ਰੋਪੜ ਦੇ ਵਕੀਲ ਅੰਕੁਰ ਵਰਮਾ ਦਾ ਆਪਣੀ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇੱਕ ਦਿਨ ਦੇ ਪੁਲਿਸ ਰਿਮਾਂਡ ''ਤੇ ਭੇਜ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਵਾਇਰਲ ਹੋਏ ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿਵੇਂ ਵਕੀਲ ਅੰਕੁਰ ਵਰਮਾ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਤਿੰਨੇ ਬਜ਼ੁਗਰ ਮਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ।
ਇਸ ਮਾਮਲੇ ਵਿੱਚ ਬਾਰ ਐਸੋਸੀਏਸ਼ਨ ਨੇ ਵੀ ਕਾਰਵਾਈ ਕਰਦਿਆਂ ਅੰਕੁਰ ਵਰਮਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।
ਐੱਨਜੀਓ ਦੀ ਮਦਦ ਨਾਲ ਧੀ ਨੇ ਛੁਡਵਾਈ ਮਾਂ
ਜਿਸ ਔਰਤ ਨਾਲ ਕੁੱਟਮਾਰ ਹੋਣ ਦੀ ਘਟਨਾ ਸਾਹਮਣਾ ਆਈ ਹੈ ਉਹ ਰਿਟਾਇਰਡ ਲੈਕਚਰਾਰ ਸਨ।
ਇਹ ਸਾਰੀ ਕੁੱਟਮਾਰ ਘਰ ''ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਰਹੀ ਸੀ।
ਪਰ ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵਕੀਲ ਅੰਕੁਰ ਦੀ ਭੈਣ ਆਪਣੇ ਪੇਕੇ ਘਰ ਆਈ ਅਤੇ ਉਸ ਦੇ ਹੱਥ ਕੈਮਰਿਆਂ ਦਾ ਵਾਈਫਾਈ ਕੋਡ ਲੱਗ ਗਿਆ।
ਬਜ਼ੁਰਗ ਮਾਂ ਅਧਰੰਗ ਦੀ ਸ਼ਿਕਾਰ ਹੋਣ ਕਰਕੇ ਬਹੁਤਾ ਤੁਰਨ-ਫਿਰਨ ਤੋਂ ਲਾਚਾਰ ਹੈ।
ਬਜ਼ੁਰਗ ਮਹਿਲਾ ਦੀ ਧੀ ਨੇ ਮਾਂ ਨਾਲ ਹੁੰਦੀ ਕੁੱਟਮਾਰ ਦੇ ਸਾਰੇ ਵੀਡੀਓ ਦੇਖੇ ਅਤੇ ਮਦਦ ਲਈ ਇੱਕ ਐਨਜੀਓ ਨੂੰ ਸੰਪਰਕ ਕੀਤਾ।
ਫਿਰ ਪੁਲਿਸ ਦੀ ਮੌਜੂਦਗੀ ''ਚ ਐਨਜੀਓ ਨੇ ਬੇਸੁੱਧ ਮਹਿਲਾ ਨੂੰ ਉਨ੍ਹਾਂ ਦੇ ਪੁੱਤਰ ਦੇ ਚੁੰਗਲ ''ਚੋਂ ਛੁਡਵਾਇਆ।
ਕੁਝ ਸਮੇਂ ਪਹਿਲਾਂ ਹੀ ਜਾਇਦਾਦ ਵਿੱਚ ਤਬਦੀਲੀ
ਬਜ਼ੁਰਗ ਮਹਿਲਾ ਦਾ ਨਾਮ ਆਸ਼ਾ ਰਾਣੀ ਹੈ, ਜੋ ਇਸ ਵੇਲੇ ਹਸਪਤਾਲ ''ਚ ਜ਼ੇਰੇ ਇਲਾਜ ਹਨ।
ਜਾਣਕਾਰੀ ਮੁਤਾਬਕ, ਜਦੋਂ ਉਨ੍ਹਾਂ ਦਾ ਰੈਸਕਿਊ ਕਰਨ ਲਈ ਐਨਜੀਓ ਦੇ ਆਗੂ ਪਹੁੰਚੇ ਤਾਂ ਮੁਲਜ਼ਮ ਵਕੀਲ ਅਤੇ ਉਸ ਦਾ ਪਰਿਵਾਰ ਹੱਥ ਜੋੜਦੇ ਰਹੇ ਅਤੇ ਕਹਿੰਦੇ ਰਹੇ ਕਿ ਉਹ ਪਸ਼ਚਾਤਾਪ ਕਰਦੇ ਹਨ ਅਤੇ ਅੱਗੇ ਤੋਂ ਮਾਤਾ ਦੀ ਸੇਵਾ ਕਰਨਗੇ।
ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਕੀਲ ਅੰਕੁਰ ਨੇ ਕੁਝ ਸਮਾਂ ਪਹਿਲਾਂ ਹੀ ਜਾਇਦਾਦ ਦੀ ਤਬਦੀਲ ਕੀਤੀ ਹੈ, ਜਿਸ ਦੇ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਹਨ।
ਮੁੱਖ ਬਿੰਦੂ
- ਰੋਪੜ ''ਚ ਇੱਕ ਵਕੀਲ, ਉਸ ਦੀ ਪਤਨੀ ਅਤੇ ਮੁੰਡੇ ਵੱਲੋਂ ਬਜ਼ੁਰਗ ਮਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ
- ਇਸ ਮਾਮਲੇ ਵਿੱਚ ਮੁਲਜ਼ਮ ਵਕੀਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ
- ਇਹ ਸਾਰੀ ਕਾਰਵਾਈ ਪੀੜਿਤ ਮਹਿਲਾ ਦੀ ਧੀ ਦੀ ਸ਼ਿਕਾਇਤ ਦੇ ਅਧਾਰ ''ਤੇ ਕੀਤੀ ਗਈ ਹੈ
- ਪੀੜਿਤ ਮਹਿਲਾ ਇੱਕ ਰਿਟਾਇਰਡ ਲੈਕਚਰਾਰ ਹਨ ਤੇ ਫਿਲਹਾਲ ਹਸਪਤਾਲ ''ਚ ਜ਼ੇਰੇ ਇਲਾਜ ਹਨ
- ਉੱਧਰ ਬਾਰ ਐਸੋਸੀਏਸ਼ਨ ਨੇ ਵੀ ਮੁਲਜ਼ਮ ਵਕੀਲ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ
ਹੁਣ ਤੱਕ ਕੀ ਕਾਰਵਾਈ ਹੋਈ
ਅੰਕੁਰ ਵਰਮਾ ਨੂੰ ਰੋਪੜ ਦੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਸ਼ੀਲ ਬੋਧ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਮੁਲਜ਼ਮ ਵਕੀਲ ਅੰਕੁਰ ਵਰਮਾ ਵੱਲੋਂ ਕੋਈ ਵੀ ਵਕੀਲ ਅਦਾਲਤ ''ਚ ਪੇਸ਼ ਨਹੀਂ ਹੋਇਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਕੀਲ ਦੀ ਜਾਇਦਾਦ ਦੀ ਜਾਂਚ ਵੀ ਕੀਤੀ ਜਾਣੀ ਹੈ, ਜੋ ਕਿ ਉਨ੍ਹਾਂ ਨੇ ਆਪਣੀ ਮਾਤਾ ਤੋਂ ਲਈ ਹੈ।
ਅੰਕੁਰ ਵਰਮਾ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦਾ ਆਪਣੀ ਭੈਣ ਨਾਲ ਪਰਿਵਾਰਕ ਝਗੜਾ ਹੈ।
ਸਿਟੀ ਪੁਲਿਸ ਰੂਪਨਗਰ ਦੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਵਕੀਲ ਅੰਕੁਰ ਵਰਮਾ, ਉਨ੍ਹਾਂ ਦੀ ਪਤਨੀ ਅਤੇ ਇੱਕ ਨਾਬਾਲਗ ਪੁੱਤਰ ''ਤੇ ਆਈਪੀਸੀ ਦੀਆਂ ਧਰਾਵਾਂ 323, 342, 355, ਅਤੇ 327 ਸਣੇ ਮਾਪਿਆਂ ਦੀ ਸੇਵਾ ਅਤੇ ਸੰਭਾਲ ਲਈ ਬਣੇ ਐਕਟ ਦੇ ਸੈਕਸ਼ਨ 24 ਅਧੀਨ ਐੱਫ਼ਆਈਆਰ ਦਰਜ ਕਰਕੇ ਅੰਕੁਰ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਧੀ ਦੀ ਸ਼ਿਕਾਇਤ ਦੇ ਆਧਾਰ ''ਤੇ ਇਹ ਕਾਰਵਾਈ ਕੀਤੀ ਗਈ ਹੈ।
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਪੂਰੀ ਘਟਨਾ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਛੇਤੀ ਤੋਂ ਛੇਤੀ ਪੇਸ਼ ਕਰਨ।
ਇਸ ਦੇ ਨਾਲ ਹੀ ਉਨ੍ਹਾਂ ਡਿਪਟੀ ਕਮਿਸ਼ਨਰ ਰੋਪੜ ਨੂੰ ਨਿਰਦੇਸ਼ ਦਿੱਤੇ ਕਿ ਆਈਪੀਸੀ ਦੀਆਂ ਧਰਾਵਾਂ 327, 342, 344, 355 ਅਤੇ ਸੈਕਸ਼ਨ-6 ਮੇਨਟੇਨੈਂਸ ਆਫ਼ ਪੇਰੈਂਟਸ ਐਂਡ ਵੈਲਫੇਅਰ ਆਫ਼ ਸੀਨੀਅਰ ਸਿਟੀਜ਼ਨ ਐਕਟ ਅਧੀਨ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰੋਪੜ ਵਿਖੇ ਵਕੀਲ ਪੁੱਤ ਵੱਲੋਂ ਆਪਣੀ ਮਾਂ ਦੀ ਕੁੱਟਮਾਰ ਸਬੰਧੀ ਜਾਣਕਾਰੀ ਉਨ੍ਹਾਂ ਨੂੰ ''ਸਖੀ ਵਨ ਸਟਾਪ'' ਸੈਂਟਰ ਰਾਹੀਂ ਪ੍ਰਾਪਤ ਹੋਈ ਸੀ।
ਸੂਬੇ ਦੇ ਸਖੀ ਵਨ ਸਟਾਪ ਸੈਂਟਰਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਮੁਫ਼ਤ ਸੇਵਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਸੱਭਿਅਕ ਸਮਾਜ ''ਚ ਬਜ਼ੁਰਗਾਂ ਵਿੱਚ ਡਰ ਦੀ ਭਾਵਨਾ ਪੈਦਾ ਕਰਨ ਵਾਲਾ ਅਤੇ ਸਮਾਜ ਵਿੱਚ ਬਜ਼ੁਰਗਾਂ ਨੂੰ ਅਣਗੌਲਿਆਂ ਕਰਨ ਵਾਲਾ ਹੈ।
ਬਾਰ ਐਸੋਸੀਏਸ਼ਨ ਨੇ ਵਕੀਲ ਦੀ ਮੈਂਬਰਸ਼ਿੱਪ ਕੀਤੀ ਰੱਦ
ਉਥੇ ਹੀ ਦੂਜੇ ਪਾਸੇ ਰੋਪੜ ਐਸੋਸੀਏਸ਼ਨ ਨੇ ਵਕੀਲ ਅਕੁੰਰ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਬਾਰ ਕੌਂਸਲ ਵੱਲੋਂ ਲਾਇਸੈਂਸ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਇਸ ਮੌਕੇ ''ਤੇ ਜਦੋਂ ਰੋਪੜ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰੀਕ ਸਿੰਘ ਕਟਵਾਲ ਨਾਲ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਬਾਰ ਐਸੋਸੀਏਸ਼ਨ ਵੱਲੋਂ ਅੰਕੁਰ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ।
''''ਸੋਮਵਾਰ ਨੂੰ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਹੈ ਅਤੇ ਬਹੁਮਤ ਦੇ ਨਾਲ ਇਹ ਫੈਸਲਾ ਪਾਸ ਕਰ ਦਿੱਤਾ ਜਾਵੇਗਾ।''''
ਉਨ੍ਹਾਂ ਕਿਹਾ ਕਿ ਅੰਕੁਰ ਵਰਮਾ ਦਾ ਚੈਂਬਰ ਅਤੇ ਲਾਇਸੈਂਸ ਰੱਦ ਕਰਨ ਲਈ ਬਾਰ ਕੌਂਸਲ ਪੰਜਾਬ ਹਰਿਆਣਾ ਕੋਰਟ ਨੂੰ ਬੇਨਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ ਹੈ ਉਨ੍ਹਾਂ ਵਿੱਚ ਘੱਟੋ-ਘੱਟ 10 ਸਾਲ ਦੀ ਸਜ਼ਾ ਹੁੰਦੀ ਹੈ।
ਅਜਿਹੇ ਵਿੱਚ ਕੀ ਕਰਨ ਪੀੜਿਤ ਮਾਪੇ?
ਬੀਬੀਸੀ ਪੰਜਾਬੀ ਦੀ ਸਹਿਯੋਗੀ ਅਨੁਰੀਤ ਸ਼ਰਮਾ ਨੇ ਇਸ ਮਾਮਲੇ ਵਿੱਚ ਕੁਝ ਸਵਾਲਾਂ ਦੇ ਜਵਾਬ ਜਾਣਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨਾਲ ਗੱਲਬਾਤ ਕੀਤੀ।
ਰਾਜਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਅਜਿਹੇ ਮਾਮਲੇ ਵਿੱਚ ਪੀੜਿਤ ਮਾਪੇ ਸੀਨੀਅਰ ਸਿਟੀਜ਼ਨ ਅਤੇ ਪੇਰੇਂਟਸ ਵੈਲਫੇਅਰ ਐਕਟ ਦੇ ਤਹਿਤ ਉਸ ਹਰ ਜਾਇਦਾਦ ਨੂੰ ਵਾਪਸ ਲੈ ਸਕਦੇ ਹਨ ਜੋ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਮ ਕਰਵਾਈ ਹੈ।
ਇਸ ਦੇ ਲਈ ਉਨ੍ਹਾਂ ਨੂੰ ਸਿਰਫ਼ ਐਸਡੀਐਮ ਨੂੰ ਅਰਜ਼ੀ ਦੇਣੀ ਪਵੇਗੀ।
ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਕੁੱਟਮਾਰ ਜਾਂ ਵਿਵਹਾਰ ਇੱਕ ਕਾਨੂੰਨੀ ਜੁਰਮ ਹੈ ਅਤੇ ਇਸ ਲਈ ਸਿੱਧੀ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਜਾ ਸਕਦੀ ਹੈ।
ਐਡਵੋਕੇਟ ਬੈਂਸ ਕਹਿੰਦੇ ਹਨ ਕਿ ਤੀਜਾ ਆਪਸ਼ਨ ਇਹ ਹੈ ਕਿ ਜੇਕਰ ਮਾਪਿਆਂ ਕੋਲ ਕਮਾਈ ਦਾ ਕੋਈ ਜ਼ਰੀਆ ਨਹੀਂ ਹੈ ਤਾਂ ਬੱਚਿਆਂ ਨੂੰ ਉਨ੍ਹਾਂ ਨੂੰ ਖਰਚਾ (ਮੈਨੇਟੇਨੈਂਸ) ਦੇਣ ਲਈ ਕਿਹਾ ਜਾ ਸਕਦਾ ਹੈ।
ਕੁੱਟਮਾਰ ਸਬੰਧੀ ਕਾਨੂੰਨੀ ਧਾਰਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਸੱਟਾਂ ਮੁਤਾਬਕ ਵੱਖਰੀਆਂ ਧਾਰਾਵਾਂ ਹੁੰਦੀਆਂ ਹਨ।
ਉਹ ਕਹਿੰਦੇ ਹਨ ਕਿ ਜੇਕਰ ਕਤਲ ਦੀ ਕੋਸ਼ਿਸ਼ ਜਾਪਦੀ ਹੈ ਤਾਂ ਧਾਰਾ 307 ਵੀ ਲੱਗ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨਾਲ ਇਸ ਤਰ੍ਹਾਂ ਕੁੱਟਮਾਰ ਕੀਤੀ ਜਾਵੇ ਤੇ ਉਹ ਮਰਨ ਦੀ ਹਾਲਤ ਵਿੱਚ ਹੋਵੇ, ਤਾਂ ਅਜਿਹੇ ਮਾਮਲੇ ਵਿੱਚ ਉਮਰ ਕੈਦ ਵੀ ਹੋ ਸਕਦੀ ਹੈ।
ਭਾਰਤ ''ਚ ਬਣਿਆ ਇਹ ਟੀਕਾ ਮਰਦਾਂ ਨੂੰ ਪਿਤਾ ਬਣਨ ਤੋਂ ਕਿਵੇਂ ਰੋਕੇਗਾ
NEXT STORY