ਰੂਪਨਗਰ ''ਚ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ।
ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਨਿਯੁਕਤ ਹੋਣ ਦੇ ਬਾਵਜੂਦ ਸਟੇਸ਼ਨ ਅਲਾਟ ਨਾ ਕੀਤੇ ਜਾਣ ''ਤੇ ਨਾਰਾਜ਼ ਸੀ।
ਉਹ ਰੂਪਨਗਰ ਦੇ ਪਿੰਡ ਬਸੀ ਦੇ ਰਹਿਣ ਵਾਲੇ ਸਨ ਅਤੇ ਰਾਜਨੀਤੀ ਸ਼ਾਸਤਰ ਪੜ੍ਹਾਉਂਦੇ ਸਨ।
ਬਲਵਿੰਦਰ ਆਪਣੇ ਸਾਥੀਆਂ ਸਮੇਤ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਧਰਨੇ ’ਤੇ ਬੈਠੀ ਹੋਈ ਸੀ।
ਇਸੇ ਦੌਰਾਨ ਉਸ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ।
ਬਲਵਿੰਦਰ ਕੌਰ ਨੇ ਮਰਨ ਤੋਂ ਪਹਿਲਾਂ ਇੱਕ ਕਥਿਤ ਸੁਸਾਈਡ ਨੋਟ ਵੀ ਲਿਖਿਆ ਦੱਸਿਆ ਜਾ ਰਿਹਾ ਹੈ, ਜੋ ਵਾਇਰਲ ਹੋ ਰਿਹਾ ਹੈ।
ਦੂਜੇ ਪਾਸੇ ਪੁਲਿਸ ਨੇ ਸਹਾਇਕ ਪ੍ਰੋਫੈਸਰ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਰੂਪਨਗਰ ਦੇ ਐੱਸਐਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਹੋਵੇਗੀ।
ਸੁਸਾਈਡ ਨੋਟ ''ਤੇ ਲਿਖਿਆ ਸੀ ?
ਸਹਾਇਕ ਪ੍ਰੋਫੈਸਰ ਦੇ ਕਥਿਤ ਸੁਸਾਈਡ ਨੋਟ ''ਚ ਲਿਖਿਆ ਸਹੈ ਕਿ ਉਹ ਬੇਹੱਦ ਮਾਨਸਿਕ ਤਣਾਅ ''ਚੋਂ ਲੰਘ ਰਹੀ ਹੈ। “ਇਸ ਦਾ ਕਾਰਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਨ। ਕਿਉਂਕਿ ਉਹ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਪਰੇਸ਼ਾਨ ਹੈ।”
ਇਸ ਵਿੱਚ ਅੱਗੇ ਲਿਖਿਆ ਹੈ ਕਿ ਉਸ ਦੇ ਦੋ ਵਾਰ ਡਿਲੀਵਰੀ ਕੇਸ ਵੀ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਖਰਾਬ ਹੋ ਗਏ।
ਉਨ੍ਹਾਂ ਕਿਹਾ ਕਿ “ਦੋਵਾਂ ਬੱਚਿਆਂ ਦੀ ਮੌਤ ਦਾ ਕਾਰਨ ਸਿੱਖਿਆ ਮੰਤਰੀ ਹਰਜੋਤ ਬੈਂਸ ਹਨ। ਕਿਉਂਕਿ ਉਨ੍ਹਾਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣ ਦੇ ਬਾਵਜੂਦ ਸਟੇਸ਼ਨ ਅਲਾਟ ਨਹੀਂ ਕੀਤੇ ਗਏ।”
ਉਨ੍ਹਾਂ ਕਿਹਾ ਕਿ “ਮੇਰੀ ਮੌਤ ਲਈ ਜ਼ਿੰਮੇਵਾਰ ਹਰਜੋਤ ਸਿੰਘ ਬੈਂਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।”
ਹਾਲਾਂਕਿ, ਇਸ ਮਾਮਲੇ ਵਿੱਚ ਸਿੱਖਿਆ ਮੰਤਰੀ ਦਾ ਪੱਖ ਅਜੇ ਤੱਕ ਨਹੀਂ ਆਇਆ ਹੈ। ਪਰ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਇਸ ਨੂੰ ਕਥਿਤ ਖੁਦਕਸ਼ੀ ਨੋਟ ਦੇ ਅਧਾਰ ਉੱਤੇ ਸਿਰਜਿਆ ਗਿਆ ਸਿਆਸੀ ਬਿਰਤਾਂਤ ਦੱਸਿਆ ਹੈ।
ਮ੍ਰਿਤਕ ਮਹਿਲਾ ਦੇ ਪਰਿਵਾਰ ਦਾ ਕੀ ਕਹਿਣਾ ਹੈ?
ਪੁਲਿਸ ਨੇ ਬਲਵਿੰਦਰ ਕੌਰ ਦੇ ਭਰਾ ਹਰਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਤੀ ਸੁਪ੍ਰੀਤ ਸਿੰਘ ਅਤੇ ਸਹੁਰੇ ਭਾਗ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਰਦੇਵ ਨੇ ਦੱਸਿਆ ਕਿ ਬਲਵਿੰਦਰ ਕੌਰ ਦਾ ਵਿਆਹ 1 ਅਕਤੂਬਰ 2016 ਨੂੰ ਸੁਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਬਲਵਿੰਦਰ ਕੌਰ ਦੀ ਇੱਕ ਬੇਟੀ ਨਵਰੀਤ ਕੌਰ (5) ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਪਹਿਲੀ ਲੜਕੀ ਨੇ ਜਨਮ ਲਿਆ ਤਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਉਸ ਪ੍ਰਤੀ ਰਵੱਈਆ ਚੰਗਾ ਨਹੀਂ ਸੀ ਅਤੇ ਉਹ ਉਸ ਨੂੰ ਹਰ ਛੋਟੀ-ਛੋਟੀ ਗੱਲ ’ਤੇ ਤੰਗ ਪ੍ਰੇਸ਼ਾਨ ਕਰਦਾ ਸੀ।
ਉਸ ਨੇ ਦੱਸਿਆ ਕਿ ਕਰੀਬ ਪੰਜ ਮਹੀਨੇ ਪਹਿਲਾਂ ਬਲਵਿੰਦਰ ਕੌਰ ਨੇ ਦੱਸਿਆ ਸੀ ਕਿ ਉਹ ਦੁਬਾਰਾ ਮਾਂ ਬਣਨ ਜਾ ਰਹੀ ਹੈ ਅਤੇ ਉਸ ਦਾ ਪਤੀ ਵਾਰ-ਵਾਰ ਕਹਿ ਰਿਹਾ ਸੀ ਕਿ ਜੇਕਰ ਲੜਕਾ ਨਹੀਂ ਹੋਇਆ ਤਾਂ ਉਸ ਨੂੰ ਬੱਚਾ ਨਹੀਂ ਚਾਹੀਦਾ।
“ਇਸ ਸਬੰਧੀ ਦੋ ਮਹੀਨੇ ਪਹਿਲਾਂ ਬਲਵਿੰਦਰ ਕੌਰ ਦੇ ਪਤੀ ਨੇ ਵੀ ਕੋਈ ਇਲਾਜ ਨਹੀਂ ਕਰਵਾਇਆ ਜਿਸ ਤੋਂ ਬਾਅਦ ਭੈਣ ਮਾਨਸਿਕ ਤੌਰ ''ਤੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ। ਭੈਣ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਸ ਨੇ ਇੱਕ ਮ੍ਰਿਤਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪਤੀ ਉਸ ਨੂੰ ਮਾਨਸਿਕ ਤੌਰ ''ਤੇ ਪ੍ਰੇਸ਼ਾਨ ਕਰਦਾ ਰਿਹਾ।”
ਬਲਵਿੰਦਰ ਕੌਰ ਦੇ ਪਤੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਕਥਿਤ ਖੁਦਕੁਸ਼ੀ ਨੋਟ ਆਮ ਆਦਮੀ ਖਿਲਾਫ਼ ਹੈ, ਇਸ ਲਈ ਉਹਨਾਂ ''ਤੇ ਕਾਰਵਾਈ ਹੋ ਰਹੀ ਹੈ।
ਉਨ੍ਹਾਂ ਕਿਹਾ, ''''ਸਾਡੇ ਨਾਲ ਧੱਕਾ ਹੋ ਰਿਹਾ ਹੈ। ਜੇਕਰ ਛੱਕ ਲੱਗਦਾ ਹੈ ਕਿ ਮੁੰਡੇ ਦੀ ਗਲਤੀ ਹੈ ਤਾਂ ਉਸ ਨੂੰ ਅੰਦਰ ਰੱਖੋ ਪਰ ਉਸ ਦੇ ਪਿਤਾ ਨੂੰ ਕਿਉਂ ਅੰਦਰ ਰੱਖਿਆ ਹੈ? ''''
ਪਤੀ ਅਤੇ ਸਹੁਰਾ ਗ੍ਰਿਫ਼ਤਾਰ
ਡਿਪਟੀ ਸੁਪਰਡੈਂਟ ਆਫ਼ ਪੁਲਿਸ ਤਰਲੋਚਨ ਸਿੰਘ ਨੇ ਕਿਹਾ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਹੈ ਕਿ ਕਿ ਤਫਤੀਸ ਜਾਰੀ ਹੈ ਅਤੇ ਕਥਿਤ ਖੁਦਕੁਸ਼ੀ ਕਰਨ ਵਾਲੀ ਮਹਿਲਾ ਦੀ ਲਾਸ਼ ਲੱਭੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਹੀ ਤਫਤੀਸ਼ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਡੀਐਸਪੀ ਨੇ ਦੱਸਿਆ ਕਿ ਜੋ ਖੁਦਕੁਸ਼ੀ ਨੋਟ ਮਿਲਿਆ ਹੈ ਉਸਨੂੰ ਚੈੱਕ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ, “ਖੁਦਕਸ਼ੀ ਕਰਨ ਵਾਲੀ ਅਸਿਸਟੈਂਟ ਪ੍ਰੋਫੈਸਰ ਦਾ ਮੋਬਾਈਲ ਵੀ ਮਿਲਿਆ ਹੈ। ਇਸ ਉਪਰ ਉਸ ਦੇ ਪਤੀ ਦੇ ਵੱਲੋਂ ਇੱਕ ਮੈਸੇਜ ਡਿਲੀਟ ਕੀਤਾ ਗਿਆ ਹੈ। ਅਸੀਂ ਇਹ ਸਾਈਬਰ ਸੈਲ ਭੇਜ ਰਹੇ ਹਾਂ ਤਾਂ ਜੋ ਮੈਸਿਜ ਰਿਕਵਰ ਕੀਤਾ ਜਾਵੇ। ਜੋ ਤੱਥ ਹੋਣਗੇ ਉਸ ਮੁਤਾਬਿਕ ਤਫਤੀਸ਼ ਕੰਪਲੀਟ ਕਰਕੇ ਕਰਵਾਈ ਕੀਤੀ ਜਾਵੇਗੀ।”
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਪਤੀ ਅਤੇ ਸੋਹਰੇ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕੇਸ ਮਹਿਲਾ ਦੇ ਭਰਾ ਹਰਦੀਪ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।
ਹਰਜੋਤ ਬੈਂਸ ਵਿਰੋਧੀਆਂ ਦਾ ਨਿਸ਼ਾਨੇ ''ਤੇ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਡਾਕਟਰ ਦਲਜੀਤ ਸਿੰਘ ਚੀਮਾ ਮ੍ਰਿਤਕ ਬਲਵਿੰਦਰ ਕੋਰ ਦੇ ਸਹੁਰੇ ਘਰ ਵਿੱਚ ਪੁੱਜੇ।
ਇਸ ਮੌਕੇ ਚੀਮਾ ਨੇ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਵਜ਼ਾਰਤ ਤੋਂ ਬਾਹਰ ਕਰ ਕਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਖੁਦ ਗ੍ਰਹਿ ਵਿਭਾਗ ਦੀ ਦੇਖ-ਰੇਖ ਕਰਦੇ ਹਨ, ਉਹ
ਤੁਰੰਤ ਪੁਲਿਸ ਨੂੰ ਨਿਰਦੇਸ਼ ਦੇਣ ਕਿ ਬੈਂਸ ਦੇ ਰੂਪੋਸ਼ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਜਾਵੇ ਅਤੇ ਨਿਰਪੱਖ ਜਾਂਚ ਹੋਵੇ।
ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਕੇ ਲਿਖਿਆ ਹੈ, “ਪੀੜਿਤ ਮਹਿਲਾਂ ਨੇ ਆਪਣੇ ਸਹੁਰੇ ਪਰਿਵਾਰ ਦੁਆਰਾ ਤੰਗ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕੈਨੇਡਾ: ਟਰੂਡੋ ਖ਼ਿਲਾਫ਼ ਕਿਉਂ ਹੋਈ ਨਾਅਰੇਬਾਜ਼ੀ ਤੇ ਪੁੱਛਿਆ ਗਿਆ, ''ਹੋਰ ਕਿੰਨੀਆਂ ਲਾਸ਼ਾਂ ਚਾਹੀਦੀਆਂ''
NEXT STORY