ਜਦੋਂ ਬੇਲਰ ਬ੍ਰਦਰ ਦੇ ਲੋਗੋ ਵਾਲੀ ਗੱਡੀ ਮਾਲੇਰਕੋਟਲਾ ਦੇ ਪਿੰਡਾਂ ਵਿਚ ਘੁੰਮਦੀ ਹੈ ਤਾਂ ਕਿਸਾਨਾਂ ਨੂੰ ਕੁਝ ਚੰਗਾ ਮਹਿਸੂਸ ਹੁੰਦਾ ਹੈ। ਕਿਉਂਕਿ ਇਹ ਉਹ ਗੱਡੀ ਹੈ ਜੋ ਉਨ੍ਹਾਂ ਦੇ ਖੇਤਾਂ ਵਿੱਚੋਂ ਪਰਾਲੀ ਚੁੱਕ ਲੈ ਜਾਵੇਗੀ ਅਤੇ ਉਹ ਆਪਣੇ ਖੇਤਾਂ ਵਿੱਚ ਬਗ਼ੈਰ ਪਰਾਲੀ ਨੂੰ ਅੱਗ ਲਾਇਆਂ ਆਪਣੀ ਅਗਲੀ ਫ਼ਸਲ ਦੀ ਬਿਜਾਈ ਕਰ ਸਕਣਗੇ।
ਇਹ ਗੱਡੀ ਮਾਲੇਰਕੋਟਲਾ ਜ਼ਿਲ੍ਹੇ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੈ ਜੋ ਕਿਸਾਨਾਂ ਅਤੇ ਸਰਕਾਰਾਂ ਲਈ ਸਮੱਸਿਆ ਬਣੀ ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹਾ ਤੇ ਕਈ ਹੋਰਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ ।
ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਮੁੱਦਾ ਵੱਧ ਰਹੇ ਪ੍ਰਦੂਸ਼ਣ ਕਰਕੇ ਹਰ ਵਾਰ ਚਰਚਾ ਦਾ ਵਿਸ਼ਾ ਬਣਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਉੱਪਰ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਜੁਰਮਾਨੇ ਕੀਤੇ ਜਾਂਦੇ ਰਹੇ ਹਨ।
ਪਰਾਲੀ ਨੂੰ ਆਮਦਨ ਦਾ ਸਾਧਨ ਬਣਾਉਣਾ
ਗੁਰਪ੍ਰੀਤ ਸਿੰਘ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਕੁਠਾਲਾ ਦੇ ਰਹਿਣ ਵਾਲੇ ਹਨ। ਕਿਸਾਨ ਪਰਿਵਾਰ ਤੋਂ ਸਬੰਧਿਤ ਗੁਰਪ੍ਰੀਤ ਵੀ ਪੰਜਾਬ ਦੇ ਬਹੁਤੇ ਨੌਜਵਾਨ ਮੁੰਡਿਆਂ ਵਾਂਗ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਸਨ ਪਰ ਉਨ੍ਹਾਂ ਦਾ ਮਨ ਬਦਲ ਗਿਆ ਅਤੇ ਉਹ ਇਥੇ ਹੀ ਕੰਮ ਕਰਨ ਲੱਗੇ।
ਗੁਰਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਦਾ ਮਨ ਕੈਨੇਡਾ ਜਾਣ ਦਾ ਸੀ ਪਰ ਇੱਕ ਦਿਨ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿੱਚ ਆਰ ਐੱਨਜੀ ਬਾਇਓ ਗੈਸ, ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ।
ਮੀਟਿੰਗ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਜੇ ਕੋਈ ਬੇਲਰ ਮਸ਼ੀਨਾਂ ਰਾਹੀਂ ਪਰਾਲੀ ਚੁੱਕ ਕੇ ਕੰਪਨੀ ਨੂੰ ਦਿੰਦਾ ਹੈ ਤਾਂ ਕੰਪਨੀ ਐਗਰੀਮੈਂਟ ਰਾਹੀਂ ਪਰਾਲੀ ਦੀ ਕੀਮਤ ਦੇਵੇਗੀ।
ਗੁਰਪ੍ਰੀਤ ਨੇ ਕੈਨੇਡਾ ਜਾਣ ਲਈ ਕੁਝ ਪੈਸੇ ਰੱਖੇ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਬੇਲਰ ਮਸ਼ੀਨ ਖਰੀਦ ਲਈ ਸੀ।
ਕੰਪਨੀ ਨਾਲ ਐਗਰੀਮੈਂਟ
ਗੁਰਪ੍ਰੀਤ ਨੇ ਕੰਪਨੀ ਨਾਲ 10 ਹਜ਼ਾਰ ਕੁਇੰਟਲ ਪਰਾਲੀ ਦੀ ਖਰੀਦਦਾਰੀ ਦਾ ਐਗਰੀਮੈਂਟ ਕੀਤਾ।
ਕੰਪਨੀ ਨਾਲ ਇਹ ਤੈਅ ਹੋ ਗਿਆ ਕਿ ਉਨ੍ਹਾਂ ਨੂੰ 160 ਰੁਪਏ ਪ੍ਰਤੀ ਕੁਇੰਟਲ ਤੇ 10 ਰੁਪਏ ਪ੍ਰਤੀ ਗੱਠ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ।
ਪਹਿਲੇ ਸਾਲ ਹੀ ਬਿਨ੍ਹਾਂ ਕਿਸੇ ਤਜਰਬੇ ਤੋਂ ਉਨ੍ਹਾਂ ਨੇ 600 ਏਕੜ ਵਿੱਚੋਂ 12 ਹਜ਼ਾਰ ਕੁਇੰਟਲ ਬੇਲ ਬਣਾਈਆਂ ਸਨ। ਜਿਸ ਨਾਲ ਉਨ੍ਹਾਂ ਨੇ ਸੀਜ਼ਨ ਵਿੱਚ 16 ਲੱਖ ਰੁਪਏ ਕਮਾਈ ਕੀਤੀ ਸੀ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਨੂੰ ਬੇਲਰ ਮਸ਼ੀਨ ’ਤੇ ਵੀ 50 ਫ਼ੀਸਦ ਸਬਸਿਡੀ ਪ੍ਰਾਪਤ ਹੋਈ।
ਬੇਲਰ ਬ੍ਰਦਰਜ਼ ਕੰਪਨੀ ਦੀ ਸ਼ੁਰੂਆਤ
ਪਰਾਲੀ ਤੋਂ ਹੋਈ ਚੰਗੀ ਆਮਦਨ ਨੂੰ ਦੇਖਦਿਆਂ ਗੁਰਪ੍ਰੀਤ ਨੇ ਉਤਸ਼ਾਹਿਤ ਮਹਿਸੂਸ ਕੀਤਾ।
ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਬੇਲਰ ਬ੍ਰਦਰਜ਼ ਨਾਮ ਦਾ ਗਰੁੱਪ ਰਜਿਸਟਰਡ ਕਰਵਾਇਆ ਇਸ ਵਾਰ ਉਨ੍ਹਾਂ ਦੋ ਬੇਲਰ ਮਸ਼ੀਨਾਂ ਤੇ ਟਰੈਕਟਰ ਖ਼ਰੀਦੇ।
ਆਪਣਾ ਦਾਇਆ ਵਧਾਉਂਦਿਆਂ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਸ਼ੁਰੂਆਤ ਕੀਤੀ ਹੈ ਜਿੱਥੇ ਹੁਣ ਤੱਕ ਨਿੱਜੀ ਬਾਇਓ ਗੈਸ ਕੰਪਨੀ ਨੂੰ 5000 ਹਜ਼ਾਰ ਗੱਠ ਤੇ 5000 ਗੱਠ ਗੁੱਜਰ ਭਾਈਚਾਰੇ ਨੂੰ ਤਿਆਰ ਕਰਕੇ ਦੇ ਚੁੱਕੇ ਹਨ।
ਇਸ ਸਾਲ ਉਨ੍ਹਾਂ ਦਾ ਇਰਾਦਾ ਇੱਕ ਕਰੋੜ ਤੋਂ ਵੱਧ ਕਮਾਈ ਕਰਨ ਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਅਤੇ ਹੋਰ ਨੇੜਲੇ ਪਿੰਡਾਂ ਵਿਚੋਂ ਤਕਰੀਬਨ 20 ਹਜ਼ਾਰ ਕੁਇੰਟਲ ਗੱਠ ਸਟੋਰ ਕਰਕੇ ਇਸ ਨੂੰ ਆਫ਼ ਸੀਜ਼ਨ ਵਿੱਚ ਕਰੀਬ 280 ਰੁਪਏ ਦੇ ਹਿਸਾਬ ਨਾਲ ਪੇਪਰ ਮਿੱਲਾਂ ਤੇ ਬਾਇਓ ਸੀਐੱਨਜੀ ਪਲਾਟਾਂ ਨੂੰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਦੇ ਇਸ ਪ੍ਰੋਜੈਕਟ ਨਾਲ ਸਿੱਧੇ ਤੌਰ ਤੇ 70 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ ਜਿਨ੍ਹਾਂ ਵਿੱਚ 50 ਮਜ਼ਦੂਰ ਹਨ ਜੋ ਗੱਠਾਂ ਦੀ ਢੋਆ-ਢੁਆਈ ਦਾ ਕੰਮ ਕਰਦੇ ਹਨ ਤੇ 20 ਦੇ ਕਰੀਬ ਡਰਾਈਵਰ ਤੇ ਫੋਰਮੈਨ ਹਨ
ਗੁਰਪ੍ਰੀਤ ਕਹਿੰਦੇ ਹਨ ਕਿ ਹੁਣ ਤੱਕ ਕਿਸਾਨਾਂ ਦਾ ਪਰਾਲੀ ਨੂੰ ਅੱਗ ਲਗਾਉਣਾ ਮਜ਼ਬੂਰੀ ਸੀ ਕਿਉ ਕਿ ਉਨ੍ਹਾਂ ਕੋਲ ਸਾਧਨਾਂ ਦੀ ਘਾਟ ਸੀ।
ਪਰਾਲੀ ਨੂੰ ਕੌਣ ਖਰੀਦਦਾ ਹੈ ਇਸ ਦੀ ਵਰਤੋਂ ਕਿੱਥੇ ਹੁੰਦੀ ਹੈ
ਪੰਜਾਬ ਵਿੱਚ ਵੱਡੀ ਪੱਧਰ ਦੇ ਨਿੱਜੀ ਕੰਪਨੀਆਂ ਵੱਲੋਂ ਆਰਐੱਨਜੀ ਤੇ ਸੀਬੀਜੀ ਪਲਾਂਟ ਲਗਾਏ ਗਏ ਹਨ। ਇਹ ਫ਼ਰਮਾਂ ਪਰਾਲੀ ਦੀ ਬੇਲ ਦੀ ਖ਼ਰੀਦ ਕਰਦੀਆਂ ਹਨ।
ਕਾਗਜ਼ ਬਣਾਉਣ ਵਾਲੀਆ ਫੈਕਟਰੀਆਂ ਵਿੱਚ ਵੀ ਪਰਾਲੀ ਦੀ ਵਰਤੋਂ ਹੁੰਦੀ ਹੈ।
ਬਾਇਓ ਕੋਲਾ ਬਣਾਉਣ ਵਾਲੀਆਂ ਫੈਕਟਰੀਆਂ ਵੀ ਪਰਾਲੀ ਦੀ ਵਰਤੋਂ ਕਰਦੀਆਂ ਹਨ।
ਇੱਟਾਂ ਦੇ ਭੱਠਿਆਂ ਵਿੱਚ ਪਰਾਲੀ ਦੀ ਵਰਤੋਂ ਬਾਲਣ ਵਜੋਂ ਕੀਤੀ ਜਾਂਦੀ ਹੈ।
ਕਿਸਾਨਾਂ ਦਾ ਪ੍ਰਤੀਕਰਮ
ਕੁਠਾਲਾ ਦੇ ਕਿਸਾਨ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਤਿੰਨ ਸਾਲ ਤੋਂ ਆਪਣੇ ਖੇਤ ਵਿੱਚੋਂ ਗੱਠਾ ਬਣਵਾ ਰਹੇ ਹਨ ਤੇ ਉਨ੍ਹਾਂ ਨੇ ਕਦੇ ਪਰਾਲੀ ਨੂੰ ਅੱਗ ਨਹੀਂ ਲਗਾਈ।
ਕੁਲਦੀਪ ਦੱਸਦੇ ਹਨ ਕਿ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਜਦੋਂ ਪੰਜਾਬ ਦੇ ਕਿਸਾਨਾਂ ਸਿਰ ਪ੍ਰਦੂਸ਼ਣ ਫ਼ੈਲਾਉਣ ਦਾ ਇਲਜ਼ਾਮ ਲਗਾਇਆ ਜਾਂਦਾ ਸੀ।
ਉਹ ਕਹਿੰਦੇ ਹਨ ਜੇਕਰ ਬੇਲ ਬਣਾਉਣ ਵਾਲੀਆਂ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀਆਂ ਜਾਣ ਤਾਂ ਪਰਾਲੀ ਨੂੰ ਅੱਗ ਲਗਾਉ ਵਾਲੇ ਮਸਲੇ ਦਾ ਹੱਲ ਹੋ ਸਕਦਾ ਹੈ।
ਸਰਕਾਰੀ ਅੰਕੜਿਆਂ ਦਾ ਬਿਆਨ
ਐਗਰੀਕਲਚਰ ਚੀਫ਼ ਹਰਬੰਸ ਸਿੰਘ ਚਹਿਲ ਨੇ ਦੱਸਿਆ ਕਿ ਸੰਗਰੂਰ ਤੇ ਮਾਲੇਰਕੋਟਲਾ ਵਿੱਚ 1ਲੱਖ, 91 ਹਜ਼ਾਰ ਹੈਕਟੇਅਰ ਦੇ ਵਿੱਚ ਝੋਨੇ ਦੀ ਬਿਜਾਈ ਹੋਈ ਹੈ।
ਉਨ੍ਹਾਂ ਕਿਹਾ, “ਖੇਤੀਬਾੜੀ ਵਿਭਾਗ ਵੱਲੋਂ 2018 ਤੋਂ ਕਿਸਾਨਾਂ ਨੂੰ ਸਬਸਿਡੀ ਉੱਪਰ ਮਲਚਰ ,ਹੈਪੀ ਸੀਡਰ ,ਸੁਪਰਸੀਡਰ, ਬੇਲਰ ਆਦਿ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਕਿਸਾਨ ਝੋਨੇ ਦੀ ਪਰਾਲੀ ਦਾ ਨਿਪਟਾਰਾ ਖੇਤ ਵਿੱਚ ਹੀ ਕਰ ਸਕਣ। ਹੁਣ ਤੱਕ ਕਿਸਾਨਾਂ ਨੂੰ 10 ਹਜ਼ਾਰ ਦੇ ਕਰੀਬ ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ।”
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਹੁਣ ਤੱਕ 80 ਦੇ ਕਰੀਬ ਬੇਲਰ ਮਸ਼ੀਨਾਂ ਦਿੱਤੀਆਂ ਹਨ ਜਿਨ੍ਹਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਪਿਛਲੀ ਵਾਰ ਅੱਗ ਲੱਗਣ ਦੇ 5300 ਮਾਮਲੇ ਸਾਹਮਣੇ ਆਏ ਸਨ ਤੇ ਇਸ ਵਾਰ ਇਹ ਅੰਕੜਾ 2500 ਦੇ ਕਰੀਬ ਰਹਿਣ ਦੀ ਉਮੀਦ ਹੈ ।
ਉਹ ਦੱਸਦੇ ਹਨ ਕਿ ਬੇਲਰ ਮਸ਼ੀਨ ਕਿਸਾਨਾਂ ਲਈ ਕੰਬਾਈਨ ਦੀ ਤਰ੍ਹਾਂ ਚੰਗਾ ਕਿਰਾਏ ਦੀ ਆਮਦਨ ਦਾ ਸਾਧਨ ਬਣ ਸਕਦਾ ਹੈ ਕਿਉ ਕਿ ਆਉਣ ਵਾਲੇ ਸਮੇਂ ਵਿੱਚ ਪਰਾਲੀ ਦੀ ਮੰਗ ਹੋਰ ਵਧੇਗੀ।
ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ 1260 ਦੇ ਕਰੀਬ ਸਬਸਿਡੀ ਵਾਲੇ ਖੇਤੀ ਦੇ ਸਾਧਨ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ ਹਨ ਜੋ ਪਰਾਲੀ ਦਾ ਖੇਤ ਵਿੱਚ ਹੀ ਨਿਪਟਾਰਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਵਿੱਚ ਲੱਗੇ ਬਾਇਓ ਗੈਸ ਪਲਾਂਟਾਂ ਦੇ ਵਿੱਚ 1.3 ਲੱਖ ਟਨ ਪਰਾਲੀ ਦੀ ਖ਼ਪਤ ਹੋਏਗੀ। ਇਸਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਭੱਠਿਆਂ ਤੇ ਪਰਾਲੀ ਤੋਂ ਬਣੇ ਪੈਲੇਟ ਨੂੰ 20 ਫ਼ੀਸਦ ਦੇ ਹਿਸਾਬ ਨਾਲ ਸਾੜਿਆ ਜਾਵੇ।
ਉਨ੍ਹਾਂ ਦੱਸਿਆ ਕਿ ਸੁਨਾਮ ਦੇ ਵਿੱਚ ਵੀ ਇੱਕ ਪੈਲੇਟ ਯੂਨਿਟ ਬਣ ਕੇ ਤਿਆਰ ਹੋ ਚੁੱਕਿਆ ਹੈ ਜਿਸ ਨਾਲ ਨੇੜੇ ਦੇ ਕਿਸਾਨਾਂ ਦੀ ਵੱਡੀ ਮਾਤਰਾ ਵਿਚ ਪਰਾਲੀ ਦੀ ਖ਼ਪਤ ਹੋਵੇਗੀ ।
ਇਸ ਵਾਰ ਹਰ ਪਿੰਡ ਵਿੱਚ ਇੱਕ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ ਕਿਸੇ ਵੀ ਕਿਸਾਨ ਨੂੰ ਕਿਸੇ ਮਸ਼ੀਨ ਦੀ ਲੋੜ ਹੈ ਤਾਂ ਉਹ ਉਸ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ ।
ਡਿਪਟੀ ਕਮਿਸ਼ਨਰ ਸੰਗਰੂਰ ਨੇ ਦੱਸਿਆ ਕਿ ਇਸ ਵਾਰ ਸਾਡੇ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨ ਦੇ ਤੌਰ ’ਤੇ ਉਨ੍ਹਾਂ ਦਾ ਕੋਈ ਵੀ ਪ੍ਰਸਾਸ਼ਨਿਕ ਕੰਮ ਹੋਵੇ ਉਸ ਨੂੰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ ।
ਜਿਨ੍ਹਾਂ ਕਿਸਾਨਾਂ ਨੇ ਪਿਛਲੇ ਸਾਲ ਅੱਗ ਨਹੀਂ ਲਗਾਈ ਉਨ੍ਹਾਂ ਨੂੰ ਵੱਖ ਵੱਖ ਸਰਕਾਰੀ ਪ੍ਰੋਗਰਾਮਾਂ ਵਿੱਚ ਸਨਮਾਨਿਤ ਕੀਤਾ ਜਾ ਚੁੱਕਾ ਹੈ ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਮੋਗਾ ਦੇ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਅਤੇ ਕਤਲ ਦਾ ਕੀ ਹੈ ਪੂਰਾ ਮਾਮਲਾ
NEXT STORY