"ਮੈਂ ਜਿੱਥੇ ਵੀ ਜਾਵਾਂ, ਲੋਕ ਮੈਨੂੰ ਕਹਿੰਦੇ ਹਨ ਤੂੰ ਬੁੱਢਾ ਹੋ ਗਿਆ ਹੈ।"
ਇਹ ਬੋਲ ਹਾਲੇ ਸਕੂਲ ਵਿੱਚ ਹੀ ਪੜ੍ਹਦੇ ਦੋਨਾ ਨਾਨਕਾ ਪਿੰਡ ਵਿੱਚ ਰਹਿੰਦੇ ਇੱਕ ਬੱਚੇ ਦੇ ਹਨ।
ਦੋਨਾ ਨਾਨਕਾ ਪਿੰਡ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਪੈਂਦਾ ਹੈ।
ਇੱਥੇ ਰਹਿੰਦੇ ਕਈ ਬੱਚਿਆਂ ਦੇ ਵਾਲ ਛੋਟੀ ਉਮਰ ਵਿੱਚ ਹੀ ਚਿੱਟੇ ਹੋ ਗਏ ਹਨ।
ਚਿੱਟੇ ਵਾਲਾਂ ਦੀ ਸਮੱਸਿਆ ਮੁੱਖ ਤੌਰ ''ਤੇ ਵੱਡੀਆਂ ਜਮਾਤਾਂ ਵਿੱਚ ਪੜ੍ਹਦੇ ਬੱਚਿਆਂ ਵਿੱਚ ਜ਼ਿਆਦਾ ਹਨ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਨਾ-ਮਾਤਰ ਹੈ।
‘ਸਮੱਸਿਆ ਸਾਫ਼ ਪਾਣੀ ਦੇ ਨਾ ਹੋਣ ਕਰਕੇ ਹੈ’
ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਦੂਸ਼ਿਤ ਪਾਣੀ ਕਾਰਨ ਉਨ੍ਹਾਂ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਰਹੇ ਹਨ।
ਹਾਲਾਂਕਿ ਸਰਕਾਰੀ ਡਾਕਟਰ ਕਹਿੰਦੇ ਹਨ ਕਿ ਬੱਚਿਆਂ ਵਿੱਚ ਖਣਿਜਾਂ ਦੀ ਕਮੀ ਸਮੇਂ ਤੋਂ ਪਹਿਲਾਂ ਵਾਲਾਂ ਦੇ ਚਿੱਟੇ ਹੋਣ ਦਾ ਇੱਕ ਸੰਭਾਵਿਤ ਕਾਰਨ ਹੋ ਸਕਦਾ ਹੈ।
ਬੀਬੀਸੀ ਪੰਜਾਬੀ ਨੇ ਦੋਨਾ ਨਾਨਕਾ ਪਿੰਡ ਦਾ ਦੌਰਾ ਕੀਤਾ ਜਿੱਥੇ ਅਸੀਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਛੋਟੀ ਉਮਰ ਵਿੱਚ ਵਾਲ ਚਿੱਟੇ ਹੋ ਚੁੱਕੇ ਹਨ।
ਇਸ ਸਾਲ ਹੜ੍ਹਾਂ ਕਾਰਨ ਪਿੰਡ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਅੱਜ ਵੀ ਟੁੱਟੇ ਘਰ ਦੇਖੇ ਜਾ ਸਕਦੇ ਹਨ।
ਇਹੀ ਨਹੀਂ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਭਰਿਆ ਪਿਆ ਹੈ ਜਿਸ ਕਾਰਨ ਪਿੰਡ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਵਿੱਚੋਂ ਵਗ਼ਦੇ ਸਤਲੁਜ ਦਾ ਪਾਣੀ ਬਹੁਤ ਦੂਸ਼ਿਤ ਹੈ
ਮਿਡਲ ਸਕੂਲ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਲ ਤਿੰਨ ਸਾਲ ਪਹਿਲਾਂ ਤੋਂ ਸਫ਼ੈਦ ਹੋਣੇ ਸ਼ੁਰੂ ਹੋ ਗਏ ਸਨ।
ਬੱਚੇ ਦੀ ਮਾਂ ਦੱਸਦੇ ਹਨ ਕਿ ਉਨ੍ਹਾਂ ਦੇ ਬੱਚੇ ਦੇ ਵਾਲ ਪਹਿਲਾਂ ਆਮ ਵਾਂਗ ਕਾਲੇ ਸਨ ਪਰ ਜਦੋਂ ਉਹ 9 ਸਾਲ ਦਾ ਹੋਇਆ ਤਾਂ ਉਸਦੇ ਵਾਲ ਸਫ਼ੈਦ ਹੋਣ ਲੱਗ ਪਏ।
ਉਨ੍ਹਾਂ ਦੱਸਿਆ, ‘‘ਦੇਖਦੇ ਹੀ ਦੇਖਦੇ ਬੱਚੇ ਦਾ ਸਿਰ ਸਫ਼ੈਦ ਵਾਲਾਂ ਨਾਲ ਭਰ ਗਿਆ। ਮੁੱਖ ਤੌਰ ''ਤੇ ਇਸ ਸਮੱਸਿਆ ਪਿੱਛੇ ਸਾਫ਼ ਪਾਣੀ ਦਾ ਨਾ ਹੋਣਾ ਹੈ। ਅਸੀਂ ਪੀਣ ਵਾਲੇ ਸਾਫ਼ ਪਾਣੀ ਲਈ ਆਰ.ਓ ਵੀ ਲਗਾਇਆ ਹੈ ਪਰ ਨਹਾਉਣ ਵਰਗੇ ਹੋਰ ਕੰਮਾਂ ਲਈ ਆਮ ਪਾਣੀ ਦੀ ਵਰਤੋਂ ਕਰਦੇ ਹਾਂ ਜੋ ਕਿ ਠੀਕ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਡਾਕਟਰ ਦੀ ਸਲਾਹ ਨਹੀਂ ਲਈ, ਪਰ ਪੁੱਤਰ ਦੇ ਸਫ਼ੈਦ ਵਾਲਾਂ ਲਈ ਕਈ ਤੇਲਾਂ ਦੀ ਵਰਤੋਂ ਜ਼ਰੂਰ ਕੀਤੀ ਸੀ।
‘ਵਾਲ ਬਚਪਨ ਤੋਂ ਸਫ਼ੈਦ, ਹੁਣ ਡਾਈ ਕਰਦਾ ਹਾਂ’
ਅੱਠਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ ਵੀ ਬੀਬੀਸੀ ਨਾਲ ਆਪਣਾ ਤਜਰਬਾ ਸਾਂਝਾ ਕੀਤਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੀ ਸਫ਼ੈਦ ਵਾਲ ਹਨ ਅਤੇ ਉਹ ਆਪਣੇ ਵਾਲਾਂ ਨੂੰ ਡਾਈ ਕਰਦੇ ਹਨ ਤਾਂ ਜੋ ਉਹ ਦੂਜੇ ਬੱਚਿਆਂ ਵਰਗੇ ਲੱਗ ਸਕਣ।
ਉਨ੍ਹਾਂ ਦੱਸਿਆ, ‘‘ਮੇਰੇ ਵਾਲ ਬਚਪਨ ਤੋਂ ਹੀ ਸਫ਼ੈਦ ਸਨ ਤੇ ਇੱਕ ਮਹੀਨਾ ਪਹਿਲਾਂ ਹੀ ਵਾਲਾਂ ਨੂੰ ਡਾਈ ਕਰਨਾ ਸ਼ੁਰੂ ਕੀਤਾ ਹੈ।’’
ਬੱਚੇ ਦੇ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਬੱਚੇ ਦੇ ਜ਼ਿਆਦਾ ਵਾਲ ਸਫ਼ੈਦ ਹਨ, ਇਸੇ ਕਾਰਨ ਵਾਲਾਂ ਨੂੰ ਰੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਵਿੱਚ ਬਿਮਾਰੀਆਂ ਦਾ ਕਾਰਨ ਪਾਣੀ ਦੀ ਮਾੜੀ ਗੁਣਵੱਤਾ ਹੈ।’’
‘ਜਿੱਥੇ ਵੀ ਜਾਂਦਾਂ ਹਾਂ, ਮੈਨੂੰ ਬੁੱਢਾ ਕਹਿੰਦੇ ਹਨ’
ਨੌਜਵਾਨਾਂ ਵਿੱਚ ਚਿੱਟੇ ਵਾਲਾਂ ਦੀ ਇਹ ਸਮੱਸਿਆ ਕਿਸੇ ਸਦਮੇ ਤੋਂ ਘੱਟ ਨਹੀਂ ਹੈ।
ਵਾਲਾਂ ਦੇ ਸਫ਼ੈਦ ਹੋਣ ਕਾਰਨ ਮਾਨਸਿਕ ਤਣਾਅ ਬਾਰੇ ਇੱਕ ਬੱਚੇ ਨੇ ਦੱਸਿਆ, ‘‘ਮੈਨੂੰ ਮੇਰੇ ਵਾਲਾਂ ਦਾ ਸਫ਼ੈਦ ਹੋਣਾ ਬੁਰਾ ਲੱਗਦਾ ਹੈ। ਜਿੱਥੇ ਵੀ ਜਾਂਦਾ ਹਾਂ, ਲੋਕ ਕਹਿੰਦੇ ਹਨ ਕਿ ਤੂੰ ਬੁੱਢਾ ਹੋ ਗਿਆ ਹੈਂ। ਡਾਕਟਰਾਂ ਨੇ ਮੈਨੂੰ ਦੱਸਿਆ ਕਿ ਪਿੰਡ ਦਾ ਪਾਣੀ ਠੀਕ ਨਹੀਂ ਹੈ।’’
ਬੱਚੇ ਦੇ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ, ‘‘ਮੇਰੇ ਭਰਾ ਨੂੰ ਪਾਣੀ ਦੀ ਖ਼ਰਾਬ ਗੁਣਵੱਤਾ ਕਾਰਨ ਵਾਲਾਂ ਦੇ ਸਫ਼ੈਦ ਹੋਣ ਦੀ ਸਮੱਸਿਆ ਹੈ। ਮੇਰੇ ਭਰਾ ਦੇ ਜਨਮ ਤੋਂ ਤਿੰਨ-ਚਾਰ ਸਾਲ ਬਾਅਦ ਹੀ ਵਾਲਾਂ ਦੇ ਸਫ਼ੈਦ ਹੋਣ ਦੀ ਸਮੱਸਿਆ ਸ਼ੁਰੂ ਹੋ ਗਈ ਸੀ।
"ਮੈਂ ਆਪਣੇ ਭਰਾ ਦਾ ਇਲਾਜ ਵੀ ਕਰਵਾਇਆ ਅਤੇ ਦਵਾਈ ਵੀ ਦਿੱਤੀ ਪਰ ਕੋਈ ਫਾਇਦਾ ਨਹੀਂ ਹੋਇਆ।"
ਉਨ੍ਹਾਂ ਕਿਹਾ ਕਿ ਸਾਡੇ ਘਰ ਵਾਟਰ ਪਿਊਰੀਫਾਇਰ ਵੀ ਨਹੀਂ ਹੈ।
ਪਿੰਡ ਦੀ ਪੰਚਾਇਤ ਸਮੱਸਿਆ ਬਾਰੇ ਕੀ ਕਹਿੰਦੀ
ਦੋਨਾ ਨਾਨਕਾ ਪਿੰਡ ਦੀ ਪੰਚਾਇਤ ਦੇ ਮੈਂਬਰ ਓਮ ਪ੍ਰਕਾਸ਼
ਦੋਨਾ ਨਾਨਕਾ ਪਿੰਡ ਦੀ ਪੰਚਾਇਤ ਦੇ ਮੈਂਬਰ ਓਮ ਪ੍ਰਕਾਸ਼ ਹਨ।
ਉਹ ਵੀ ਵਾਲਾਂ ਦੇ ਸਫ਼ੈਦ ਹੋਣ ਦੀ ਸਮੱਸਿਆ ਪਿੱਛੇ ਪਿੰਡ ਦੇ ਪਾਣੀ ਦਾ ‘ਬਹੁਤ ਮਾੜਾ’ ਹੋਣਾ ਦੱਸਦੇ ਹਨ।
ਓਮ ਪ੍ਰਕਾਸ਼ ਕਹਿੰਦੇ ਹਨ, ‘‘ਪਾਣੀ ਦੀ ਮਾੜੀ ਗੁਣਵੱਤਾ ਕਾਰਨ ਸਾਡੇ ਬੱਚਿਆਂ ਦੇ ਵਾਲ ਸਫ਼ੈਦ ਹੋ ਰਹੇ ਹਨ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋ ਸੰਸਦ ਮੈਂਬਰ ਬਣੇ ਸਨ ਤਾਂ ਉਨ੍ਹਾਂ ਨੇ ਪਿੰਡ ਦਾ ਦੌਰਾ ਕੀਤਾ ਸੀ ਅਤੇ ਪਿੰਡ ਦੇ ਸਕੂਲ ਨੂੰ ਮੋਟਰ ਲਈ 50 ਹਜ਼ਾਰ ਰੁਪਏ ਦੀ ਗਰਾਂਟ ਵੀ ਦਿੱਤੀ ਸੀ।’’
‘‘ਸਤਲੁਜ ਦਾ ਡਰੇਨ ਜੋ ਪਿੰਡ ਦੇ ਨੇੜਿਓਂ ਲੰਘਦਾ ਹੈ, ਉਸ ਵਿੱਚ ਦੂਸ਼ਿਤ ਪਾਣੀ ਹੈ। ਅਸੀਂ ਬੇਨਤੀ ਕੀਤੀ ਹੈ ਕਿ ਸਤਲੁਜ ਦੇ ਪਾਣੀ ਨੂੰ ਟਰੀਟ ਕੀਤਾ ਜਾਵੇ ਕਿਉਂਕਿ ਨਾ ਸਿਰਫ਼ ਪਿੰਡ ਵਾਸੀਆਂ ਦੀ ਸਿਹਤ, ਸਗੋਂ ਸਾਡੀਆਂ ਫ਼ਸਲਾਂ ''ਤੇ ਵੀ ਮਾੜਾ ਅਸਰ ਪੈਂਦਾ ਹੈ।’’
ਪੰਚਾਇਤ ਮੈਂਬਰ ਓਮ ਪ੍ਰਕਾਸ਼ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਵਿੱਚ ਵਾਟਰ ਵਰਕਸ ਲਗਾਇਆ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿੰਦੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਇੱਕ ਭਾਸ਼ਣ ਵਿੱਚ ਦੋਨਾ ਨਾਨਕਾ ਦਾ ਜ਼ਿਕਰ ਕੀਤਾ ਸੀ।
ਇਸੇ ਸਾਲ ਵਿਸ਼ਵ ਵਾਤਾਵਰਨ ਦਿਵਸ ਮੌਕੇ ਦਿੱਤੇ ਭਾਸ਼ਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੋਨਾ ਨਾਨਕਾ ਪਿੰਡ ਦੇ ਬੱਚਿਆਂ ਦੀ ਸਥਿਤੀ ਦਾ ਜ਼ਿਕਰ ਕੀਤਾ ਸੀ।
ਉਸ ਵੇਲੇ ਉਨ੍ਹਾਂ ਕਿਹਾ ਸੀ ਕਿ ਸਤਲੁਜ ਦਰਿਆ ਦਾ ਪਾਣੀ ਨੰਗਲ ਕਸਬੇ ਵਿੱਚ ਨੀਲਾ ਰਹਿੰਦਾ ਹੈ ਅਤੇ ਲੁਧਿਆਣਾ ਵਿਖੇ ਕਾਲਾ ਹੋ ਜਾਂਦਾ ਹੈ।
ਮਾਨ ਨੇ ਇਸ ਪਿੱਛੇ ਦੇ ਕਾਰਨਾਂ ਬਾਰੇ ਵੀ ਜ਼ਿਕਰ ਕੀਤਾ ਸੀ।
ਉਨ੍ਹਾਂ ਕਿਹਾ ਸੀ, ‘‘ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਰੀਆਂ ਸਨਅਤਾਂ ਵਲੋਂ ਛੱਡਿਆ ਜਾਂਦਾ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਪੈਂਦਾ ਹੈ। ਪਾਕਿਸਤਾਨ ਨੇ ਕਸੂਰ ਖੇਤਰ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਚਮੜੇ ਦੀਆਂ ਫੈਕਟਰੀਆਂ ਵੀ ਸਥਾਪਿਤ ਹਨ ਅਤੇ ਉਨ੍ਹਾਂ ਦਾ ਪਾਣੀ ਵੀ ਦਰਿਆ ਵਿੱਚ ਪੈਂਦਾ ਹੈ।’’
‘‘ਮੈਂ ਕਰੀਬ 15 ਸਾਲ ਪਹਿਲਾਂ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਅਤੇ ਤੇਜਾ ਰੋਹੇਲਾ ਗਿਆ ਸੀ। ਇਨ੍ਹਾਂ ਪਿੰਡਾਂ ਦੇ ਹਰ ਘਰ ਵਿੱਚ ਅਧਰੰਗ ਨਾਲ ਪੀੜਤ ਬੱਚੇ ਪੈਦਾ ਹੋਣ ਕਾਰਨ ਵ੍ਹੀਲ ਚੇਅਰ ਹੈ।’’
ਵਾਤਾਵਰਨ ਦਿਵਸ ਮੌਕੇ ਉਨ੍ਹਾਂ ਕਿਹਾ ਸੀ ਕਿ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਜ਼ਹਿਰੀਲੀਆਂ ਧਾਤਾਂ ਪਾਈਆਂ ਜਾਂਦੀਆਂ ਹਨ, ਜਿਵੇਂ ਕਿ ਆਰਸੈਨਿਕ ਤੇ ਯੂਰੇਨੀਅਮ।
ਉਨ੍ਹਾਂ ਕਿਹਾ ਸੀ, ‘‘5 ਜਾਂ 6 ਸਾਲ ਦੇ ਬੱਚਿਆਂ ਦੇ ਵਾਲ ਸਫੈਦ ਹੁੰਦੇ ਹਨ ਅਤੇ ਤੀਜੀ ਜਾਂ ਚੌਥੀ ਜਮਾਤ ਦੀਆਂ ਲੜਕੀਆਂ ਸਫੈਦ ਵਾਲਾਂ ਨੂੰ ਰੰਗ ਕਰਕੇ ਸਕੂਲ ਜਾਂਦੀਆਂ ਹਨ।’’
ਜੁਲਾਈ 2022 ਵਿੱਚ ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਤੇਜਾ ਰੁਹੇਲਾ ਅਤੇ ਦੋਨਾ ਨਾਨਕਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਨਹਿਰੀ ਪਾਣੀ ’ਤੇ ਆਧਾਰਿਤ ਮੈਗਾ ਵਾਟਰ ਵਰਕਸ ਦੀ ਉਸਾਰੀ ’ਤੇ 1100 ਕਰੋੜ ਰੁਪਏ ਖਰਚ ਕਰੇਗੀ।
‘ਜਲਦ ਪੂਰੇ ਹੋਣਗੇ ਵਾਟਰ ਟਰੀਟਮੈਂਟ ਪਲਾਂਟ ਪ੍ਰੋਜੈਕਟ’
ਐੱਸਡੀਐੱਮ ਰਵਿੰਦਰ ਸਿੰਘ ਅਰੋੜਾ
ਫਾਜ਼ਿਲਕਾ ਦੇ ਐੱਸਡੀਐੱਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਚਾਇਤੀ ਰਾਜ ਵਿਭਾਗ ਅਧੀਨ ਪੈਂਦੇ ਦੋਨਾ ਨਾਨਕਾ ਵਰਗੇ ਸਰਹੱਦੀ ਪਿੰਡਾਂ ਵਿੱਚ 27 ਦੇ ਕਰੀਬ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਹੋਏ ਹਨ।
ਉਨ੍ਹਾਂ ਕਿਹਾ, ‘‘ਸਾਡੇ ਕੋਲ ਵਾਟਰ ਟਰੀਟਮੈਂਟ ਪਲਾਂਟ ਦੇ ਦੋ ਵੱਡੇ ਪ੍ਰੋਜੈਕਟ ਹਨ ਜੋ ਜਲਦੀ ਹੀ ਪੂਰੇ ਕੀਤੇ ਜਾਣਗੇ। ਵਾਟਰ ਟਰੀਟਮੈਂਟ ਪਲਾਂਟ ਦਾ ਮਕਸਦ ਸਾਫ਼ ਪਾਣੀ ਮੁਹੱਈਆ ਕਰਵਾਉਣਾ ਹੈ।’’
ਐੱਸਡੀਐੱਮ ਮੁਤਾਬਕ ਵਿਗਿਆਨਕ ਤੌਰ ''ਤੇ ਇਹ ਗੱਲ ਸਾਬਤ ਹੈ ਕਿ ਇਹਨਾਂ ਸਮੱਸਿਆਵਾਂ ਪਿੱਛੇ ਕਾਰਨ ਪਾਣੀ ਹੈ ਤੇ ਉਹ ਲੋੜੀਂਦੀਆਂ ਡਾਕਟਰੀ ਸਹੂਲਤਾਂ ਵੀ ਪ੍ਰਦਾਨ ਕਰ ਰਹੇ ਹਨ।
ਡਾਕਟਰ ਕੀ ਕਹਿੰਦੇ
ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਕਵਿਤਾ
ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਕਵਿਤਾ ਮੁਤਾਬਕ ਕਈ ਸਾਲ ਪਹਿਲਾਂ ਪਿੰਡਾਂ ਵਿੱਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਮਰੀਜ਼ ਪੌਜ਼ੀਟਿਵ ਆਉਂਦੇ ਸਨ।
ਉਹ ਕਹਿੰਦੇ ਹਨ, ‘‘ਇਸ ਵੇਲੇ ਸਰਹੱਦੀ ਪਿੰਡਾਂ ਵਿੱਚ ਪਾਣੀ ਨਾਲ ਸਬੰਧਤ ਬਿਮਾਰੀ ਦਾ ਕੋਈ ਵੀ ਵੱਡਾ ਕੇਸ ਪੌਜ਼ੀਟਿਵ ਨਹੀਂ ਪਾਇਆ ਗਿਆ। ਅਸੀਂ ਪਿੰਡ ਵਾਸੀਆਂ ਦੀ ਸਿਹਤ ਦੀ ਨਿਯਮਤ ਨਿਗਰਾਨੀ ਕਰ ਰਹੇ ਹਾਂ। ਪਿੰਡ ਹਸਤੇ ਕਲਾਂ ਵਿਖੇ ਸਾਡਾ ਆਮ ਆਦਮੀ ਕਲੀਨਿਕ ਹੈ ਜਿੱਥੇ ਸਾਡੇ ਡਾਕਟਰ ਬਕਾਇਦਾ ਬੈਠ ਕੇ ਮਰੀਜ਼ਾਂ ਦੀ ਜਾਂਚ ਕਰਦੇ ਹਨ।’’
‘‘ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਬੱਚਿਆਂ ਵਿੱਚ ਖਣਿਜ ਅਤੇ ਵਿਟਾਮਿਨ ਦੀ ਕਮੀ ਉਨ੍ਹਾਂ ਦੇ ਸਫੈਦ ਵਾਲਾਂ ਦਾ ਇੱਕ ਸੰਭਾਵੀ ਕਾਰਨ ਹੋ ਸਕਦਾ ਹੈ।’’
ਡਾ. ਪ੍ਰਿੰਕਮਸ਼ੀ ਅਰੋੜਾ
ਇਸੇ ਤਰ੍ਹਾਂ ਫਾਜ਼ਿਲਕਾ ਸਥਿਤ ਸਰਕਾਰੀ ਮਨੋਵਿਗਿਆਨੀ ਡਾਕਟਰ ਪ੍ਰਿੰਕਮਸ਼ੀ ਅਰੋੜਾ ਨੇ ਕਿਹਾ ਕਿ ਸਫ਼ੈਦ ਵਾਲ ਬੱਚਿਆਂ ਦੇ ਆਤਮਵਿਸ਼ਵਾਸ ਅਤੇ ਮਨੋਬਲ ਨੂੰ ਜ਼ਰੂਰ ਪ੍ਰਭਾਵਿਤ ਕਰਦੇ ਹਨ।
ਉਹ ਕਹਿੰਦੇ ਹਨ, ‘‘ਸਾਨੂੰ ਉਨ੍ਹਾਂ ਦੀ ਚੰਗੀ ਮਾਨਸਿਕ ਸਿਹਤ ਲਈ ਉਨ੍ਹਾਂ ਨੂੰ ਕੌਂਸਲਿੰਗ ਦੇਣੀ ਚਾਹੀਦੀ ਹੈ।’’
‘ਪਾਣੀ ਵਿੱਚ ਭਾਰੀ ਧਾਤਾਂ ਵੱਡੀ ਮਾਤਰਾ ਵਿੱਚ ਮੌਜੂਦ’
ਪ੍ਰਿਤਪਾਲ ਮੁਤਾਬਕ ਬੱਚਿਆਂ ਦੇ ਸਫੈਦ ਵਾਲਾਂ ਦਾ ਮੁੱਖ ਕਾਰਨ ਪਾਣੀ ਵਿੱਚ ਭਾਰੀ ਧਾਤਾਂ ਦਾ ਵੱਡੀ ਮਾਤਰਾ ਵਿੱਚ ਮੌਜੂਦ ਹੋਣਾ ਹੈ
ਫਰੀਦਕੋਟ ਸਥਿਤ ਸੰਸਥਾ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਬੱਚਿਆਂ ਦੀ ਸਿਹਤ ਦੇ ਸਬੰਧ ਵਿੱਚ ਕੰਮ ਕਰਦੀ ਹੈ।
ਇਸ ਕੇਂਦਰ ਦੇ ਮਾਹਿਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਸਫੈਦ ਵਾਲਾਂ ਦਾ ਮੁੱਖ ਕਾਰਨ ਪਾਣੀ ਵਿੱਚ ਭਾਰੀ ਧਾਤਾਂ ਦਾ ਵੱਡੀ ਮਾਤਰਾ ਵਿੱਚ ਮੌਜੂਦ ਹੋਣਾ ਹੈ, ਜਿਸ ਨਾਲ ਹੋਰ ਵੀ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ।
ਉਨ੍ਹਾਂ ਮੁਤਾਬਕ ਤਾਜ਼ਾ ਅਧਿਐਨ ਇਹ ਵੀ ਇਸ਼ਾਰਾ ਕਰਦੇ ਹਨ ਕਿ ਇਹ ਸਮੱਸਿਆ ਡੀਐੱਨਏ ਕਾਰਨ ਵੀ ਹੁੰਦੀ ਹੈ।
ਉਨ੍ਹਾਂ ਕਿਹਾ, ‘‘ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਾਰਨ ਜ਼ਮੀਨੀ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ। ਚਮੜੀ ਦੇ ਰੋਗਾਂ ਦਾ ਵੱਡਾ ਕਾਰਨ ਪਾਣੀ ਵਿੱਚ ਆਰਸੈਨਿਕ ਦਾ ਹੋਣਾ ਹੈ ਅਤੇ ਇਸ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਕਾਰਨ ਲੋਕਾਂ ਨੂੰ ਗੁਰਦੇ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।’’
ਦੱਸ ਦਈਏ ਕਿ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਤੋਂ ਇਲਾਵਾ ਇੱਥੇ ਕਈ ਲੋਕਾਂ ਵਿੱਚ ਚਮੜੀ ਤੇ ਦੰਦਾਂ ਨਾਲ ਸਬੰਧਤ ਸਮੱਸਿਆਵਾਂ ਵੀ ਨਜ਼ਰ ਆਉਂਦੀਆਂ ਹਨ ।
ਪੰਜਾਬ ਦੇ ਜਲ-ਸਪਲਾਈ ਵਿਭਾਗ ਦੀ ਸਾਲ 2020-21 ਦੀ ਰਿਪੋਰਟ ਮੁਤਾਬਕ ਫ਼ਾਜ਼ਿਲਕਾ ਦੇ ਪਾਣੀ ਵਿੱਚ ਯੂਰੇਨੀਅਮ ਦੀ ਕਾਫ਼ੀ ਮਾਤਰਾ ਦੇਖਣ ਨੂੰ ਮਿਲਦੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬੱਚਿਆਂ ਲਈ ਖ਼ਤਰਨਾਕ ਵੀਡੀਓ ਚੈਟ ਵੈਬਸਾਈਟ ਨੂੰ ਬੰਦ ਕਰਵਾਉਣ ਵਾਲੀ ਔਰਤ ਦੇ ਸੰਘਰਸ਼ ਦੀ ਕਹਾਣੀ
NEXT STORY