਂ ਨੂੰ ਕਿਵੇਂ ਦਫ਼ਨਾਉਂਦੇ ਸੀ।
ਵਿਸਕਾਂਸਨ -ਮੈਡੀਸਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਰਕ ਕਿਨੌਇਰ ਸਿੰਧੂ ਘਾਟੀ ਸੱਭਿਅਤਾ ਦੇ ਮਾਹਰ ਹਨ।
ਉਹ ਦੱਸਦੇ ਹਨ ਕਿ ਮਿਸਰ ਅਤੇ ਮੈਸੋਪੁਟਾਮੀਆ ਦੇ ਮੁਕਾਬਲੇ ਇੱਥੇ ਮੁਰਦਿਆਂ ਨੂੰ ਸਾਦੇ ਢੰਗ ਨਾਲ ਦਫ਼ਨਾਉਂਦੇ ਸਨ। ਮੁਰਦਿਆਂ ਦੇ ਅਗਲੇ ਜਨਮ ਵਿੱਚ ਕੰਮ ਆਉਣ ਲਈ ਕੋਈ ਹਥਿਆਰ, ਭਾਂਡੇ ਵਗੈਰਾ ਨਹੀਂ ਰੱਖੇ ਜਾਂਦੇ ਸਨ।
ਇੱਥੇ ਜ਼ਿਆਦਾਤਰ ਲਾਸ਼ਾਂ ਕਫ਼ਨ ਵਿੱਚ ਲਪੇਟ ਕੇ ਵਰਗਾਕਾਰ ਕਬਰਾਂ ਵਿੱਚ ਰੱਖੀਆਂ ਜਾਂਦੀਆਂ ਸਨ। ਲਾਸ਼ਾਂ ਤੋਂ ਪਹਿਲਾਂ ਮਿੱਟੀ ਦੀਆਂ ਵਸਤਾਂ ਸ਼ਰਧਾਂਜਲੀ ਵਜੋਂ ਰੱਖੀਆਂ ਜਾਂਦੀਆਂ ਸਨ।
ਕੁਝ ਲੋਕਾਂ ਨੂੰ ਨਿੱਜੀ ਗਹਿਣਿਆਂ ਸਮੇਤ ਦਫ਼ਨਾਉਂਦੇ ਸਨ- ਚੂੜੀਆਂ, ਮਣਕੇ, ਤਵੀਤ- ਜੋ ਕਿਸੇ ਹੋਰ ਨੂੰ ਨਹੀਂ ਦਿੱਤੇ ਜਾ ਸਕਦੇ ਸਨ।
ਕੁਝ ਔਰਤਾਂ ਦੇ ਨਾਲ ਤਾਂਬੇ ਦਾ ਬਣਿਆ ਇੱਕ ਸ਼ੀਸਾ ਵੀ ਰੱਖਿਆ ਗਿਆ ਸੀ।
ਬਾਲਗਾਂ ਨੂੰ ਭੋਜਨ ਸਾਂਭਣ ਅਤੇ ਵਰਤਾਉਣ ਵਾਲੇ ਕਈ ਭਾਂਡਿਆਂ ਦੇ ਨਾਲ ਦਫ਼ਨਾਉਂਦੇ ਸਨ। ਔਰਤਾਂ ਦੀ ਖੱਬੀ ਬਾਂਹ ਵਿੱਚ ਅਕਸਰ ਸਿੱਪੀਆਂ ਦੀਆਂ ਚੂੜੀਆਂ ਵੀ ਸਨ।
ਜਦਕਿ ਬੱਚਿਆਂ ਨਾਲ ਜ਼ਿਆਦਾਤਰ ਕੋਈ ਭਾਂਡੇ ਜਾਂ ਗਹਿਣੇ ਨਹੀਂ ਰੱਖੇ ਜਾਂਦੇ ਸਨ।
ਕਬਰਾਂ ਤੋਂ ਵਿਅਕਤੀ ਦੀ ਦੌਲਤ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਮਿਲਦੀ। ਸਿਹਤ ਪੱਖੋਂ “ਜ਼ਿਆਦਤਰ ਰੱਜੇ-ਪੁੱਜੇ ਅਤੇ ਤੰਦਰੁਸਤ ਸਨ ਭਾਵੇਂ ਕੁਝ ਵਿੱਚ ਗਠੀਏ ਅਤੇ ਸਰੀਰਕ ਤਣਾਅ ਦੇ ਸੰਕੇਤ ਸਨ।”
ਗੁਜਰਾਤ ਦੇ ਕਬਰਿਸਤਾਨ ਦੇ ਰਹੱਸ ਅਜੇ ਵੀ ਅਣਸੁਲਝੇ
ਜਦਕਿ ਗੁਜਰਾਤ ਦੇ ਕਬਰਿਸਤਾਨ ਦੇ ਰਹੱਸ ਅਜੇ ਵੀ ਅਣਸੁਲਝੇ ਹਨ। ਇਹ ਕਬਰਿਸਤਾਨ ਸਾਇੰਸਦਾਨਾਂ ਨੂੰ ਅਚਾਨਕ ਹੀ ਮਿਲਿਆ ਸੀ। ਸਾਲ 2016 ਵਿੱਚ ਪਿੰਡ ਦੇ ਸਰਪੰਚ ਅਤੇ ਡਰਾਈਵਰ ਕੇਰਲ ਯੂਨੀਵਰਸਿਟੀ ਦੇ ਪੁਰਾਤੱਤਵ ਵਿਗਿਆਨੀਆਂ ਨੂੰ ਪਿੰਡ ਘੁੰਮਾ ਰਹੇ ਸੀ। ਉਨ੍ਹਾਂ ਨੇ ਹੀ ਇਹ ਥਾਂ ਉਨ੍ਹਾਂ ਨੂੰ ਦਿਖਾਈ।
ਇਹ ਥਾਂ ਮਹਿਜ਼ 400 ਦੀ ਅਬਾਦੀ ਵਾਲੇ ਖੇਤੀਆ ਪਿੰਡ ਤੋਂ ਮਹਿਜ਼ 300 ਮੀਟਰ (985 ਫੁੱਟ) ਹੀ ਦੂਰ ਸੀ। ਪਿੰਡ ਵਾਲੇ ਬਰਸਾਤ ’ਤੇ ਨਿਰਭਰ ਖੇਤਾਂ ਵਿੱਚ ਮੂੰਗਫ਼ਲੀ, ਕਪਾਹ ਅਤੇ ਅਰੰਡੀ ਦੀ ਖੇਤੀ ਕਰਦੇ ਹਨ। ਕੁਝ ਖੇਤ ਤਾਂ ਕਬਰਿਸਤਾਨ ਦੇ ਬਿਲਕੁਲ ਨਾਲ ਲਗਦੇ ਸਨ।
ਸਾਬਕਾ ਸਰਪੰਚ ਨਾਰਾਇਣ ਭਾਈ ਜਜਾਨੀ ਨੇ ਦੱਸਿਆ, “ਮੀਂਹ ਤੋਂ ਬਾਅਦ ਸਾਨੂੰ ਮਿੱਟੀ ਦੇ ਭਾਂਡੇ ਅਤੇ ਚੀਜ਼ਾਂ ਉੱਪਰ ਆਈਆਂ ਦਿਸਦੀਆਂ ਸਨ। ਕੁਝ ਲੋਕ ਕਹਿੰਦੇ ਸਨ ਕਿ ਇੱਥੇ ਭੂਤ ਰਹਿੰਦੇ ਹਨ ਪਰ ਸਾਨੂੰ ਕੀ ਪਤਾ ਸੀ ਅਸੀਂ ਇੰਨੇ ਵੱਡੇ ਕਬਰਿਸਤਾਨ ਦੇ ਗੁਆਂਢ ਵਿੱਚ ਰਹਿ ਰਹੇ ਹਾਂ।”
"ਹੁਣ ਹਰ ਸਾਲ ਸਾਡੇ ਪਿੰਡ ਪੂਰੀ ਦੁਨੀਆਂ ਤੋਂ ਸਾਇੰਸਦਾਨ ਆਉਂਦੇ ਹਨ ਅਤੇ ਇੱਥੇ ਦਫ਼ਨ ਲੋਕਾਂ ਬਾਰੇ ਹੋਰ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਨ।"
ਗੁਜਰਾਤ ਦੀਆਂ ਇਨ੍ਹਾਂ ਕਬਰਾਂ ਵਿੱਚ ਕਿਹੜੇ ਰਾਜ਼ ਦਫ਼ਨ ਹਨ? ਇਨ੍ਹਾਂ ਵਿੱਚ ਦਫ਼ਨਾਏ ਗਏ ਲੋਕ ਕੌਣ ਸਨ?
ਇੱਕੋ ਥਾਂ ’ਤੇ ਇੰਨੀ ਵੱਡੀ ਗਿਣਤੀ ਵਿੱਚ ਕਬਰਾਂ ਦਾ ਮਿਲਣਾ ਇਸ ਥਾਂ ਦੇ ਮਹੱਤਵ ਬਾਰੇ ਸਵਾਲ ਖੜ੍ਹੇ ਕਰਦਾ ਹੈ। ਕੀ ਇਹ ਆਲੇ-ਦੁਆਲੇ ਰਹਿੰਦੇ ਲੋਕਾਂ ਦੀ ਕੋਈ ਸੱਥ ਸੀ ਜਾਂ ਇਹ ਕਿਸੇ ਵੱਡੀ ਵਸੋਂ ਵੱਲ ਇਸ਼ਾਰਾ ਕਰਦਾ ਹੈ।
ਇਸ ਤੋਂ ਇਲਾਵਾ ਕੀ ਇਹ ਥਾਂ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਵਪਾਰੀਆਂ ਦਾ ਕਬਰਿਸਤਾਨ ਸੀ?
ਕਿਉਂਕਿ ਕਬਰਾਂ ਵਿੱਚ ਮਿਲੇ ਲਾਜਵਰਤ ਪੱਥਰ ਦਾ ਸਭ ਤੋਂ ਨਜ਼ਦੀਕੀ ਸਰੋਤ ਅਫ਼ਗਾਨਿਸਤਾਨ ਹੀ ਹੋਣ ਦੀ ਸੰਭਾਵਨਾ ਹੈ।
ਇੱਕ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਇਹ ਸਕੈਂਡਰੀ ਕਬਰਿਸਤਾਨ ਸੀ। ਜਿੱਥੇ ਮੁਰਦਿਆਂ ਦੇ ਬਚੇ-ਖੁਚੇ ਅਵਸ਼ੇਸ਼ (ਹੱਡੀਆਂ ਵਗੈਰਾ) ਬਾਅਦ ਵਿੱਚ ਵੱਖਰੀਆਂ ਦਫ਼ਨਾਈਆਂ ਜਾਂਦੀਆਂ ਸਨ।
ਕੇਰਲ ਯੂਨੀਵਰਸਿਟੀ ਦੇ ਪੁਰਾਤੱਤਵ ਵਿਗਿਆਨੀ ਅਭਿਆਨ ਜੀਐਸ ਨੇ ਕਿਹਾ, “ਸਾਨੂੰ ਅਜੇ ਤੱਕ ਨਹੀਂ ਪਤਾ। ਸਾਨੂੰ ਆਲੇ-ਦੁਆਲੇ ਕੋਈ ਵਸੋਂ ਨਹੀਂ ਮਿਲੀ। ਅਸੀਂ ਅਜੇ ਵੀ ਖੁਦਾਈ ਕਰ ਰਹੇ ਹਾਂ।”
ਸਿੰਧੂ ਘਾਟੀ ਨਾਲ ਜੁੜੀ ਧੋਲਾਵੀਰਾ ਥੇਹ
ਧੋਲਾਵੀਰਾ ਆਪਣੀ ਉੱਤਮ ਸ਼ਹਿਰੀ ਯੋਜਨਾਬੰਦੀ, ਸਮਾਰਕੀ ਇਮਾਰਤਾਂ ਅਤੇ ਸੁਹਜਮਈ ਭਵਨ ਕਲਾ, ਪਾਣੀ ਦਾ ਪ੍ਰਬੰਧ ਅਤੇ ਸੰਭਾਲ ਦੇ ਬੰਦੋਬਸਤਾਂ ਸਦਕਾ ਹੜੱਪਾ ਕਾਲ ਦੇ ਇੱਕ ਪ੍ਰਮੁੱਖ ਸ਼ਹਿਰ ਵਜੋਂ ਉੱਭਰਿਆ ਹੈ। ਧੋਲਾਵੀਰਾ ਥੇਹ ਦੀ ਦੇਖਰੇਖ ਹੁਣ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਧੋਲਾਵੀਰਾ ਦੀ ਥੇਹ ਨੂੰ ਇਹ ਨਾਮ ਇੱਥੋਂ ਇੱਕ ਕਿਲੋਮੀਟਰ ਦੂਰ ਵਸੇ ਇਸੇ ਨਾਮ ਦੇ ਪਿੰਡ ਤੋਂ ਮਿਲਿਆ ਹੈ। 2021 ਵਿੱਚ ਇਸ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਦੇ ਦਿੱਤਾ ਗਿਆ।
ਹੁਣ ਤੱਕ ਗੁਜਰਾਤ ਵਿੱਚ ਧੋਲਾਵੀਰਾ ਸਮੇਤ ਸਿੰਧੂ ਘਾਟੀ ਸੱਭਿਅਤਾ ਨਾਲ ਜੁੜੀਆਂ 800 ਥੇਹਾਂ ਦਾ ਪਤਾ ਲਾਇਆ ਜਾ ਚੁੱਕਿਆ ਹੈ।
ਪ੍ਰੋਫ਼ੈਸਰ ਕਿਨੌਇਰ ਨੂੰ ਵਿਸ਼ਵਾਸ ਹੈ ਕਿ “ਕਬਰਿਸਤਾਨ ਨਾਲ ਜੁੜੀ ਵਸੋਂ ਵੀ ਜ਼ਰੂਰ ਹੋਵੇਗੀ ਪਰ ਸ਼ਾਇਦ ਉਹ ਆਧੁਨਿਕ ਅਬਾਦੀਆਂ ਦੇ ਥੱਲੇ ਕਿਤੇ ਦਫ਼ਨ ਹੈ ਜਾਂ ਅਜੇ ਲੱਭੀਆਂ ਜਾਣੀਆਂ ਬਾਕੀ ਹਨ।”
ਜਿਸ ਹਿਸਾਬ ਨਾਲ ਪੱਥਰ ਨਾਲ ਕਬਰਾਂ ਦੀਆਂ ਕੰਧਾਂ ਬਣਾਈਆਂ ਗਈਆਂ ਹਨ, ਉਸ ਤੋਂ ਪਤਾ ਚਲਦਾ ਹੈ ਕਿ ਇਹ ਲੋਕ ਪੱਥਰ ਦੀਆਂ ਕੰਧਾਂ ਬਣਾਉਣੀਆਂ ਜਾਣਦੇ ਸਨ ਅਤੇ ਅਜਿਹੀਆਂ ਪੱਥਰ ਦੀਆਂ ਇਮਾਰਤਾਂ ਅਤੇ ਕੰਧਾਂ ਵਾਲੇ ਘਰ ਕਬਰਿਸਤਾਨ ਦੇ 19-30 ਕਿੱਲੋਮੀਟਰ ਘੇਰੇ ਵਿੱਚ ਮਿਲਣੇ ਚਾਹੀਦੇ ਹਨ।
ਇੱਥੇ ਮਿਲੇ ਮਨੁੱਖੀ ਅਵਸ਼ੇਸ਼ਾਂ ਦੇ ਡੀਐੱਨਏ ਅਤੇ ਰਸਾਇਣਕ ਅਧਿਐਨ ਸਾਨੂੰ ਕੁਝ ਸਭ ਤੋਂ ਪ੍ਰਾਚੀਨ ਭਾਰਤ ਵਾਸੀਆਂ ਦੇ ਜੀਵਨ ਬਾਰੇ ਰੌਸ਼ਨੀ ਪਾਉਣਗੇ। ਜੋ ਇੱਥੇ ਜੀਵੇ ਅਤੇ ਮਰੇ।
ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਰਹੱਸ ਅਜੇ ਬਰਕਰਾਰ ਹਨ। ਮਿਸਾਲ ਵਜੋਂ ਉਨ੍ਹਾਂ ਦੀ ਲਿੱਪੀ ਅਜੇ ਤੱਕ ਪੜ੍ਹੀ ਨਹੀਂ ਜਾ ਸਕੀ ਹੈ।
ਇਨ੍ਹਾਂ ਸਰਦੀਆਂ ਵਿੱਚ ਸਾਇੰਸਦਾਨਾਂ ਦੀ ਯੋਜਨਾ ਕਬਰਿਸਤਾਨ ਦੇ ਉੱਤਰ ਵੱਲ ਕਾਠੀਆ ਦੇ ਨੇੜੇ ਇੱਕ ਥਾਂ ਦੀ ਖੁਦਾਈ ਕਰਨ ਦੀ ਹੈ। ਉਮੀਦ ਹੈ ਕਿ ਉਥੇ ਸੰਭਾਵਿਤ ਬਸਤੀ ਮਿਲ ਜਾਵੇਗੀ।
ਜੇ ਉਨ੍ਹਾਂ ਨੂੰ ਕੋਈ ਬਸਤੀ ਮਿਲ ਜਾਂਦੀ ਹੈ ਤਾਂ ਬੁਝਾਰਤ ਦਾ ਕੁਝ ਹਿੱਸਾ ਸੁਲਝ ਜਾਵੇਗਾ। ਜੇ ਕੁਝ ਨਾ ਮਿਲਿਆ ਤਾਂ ਖੁਦਾਈ ਜਾਰੀ ਰਹੇਗੀ।
ਰਾਜੇਸ਼ ਕਹਿੰਦੇ ਹਨ, “ਉਮੀਦ ਹੈ ਦੇਰ-ਸਵੇਰ ਕਿਸੇ ਕੋਲ ਉੱਤਰ ਹੋਣਗੇ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕ੍ਰਿਕਟ ਵਿਸ਼ਵ ਕੱਪ 2023: ਸਿੱਧੂ ਮੂਸੇਵਾਲਾ ਦੇ ਫੈਨ ਇਸ਼ ਸੋਢੀ ਸਣੇ 5 ਭਾਰਤੀ ਮੂਲ ਦੇ ਖਿਡਾਰੀ ਜੋ ਵੱਖ-ਵੱਖ...
NEXT STORY