ਕੌਫ਼ੀ ਵਿਦ ਕਰਨ ਦਾ ਅੱਠਵਾਂ ਸੀਜ਼ਨ ਵੀਰਵਾਰ ਨੂੰ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨਾਲ ਸ਼ੁਰੂ ਹੋਇਆ।
ਆਪਣੇ ਮਸਾਲੇਦਾਰ ਸਵਾਲਾਂ-ਜਵਾਬਾਂ ਲਈ ਜਾਣੇ ਜਾਂਦੇ ਇਸ ਸ਼ੋਅ ਵਿੱਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਆਪਣੀ 11 ਸਾਲ ਦੀ ਪ੍ਰੇਮ ਕਹਾਣੀ ਅਤੇ ਉਨ੍ਹਾਂ ਦੇ ਵਿਆਹ ਨਾਲ ਜੁੜੇ ਅਣਸੁਣੇ ਕਿੱਸੇ ਸਾਂਝੇ ਕੀਤੇ।
ਇਸ ਸ਼ੋਅ ਦੇ ਬਾਅਦ ਤੋਂ ਹੀ ਦੋਵਾਂ ਦੀਆਂ ਕੁਝ ਕਹਾਣੀਆਂ ਸੋਸ਼ਲ ਮੀਡੀਆ ''ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਇਹ ਪਹਿਲੀ ਵਾਰ ਹੋਇਆ ਜਦੋਂ ਦੀਪਿਕਾ ਅਤੇ ਰਣਵੀਰ ਕਿਸੇ ਸ਼ੋਅ ਦਾ ਇਕੱਠੇ ਹਿੱਸਾ ਬਣੇ ਹਨ।
ਅਕਸਰ ਰੰਗ-ਬਿਰੰਗੇ ਕੱਪੜਿਆਂ ''ਚ ਨਜ਼ਰ ਆਉਣ ਵਾਲੇ ਰਣਵੀਰ ਸਿੰਘ ਨੂੰ ਦੀਪਿਕਾ ਨਾਲ ਕਾਲੇ ਲਿਬਾਸ ''ਚ ਦੇਖਿਆ ਗਿਆ।
ਪਿਆਰ ਕਿਵੇਂ ਸ਼ੁਰੂ ਹੋਇਆ?
ਬਾਲੀਵੁੱਡ ਦੇ ਕਈ ਸਿਤਾਰਿਆਂ ਵਾਂਗ ਦੀਪਿਕਾ ਅਤੇ ਰਣਵੀਰ ਦੀ ਪ੍ਰੇਮ ਕਹਾਣੀ ਵੀ ਇੱਕ ਫ਼ਿਲਮ ਤੋਂ ਹੀ ਸ਼ੁਰੂ ਹੋਈ ਸੀ।
ਦੋਵਾਂ ਦੀ ਕੈਮਿਸਟਰੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ''ਗੋਲਿਓਂ ਕੀ ਰਾਸਲੀਲਾ ਰਾਮ ਲੀਲਾ'' ਨਾਲ ਸ਼ੁਰੂ ਹੋਈ ਸੀ।
ਗੱਲ 2012 ਦੀ ਹੈ। ਉਦੋਂ ਇਹ ਫ਼ਿਲਮ ਕਰੀਨਾ ਕਪੂਰ ਨੇ ਕਰਨੀ ਸੀ।
ਰਣਵੀਰ ਨੇ ਦੱਸਿਆ ਕਿ ਸ਼ੂਟਿੰਗ ਤੋਂ ਇੱਕ ਹਫਤਾ ਪਹਿਲਾਂ ਕਰੀਨਾ ਕਪੂਰ ਨੇ ਕੁਝ ਕਾਰਨਾਂ ਕਰਕੇ ਫ਼ਿਲਮ ਛੱਡ ਦਿੱਤੀ ਸੀ।
ਉਨ੍ਹਾਂ ਨੇ ਦੱਸਿਆ, "ਫ਼ਿਰ ਅਸੀਂ ਸਾਰੇ ਸੋਚ ਰਹੇ ਸੀ ਕਿ ਉਸ ਰੋਲ ਲਈ ਕਿਸ ਨੂੰ ਲੈਣਾ ਚਾਹੀਦਾ ਹੈ। ਉਦੋਂ ਹੀ ਫ਼ਿਲਮ ਕਾਕਟੇਲ ਆਈ ਸੀ। ਉਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਮੈਂ ਦੀਪਿਕਾ ਨੂੰ ਇਸ ਫ਼ਿਲਮ ਵਿੱਚ ਲੈਣ ਦੇ ਹੱਕ ਵਿੱਚ ਸੀ। ਤੇ ਦੀਪਿਕਾ ਨੂੰ ਉਹ ਰੋਲ ਮਿਲ ਗਿਆ।"
ਰਣਵੀਰ ਨੇ ਦੱਸਿਆ, "ਫ਼ਿਰ ਜਦੋਂ ਅਸੀਂ ਫ਼ਿਲਮ ਦੀ ਸਕ੍ਰਿਪਟ ਪੜ੍ਹਨ ਲਈ ਭੰਸਾਲੀ ਦੇ ਘਰ ਗਏ ਸੀ। ਦੀਪਿਕਾ ਉੱਥੇ ਚਿੱਟੇ ਕੁੜਤੇ ਵਿੱਚ ਪਹੁੰਚੀ ਸੀ। ਉਹ ਬਿਲਕੁਲ ਹਵਾ ਦੇ ਬੁੱਲੇ ਵਾਂਗ ਮੇਰੀ ਜ਼ਿੰਦਗੀ ਵਿੱਚ ਆਈ।"
ਰਣਵੀਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੇ ਇਕੱਠੇ ਡਿਨਰ ਕੀਤਾ ਅਤੇ ਇਸ ਦੌਰਾਨ ਜਦੋਂ ਉਨ੍ਹਾਂ ਨੇ ਦੀਪਿਕਾ ਦੇ ਦੰਦਾਂ ''ਚ ਕੁਝ ਫਸਿਆ ਦੇਖਿਆ ਤਾਂ ਉਨ੍ਹਾਂ ਨੇ ਦੀਪਿਕਾ ਨੂੰ ਇਸ ਬਾਰੇ ਦੱਸਿਆ।
ਰਣਵੀਰ ਨੇ ਦੱਸਿਆ, "ਉਹ ਮੇਰੇ ਕੋਲ ਬੈਠੀ ਸੀ। ਜਦੋਂ ਮੈਂ ਉਸ ਦੇ ਦੰਦ ਵੱਲ ਇਸ਼ਾਰਾ ਕੀਤਾ ਅਤੇ ਉਸ ਨੂੰ ਇਹ ਦੱਸਿਆ ਤਾਂ ਉਸ ਨੇ ਕਿਹਾ ਕਿ ਤੁਸੀਂ ਇਸ ਨੂੰ ਹਟਾ ਦਿਓ। ਮੈਂ ਇਸ ਨੂੰ ਆਪਣੇ ਹੱਥਾਂ ਨਾਲ ਹਟਾ ਦਿੱਤਾ ਸੀ ਪਰ ਮੈਨੂੰ ਜੋ ਝਟਕਾ ਮਹਿਸੂਸ ਹੋਇਆ ਉਹ ਅੱਜ ਵੀ ਬਰਕਰਾਰ ਹੈ।"
ਉਥੋਂ ਦੋਵਾਂ ਵਿਚਾਲੇ ਖ਼ੂਬਸੂਰਤ ਦੋਸਤੀ ਸ਼ੁਰੂ ਹੋ ਗਈ।
ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਨੇ ਕਾਫੀ ਸਮਾਂ ਇਕੱਠੇ ਬਿਤਾਇਆ ਅਤੇ ਉਨ੍ਹਾਂ ਦਰਮਿਆਨ ਨਜ਼ਦੀਕੀਆਂ ਵਧੀਆਂ ਜੋ ਪਿਆਰ ''ਚ ਬਦਲ ਗਈਆਂ।
ਰਣਵੀਰ ਬਾਰੇ ਦੀਪਿਕਾ ਨੇ ਕੀ ਕਿਹਾ?
ਅਕਸਰ ਫ਼ਿਲਮੀ ਪ੍ਰੇਮ ਸਬੰਧ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੁੰਦਿਆਂ ਹੀ ਖ਼ਤਮ ਹੋ ਜਾਂਦੇ ਹਨ। ਦੀਪਿਕਾ ਪਾਦੁਕੋਣ ਨੇ ਇਹ ਵੀ ਦੱਸਿਆ ਕਿ ਉਹ ਇਸ ਰਿਸ਼ਤੇ ਨੂੰ ਲੈ ਕੇ ਗੰਭੀਰ ਨਹੀਂ ਸੀ।
ਦੀਪਿਕਾ ਨੇ ਦੱਸਿਆ ਕਿ ਉਹ ਉਦੋਂ ਸਿੰਗਲ ਸੀ ਅਤੇ ਰਣਵੀਰ ਵੀ ਇੱਕ ਰਿਲੇਸ਼ਨਸ਼ਿਪ ਤੋਂ ਬਾਹਰ ਆਏ ਸਨ।
ਦੀਪਿਕਾ ਨੇ ਕਿਹਾ, "ਉਸ ਸਮੇਂ ਰਣਵੀਰ ਮੇਰੀ ਜ਼ਿੰਦਗੀ ''ਚ ਆਏ ਪਰ ਸ਼ੁਰੂ ''ਚ ਉਨ੍ਹਾਂ ਪ੍ਰਤੀ ਮੇਰੀ ਕੋਈ ਕਮਿਟਮੈਂਟ ਨਹੀਂ ਸੀ। ਉਸ ਸਮੇਂ ਅਸੀਂ ਤਕਨੀਕੀ ਤੌਰ ''ਤੇ ਕਿਸੇ ਹੋਰ ਨਾਲ ਡੇਟ ''ਤੇ ਜਾ ਸਕਦੇ ਸੀ ਪਰ ਅਸੀਂ ਹਮੇਸ਼ਾ ਇੱਕ-ਦੂਜੇ ਕੋਲ ਵਾਪਸ ਹੀ ਜਾਂਦੇ ਸੀ।"
ਦੀਪਿਕਾ ਨੇ ਦੱਸਿਆ, "ਉਸ ਸਮੇਂ ਉਹ ਕੁਝ ਲੋਕਾਂ ਨੂੰ ਮਿਲੀ ਸੀ ਪਰ ਨਾ ਤਾਂ ਮੈਨੂੰ ਉਨ੍ਹਾਂ ''ਚ ਦਿਲਚਸਪੀ ਸੀ ਅਤੇ ਨਾ ਹੀ ਮੈਂ ਉਨ੍ਹਾਂ ਨੂੰ ਲੈ ਕੇ ਉਤਸ਼ਾਹਿਤ ਸੀ। ਅਸਲ ''ਚ ਮੈਂ ਮਾਨਸਿਕ ਤੌਰ ''ਤੇ ਰਣਵੀਰ ਲਈ ਵਚਨਬੱਧ ਮਹਿਸੂਸ ਕਰ ਰਹੀ ਸੀ।"
ਇਹ ਜੋੜਾ ਪਿਛਲੇ 11 ਸਾਲ ਤੋਂ ਰਿਸ਼ਤੇ ਵਿੱਚ ਹੈ।
ਮੰਗਣੀ ਤੋਂ ਦੀਪਿਕਾ ਦਾ ਪਰਿਵਾਰ ਨਾਰਾਜ਼ ਸੀ
ਰਣਵੀਰ ਨੇ ਦੱਸਿਆ ਕਿ ਉਨ੍ਹਾਂ ਨੇ 2015 ''ਚ ਦੀਪਿਕਾ ਨੂੰ ਪ੍ਰਪੋਜ਼ ਕੀਤਾ ਸੀ। ਦੋਵਾਂ ਨੇ ਚੁੱਪਚਾਪ ਮੰਗਣੀ ਕਰ ਲਈ ਅਤੇ ਤਿੰਨ ਸਾਲ ਤੱਕ ਇਹ ਗੱਲ ਸਭ ਤੋਂ ਲੁਕਾ ਕੇ ਰੱਖੀ।
ਰਣਵੀਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਲਦੀਵ ''ਚ ਸਮੁੰਦਰ ਦੇ ਵਿਚਕਾਰ ਦੀਪਿਕਾ ਨੂੰ ਪ੍ਰਪੋਜ਼ ਕੀਤਾ, ਜਿਸ ਨੂੰ ਦੀਪਿਕਾ ਨੇ ਸਵੀਕਾਰ ਕਰ ਲਿਆ ਸੀ।
ਉਦੋਂ ਤੱਕ ਰਣਵੀਰ ਦੀਪਿਕਾ ਦੇ ਪਰਿਵਾਰ ਨੂੰ ਨਹੀਂ ਮਿਲੇ ਸਨ।
ਬਾਅਦ ਵਿੱਚ ਰਣਵੀਰ ਦੀਪਿਕਾ ਦੇ ਪਰਿਵਾਰ ਨੂੰ ਮਿਲਣ ਬੈਂਗਲੁਰੂ ਗਏ। ਜਦੋਂ ਪੂਰਾ ਪਰਿਵਾਰ ਇਕੱਠਾ ਹੋਇਆ ਤਾਂ ਦੀਪਿਕਾ ਨੇ ਡਾਇਨਿੰਗ ਟੇਬਲ ''ਤੇ ਰਣਵੀਰ ਦੇ ਪ੍ਰਸਤਾਵ ਬਾਰੇ ਸਾਰਿਆਂ ਨੂੰ ਦੱਸਿਆ।
ਦੀਪਿਕਾ ਦਾ ਪਰਿਵਾਰ ਹੈਰਾਨ ਰਹਿ ਗਿਆ। ਬਾਅਦ ਵਿੱਚ ਰਣਵੀਰ ਨੇ ਸੁਣਿਆ ਕਿ ਦੀਪਿਕਾ ਦੀ ਮਾਂ ਚੁੱਪਚਾਪ ਮੰਗਣੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੀ ਸੀ।
ਦੀਪਿਕਾ ਦਾ ਪਰਿਵਾਰ ਬਿਨ੍ਹਾਂ ਕਿਸੇ ਨੂੰ ਦੱਸੇ ਮੰਗਣੀ ਕਰਨ ਬਦਲੇ ਥੋੜ੍ਹਾ ਨਾਰਾਜ਼ ਸੀ।
ਸਿੰਧੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰਣਵੀਰ ਸਿੰਘ ਨੂੰ ਦੀਪਿਕਾ ਪਾਦੂਕੋਣ ਦੇ ਪਰਿਵਾਰ ਨਾਲ ਘੁਲਣ-ਮਿਲਣ ਵਿੱਚ ਕੁਝ ਸਮਾਂ ਲੱਗਾ ਸੀ।
ਆਖਰਕਾਰ 14 ਨਵੰਬਰ 2018 ਨੂੰ ਦੋਹਾਂ ਦਾ ਵਿਆਹ ਹੋ ਗਿਆ। ਰਣਵੀਰ ਮੰਨਦੇ ਹਨ ਕਿ ਉਨ੍ਹਾਂ ਨੂੰ ਮੰਗਣੀ ਤੋਂ ਪਹਿਲਾਂ ਦੀਪਿਕਾ ਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਸੀ।
''ਸਾਡਾ ਪਰਿਵਾਰ ਬੋਰਿੰਗ ਹੈ, ਰਣਵੀਰ ਨੇ ਉਸ ਵਿੱਚ ਜਾਨ ਪਾ ਦਿੱਤੀ''
ਸ਼ੋਅ ''ਚ ਆਪਣੇ ਰਿਸ਼ਤੇ ਬਾਰੇ ਦੱਸਣ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਦੇ ਵਿਆਹ ਦੇ ਕੁਝ ਸੁਨਹਿਰੀ ਪਲਾਂ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ।
ਇਸ ''ਚ ਰਣਵੀਰ ''ਤੇ ਪ੍ਰਕਾਸ਼ ਪਾਦੁਕੋਣ ਦੀ ਰਇ, ਰਣਵੀਰ ਸਿੰਘ ਦੇ ਪਿਤਾ ਦੀ ਟਿੱਪਣੀ, ਦੀਪਿਕਾ ਦੇ ਵਿਆਹ ''ਤੇ ਰਾਇ ਅਤੇ ਵਿਆਹ ਦੇ ਖੂਬਸੂਰਤ ਪਲਾਂ ਨੂੰ ਦਿਖਾਇਆ ਗਿਆ ਹੈ।
ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਣ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਸ਼ਾਂਤ ਅਤੇ ਬੋਰਿੰਗ ਹੈ ਅਤੇ ਰਣਵੀਰ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਚੰਗੇ ਬਦਲਾਅ ਲਿਆਂਦੇ ਹਨ।
ਉਹ ਕਹਿੰਦੇ ਹਨ, "ਰਣਵੀਰ ਨੇ ਪਰਿਵਾਰ ਵਿੱਚ ਜਾਨ ਪਾ ਦਿੱਤੀ।"
ਦੀਪਿਕਾ ਪਾਦੁਕੋਣ ਨੇ ਕਿਹਾ, "ਮੈਂ ਰਣਵੀਰ ਨੂੰ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਪਸੰਦ ਕਰਦੀ ਹਾਂ, ਜਿਸ ਨੂੰ ਦੁਨੀਆ ਨਹੀਂ ਜਾਣਦੀ। ਉਹ ਸ਼ਾਂਤ, ਬੁੱਧੀਮਾਨ ਅਤੇ ਸੰਵੇਦਨਸ਼ੀਲ ਵੀ ਹੈ। ਰਣਵੀਰ ਰੋਂਦਾ ਹੈ ਅਤੇ ਇਸ ਵਿਆਹ ਨੇ ਉਸ ਨੂੰ ਪੂਰਾ ਕੀਤਾ ਹੈ।"
ਰਣਵੀਰ ਸਿੰਘ ਦਾ ਪਹਿਰਾਵਾ
ਰਣਵੀਰ ਸਿੰਘ ਨੇ ਆਪਣੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਪਰ ਉਨ੍ਹਾਂ ਦੇ ਪਹਿਰਾਵੇ ਕਾਰਨ ਦਰਸ਼ਕਾਂ ਵਿੱਚ ਉਨ੍ਹਾਂ ਦਾ ਅਕਸ ਬਿਲਕੁਲ ਵੱਖਰਾ ਹੈ।
ਜਿੱਥੇ ਕੁਝ ਦਰਸ਼ਕ ਉਨ੍ਹਾਂ ਦੇ ਕੱਪੜਿਆਂ ਨੂੰ ਨੌਜਵਾਨ ਆਈਕਨ ਮੰਨਦੇ ਹਨ, ਕੁਝ ਹੋਰ ਲੋਕਾਂ ਲਈ ਉਨ੍ਹਾਂ ਦਾ ਪਹਿਰਾਵਾ ਬੇਢੰਗਾ ਹੈ।
ਰਣਵੀਰ ਸਿੰਘ ਨੂੰ ਹਿੰਦੀ ਸਿਨੇਮਾ ਦੇ ਹੋਰ ਅਦਾਕਾਰਾਂ ਦੇ ਮੁਕਾਬਲੇ ਕਈ ਵੱਖ-ਵੱਖ ਪੋਸ਼ਾਕਾਂ ਵਿੱਚ ਦੇਖਿਆ ਗਿਆ ਹੈ। ਇਸ ਬਦਲੇ ਉਨ੍ਹਾਂ ਨੂੰ ਸੋਸ਼ਲ ਮੀਡੀਆ ''ਤੇ ਟ੍ਰੋਲ ਵੀ ਕੀਤਾ ਗਿਆ ਹੈ।
ਕਰਨ ਜੌਹਰ ਨੇ ਰਣਵੀਰ ਨੂੰ ਆਪਣੇ ਪਹਿਰਾਵੇ ''ਤੇ ਟ੍ਰੋਲ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਬਦਲੇ ਰੂਪ ਬਾਰੇ ਪੁੱਛਿਆ।
ਇਸ ''ਤੇ ਰਣਵੀਰ ਨੇ ਸਪੱਸ਼ਟ ਕੀਤਾ ਕਿ ਉਹ ਸਾਰਿਆਂ ਦੀ ਰਾਇ ਲੈਂਦੇ ਹਨ ਪਰ ਮੰਨਦੇ ਆਪਣੇ ਦਿਲ ਦੀ ਹੀ ਹਨ।
ਪਰ ਦੀਪਿਕਾ ਦੇ ਇੱਕ ਕਮੈਂਟ ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਲੋਕ ਉਨ੍ਹਾਂ ਦੇ ਕੰਮ ਤੋਂ ਵੱਧ ਉਨ੍ਹਾਂ ਦੇ ਕੱਪੜਿਆਂ ਦੀ ਚਰਚਾ ਕਰਨ ਲੱਗੇ ਸਨ।
ਦੀਪਿਕਾ ਨੇ ਉਸ ਨੂੰ ਪੁੱਛਿਆ, "ਤੁਸੀਂ ਰੰਗੀਨ ਕੱਪੜਿਆਂ ਨਾਲ ਲੋਕਾਂ ਦਾ ਧਿਆਨ ਕਿਉਂ ਭਟਕਾ ਰਹੇ ਹੋ?"
ਸੰਜੇ ਲੀਲਾ ਭੰਸਾਲੀ ਨੇ ਵੀ ਇਸ ਬਾਰੇ ਚਰਚਾ ਕੀਤੀ ਅਤੇ ਫਿਰ ਰਣਵੀਰ ਨੇ ਆਪਣਾ ਰੂਪ ਬਦਲ ਲਿਆ।
ਡਿਪਰੈਸ਼ਨ ਨਾਲ ਲੜਾਈ
2014 ਵਿੱਚ ਦੀਪਿਕਾ ਪਾਦੁਕੋਣ ਨੇ ਆਪਣੇ ਡਿਪਰੈਸ਼ਨ ਦਾ ਜ਼ਿਕਰ ਕੀਤਾ ਅਤੇ ਦੁਨੀਆਂ ਨੂੰ ਦੱਸਿਆ ਕਿ ਉਹ ਇਸ ਮਾਨਸਿਕ ਬਿਮਾਰੀ ਦਾ ਸ਼ਿਕਾਰ ਹਨ ਅਤੇ ਇਸ ਨਾਲ ਲੜਨ ਲਈ ਇੱਕ ਮਨੋਵਿਗਿਆਨੀ ਦੀ ਮਦਦ ਲੈ ਰਹੇ ਹਨ।
ਦੀਪਿਕਾ ਇਸ ਵਿਸ਼ੇ ''ਤੇ ਚਰਚਾ ਕਰਨਾ ਜ਼ਰੂਰੀ ਮੰਨਦੇ ਹਨ ਕਿਉਂਕਿ ਅਕਸਰ ਲੋਕ ਇਹ ਨਹੀਂ ਸਮਝਦੇ ਕਿ ਉਹ ਡਿਪ੍ਰੈਸ਼ਨ ਦੀ ਸ਼ਿਕਾਰ ਹੈ।
ਦੀਪਿਕਾ ਨੇ ਦੱਸਿਆ, "ਮੈਂ ਕਰੀਬ ਅੱਠ-ਨੌਂ ਮਹੀਨਿਆਂ ਤੋਂ ਡਿਪ੍ਰੈਸ਼ਨ ਨਾਲ ਇਕੱਲੀ ਜੂਝ ਰਹੀ ਸੀ। ਇੱਕ ਵਾਰ ਰਣਵੀਰ ਨਾਲ ਨਾਸ਼ਤਾ ਕਰਦੇ ਸਮੇਂ ਮੈਂ ਅਚਾਨਕ ਰੋਣ ਲੱਗ ਪਈ ਸੀ।"
ਫ਼ਿਰ ਰਣਵੀਰ ਨੇ ਦੀਪਿਕਾ ਦੇ ਪਰਿਵਾਰ ਨੂੰ ਮੁੰਬਈ ਬੁਲਾਇਆ। ਇਸ ਤੋਂ ਬਾਅਦ ਉਹ ਠੀਕ ਰਹੀ ਪਰ ਜਿਵੇਂ ਹੀ ਪਰਿਵਾਰ ਵਾਪਸ ਜਾਣ ਵਾਲਾ ਸੀ ਤਾਂ ਦੀਪਿਕਾ ਦੇ ਹਾਵ-ਭਾਵ ਬਦਲਣੇ ਸ਼ੁਰੂ ਹੋ ਗਏ ਜਿਸ ਨੂੰ ਉਨ੍ਹਾਂ ਦੀ ਮਾਂ ਸਮਝ ਗਈ।
ਉਹ ਦੀਪਿਕਾ ਨੂੰ ਮਨੋਵਿਗਿਆਨੀ ਕੋਲ ਲੈ ਗਈ।
ਦੀਪਿਕਾ ਤਕਰਬੀਨ 10 ਸਾਲਾਂ ਤੋਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਦੇ ਆ ਰਹੇ ਹਨ ਅਤੇ ਡਿਪਰੈਸ਼ਨ ਦਾ ਇਲਾਜ ਕਰਵਾ ਰਹੇ ਹਨ।
ਉਹ ਚਾਹੁੰਦੀ ਹੈ ਕਿ ਮਨੋਵਿਗਿਆਨ ਬਾਰੇ ਚਰਚਾ ਕੀਤੀ ਜਾਵੇ ਅਤੇ ਮਰੀਜ਼ਾਂ ਨੂੰ ਮਦਦ ਮਿਲੇ।
ਦੀਪਿਕਾ ਨੇ ਦੱਸਿਆ ਕਿ ਕਈ ਸਾਲਾਂ ਤੋਂ ਰਣਵੀਰ ਨੇ ਮਨੋਰੋਗ ਨੂੰ ਸਮਝਿਆ ਹੈ ਇਹ ਵੀ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ।
ਦੀਪਿਕਾ ਨੇ ਰਣਵੀਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੀਵਨ ਸਾਥੀ ਵਜੋਂ ਉਨ੍ਹਾਂ ਨੇ ਅਜਿਹਾ ਮਾਹੌਲ ਬਣਾਇਆ ਹੈ, ਜਿਸ ''ਚ ਉਹ ਸੁਰੱਖਿਅਤ ਮਹਿਸੂਸ ਕਰਦੇ ਹਨ।
ਰੈਪਿਡ ਫ਼ਾਇਰ
ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ, ਸ਼ੋਅ ਦਾ ਮਾਹੌਲ ਰੈਪਿਡ ਫਾਇਰ ਨੇ ਕੁਝ ਸਹਿਜ ਬਣਾਇਆ ਜਿਸ ਵਿੱਚ ਰਣਵੀਰ ਸਿੰਘ ਨੇ ਦਰਸ਼ਕਾਂ ਤੋਂ ਡੌਨ-3 ਲਈ ਇੱਕ ਮੌਕਾ ਮੰਗਿਆ।
ਰਣਵੀਰ ਸਿੰਘ ਜਲਦ ਹੀ ਫ਼ਰਹਾਨ ਅਖਤਰ ਦੀ ਫਿਲਮ ''ਡਾਨ-3'' ''ਚ ਨਜ਼ਰ ਆਉਣਗੇ। ਇਸ ਦੇ ਪਹਿਲੇ ਲੁੱਕ ਤੋਂ ਬਾਅਦ ਉਸ ਨੂੰ ਕਾਫ਼ੀ ਟ੍ਰੋਲ ਕੀਤਾ ਗਿਆ ਸੀ।
ਜਦੋਂ ਰਣਵੀਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਸ ਪੁਰਸ਼ ਅਦਾਕਾਰ ਨਾਲ ਲਵ ਟ੍ਰਾਈਐਂਗਲ ਖੇਡਣ ਵਿੱਚ ਕੋਈ ਇਤਰਾਜ਼ ਨਹੀਂ ਕਰਨਗੇ।
ਇਸ ''ਤੇ ਉਨ੍ਹਾਂ ਨੇ ਰਣਬੀਰ ਕਪੂਰ (ਜੋ ਦੀਪਿਕਾ ਪਾਦੂਕੋਣ ਦੇ ਬੁਆਏਫ੍ਰੈਂਡ ਰਹਿ ਚੁੱਕੇ ਹਨ) ਦਾ ਨਾਮ ਲਿਆ।
ਇਸ ਸਵਾਲ ''ਤੇ ਰਣਵੀਰ ਨੇ ਕਰਨ ਜੌਹਰ ਨੂੰ ਪੁੱਛਿਆ ਕਿ ਤੁਸੀਂ ਤਾਂ ਸਾਡੇ ਤਿੰਨਾਂ ਨਾਲ ਸੰਗਮ ਬਣਾਉਣ ਵਾਲੇ ਸੀ।
ਕਰਨ ਜੌਹਰ ਨੇ ਕਿਹਾ, “ਮੈਂ ਬਣਾਵਾਂਗਾ। ਮੈਂ ਸੰਗਮ ਹਾਲੇ ਵੀ ਬਣਾ ਸਕਦਾ ਹਾਂ। ਰਾਜ ਕਪੂਰ ਦੀ ''ਸੰਗਮ'' ਇੱਕ ਤਿਕੋਣੀ ਪ੍ਰੇਮ ਕਹਾਣੀ ''ਤੇ ਆਧਾਰਿਤ ਫ਼ਿਲਮ ਸੀ।”
ਇਸ ਦੌਰਾਨ ਜਦੋਂ ਰਣਵੀਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਦੀਪਿਕਾ ਦੀ ਆਨ-ਸਕਰੀਨ ਜੋੜੀ ਕਿਸ ਨਾਲ ਸਭ ਤੋਂ ਵਧੀਆ ਲੱਗੀ ਤਾਂ ਉਨ੍ਹਾਂ ਨੇ ਸ਼ਾਹਰੁਖ ਖਾਨ ਦਾ ਨਾਂ ਲਿਆ।
ਦੀਪਿਕਾ ਨੇ ਇਸ ਸਵਾਲ ''ਤੇ ਸ਼ਾਹਰੁਖ ਖਾਨ ਦੇ ਨਾਲ-ਨਾਲ ਰਣਬੀਰ ਕਪੂਰ, ਇਰਫ਼ਾਨ ਅਤੇ ਰਿਤਿਕ ਰੌਸ਼ਨ ਦਾ ਨਾਂ ਵੀ ਲਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਰੋਪੜ ਵਿੱਚ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ, ਅਜਿਹੇ ਮਾਮਲਿਆਂ ''ਚ ਪੀੜਤ ਮਾਪਿਆਂ ਕੋਲ ਕੀ ਹਨ...
NEXT STORY