ਅਸੀਂ ਅਕਸਰ ਹੀ ਕਈ ਅਜਿਹੇ ਕਿੱਸੇ ਜਾਂ ਗੱਲਾਂ ਸੁਣੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਕਿਸੇ ਅਣਜਾਣ, ਰਹੱਸਮਈ ਚੀਜ਼ ਦਾ ਜ਼ਿਕਰ ਹੁੰਦਾ ਹੈ।
ਹਰ ਥਾਂ ''ਤੇ ਅਜਿਹੀਆਂ ਕਈ ਕਹਾਣੀਆਂ ਪ੍ਰਚਲਿਤ ਹੁੰਦੀਆਂ ਹਨ, ਜਿਵੇਂ ਕਿਸੇ ਸਫੇਦ ਕੱਪੜਿਆਂ ਵਾਲੀ ਬੁੱਢੀ ਦੇ ਦੇਖੇ ਜਾਣ ਜਾਂ ਕਿਸੇ ਆਵਾਜ਼ ਜਾਂ ਕਿਸੇ ਅਣਜਾਣ ਜਾਨਵਰ ਆਦਿ ਨੂੰ ਦੇਖੇ ਜਾਣ ਦੀਆਂ ਗੱਲਾਂ।
ਇਨ੍ਹਾਂ ਕਿੱਸੇ-ਕਹਾਣੀਆਂ ਦੀ ਇੱਕ ਹੋਰ ਖਾਸੀਅਤ ਇਹ ਹੁੰਦੀ ਹੈ ਕਿ ਇਨ੍ਹਾਂ ਵਿੱਚ ਜਿਨ੍ਹਾਂ ਵੀ ਚੀਜ਼ਾਂ ਜਾਂ ਘਟਨਾਵਾਂ ਦਾ ਜ਼ਿਕਰ ਹੁੰਦਾ ਹੈ, ਅਕਸਰ ਹੀ ਉਨ੍ਹਾਂ ਦੇ ਸਰੋਤ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਜਾਂ ਜਾਣਕਾਰੀ ਹੋਣ ''ਤੇ ਵੀ ਲੋਕ ਅਸਲੀਅਤ ਨੂੰ ਕਬੂਲ ਨਹੀਂ ਕਰਨਾ ਚਾਹੁੰਦੇ। ਇੱਥੇ ਹੁੰਦੀਆਂ ਨੇ ਤਾਂ ਬੱਸ ਉਨ੍ਹਾਂ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ।
ਅਜਿਹਾ ਹੀ ਕੁਝ ਅਮਰੀਕਾ ਦੇ ਮਿਸ਼ੀਗਨ ਵਿੱਚ ਵੀ ਦੇਖਣ-ਸੁਣਨ ਨੂੰ ਮਿਲਦਾ ਹੈ, ਜੋ ਨਾ ਸਿਰਫ਼ ਸਥਾਨਕ ਲੋਕਾਂ ਲਈ ਸਗੋਂ ਯਾਤਰੀਆਂ ਲਈ ਵੀ ਖਿੱਚ ਦਾ ਕੇਂਦਰ ਹੈ।
ਦਰਅਸਲ ਇੱਥੇ ਇੱਕ ਅਜੀਬ ਅਤੇ ਰੱਹਸਮਈ ਰੌਸ਼ਨੀ ਦਿਖਾਈ ਦਿੰਦੀ ਹੈ, ਜਿਸ ਨੂੰ ''ਪੌਲਡਿੰਗ ਲਾਈਟ'' ਕਿਹਾ ਜਾਂਦਾ ਹੈ।
ਇਹ ਰੌਸ਼ਨੀ ਇੱਕ ਖਾਸ ਥਾਂ ਤੋਂ ਰਾਤ ਵੇਲੇ ਹੀ ਦਿਖਾਈ ਦਿੰਦੀ ਹੈ ਅਤੇ ਲੋਕ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ।
ਅਚਾਨਕ ਪੈਦਾ ਹੁੰਦੀ ਹੈ ਇਹ ਰੌਸ਼ਨੀ
ਅਜਿਹਾ ਕਿਸੇ ਵੀ ਰਾਤ ਨੂੰ ਹੋ ਸਕਦਾ ਹੈ, ਫਿਰ ਭਾਵੇਂ ਗਰਮੀ ਹੋਵੇ, ਧੁੰਦ ਹੋਵੇ ਜਾਂ ਸਰਦੀਆਂ ''ਚ ਬਰਫ਼ ਪੈ ਰਹੀ ਹੋਵੇ।
ਸਥਾਨਕ ਲੋਕਾਂ ਅਤੇ ਉਤਸੁਕ ਯਾਤਰੀਆਂ ਦੀ ਭੀੜ ਮਿਸ਼ੀਗਨ ਦੇ ਰੌਬਿਨਜ਼ ਰੋਡ ''ਤੇ ਯੂਐਸ ਹਾਈਵੇਅ 45 ਦੇ ਨੇੜੇ ਖੁੱਲ੍ਹੇ ਮੈਦਾਨ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ ਇਕੱਠੀ ਹੁੰਦੀ ਹੈ।
ਜਿਵੇਂ ਹੀ ਸੂਰਜ ਡੁੱਬਦਾ ਹੈ ਅਤੇ ਰਾਤ ਦਾ ਕਾਲਾ ਹਨ੍ਹੇਰਾ ਫੈਲਣ ਲੱਗਦਾ ਹੈ... ਲਗਭਗ ਪੰਜ ਮੀਲ ਦੂਰ ਇੱਕ ਪਹਾੜੀ ''ਤੇ ਛੋਟੇ, ਚਮਕਦੇ, ਚਿੱਟੇ, ਪੀਲੇ ਅਤੇ ਲਾਲ ਰੌਸ਼ਨੀ ਵਾਲੇ ਗੋਲੇ (ਮੌਸਮ ਅਤੇ ਵਾਯੂਮੰਡਲ ਦੀਆਂ ਸਥਿਤੀਆਂ ''ਤੇ ਨਿਰਭਰ ਕਰਦੇ ਹੋਏ) ਦਿਖਾਈ ਦਿੰਦੇ ਹਨ।
ਉਹ ਖੁੱਲ੍ਹੀ ਹਵਾ ਵਿੱਚ ਘੁੰਮਦੇ ਹਨ, ਉਹ ਕਦੇ ਵਧਦੇ ਹਨ ਅਤੇ ਕਦੇ ਸੁੰਗੜਦੇ ਹਨ। ਉਹ ਬਸ ਅਚਾਨਕ ਦਿਖਾਈ ਦਿੰਦੇ ਹਨ ਅਤੇ ਫਿਰ ਅਚਾਨਕ ਗਾਇਬ ਹੋ ਜਾਂਦੇ ਹਨ।
ਜੇਕਰ ਇਨ੍ਹਾਂ ਤੱਕ ਪਹੁੰਚਣ ਦੀ ਜਾਂ ਇਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਲੋਪ ਹੋ ਜਾਂਦੇ ਹਨ।
ਇਸ ਨੂੰ ਫੜ੍ਹਨਾ ਤਾਂ ਅਸੰਭਵ ਹੀ ਜਾਪਦਾ ਹੈ। ਇਹ ਰੌਸ਼ਨੀ ਸੂਰਜ ਚੜ੍ਹਨ ਤੱਕ ਕਈ ਵਾਰ ਦਿਖਾਈ ਦੇ ਸਕਦੀ ਹੈ।
ਇਹ ਰੌਸ਼ਨੀ ਇੱਕ ਰੇਲਵੇ ਬ੍ਰੇਕਮੈਨ ਦਾ ਭੂਤ?
ਪੇਸ਼ੇਵਰ ਫੋਟੋਗ੍ਰਾਫੀ ਦੇ ਸਾਜ਼ੋ-ਸਮਾਨ ਨਾਲ ਲੈਸ ਸੈਲਾਨੀ ਇਸ ਰੌਸ਼ਨੀ ਦੀਆਂ ਕੁਝ ਧੁੰਦਲੀਆਂ ਤਸਵੀਰਾਂ ਖਿੱਚਣ ''ਚ ਕਾਮਯਾਬ ਰਹੇ ਹਨ, ਪਰ ਸਾਲਾਂ ਤੋਂ ਅਜਿਹੀਆਂ ਫੋਟੋਆਂ ਵੀ ਰੌਸ਼ਨੀ ਬਾਰੇ ਕੋਈ ਤੱਥ ਉਜਾਗਰ ਕਰਨ ''ਚ ਅਸਫ਼ਲ ਹੀ ਰਹੀਆਂ ਹਨ।
ਸਥਾਨਕ ਲੋਕਧਾਰਾ ਵਿੱਚ ਇਸ ਰੋਸ਼ਨੀ ਨੂੰ ਲੈ ਕੇ ਵੱਖੋ-ਵੱਖਰੀਆਂ ਕਹਾਣੀਆਂ ਪ੍ਰਚਲਿਤ ਹਨ।
ਸਭ ਤੋਂ ਪ੍ਰਸਿੱਧ ਕਹਾਣੀ ਮੁਤਾਬਕ, ਇਹ ਰੇਲ ਹਾਦਸੇ ਵਿੱਚ ਮਾਰੇ ਗਏ ਇੱਕ ਰੇਲਵੇ ਬ੍ਰੇਕਮੈਨ ਦਾ ਭੂਤ ਹੈ, ਜੋ ਰਾਤ ਨੂੰ ਆਪਣੀ ਲਾਲਟੈਨ ਫੜ੍ਹ ਕੇ ਆਉਂਦਾ ਹੈ ਅਤੇ ਭਵਿੱਖ ਦੇ ਪੀੜਤਾਂ ਨੂੰ ਚੇਤਾਵਨੀ ਦੇਣ ਲਈ ਦਿਖਾਈ ਦਿੰਦਾ ਹੈ।
ਬਦਕਿਸਮਤੀ ਨਾਲ, ਇਸ ਖੇਤਰ ਵਿੱਚ ਰੇਲ ਮਾਰਗ ਦਾ ਕੋਈ ਰਿਕਾਰਡ ਜਾਂ ਸਬੂਤ ਹੀ ਨਹੀਂ ਹੈ।
ਹਾਲਾਂਕਿ ਇਸ ''ਪੌਲਡਿੰਗ ਲਾਈਟ'' ਨਾਲ ਜੁੜੀਆਂ ਹੋਰ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਪਰ ਸੈਲਾਨੀਆਂ ਦਾ ਇਹ ਵਿਸ਼ਵਾਸ ਜ਼ਰੂਰ ਪੱਕਾ ਹੈ ਕਿ ਉਹ ਜੋ ਵੀ ਦੇਖਦੇ ਹਨ, ਉਹ ਉਨ੍ਹਾਂ ਦੀ ਆਮ ਦੁਨੀਆਂ ਤੋਂ ਪਰ੍ਹੇ ਦਾ ਹੈ।
ਰੌਸ਼ਨੀ ਕਾਰਨ ਮਸ਼ਹੂਰ
ਕਹਾਣੀ ਜੋ ਵੀ ਹੋਵੇ, ਰੌਸ਼ਨੀ ਨੇ ਪੌਲਡਿੰਗ ਦੇ ਛੋਟੇ ਜਿਹੇ ਕਸਬੇ ਨੂੰ ਮਸ਼ਹੂਰ ਬਣਾ ਦਿੱਤਾ ਹੈ। ਸਥਾਨਕ ਲੋਕ ਅਤੇ ਯਾਤਰੀ ਇਹ ਦੇਖਣ ਲਈ ਆਉਂਦੇ ਰਹਿੰਦੇ ਹਨ ਕਿ ਦੁਨੀਆਂ ਦਾ ਸਭ ਤੋਂ ਅਨੁਸ਼ਾਸਨ ਵਾਲਾ ਭੂਤ ਕਿਹੋ-ਜਿਹਾ ਹੋ ਸਕਦਾ ਹੈ।
ਇਸ ਥਾਂ ਦੇ ਨੇੜਲੀ ਸਪਲਾਈ ਦੀ ਦੁਕਾਨ ਸਿਲਵੇਨੀਆ ਆਊਟ ਫਿਟਰਜ਼ ਦੀ ਇੱਕ ਕਰਮਚਾਰੀ ਸਾਰਾ ਬੇਕਰ ਨੇ ਕਿਹਾ ''''ਮੈਂ ਪੌਲਡਿੰਗ ਲਾਈਟ ਕਈ ਵਾਰ ਦੇਖੀ ਹੈ, ਮੈਨੂੰ ਨਹੀਂ ਲੱਗਿਆ ਕਿ ਇਹ ਅਲੌਕਿਕ ਹੈ, ਪਰ ਇਸ ਨੂੰ ਦੇਖਣਾ ਬਹੁਤ ਰੋਮਾਂਚਕ ਹੈ।''''
''''ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਯਕੀਨੀ ਤੌਰ ''ਤੇ ਕਾਰ ਦੀਆਂ ਹੈੱਡਲਾਈਟਾਂ ਦੇਖੀਆਂ ਹਨ, ਪਰ ਦੂਸਰੇ ਇਸ ਗੱਲ ''ਤੇ ਪੱਕੇ ਹਨ ਕਿ ਉਨ੍ਹਾਂ ਨੇ ਕੁਝ ਹੋਰ ਦੇਖਿਆ ਹੈ, ਜਿਸ ਨੂੰ ਬਿਆਨ ਨਹੀਂ ਕੀਤੀ ਜਾ ਸਕਦਾ।"
:-
ਵਿਗਿਆਨੀਆਂ ਨੇ ਕੀ ਦੱਸਿਆ
ਆਖ਼ਰਕਾਰ, ਵਿਗਿਆਨੀ ਇਸ ਦੀ ਵਿਆਖਿਆ ਕਰਨ ਲਈ ਆਏ। 2010 ਵਿੱਚ, ਮਿਸ਼ੀਗਨ ਟੈੱਕ ਯੂਨੀਵਰਸਿਟੀ (ਐਮਟੀਯੂ) ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਪੀਐਚਡੀ ਦੇ ਉਮੀਦਵਾਰ ਜੇਰੇਮੀ ਬੋਸ ਨੇ ਇੱਕ ਵਿਦਿਆਰਥੀ ਮੁਹਿੰਮ ਦੀ ਅਗਵਾਈ ਕੀਤੀ।
ਉਹ ਕੈਮਰਿਆਂ ਤੋਂ ਲੈ ਕੇ ਲਾਈਟ ਮੀਟਰਾਂ, ਉੱਚ-ਪਾਵਰ ਟੈਲੀਸਕੋਪਾਂ ਤੱਕ ਹਰ ਚੀਜ਼ ਨਾਲ ਲੈਸ ਸਨ ਅਤੇ ਉਨ੍ਹਾਂ ਦਾ ਇੱਕੋ-ਇੱਕ ਮਿਸ਼ਨ ''ਪੌਲਡਿੰਗ ਲਾਈਟ'' ਨਾਲ ਜੁੜੇ ਸਬੂਤ ਸਾਹਮਣੇ ਲੈ ਕੇ ਆਉਣਾ ਸੀ।
ਉਹ ਅਜਿਹਾ ਸਬੂਤ ਲੈ ਕੇ ਆਏ, ਜਿਸ ਬਾਰੇ ਬਹੁਤ ਸਾਰੇ ਸੈਲਾਨੀ ਪਹਿਲਾਂ ਤੋਂ ਹੀ ਸੋਚ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਰਾਂ ਦੀਆਂ ਦੂਰ ਤੱਕ ਰੌਸ਼ਨੀ ਛੱਡਣ ਵਾਲੀਆਂ ਹੈੱਡਲਾਈਟਾਂ ਹਨ, ਜੋ ਵਾਯੂਮੰਡਲ ਦੇ ਪ੍ਰਭਾਵਾਂ ਦੇ ਨਾਲ ਇੱਕ ਚਮਕਦਾਰ ਮਿਰਾਜ ਬਣਾਉਂਦੀਆਂ ਹਨ।
ਬੌਸ ਨੇ ਆਪਣੀ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਹੁਣ ਮਿਸ਼ੀਗਨ ਟੈੱਕ ਦੇ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜਨੀਅਰਿੰਗ ਵਿਭਾਗ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ।
ਰਹੱਸ ਤੋਂ ਪਰਦਾ ਉੱਠਿਆ ਪਰ ਲੋਕ ਮੰਨਣ ਨੂੰ ਰਾਜ਼ੀ ਨਹੀਂ
ਹਾਲਾਂਕਿ ਉਹ ਅਤੇ ਉਨ੍ਹਾਂ ਦੀ ਟੀਮ ਲੋਕਾਂ ਨੂੰ ਇਸ ਰੌਸ਼ਨੀ ਪਿਛਲੇ ਕਾਰਨ ਸਪੱਸ਼ਟ ਰੂਪ ''ਚ ਦੱਸਣ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਇਸ ਰੌਸ਼ਨੀ ਨੂੰ ਲੈ ਕੇ ਕਈ ਦੰਦ-ਕਥਾਵਾਂ ਅਜੇ ਵੀ ਪ੍ਰਚਲਿਤ ਹਨ।
ਬੋਸ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਨੇ ਰੌਸ਼ਨੀ ਦੇਖੀ ਹੈ, ਮੈਂ ਉਨ੍ਹਾਂ ਲੋਕਾਂ ਨੂੰ ਪੁੱਛਦਾ ਹਾਂ ਕਿ ਉਨ੍ਹਾਂ ਨੇ ਕੀ ਦੇਖਿਆ ਅਤੇ ਉਹ ਕੀ ਸੋਚਦੇ ਹਨ ਕਿ ਉਨ੍ਹਾਂ ਨੇ ਕੀ ਦੇਖਿਆ।''''
"ਜੇਕਰ ਉਹ ਮੈਨੂੰ ਸਮਝਾਉਣ ਲਈ ਕਹਿੰਦੇ ਹਨ, ਤਾਂ ਮੈਂ ਸਮਝਾਉਂਦਾ ਹਾਂ। ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਉਹ ਪੀਲੀਆਂ ਜਾਂ ਲਾਲ ਲਾਈਟਾਂ ਦੇਖਦੇ ਹਨ, ਜੋ ਹਿਲਦੀਆਂ ਦਿਖਾਈ ਦਿੰਦੀਆਂ ਹਨ।''''
''''ਜੇ ਕੋਈ ਗਤੀ ਹੁੰਦੀ ਹੈ, ਤਾਂ ਜ਼ਿਆਦਾਤਰ ਉਹ ਜੋ ਦੇਖ ਰਹੇ ਹਨ ਉਹ ਇੱਕ ਆਟੋ-ਕਾਇਨੇਟਿਕ ਪ੍ਰਭਾਵ ਦੇ ਕਾਰਨ ਹੈ। ਮੈਂ ਗਰਮੀਆਂ ਵਿੱਚ ਮਿਰਾਜਾਂ ਅਤੇ ਗਰਮ ਸੜਕਾਂ ਬਾਰੇ ਦੱਸਣ ਲਈ ਸਮਾਨ ਵਿਆਖਿਆਵਾਂ ਦੀ ਵਰਤੋਂ ਕਰਦਾ ਹਾਂ।''''
ਮਾਈਕਲ ਸੀ ਰੋਗਮੈਨ, ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਮਿਸ਼ੀਗਨ ਟੈੱਕ ਐਮਰਾਇਟਸ ਪ੍ਰੋਫੈਸਰ ਹਨ, ਉਹ ਇਸ ਵਿਦਿਆਰਥੀ ਮੁਹਿੰਮ ਦੇ ਅਸਲ ਫੈਕਲਟੀ ਸਲਾਹਕਾਰ ਸਨ।
ਉਹ ਸੁਝਾਅ ਦਿੰਦੇ ਹਨ ਕਿ ਜੇਕਰ ਲੋਕ ਸਮਝਣ ਦੀ ਕੋਸ਼ਿਸ਼ ਕਰਨ ਤਾਂ ਪ੍ਰਕਾਸ਼ ਦੀਆਂ ਵਿਗਿਆਨਕ ਵਿਆਖਿਆਵਾਂ ਵੀ ਅਲੌਕਿਕ ਦਾਅਵਿਆਂ ਵਾਂਗ ਦਿਲਚਸਪ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ, "ਇੱਕ ''ਨਿਯਮਿਤ'' ਮਿਰਾਜ ਅਸਲ ਵਿੱਚ ਸਿਰਫ ਇੱਕ ਰੌਸ਼ਨੀ ਹੁੰਦਾ ਹੈ, ਜੋ ਸਤ੍ਹਾ ਦੇ ਨੇੜੇ ਹਵਾ ਵਿੱਚ ਇੱਕ ਵਿਸ਼ੇਸ਼ ਤਾਪਮਾਨ ਦੇ ਗਰੇਡਿਐਂਟ ਦੇ ਕਾਰਨ ਉੱਪਰ ਵੱਲ ਨੂੰ ਅਸਮਾਨ ਤੋਂ ਉਤਪੰਨ ਹੁੰਦਾ ਹੈ।"
"ਮੈਂ ਉਨ੍ਹਾਂ ਲੋਕਾਂ ਨੂੰ ਪੁੱਛਦਾ ਹਾਂ ਜੋ ਲਾਈਟਾਂ ਦੇਖਦੇ ਹਨ ਕਿ ਕੀ ਉਨ੍ਹਾਂ ਨੇ ਕਦੇ ਤਾਪਮਾਨ ਦੇ ਉਲਟ ਹੋਣ ਬਾਰੇ ਸੁਣਿਆ ਹੈ ਜੋ ਉਦੋਂ ਵਾਪਰਦਾ ਹੈ ਜਦੋਂ ਹਵਾ ਦਾ ਤਾਪਮਾਨ, ਧਰਤੀ ਦੀ ਸਤ੍ਹਾ ਦੇ ਨੇੜੇ ਘਟਦਾ ਹੈ ਅਤੇ ਫਿਰ ਵਧਦਾ ਹੈ।"
ਰੋਗਮੈਨ ਕਹਿੰਦੇ ਹਨ ਕਿ ਦੇਖਣ ਵਾਲੇ ਮਾਰਗ ਦੇ ਆਲੇ-ਦੁਆਲੇ ਭੂਗੋਲ ਅਤੇ ਸਥਾਨਕ ਮੌਸਮ ਸ਼ਾਮ ਦੇ ਸ਼ੁਰੂ ਵਿੱਚ ਤਾਪਮਾਨ ਦੇ ਉਲਟ ਹੋਣ ਦੀ ਸਥਿਤੀ ਵਾਲਾ ਬਣ ਜਾਂਦਾ ਹੈ। ਇਹ ਉਹ ਸਮਾਂ ਹੈ ਜਦੋਂ ਹਾਈਵੇਅ ''ਤੇ ਹਮੇਸ਼ਾ ਆਵਾਜਾਈ ਹੁੰਦੀ ਹੈ।
ਨਤੀਜੇ ਵਜੋਂ ''ਅਪਸਾਈਡ-ਡਾਊਨ'' ਆਪਟੀਕਲ ਭਰਮ ਪੈਦਾ ਹੁੰਦਾ ਹੈ। ਕਾਰ ਦੀਆਂ ਹੈਡਲਾਈਟਾਂ ਦੀ ਰੌਸ਼ਨੀ ਉੱਪਰ-ਹੇਠਾਂ ਹੁੰਦੀ ਪ੍ਰਤੀਤ ਹੁੰਦੀ ਹੈ ਅਤੇ ਮੋੜ ਕੱਟ ਕੇ ਧਰਤੀ ਵੱਲ ਵਾਪਸ ਆਉਂਦੀ ਹੈ।
ਇਹ ਪ੍ਰਭਾਵ ਉਸ ਥਾਂ ਤੋਂ ਵਿਲੱਖਣ ਤੌਰ ''ਤੇ ਦਿਖਾਈ ਦਿੰਦਾ ਹੈ, ਜਿੱਥੇ ਪ੍ਰਸ਼ੰਸਕ ਇਕੱਠੇ ਹੁੰਦੇ ਹਨ।
ਭੂਤ ਦੀ ਕਹਾਣੀ ਵਧੇਰੇ ਦਿਲਚਸਪ
ਬੋਸ ਨੇ ਭੂਤਾਂ ਦਾ ਪਤਾ ਲਗਾਉਣ ਦਾ ਦਾਅਵਾ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਟੈਲੀਸਕੋਪ ਜਾਂ ਟੈਲੀਫੋਟੋ ਲੈਂਜ਼ ਰਾਹੀਂ ਦੇਖਣ ਤਾਂ ਜੋ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਾਰ ਦੀਆਂ ਹੈੱਡਲਾਈਟਾਂ ਅਤੇ ਬ੍ਰੇਕ ਲਾਈਟਾਂ ਦੇਖ ਰਹੇ ਹਨ।
ਹਾਲਾਂਕਿ, ਇੱਥੇ ਅਜਿਹੇ ਸੈਲਾਨੀ ਹਨ, ਜੋ ਸਿਰਫ਼ ਗੱਲ ''ਤੇ ਵਿਸ਼ਵਾਸ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਕੁਝ ਅਲੌਕਿਕ ਦੇਖਿਆ ਹੈ।
ਬੋਸ ਮੰਨਦੇ ਹਨ ਕਿ "ਉਨ੍ਹਾਂ ਲਈ, ਜੋ ਰੋਸ਼ਨੀ ਅਤੇ ਹਵਾ ਦੇ ਆਪਸੀ ਤਾਲਮੇਲ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ, ਇੱਕ ਭੂਤ ਦੀ ਕਹਾਣੀ ਵਧੇਰੇ ਦਿਲਚਸਪ ਹੈ।''''
ਉਹ ਕਹਿੰਦੇ ਹਨ ਕਿ "ਤੁਸੀਂ ਇਸ ਨੂੰ ਸਥਾਨਕ ਲੋਕਾਂ ਨਾਲ ਜੋੜ ਸਕਦੇ ਹੋ, ਜਿਨ੍ਹਾਂ ਨੂੰ ਇਹ ਜਗ੍ਹਾ ਨੂੰ ਪਸੰਦ ਹੈ। ਉਹ ਸੋਚਦੇ ਹਨ ਕਿ ਇਹ ਥਾਂ ਖਾਸ ਹੈ।''''
ਰੋਗਮੈਨ ਕਹਿੰਦੇ ਹਨ ਕਿ ਪ੍ਰਚਲਿਤ ਕਹਾਣੀ ਅਜੇ ਵੀ ਬਰਕਰਾਰ ਹੈ ਕਿਉਂਕਿ ਸਥਾਨਕ ਲੋਕ ਭੂਤ ਦੀ ਇੱਕ ਅਜਿਹੀ ਕਹਾਣੀ ਬਣਾਉਣ ਵਿੱਚ ਕਾਮਯਾਬ ਰਹੇ, ਜੋ ਡਰਾਉਣੀ ਨਹੀਂ ਹੈ।
ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਲਾਈਟਾਂ ਨੁਕਸਾਨਦੇਹ ਨਹੀਂ ਜਾਪਦੀਆਂ ਹਨ ਅਤੇ ਲੋਕ ਇਸ ਕਹਾਣੀ ਦਾ ਆਨੰਦ ਲੈਂਦੇ ਹਨ ਅਤੇ ਸਾਨੂੰ ਸਵੀਕਾਰ ਕਰਨਾ ਪਏਗਾ ਕਿ ਅਸੀਂ ਭੂਤ ਦੀ ਹੋਂਦ ਨੂੰ ਗਲਤ ਸਾਬਤ ਨਹੀਂ ਪਾਏ।''''
ਸਿੰਡੀ ਪਰਕਿੰਜ਼, ਮਿਸ਼ੀਗਨ ਵਿੱਚ ਸੀਨੀਅਰ ਕੰਟੈਂਟ ਮਾਹਰ ਹਨ ਅਤੇ ਐਮਟੀਯੂ ਦੀ ਵਿਆਖਿਆ ''ਤੇ ਭਰੋਸਾ ਕਰਦੇ ਹਨ, ਪਰ ਫਿਰ ਵੀ ਉਹ ਕਦੇ-ਕਦਾਈਂ ਸ਼ਾਮ ਨੂੰ ਮਨੋਰੰਜਨ ਲਈ ਆਪਣੀ ਧੀ ਨਾਲ ਇੱਥੇ ਜਾਂਦੇ ਹਨ।
ਉਹ ਕਹਿੰਦੇ ਹਨ ਕਿ ਹੁਣ ਇਸ ਥਾਂ ''ਤੇ ਬਹੁਤ ਸਾਰੇ ਅਜਿਹੇ ਯਾਤਰੀ ਵੀ ਆਉਂਦੇ ਹਨ ਜੋ ਅਲੌਕਿਕ ਸ਼ਕਤੀਆਂ ''ਚ ਭਰੋਸਾ ਰੱਖਦੇ ਹਨ ਪਰ ਉਹ ਵਿਗਿਆਨਕ ਵਿਆਖਿਆ ਦੀ ਜਾਂਚ ਕਰਨਾ ਚਾਹੁੰਦੇ ਹਨ।
ਸਿੰਡੀ ਕਹਿੰਦੇ ਹਨ, "ਪੌਲਡਿੰਗ ਲਾਈਟ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਇਹ ਵਿਸ਼ਵਾਸ ਹੀ ਨਹੀਂ ਕਰਦੇ ਕਿ ਇਸ ਰੌਸ਼ਨੀ ਪਿਛਲਾ ਭੇਦ ਹੱਲ ਹੋ ਗਿਆ ਹੈ। ਉਹ ਦਲੀਲ ਦਿੰਦੇ ਹਨ ਕਿ ਖੋਜਕਰਤਾਵਾਂ ਨੇ .ਜੋ ਦੇਖਿਆ ਉਹ ਸੱਚੀ ਪੌਲਡਿੰਗ ਲਾਈਟ ਨਹੀਂ ਸੀ।"
ਸਾਰਾ ਬੇਕਰ ਵੀ ਹੁਣ ਪੌਲਡਿੰਗ ਲਾਈਟ ਨੂੰ ਦੁਬਾਰਾ ਦੇਖਣ ਦੀ ਯੋਜਨਾ ਬਣਾ ਰਹੇ ਹਨ।
ਉਹ ਕਹਿੰਦੇ ਹਨ "ਜਦੋਂ ਮੈਂ ਗਈ ਸੀ ਤਾਂ ਮੈਨੂੰ 20 ਡਾਲਰ ਮਿਲੇ ਸਨ, ਇਸ ਲਈ ਜੇ ਹੋਰ ਕੁਝ ਨਹੀਂ ਤਾਂ ਮੇਰਾ ਮੰਨਣਾ ਹੈ ਕਿ ਇਹ ਜਗ੍ਹਾ ਬਹੁਤ ਲੱਕੀ ਹੈ।''''
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਸ਼ੂਗਰ ਨੂੰ ਹੋਣ ਤੋਂ ਪਹਿਲਾਂ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਵਧੀ ਸ਼ੂਗਰ ਘੱਟ ਕਿਵੇਂ ਹੋ ਸਕਦੀ ਹੈ
NEXT STORY